Monday, 20 July 2020

ਸਟੂਡੈਂਟਸ ਫਾਰ ਸੁਸਾਇਟੀ ਵੱਲੋਂ ਕੋਵਿਡ-19 ਰਾਹਤ ਸਹਾਇਤਾ ਲਈ ਅਪੀਲ

ਸਟੂਡੈਂਟਸ ਫਾਰ ਸੁਸਾਇਟੀ ਵੱਲੋਂ ਕੋਵਿਡ-19 ਰਾਹਤ ਸਹਾਇਤਾ ਲਈ ਅਪੀਲ ਦੋਸਤੋ, ਕੋਰੋਨਾਵਾਇਰਸ ਦੇ ਪਸਾਰੇ ਤੋਂ ਬਾਅਦ ਸਰਕਾਰ ਵੱਲੋਂ ਗੈਰ ਯੋਜਨਾਬੱਧ ਤਰੀਕੇ ਅਤੇ ਬਿਨਾਂ ਵਿਗਿਆਨਿਕ ਸਲਾਹਾਂ ਮੰਨੇ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਗਰੀਬ ਲੋਕਾਂ ਖ਼ਾਸਕਰ ਮਜ਼ਦੂਰਾਂ ਦੀ ਹਾਲਤ ਵਿੱਚ ਆਇਆ ਨਿਘਾਰ ਸਭ ਦੇ ਸਾਹਮਣੇ ਹੈ। ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਸੀ, ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਮਗਰੋਂ ਉਹ ਬਿਲਕੁਲ ਹੀ ਠੱਪ ਹੋ ਗਈ ਹੈ। ਜਿਸ ਕਾਰਨ ਗਰੀਬ ਲੋਕਾਂ ਲਈ ਰੋਟੀ ਕਮਾ ਕੇ ਖਾ ਸਕਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਹ ਵੀ ਸਭ ਦੇ ਸਾਹਮਣੇ ਹੈ ਅੰਨ ਦੇ ਭੰਡਾਰ ਭਰੇ ਹੋਣ ਦੇ ਬਾਵਜੂਦ ਲੋਕਾਂ ਨੂੰ ਭੁੱਖੇ ਮਰਨ ਤੇ ਮਜਬੂਰ ਕਰ ਦਿੱਤਾ ਗਿਆ ਹੈ। ਭੁੱਖ ਨਾਲ ਮਰਨ ਤੋਂ ਲੈ ਕੇ ਸੜਕਾਂ 'ਤੇ ਰੁਲਣ ਤੱਕ ਸਭ ਅਸੀਂ ਆਪਣੇ ਅੱਖੀਂ ਦੇਖਿਆ ਹੈ। ਅਜਿਹੀ ਸਥਿਤੀ ਵਿੱਚ ਕੁੱਝ ਸਮਾਜਸੇਵੀ ਲੋਕਾਂ, ਸੰਸਥਾਵਾਂ ਅਤੇ ਜਥੇਬੰਦੀਆਂ ਨੇ ਗਰੀਬ ਲੋਕਾਂ ਵਿੱਚ ਰਾਸ਼ਨ ਜਾਂ ਲੰਗਰ ਵਰਤਾਉਣ ਦੀ ਜ਼ਿੰਮੇਵਾਰੀ ਨਿਭਾਈ ਹੈ। ਅਸੀਂ ਐੱਸ.ਐੱਫ.ਐੱਸ. ਵੱਲੋਂ ਪਿਛਲੇ 24 ਦਿਨਾਂ ਤੋਂ ਨਵਾਂ ਗਾਓਂ, ਮਲੋਆ, ਛੋਟੀ ਕਰੋਰ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਲੋੜਵੰਦ ਪਰਿਵਾਰਾਂ ਵਿੱਚ ਰਾਸ਼ਨ ਵੰਡ ਰਹੇ ਹਾਂ। ਇਸਦੇ ਨਾਲ ਹੀ ਜਗ੍ਹਾ ਜਗ੍ਹਾ ਫਸੇ ਮਜਦੂਰਾਂ ਨੂੰ ਘਰ ਪਹੁੰਚਾਉਣ ਵਿੱਚ ਸਰਗਰਮ ਸਾਥੀਆਂ ਦੀ ਮਦਦ ਕਰ ਰਹੇ ਹਾਂ। ਸਾਡੀ ਅਪੀਲ 'ਤੇ ਕਈ ਲੋਕਾਂ ਨੇ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦਿੱਤਾ ਹੈ। ਅਸੀਂ ਸਹਿਯੋਗ ਦੇਣ ਵਾਲੇ ਸਭ ਦੋਸਤਾਂ ਦਾ ਧੰਨਵਾਦ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ (ਖ਼ਾਸਕਰ ਤੀਸਰੇ ਲੌਕਡਾਊਨ ਤੋਂ ਮਗਰੋਂ) ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਹੁਣ ਗਰੀਬ ਲੋਕਾਂ ਦੇ ਕਮਾਈ ਦੇ ਸਾਧਨ ਖੁੱਲ੍ਹ ਗਏ ਹਨ। ਪਰ ਦੋਸਤੋ ਇਸ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਮਜ਼ਦੂਰਾਂ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਕੰਮ ਤੋਂ ਵਾਂਝਾ ਹੈ। ਘਰਾਂ ਵਿੱਚ ਸਾਫ-ਸਫਾਈ ਕਰਨ ਵਾਲੀਆਂ ਔਰਤਾਂ ਨੂੰ ਹਾਲੇ ਵੀ ਮਾਲਕ ਕੰਮ ਕਰਨ ਲਈ ਬੁਲਾ ਨਹੀਂ ਰਹੇ ਹਨ। ਰੇੜ੍ਹੀ-ਫੜ੍ਹੀ ਲਗਾਉਣ ਵਾਲਿਆਂ ਉੱਪਰ ਪ੍ਰਸ਼ਾਸਨਿਕ ਬੰਦਿਸ਼ਾਂ ਲੱਗੀਆਂ ਹੋਈਆਂ ਹਨ। ਆਟੋ-ਰਿਕਸ਼ਿਆਂ ਵਿੱਚ ਸਿਰਫ ਇੱਕ ਸਵਾਰੀ ਦੇ ਬੈਠਣ ਦੀ ਇਜਾਜ਼ਤ ਹੋਣ ਕਰਕੇ ਆਟੋ ਚਾਲਕਾਂ ਦੀ ਕਮਾਈ ਬੰਦ ਹੈ। ਇਸ ਤੋਂ ਇਲਾਵਾ ਉਸਾਰੀ ਦਾ ਕੰਮ ਬੰਦ ਹੋਣ ਦੀ ਸੂਰਤ ਵਿੱਚ ਉਸਾਰੀ ਮਜ਼ਦੂਰ ਘਰਾਂ ਵਿੱਚ ਵਿਹਲੇ ਬੈਠੇ ਹਨ। ਇਸ ਬਾਰੇ ਕੀਤੇ ਗਏ ਸਰਵੇ ਦੀ ਵਿਸਤਾਰਤ ਰਿਪੋਰਟ ਅਸੀਂ ਅਗਲੇ ਕੁਝ ਦਿਨਾਂ ਵਿੱਚ ਜਾਰੀ ਕਰਾਂਗੇ। ਐੱਸ.ਐੱਫ.ਐੱਸ. ਦਾ ਮੰਨਣਾ ਹੈ ਕਿ ਅਗਲੇ ਦਿਨਾਂ ਅੰਦਰ ਇਹਨਾਂ ਹਿੱਸਿਆ ਨੂੰ ਮਦਦ ਦੀ ਲੋੜ ਲਾਜ਼ਮੀ ਹੀ ਰਹੇਗੀ। ਐੱਸ.ਐੱਫ.ਐੱਸ. ਵੱਲੋਂ ਲਗਾਤਾਰ ਇਹਨਾਂ ਲੋੜਵੰਦ ਪਰਿਵਾਰਾਂ ਨਾਲ ਸੰਪਰਕ ਰੱਖਦੇ ਹੋਏ ਉਪਰੋਕਤ ਇਲਾਕਿਆਂ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ। ਅਸੀਂ ਆਪਣੇ ਆਸ-ਪਾਸ ਸਭਨਾਂ ਸੁਹਿਰਦ ਦੋਸਤਾਂ ਨੂੰ ਅਪੀਲ ਕਰਦੇ ਹਾਂ ਕਿ ਲੋੜਵੰਦਾਂ ਨੂੰ ਆਉਂਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਤੇ ਉਹਨਾਂ ਤੱਕ ਰਾਸ਼ਨ ਮੁਹੱਈਆ ਕਰਵਾਉਣ ਲਈ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦੇਣ। ਇਸਦੇ ਨਾਲ ਹੀ, ਇਹ ਸਾਡੀ ਸੀਮਤਾਈ ਹੈ ਕਿ ਅਸੀਂ ਸਭ ਥਾਵਾਂ 'ਤੇ ਸਹਾਇਤਾ ਨਹੀਂ ਕਰ ਸਕਦੇ। ਇਸ ਲਈ ਅਸੀਂ ਹੋਰ ਦੋਸਤਾਂ/ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਆਪੋ ਆਪਣੇ ਇਲਾਕਿਆਂ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਚਿੰਨਤ ਕਰਦੇ ਹੋਏ ਜਿੰਨਾ ਸੰਭਵ ਹੋ ਸਕੇ ਉਹਨਾਂ ਦੀ ਮਦਦ ਕਰਨ।

No comments:

Post a Comment