ਕੋਰੋਨਾਵਾਇਰਸ: ਮਹਾਂਮਾਰੀਆਂ ਦਾ ਕਾਰਨ- ਸਾਮਰਾਜੀਆਂ ਦੀ ਅੰਨ੍ਹੀਂ ਲੁੱਟ
ਜਦੋਂ ਦੁਨੀਆਂ ਵਿੱਚ ਸਾਮਰਾਜਵਾਦ ਦੀ ਆਮਦ ਨਹੀਂ ਸੀ ਹੋਈ ਉਦੋਂ ਮਹਾਂਮਾਰੀਆਂ ਵੀ ਨਹੀਂ ਸਨ। ਮਹਾਂਮਾਰੀਆਂ ਦਾ ਸਬੰਧ ਹਮੇਸ਼ਾਂ ਦੁਨੀਆਂ ਵਿੱਚ ਲੁਟੇਰਿਆਂ ਵੱਲੋਂ ਕੀਤੀ ਜਾਂਦੀ ਅੰਨ੍ਹੀਂ ਲੁੱਟ ਨਾਲ ਰਿਹਾ ਹੈ। ਲੁੱਟ ਦੀ ਮਾਰ ਜਿੰਨੇ ਖੇਤਰ ਨਾਲ ਸਬੰਧਤ ਸੀ, ਬਿਮਾਰੀਆਂ ਦੀ ਮਾਰ (ਇਨਡੈਮਿਕ) ਵੀ ਓਨੇ ਕੁ ਸਥਾਨਕ ਖੇਤਰ ਤੱਕ ਹੀ ਸੀਮਤ ਹੁੰਦੀ ਰਹੀ। ਜਿਵੇਂ ਜਿਵੇਂ ਲੋਟੂ ਰਾਜ ਦੀ ਲੁੱਟ ਦਾ ਖੇਤਰ ਵਧਦਾ ਗਿਆ ਬਿਮਾਰੀਆਂ ਦਾ ਖੇਤਰ (ਪੈਨਡੈਮਿਕ) ਵੀ ਉਵੇਂ ਹੀ ਵਧਦਾ ਰਿਹਾ ਹੈ। ਜਾਗੀਰੂ ਪ੍ਰਬੰਧਾਂ ਵਿੱਚ ਜਦੋਂ ਆਵਾਜਾਈ ਦੇ ਬਹੁਤੇ ਸਾਧਨ ਨਹੀਂ ਸਨ ਤਾਂ ਦੁਨੀਆਂ ਵਿੱਚ ਸੀਮਤ ਖੇਤਰ ਵਿੱਚ ਵਿਆਪਕ ਅਸਰ ਕਰਨ ਵਾਲੀਆਂ ਬਿਮਾਰੀਆਂ ਜ਼ਿਆਦਾਤਰ ਸਥਾਨਕ ਹੀ ਸਨ। ਉਦਾਹਰਨ ਵਜੋਂ ਯੂਰਪ ਦੇ ਸੱਤਵੀਂ ਸਦੀ ਤੋਂ ਚੌਦਵੀਂ ਸਦੀ ਤੱਕ ਦੇ ਮਹਾਂਮਾਰੀਆਂ ਦੇ ਇਤਿਹਾਸ 'ਤੇ ਜੇਕਰ ਨਜ਼ਰ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਸ ਸਮੇਂ ਚੂਹਿਆਂ ਤੋਂ ਫੈਲਣ ਵਾਲੀ ਪਲੇਗ ਦੀ ਮਾਰ ਬਹੁਤੀ ਹੁੰਦੀ ਰਹੀ ਹੈ।
ਬਿਮਾਰੀਆਂ ਦੀ ਮਾਰ ਦਾ ਸਬੰਧ ਜਿੱਥੇ ਲੁੱਟ-ਖੋਹ ਨਾਲ ਸਿੱਧੇ ਰੂਪ ਵਿੱਚ ਜੁੜਿਆ ਹੋਇਆ ਹੈ, ਉੱਥੇ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਵਿਆਪਕਤਾ ਅਤੇ ਤੇਜ਼ੀ ਆਉਣ ਨਾਲ ਵੀ ਜੁੜਿਆ ਹੋਇਆ ਹੈ। ਜਿਵੇਂ ਲੁੱਟ-ਖੋਹ ਕਰਨ ਵਾਲੇ ਸਾਧਨਾਂ ਵਿੱਚ ਤੇਜ਼ੀ ਆਉਂਦੀ ਰਹੀ ਉਵੇਂ ਉਵੇਂ ਹੀ ਬਿਮਾਰੀਆਂ ਦੀ ਮਾਰ ਵਿੱਚ ਤਿੱਖ ਅਤੇ ਤੇਜ਼ੀ ਆਉਂਦੀ ਰਹੀ। ਜਾਗੀਰਦਾਰੀ ਪ੍ਰਬੰਧਾਂ ਵਿੱਚ ਜਿੱਥੇ ਪੈਦਾਵਾਰ ਦਾ ਖੇਤਰ ਸਥਾਨਕ ਹੁੰਦਾ ਸੀ ਅਤੇ ਪੈਦਾਵਾਰ ਦੀ ਵੰਡ-ਵੰਡਾਈ ਦੇ ਸਾਧਨਾਂ ਵਿੱਚ ਆਵਾਜਾਈ ਅਤੇ ਢੋਆ-ਢੁਆਈ ਦੇ ਤੌਰ 'ਤੇ ਹਾਥੀ, ਘੋੜੇ, ਊਠ, ਬਲਦ ਆਦਿ ਜਾਨਵਰਾਂ ਦੀ ਵਰਤੋਂ ਹੁੰਦੀ ਸੀ ਤਾਂ ਲਾਗ ਦੀਆਂ ਬਿਮਾਰੀਆਂ ਦੀ ਮਾਰ ਕਿਸੇ ਰਾਜੇ ਦੇ ਰਾਜ ਜਾਂ ਭੁਗੋਲਿਕ ਤੌਰ 'ਤੇ ਕਿਸੇ ਸੀਮਤ ਜਿਹੇ ਖੇਤਰ ਤੱਕ ਹੀ ਰਹਿੰਦੀ ਸੀ। ਯੂਰਪ ਵਿੱਚ ਲਾਗ ਦੀਆਂ ਬਿਮਾਰੀਆਂ ਦੀ ਬਹੁਤਾਤ ਵਧੇਰੇ ਕਰਕੇ 'ਰੇਸ਼ਮੀ ਲਾਂਘੇ' ਦੇ ਨੇੜਲੇ ਇਲਾਕਿਆਂ ਵਿੱਚ ਹੁੰਦੀ ਸੀ। ''ਬਲੈਕ ਡੈੱਥ'' ਨਾਂ ਦੀ ਨਮੂਨੀਏ ਵਰਗੀ ਬਿਮਾਰੀ ਨਾਲ ਫੈਲੀ ਮਹਾਂਮਾਰੀ ਮੰਗੋਲੀਆ ਆਦਿ ਖੇਤਰਾਂ ਤੋਂ ਸ਼ੁਰੂ ਹੋ ਕੇ ਯੂਰਪ ਤੱਕ ਫੈਲੀ। ਉਦੋਂ ਆਵਾਜਾਈ ਦੇ ਸਾਧਨ ਪਸ਼ੂਆਂ ਦੀ ਵਰਤੋਂ ਵਾਲੇ ਹੁੰਦੇ ਸਨ।
ਸਰਮਾਏਦਾਰੀ ਯੁੱਗ ਦੀ ਆਮਦ ਦੇ ਨਾਲ ਪਹਿਲੇ ਸਮਿਆਂ ਵਿੱਚ ਯੂਰਪ ਵਿੱਚ ਬਿਮਾਰੀਆਂ ਦੀ ਮਾਰ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਤੇਜ਼ੀ ਨਾਲ ਹੋਣ ਲੱਗੀ। ਪਹਿਲਾਂ ਪਹਿਲ ਜਦੋਂ ਭਾਫ ਦੇ ਸਥਿਰ ਇੰਜਣ ਬਣੇ ਤਾਂ ਸਨਅੱਤੀ ਉਤਪਾਦਨ ਵਿੱਚ ਬੇਥਾਹ ਵਾਧਾ ਕਰਨ ਲਈ ਸਰਮਾਏਦਾਰੀ ਪ੍ਰਬੰਧ ਨੇ ਪਿੰਡਾਂ ਦੀ ਗਰੀਬ ਵਸੋਂ ਨੂੰ ਖਿੱਚ ਕੇ ਸ਼ਹਿਰਾਂ ਵਿੱਚ ਕੇਂਦਰਤ ਕਰ ਦਿੱਤਾ। ਮਜ਼ਦੂਰਾਂ ਦੀ ਤਿੱਖੀ ਲੁੱਟ ਹੋਣ ਕਾਰਨ ਉਹ ਭੁੱਖਮਰੀ ਦਾ ਸ਼ਿਕਾਰ ਹੋਣ ਲੱਗੇ ਅਤੇ ਪ੍ਰਦੂਸ਼ਤ ਰਿਹਾਇਸ਼ੀ ਥਾਵਾਂ 'ਤੇ ਰਹਿਣ ਕਰਕੇ ਉਹਨਾਂ ਵਿੱਚ ਟੀ.ਬੀ. ਵਰਗੀਆਂ ਬਿਮਾਰੀਆਂ ਮਹਾਂਮਾਰੀਆਂ ਦਾ ਰੂਪ ਅਖਤਿਆਰ ਕਰਨ ਲੱਗੀਆਂ। ਖੋਜੀਆਂ ਦੇ ਮੁਤਾਬਕ ਟੀ.ਬੀ. ਦੀ ਮਾਰ ਦੇ ਲੱਛਣ ਤਾਂ 17000 ਸਾਲ ਪਹਿਲਾਂ ਵੀ ਕਿਸੇ ਨਾ ਕਿਸੇ ਉਸ ਮਨੁੱਖ ਵਿੱਚ ਪਾਏ ਗਏ ਸਨ, ਜਿਹੜਾ ਘਟੀਆ ਖੁਰਾਕ ਅਤੇ ਮਾੜੀਆਂ ਰਹਿਣ ਹਾਲਤਾਂ ਵਿੱਚ ਰਿਹਾ ਹੋਵੇਗਾ। ਪਰ ਇਸ ਦੀ ਵਿਆਪਕ ਮਾਰ ਹੁਣ ਝੁੱਗੀਆਂ ਅਤੇ ਗੰਦੀਆਂ ਬਸਤੀਆਂ ਵਿੱਚ ਰਹਿਣ ਵਾਲੇ ਭੁੱਖੇ-ਨੰਗੇ ਲੋਕਾਂ ਵਿੱਚ ਵਧੇਰੇ ਹੋਣ ਲੱਗੀ। ਇਸ ਤੋਂ ਬਾਅਦ ਵਿੱਚ ਜਦੋਂ ਭਾਫ ਇੰਜਣ ਦੀ ਖੋਜ ਹੋਈ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਰੇਲਵੇ ਸ਼ਾਮਲ ਹੋਣ ਨਾਲ ਬਿਮਾਰੀਆਂ ਦੀ ਮਾਰ ਵਿੱਚ ਵਧੇਰੇ ਖੇਤਰ ਆਉਂਦਾ ਰਿਹਾ ਤਾਂ ਇਹਨਾਂ ਬਿਮਾਰੀਆਂ ਦੀ ਮਾਰ ਵਧੇਰੇ ਤਿੱਖ ਫੜਦੀ ਰਹੀ।
ਜਦੋਂ ਆਵਾਜਾਈ ਦੇ ਸਾਧਨਾਂ ਵਿੱਚ ਭਾਫ ਨਾਲ ਚੱਲਣ ਵਾਲੇ ਸਮੁੰਦਰੀ ਜਹਾਜ਼ਾਂ ਦੀ ਆਮਦ ਹੋਈ ਤਾਂ ਬਿਮਾਰੀਆਂ ਦਾ ਖੇਤਰ ਯੂਰਪ ਤੱਕ ਸੀਮਤ ਨਾ ਰਹਿ ਕੇ ਇਹ ਸੰਸਾਰ ਵਿਆਪੀ ਬਣ ਗਿਆ। ਨਾ ਸਿਰਫ ਯੂਰਪ ਦੀਆਂ ਬਿਮਾਰੀਆਂ ਹੀ ਬਾਹਰਲੇ ਖੇਤਰਾਂ ਵਿੱਚ ਜਾਣ ਲੱਗੀਆਂ ਬਲਕਿ ਬਾਹਰਲੇ ਖੇਤਰਾਂ ਦੀਆਂ ਬਿਮਾਰੀਆਂ ਨੇ ਯੂਰਪ ਵਿੱਚ ਵੀ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਹੀ ਤਰ੍ਹਾਂ ਜਦੋਂ ਭਾਫ ਵਾਲੇ ਇੰਜਣਾਂ ਦੀ ਥਾਂ ਡੀਜ਼ਲ ਵਾਲੇ ਇੰਜਣਾਂ ਨੇ ਲੈ ਲਈ ਤਾਂ ਬਿਮਾਰੀਆਂ ਦੇ ਫੈਲਣ ਦੀ ਦਰ ਅਤੇ ਇਹਨਾਂ ਦੀ ਮਾਰ ਅਤੇ ਵਿਆਪਕਤਾ ਵਧੇਰੇ ਖੇਤਰਾਂ ਅਤੇ ਲੋਕਾਂ ਨੂੰ ਆਪਣੀ ਗ੍ਰਿਫਤ ਵਿੱਚ ਲੈਂਦੀ ਰਹੀ। ਪਿਛਲੀ ਸਦੀ ਦੇ ਦੂਸਰੇ ਦਹਾਕੇ ਵਿੱਚ ਯੂਰਪ ਦੇ ਸਪੇਨ ਤੋਂ ਸ਼ੁਰੂ ਹੋਏ ਸਪੇਨ ਫਲੂ ਨੇ ਜਿੱਥੇ ਦੁਨੀਆਂ ਵਿੱਚ ਦਹਿ ਲੱਖਾਂ ਲੋਕਾਂ ਨੂੰ ਆਪਣੀ ਮਾਰ ਵਿੱਚ ਲਿਆ ਉੱਥੇ ਭਾਰਤ ਵਿੱਚ ਲੱਖਾਂ ਲੋਕਾਂ ਨੂੰ ਵੀ ਮਾਰਿਆ ਸੀ।
20ਵੀਂ ਸਦੀ ਵਿੱਚ ਜਦੋਂ ਹਵਾਈ ਜਹਾਜ਼ਾਂ ਦੀ ਖੋਜ ਹੋਈ ਅਤੇ ਧਰਤੀ 'ਤੇ ਪੈਟਰੋਲ ਅਤੇ ਗੈਸ ਨਾਲ ਚੱਲਣ ਵਾਲੇ ਆਵਾਜਾਈ ਦੇ ਸਾਧਨਾਂ ਨਾਲ ਗਤੀ ਵਿੱਚ ਤੇਜ਼ੀ ਆਈ ਤਾਂ ਇਹਨਾਂ ਦੀ ਆਮਦ ਨਾਲ ਦੁਨੀਆਂ ਵਿੱਚ ਅੰਨ੍ਹੀਂ ਲੁੱਟ-ਖੋਹ ਹੋਣ ਨਾਲ ਬਿਮਾਰੀਆਂ ਦੀ ਵਿਆਪਕਤਾ, ਤੇਜ਼ੀ ਅਤੇ ਤਿੱਖ ਵੀ ਵਧੇਰੇ ਆਈ। ਇਸ ਤੋਂ ਬਾਅਦ ਵਿੱਚ ਵੀ ਜਿਵੇਂ ਜਿਵੇਂ ਬਿਮਾਰੀਆਂ ਦੀ ਰੋਕਥਾਮ ਲਈ ਐਂਟੀਬਾਇਓਟਿਕ ਅਤੇ ਟੀ.ਬੀ. ਆਦਿ ਬਿਮਾਰੀਆਂ ਦੀਆਂ ਦਵਾਈਆਂ ਤਿਆਰ ਹੋਣ ਲੱਗੀਆਂ ਤਾਂ ਇਹਨਾਂ ਦੀ ਭਰਪੂਰਤਾ ਦੇ ਬਾਵਜੂਦ ਬਿਮਾਰੀਆਂ ਅਤੇ ਮਹਾਂਮਾਰੀਆਂ ਦਾ ਵਰਤਾਰਾ ਰੁਕਿਆ ਨਹੀਂ ਬਲਕਿ ਪਹਿਲਾਂ ਨਾਲੋਂ ਵਧੇਰੇ ਦੂਰ ਦੂਰ ਤੱਕ ਮਾਰ ਕਰਨ ਲੱਗੀਆਂ। ਪਹਿਲਾਂ ਚੂਹੇ, ਚਮਗਿੱਦੜਾਂ, ਖਟਮਲਾਂ, ਛਿਪਕਲੀਆਂ, ਮੱਖੀਆਂ-ਮੱਛਰਾਂ ਰਾਹੀਂ ਫੈਲਣ ਵਾਲੀਆਂ ਬੈਕਟੀਰੀਆ ਵਰਗੀਆਂ ਬਿਮਾਰੀਆਂ ਆਵਾਜਾਈ ਦੇ ਸਾਧਨਾਂ ਦੀ ਤੇਜ਼ੀ ਵਾਂਗ ਹੀ ਵਾਇਰਸਾਂ ਦੇ ਰੂਪ ਵਿੱਚ ਬਹੁਤ ਤੇਜ਼ੀ ਨਾਲ ਵਧੀਆਂ। ਸਾਮਰਾਜੀਆਂ ਦੀ ਲੁੱਟ-ਖੋਹ ਨੇ ਜਿੱਥੇ ਲੋਕਾਂ ਵਿੱਚ ਭੁੱਖਮਰੀ, ਗਰੀਬੀ, ਕੰਗਾਲੀ, ਮੰਦਹਾਲੀ ਆਦਿ ਰਾਹੀਂ ਲੋਕਾਂ ਵਿੱਚ ਕਮਜ਼ੋਰੀ ਲਿਆਂਦੀ ਉੱਥੇ ਪ੍ਰਦੂਸ਼ਣ ਦੀ ਵਜਾਹ ਕਾਰਨ ਫੈਲਦੀਆਂ ਬਿਮਾਰੀਆਂ ਨੇ ਤੇਜ਼ੀ ਅਤੇ ਵਿਆਪਕਤਾ ਹਾਸਲ ਕੀਤੀ ਹੈ। ਜਿੱਥੇ ਪਹਿਲੇ ਸਮਿਆਂ ਵਿੱਚ ਬਿਮਾਰੀਆਂ ਦੇ ਫੈਲਣ ਲਈ ਸਾਲਾਂ ਤੇ ਮਹੀਨਿਆਂ ਦਾ ਅਰਸਾ ਲੱਗਦਾ ਹੁੰਦਾ ਸੀ, ਹੁਣ ਵਾਇਰਸਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਕੁੱਝ ਕੁ ਹਫਤਿਆਂ ਅਤੇ ਇੱਥੋਂ ਤੱਕ ਕਿ ਕੁਝ ਕੁ ਦਿਨਾਂ ਵਿੱਚ ਬਹੁਤ ਵਿਆਪਕ ਮਾਰ ਕਰ ਜਾਂਦੀਆਂ ਹਨ। ਗੱਲ ਸਾਰਸ, ਈਬੋਲ, ਮੋਰੇਸ ਜਾਂ ਕੋਰੋਨਾ ਆਦਿ ਕਿਸੇ ਵੀ ਵਾਇਰਸ ਦੀ ਕਰ ਲਵੋ। ਵਿਆਪਕਤਾ, ਤੇਜ਼ੀ ਅਤੇ ਤਿੱਖ ਪਹਿਲਾਂ ਦੇ ਕਿਸੇ ਵੀ ਸਮੇਂ ਨਾਲ ਵਧੇਰੇ ਹੈ।
ਦੁਨੀਆਂ ਵਿੱਚ ਜਦੋਂ ਵੀ ਕੋਈ ਬਿਮਾਰੀ ਆਉਂਦੀ ਹੈ, ਤਾਂ ਇਹ ਆਪਣੇ ਆਪ ਵਿੱਚ ਹੀ ਦੱਸਦੀ ਹੈ ਕਿ ਉਸਦੇ ਫੈਲਣ ਅਤੇ ਪਸਰਨ ਲਈ ਹਾਲਤ ਪਹਿਲਾਂ ਹੀ ਤਿਆਰ ਹੋ ਚੁੱਕੀ ਹੁੰਦੀ ਹੈ। ਜਿਵੇਂ ਕਹਿੰਦੇ ਹਨ ਕਿ ਅੰਡੇ ਵਿੱਚੋਂ ਮੁਆਫਿਕ ਮਾਹੌਲ ਮਿਲਣ 'ਤੇ ਹੀ ਚੂਚਾ ਪੈਦਾ ਹੁੰਦਾ ਹੈ ਨਹੀਂ ਤਾਂ ਉਹ ਪੈਦਾ ਹੀ ਨਹੀਂ ਹੋ ਸਕਦਾ। ਇਹੋ ਜਿਹਾ ਹੀ ਕੁੱਝ ਸਭਨਾਂ ਹੀ ਬਿਮਾਰੀਆਂ ਦੇ ਫੈਲਰਨ-ਪਸਰਨ ਮੌਕੇ ਵੀ ਹੁੰਦਾ ਹੈ। ਕਿਸੇ ਵੀ ਥਾਂ 'ਤੇ ਕਿਹੋ ਜਿਹਾ ਸਮਾਜੀ-ਆਰਥਿਕ, ਸਿਆਸੀ-ਸਭਿਆਚਾਰਕ ਪ੍ਰਬੰਧ ਹੈ, ਇਹ ਆਪਣੇ ਖਾਸੇ ਮੁਤਾਬਕ ਹੀ ਬਿਮਾਰੀਆਂ ਦੇ ਫੈਲਣ ਦਾ ਜਾਂ ਉਹਨਾਂ ਦੀ ਰੋਕਥਾਮ ਦਾ ਪ੍ਰਮਾਣ ਬਣਦਾ ਹੈ।
ਜਦੋਂ ਅਜੇ ਹਵਾਈ ਜਹਾਜ਼ਾਂ ਦੀ ਖੋਜ ਨਹੀਂ ਸੀ ਹੋਈ, ਪਰ ਲੋਕਾਂ ਵਿੱਚ ਜਿੰਨਾ ਸੰਚਾਰ ਅਤੇ ਸਹਿਚਾਰ ਵਧ ਗਿਆ ਸੀ, ਉਸ ਵਿੱਚੋਂ ਹੈਜ਼ੇ ਵਰਗੀ ਮਹਾਂਮਾਰੀ ਨੂੰ ਰੋਕਿਆ ਨਹੀਂ ਸੀ ਜਾ ਸਕਦਾ। ਇਸ ਸਬੰਧੀ ਦੁਨੀਆਂ ਵਿੱਚ ਹੈਜ਼ੇ ਬਾਰੇ 1851 ਵਿੱਚ ਹੋਈ 'ਇੰਟਰਨੈਸ਼ਨਲ ਸੈਨੀਟਰੀ ਕਾਨਫਰੰਸ' ਵਿੱਚ ਬੋਲਦੇ ਹੋਏ ਫਰਾਂਸ ਦੇ ਡੈਲੀਗੇਟ ਨੇ ਜਿਹੜੀ ਟਿੱਪਣੀ ਕੀਤੀ ਉਹ 2020 ਦੇ ਕੋਰੋਨਾਵਾਇਰਸ ਕੋਵਿਡ-19 'ਤੇ ਤਕਰੀਬਨ ਪੂਰੀ ਹੀ ਢੁਕਦੀ ਹੈ, ''ਇਹਦੇ ਵਿੱਚ ਹੁਣ ਲੋਕਾਂ ਦੇ ਸੰਚਾਰ ਨੂੰ ਜੋੜ ਲਓ, ਅੱਜ ਕਿੰਨੇ ਹੀ ਸਮੁੰਦਰੀ ਜਹਾਜ਼ ਹਨ, ਜਿਹਨਾਂ ਦੀ ਗਤੀ ਵੀ ਹੋਰ ਤੋਂ ਹੋਰ ਤੇਜ਼ ਕੀਤੀ ਜਾ ਰਹੀ ਹੈ। ਰੇਲਵੇ, ਇਸਦੇ ਨਾਲ ਹੀ ਲੋਕਾਂ ਵਿੱਚ ਸੈਰ-ਸਪਾਟੇ ਦੀ ਰੁਚੀ, ਇੱਕ ਦੂਜੇ ਨੂੰ ਮਿਲਣ, ਇੱਕ ਦੂਜੇ ਵਿੱਚ ਸ਼ਾਮਲ ਹੋਣ ਦੀ ਰੁਚੀ ਵਿੱਚੋਂ ਇਹ ਲੱਗਦਾ ਹੈ ਕਿ ਵੱਖ ਵੱਖ ਲੋਕ ਇੱਕ ਹੋ ਰਹੇ ਹਨ ਇੱਕੋ ਹੀ ਪਰਿਵਾਰ ਦੇ ਮੈਂਬਰ ਬਣਦੇ ਜਾ ਰਹੇ ਹਨ। ਇਸ ਵਿੱਚੋਂ ਤੁਹਾਨੂੰ ਇਹ ਮੰਨਣਾ ਹੀ ਪਵੇਗਾ ਕਿ ਅਜਿਹੀ ਬਿਮਾਰੀ ਜਿੰਨੀ ਵਿਆਪਕ ਹੈ ਅਤੇ ਜਿਹੜੀਆਂ ਹਾਲਤਾਂ ਵਿੱਚ ਫੈਲ ਰਹੀ ਹੈ ਇਸ ਨੂੰ ਇਕਾਂਤਵਾਸ ਅਤੇ ਨਾਕਾਬੰਦੀ ਆਦਿ ਰਾਹੀਂ ਰੋਕਣਾ ਨਾ ਸਿਰਫ ਬੇਵਸੀ ਅਤੇ ਫਜ਼ੂਲ ਹੈ, ਸਗੋਂ ਬਹੁਤੇ ਮਾਮਲਿਆਂ ਵਿੱਚ ਇਹ ਅਸੰਭਵ ਵੀ ਹੈ।''
19ਵੀਂ ਸਦੀ ਦੇ ਅੱਧ ਵਿੱਚ ਜਦੋਂ ਭਾਰਤ ਵਿੱਚ ਹੈਜ਼ਾ ਫੈਲਿਆ ਜਾਂ ਇਸਦੇ ਸਬੰਧੀ ਡੇਵਿਡ ਅਰਨੋਲਡ ਨੇ ਲਿਖਿਆ ਸੀ, ''ਹੋਰਨਾਂ ਬਿਮਾਰੀਆਂ ਵਾਂਗ ਇਸਦਾ ਵੀ ਆਪਣੇ ਆਪ ਵਿੱਚ ਕੋਈ ਮਤਲਬ ਨਹੀਂ: ਇਹ ਸਿਰਫ ਸੂਖਮ-ਜੀਵ ਹੈ। ਇਹ ਮਨੁੱਖੀ ਸੰਦਰਭ ਵਿੱਚ ਅਰਥ ਅਤੇ ਮਹੱਤਵ ਅਖਤਿਆਰ ਕਰਦਾ ਹੈ ਕਿ ਇਹ ਕਿਵੇਂ ਲੋਕਾਂ ਵਿੱਚ ਮਾਰ ਕਰਦਾ ਹੈ, ਇਹ ਕਿਹੋ ਜਿਹੀ ਪ੍ਰਤੀਕਿਰਿਆ ਪੈਦਾ ਕਰਦਾ ਹੈ, ਕਿਸ ਢੰਗ ਨਾਲ ਇਹ ਸਭਿਆਚਾਰ ਅਤੇ ਸਿਆਸੀ ਕਦਰਾਂ-ਕੀਮਤਾਂ ਵਿੱਚ ਜ਼ਾਹਰ ਹੁੰਦਾ ਹੈ।''
ਮਹਾਂਮਾਰੀ ਸੰਸਾਰਕ ਹੋਵੇ ਜਾਂ ਸਥਾਨਕ ਇਸ ਦਾ ਗਰੀਬਾਂ ਅਤੇ ਹਾਸ਼ੀਏ 'ਤੇ ਧੱਕੇ ਲੋਕਾਂ 'ਤੇ ਬਹੁਤ ਗਹਿਰਾ ਅਸਰ ਪੈਂਦਾ ਹੈ। 1720 ਵਿੱਚ ਫਰਾਂਸ ਵਿੱਚ ਜਦੋਂ ਪਲੇਗ ਪਈ ਸੀ ਤਾਂ ਇੱਕ ਡਾਕਟਰ ਨੇ ਅਮੀਰਾਂ 'ਤੇ ਇਸਦਾ ਅਸਰ ਘੱਟ ਹੋਣ ਬਾਰੇ ਉਹਨਾਂ ਦੀ ਰਿਹਾਇਸ਼ ਦੇ ਪ੍ਰਬੰਧਾਂ ਸਬੰਧੀ ਲਿਖਿਆ ਸੀ, ''ਗਲੀਆਂ ਖੁੱਲ੍ਹੀਆਂ ਹਨ, ਘਰ ਵੱਡੇ ਹਨ, ਇਸ ਇਲਾਕੇ ਵਿੱਚ ਰਹਿਣ ਵਾਲੇ ਵਿਅਕਤੀ ਧਨਵਾਨ ਹਨ, ਇਹ ਛੂਤ-ਛਾਤ ਦੀ ਮਾਰ ਹੇਠ ਘੱਟ ਆਉਂਦੇ ਹਨ। ਉਹ ਅਜਿਹੀ ਥਾਂ 'ਤੇ ਰਹਿੰਦੇ ਹਨ, ਜਿਹੜੀ ਬਿਮਾਰੀ ਦੀ ਪਹੁੰਚ ਤੋਂ ਦੂਰ ਹੈ।''
1820ਵਿਆਂ ਵਿੱਚ ਹੈਜ਼ੇ ਦੀ ਮਾਰ ਸਬੰਧੀ ਇਤਿਹਾਸਕਾਰ ਮਾਰਕ ਹੈਰੀਸਨ ਨੇ ਲਿਖਿਆ ਸੀ, ''ਇਹ ਨਵੀਂ ਸੰਸਾਰ ਆਰਥਿਕਤਾ ਦੇ ਦਿਸਹੱਦਿਆਂ ਨੂੰ ਪ੍ਰੀਭਾਸ਼ਤ ਕਰਦਾ ਹੈ, ਇਹ ਆਪਣੇ ਸਬੰਧਾਂ ਅਤੇ ਨਾਲ ਦੀ ਨਾਲ ਤਿੱਖੇ ਰੂਪ ਵਿੱਚ ਵੰਡਾਂ ਨੂੰ ਉਘਾੜ ਰਿਹਾ ਹੈ।''
ਸਪੇਨੀ ਫਲੂ ਦੇ ਕਾਰਨਾਂ ਸਬੰਧੀ ਨਿਊਯਾਰਕ ਦੇ ਹੈਲਥ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਲਿਖਿਆ ਸੀ, ''ਅਸਲੀ ਕਾਰਨ ਦੱਸਦਿਆਂ ਮੈਨੂੰ ਡਰ ਲੱਗਦਾ ਹੈ , ਸਾਨੂੰ ਇਹ ਸਵੀਕਾਰਨਾ ਪਵੇਗਾ ਕਿ ਮਸ਼ੀਨੀ ਜੀਵਨ-ਸ਼ੈਲੀ ਇਸ ਦੀ ਵਜਾਹ ਹੈ, ਇਹ ਪਹੁੰਚ ਹੁਣ ਵੀ ਜਾਰੀ ਹੈ।''
19ਵੀਂ ਸਦੀ ਦੇ ਅਖੀਰ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਖੋਜ ਮਗਰੋਂ ਜਦੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਿਮਾਰੀਆਂ ਦੇ ਕਾਰਨਾਂ ਦਾ ਪਤਾ ਲਾ ਕੇ ਇਲਾਜ ਲੱਭ ਲਿਆ ਗਿਆ ਹੈ ਤਾਂ 1918 ਵਿੱਚ ਮਹਾਂਮਾਰੀ ਫੈਲੀ ਸੀ। 1930 ਵਿੱਚ ਜਦੋਂ ਇਹ ਪਤਾ ਲਗਾ ਲਿਆ ਸੀ ਕਿ ਸਪੇਨੀ ਫਲੂ ਇੱਕ ਵਾਇਰਸ ਹੈ ਅਤੇ ਇਸਦੀ ਵੈਕਸੀਨ ਖੋਜ ਲਈ ਗਈ ਸੀ ਤਾਂ ਮੌਜੂਦਾ ਸਮੇਂ ਦੀਆਂ ਦਵਾਈਆਂ ਅਜੇ ਤੱਕ ਵੀ ਇਨਫੂਐਂਜਾ ਤੋਂ ਬਚਾਅ ਨਹੀਂ ਕਰ ਸਕੀਆਂ। ਵੱਖ ਵੱਖ ਬਿਮਾਰੀਆਂ ਦੀ ਭਾਵੇਂ ਦਵਾਈ ਲੱਭ ਲਈ ਗਈ ਹੈ। ਪਰ ਅਜੇ ਤੱਕ ਵੀ ਸਮਾਜ ਵਿੱਚੋਂ ਇਹਨਾਂ ਦਾ ਖਾਤਮਾ ਨਹੀਂ ਕੀਤਾ ਜਾ ਸਕਿਆ। ਇਹਨਾਂ ਦੇ ਕਾਰਨਾਂ ਸਬੰਧੀ ਮੈਡੀਕਲ ਇਤਿਹਾਸ ਦੇ ਪ੍ਰੋਫੈਸਰ ਕਰਿਸਟੀਅਨ ਮੈਕਮਿਲਨ ਨੇ 13 ਅਪ੍ਰੈਲ 2020 ਦੇ ਇੰਡੀਅਨ ਐਕਸਪ੍ਰੈਸ ਵਿੱਚ ਇੱਕ ਲੇਖ ਵਿੱਚ ਲਿਖਿਆ ਹੈ:
''1918 ਵਿੱਚ ਫਲੂ ਦੇ ਜਿੰਨੇ ਘਾਤਕ ਅਸਰ ਹੋਏ ਹਨ, ਉਹਨਾਂ ਦਾ ਇੱਕ ਕਾਰਨ ਤਣਾਅ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਪੈਦਾ ਹੋਣ ਵਾਲੀ ਜ਼ਹਿਰ ਬਣੀ, ਜਿਹੜੀ ਕਿ 20 ਸਾਲ ਪਹਿਲਾਂ ਮਾਰ ਨਹੀਂ ਸੀ ਕਰ ਸਕਦੀ।''
''ਕਿਸੇ ਨੂੰ ਇਹ ਨੁਕਤਾ ਸਾਧਾਰਨ ਜਿਹਾ ਲੱਗ ਸਕਦਾ ਹੈ, ਪਰ ਮੈਂ ਇਸ 'ਤੇ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ: ਮਹਾਂਮਾਰੀ ਵਾਲੀਆਂ ਬਿਮਾਰੀਆਂ ਮਨੁੱਖੀ ਪ੍ਰਸੰਗ ਤੋਂ ਬਾਹਰ ਨਹੀਂ ਵਾਪਰਦੀਆਂ। ਇਹੀ ਵਜਾਹ ਹੈ ਕਿ ਇਹਨਾਂ ਦੇ ਇਤਿਹਾਸ ਦੀ ਮਹੱਤਤਾ ਨੂੰ ਸਮਝਿਆ ਜਾਵੇ।''
''ਟੀ.ਬੀ. ਦਾ ਐਂਟੀਬਾਇਓਟਿਕ (ਦਵਾਈਆਂ) ਨਾਲ ਇਲਾਜ਼ ਕੀਤਾ ਜਾ ਸਕਦਾ ਹੈ, ਪਰ ਇਸ ਸਮੇਂ ਟੀ.ਬੀ. ਦੇ ਮਰੀਜ਼ ਦੁਨੀਆਂ ਵਿੱਚ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਹਨ। ਗੱਲ ਬੜੀ ਸਿੱਧੀ ਹੈ- ਜਿਸ ਦੀ ਹੋਰ ਵੀ ਪੁਸ਼ਟੀ ਕਰਦੇ ਹਨ- ਬਿਮਾਰੀ ਦਾ ਅਤੇ ਸਮਾਜੀ ਹਾਲਤਾਂ ਦਾ ਆਪਸ ਵਿੱਚ ਸਬੰਧ ਹੈ, ਹਾਲਤਾਂ ਦਵਾਈਆਂ ਨਾਲ ਬਦਲੀਆਂ ਜਾ ਸਕਦੀਆਂ।''
ਇਸ ਲਈ ਜਿਹੜੀਆਂ ਵੀ ਲੋਕ-ਪੱਖੀ ਸ਼ਕਤੀਆਂ ਹਨ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਬਿਮਾਰੀਆਂ ਦੇ ਕਾਰਨਾਂ ਬਾਰੇ ਸਪੱਸ਼ਟਤਾ ਨਾਲ ਦੱਸਦੇ ਹੋਏ ਉਹਨਾਂ ਸਿੱਖਿਅਤ, ਚੇਤਨ ਅਤੇ ਲਾਮਬੰਦ ਕਰਨ ਕਿ ''ਜਿਹੜੀਆਂ ਹਾਲਤਾਂ'' ਅਤੇ ''ਸਭਿਆਚਾਰਕ ਅਤੇ ਸਿਆਸੀ ਕਦਰਾਂ-ਕੀਮਤਾਂ'' ਵਿੱਚੋਂ ''ਸੰਸਾਰ ਆਰਥਿਕਤਾ'' ਜਿਹੋ ਜਿਹੀ ''ਜੀਵਨ-ਸ਼ੈਲੀ'' ਉਸਾਰਦੀ ਹੈ ਉਸ ਵਿੱਚ ''ਬਿਮਾਰੀਆਂ ਮਨੁੱਖੀ ਪ੍ਰਸੰਗ ਤੋਂ ਬਾਹਰ ਨਹੀਂ ਵਾਪਰਦੀਆਂ'' ''ਬਿਮਾਰੀ ਦਾ ਅਤੇ ਸਮਾਜੀ ਹਾਲਤਾਂ ਦਾ ਆਪਸ ਵਿੱਚ ਸਬੰਧ ਹੈ, ਹਾਲਤਾਂ ਦਵਾਈਆਂ ਨਾਲ ਬਦਲੀਆਂ ਜਾ ਸਕਦੀਆਂ।''
ਪਰ ਪੰਜਾਬ ਦੇ ਕਮਿਊਨਿਸਟ ਅਖਵਾਉਣ ਵਾਲੇ ਹਲਕਿਆਂ ਵਿੱਚ ਕਰਫਿਊ ਲੱਗੇ ਵਿੱਚ ਜਿਹੜੀ ਬਹਿਸ ਚੱਲ ਰਹੀ ਹੈ, ਉਸ ਵਿੱਚ ਉਪਰੋਕਤ ਪੱਖਾਂ 'ਤੇ ਕੋਈ ਚਾਨਣਾ ਪਾਉਣ ਦੀ ਥਾਂ ''ਭਗਵੇਂਕਰਨ ਦੀ ਖਿੱਚੀ ਲਕੀਰ ਦੇ ਲਾਲ ਫਕੀਰ'' ਬਣ ਕੇ ਚੱਲ ਰਹੇ ਹਨ। ਇਹ ਦੇਸ਼ ਪੱਧਰ ਕੋਰੋਨਾਵਾਇਰਸ ਨੂੰ ਮੁੱਖ ਵਜਾਹ ਬਣਾ ਕੇ ਪੇਸ਼ ਕਰਦੇ ਮੋਦੀ ਦੀ ਬੋਲੀ ਬੋਲ ਰਹੇ ਹਨ ਅਤੇ ਦੁਨੀਆਂ ਵਿੱਚ ਫੈਲੇ ਕੋਰੋਨਾ ਸਬੰਧੀ ਸਾਮਰਾਜੀਆਂ ਦੀ ਬੋਲੀ ਬੋਲ ਰਹੇ ਹਨ, ਜਿਹੜੇ ਬਿਮਾਰੀਆਂ ਦੇ ਅਸਲ ਕਾਰਨਾਂ ਨੂੰ ਲੁਕੋਂਦੇ ਹੋਏ ਦੋਮ ਦਰਜ਼ੇ ਦੇ ਨੁਕਤਿਆਂ ਨੂੰ ਮੁੱਖ ਨੁਕਤਿਆਂ ਵਜੋਂ ਉਭਾਰ ਰਹੇ ਹਨ। ਇਸ ਕਰਕੇ ਇੱਥੋਂ ਦੀਆਂ ਹਾਲਤਾਂ ਦੇ ਜੁੰਮੇਵਾਰ ਇੱਥੋਂ ਦੇ ਹਾਕਮਾਂ ਨੂੰ ਟਿੱਕਦੇ ਹੋਏ ਇਹਨਾਂ ਖਿਲਾਫ ਜਮਾਤੀ ਘੋਲ ਪਹਿਲਾਂ ਨਾਲੋਂ ਕਿਤੇ ਵਧੇਰੇ ਤਿੱਖਾ ਕਰਨਾ ਚਾਹੀਦਾ ਹੈ। ਥਾਲੀਆਂ ਤੇ ਤਾਲੀਆਂ ਵਜਾਕੇ ਜਾਂ ਮੋਮਬੱਤੀਆਂ ਜਗਾ ਕੇ ਲੋਕਾਂ ਨੂੰ ਘੋਲਾਂ ਤੋਂ ਲਾਂਭੇ ਕਰਕੇ ਮੰਗਤੇ ਬਣਾਉਣ ਦੀ ਥਾਂ ਉਹਨਾਂ ਵਿੱਚ ਇਹ ਨਾਹਰੇ ਉਭਾਰਨੇ ਚਾਹੀਦੇ ਹਨ ਕਿ ''ਹੱਕ ਜਿਹਨਾਂ ਦੇ ਹੋਣਗੇ, ਹਿੱਕਾਂ ਦੇ ਜੋਰੀਂ ਖੋਹਣਗੇ'', ''ਜਬਰ-ਜ਼ੁਲਮ ਦੀ ਟੱਕਰ ਵਿੱਚ, ਸੰਘਰਸ਼ ਹਮਾਰਾ ਨਾਹਰਾ ਹੈ'' ਤੇ ''ਮੰਗ ਮੰਗ ਕੇ ਦੇਖ ਲਿਆ, ਹੁਣ ਜ਼ੋਰ ਅਜ਼ਮਾ ਕੇ ਦੇਖਾਂਗੇ।'' ੦-੦
No comments:
Post a Comment