ਕੋਰੋਨਾ ਦੌਰ ਜਦੋਂ ਭਾਰਤੀ ਹਾਕਮਾਂ ਵੱਲੋਂ ਪਰਵਾਸੀ ਮਜ਼ਦੂਰ ਉਜਾੜੇ ਜਾ ਰਹੇ ਹਨ ਤਾਂ
ਵਿੱਛੜੇ ਸਾਥੀ ਪ੍ਰਕਾਸ਼ ਸਿੰਘ ਲੁਧਿਆਣਾ ਨੇ ਪੰਜਾਬ ਵਿੱਚ ਰਹਿਣ ਨੂੰ ਤਰਜੀਹ ਦਿੱਤੀ
ਸਾਥੀ ਪ੍ਰਕਾਸ਼ ਸਿੰਘ ਲੁਧਿਆਣਾ ਇਨਕਲਾਬੀ ਕਾਫਲੇ ਵਿੱਚੋਂ ਵਿੱਛੜ ਗਏ ਹਨ।
ਉਹ ਤਿੰਨ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਤੋਂ ਲੁਧਿਆਣਾ ਸ਼ਹਿਰ ਵਿੱਚ ਮਿਹਨਤ-ਮਜ਼ਦੂਰੀ ਕਰਨ ਆਏ ਸਨ। ਪ੍ਰਕਾਸ਼ ਨੇ ਆਪਣੇ ਕੰਮ ਦੇ ਨਾਲ ਆਪਣੇ ਛੋਟੇ ਭਰਾ ਮਿੰਤਰਪਾਲ ਸਿੰਘ, ਜਿਸ ਨੂੰ ਅਸੀਂ ਪਿਆਰ ਨਾਲ ਸੁਖਪਾਲ ਆਖ ਕੇ ਬੁਲਾਉਂਦੇ ਹੁੰਦੇ ਸੀ, ਨੂੰ ਵੀ ਆਪਣੇ ਕੋਲ ਹੀ ਕੰਮ 'ਤੇ ਬੁਲਾ ਲਿਆ। ਦੋਵਾਂ ਹੀ ਭਰਾਵਾਂ ਨੂੰ ਇਹ ਆਸ ਸੀ ਕਿ ਉਹ ਰਲ-ਮਿਲ ਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਵਿੱਚ ਸਹਾਈ ਹੋਣਗੇ। ਪਰ ਹਾਲਤਾਂ ਸਦਾ ਆਪਣੇ ਹੀ ਪੱਖ ਵਿੱਚ ਨਹੀਂ ਹੁੰਦੀਆਂ। ਲੁਧਿਆਣੇ ਜਿਸ ਸੋਹਲ ਇੰਡਸਟਰੀ ਵਿੱਚ ਸਾਥੀ ਪ੍ਰਕਾਸ਼ ਕੰਮ ਕਰਦਾ ਸੀ ਇਸਦੇ ਨਾਲ ਹੀ ਕੁਲਦੀਪ ਸਿੰਘ ਜੱਸੋਵਾਲ ਵੀ ਕੰਮ ਕਰਦਾ ਹੁੰਦਾ ਸੀ। ਇਹਨਾਂ ਦੀ ਫੈਕਟਰੀ ਦੇ ਲਾਗੇ ਹੀ ਜੱਸੋਵਾਲ ਦੇ ਕਾਮਰੇਡ ਗੁਰਦੇਵ ਸਿੰਘ ਦੀ ਲੋਹੇ ਦੀਆਂ ਪਾਇਪਾਂ ਦੇ ਮੰਜੇ-ਕੁਰਸੀਆਂ ਬਣਾਉਣ ਦੀ ਦੁਕਾਨ ਹੁੰਦੀ ਸੀ। ਸਾਥੀ ਗੁਰਦੇਵ ਸਿੰਘ ਜੱਸੋਵਾਲ ਕੋਲ ਤਾਂ ਉਦੋਂ ਦੇ ਨਵੇਂ ਤੇ ਪੁਰਾਣੇ ਨਕਸਲੀ ਲਹਿਰ ਨੂੰ ਪ੍ਰਣਾਏ ਹੋਏ ਸਾਥੀ ਆਉਂਦੇ ਹੁੰਦੇ ਸਨ। ਸਾਥੀ ਗੁਰਦੇਵ ਸਿੰਘ ਨੇ ਜਿੱਥੇ ਆਪਣੇ ਪਿੰਡ ਵਿੱਚੋਂ ਵੀ ਅਨੇਕਾਂ ਕਿਰਤੀ ਪਰਿਵਾਰਾਂ ਦੇ ਲੜਕਿਆਂ ਨੂੰ ਇਨਕਲਾਬੀ ਪਾਣ ਚਾੜ੍ਹੀ ਸੀ, ਉਥੇ ਉਸ ਨੇ ਇਹੀ ਪਾਣ ਸਾਥੀ ਪ੍ਰਕਾਸ਼ ਹੋਰਾਂ ਨੂੰ ਚਾੜ੍ਹਨੀ ਸ਼ੁਰੂ ਕੀਤੀ। ਪ੍ਰਕਾਸ਼ ਦੇ ਨਾਲ ਇਸਦੇ ਪਿੰਡ ਦਾ ਇੱਕ ਹੋਰ ਨੌਜਵਾਨ ਮੋਹਨ ਵੀ ਕੰਮ ਕਰਦਾ ਸੀ। ਸਾਥੀ ਗੁਰਦੇਵ ਸਿੰਘ ਜੱਸੋਵਾਲ ਦੀ ਦੁਕਾਨ ਇਨਕਲਾਬੀ ਲਹਿਰ ਵਿੱਚ ਗੁਪਤ ਪੱਖ 'ਤੇ ਕੰਮ ਕਰਨ ਵਾਲੇ ਸਾਥੀਆਂ ਨਾਲ ਤਾਲਮੇਲ ਦਾ ਇੱਕ ਕੇਂਦਰ ਹੁੰਦੀ ਸੀ। ਸਾਥੀ ਪ੍ਰਕਾਸ਼, ਕੁਲਦੀਪ, ਮੇਵਾ ਸਿੰਘ ਚੜੀ ਅਤੇ ਮੋਹਨ ਆਦਿ ਸਾਰੇ ਸਾਥੀ ਇੱਕ ਹੀ ਥਾਂ 'ਤੇ ਰਹਿੰਦੇ ਹੁੰਦੇ ਸਨ। ਉਦੋਂ ਸਾਡਾ ਵੀ ਇਹਨਾਂ ਦੇ ਕਮਰੇ ਵਿੱਚ ਟਿਕਾਣਾ ਹੁੰਦਾ ਸੀ। ਜਦੋਂ ਸੁਖਪਾਲ ਸਿੰਘ ਨੂੰ ਇੱਥੇ ਬੁਲਾਇਆ ਗਿਆ ਤਾਂ ਉਸਦੀ ਉਮਰ ਅਜੇ ਬਹੁਤ ਛੋਟੀ ਹੁੰਦੀ ਸੀ। ਪਰ ਉਸਦੇ ਸੱਜਰੇ ਦਿਮਾਗ ਨੇ ਇਨਕਲਾਬੀ ਲਹਿਰ ਦਾ ਅਸਰ ਬਹੁਤ ਜਲਦੀ ਕਬੂਲਿਆ। ਉਸ ਦੇ ਮਨ ਵਿੱਚ ਅੰਨ੍ਹੀਂ ਲੁੱਟ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਮਾਰਨ ਵਾਲੇ ਖਾਲਿਸਤਾਨੀ ਅਨਸਰਾਂ ਪ੍ਰਤੀ ਬੇਥਾਹ ਗੁੱਸਾ ਅਤੇ ਰੋਹ ਸੀ। ਉਹ ਆਪਣੀ ਭਾਸ਼ਾ ਵਿੱਚ ਕਿਹਾ ਕਰਦਾ ਸੀ, ''ਹਮ ਇਨ ਸਭੀ ਕੋ ਪੇਲ ਕੇ ਰੱਖ ਦੇਂਗੇ।'' ਇਹ ਸਾਰੇ ਸਾਥੀ ਇੱਕ ਪਾਰਟੀ ਇਕਾਈ ਵਿੱਚ ਬੱਝੇ ਹੋਏ ਹੁੰਦੇ ਸਨ। ਜਿਹੜੇ ਵੀ ਪਾਰਟੀ ਫੈਸਲੇ ਹੁੰਦੇ ਇਹ ਉਹਨਾਂ ਨੂੰ ਸਿਰੇ ਚਾੜ੍ਹਨ ਲਈ ਪੂਰੇ ਦਾ ਪੂਰਾ ਤਾਣ ਲਾ ਦਿੰਦੇ। ਇਹਨਾਂ ਦੇ ਕੋਲ ਹੀ ਬਰਬਾਲੀ ਪਿੰਡ ਤੋਂ ਮਲਕੀਤ ਸਿੰਘ ਵੀ ਆਉਂਦਾ ਹੁੰਦਾ ਸੀ ਤੇ ਇਹਨਾਂ ਦੇ ਲਾਗੇ ਹੀ ਲੰਢੇ ਪਿੰਡ ਤੋਂ ਕੇਸਰ ਸਿੰਘ ਹੋਰਾਂ ਦਾ ਪਰਿਵਾਰ ਲੁਹਾਰਾ ਪਿੰਡ ਵਿੱਚ ਰਹਿੰਦਾ ਸੀ। ਇਹਨਾਂ ਦੀ ਡਿਊਟੀ ਸੁਰਖ਼ ਰੇਖਾ ਪੇਪਰ ਪੋਸਟ ਕਰਨ ਅਤੇ ਆਪਣੇ ਇਲਾਕੇ ਵਿੱਚ ਵੰਡਣ ਦੀ ਲੱਗੀ ਹੁੰਦੀ ਸੀ। ਇਸ ਤੋਂ ਬਿਨਾ ਕਿਤੇ ਵੀ ਕੋਈ ਰੈਲੀ-ਹੜਤਾਲ ਜਾਂ ਮੁਜਾਹਰਾ ਹੋਣਾ ਇਹਨਾਂ ਉਸ ਵਿੱਚ ਸ਼ਾਮਲ ਹੋਣਾ। ਰਾਤਾਂ ਨੂੰ ਪਾਰਟੀ ਦੇ ਪੋਸਟਰ ਲਾਉਣੇ ਹੁੰਦੇ ਜਾਂ ਕੰਧ ਨਾਹਰੇ ਲਿਖਣੇ ਹੁੰਦੇ ਇਹ ਟੋਲੀ ਸਭ ਤੋਂ ਮੂਹਰੇ ਹੋ ਕੇ ਕੰਮ ਕਰਦੀ। ਪ੍ਰਕਾਸ਼ ਸਿੰਘ, ਇਸਦਾ ਛੋਟਾ ਭਰਾ ਅਤੇ ਇਹਨਾਂ ਦੇ ਨਾਲ ਦੇ ਸਾਥੀ ਉਹਨਾਂ ਸਮਿਆਂ ਵਿੱਚ ਸੁਰਖ਼ ਰੇਖਾ ਦੀ ਬੁੱਕ ਸਟਾਲ 'ਤੇ ਵੀ ਡਿਊਟੀ ਨਿਭਾਉਂਦੇ ਰਹੇ ਜਦੋਂ ਇਸ ਪੇਪਰ ਨਾਲ ਜੁੜੇ ਹੋਣ ਕਰਕੇ ਕੋਈ ਵੀ ਸਾਥੀ ਖਾਲਿਸਤਾਨੀਆਂ ਦੀ ਗੋਲੀ ਦਾ ਨਿਸ਼ਾਨਾ ਬਣ ਸਕਦਾ ਸੀ। ਇਹਨਾਂ ਸਾਥੀਆਂ ਨੇ ਪਾਰਟੀ ਦੇ ਕਾਰਜਾਂ ਨੂੰ ਪਹਿਲ ਦਿੱਤੀ ਹੋਈ ਸੀ, ਇਹਨਾਂ ਕੋਲ ਸਾਥੀਆਂ ਦਾ ਆਉਣ-ਜਾਣ ਬਣਿਆ ਹੋਣ ਕਰਕੇ ਭਾਵੇਂ ਕਿੰਨੇ ਵੀ ਖਰਚੇ ਆ ਜਾਂਦੇ ਇਹ ਸਾਥੀ ਆਪਸ ਵਿੱਚ ਰਲ਼-ਮਿਲ ਕੇ ਝੱਲਦੇ ਸਨ। ਐਨਾ ਹੀ ਨਹੀਂ ਜਦੋਂ ਵੀ ਕਦੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਕੋਈ ਸਮਾਗਮ ਦੋਰਾਹੇ ਸਾਥੀ ਤਰਸੇਮ ਬਾਵੇ ਦੀ ਯਾਦ ਵਿੱਚ ਹੋਣਾ ਜਾਂ ਚੜੀ ਵਿਖੇ ਕਾਮਰੇਡ ਰੌਣਕ ਸਿੰਘ ਦੀ ਯਾਦ ਵਿੱਚ ਹੋਣਾ, ਇਹ ਟੀਮ ਆਪਣੇ ਬਾਕੀ ਦੇ ਕੰਮ ਛੱਡ ਕੇ ਆਪਣਾ ਸਮਾਂ ਸਮਾਗਮਾਂ ਦੀ ਕਾਮਯਾਬੀ ਲਈ ਅਰਪਤ ਕਰਦੀ। ਨਕਸਲਬਾੜੀ ਲਹਿਰ ਦੇ ਸ਼ਹੀਦ ਸਾਥੀ ਪਿਆਰਾ ਸਿੰਘ ਦੱਧਾਹੂਰ ਦੇ ਪਰਿਵਾਰ ਦੇ ਹਰ ਦੁੱਖ-ਸੁੱਖ ਵਿੱਚ ਇਹ ਸਾਥੀ ਸ਼ਾਮਲ ਹੁੰਦਾ ਰਿਹਾ। ਇਹ ਸਾਥੀ ਸੁਖਪਾਲ ਦੀ ਲਗਨ ਹੀ ਸੀ, ਜਿਹੜੀ ਉਸ ਨੂੰ ਨਕਸਲਬਾੜੀ ਲਹਿਰ ਦੇ ਸ਼ਹੀਦ ਸਾਥੀ ਰੌਣਕ ਸਿੰਘ ਚੜੀ ਦੇ ਸਮਾਗਮ 'ਤੇ ਲੈ ਕੇ ਗਈ। ਉੱਥੇ ਇਹ ਸਾਥੀ ਖਤਰਿਆਂ ਦਾ ਖਿਡਾਰੀ ਬਣ ਕੇ ਵਿਚਰ ਰਿਹਾ ਸੀ। ਇੱਥੇ ਖਾਲਿਸਤਾਨੀਆਂ ਵੱਲੋਂ ਚਲਾਈ ਗੋਲੀ ਨਾਲ ਸਾਥੀ ਸੁਖਪਾਲ ਦੀ ਸ਼ਹਾਦਤ ਹੋਈ। ਇਸਦੇ ਨਾਲ ਹੀ ਖਾਨਪੁਰ ਪਿੰਡ (ਨਜ਼ਦੀਕ ਕੱਚਾ ਮਾਛੀਵਾੜਾ) ਦੀ ਭੈਣ ਮਹਿੰਦਰ ਕੌਰ ਆਪਣੀ ਸ਼ਹਾਦਤ ਰਾਹੀਂ ਮਿਸਾਲ ਕਾਇਮ ਕਰਕੇ ਗਈ। ਸਾਥੀ ਪ੍ਰਕਾਸ਼ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਆਪਣੇ ਵਿੱਤ ਮੁਤਾਬਕ ਹਿੱਸਾਪਾਈ ਕਰਦਾ ਆ ਰਿਹਾ ਸੀ। ਪਿਛਲੇ ਅਰਸੇ ਵਿੱਚ ਜਿੱਥੇ ਉਸ ਨੂੰ ਸੁਖਪਾਲ ਦੇ ਵਿਛੋੜੇ ਦਾ ਸੱਲ ਸਾਲਾਂਬੱਧੀ ਸਤਾਉਂਦਾ ਰਿਹਾ, ਉੱਥੇ ਔਖੀਆਂ ਕੰਮ ਹਾਲਤਾਂ ਵਿੱਚ ਵੀ ਉਹ ਡਟਿਆ ਰਿਹਾ। ਇੱਕ ਸਮਾਂ ਉਸ ਨੇ ਖਰਾਦ ਦੀ ਆਪਣੀ ਵੀ ਦੁਕਾਨ ਚਲਾਈ ਸੀ, ਪਰ ਜਿਵੇਂ ਜਿਵੇਂ ਆਰਥਿਕ ਅਤੇ ਸਨਅੱਤੀ ਨੀਤੀਆਂ ਦੀ ਮਾਰ ਕਿਰਤੀ ਲੋਕਾਂ 'ਤੇ ਵਧਦੀ ਗਈ। ਉਸਦੀ ਮਾਰ ਅਤੇ ਧਸੇੜ ਸਾਥੀ ਪ੍ਰਕਾਸ਼ ਨੂੰ ਝੱਲਣੀ ਪਈ। ਉਸਦਾ ਕਾਰੋਬਾਰ ਵੀ ਕਦੇ ਚੱਲ ਪੈਂਦਾ ਤੇ ਕਦੇ ਬੰਦ ਹੋ ਜਾਂਦਾ। ਸਾਥੀ ਪ੍ਰਕਾਸ਼ ਨੂੰ ਔਖੇ, ਭਾਰੇ ਅਤੇ ਬੋਝਲ ਕੰਮਾਂ ਵਿੱਚੋਂ ਅਨੇਕਾਂ ਵਾਲੀ ਸੱਟਾਂ ਫੇਟਾਂ ਵੀ ਲੱਗਦੀਆਂ ਰਹੀਆਂ ਉਹਨਾਂ ਨੇ ਇਸ ਦੇ ਸਰੀਰ ਨੂੰ ਭੰਨਿਆ-ਤੋੜਿਆ ਵੀ। ਪਰ ਫੇਰ ਵੀ ਸਾਥੀ ਆਪਣੇ ਵਿੱਤ ਮੁਤਾਬਕ ਕੰਮ ਵਿੱਚ ਲੱਗਿਆ ਰਹਿੰਦਾ। ਇਸਦਾ ਪਰਿਵਾਰ ਇੱਥੇ ਲੁਧਿਆਣੇ ਹੀ ਸ਼ਿਮਲਾਪੁਰੀ ਵਿੱਚ ਇਸ ਨਾਲ ਰਹਿੰਦਾ ਸੀ। ਇਸਦੇ ਪਰਿਵਾਰ ਮੈਂਬਰ ਵੀ ਇਨਕਲਾਬੀ ਲਹਿਰ ਦੇ ਸਾਥੀਆਂ ਨੂੰ ਸਾਂਭਦੇ ਰਹੇ। ਪਿਛਲੇ ਕਾਫੀ ਸਮੇਂ ਤੋਂ ਸਾਥੀ ਪ੍ਰਕਾਸ਼ ਬਿਮਾਰ ਚਲਿਆ ਆ ਰਿਹਾ ਸੀ। ਪਰ ਫੇਰ ਵੀ ਮੁਸ਼ਕਲਾਂ ਨੂੰ ਝੱਲਦਾ ਰਿਹਾ ਪਰ ਹੁਣ ਕੋਰੋਨਾ ਵਾਇਰਸ ਦੇ ਨਾਂ 'ਤੇ ਜਿਹੜੀ ਤਾਲਾਬੰਦੀ ਹਕੂਮਤ ਨੇ ਮੜ੍ਹੀ ਅਤੇ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ ਵਿੱਚ ਤਾੜ ਕੇ ਭੁੱਖੇ-ਪਿਆਸੇ, ਬਿਮਾਰੀਆਂ ਨਾਲ ਮਰਨ ਲਈ ਛੱਡ ਦਿੱਤਾ ਇਸ ਦੌਰ ਵਿੱਚ ਸਾਥੀ ਪ੍ਰਕਾਸ਼ ਸਾਥੋਂ ਵਿਛੜ ਗਿਆ। ਸਾਥੀ ਪ੍ਰਕਾਸ਼ ਸੁਣਦਾ ਬਹੁਤਾ ਹੁੰਦਾ ਸੀ। ਬੋਲਦਾ ਘੱਟ ਹੁੰਦਾ ਸੀ। ਉਸ ਨੇ ਪੰਜਾਬ ਵਿੱਚ ਆ ਕੇ ਜਿਸ ਤਰ੍ਹਾਂ ਇੱਥੋਂ ਦੀ ਮਿੱਟੀ ਨਾਲ ਮੋਹ ਪਾਇਆ ਇਹ ਆਪਣੀ ਮਿਸਾਲ ਆਪ ਹੈ। ਉਸਦੀ ਪੰਜਾਬੀ ਬੋਲੀ ਹੀ ਠੇਠ ਨਹੀਂ ਸੀ ਬਲਕਿ ਉਸਦੀ ਦਿੱਖ ਵੀ ਨਿਰੋਲ ਪੰਜਾਬੀ ਹੀ ਲੱਗਦੀ ਸੀ। ਉਸ ਨੇ ਇੱਧਰ ਆ ਕੇ ਹੀ ਪੰਜਾਬੀ ਪੜ੍ਹਨੀ ਤੇ ਲਿਖਣੀ ਵੀ ਸਿੱਖ ਲਈ ਸੀ। ਉਸਦੇ ਬੱਚੇ ਸੁਰਜੀਤ ਪਾਤਰ ਦੀ ਕਵਿਤਾ 'ਨੰਦ-ਕਿਸ਼ੋਰ' ਦੇ ਪਾਤਰ ਹੀ ਜਾਪਦੇ ਸਨ। ਪਰ ਨੰਦ ਕਿਸ਼ੋਰ ਦੇ ਜਿਹਨਾਂ ਪਾਤਰਾਂ ਨੂੰ ਇੱਥੋਂ ਦੀਆਂ ਹਕੂਮਤਾਂ ਨੇ ਜਿਸ ਤਰ੍ਹਾਂ ਉਜਾੜਿਆ ਹੈ, ਇਸ ਵਿੱਚੋਂ ਪ੍ਰਕਾਸ਼ ਦਾ ਕੋਮਲ ਮਨ ਜ਼ਰੂਰ ਹੀ ਵਲੂੰਧਰਿਆ ਗਿਆ ਹੋਵੇਗਾ। ਉਹ ਗੱਲਾਂ ਦਿਲ 'ਤੇ ਲਾਉਣ ਵਾਲਾ ਦਰਦਮੰਦ ਵਿਅਕਤੀ ਸੀ। ਉਸ ਆਪਣੇ ਭਾਈਵੰਦਾਂ ਲਈ ਪਤਾ ਨਹੀਂ ਕਿੰਨਾ ਹੀ ਕੁੱਝ ਕਰਨਾ ਚਾਹੁੰਦਾ ਹੋਵੇਗਾ, ਪਰ ਉਸਦੀਆਂ ਰੀਝਾਂ ਉਸਦੇ ਮਨ ਵਿੱਚ ਰਹਿ ਗਈਆਂ। ਭਾਵੇਂ ਸਾਥੀ ਪ੍ਰਕਾਸ਼ ਸਾਥੋਂ ਵਿੱਛੜ ਗਿਆ, 24 ਮਈ ਨੂੰ ਉਸਦਾ ਸ਼ਰਧਾਂਜਲੀ ਸਮਾਗਮ ਵੀ ਹੈ। ਸਾਥੀ ਪ੍ਰਕਾਸ਼ ਦੀਆਂ ਯਾਦਾਂ ਅਤੇ ਉਸਦੇ ਕੀਤੇ ਕੰਮ ਅਤੇ ਉਸਦੇ ਵਿਚਾਰ ਸਾਡੇ ਮਨਾਂ ਵਿੱਚੋਂ ਕਿਵੇਂ ਵੀ ਨਹੀਂ ਮਿਟਾਏ ਜਾ ਸਕਦੇ। ਉਹ ਲੰਮੇ ਸਮੇਂ ਤੱਕ ਦੀਆਂ ਯਾਦਾਂ ਦਾ ਹਿੱਸਾ ਬਣਿਆ ਹੀ ਰਹੇਗਾ, ਉਹ ਅਜਿਹੇ ਸਾਥੀਆਂ ਵਿੱਚੋਂ ਇੱਕ ਸੀ, ਜਿਹੜੇ ਸਾਡੀ ਆਈ ਮੌਤ ਅੱਗੇ ਛਾਤੀ ਆਪਣੀ ਡਾਹੁੰਦੇ ਸਨ। ਇਹੋ ਜਿਹੇ ਸਾਥੀਆਂ 'ਤੇ ਮਾਣ ਹੁੰਦਾ ਹੈ, ਇਹੋ ਜਿਹੇ ਸਾਥੀ ਜ਼ਿੰਦਗੀ ਜੀਣ ਦੀ ਪ੍ਰੇਰਨਾ ਦਿੰਦੇ ਹਨ। ਜਿੰਦਗੀ ਨੂੰ ਸਾਰਥਿਕ ਬਣਾਉਂਦੇ ਹਨ। ਕਿਰਤੀ ਲੋਕਾਂ ਨਾਲ ਇੱਕਮਿੱਕ ਹੋਣ 'ਤੇ ਕਿਰਤੀ ਲੋਕ ਕਿਸੇ ਵੀ ਵਿਅਕਤੀ ਨੂੰ ਕੀ ਕੁੱਝ ਦੇ ਸਕਦੇ ਹਨ, ਇਸ ਸਭ ਕੁੱਝ ਦਾ ਇੱਕ ਨਮੂਨਾ ਸਾਥੀ ਪ੍ਰਕਾਸ਼ ਵੀ ਸੀ। ਇਹੋ ਜਿਹੇ ਸਾਥੀਆਂ ਦੇ ਸਾਥ ਨਾਲ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ। ਇਹੋ ਜਿਹੇ ਸਾਥੀ ਹੁੰਦੇ ਹਨ, ਜਿਹੜੇ ਆਪਣੇ ਦੁੱਖਾਂ ਨਾਲੋਂ ਦੂਸਰਿਆਂ ਦੇ ਦੁੱਖਾਂ ਨੂੰ ਵੱਡਾ ਮੰਨਦੇ ਹਨ। ਜਦੋਂ ਇਨਕਲਾਬੀਆਂ ਨੂੰ ਪ੍ਰਕਾਸ਼ ਵਰਗੇ ਉਹਨਾਂ ਦੇ ਦੁੱਖ-ਸੁੱਖ ਦੇ ਸਾਥੀ ਮਿਲੇ ਹੋਣ ਤਾਂ ਉਹਨਾਂ ਦੇ ਮਨਾਂ 'ਤੇ ਤਣਾਅ ਘਟਦਾ ਹੈ, ਦੁਸ਼ਮਣ ਵਿਰੁੱਧ ਜੂਝਣ ਦੀ ਸ਼ਕਤੀ ਵਧਦੀ ਹੈ। ਸਾਥੀ ਪ੍ਰਕਾਸ਼ ਨੂੰ ਯਾਦ ਕਰਨ ਦਾ ਅਰਥ ਇਹੀ ਬਣਦਾ ਹੈ ਕਿ ਉਸਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਦੇ ਅਧੂਰੇ ਕਾਜ ਨੂੰ ਅੱਗੇ ਲਿਜਾਣ ਲਈ ਤਨਦੇਹੀ ਨਾਲ ਡਟੀਏ। ਆਪਣੀ ਜ਼ਿੰਦਗੀ ਕਿਰਤੀ ਦੀ ਹੋਣੀ ਨਾਲ ਆਤਮਸਾਤ ਕਰੀਏ। ਉਹਨਾਂ ਤੋਂ ਸਿੱਖਦੇ ਹੋਏ, ਉਹਨਾਂ ਨੂੰ ਸਿਖਾਉਂਦੇ ਜਾਈਏ।
-ਨਾਜ਼ਰ ਸਿੰਘ ਬੋਪਾਰਾਏ
--------------
“ਚੌਧਰੀ ਦਾ ਖੂਹ''
ਚੁੱਲ੍ਹਾ ਮਿੱਟੀ ਦਾ
ਮਿੱਟੀ ਤਲਾਅ ਦੀ
ਤਲਾਅ ਚੌਧਰੀ ਦਾ...
ਭੁੱਖ ਰੋਟੀ ਦੀ
ਰੋਟੀ ਬਾਜਰੇ ਦੀ
ਬਾਜਰਾ ਖੇਤ ਦਾ
ਖੇਤ ਚੌਧਰੀ ਦਾ...
ਬਲਦ ਚੌਧਰੀ ਦਾ
ਹਲ਼ ਚੌਧਰੀ ਦਾ
ਹਲ਼ ਦੀ ਮੁੱਠ ਤੇ ਹਥੇਲੀ ਆਪਣੀ
ਫ਼ਸਲ ਚੌਧਰੀ ਦੀ ....
ਖੂਹ ਚੌਧਰੀ ਦਾ
ਪਾਣੀ ਚੌਧਰੀ ਦਾ
ਖੇਤ ਖਲਿਆਣ ਚੌਧਰੀ ਦੇ
ਗਲੀ ਮੁਹੱਲੇ ਚੌਧਰੀ ਦੇ
ਆਪਣਾ ਕੀ ?
ਪਿੰਡ ?
ਸ਼ਹਿਰ ?
ਦੇਸ਼ ?
ਮੂਲ ਹਿੰਦੀ ਲੇਖਕ : ਓਮਪ੍ਰਕਾਸ਼ ਵਾਲਮੀਕੀ
ਪੰਜਾਬੀ ਅਨੁਵਾਦ : ਜਗਮੋਹਣ ਲੋਹੀਆਂ
(ਇਹ ਕਵਿਤਾ ਵਿਛੜ ਗਏ ਪ੍ਰਸਿੱਧ ਐਕਟਰ ਇਰਫ਼ਾਨ ਖਾਨ ਵੱਲੋਂ ਇੱਕ ਟੀਵੀ ਪ੍ਰੋਗਰਾਮ ਵਿਚ ਪੜ੍ਹੀ ਗਈ ਸੀ।)
੦-੦
No comments:
Post a Comment