ਕੋਰੋਨਾਵਾਇਰਸ ਦੇ ਮਾਮਲੇ ਵਿੱਚ ਝੂਠ ਦੇ ਵਪਾਰੀਆਂ ਨੂੰ
ਲੋਕ-ਸੱਥਾਂ ਵਿੱਚ ਘੇਰ ਘੇਰ ਕੇ ਸਵਾਲ ਕਰੋ
ਭਾਰਤ ਵਿੱਚ ਕੋਰੋਨਾਵਾਇਰਸ ਨੂੰ ਖਤਮ ਕਰਨ ਲਈ ਤਾਲਾਬੰਦੀ ਅਤੇ ਕਰਫਿਊ ਲਾਉਣ ਸਮੇਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਆਖਦਾ ਸੀ ਕਿ ਅਜਿਹਾ ਕੁੱਝ ਕੋਰੋਨਾ ਦੇ ਖਾਤਮੇ ਲਈ ਜ਼ਰੂਰੀ ਹੈ। ਪਰ ਹੁਣ 11 ਮਈ 2020 ਨੂੰ ਉਸ ਨੇ ਥੁੱਕ ਚੱਟ ਲਿਆ ਹੈ ਕਿ ''ਸਾਨੂੰ ਕੋਰੋਨਾ ਦੇ ਨਾਲ ਹੀ ਜਿਉਂਦੇ ਰਹਿਣਾ ਸਿੱਖਣਾ ਪਵੇਗਾ।'' 21 ਅਪ੍ਰੈਲ ਨੂੰ ਵਿਸ਼ਵ ਸਿਹਤ ਸੰਸਥਾ ਦੇ ਮੁਖੀ ਡੇਵਿਡ ਨਾਬੱਰੋ ਨੇ ਆਖਿਆ ਸੀ ਕਿ ''ਕੋਰੋਨਾ ਵਾਇਰਸ ਕਿਤੇ ਨਹੀਂ ਜਾਵੇਗਾ, ਇਸ ਲਈ ਸਾਨੂੰ ਇਸ ਦੇ ਨਾਲ ਦਿਨ-ਕਟੀ ਕਰਨੀ ਸਿੱਖਣੀ ਪਵੇਗੀ।'' ਉਸ ਨੇ ਇੱਕ ਪ੍ਰਸ਼ਨ ਦੇ ਜੁਆਬ ਵਿੱਚ ਹੋਰ ਆਖਿਆ ਕਿ ''ਅਜੇ ਇਹ ਪਤਾ ਨਹੀਂ ਕਿ ਕੋਈ ਇਲਾਜ ਜਾਂ ਦਵਾਈ ਕਦੋਂ ਵਿਕਸਤ ਕੀਤੀ ਜਾ ਸਕੇਗੀ। ਸਾਨੂੰ ਕੋਰੋਨਾ ਵਾਇਰਸ ਦੇ ਨਾਲ ਹੀ ਰਹਿਣਾ ਪੈਣਾ ਹੈ, ਵਾਇਰਸ ਦੀ ਹਾਜ਼ਰੀ ਵਿੱਚ ਹੀ ਆਪਣੇ ਕਾਰੋਬਾਰ ਕਰਨੇ ਪੈਣੇ ਹਨ, ਵਾਇਰਸ ਦੇ ਨਾਲ ਹੀ ਸਮਾਜੀ ਰਿਸ਼ਤੇ ਨਿਭਾਉਣੇ ਪੈਣੇ ਹਨ, ਵੱਡੀ ਪੱਧਰ 'ਤੇ ਬਿਮਾਰੀ ਫੈਲਣ ਦੇ ਡਰ ਕਾਰਨ ਤਾਲਾਬੰਦੀ ਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ।'' 14 ਮਈ ਜਾਰੀ ਇੱਕ ਬਿਆਨ ਵਿੱਚ ਵਿਸ਼ਵ ਸਿਹਤ ਸੰਸਥਾ ਨੇ ਆਖਿਆ ਕਿ ''ਹੋ ਸਕਦੈ ਇਹ ਵਾਇਰਸ ਕਦੇ ਵੀ ਨਾ ਜਾਵੇ।'' 8 ਮਈ ਭਾਰਤ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ''ਸਾਨੂੰ ਵਾਇਰਸ ਦੇ ਨਾਲ ਰਹਿਣਾ ਸਿੱਖਣਾ ਪਵੇਗਾ।'' ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਾਜਨ ਨੇ ਇੱਕ ਬਿਆਨ ਵਿੱਚ ਆਖਿਆ ਕਿ ''ਬਿਮਾਰੀ ਨੂੰ ਫੈਲਣ ਤੋਂ ਰੋਕਣਾ ਮੁਸ਼ਕਲ ਹੀ ਹੋ ਸਕਦਾ ਹੈ।'' ਇਹਨਾਂ ਨੂੰ ਕੋਈ ਪੁੱਛੇ ਕਿ ਜਿਹੜੇ ਹਜ਼ਾਰਾਂ ਲੋਕਾਂ ਨੂੰ ਤੁਸੀਂ ਹੁਣ ਤੱਕ ਮੌਤ ਦੇ ਮੂੰਹ ਧੱਕਿਆ ਹੈ ਅਤੇ ਲੱਖਾਂ ਨੂੰ ਘਰੋਂ ਬੇਘਰ ਕੀਤਾ ਹੈ ਅਤੇ ਕਰੋੜਾਂ ਦੇ ਰੁਜ਼ਗਾਰ ਖੋਹ ਕੇ ਉਹਨਾਂ ਨੂੰ ਮੰਗਤੇ ਬਣਾਇਆ ਹੈ, ਕੀ ਉਸ ਬਾਰੇ ਤੁਹਾਨੂੰ ਪਤਾ ਨਹੀਂ ਸੀ? ਜਦੋਂ ਹੋਰ ਡਾਕਟਰ ਅਤੇ ਵਿਗਿਆਨੀ ਦੱਸ ਰਹੇ ਸਨ ਕਿ ਕੋਰੋਨਾ ਵਾਇਰਸ ਆਮ ਵਾਇਰਸਾਂ ਵਰਗਾ ਹੀ ਵਾਇਰਸ ਹੈ ਤੇ ਇਸਦੀ ਮਾਰ ਵੀ ਟੀ.ਬੀ., ਮਲੇਰੀਆ, ਨਮੂਨੀਆ, ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੇ ਰੋਗਾਂ ਤੋਂ ਵਧੇਰੇ ਨਹੀਂ ਹੋ ਸਕਦੀ ਤਾਂ ਉਹਨਾਂ ਦੀ ਰਾਏ 'ਤੇ ਗੌਰ ਕਿਉਂ ਨਹੀਂ ਕੀਤਾ ਗਿਆ। ਕੀ ਕਰੋੜਾਂ ਲੋਕਾਂ ਨੂੰ ਬੇਘਰ ਕਰਕੇ ਸੜਕਾਂ 'ਤੇ ਰੋਲਣ ਲਈ ਤੁਸੀਂ ਮੁਜਰਿਮ ਨਹੀਂ ਹੋ? ਸੱਚ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ। ਮੋਦੀ ਨੇ ਤਾਂ ਟਰੰਪ ਦੀ ਹਾਂ ਵਿੱਚ ਹਾਂ ਮਿਲਾਉਣੀ ਸੀ ਤੇ ਸਾਮਰਾਜੀਆਂ ਦੇ ਇਸ਼ਾਰੇ 'ਤੇ ਚੱਲਣ ਵਾਲੀ ਸੰਸਥਾ ਨੂੰ ਹਵਾਲੇ ਦਾ ਨੁਕਤਾ ਬਣਾ ਕੇ ਹੀ ਗੱਲ ਕਰਨੀ ਸੀ, ਤੇ ਕੀਤੀ ਵੀ। ਇਹ ਸਭ ਮਨੁੱਖਤਾ ਦੇ ਕਾਤਲ ਦਰਿੰਦੇ ਹਨ। ਇਹ ਜੋ ਹਨ, ਸੋ ਹਨ ਹੀ, ਪਰ ਜਿਹੜੇ ਆਪਣੇ ਆਪ ਨੂੰ ਕਮਿਊਨਿਸਟ ਇਨਕਲਾਬੀ ਅਖਵਾ ਕੇ ਸਾਮਰਾਜੀਆਂ ਦੀ ਤਾਲਾਬੰਦੀ ਦਾ ਵਿਰੋਧ ਕਰਦੇ ਹੋਏ ਲੋਕਾਂ ਦੀ ਲਾਮਬੰਦੀ ਕਰਦੇ ਉਹਨਾਂ ਦਾ ਵੱਡਾ ਹਿੱਸਾ ''ਭਗਵੀਂ ਲਕੀਰ ਦੇ ਲਾਲ ਫਕੀਰ'' ਬਣ ਗਏ। ਜਦੋਂ ਅਸੀਂ ਤਾਲਾਬੰਦੀ ਦੀ ਖਿਲਾਫਤ ਕਰਦੇ ਲੇਖ ਚਾੜ ਰਹੇ ਸੀ ''ਇਨਕਲਾਬੀ ਸਾਡਾ ਰਾਹ'' ਦਾ ਇੱਕ ਲੇਖਕ ਸਰਦਾਰਾ ਸਿੰਘ ਮਾਹਲ ਸਾਡੀਆਂ ਲਿਖਤਾਂ ਨੂੰ ''ਕੂੜ-ਕਬਾੜ'' ਦੱਸਦਾ ਹੋਇਆ ''ਝੁੱਡੂ'' ਤੱਕ ਵੀ ਪਰਖਣ ਲਈ ਪਹੁੰਚਿਆ। ਸਰਦਾਰਾ ਸਿੰਘ ਮਾਹਲ ਡਾ. ਅਮਰ ਆਜ਼ਾਦ ਨੂੰ ''ਇੱਕਪਾਸੜ'' ਅਤੇ ਡਾ. ਵਿਸ਼ਵਰੂਪ ਚੌਧਰੀ ਨੂੰ ''ਜੱਬਲੀਆਂ'' ਮਾਰਨ ਵਾਲਾ ਪਰਖਦਾ ਰਿਹਾ। ਹੁਣ ਜਦੋਂ ਤਾਲਾਬੰਦੀ ਵਾਇਰਸ ਨੂੰ ਰੋਕਣ ਲਈ ਨਾਕਾਮ ਸਾਬਤ ਹੋ ਹੀ ਗਈ ਹੈ ਤਾਂ ਸਰਦਾਰੇ ਮਾਹਲ ਵਰਗਿਆਂ ਨੇ ਆਪਣੀ ਕੋਈ ਸਵੈ-ਆਲੋਚਨਾ ਨਹੀਂ ਕੀਤੀ ਕਿ ਉਹਨਾਂ ਨੇ ਤਾਲਾਬੰਦੀ ਦੀ ਜਿਹੜੀ ਪੈਰਵਾਈ ਕੀਤੀ ਸੀ, ਉਹ ਗਲਤ ਸੀ। ਤਾਂ ਜਨਤਾ ਦਾ ਇਹ ਫਰਜ਼ ਬਣਦਾ ਹੈ, ਉਹਨਾਂ ਨੂੰ ਆਲੋਚਨਾ ਦੇ ਘੇਰੇ ਵਿੱਚ ਲਿਆ ਕੇ ਉਹਨਾਂ ਨੂੰ ਕੀਤੇ ਦਾ ਅਹਿਸਾਸ ਕਰਵਾਉਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਲਈ ਚੁਣੌਤੀ ਵਾਲੇ ਅਜਿਹੇ ਸਵਾਲ ਖੜੇ ਕਰਨ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਆਪਣੇ ਕੀਤੇ ਮੁਜਰਮਾਨਾ ਅਮਲ ਦਾ ਖਮਿਆਜਾ ਭੁਗਤਣਾ ਪਵੇ। ਇਹ ਸਰਦਾਰਾ ਸਿੰਘ ਮਾਹਲ ਇਕੱਲਾ ਨਹੀਂ ਹੈ, ਜਿਹੜਾ ਆਰਥਿਕ ਸੰਕਟ ਦੀ ਵਜਾਹ ਕਾਰਨ ਸਾਮਰਾਜੀਆਂ ਦੇ ਆਰਥਿਕ ਮੰਦਵਾੜੇ ਨੂੰ ਮੰਨਣ ਦੀ ਬਜਾਏ ਕੋਰੋਨਾ ਨੂੰ ਮੰਨਦਾ ਹੋਇਆ ਉਹਨਾਂ ਦੀ ਬੋਲੀ ਬੋਲਣ ਲੱਗ ਪਿਆ ਸੀ, ਬਲਕਿ ਹੋਰ ਵੀ ਅਨੇਕਾਂ ਹੀ ਅਜਿਹੇ ਹਨ, ਜਿਹੜੇ ਵਾਇਰਸ, ਵਾਇਰਸ ਦੀ ਕਾਵਾਂਰੌਲੀ ਪਾਈ ਜਾ ਰਹੇ ਸਨ। ਕੁਮਾਰ ਅਲੀ ਸਿੰਘ ਨਾਲ ਚੱਲਦੀ ਬਹਿਸ ਵਿੱਚ ਨਕਲੀ ਫੇਸਬੁੱਕ ਆਈ.ਡੀ. ਵਾਲੇ ਨਿਰਵੈਰ ਸਿੰਘ ਨੇ ਕੁਮਾਰ ਅਲੀ ਸਿੰਘ ਨੂੰ ਨਾਜ਼ਰ ਸਿੰਘ ਬੋਪਾਰਾਏ ਮੰਨਦੇ ਹੋਏ ਲਿਖਿਆ ਹੈ, ''ਨਾਜਰ ਇਸ ਕਦਰ ਨਿੱਘਰਿਆ ਬੰਦਾ''। ਬਾਅਦ ਵਿੱਚ ਉਸਨੇ ਲਿਖਿਆ ਹੈ ਕਿ ''ਗੰਗਾਧਰ ਹੀ ਸ਼ਕਤੀਮਾਨ ਹੈ।'' ਉਸ ਨੇ ਇਹ ਅੰਦਾਜ਼ਾ ਪਤਾ ਨਹੀਂ ਕਿੱਥੋਂ ਲਾਇਆ ਕਿ ਕੁਮਾਰ ਅਲੀ ਸਿੰਘ ਨਾਜ਼ਰ ਸਿੰਘ ਬੋਪਾਰਾਏ ਹੀ ਹੈ। ਇਹ ਸਭ ਕੁੱਝ ਕਲਪਿਤ ਘਟਨਾ ਹੈ, ਉਸ ਨੂੰ ਕੋਈ ਵਹਿਮ ਹੈ। ਉਸ ਨੂੰ ਨਾਜ਼ਰ ਸਿੰਘ ਨਾਂ ਦੇ ਵਿਅਕਤੀ ਤੋਂ ਦੇਖਣ-ਸੁਣਨ ਸਾਰ ਕੋਈ ਭਿੱਟ ਚੜ੍ਹੀ ਲੱਗਦੀ ਹੈ। ਉਹ ਤ੍ਰਬਕਿਆ ਲੱਗਦਾ ਹੈ। ਉਸ ਨੂੰ ਹਰ ਕਿਸੇ ਵਿੱਚੋਂ ਸ਼ਾਇਦ ਨਾਜ਼ਰ ਹੀ ਨਾਜ਼ਰ ਨਜ਼ਰ ਆ ਰਿਹਾ ਹੈ। ਕੁਮਾਰ ਅਲੀ ਸਿੰਘ ਵਿੱਚੋਂ ਨਾਜ਼ਰ ਸਿੰਘ ਨਜ਼ਰ ਆਉਣ ਦਾ ਮਾਮਲਾ ਇਹ ਨਾ ਪਹਿਲਾ ਹੈ ਅਤੇ ਨਾ ਹੀ ਆਖਰੀ। ਪਹਿਲਾਂ ਗਗਨ ਨਾਂ ਦੇ ਫੇਸਬੁੱਕੀ ਯੋਧੇ ਨੂੰ ਕੁਮਾਰ ਅਲੀ ਸਿੰਘ ਨਾਜ਼ਰ ਸਿੰਘ ਬੋਪਾਰਾਏ ਹੀ ਨਜ਼ਰ ਆਉਂਦਾ ਰਿਹਾ ਤੇ ਉਹ ਬਹਿਸ ਕਰਕੇ ਅੱਕੀਂ-ਪਲਾਹੀਂ ਹੱਥ ਮਾਰਦਾ ਰਿਹਾ। ਤੇ ਆਖਰ ਹਾਰ-ਹੰਭ ਕੇ ਬੈਠ ਗਿਆ। ਉਸ ਸਮੇਂ ਕੁਮਾਰ ਅਲੀ ਸਿੰਘ ਨੇ ਆਪਣੀ ਇੱਕ ਪੋਸਟ ਵਿੱਚ ਅਜਿਹਾ ਆਖਿਆ ਸੀ ਕਿ ਕਿਤੇ ਪੰਜਾਬ ਵਿੱਚ ਇਹ ਗਿਣਤੀ ਨਾ ਹੋਣ ਲੱਗ ਪਵੇ ਕਿ ਐਨੇ ਲੋਕ ਕੋਰੋਨਾ ਨਾਲ ਮਾਰੇ ਗਏ ਤੇ ਐਨੇ ਕਾਮਰੇਡ ਇਖਲਾਕੀ ਮੌਤ ਮਾਰੇ ਗਏ। ਮੈਨੂੰ ਲੱਗਦਾ ਹੈ, ਕੁਮਾਰ ਅਲੀ ਸਿੰਘ ਦੀ ਇਹ ਪੋਸਟ ਅਜੇ ਵੀ ਸੰਦਰਭ ਵਿੱਚ ਹੈ, ਨਿਰਵੈਰ ਵਰਗੇ ਕਿੰਨੇ ਹੀ ਅਖੌਤੀ ਕਮਿਊਨਿਸਟ ਨਾਜ਼ਰ ਸਿੰਘ ਬਾਰੇ ਝੂਠ ਬੋਲਦੇ ਹੋਏ ਇਖਲਾਕੀ ਮੌਤ ਮਾਰੇ ਜਾਣੇ ਹਨ। ਜਦੋਂ ਮੇਰੀ ਆਪਣੀ ਫੇਸਬੁੱਕ ਆਈ.ਡੀ. ਬਣੀ ਹੋਈ ਹੈ, ਮੈਨੂੰ ਕਿਸੇ ਕੁਮਾਰ ਅਲੀ ਸਿੰਘ ਦੀ ਆਈ.ਡੀ. ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਆਪਣਾ ਪੱਖ ਆਪਣੀ ਆਈ.ਡੀ. 'ਤੇ ਹੀ ਰੱਖਦਾ ਹਾਂ। ਉਂਝ ਮੈਨੂੰ ਕੋਈ ਵੀ ਪੋਸਟ ਕੁਮਾਰ ਅਲੀ ਦੀ ਚੰਗੀ ਲੱਗੇ ਜਾਂ ਕਿਸੇ ਹੋਰ ਦੀ, ਉਹ ਮੈਂ ਸ਼ੇਅਰ ਕਰਦਾ ਰਹਿੰਦਾ ਹਾਂ ਅਤੇ ਅਗਾਂਹ ਵੀ ਕਰਦਾ ਰਹਾਂਗਾ। ਕੁਮਾਰ ਅਲੀ ਸਿੰਘ ਦੀਆਂ ਅਨੇਕਾਂ ਪੋਸਟਾਂ ਮੈਂ ਸਾਂਝੀਆਂ ਕੀਤੀਆਂ ਹਨ, ਅਗਾਂਹ ਵੀ ਸਾਂਝੀਆਂ ਕਰਦਾ ਰਹਾਂਗਾ। ਜੇਕਰ ਕਿਸੇ ਨਾਲ ਕੁੱਝ ਨਾ ਕੁੱਝ ਵਿਚਾਰ ਮਿਲਦੇ ਹੋਏ ਤਾਂ ਇਸ ਮਤਲਬ ਇਹ ਬਿਲਕੁੱਲ ਨਹੀਂ ਹੁੰਦਾ ਵਿਚਾਰ ਮਿਲਣ ਵਾਲਾ ਕੋਈ ਹੋਰ ਹੋ ਹੀ ਨਹੀਂ ਸਕਦਾ। ਜੀਵੇ-ਪੰਜਾਬ ਦੀ ਟੀਮ ਆਪਣੇ ਤੌਰ 'ਤੇ ਕੰਮ ਕਰ ਰਹੀ ਹੈ, ਉਸਦੇ ਆਪਣੇ ਵਿਚਾਰ ਹਨ, ਉਹਨਾਂ ਵਿੱਚੋਂ ਬਹੁਤ ਸਾਰੇ ਮੈਨੂੰ ਵੀ ਸਹੀ ਜਾਪਦੇ ਹਨ। ਮੈਂ ਉਹ ਸਾਂਝੇ ਕਰਦਾ ਹਾਂ। ਕੁਮਾਰ ਅਲੀ ਦੇ ਨਾਂ 'ਤੇ ਜਿੰਨੀਆਂ ਵੀ ਪੋਸਟਾਂ ਜਾਰੀ ਹੋ ਰਹੀਆਂ ਹਨ, ਉਹਨਾਂ ਵਿੱਚ ਉਸਦੇ ਨਿੱਜੀ ਜੀਵਨ ਬਾਰੇ ਬਹੁਤਾ ਗੌਰ ਕਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਬਲਕਿ ਉਹਨਾਂ ਵਿਚਾਰਾਂ ਦੀ ਸਾਰਥਿਕਤਾ ਬਾਰੇ ਉਹਨਾਂ ਵਿਚਲੀ ਦਲੀਲ ਬਾਰੇ ਜਾਂ ਉਹਨਾਂ ਦੇ ਕਿਸੇ ਥੋਥ 'ਤੇ ਚਰਚਾ ਚੱਲਣੀ ਚਾਹੀਦੀ ਹੈ। ਜਿਹੜੇ ਵੀ ਵਿਅਕਤੀ ਕਿਸੇ ਮਾਮਲੇ ਨੂੰ ਵਿਅਕਤੀਗਤ ਤੌਰ 'ਤੇ ਲੈਂਦੇ ਹਨ, ਉਹ ਉਸ ਮਸਲੇ ਦੀ ਸਿਆਸੀ-ਵਿਚਾਰਧਾਰਕ ਮਹੱਤਤਾ ਨੂੰ ਘਟਾ ਕੇ ਦੇਖਣਾ ਚਾਹੁੰਦੇ ਹਨ। ਕਿਸੇ ਵੀ ਵਿਅਕਤੀ ਦੀ ਪਰਖ ਉਸਦੇ ਵਿਗਿਆਨਕ ਵਿਚਾਰਾਂ ਅਤੇ ਉਸਦੀਆਂ ਸਰਗਰਮੀਆਂ ਅਤੇ ਕਾਰਗੁਜਾਰੀਆਂ ਵਿੱਚੋਂ ਦੇਖਣੀ ਚਾਹੀਦੀ ਹੈ।
..ਪਰ ਸਵਾਲ ਨੇ ਕਿ ਉੱਠਣਗੇ ਹੀ ਉੱਠਣਗੇ
ਕਿਰਤੀਆਂ ਦੇ ਮੱਕੇ ਗ਼ਦਰੀ ਬਾਬਿਆ ਵਲੋਂ ਉਸਾਰੇ ਦੇਸ਼ ਭਗਤ ਯਾਦਗਾਰ ਹਾਲ 'ਤੇ ਕਾਬਜ਼ ਭਗਵੀਂ ਲਕੀਰ ਦੇ ਲਾਲ ਫ਼ਕੀਰਾਂ ਨੇ ਸੁਆਲ ਕਰਨ ਵਾਲਿਆ ਨੂੰ ਆਪਣੀ ਫੇਸ ਬੁੱਕ ਤੋਂ ਬਲੌਕ ਕਰਕੇ
ਆਜ਼ਾਦੀ ਤੇ ਜਮਹੂਰੀਅਤ ਦੀ ਸੰਘੀ ਨੰਪਣ ਦੀ ਕੋਸ਼ਿਸ਼ ਕੀਤੀ
-ਬਲਵਿੰਦਰ ਮੰਗੂਵਾਲਮਾਰਚ ਮਹੀਨੇ ਦੇ ਆਖਰੀ ਹਫਤੇ 'ਚ ਜਦੋਂ ਤੋਂ ਕੇਂਦਰ ਤੇ ਪੰਜਾਬ ਸਰਕਾਰ ਨੇ ਕਰੋਨਾ ਮਹਾਂਮਾਰੀ ਭੂਤ ਦੇ ਨਾਂ ਤੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦਾ ਘਾਣ ਕਰਨ ਲਈ ਲਾਕਡਾਊਨ ਤੇ ਕਰਫਿਊ ਦੇ ਫੁਰਮਾਨ ਚਾੜੇ ਸਨ। ਉਦੋਂ ਕੁਝ ਧਾਰਮਿਕ ਸੰਸਥਾਵਾਂ ਨੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਵਿਸ਼ਵ ਪੱਧਰੀ ਮਹਾਂਮਾਰੀ ਦੌਰਾਨ ਲੋਕਾਂ ਦੇ ਪੱਖ ਖੜਦਿਆਂ ਆਪਣੇ ਡੇਰਿਆਂ ਦੇ ਦਰਵਾਜੇ ਲੋਕਾਂ ਦੀ ਸਹਾਇਤਾ ਲਈ ਖੋਲਣ ਦੇ ਐਲਾਨ ਕੀਤੇ ਸਨ। ਉਸ ਸਮੇਂ ਦੇਸ਼ ਭਗਤ ਹਾਲ ਦੇ ਗੇਟਾਂ ਨੂੰ ਅੰਦਰੋਂ ਤਾਲੇ ਲਾਕੇ ਬੰਦ ਕਰ ਲਿਆ। ਜਿਹੜੀ ਕਮੇਟੀ ਆਪਣੇ ਆਪ ਨੂੰ ਵਿਗਿਆਨਕ ਸੋਚ ਦੀ ਧਾਰਨੀ ਅਖਵਾਉਂਦੀ ਹੈ।
ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜੁੜੇ ਹੋਏ ਸੁਹਿਰਦ ਸਾਥੀਆਂ ਨੇ ਸੋਸ਼ਲ ਮੀਡੀਆ (ਫੇਸਬੁੱਕ) ਰਾਹੀ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਸੁਆਲ ਕੀਤਾ ਕਿ ਇਸ ਔਖੀ ਘੜੀ 'ਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਗੇਟਾਂ ਨੂੰ ਤਾਲੇ ਕਿਉਂ ਜੜੇ ਹਨ? ਉਹਨਾਂ ਸੁਆਲਾਂ ਦੇ ਜੁਆਬ ਦੇਣ ਦੀ ਕਮੇਟੀ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਜੀਵੇ ਪੰਜਾਬ ਟੀਮ ਵਲੋਂ ਕੀਤੇ ਜਾ ਰਹੇ ਸੁਆਲਾਂ ਦੇ ਨਾਲ ਹੋਰ ਲੋਕ ਜੁੜਦੇ ਗਏ।
ਦੇਸ਼ ਭਗਤ ਯਾਦਗਾਰ ਕਮੇਟੀ ਜਿਹੜੀ ਕਿ ਗ਼ਦਰੀ ਬਾਬਿਆਂ ਦੇ ਵਿਰਸੇ ਦੀ ਪਹਿਰੇਦਾਰ ਹੋਣ ਦਾ ਦਮ ਭਰਦੀ ਸੀ ਉਸ ਨੇ ਜੀਵੇ-ਪੰਜਾਬ ਟੀਮ ਵਲੋਂ ਸੁਆਲ ਕਰਨ ਵਾਲੇ ਮੈਂਬਰਾਂ ਤੇ ਨਿੱਜੀ ਚਿੱਕੜੀ ਉਛਾਲੀ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕੰਪਿਊਟਰ ਅਪਰੇਟਰ ਗੁਰਦੀਪ ਸਿੰਘ ਸੰਧਰ ਦੇ ਫੋਨ ਨੰਬਰ ਤੇ 'ਸੱਚੇ ਬੋਲ' ਨਾਂ ਦੀ ਫੇਸ ਬੁੱਕ ਰਾਹੀਂ ਬੀੜੀਆਂ… ਪੀਣੇ………...., ਰੋਟੀਆਂ..., Îਥਾਲੀ 'ਚ ਹੱਗਣਾ….., ਹਿਸਟਰੀ ਸ਼ੀਟ…..., ਫੱਤੋ….... ਆਦਿ ਅਨੇਕਾ ਤਰਾਂ ਦੇ ਫਤਵੇ ਜਾਰੀ ਕੀਤੇ ਜਾਂਦੇ ਰਹੇ । ਇਹ 'ਸੱਚੇ ਬੋਲ' ਨੇ ਗ਼ਦਰੀ ਬਾਬਿਆਂ ਦੀ ਸ਼ਾਨਾਮਤੀ ਵਿਰਾਸਤ ਦੀ ਮਿੱਟੀ ਪਲੀਤ ਕਰ ਦਿੱਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਖੈਰ ਖੁਆਹ ਬਣਕੇ ਆਏ ਫੇਸਬੁੱਕੀ 'ਮਿੱਤਰਾਂ' ਨੇ ਜੋ ਕੁਝ ਵੀ ਦਿੱਤਾ ਜੀਵੇ ਪੰਜਾਬ ਟੀਮ ਨੇ ਆਪਣੀ ਝੋਲੀ ਵਿੱਚ ਸਾਂਭਿਆ ਹੋਇਆ ਹੈ। ਹਰਸ਼ਰਨ ਗਿੱਲ ਧੀਦੋ, ਗਗਨ ਗਗਨਸਿੰਘ ਗਿੱਲ, ਜਗਸੀਰ ਜੀਦਾ, ਐਨ.ਕੇ.ਜੀਤ, ਸਰਦਾਰਾ ਸਿੰਘ ਮਾਹਲ, ਨਕਲੀ ਆਈ.ਡੀ. ਨਿਰਵੈਰ ਸਿੰਘ, ਰਾਜਿੰਦਰ ਸਿੰਘ ਮੌਜੂਦਾ ਕਿਸਾਨ ਆਗੂ (ਸਾਬਕਾ ਵਿਦਿਆਰਥੀ ਆਗੂ) ਮੰਗਾ ਆਜ਼ਾਦ ਇਹਨਾਂ ਨੇ 'ਦੁੱਕੀ ਤਿੱਕੀ'- 'ਧੇਲੀਉ ਖੋਟੇ'.... ਕੇਸਰ ਦਾ ਪੰਜ-ਆਬ ਖੁੱਲ੍ਹਦਾ ਹੈ ...., 'ਫਜ਼ੂਲ ਦੀ ਬਹਿਸ'...., 'ਝੁੱਡੂ'..., 'ਚਵਲ'...,'ਮੋਕ ਮਾਰਨਾ'…...., 'ਅਰਦਲੀ'... ਆਦਿਕ । ਇਥੇ ਹੀਂ ਨਹੀਂ ਰੁਕੇ ਧਮਕੀਆਂ ਦਿੱਤੀਆਂ ਦੇਸ਼- ਵਿਦੇਸ਼ ਵੀ ਫੋਨ ਕਰਨ ਲਈ ਹਾਲ ਨਾਲ ਜੁੜੇ ਹੋਏ ਭਗਵੀਂ ਲਕੀਰ ਦੇ ਲਾਲ ਫਕੀਰਾਂ ਨੇ ਕੋਈ ਕਸਰ ਨਹੀਂ ਛੱਡੀ।
ਜੀਵੇ-ਪੰਜਾਬ ਟੀਮ ਦੇ ਸੁਆਲਾਂ ਨੂੰ ਹੁਣ ਕਾਲਜਾਂÎ, ਯੂਨੀਵਰਸਟੀਆਂ ਅਤੇ ਮੇਲੇ ਦੇ ਦਰਸ਼ਕਾਂ ਤੱਕ ਨੇ ਆਪਣਾ ਮੰਨਕੇ ਆਪੋ-ਆਪਣੀ ਫੇਸ ਬੁੱਕ ਰਾਹੀਂ ਨਸ਼ਰ ਕਰਨਾ ਸ਼ੁਰੂ ਕਰ ਦਿੱਤਾ। ਲਗਾਤਾਰ ਤਿੰਨ ਮਹੀਨੇ ਤੋਂ ਚੱਲ ਰਹੀ ਇਸ ਬਹਿਸ ਨੂੰ ਭਟਕਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹਰਬੇ ਵਰਤੇ ਗਏ। ਪਰ ਸੁਆਲਾਂ ਦਾ ਜੁਆਬ ਦੇਣ ਤੋਂ ਟਾਲਾ ਵੱਟਿਆ ਗਿਆ ਜਿਹਨੂੰ ਕਹਿੰਦੇ ਹਨ ਕਿ 'ਦੜ ਵੱਟ ਜ਼ਮਾਨਾ…'..।
ਦੇਸ਼ ਭਗਤ ਯਾਦਗਾਰ ਕਮੇਟੀ ਦੇ 35 ਟਰੱਸਟੀ ਹਨ, ਤੇ ਇਹਦੇ ਵਿੱਚ ਅੱਧੀ ਦਰਜਣ ਤੋਂ ਉਪਰ ਪੰਜਾਬ ਦੀਆਂ ਕਮਿਊਨਿਸਟ ਅਖਵਾਉਣ ਵਾਲੀਆਂ ਪਾਰਟੀਆਂ ਦੇ ਸਿੱਖਰਲੇ ਲੀਡਰ ਮੈਂਬਰ ਹਨ ਕਿਸੇ ਨੇ ਵੀ ਕਰੋਨਾ ਸੰਕਟ 'ਚ ਮਰ-ਮਰ ਕੇ ਜੀਅ ਰਹੀਂ ਲੋਕਾਈ ਲਈ ਆਪਣੀ ਮੈਂਬਰੀ ਨੂੰ ਦਾਅ ਤੇ ਲਾਉਣ ਦੀ ਜੁਅਰਤ ਨਹੀਂ ਕੀਤੀ। ਸਗੋਂ ਕਾਰਜਕਾਰੀ ਪਰਧਾਨ ਨੇ ਹਾਲ ਦੇ ਤਾਲ ਖੁਲੇ ਹੋਏ ਦਿਖਾਉ ਲਈ ਤਰਸੇਮ ਪੀਟਰ ਰਾਹੀ ਕਿਰਤੀਆਂ ਦੇ ਮੱਕੇ ਵਿੱਚ ਰਾਤ ਦੇ ਹਨੇਰੇ ਦੀ ਪਰਵਾਸੀ ਮਜ਼ਦੂਰਾਂ ਦੀ ਆਮਦ ਹੋਣ ਦੀ ਵੀਡੀਓ ਵੀ ਪਾਈ ਜਿਸ ਵਿੱਚ ਕੁਝ ਪੁਰਾਣੀਆਂ ਤਸਵੀਰਾਂ ਦਿਖਾਈਆਂ ਗਈਆਂ। ਇਹ ਜੋ ਰਸਮੀ ਕਾਰਵਾਈ ਰਾਤ ਦੇ ਹਨੇਰੇ 'ਚ ਕੀਤੀ ਸੀ ਜੀਵੇ ਪੰਜਾਬ ਟੀਮ ਨੇ ਉਸ ਦਾ ਨੋਟਿਸ ਲੈਦਿਆਂ ਕਿਹਾ ਸੀ ਕਿ, 'ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੀ ਰਸਮੀ ਕਾਰਵਾਈ ਦਾ ਸਵਾਗਤ ......ਹੁਣ ਰਾਤ ਦੇ ਹਨੇਰੇ ਤੋਂ ਚਿੱਟੇ ਦਿਨ ਵੱਲ ਆਹੁਲਣ ਦੀ ਲੋੜ'
ਕਮੇਟੀ ਕਰਦੀ ਕੀ ਰਹੀ?
-ਸੁਆਲ ਕਰਨ ਵਾਲਿਆਂ ਖਿਲਾਫ ਜਹਿਰ ਉਗਲੱਛਣ ਵਾਲਿਆਂ ਦੀ ਅਗਵਾਈ
-ਸੁਆਲ ਕਰਨ ਵਾਲਿਆਂ ਤੇ ਦਬਾਅ ਪਾਉਣ ਲਈ ਫੋਨਾਂ ਰਾਹੀਂ ਧਮਕੀਆਂ ਦਿੱਤੀਆਂ
-ਹਾਲ ਦੇ ਗੇਟ ਖੁਲੇ ਹੋਏ ਹਨ ਲਈ ਰਸਮੀ ਕਾਰਵਾਈਆਂ ਕੀਤੀਆਂ
-ਜਦੋਂ ਲੋਕੀਂ ਮਰ ਰਹੇ ਸਨ ਤੇ ਸਰਕਾਰ ਲੋਕਾਂ ਤੇ ਜ਼ਬਰ ਕਰ ਰਹੀ ਸੀ
-ਕਮੇਟੀ ਦੇ ਮੁੱਖੀਏ 'ਫੁੱਲਾਂ ਨਾਲ ਕਲੋਲਾਂ' ਕਰਦੇ ਹੋਏ ਫੇਸਬੁੱਕ ਤੇ ਫੋਟੋਆਂ ਪਾ ਕੇ ਕੀ ਜਾਹਰ ਕਰਨਾ ਚਾਹੁੰਦੇ ਸਨ?
ਸਵਾ ਤਿੰਨ ਮਹੀਨੇ ਦੇ ਅਰਸੇ ਤੋਂ ਬਾਅਦ ਕਮੇਟੀ ਨੇ 'ਆਰਥਿਕ ਸਹਾਇਤਾ' ਲਈ ਲੋਕਾਂ ਨੂੰ ਅਪੀਲ ਕੀਤੀ। ਕਿਸੇ ਵੀ ਸੰਸਥਾ ਦਾ ਇਹ ਆਪਣਾ ਹੱਕ ਹੁੰਦਾ ਹੈ ਕਿ ਉਸ ਨੇ ਆਪਣੇ ਲਈ ਆਰਥਿਕ ਸੋਮੇ ਜੁਟਾਉਣੇ ਹੁੰਦੇ ਹਨ। ਅਸੀਂ ਜੀਵੇ-ਪੰਜਾਬ ਟੀਂਮ ਵਲੋਂ ਇਸ ਦਾ ਕੋਈ ਵਿਰੋਧ ਨਹੀਂ ਕਰਦੇ।
ਪਰ ਹਾਂ ਸਾਡੇ ਵਲੋਂ ਉਠਾਏ ਸੁਆਲਾਂ ਦੇ ਜੁਆਬ ਅਸੀਂ ਲੈਣੇ ਨੇ। ਜੀਵੇ ਪੰਜਾਬ ਦੀ ਟੀਮ ਜਦੋਂ ਸਹਾਇਤਾ ਅਪੀਲ ਵਾਲੀ ਚਿੱਠੀ ਦੇ ਹੇਠ ਆਪਣੇ ਸੁਆਲ ਟਿੱਪਣੀਆਂ ਦੇ ਰੂਪ 'ਚ ਪੇਸ਼ ਕਰਨ ਲੱਗੇ ਤਾਂ ਉਥੇਂ ਹਾਲ ਕਮੇਟੀ ਦੇ ਲੇਖਾਕਾਰ ਭੀਮ ਰਾਓ ਜੀ ਨੇ ਅੰਗਰੇਜ਼ੀ ਝਾੜ ਕੇ ਸੁਆਲਾਂ ਨੂੰ ਤੇ ਸੁਆਲ ਕਰਨ ਵਾਲਿਆਂ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਅਤੇ ਟਰੱਸਟੀ ਹੋਣ ਦੇ ਨਾਤੇ ਹਰਵਿੰਦਰ ਭੰਡਾਲ ਜੀ ਆਪਣੇ ਨੈਤਿਕ ਫਰਜ਼ ਨਿਭਾਉਣ ਦੇ ਨਾਂ ਤੇ 'ਜਲੰਧਰ ਦੇਸ਼ ਭਗਤ ਯਾਦਗਾਰ ਹਾਲ' ਦੀ ਪੋਸਟ ਤੋਂ ਡਾਂਟਣ ਲਈ ਆਣ ਹਾਜ਼ਰ ਹੋਏ। ਉਹਨਾਂ ਦੇ ਮੁਤਾਬਿਕ ਇਹ ਕਿਸੇ ਧਾਰਮਿਕ ਗਰੰਥ ਵਾਂਗ ਪਵਿੱਤਰ ਪੋਸਟ ਹੈ ਤੁਸੀਂ ਇਥੇ ਅਜਿਹਾ ਨਹੀ ਕਰ ਸਕਦੇ। ਉਹਨਾਂ ਨੇ ਬੁਲਾਰਾ ਬਣ ਕੇ ਜੋ ਕੁਝ ਕਹਿਣਾ ਸੀ ਕਿਹਾ ਜਿਵੇਂ ਸੁਆਲ ਕਰਨ ਵਾਲੇ 'ਹਵਾ 'ਚ ਤਲਵਾਰਾਂ ਚਲਾ ਰਹ'ੇ ਹਨ, 'ਪੌਣ ਚੱਕੀਆਂ','ਸਟਰੀਟ ਭਾਸ਼ਾ' ਕਹਿਕੇ ਭੱਜਣ ਲਈ ਰਾਹ ਕੱਢਿਆ ਗਿਆ। ਵੇਸੇ ਇਹ ਤਰੀਕਾ ਮੋਦੀ ਨਾਲ ਕਾਫੀ ਮਿਲਦਾ ਜੁਲਦਾ ਹੈ ਜਿਵੇ 'ਮਨ ਕੀ ਬਾਤ' ਕੀਤੀ ਤੇ ਭੱਜ ਜਾਉ ਕਿਸੇ ਦੀ ਸੁਣਨੀ ਨਹੀਂ। ਇਸੇ ਤਰਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਵੀ ਇੱਕ ਪਰੈਸ ਕਾਨਫਰੰਸ 'ਚ ਇੱਕ ਪੱਤਰਕਾਰ ਦੇ ਸੁਆਲ ਸੁਣਨ ਤੋਂ ਇਨਕਾਰ ਕੀਤਾ ਸੀ। ਇਹ ਸੱਤਾ ਦੀ ਹੈਂਕੜ ਹੁੰਦੀ ਹੈ ਕਿ ਲੋਕਾਂ ਦੇ ਸੁਆਲਾਂ ਨੂੰ ਆਇਆ ਗਿਆ ਕਰੋ।
ਹਰਵਿੰਦਰ ਭੰਡਾਲ ਜੀ ਹੋਰਾਂ ਨੂੰ ਜੀਵੇ-ਪੰਜਾਬ ਟੀਮ ਪੁਛਣਾ ਚਾਹੁੰਦੀ ਹੈ ਕਿ ਇਹ ਸੁਆਲ ਪਿਛਲੇ ਤਿੰਨ ਮਹੀਨੇ ਤੋ ਚੱਲ ਰਹੇ ਹਨ ਉਦੋਂ ਤੁਹਾਡੀ ਜ਼ਮੀਰ ਨਾ ਹੀ ਮਾਰਕਸਵਾਦੀ ਚਿੰਤਕ ਹੋਣ ਦੇ ਨਾਤੇ ਜਾਗੀ , ਤੇ ਨਾ ਹੀ ਇੱਕ ਅਧਿਆਪਕ ਹੋਣ ਦੇ ਨਾਤੇ ਜਾਗੀ, ਤੇ ਨਾ ਹੀਂ ਲੋਕਾਂ ਦੇ ਦਰਦੀ ਹੋਣ ਦੇ ਨਾਤੇ ਜਾਗੀ। ਇਹ ਮੈਂਬਰ ਤੇ ਟਰੱਸਟੀ ਦੀ ਨੈਤਿਕ ਜਿੰਮੇਵਾਰੀ ਦਾ ਫਰਜ਼ ਤੁਸੀਂ ਤੁਹਾਡੇ ਤੋਂ ਸੀਨੀਅਰ ਤੇ ਆਹੁਦੇਦਾਰਾਂ ਦੀ ਚਾਪਲੂਸੀ ਲਈ ਹੀ ਕਿਉਂ ਨਿਭਾਇਆ। ਜਦੋਂ ਕਿ ਅਸੀਂ ਜਾਣਦੇ ਹਾਂ ਕਿ ਕਮੇਟੀ ਦੇ ਅੰਦਰ ਤੁਹਾਡੀ ਕੀ ਵੁਕਤ ਹੈ। ਜੇ ਤੁਹਾਡੀ ਕੋਈ ਵੁਕਤ ਹੁੰਦੀ ਤਾਂ ਤੁਸੀਂ 'ਕਿਰਤੀ ਕਾਵਿ' ਵੇਲੇ ਜੋ ਤੁਹਾਡੇ ਨਾਲ ਧੱਕਾ ਹੋਇਆ ਉਹ ਨਹੀਂ ਸੀ ਹੋਣਾ। ਹੁਣ ਨਵੇਂ ਟਰੱਸਟੀ ਲੈਣ ਮੌਕੇ ਤੁਹਾਨੂੰ ਕਿੰਨੀ ਕੁ ਤਵੱਜੋ ਦਿੱਤੀ ਗਈ। ਤੁਹਾਡੇ ਹੁੰਦਿਆ ਸੱਭਿਆਚਾਰਕ ਵਿੰਗ ਦਾ ਭੋਗ ਪਾਇਆ ਗਿਆ ਤੁਹਾਡੀ ਸਾਰੀ ਮਿੱਤਰ ਮੰਡਲੀ ਹੌਲੀ-ਹੌਲੀ ਮੇਲੇ ਤੋਂ ਅਤੇ ਹਾਲ ਦੀਆਂ ਸਰਗਰਮੀਆਂ ਤੋਂ ਦੂਰ ਹੋ ਗਈ। ਤੁਹਾਡੇ ਹੁੰਦਿਆ ਮੀਡੀਆ ਕਮੇਟੀ ਦਾ ਭੋਗ ਪਾਇਆ ਗਿਆ। ਮੇਲਾ ਸੁੰਗੜਦਾ ਹੋਇਆ ਮੇਲੀ ਬਣ ਗਿਆ। ਅੰਦਰ ਘਪਲੇ ਹੁੰਦੇ ਰਹੇ। ਪਾਰਟੀਆਂ ਵਾਲੇ ਆਪੋ ਆਪਣੀਆਂ ਵੋਟਾਂ ਵਧਾਉਣ ਦੀ ਮਨਸ਼ਾ ਨਾਲ ਕਮੇਟੀ ਦੀ ਚੋਣ ਵੇਲੇ ਪਾਰਲੀਮਾਨੀ ਕੁੱਕੜ ਖੋਹੀ ਕਰਦੇ ਰਹੇ ਤੇ ਤੁਸੀ 'ਬੁੱਧ ਬੇਹੋਸ਼ ਹੈ' ਬਿਰਤੀ 'ਚੋਂ ਬਾਹਰ ਨਹੀਂ ਆ ਸਕੇ ਸਗੋਂ ਦੀ ਸੱਤਾ ਦੀ ਕੁਰਸੀ ਦੇ ਪਾਵਿਆਂ ਨੂੰ ਚਿੰਬੜੇ ਰਹੇ।
ਜਾਂਦੇ-ਜਾਂਦੇ ਤੁਸੀਂ ਇਲਜਾਮ ਵੀ ਲੋਕਾਂ ਦੇ ਸਿਰ ਹੀ ਮੜਦੇ ਹੋ ਕਿ 'ਸਟਰੀਟ ਭਾਸ਼ਾ' 'ਚ ਗੱਲ ਕਰਨ ਦੇ ਆਪਣੇ ਆਪ ਨੂੰ ਅਯੋਗ ਸਮਝਦਾ ਹਾਂ' ਜਦੋਂ ਤਿੰਨ ਮਹੀਨੇ ਤੋਂ ਇਹ ਸਟਰੀਟ ਭਾਸ਼ਾ ਦੇਸ਼ ਭਗਤ ਹਾਲ ਦੇ ਵਿਹੜੇ 'ਚੋਂ ਨਿੱਕਲਦੀ ਸੀ ਉਦੋਂ ਕਿਉਂ ਚੁੱਪੀ ਧਾਰੀ ਹੋਈ ਸੀ? ਜੀਵੇ-ਪੰਜਾਬ ਦੀ ਟੀਮ ਨੇ ਕਦੇ ਵੀ ਇਸ ਤਰਾਂ ਦੀ ਭਾਸ਼ਾ ਨੂੰ ਜਾਇਜ ਨਹੀਂ ਠਹਿਰਾਇਆ।
ਜੀਵੇ-ਪੰਜਾਬ ਟੀਮ ਦੇ ਮੈਂਬਰਾਂ ਨੇ ਅੱਜ ਜਦੋਂ ਸਹਾਇਤਾ ਦੀ ਅਪੀਲ ਵਾਲੀ ਚਿੱਠੀ ਹੇਠਾਂ ਆਪਣੇ ਸੁਆਲ ਦਰਜ ਕੀਤੇ ਤਾਂ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਨੇ ਸਭਨਾਂ ਉਹਨਾਂ ਲੋਕਾਂ ਨੂੰ ਬਲੌਕ ਕਰ ਦਿੱਤਾ ਜਿਸ ਵਿੱਚ ਭੰਡਾਲ ਸਮੇਤ 88 ਟਿੱਪਣੀਆਂ ਚੜ੍ਹ ਚੁੱਕੀਆਂ ਸਨ। ਇਸ ਤਰਾਂ ਦੀ ਕਾਰਵਾਈ ਕਰਕੇ ਉੱਠ ਰਹੇ ਸੁਆਲਾਂ ਨੂੰ ਨਹੀਂ ਰੋਕਿਆ ਜਾ ਸਕਦਾ ਇਹ ਸੁਆਲ ਤੇ ਸਾਰੀ ਬਹਿਸ ਹੁਣ ਲੋਕਾਂ ਦੇ ਹੱਥਾਂ ਵਿੱਚ ਦਸਤਵੇਜ਼ ਦੇ ਰੂਪ ਛਪ ਕੇ ਜਾਵੇਗੀ। ਲੋਕ ਫੈਸਲਾ ਲੈਣਗੇ। ਇਹ ਦੇਸ਼ ਭਗਤ ਯਾਦਗਾਰ ਕਮੇਟੀ ਜਿਹੜੀ ਮੇਲਾ ਗਦਰੀ ਬਾਬਿਆਂ ਦਾ, ਸਿੱਖਿਆਰਥੀ ਚੇਤਨਾ ਕੈਂਪ, ਵਿਚਾਰ ਚਰਚਾਵਾਂ ਚਲਾਉਣ, ਸੈਮੀਨਾਰ ਕਰਵਾਉਣ, ਨਾਟਕਾਂ, ਗੀਤਾਂ, ਪੇਂਟਿਗ, ਤੇ ਹੋਰ ਕਲਾਵਾਂ ਰਾਹੀਂ ਆਪਣੀ ਗੱਲ ਕਹਿਣ ਦਾ ਦਮ ਭਰਦੀ ਸੀ। ਉਹ ਅੱਜ ਸਾਰਾ ਕੁਝ ਦੰਭ ਸਾਬਤ ਹੋਇਆਂ ਹੈ। ਸੌ ਫੁੱਲ ਖਿੱੜਨ ਦਿਓ ਸੌ ਵਿਚਾਰ ਭਿੜਨ ਦਿਓ ... ਦੇ ਮਹਾਂ ਵਿਚਾਰ ਨੂੰ ਵੀ ਤਿਲਾਂਜਲੀ ਦੇ ਦਿੱਤੀ ਗਈ। ਜਿਸ ਆਜ਼ਾਦੀ ਤੇ ਜਮਹੂਰੀਅਤ ਲਈ ਗ਼ਦਰੀ ਬਾਬਿਆਂ ਕੁਰਬਾਨੀਆਂ ਨੇ ਦਿੱਤੀਆਂ ਸਨ, ਸੁਆਲ ਕਰਨ ਵਾਲਿਆਂ ਨੂੰ ਬਲੌਕ ਕਰਕੇ, ਉਸ ਆਜ਼ਾਦੀ ਤੇ ਜਮਹੂਰੀਅਤ ਦੇ ਗ਼ਲ ਗੂਠਾ ਦੇ ਦਿੱਤਾ- ਹਾਲ 'ਤੇ ਕਾਬਜ਼ ਭਗਵੀਂ ਲਕੀਰ ਦੇ ਲਾਲ ਫ਼ਕੀਰਾਂ ਨੇ। ਹੁੰਗਾਰੇ ਦੀ ਉਡੀਕ 'ਚ ਬਲਵਿੰਦਰ ਮੰਗੂਵਾਲ 3 ਜੁਲਾਈ 2020 --------
ਕੌਣ ਸੀ ਸੱਚੇ ਬੋਲ Sache 2ol..?
ਐਵੇਂ ਮੁੱਚੀਂ ਦਾ ਸੀ ਜਾਂ ਸੱਚੀਂ ਮੁੱਚੀਂ ਦਾ ..?ਪਾਸ਼ ਦੀ ਇਕ ਕਵਿਤਾ 'ਚ ਹੈ..
ਅਸੀਂ ਐਵੇਂ ਮੁੱਚੀਂ ਦਾ ਕੁਝ ਵੀ ਨਹੀਂ ਚਾਹੁੰਦੇ ਤੇ ਅਸੀਂ ਸਾਰਾ ਕੁਝ ਸੱਚੀਂ ਮੁੱਚੀਂ ਦਾ ਦੇਖਣਾ ਚਾਹੁੰਦੇ ਹਾਂ ਜ਼ਿੰਦਗੀ, ਸਮਾਜਵਾਦ, ਜਾਂ ਕੁਝ ਹੋਰ ਵੀ.. ਬੱਸ ਇਸੇ ਤਰ੍ਹਾਂ ਅਸੀਂ ਹਰ ਸੱਚ ਨੂੰ ਦੇਖਣ ਸੁਣਨ ਦੇ ਸਮਰੱਥ ਹਾਂ, ਆਸਵਾਨ ਵੀ ਹਾਂ, ਅਸੀਂ ਸੋਚਦੇ ਹਾਂ ਕਿ ਸਾਡਾ ਜਾਂ ਸਾਡੇ ਜਿਹਿਆਂ ਦਾ ਜਾਂ ਸਾਡੇ ਹੀ ਰਾਹ ਉੱਤੇ ਪਰ ਸਾਡੇ ਤੋਂ ਉਲਟ ਦਿਸ਼ਾ 'ਚ ਖੜ੍ਹਿਆਂ ਦਾ ਆਦਰਸ਼ ਹੋਣ ਦੇ ਭਰਮ ਪਾਲਣ ਵਾਲੇ ਕਮਿਊਨਿਸਟ ਨੇਤਾ, ਗਦਰੀ ਵਾਰਸ ਵੀ ਸਾਨੂੰ ਐਵੇਂ ਮੁੱਚੀਂ ਦਾ ਕੁਝ ਨਾ ਦੇਣ, ਸਿਰਫ ਸੱਚ ਹੀ ਦੇਣ, ਭਾਵੇਂ ਕੈਸਾ ਵੀ ਹੋਵੇ.. ਕੌੜਾ ਕੁਸੈਲਾ.. ਤੁਹਾਡੇ ਕਹਿ-ਕੁਹਾ ਦੇਣ ਨਾਲ ਕਿਵੇਂ ਖਾਮੋਸ਼ ਰਹਿ ਲਈਏ.. ਕਿਸੇ ਹੁਕਮ 'ਚ ਚੱਲਣਾ, ਸਾਡੀ ਸੋਚ ਦੀ ਤਾਸੀਰ ਨਹੀਂ ਹੈ, ਸੋ ਸਵਾਲ ਤਾਂ ਕਰਾਂਗੇ ਜਦ ਤੱਕ ਸਾਡੇ ਜ਼ਿਹਨ ਸੰਤੁਸ਼ਟ ਨਹੀਂ ਹੁੰਦੇ ਕਿ ਅਜਿਹਾ ਕਿਉਂ ਹੋਇਆ ਕਾਮਰੇਡ?.. .. ਗਦਰੀ ਬਾਬਿਆਂ ਦੀ ਵਿਰਾਸਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਕਰੋਨਾ ਸੰਕਟ ਦੇ ਸਮੇਂ ਦਰ ਬੰਦ ਕਰਨਾ, ਅੰਦਰ ਦੜ ਕੇ ਬੈਠੇ ਅਕਾਮਰੇਡ ਵਲੋਂ ਸਰਕਾਰੀ ਏਜੰਸੀਆਂ ਦੀਆਂ ਲਿਲੜੀਆਂ ਕੱਢਦਿਆਂ ਕਰਫਿਊ ਪਾਸ ਹਾਸਲ ਕਰਨ ਦੇ ਅਸਫਲ ਯਤਨ ਕਰਨੇ, ਭਗਵੀਂ ਲੀਹ ਦੇ ਲਾਲ ਫਕੀਰਾਂ ਦੀਆਂ ਆਪਹੁਦਰੀਆਂ ..ਇਸ ਸਭ ਕਾਸੇ ਲੈ ਕੇ ਜੋ ਵੀ ਸਵਾਲ ਅਸੀਂ ਕੀਤੇ, ਉਸ ਦਾ ਸੱਚੀਂ ਮੁੱਚੀਂ ਜੁਆਬ ਦੇਣ ਦੀ ਥਾਂ ਐਵੇਂ ਮੁੱਚੀਂ ਦੀ ਆਈ ਡੀ Sache 2ol ਘੜ੍ਹ ਲਿਆਂਦੀ ਗਈ ਤੇ ਜੋ ਵੀ ਕੁਫਰ ਸਵਾਲਾਂ ਦੇ ਜੁਆਬਾਂ ਦੀ ਥਾਂ ਇਸ ਆਈ ਡੀ ਜ਼ਰੀਏ ਬੋਲਿਆ, ਲਿਖਿਆ ਗਿਆ, ਉਸ ਨੇ ਇਕ ਵਾਰ ਫੇਰ ਕਮੇਟੀ ਦੇ ਜ਼ਿਮੇਵਾਰਾਂ ਨੂੰ ਸਵਾਲਾਂ ਦੇ ਕਟਹਿਰੇ 'ਚ ਲਿਆ ਖੜ੍ਹਾ ਕੀਤਾ ਹੈ ਕਿ ਜੇ ਇਹ ਆਈ ਡੀ ਤੁਹਾਡੇ ਹੀ ਕਿਸੇ ਤਨਖਾਹੀਏ ਕਰਿੰਦੇ ਦੀ ਸੀ, ਫੇਰ ਤੁਹਾਡੇ ਗਦਰੀਆਂ ਦੇ , ਇਨਕਲਾਬੀਆਂ ਦੇ ਵਾਰਸ ਹੋਣ ਦੇ ਸਾਰੇ ਭਰਮ ਆਪੇ ਹੀ ਦੂਰ ਨਹੀਂ ਹੋ ਜਾਂਦੇ? ਤੇ ਜੇ ਇਹ ਤੁਹਾਡੇ (ਯਾਦਗਾਰ ਹਾਲ ਦੇ ਪ੍ਰਬੰਧਾਂ ਲਈ ਕਾਬਜ਼ ਕਮੇਟੀ ਦੇ) ਕਿਸੇ ਕਰੀਬੀ, ਕਰਿੰਦੇ ਦੀ ਆਈ ਡੀ ਨਹੀਂ ਸੀ, ਕਿਸੇ ਨੇ ਕਮੇਟੀ ਦੀ ਥਾਂ ਆਪ ਹੀ ਘੜੰਮ ਚੌਧਰਪੁਣਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਜਾਂ ਕਮੇਟੀ ਦੀ ਥਾਂ ਕਿਸੇ ਸਾਜ਼ਿਸ਼ ਤਹਿਤ ਅਭੱਦਰ ਜੁਆਬ ਦਿੱਤੇ, ਤਾਂ ਉਸ ਆਈ ਡੀ ਜ਼ਰੀਏ ਬੋਲੀ ਗਈ ਅਭੱਦਰ, ਅਸ਼ਲੀਲ਼ ਭਾਸ਼ਾ ਦਾ ਕਮੇਟੀ ਦੇ ਕਿਸੇ ਵੀ ਹਿੱਸੇ ਨੇ ਿਵਰੋਧ ਜਾਂ ਖੰਡਨ ਕਿਉਂ ਨਾ ਕੀਤਾ? ਚੁੱਪ ਰਹਿ ਕੇ ਸਵਾਲਾਂ ਤੋਂ ਬਚਿਆ ਜਾ ਸਕਦਾ ਹੈ, ਪਰ ਇਹ ਵੀ ਐਂਵੇਂ ਮੁੱਚੀਂ ਦਾ ਹੀ ਹੈ.. ਭਾਵ ਭਰਮ ਹੀ ਹੈ.. ਨਫਰਤ ਤੇ ਵਿਰੋਧ 'ਚ ਫਰਕ ਹੁੰਦਾ ਹੈ.. ਤੁਸੀਂ ਸਵਾਲਾਂ ਦੇ ਜੁਆਬ ਦੇਣ ਦੀ ਥਾਂ ਨਫਰਤ ਦਾ ਪਸਾਰਾ ਕਰ ਰਹੇ ਹੋ.. ਪਰ ਸਵਾਲ ਨੇ ਕਿ ਉੱਠਣਗੇ ਹੀ ਉੱਠਣਗੇ
-ਅਮਨਦੀਪ ਹਾਂਸ ------
ਕੋਰੋਨਾ ਵਾਇਰਸ; ਭਗਵੀਂ ਲਕੀਰ ਦੇ ਲਾਲ ਫਕੀਰ
ਕੋਰੋਨਾ ਵਾਇਰਸ ਨੇ ਦੁਨੀਆਂ ਭਰ ਦੇ ਕਰੀਬ 200 ਦੇਸ਼ਾਂ 'ਚ ਵਸਦੀ ਸਮੁੱਚੀ ਲੋਕਾਈ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪੜ੍ਹਨ ਵਾਲਾ ਇਹ ਵੀ ਕਹਿ ਸਕਦਾ ਹੈ ਕਿ ਅਖੇ ਇਹ ਕੀ ਗੱਲ ਹੋਈ? ਇਸ 'ਚ ਕੀ ਨਵਾਂ ਹੈ? ਇਹ ਸਬੰਧੀ ਸੰਸਾਰ ਭਰ ਦਾ ਮੀਡੀਆ ਚੀਕ-ਚੀਕ ਕੇ ਦੱਸ ਹੀ ਰਿਹਾ ਹੈ। ਹਾਂ ਸੱਚਮੁੱਚ, ਜੇ ਮੈਂ ਏਹੋ ਕਹਿਣ ਤਕ ਸੀਮਤ ਰਹਾਂ ਤਾਂ ਇਸ 'ਚ ਕੁਝ ਵੀ ਨਵਾਂ ਨਹੀਂ ਹੈ। ਦਰਅਸਲ ਕੋਰੋਨਾ ਅਜੋਕੇ ਸਮੇਂ ਦੀ ਮਨੁੱਖੀ ਸਿਹਤ ਸਬੰਧੀ ਵੱਡੀ ਚੁਣੌਤੀ ਰੂਪੀ ਗੱਲ ਹੋਣ ਦੇ ਬਾਵਜੂਦ ਇਸ ਮਹਾਂਮਾਰੀ ਨਾਲ ਹੋ ਰਹੀ ਸਮਾਜਿਕ ਉਥਲ-ਪੁਥਲ ਇਸ ਵੱਡੀ ਗੱਲ ਤੋਂ ਵੀ ਅਗੇਤ ਲੈ ਗਈ ਹੈ। ਸੱਚੀ ਗੱਲ ਤਾਂ ਇਹ ਹੈ ਕਿ ਹੁਣ ਗੱਲ ਸਿਰਫ ਕੋਰੋਨਾ ਦੀ ਮਨੁੱਖੀ ਸਿਹਤ ਸਬੰਧੀ ਚੁਣੌਤੀ ਤੇ ਇਸ ਨਾਲ ਸਮਾਜਿਕ ਉਥਲ-ਪੁਥਲ ਤਕ ਹੀ ਸੀਮਤ ਨਹੀਂ ਰਹੀ ਹੈ। ਗੱਲ ਹੁਣ ਸਾਡੇ ਸਮਿਆਂ ਦੇ ਰਵਾਇਤੀ ਸਿਆਸੀ ਦਲਾਂ ਤੇ 'ਸੋਨੇ ਦੀ ਸਵੇਰ ਲੈ ਆਉਣ' ਦੇ ਦਾਅਵੇ ਕਰਨ ਵਾਲੀਆਂ ਕਮਿਊਨਿਸਟ ਪਾਰਟੀਆਂ ਦੇ ਇਸ ਵਿਸ਼ਵ ਵਿਆਪੀ ਵਰਤਾਰੇ ਨਾਲ ਨਜਿੱਠਣ ਲਈ ਏਜੰਡਾ ਤੈਅ ਕਰਨ ਤੇ ਏਜੰਡਾ ਫਾਲੋ ਕਰਨ ਦੀ ਹੋ ਨਿੱਬੜਣ ਵੱਲ ਹੋ ਤੁਰੀ ਹੈ। ਮਿਸਾਲ ਦੇ ਤੌਰ 'ਤੇ ਬੀਤੀ 5 ਅਪ੍ਰੈਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਬਲੈਕ ਆਊਟ ਰੱਖ ਕੇ ਮੋਮਬੱਤੀਆਂ, ਟਾਰਚਾਂ ਤੇ ਮੋਬਾਈਲ ਫੋਨਾਂ ਦੀ ਫਲੈਸ਼ ਲਾਈਟਾਂ ਜਗਾ ਕੇ ਅਸਮਾਨ ਵੱਲ ਮਾਰਨ ਦਾ ਸੱਦਾ ਦਿੱਤਾ ਤੇ ਇਸ ਲਈ ਸਮਾਂ ਰਾਤ ਨੌਂ ਵਜੇ ਤੋਂ 9 ਮਿੰਟ ਦਾ ਹੀ ਰੱਖਿਆ ਗਿਆ। ਪ੍ਰਿੰਟ ਤੇ ਸੋਸ਼ਲ ਮੀਡੀਆ 'ਤੇ ਇਸ ਸੱਦੇ ਨੂੰ ਲੈ ਕੇ ਚੰਗੀ ਟੀਕਾ-ਟਿੱਪਣੀ ਹੋਈ। ਏਥੋਂ ਤਕ ਕਾਮਰੇਡਾਂ ਦੀ ਇਕ ਅਖਬਾਰ ਨੇ 'ਤੂੰ ਬੰਦਾ ਏਂ ਕਿ ਨੌਂ ਤਰੀਕ' ਦੇ ਸਿਰਲੇਖ ਵਾਲਾ ਲੇਖ ਵੀ ਲਿਖ ਮਾਰਿਆ, ਜੋ ਫੌਰੀ ਤੌਰ 'ਤੇ ਵਾਹਵਾ ਭੱਲ ਖੱਟ ਗਿਆ। ਯਾਦ ਰਹੇ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ ਹੀ ਦੇਸ਼ ਦੇ ਲੋਕ ਥਾਲੀਆਂ ਤੇ ਭਾਂਡੇ ਵੀ ਖੜਕਾ ਚੁੱਕੇ ਸਨ ਤੇ ਤਾੜੀਆਂ ਵੀ ਮਾਰ ਚੁੱਕੇ ਹਨ। ਖੈਰ ਹੋਈ ਬੀਤੀ, ਪਰ ਹੁਣ ਸੁਣਿਆ ਹੈ ਕਿ ਖੱਬੇਪੱਖੀਆਂ ਦੀਆਂ ਨੌਂ ਜਥੇਬੰਦੀਆਂ ਨੇ 13 ਅਪ੍ਰੈਲ ਨੂੰ ਆਪਣੇ ਵਰਕਰਾਂ ਤੇ ਸਮੱਰਥਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ-ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਥਾਲੀਆਂ, ਪੀਪੇ ਖੜਕਾਉਣ। ਗੱਲ ਦਰਅਸਲ ਇੱਥੇ ਹੀ ਫਸਦੀ ਹੈ। ਇਹ ਘੁੰਡੀ ਖੇਲ੍ਹਣ ਲਈ ਸਾਨੂੰ ਪਹਿਲਾਂ ਮੋਦੀ ਦੇ ਥਾਲੀਆਂ ਖੜਕਾਉਣ, ਤਾੜੀਆਂ ਮਾਰਨ ਤੇ ਫਿਰ ਮੋਮਬੱਤੀਆਂ ਜਗਾਉਣ ਦੇ ਸੱਦੇ ਦੀ ਸਿਆਸਤ ਨੂੰ ਸਮਝਣਾ ਪਵੇਗਾ। ਮੇਰੀ ਜਾਚੇ ਮੋਦੀ ਇਹ ਸੱਦਾ ਨਹੀਂ, ਬਲਕਿ ਦੇਸ਼ ਦੇ ਲੋਕਾਂ ਨੂੰ ਨਾਅਰਾ ਦੇ ਰਿਹਾ ਸੀ ਤਾਂ ਕਿ ਉਹ ਜਿੱਥੇ ਕੋਰੋਨਾ ਰੂਪੀ ਮਹਾਮਾਰੀ ਨੂੰ ਨਜਿੱਠਣ 'ਚ ਅਸਮੱਰਥ ਭਾਰਤ ਦੇ ਸਿਹਤ ਸਹੂਲਤਾਂ ਸਬੰਧੀ ਬੁਨਿਆਦੀ ਢਾਂਚੇ ਦਾ ਨੰਗ ਢਕ ਸਕੇ, ਉਥੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੂੰ ਲੋਕਾਂ 'ਤੇ ਹੀ ਸੁੱਟ ਕੇ ਉਕਤ ਨਾਅਰਿਆਂ ਦੀ ਓਟ 'ਚ ਹਿੰਦੂਤਵੀ ਗੈਰ-ਵਿਗਿਆਨਕ ਧਾਰਨਾ ਨੂੰ ਲੋਕਾਂ ਦੀ ਮਨੋਅਵਸਥਾ ਦਾ ਹਿੱਸਾ ਬਣਾ ਸਕੇ। ਸੱਚਮੁੱਚ ਇਹ ਆਗੂ ਇਸ 'ਚ ਕਰੀਬ-ਕਰੀਬ ਕਾਮਯਾਬ ਵੀ ਹੋ ਗਿਆ। ਹੁਣ ਕੀ ਹੋਇਆ, ਨੌਂ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਨੇ ਅਨਜਾਣੇ-ਜਾਣੇ 'ਚ ਇਸੇ ਨਾਅਰੇ ਦਾ ਪਰਛਾਂਵਾਂ ਰੂਪੀ ਸੱਦਾ ਦੇ ਦਿੱਤਾ। ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ 'ਤੂੰ ਬੰਦਾ ਏਂ ਕਿ ਨੌਂ ਤਰੀਕ' ਲਿਖਣ ਵਾਲੇ ਮੋਮਬੱਤੀਆਂ ਵਾਂਗ ਪਿਘਲ ਕੇ ਤੈਅ ਏਜੰਡੇ ਮਗਰ ਹੋ ਤੁਰੇ। ਹਾਂ ਸੱਚ ਯਾਦ ਆਇਆ ਕਿ ਇਸ ਤੋਂ ਪਹਿਲਾਂ ਵੀ ਕੁਝ ਮਜ਼ਦੂਰ-ਕਿਸਾਨ ਜਥੇਬੰਦੀਆਂ ਵੀ ਕੋਠਿਆਂ 'ਤੇ ਚੜ੍ਹ ਕੇ ਥਾਲੀਆਂ ਖੜਕਾ ਚੁੱਕੀਆਂ ਹਨ, ਪਰ ਇਹ ਨਿਰਾ-ਪੁਰਾ 'ਸਿਖਰ ਦੁਪਹਿਰੇ ਖੂਹ ਨੂੰ ਰੱਸੇ ਪਾ ਕੇ ਛਾਂਵੇ ਲਿਜਾਣ' ਵਾਲੀ ਕਹਾਵਤ ਹੀ ਸਿੱਧ ਹੋਈ ਹੈ। ਇੱਥੇ ਅੜਾਉਣੀ ਇਹ ਬਣੀ ਹੋਈ ਹੈ ਕਿ ਕੀ ਸਾਡੀਆਂ ਕਮਿਊਨਿਸਟ ਪਾਰਟੀਆਂ ਕੋਲ ਅਜੋਕੇ ਔਖੇ ਸਮੇਂ ਕੋਈ ਨਾਅਰਾ ਵੀ ਨਹੀਂ ਹੈ ਤੇ ਉਹ ਮੋਦੀ ਦੇ ਦਿੱਤੇ ਨਾਅਰੇ ਦੇ ਪਰਛਾਂਵੇ 'ਚ ਢਲ ਗਏ ਹਨ। ਵੈਸੇ ਇਹ ਕੋਈ ਰਾਕੇਟ ਸਾਇੰਸ ਵੀ ਨਹੀਂ ਕਿ ਕਈ ਵਾਰ ਕੁਝ ਘਟਨਾਵਾਂ, ਕੁਝ ਸ਼ਬਦ ਪ੍ਰਤੀਕ ਬਣ ਜਾਂਦੇ ਹਨ ਤੇ ਲੋਕਾਂ ਦੀ ਮਨੋਅਵਸਥਾ ਦਾ ਹਿੱਸਾ ਬਣ ਜਾਂਦੇ ਹਨ। ਤੇ ਵਰਤੇ ਹੋਏ ਪ੍ਰਤੀਕਾਂ ਤੇ ਨਾਅਰਿਆਂ ਨੂੰ ਲੈ ਕੇ ਬੁੱਤਾ ਸਾਰਨਾ ਦੱਸਦਾ ਹੈ ਕਿ ਅਸੀਂ ਬੌਧਿਕ ਤੌਰ 'ਤੇ ਕਿੱਥੇ ਕੁ ਸਟੈਂਡ ਕਰਦੇ ਹਾਂ। ਕੀ ਇਹ ਭਗਵੀਂ ਲਕੀਰ ਦੇ ਲਾਲ ਫਕੀਰ ਵਾਲੀ ਤਾਂ ਗੱਲ ਨਹੀਂ ਬਣਦੀ ਜਾ ਰਹੀ ਹੈ?-ਕੁਮਾਰ ਅਲੀ ਸਿੰਘ ਦੀ ਫੇਸਬੁੱਕ ਤੋਂ
No comments:
Post a Comment