'ਸਵਾਲਾਂ ਦੇ ਆਸ ਪਾਸ' -ਡਾ: ਸੁਖਦੇਵ ਗੁਰੂ
ਅਸੀਂ ਸਵਾਲ ਹਾਂ
ਅਸੀਂ ਤੈਨੂੰ ਟਿਕਣ ਨਹੀਂ ਦੇਣਾ
ਨਾਮ ਬਦਲ ਜਾਂ ਭੇਸ ਬਦਲ
ਬੂਹੇ ਭੇੜ
ਚਾਹੇ ਤਾਲੇ ਜੜ
ਅੰਦਰ ਜਾਂ ਬਾਹਰ
ਤੂੰ ਕਿਤੇ ਵੀ ਲੁਕ ਜਾਹ
ਅਸੀਂ ਤੈਨੂੰ ਬੋਦੀਓਂ ਜਾ ਫੜਨਾ
ਅਸੀਂ ਪੁੱਛਣਾ ਤੈਨੂੰ
ਕਿ ਘਰ ਬਾਰ ਕੁਰਕ ਕਰਵਾ
ਕਾਲੇ ਪਾਣੀਆਂ ਦੀਆਂ ਜੇਲ੍ਹਾਂ 'ਚ
ਸੜਨ ਵਾਲਿਆਂ ਦੇ
ਕੁੱਬ 'ਤੇ
ਸਾਵਰਕਰੀ ਮੋਰਾਂ ਦੀਆਂ ਪੈਲਾਂ
ਦੀ ਇਜਾਜ਼ਤ ਦੇਣ ਵਾਲਾ
ਤੂੰ ਕੌਣ ਹੁੰਦਾ?
ਅਸੀਂ ਹੁਣ ਪੁਛਣਾ ਆ
ਕਿ ਸੰਘੀਆਂ ਨਾਲ ਹੋਏ
ਸੌਦੇਬਾਜ਼ੀ ਦੇ ਗੋਰਖਧੰਦੇ 'ਚੋ
ਕਿੰਨੀ ਕੁ ਹੋਈ ਆ
ਦਲਾਲੀ ਦੀ ਖੱਟੀ
ਅਸੀਂ ਇਹ ਪੁੱਛਣਾ ਤੈਨੂੰ
ਕਿ ਹਾਕਮਾਂ ਦੀ ਸਤਾਈ
ਵਿਲਕਦੀ ਲੋਕਾਈ ਨੂੰ
ਮਰਦਿਆਂ ਛੱਡ
ਬੂਹੇ ਬੰਦ ਕਰ
ਤੂੰ ਅੰਦਰ ਵੜ ਕਿਉਂ ਲੁਕ ਗਿਆ
ਅਸੀਂ ਹਿਸਾਬ ਕਰਨਾ
ਤੇਰੇ ਨਾਲ
ਬਾਬੇ ਭਕਨੇ ਦੇ ਘਰ ਦੀਆਂ
ਇੱਟਾਂ 'ਚੋਂ ਖਾਧੇ ਕਮਿਸ਼ਨ ਦਾ
ਅਸੀਂ ਪੁੱਛਣਾ
ਕਿ ਸਰਕਾਰਾਂ ਅੱਗੇ
ਪਾਸ ਲਈ ਲੇਲੜੀਆਂ ਕੱਢਦਿਆਂ ਤੂੰ
ਡੁੱਬ ਕੇ ਕਿਉਂ ਨਾ ਮਰ ਗਿਆ
ਅਸੀਂ ਸਵਾਲਾਂ ਦਾ ਤਾਂਡਵ ਬਣ
ਤੇਰੀਆਂ ਨੀਂਦਰਾਂ ਚ
ਖੌਰੂ ਪਾਉਣਾ
ਤੈਨੂੰ ਹੁਣ ਸੌਣ ਨਹੀਂ ਦੇਣਾ
ਜਿੰਨਾਂ ਨੂੰ ਤੂੰ 'ਫੱਤੋ ਦੇ ਯਾਰ ਦੱਸਦੈ'
ਉਹ ਗ਼ੁਲਾਬ ਕੌਰ ਦੇ
ਪੁੱਤ ਭਰਾ ਬਣ
ਸਵਾਲਾਂ ਦੀਆਂ ਸਲਾਂਘਾ ਫੜ
ਤੇਰੀਆਂ ਵੱਖੀਆਂ ਸੇਕਣ ਲਈ
ਬਾਹਰ ਖੜ੍ਹੇ ਨੇ
ਤੂੰ ਸਾਹਮਣੇ ਤਾਂ ਆ
ਤੂੰ ਉੱਘ 'ਚ ਲੁਕ ਜਾਂ ਪਤਾਲ 'ਚ
ਸਵਾਲਾਂ ਨੇ ਤੇਰਾ ਪਿੱਛਾ ਨਹੀਂ ਛੱਡਣਾ
ਤੂੰ ਕਹਿੰਦਾ ਸੀ
ਕਿ ਹਰ ਚਮਕਦੀ ਚੀਜ਼
ਸੋਨਾ ਨਹੀਂ ਹੁੰਦੀ
ਲੋਕ ਹੁਣ ਦੱਸਣਗੇ ਤੈਨੂੰ
ਕਿ ਸੋਨੇ ਦੇ ਅਸਲੀ ਹੋਣ ਦੇ
ਅਰਥ ਕੀ ਹੁੰਦੇ ਹਨ
ਸੱਚ ਬੜਾ ਬੇਰਹਿਮ ਹੁੰਦਾ
ਹੁਣ ਇਹ ਸਵਾਲਾਂ ਦੇ
ਅੱਥਰੇ ਘੋੜੇ ਦੀ ਸਵਾਰੀ ਕਰ
ਤੇਰੇ ਪਿੱਛੇ ਪੈ ਗਿਆ
ਹੁਣ ਤੇਰੀ ਖ਼ੈਰ ਨਹੀਂ.......
੦-੦
No comments:
Post a Comment