Monday, 20 July 2020

ਕਰੋਨਾ ਦੌਰ 'ਚ ਮੁੜ੍ਹਕੇ ਤੇ ਲਹੂ ਨਾਲ ਸਿਰਜੇ ਗਏ ਇਤਿਹਾਸ


ਕਰੋਨਾ ਦੌਰ 'ਚ ਮੁੜ੍ਹਕੇ ਤੇ ਲਹੂ ਨਾਲ ਸਿਰਜੇ ਗਏ ਇਤਿਹਾਸ ਇਤਿਹਾਸ ਸਿਰਜਣ ਲਈ ਏਜੰਡੇ ਮਿਥੇ ਨਹੀਂ ਜਾਂਦੇ, ਹਾਲਾਤਾਂ ਦੀ ਅੱਖ 'ਚ ਅੱਖ ਪਾ ਕੇ ਨਿੱਤਰਨ ਨਾਲ ਹੀ ਇਤਿਹਾਸ ਸਿਰਜੇ ਜਾਂਦੇ ਨੇ। ਜਦ ਭਾਰਤ 'ਚ ਸੀ.ਏ.ਏ., ਐਨ.ਆਰ.ਸੀ., ਐਨ.ਪੀ.ਆਰ. ਵਰਗੇ ਲੋਕ ਵਿਰੋਧੀ ਕਨੂੰਨਾਂ ਦਾ , ਪ੍ਰਸਤਾਵਾਂ ਦਾ ਵਿਰੋਧ ਸਿਖਰ ਤੇ ਸੀ ਤਾਂ ਦਿੱਲੀ ਦੇ ਸ਼ਾਹੀਨ ਬਾਗ 'ਚ ਬੁਰਕਿਆਂ 'ਚ ਰਹਿਣ ਵਾਲੀਆਂ, ''ਜੁਆਕ ਜੰਮਣ ਦੀਆਂ ਮਸ਼ੀਨਾਂ'', ਰਸੋਈ ਦੀ ਮਹਿਕ 'ਚ ਓਤਪੋਤ ਵਗੈਰਾ ਵਗੈਰਾ ਦੇ ਖਿਤਾਬਾਂ ਨਾਲ ਨਿਵਾਜੀਆਂ ਜਾਂਦੀਆਂ ਔਰਤਾਂ ਨੇ ਸੜਕ ਮੱਲ ਕੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਸੀ, ਸ਼ਾਹੀਨ ਬਾਗ ਦਾ ਉਹ ਧਰਨਾ ਸਟੇਟ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਕਰਨ ਵਾਲਿਆਂ ਦੀ ਚੇਤਿਆਂ ਦੀ ਚੰਗੇਰ 'ਚ ਸਦਾ ਲਈ ਵਸ ਗਿਆ। ਬਿਨਾ ਕਿਸੇ ਮਿਥੇ ਹੋਏ ਸਿਆਸੀ ਏਜੰਡੇ ਦੇ, ਬਿਨਾ ਕਿਸੇ ਵੱਡੀ ਇਨਕਲਾਬੀ ਧਿਰ ਦੀ ਅਗਵਾਈ ਦੇ, ਆਪ ਮੁਹਾਰੇ ਘਰ ਦੀਆਂ ਦਹਿਲੀਜਾਂ ਪਾਰ ਕਰਕੇ ਨਿਕਲੀਆਂ ਔਰਤਾਂ ਤੇ ਹਰ ਵੇਲੇ ਬੁਰਕਿਆਂ 'ਚ ਕੈਦ ਰਹਿਣ ਵਾਲੀ ਅੱਖ ਨੇ ਹਕੂਮਤ ਦੀ ਅੱਖ 'ਚ ਅੱਖ ਪਾ ਕੇ ਐਸੀ ਰੜਕਣ ਦਿੱਤੀ ਕਿ ਹਕੂਮਤ ਦੀ ਅੱਖ ਚੋਂ ਨੀਂਦ-ਚੈਨ ਉੱਡ ਗਿਆ ਸੀ, ਇਹ ਆਪ ਮੁਹਾਰੇ ਸਿਰਜਿਆ ਗਿਆ ਇਤਿਹਾਸ ਹੀ ਤਾਂ ਹੈ..। ਅੱਜ ਕਰੋਨਾ ਦੌਰ 'ਚ ਜਦ ਆਪਣੇ ਹੀ ਮੁਲਕ 'ਚ ਪਰਵਾਸੀ ਗਰਦਾਨ ਦਿੱਤੇ ਗਏ ਕਿਰਤੀਆਂ ਨੇ ਲੌਕਡਾਊਨ, ਕਰਫਿਊ ਦੇ ਹਕੂਮਤੀ ਫਰਮਾਨਾਂ ਨੂੰ ਜਿਵੇਂ ਦਿਲ ਦੇ ਲਹੂ ਨਾਲ ਭਿੱਜੀ ਅੱਖ ਦਿਖਾਈ, ਨੰਗੇ ਪੈਰੀਂ, ਭੁੱਖੇ ਢਿੱਡੀਂ, ਖਾਲੀ ਜੇਬ ਨਾਲ ਸਖਤ ਲੌਕਡਾਊਨ ਤੇ ਕਰਫਿਊ ਨੂੰ ਜਿਵੇਂ ਜਿੱਚ ਕੀਤਾ, ਉਹ ਵੀ ਤਾਂ ਇਤਿਹਾਸ ਹੀ ਹੈ। ਇਹਦੀ ਚਰਚਾ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਕਿ ਲੋਕਾਈ ਉੱਤੇ ਥੋਪੇ ਗਏ ਕਰੋਨਾ ਸੰਕਟ ਦੀ ਆੜ 'ਚ ਜੋ ਵੀ ਹੋਇਆ ਵਾਪਰਿਆ, ਉਹ ਬਿਲਕੁਲ ਇਕ ਸਰਕਸ ਦੇ ਇਕ ਸ਼ੋਅ ਵਾਂਗ ਹੈ- ਇੱਕ ਰਿੰਗ ਮਾਸਟਰ ਮੁਖੌਟਾ ਪਾਈ ਹੱਥਾਂ 'ਚ ਚਾਬੁਕ ਲਈ ਬੇਜੁਬਾਨ ਜਾਨਵਰਾਂ ਨੂੰ ਕਦੇ ਇਕ ਪਿੰਜਰੇ ਤੋਂ ਦੂਜੇ ਪਿੰਜਰੇ ਦੌੜਾਉਂਦਾ ਹੈ, ਕਦੇ ਦਿਓ ਕੱਦ ਜਾਨਵਰ ਨੂੰ ਨਿੱਕੀ ਜਿਹੀ ਕੁਰਸੀ ਤੇ ਬੈਠਾਉਂਦਾ ਹੈ, ਕਦੇ ਚਾਬੁਕ ਦੇ ਇਸ਼ਾਰੇ ਨਾਲ ਇਕ ਦੂਜੇ ਤੇ ਝੂਠੀ ਮੂਠੀ ਦੇ ਹੱਲੇ ਕਰਵਾਉਂਦਾ ਤੇ ਫੇਰ ਆਪ ਵਿੱਚ ਉੱਤਰ ਕੇ ਜਿਵੇਂ ਬਚਾਅ ਕਰਵਾਉਂਦਾ, ਦਿਖਾਇਆ ਜਾਂਦਾ ਹੈ। ਰਿੰਗ ਮਾਸਟਰ ਦੇ ਚਾਬੁਕ ਵਾਲੇ ਹੱਥ ਵੱਲ ਮਸੂਮ ਜਾਨਵਰਾਂ ਦੀਆਂ ਅੱਖਾਂ ਟਿਕੀਆਂ ਨੇ , ਹੁਣ ਕੀ ਹੁਕਮ ਮੇਰੇ ਆਕਾ.. ਹੱਸਦੇ ਚਿਹਰੇ ਵਾਲੇ ਮੁਖੌਟੇ ਦੇ ਪਿੱਛੇ ਰਿੰਗ ਮਾਸਟਰ ਜ਼ਰੂਰ ਮੀਸਣੀ ਖਚਰੀ ਹਾਸੀ ਹੱਸਦਾ ਹੋਵੇਗਾ ਕਿ ਸਾਧ ਲਈ ਹੈ ਖੌਰੂ ਪਾਉਣੀ ਜਾਤ-ਕੁਜਾਤ..। ਕੁਝ ਇਹੋ ਜਿਹਾ ਹੀ ਕਰੋਨਾ ਦੇ ਮੜੇ ਗਏ ਸੰਕਟ 'ਚ ਹੋਇਆ, ਰਿੰਗ ਮਾਸਟਰ .. ਤਰਸ ਭਰੀ ਭਾਵਨਾ ਵਾਲਾ ਮੁਖੌਟਾ ਤੇ ਥੱਲੇ ਮੀਸਣੀ ਖਚਰੀ ਹਾਸੀ ਹੱਸਦਾ ਚਿਹਰਾ.. ਹੱਥ 'ਚ ਸਿਸਟਮੀ ਚਾਬੁਕ.. ਜੀਹਦੇ ਇਸ਼ਾਰੇ ਤੇ ਇਕ ਪਿੰਜਰੇ ਤੋਂ ਦੂਜੇ ਪਿੰਜਰੇ 'ਚ ਜਾਂਦੀ ਆਦਮ ਜਾਤ..। ਸਿਆਸੀ ਗਲਿਆਰੇ ਦਾ ਰਿੰਗ ਮਾਸਟਰ ਤੇ ਉਹਦੀ ਥਾਂ ਲੈਣ ਲਈ ਕਤਾਰ 'ਚ ਖੜ੍ਹੇ ਉਸ ਜਿਹੇ ਹੋਰ ਇਸ ਕਰੋਨਾ ਸਰਕਸ 'ਚ ਪਿੰਜਰਾ ਦਰ ਪਿੰਜਰਾ ਭਟਕਦੀ ਮਸੂਮ ਆਦਮ ਜਾਤ ਦੀ ਭਟਕਣਾ ਚੋਂ ਮਨੋਰੰਜਨ ਕਰਦੇ ਲੱਭਦੇ ਨੇ, ਪਰ ਇਹ ਭੁੱਲ ਰਹੇ ਨੇ ਕਿ ਇਸ ਭਟਕਣਾ ਦੇ ਦੌਰ 'ਚ ਜਦ 15 ਸਾਲ ਦੀ ਬੱਚੀ ਆਪਣੇ ਬਿਮਾਰ ਬਾਪ ਨੂੰ ਸਾਈਕਲ 'ਤੇ ਬਿਠਾ ਕੇ ਇੱਕ ਪਿੰਜਰੇ ਤੋਂ ਦੂਜੇ ਪਿੰਜਰੇ ਤੱਕ ਦਾ 1200 ਕਿਲੋਮੀਟਰ ਦਾ ਸਫਰ ਬਿਨਾ ਅੱਕੇ ਬਿਨਾ ਥੱਕੇ ਕਰਦੀ ਹੈ, ਇਕ ਬੱਚਾ ਸੜਕ 'ਤੇ ਮਾਂ ਵਲੋਂ ਧੂਹ ਕੇ ਲਿਜਾਏ ਜਾ ਰਹੇ ਸਰਮਾਏ ਤੇ ਮੀਲਾਂ ਦੇ ਸਫਰ ਦੀ ਨੀਂਦ ਪੂਰੀ ਕਰਦਾ ਹੈ, ਇੱਕ ਬਾਪ ਆਪਣੇ ਅਪਾਹਜ ਪੁੱਤ ਨੂੰ ਸੈਂਕੜੇ ਮੀਲ ਦੂਰ ਲਿਜਾਣ ਲਈ ਇਕ ਸਰਦੇ ਪੁਜਦੇ ਦੇ ਆਂਗਣ 'ਚੋਂ ਸਾਈਕਲ ਚੋਰੀ ਕਰਦਾ ਨਾਲ ਖਿਮਾ ਜਾਚਨਾ ਦਾ ਖਤ ਲਿਖ ਕੇ ਰੱਖਦਾ ਹੈ, ਪਿੰਜਰਿਆਂ ਵਿਚਲੇ ਸਫਰਾਂ ਨੂੰ ਮੁਕਾਉਣ ਲਈ ਜਦ ਯਮੁਨਾ 'ਚ ਕਾਫਲੇ ਲਹਿ ਪੈਂਦੇ ਨੇ, ਪਾਰ ਜਾਂਦਿਆਂ ਰਿੰਗ ਮਾਸਟਰ ਦੇ ਪਿਆਦੇ ਚਾਬੁਕਾਂ ਦਾ ਮੀਂਹ ਵਰਾ ਦਿੰਦੇ ਨੇ, ਪਰ ਕਾਫਲੇ ਨਹੀਂ ਰੁਕਦੇ, ਤਦ ਉਹਨਾਂ ਦੀ ਅੱਖ ਚਾਬੁਕ ਵਾਲੇ ਹੱਥ 'ਤੇ ਨਹੀਂ ਰਹੀ, ਪਿੰਜਰਾ ਦਰ ਪਿੰਜਰਾ ਦੇ ਸਫਰ 'ਤੇ ਹੈ, ਸੈਂਕੜੇ ਮੀਲਾਂ ਦਾ ਸਫਰ, ਉਹ ਤੁਰੇ ਰਹੇ ਨੇ, ਜੁੱਤੀਆਂ ਘਿਸ ਗਈਆਂ ਤਾਂ ਪਲਾਸਟਿਕ ਦੀਆਂ ਬੋਤਲਾਂ ਪਿਚਕਾਅ ਕੇ ਪੈਰਾਂ ਹੇਠ ਬੰਨ ਲਈਆਂ, ਕੁਝ ਵੀ ਨਾ ਮਿਲਿਆ ਤਾਂ ਵੀ ਤੁਰੇ ਰਹੇ, ਚਮੜੀ ਦੀ ਉਪਰਲੀ ਤਹਿ ਘਿਸ ਗਈ ਤਾਂ ਹੇਠਲੀ ਨਰਮ ਕੂਲੀ ਤਹਿ ਨੇ ਸਾਥ ਦਿੱਤਾ, ਲਹੂ ਦੀਆਂ ਪੈੜਾਂ ਸਫਰ 'ਤੇ ਛਡਦੇ ਗਏ, ਤੁਰਦੇ ਗਏ, .. … ਐਸਾ ਸਫਰ ਜਿਥੇ ਹੁਣ ਉਹਨਾਂ ਨੂੰ ਰਿੰਗ ਮਾਸਟਰ ਦਾ ਚਾਬੁਕ ਵਾਲਾ ਹੱਥ ਨਹੀਂ ਸੀ ਦਿਸਦਾ, ਸੈਂਕੜੇ ਮੀਲ ਤੁਰੇ, ਮੀਂਹ, ਧੁੱਪਾਂ, ਕੰਡੇ, ਰੋੜ ਸਭ ਲੀਰਾਂ ਵਾਂਗ ਉਧੜੇ ਪੈਰਾਂ ਨੇ ਜਰਿਆ, ਕਿਉਂਕਿ ਉਹ ਰਿੰਗ ਮਾਸਟਰ ਦੀ ਅੱਖ 'ਚ ਰੜਕਣ ਛੱਡ ਕੇ ਓਝਲ ਹੋ ਰਹੇ ਸਨ, ਭੁੱਖੀਆਂ ਆਂਦਰਾਂ ਨੇ ਵੀ ਸਬਰ ਦਾ ਘੁੱਟ ਭਰ ਸਿਰਜੇ ਜਾ ਰਹੇ ਇਤਿਹਾਸ 'ਚ ਹਿੱਸਾ ਪਾਇਆ। ਨੀਂਦ ਨੇ ਰੇਲ ਦੀ ਲੀਹ ਨਾ ਦੇਖੀ, ਰੇਲ ਦੀ ਕੂਕ ਨਾ ਸੁਣੀ, ਟਰੱਕ ਪਲਟੇ, ਟਕਰਾਏ, ਦਰਜਨਾਂ ਸਫਰੀ ਯੋਧੇ ਮਾਸ ਦੇ ਲੋਥੜੇ ਬਣ ਸਟੇਟ ਦੇ ਬੂਥੇ ਤੇ ਰੱਤ ਰੱਤਾ ਇਤਿਹਾਸ ਉਕਰ ਗਏ। ਰੇਲਵੇ ਸਟੇਸ਼ਨ ਦੇ ਬਾਹਰ ਭੁੱਖ ਨਾਲ ਮਰ ਗਈ ਮਾਂ ਦੇ ਕਫਨ ਨਾਲ ਝਾਤ-ਮਾਤ ਖੇਡਦਾ ਬੱਚਾ, ਪੁੱਤ ਦੀ ਮ੍ਰਿਤਕ ਦੇਹ ਕਿਉਂਟਣ ਲਈ ਸੈਂਕੜੇ ਮੀਲ ਦੂਰ ਜਾਣ ਲਈ ਵਿਲਕਦਾ ਬਾਪ, ਇਤਿਹਾਸ ਦੇ ਪਾਤਰ ਬਣ ਗਏ। ਇਕ ਗਰਭਵਤੀ ਸੜਕ ਕਿਨਾਰੇ ਜਣੇਪਾ ਕੱਟਦੀ ਹੈ ਸਵਾ ਕੁ ਘੰਟੇ ਦਾ ਬਾਲ ਕੁੱਛੜ ਚੁੱਕੀ ਸੈਂਕੜੇ ਮੀਲ ਦੇ ਸਫਰ ਤੇ ਫੇਰ ਤੁਰ ਪੈਂਦੀ ਹੈ, ਸੜਕ ਤੇ ਵੱਢ ਕੇ ਸੁੱਟੀ ਔਲ ਇਤਿਹਾਸ ਦੇ ਪੰਨਿਆਂ ਉੱਤੇ ਸਟੇਟ ਦੀ ਧੌਣ ਦੁਆਲੇ ਲਿਪਟੀ ਹੋਈ ਨਜ਼ਰ ਆਵੇਗੀ। ਰਿੰਗ ਮਾਸਟਰ ਦੇ ਮੁਖੌਟੇ ਪਿਛਲੀ ਅੱਖ 'ਚ ਜਦ ਇਤਿਹਾਸ ਸਿਰਜਕ ਰੱਤ ਰੱਤੀ ਅੱਖ ਪਾ ਤੱਕਣ ਲੱਗੇ ਤਾਂ ਆਖਰੀ ਹੱਲਾ ਬੋਲਿਆ ਗਿਆ.. ਕਿੰਨੀ ਕੁ ਹਿੰਮਤ ਬਚੀ ਹੈ ਅਜੇ.. ਪਰਖਿਆ ਗਿਆ, ਛੱਲੀਆਂ ਵਾਂਗ ਸਰਕਾਰੀ ਡਾਂਗ ਨੇ ਸਫਰ 'ਤੇ ਨਿਕਲੇ ਕਿਰਤੀਆਂ ਦੇ ਪਿੰਡੇ ਉਧੇੜ ਕੇ ਰੱਖ ਦਿੱਤੇ , ਗੁਜਰਾਤ, ਯੂ ਪੀ, ਹਰਿਆਣਾ, ਪੰਜਾਬ ਦੀ ਧਰਤੀ ਇਸ ਦੀ ਗਵਾਹ ਬਣੂ । ਮਸ਼ੀਨਾਂ ਵਾਂਗ ਬੱਚੇ ਬੁੱਢੇ ਕੁੜੀਆਂ ਬੁੜੀਆਂ ਦਾ ਅਹਿੱਲ ਢੇਰ ਲਵਾ ਕੀਟਨਾਸ਼ਕ ਸਪਰੇਅ ਕਰਕੇ ਇਹ ਦਰਸਾਇਆ ਗਿਆ ਕਿ ਰਿੰਗ ਮਾਸਟਰ ਦੀ ਨਜ਼ਰ 'ਚ ਤੁਸੀਂ ਕੀਟ-ਪਤੰਗਿਆਂ ਤੋਂ ਵੱਧ ਕੁਝ ਨਹੀਂ.. ਪਰ ਇਤਿਹਾਸ ਦੇ ਸਿਰਜਕ ਹਰ ਹੱਲਾ ਜਰਦੇ ਗਏ.. ਤੁਰਦੇ ਹੀ ਗਏ ਕਿਉਂਕਿ ਇਤਿਹਾਸ ਸਿਰਜਣ ਲਈ ਏਜੰਡਿਆਂ ਦੀ ਲੋੜ ਨਹੀਂ ਹੁੰਦੀ, ਬੱਸ ਰਿੰਗ ਮਾਸਟਰ ਦੇ ਚਾਬੁਕ ਵਾਲੇ ਹੱਥ ਤੋਂ ਅੱਖ ਹਟਾ ਉਹਦੇ ਮੁਖੌਟੇ ਦੇ ਪਾਰ ਖਚਰੀ ਅੱਖ 'ਚ ਰੜਕਣ ਪੈਦਾ ਕਰਨਾ ਪੈਂਦੀ ਹੈ ਤਾਂ ਸਿਰਜੇ ਜਾਂਦੇ ਨੇ ਇਤਿਹਾਸ, ਜੋ ਆਪਣੇ ਹੀ ਮੁਲਕ 'ਚ ਪ੍ਰਵਾਸੀ ਗਰਦਾਨ ਦਿੱਤੇ ਕਿਰਤੀਆਂ ਨੇ ਕਰੋਨਾ ਦੌਰ 'ਚ ਕਰ ਦਿਖਾਇਆ। ਤੇ ਇਸ ਦੌਰ 'ਚ ਇਕ ਇਤਿਹਾਸ ਇਹ ਵੀ ਸਿਰਜਿਆ ਗਿਆ ਕਿ ਕਿਰਤੀਆਂ ਲਈ ਹਾਅ ਦਾ ਨਾਅਰਾ ਮਾਰਨ ਵਾਲੀਆਂ ਸਮੁੱਚੀਆਂ ਵੱਡੀਆਂ ਖੱਬੀਆਂ ਧਿਰਾਂ ਰਿੰਗ ਮਾਸਟਰ ਦੇ ਚਾਬੁਕ ਵਾਲੇ ਹੱਥ ਤੇ ਅੱਖ ਟਿਕਾਈ ਇਨਕਲਾਬੀ ਸਫ ਵਲੇਟ ਕੇ ਅੰਦਰੀਂ ਦੜ ਗਈਆਂ। ਪੂਰੀ ਫਰਮਾਬਰਦਾਰੀ ਨਿਭਾਈ ਗਈ.. ਪੰਜਾਬ ਦੇ ਮਾਲਵੇ ਦੀ ਹਿੱਕ ਤੇ ਵਸੇ ਠੂਠਿਆਂਵਾਲੀ ਪਿੰਡ 'ਚ ਰਿੰਗ ਮਾਸਟਰ ਦੇ ਖਾਕੀ ਵਰਦੀਦਾਰੀ ਪਿਆਦਿਆਂ ਨੇ ਕਿਰਤੀਆਂ ਦੇ ਘਰੀਂ ਜਾ ਸਰਕਾਰੀ ਚਾਬੁਕ ਵਾਹਿਆ, ਬੱਚਾ, ਬੁੱਢਾ, ਕੁੜੀ, ਬੁੜੀ ਕੋਈ ਨਾ ਬਖਸ਼ਿਆ, ਇਹਨਾਂ ਮਜ਼ਲੂਮਾਂ ਦੀਆਂ ਕੂਕਾਂ ਇਨਕਲਾਬੀ ਸਫਾਂ 'ਚ ਉਚਾਰੇ ਜਾਂਦੇ ਨਾਅਰਿਆਂ ਤੋਂ ਕਿਤੇ ਉੱਚੀਆਂ ਸਨ, ਇਨਕਲਾਬੀ ਸਫ ਵਲੇਟ ਕੇ ਅੰਦਰ ਦੜ ਗਏ ਰਿੰਗ ਮਾਸਟਰ ਦੇ ਫਰਮਾਬਰਦਾਰਾਂ ਨੂੰ ਨਹੀਂ ਸੀ ਸੁਣਨੀਆਂ, ਸਰਕਾਰੀ ਡਾਂਗ ਨੇ ਮਲੂਕ, ਮਜ਼ਲੂਮ ਪਿੰਡੇ 'ਤੇ ਸੂਹੇ ਪਰਚਮ ਨਾਲੋਂ ਗੂੜੀ ਛਾਪ ਪਾ ਦਿੱਤੀ। ਕੂਕਾਂ ਅਣਸੁਣੀਆਂ ਕਰਨ ਵਾਲੇ ਇਨਕਲਾਬੀ ਕਹਾਉਂਦੇ ਕੁਝ ਦਿਨ ਮਗਰੋਂ ਰਿੰਗ ਮਾਸਟਰ ਦੇ ਬੀਬੇ ਬੱਚੇ ਬਣ ਰਸਦ ਵੰਡਣ ਜਾ ਪੁੱਜੇ.. ਕੂਕਾਂ ਤੇ ਪਿੰਡਿਆਂ 'ਤੇ ਪਈ ਸੂਹੇ ਪਰਚਮ ਤੋਂ ਵੀ ਸੂਹੀ ਛਾਪ ਤਾਂ ਇਤਿਹਾਸ ਸਿਰਜ ਚੁੱਕੀ ਸੀ.. ਅਜਿਹੇ ਦੌਰ ਮਗਰੋਂ ਹੁਣ ਜੇ ਇਨਕਲਾਬੀ ਸਫ ਵਿਛਾਉਣ ਲਈ ਕੋਈ ਆਇਆ ਵੀ ਤਾਂ ਕਿਰਤੀਆਂ ਦੇ ਸੜਕਾਂ ਤੇ ਉੱਡੇ ਲੋਥੜਿਆਂ, ਪੈਰਾਂ ਦੇ ਉੱਧੜੇ ਮਾਸ ਦੀਆਂ ਬੋਟੀਆਂ, ਸੜਕ ਕਿਨਾਰੇ ਕੱਟ ਕੇ ਸੁੱਟੀ ਨਵ ਜੰਮੇ ਬੱਚੇ ਦੀ ਔਲ ਉੱਤੇ ਵਿਛਾਉਣੀ ਪਊ ਇਨਕਲਾਬੀ ਸਫ . . ਤੇ ਐਸਾ ਕਰਨ ਦਾ ਜਿਗਰਾ ਬਚਿਆ ਹੈ?? -ਅਮਨਦੀਪ ਹਾਂਸ

No comments:

Post a Comment