Monday, 20 July 2020

ਕੋਰੋਨਾ ਵਾਇਰਸ ਦੌਰ 'ਚ ਮਈ ਦਿਹਾੜੇ ਦੀ ਵਿਸ਼ੇਸ਼ਤਾ-


ਕੋਰੋਨਾ ਵਾਇਰਸ ਦੌਰ 'ਚ ਮਈ ਦਿਹਾੜੇ ਦੀ ਵਿਸ਼ੇਸ਼ਤਾ- ਡੁੱਬ ਰਹੀ ਆਰਥਿਕਤਾ ਵਿਰੁੱਧ ਭੇੜੂ ਰੁਖ ਅਖਤਿਆਰ ਕਰ ਰਹੀ ਮਜ਼ਦੂਰ ਜਮਾਤ ਵੱਲੋਂ ਅਮਲਾਂ ਰਾਹੀਂ ਇਤਿਹਾਸ ਸਿਰਜਣ ਦਾ ਵੇਲਾ ਸੰਨ 2020 ਦਾ ਇਤਿਹਾਸਕ ਦਿਹਾੜਾ ਉਸ ਸਮੇਂ ਮਨਾਇਆ ਜਾ ਰਿਹਾ ਹੈ ਜਦੋਂ ਦੁਨੀਆਂ ਹੁਣ ਤੱਕ ਦੇ ਸਭ ਵੱਡੇ ਆਰਥਿਕ ਸੰਕਟ ਵਿੱਚੋਂ ਦੀ ਲੰਘ ਰਹੀ ਹੈ। ਸੰਸਾਰ ਸਾਮਰਾਜੀ ਪ੍ਰਬੰਧ ਵਿੱਚ ਹੁਣ ਤੱਕ ਕਦੇ ਵੀ ਐਨੀ ਵੱਡੀ ਪੱਧਰ 'ਤੇ ਉਥਲ-ਪੁਥਲ ਨਹੀਂ ਸੀ ਹੋਈ ਜਿੰਨੀ ਹੁਣ ਕੁੱਝ ਕੁ ਦਿਨਾਂ ਵਿੱਚ ਹੀ ਹੋ ਗਈ ਹੈ। ਪਹਿਲਾਂ ਪਹਿਲ ਕਿਸੇ ਨਾ ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਕਰਫਿਊ ਲੱਗਣ ਦੀ ਘਟਨਾ ਵੇਖਣ-ਸੁਣਨ ਜਾਂ ਪੜ੍ਹਨ ਵਿੱਚ ਆਉਂਦੀ ਹੁੰਦੀ ਸੀ, ਹੁਣ ਕਿਸੇ ਸ਼ਹਿਰ ਦਾ ਕੋਈ ਕੋਨਾ ਹੀ ਨਹੀਂ ਬਲਕਿ ਪੂਰੇ ਦਾ ਪੂਰਾ ਸ਼ਹਿਰ, ਜ਼ਿਲ੍ਹਾ, ਸੂਬਾ, ਪੂਰਾ ਦੇਸ਼ ਅਤੇ ਅੱਧੀ ਦੁਨੀਆਂ ਦੀ ਸਾਢੇ ਚਾਰ ਸੌ ਕਰੋੜ ਤੋਂ ਵਧੇਰੇ ਆਬਾਦੀ ਕੋਰੋਨਾਵਾਇਰਸ ਦੀ ਮਾਰ ਦੇ ਨਾਂ ਹੇਠ ਇੱਕ-ਦੋ ਦਿਨ, ਇੱਕ-ਦੋ ਹਫਤਿਆਂ ਦੀ ਹੀ ਨਹੀਂ ਬਲਕਿ ਇੱਕ ਤੋਂ ਦੋ ਮਹੀਨਿਆਂ ਦੇ ਕਰਫਿਊ ਅਤੇ ਤਾਲਾਬੰਦੀਆਂ ਦੀ ਮਾਰ ਹੇਠ ਆ ਚੁੱਕੀ ਹੈ। ਅਨੇਕਾਂ ਹੀ ਦੇਸ਼ਾਂ ਵਿੱਚ ਇਹ ਵਰਤਾਰਾ ਅਜੇ ਵੀ ਅਣਮਿਥੇ ਸਮੇਂ ਤੱਕ ਜਾਰੀ ਰਹਿਣ ਦੇ ਖਦਸ਼ੇ ਹਨ। ਹਾਕਮਾਂ ਵੱਲੋਂ ਜਿਹੋ ਜਿਹੇ ਐਲਾਨ ਕੀਤੇ ਜਾ ਰਹੇ ਹਨ ਉਹਨਾਂ ਮੁਤਾਬਕ ਕੋਰੋਨਾ ਰੂਪੀ ਮੰਦਵਾੜੇ ਦੀ ਮਾਰ 2 ਤੋਂ 4 ਸਾਲ ਤੱਕ ਰਹਿ ਸਕਦੀ ਹੈ। ਇਸ ਤੋਂ ਉਹਨਾਂ ਦੇ ਮਨਸ਼ਿਆਂ ਦਾ ਪਤਾ ਲੱਗਦਾ ਹੈ ਕਿ ਜਿੱਥੇ ਵੀ ਉਹਨਾਂ ਦਾ ਵਸ ਚੱਲਿਆ ਲੋਕਾਂ ਨੂੰ ਦੋ-ਚਾਰ ਸਾਲਾਂ ਤੱਕ ਹੀ ਨਹੀਂ ਬਲਕਿ ਇਸ ਤੋਂ ਵੀ ਲੰਮੇ ਸਮੇਂ ਤੱਕ ਕਰਫਿਊ ਤੇ ਤਾਲਾਬੰਦੀ ਨੂੰ ਲਾਗੂ ਕਰਨ-ਕਰਵਾਉਣ ਦੇ ਨਾਂ ਹੇਠ ਲੁੱਟਦੇ-ਕੁੱਟਦੇ, ਲਤਾੜਦੇ ਅਤੇ ਭੁੱਖੇ ਮਾਰਦੇ ਰਹਿਣਗੇ। ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਵੱਲੋਂ 8 ਘੰਟੇ ਦੀ ਕੰਮ-ਦਿਹਾੜੀ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਸੀ। ਮਜ਼ਦੂਰਾਂ ਤੋਂ 10-12 ਤੇ ਕਿਤੇ ਕਿਤੇ 14-14 ਘੰਟੇ ਵੀ ਕੰਮ ਲਿਆ ਜਾਂਦਾ ਸੀ। ਮਜ਼ਦੂਰਾਂ ਨੇ ਆਪਣੀ ਕੰਮ-ਦਿਹਾੜੀ ਅਤੇ ਹੋਰ ਸਹੂਲਤਾਂ ਹਾਸਲ ਕਰਨ ਦੀ ਮੰਗ ਉੱਚੀ ਕੀਤੀ, ਪਰ ਸਮੇਂ ਦੇ ਹਾਕਮਾਂ ਲਈ ਇਹ ਮੰਗ ਉਭਾਰੀ ਜਾਣੀ ਇੱਕ ਬਗਾਵਤ ਜਾਪਦੀ ਸੀ ਤੇ ਉਹ ਇਸ ਸੁਲਘਦੀ ਅੱਗ ਨੂੰ ਥਾਏਂ ਨੱਪਣਾ ਚਾਹੁੰਦੇ ਸਨ। ਪਰ ਇਹ ਅੱਗ ਵਧਦੀ ਗਈ। ਤਿੰਨ ਮਈ ਨੂੰ ਸ਼ਿਕਾਗੋ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਜਾ ਪਹੁੰਚੀ। ਹਾਕਮਾਂ ਨੇ ਲਾਠੀ-ਗੋਲੀ ਚਲਾ ਕੇ ਅਨੇਕਾਂ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ, ਕਿੰਨਿਆਂ ਨੂੰ ਜਖਮੀ ਕੀਤਾ ਅਤੇ ਅਨੇਕਾਂ ਨੂੰ ਹੀ ਚੁੱਕ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਬਾਅਦ ਵਿੱਚ ਇਸ ਬਗਾਵਤ ਦੀ ਅਗਵਾਈ ਕਰਨ ਵਾਲੇ ਮਜ਼ਦੂਰ ਆਗੂਆਂ ਨੂੰ ਫਾਂਸੀ ਦੇ ਤਖਤਿਆਂ 'ਤੇ ਚਾੜ੍ਹ ਕੇ ਉਹਨਾਂ ਦੇ ਸਿਦਕ ਦੀ ਪਰਖ ਕੀਤੀ ਗਈ। ਜਿਸ ਵਿੱਚ ਉਹ ਖਰੇ ਉੱਤਰੇ। ਇਸ ਸਮੇਂ ਸਾਮਰਾਜੀ ਪ੍ਰਬੰਧ ਦੇ ਕਿਸੇ ਵੀ ਸਮੇਂ ਦੇ ਸੰਕਟਾਂ ਨਾਲੋਂ ਵੱਡੇ ਸੰਕਟਾਂ ਦੀ ਮਾਰ ਹੇਠ ਹੈ। ਜਿਹੜਾ ਆਰਥਿਕ ਮੰਦਵਾੜਾ ਹੁਣ ਦੁਨੀਆਂ ਵਿੱਚ ਆਇਆ ਹੋਇਆ ਹੈ ਅਜਿਹਾ ਆਰਥਿਕ ਮੰਦਵਾੜਾ ਅਜੇ ਤੱਕ ਮਨੁੱਖਤਾ ਦੇ ਇਤਿਹਾਸ ਵਿੱਚ ਕਦੇ ਨਹੀਂ ਆਇਆ। ਆਰਥਿਕ ਮੰਦਵਾੜਿਆਂ ਦੇ ਇਤਿਹਾਸ 'ਤੇ ਜੇਕਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਜਿਹੇ ਮੰਦਵਾੜਿਆਂ ਦਾ ਸਿਖਰ ਸੰਸਾਰ ਜੰਗਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਰਿਹਾ ਹੈ ਜਾਂ ਫੇਰ ਲੰਮੇ ਸਮੇਂ ਦੀਆਂ ਘਰੇਲੂ ਜੰਗਾਂ ਦੇ ਰੂਪ ਵਿੱਚ। ਪਹਿਲੀ ਸੰਸਾਰ ਜੰਗ ਹੋਈ ਸੀ ਤਾਂ ਮਜ਼ਦੂਰ ਜਮਾਤ ਦੀ ਅਗਵਾਈ ਵਾਲੇ ਸੋਵੀਅਤ ਸਮਾਜਵਾਦੀ ਸੰਘ ਦੀ ਕਾਇਮੀ ਹੋਈ ਸੀ। ਦੂਸਰੀ ਸੰਸਾਰ ਜੰਗ ਮੌਕੇ ਚੀਨ ਸਮੇਤ ਯੂਰਪ ਦੇ ਅਨੇਕਾਂ ਦੇਸ਼ਾਂ ਵਿੱਚ ਸਮਾਜਵਾਦੀ ਪ੍ਰਬੰਧਾਂ ਦੀ ਸਥਾਪਤੀ ਹੋਈ ਸੀ। ਜਿਹੜਾ ਮੰਦਵਾੜਾ ਹੁਣ ਚੱਲ ਰਿਹਾ ਹੈ ਇਸ ਵਿੱਚੋਂ ਦੁਨੀਆਂ ਦੇ ਅਨੇਕਾਂ ਖੇਤਰਾਂ ਵਿੱਚ ਸਾਮਰਾਜੀ ਕਾਰਪੋਰੇਟ ਟੋਲਿਆਂ ਨੂੰ ਹੂੰਝੇ ਫਿਰ ਜਾਣੇ ਹਨ। ਅਜਿਹਾ ਕੁੱਝ ਕਿਥੇ ਕਿੱਥੇ, ਕਿਵੇਂ ਕਿਵੇਂ ਹੋ ਸਕਦਾ ਹੈ, ਇਹ ਕੁੱਝ ਦੇਖਣਾ ਸਬੰਧਤ ਥਾਵਾਂ 'ਤੇ ਵਿਚਰਦੇ, ਸਾਮਰਾਜ ਅਤੇ ਉਸਦੇ ਦਲਾਲਾਂ ਵਿਰੁੱਧ ਭਿੜਦੇ ਲੋਕਾਂ ਦੇ ਸੋਚਣ ਅਤੇ ਤਹਿ ਕਰਕੇ ਚੱਲਣ ਦੇ ਮਾਮਲੇ ਹਨ। ਜੇਕਰ ਉਹ ਦੂਸਰੀ ਸੰਸਾਰ ਜੰਗ ਵੇਲੇ ਕਾਮਰੇਡ ਸਟਾਲਿਨ ਅਤੇ ਕਾਮਰੇਡ ਮਾਓ ਵੱਲੋਂ ਅਖਤਿਆਰ ਕੀਤੀਆਂ ਨੀਤੀਆਂ ਤੋਂ ਸਿੱਖਦੇ ਹੋਏ ਆਪੋ ਆਪਣੇ ਦੇਸ਼ਾਂ ਦੀਆਂ ਠੋਸ ਹਾਲਤਾਂ ਮੁਤਾਬਕ ਕਾਰਜਨੀਤੀਆਂ ਤਹਿ ਕਰ ਜਾਂਦੇ ਹਨ ਤਾਂ ਸਫਲਤਾ ਲਾਜ਼ਮੀ ਹੀ ਉਹਨਾਂ ਦੇ ਪੱਲੇ ਪਵੇਗੀ। ਜੇਕਰ ਉਹ ਸ਼ਕਤੀਆਂ ਉਸ ਸਮੇਂ ਦੀ ਭਾਰਤ ਦੀ ਕਮਿਊਨਿਸਟ ਪਾਰਟੀ ਵਾਂਗ ਡਿਕਡੋਲੇ ਤੇ ਟਪਲੇ ਖਾ ਗਈਆਂ ਤਾਂ ਭਾਰਤ-ਪਾਕਿ ਦੀ ਵੰਡ ਵਾਂਗ ਵੱਡੀ ਪੱਧਰ 'ਤੇ ਭਾਰੀ ਸੱਟਾਂ ਵੀ ਖਾ ਸਕਦੀਆਂ ਹਨ। ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਨੇ ਅੱਜ ਸੰਸਾਰ ਵਿਆਪੀ ਤਾਲਾਬੰਦੀ ਅਤੇ ਕਰਫਿਊਆਂ ਦਾ ਜਿਹੜਾ ਸਿਲਸਿਲਾ ਚਲਾਇਆ ਹੈ, ਇਸਦੀ ਮਾਰ ਹੇਠ ਅਰਬਾਂ ਹੀ ਕਿਰਤੀ ਲੋਕਾਂ ਨੇ ਆਉਣਾ ਹੈ। ਜੋ ਅੰਕੜੇ ਹੁਣ ਹੀ ਸਾਹਮਣੇ ਆ ਰਹੇ ਹਨ, ਉਹਨਾਂ ਮੁਤਾਬਕ ਦੁਨੀਆਂ ਦੀ 330 ਕਰੋੜ ਦੀ ਕਿਰਤ ਸ਼ਕਤੀ ਵਿੱਚੋਂ 160 ਕਰੋੜ ਲੋਕਾਂ ਨੇ ਅਗਲੇ ਛੇ ਮਹੀਨਿਆਂ ਵਿੱਚ ਬੇਰੁਜ਼ਗਾਰ ਹੋ ਜਾਣਾ ਹੈ। ਰੁਜ਼ਗਾਰ ਤੋਂ ਆਤੁਰ ਲੋਕਾਂ ਕੋਲ ਕੁੱਲੀ, ਗੁੱਲੀ, ਜੁੱਲੀ ਦੇ ਜੁਗਾੜ ਕਰਨੇ ਔਖੇ ਹੋ ਜਾਣੇ ਹਨ। ਮਹਿੰਗਾਈ ਅਤੇ ਮੰਦਹਾਲੀ ਵਿੱਚੋਂ ਭੁੱਖਮਰੀ, ਗਰੀਬੀ, ਕੰਗਾਲੀ ਨੇ ਵਧਣਾ ਹੈ। ਲੋਕਾਂ ਲਈ ਸਿਹਤ ਸੇਵਾਵਾਂ ਅਤੇ ਸਿੱਖਿਆ, ਸਸਤੀ ਆਵਾਜਾਈ, ਬਿਜਲੀ, ਪਾਣੀ, ਸੀਵਰੇਜ ਵਰਗੀਆਂ ਅਨੇਕਾਂ ਸਹੂਲਤਾਂ ਨੇ ਖੁੱਸਣਾ ਹੈ। ਬਿਮਾਰੀਆਂ, ਮਾਨਸਿਕ ਰੋਗਾਂ, ਅਗਿਆਨਤਾ, ਅੰਧਵਿਸ਼ਵਾਸ਼ੀ ਵਿੱਚ ਵਾਧੇ ਹੋਣੇ ਹਨ। ਕੋਰੋਨਾ ਸੰਕਟ ਦੀ ਆੜ ਹੇਠ ਮੋਦੀ ਸਰਕਾਰ ਨੇ ਥੋੜ੍ਹੇ ਜਿਹੇ ਦਿਨਾਂ ਵਿੱਚ ਹੀ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਦੇ ਕਰਨ, ਕਿਸੇ ਫੈਕਟਰੀ ਜਾਂ ਉਦਯੋਗ ਦੇ ਮਾਲਕ ਨੂੰ ਕਿਰਤੀਆਂ ਦੀ ਛਾਂਟੀ ਕਰਨ ਅਤੇ ਤਹਿ ਕੀਤੇ ਮਿਹਨਤਾਨੇ ਵਿੱਚ ਮਨਚਾਹਿਆ ਕੱਟ ਲਾਉਣ ਦੀ ਪ੍ਰਵਾਨਗੀ ਦੇਣ, ਕੇਂਦਰ ਸਰਕਾਰ ਦੇ 2.2 ਕਰੋੜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੇਢ ਸਾਲ ਤੱਕ ਡੀ.ਏ. (ਮਹਿੰਗਾਈ ਭੱਤਾ) ਬੰਦ ਕਰਨ ਅਤੇ ਬੈਕਾਂ ਨੂੰ ਛੇ ਮਹੀਨੇ ਲਈ ਜਨ-ਸੇਵਾ ਵਿੱਚ ਸ਼ਾਮਲ ਕਰਨ ਦਾ ਫੈਸਲਾ ਕਰਕੇ ਬੈਂਕ ਮੁਲਾਜ਼ਮਾਂ ਨੂੰ 21 ਅਕਤੂਬਰ ਤੱਕ ਕਿਸੇ ਵੀ ਤਰ੍ਹਾਂ ਦੀ ਹੜਤਾਲ ਜਾਂ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ। ਕਰਫਿਊ ਦੀ ਆੜ ਹੇਠ ਨਾ ਸਿਰਫ ਤਾਲਾਬੰਦੀ ਅਤੇ ਕਰਫਿਊਆਂ ਰਾਹੀਂ ਸਾਰੇ ਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਕੈਦ ਕਰਕੇ ਭੁੱਖੇ ਮਰਨ ਜਾਂ ਸੈਂਕੜੇ ਮੀਲਾਂ ਦੇ ਪੰਧ ਪੈਦਲ ਚੱਲਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਅੱਜ ਦੀ ਘੜੀ ਭਾਰਤ ਵਿੱਚ ਹੀ 2 ਕਰੋੜ ਅਜਿਹੇ ਪ੍ਰਵਾਸੀ ਮਜ਼ਦੂਰ ਹਨ, ਜਿਹੜੇ ਆਪਣੇ ਪਿੰਡਾਂ-ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਉਹਨਾਂ ਦਾ ਰੁਜ਼ਗਾਰ ਖੁੱਸ ਗਿਆ ਹੈ, ਜਾਨ ਬਚਾਉਣ ਦੇ ਲਾਲੇ ਪਏ ਹੋਏ ਹਨ। ਅਜਿਹੇ ਸਮਿਆਂ ਵਿੱਚ ਲੋਕਾਂ ਲਈ ਹਾਕਮਾਂ ਕੋਲੋਂ ਕਿਸੇ ਵੀ ਕਿਸਮ ਦੇ ਭਲੇ ਦੀ ਝਾਕ ਰੱਖਣੀ ਖੁਦਕੁਸ਼ੀ ਕਰਕੇ ਮਰਨਾ ਬਣ ਜਾਣੀ ਹੈ। ਆਮ ਲੋਕਾਂ ਲਈ ਦੋ ਹੀ ਰਾਹ ਬਾਕੀ ਬਚੇ ਹਨ ਜਾਂ ਤਾਂ ਹਾਕਮਾਂ ਦੀ ਦਹਿਸ਼ਤ ਅੱਗੇ ਡਰ ਕੇ ਪਲ ਪਲ, ਤਿਲ ਤਿਲ ਕਰਕੇ ਤੜਫਦੇ ਹੋਏ ਮਰਨਾ ਜਾਂ ਫੇਰ ਆਪਣੇ ਹੱਕਾਂ ਅਤੇ ਹਿੱਤਾਂ ਲਈ ਹਿੱਕਾਂ ਡਾਹ ਕੇ ਲੜਨਾ। ਦਿੱਲੀ, ਹੈਦਰਾਬਾਦ, ਮੁੰਬਈ, ਸੂਰਤ, ਲੁਧਿਆਣਾ, ਜਲੰਧਰ ਸਮੇਤ ਦੇਸ਼ ਦੇ ਤਕਰੀਬਨ ਸਭਨਾਂ ਹੀ ਹਿੱਸਿਆਂ ਵਿੱਚ ਲੋਕਾਂ ਨੇ ਤਾਲਾਬੰਦੀ ਅਤੇ ਕਰਫਿਊ ਦੀ ਸਮੂਹਿਕ ਰੂਪ ਵਿੱਚ ਉਲੰਘਣਾ ਕੀਤੀ ਹੈ। ਦੁਨੀਆਂ ਦੇ ਹੋਰਨਾਂ ਖੇਤਰਾਂ ਵਿੱਚ ਵੀ ਕਰਫਿਊਆਂ ਦੀ ਉਲੰਘਣਾ ਕਰਕੇ ਲੋਕਾਂ ਨੇ ਹਾਕਮਾਂ ਦੇ ਪੁਲਸੀ ਬਲਾਂ ਨਾਲ ਟੱਕਰਾਂ ਲਈਆਂ ਹਨ। ਲੱਖਾਂ ਲੋਕ ਜੇਲ੍ਹਾਂ ਵਿੱਚ ਗਏ ਹਨ ਅਤੇ ਕਰੋੜਾਂ ਨੇ ਕੁੱਟਮਾਰ ਖਾਧੀ ਹੈ। ਲੋਕ ਲੜ ਰਹੇ ਹਨ। ਲੜੇ ਤੋਂ ਹੀ ਕੁੱਝ ਹਾਸਲ ਹੋਣਾ ਹੈ- ਅੱਜ ਦੇ ਸਮੇਂ ਦੇ ਹਾਕਮਾਂ ਸੰਗ ਲੜਨਾ ਹੀ ਜ਼ਿੰਦਗੀ ਹੈ, ਜ਼ਿੰਦਗੀ ਦੀ ਸਾਰਥਿਕਤਾ ਹੈ। ਕਿਸੇ ਹੋਰ ਤੋਂ ਭਲੇ ਦੀ ਝਾਕ ਛੱਡ ਕੇ ਖੁਦ ਆਪਣੇ ਹੱਥੀਂ ਆਪਣੇ ਕਾਜ ਸੰਵਾਰਨ ਲਈ ਅੱਗੇ ਆਉਣਾ ਹੀ ਸਹੀ ਰਾਹ ਹੈ। ਅੱਜ ਦੇ ਹਾਕਮ ਲੋਕਾਂ ਦੇ ਮਿੱਤਰ ਨਹੀਂ ਹਨ, ਜਿਹਨਾਂ ਤੋਂ ਕਿਸੇ ਵੀ ਹੱਕ ਦੀ ਮੰਗ ਕੀਤੀ ਜਾਵੇ ਬਲਕਿ ਇਹ ਲੋਕਾਂ ਦੇ ਵਿਰੋਧੀ, ਉਹਨਾਂ ਦਾ ਘਾਣ ਕਰਨ ਵਾਲੇ ਦਰਿੰਦੇ ਹਨ, ਜਿਹਨਾਂ ਤੋਂ ਹੱਕ ਖੋਹਣੇ ਪੈਣੇ ਹਨ। ਅਜਿਹੀ ਸੋਝੀ ਨਾਲ ਆਪ ਚੇਤਨ ਹੋਣਾ, ਹੋਰਨਾਂ ਨੂੰ ਚੇਤਨ ਕਰਨਾ ਪੈਣਾ ਹੈ। ਇਸ ਮੁਤਾਬਕ ਹੀ ਆਪ ਅਮਲ ਕਰਨਾ ਅਤੇ ਹੋਰਨਾਂ ਨੂੰ ਅਜਿਹੇ ਅਮਲ ਵਿੱਚ ਪਾਉਣਾ ਖਰੀਆਂ ਲੋਕ-ਪੱਖੀ ਸ਼ਕਤੀਆਂ ਦਾ ਫਰਜ਼ ਬਣਦਾ ਹੈ। ਅਜਿਹਾ ਕੁੱਝ ਕਰਨਾ ਹੀ 2020 ਦੇ ਮਈ ਦਿਹਾੜੇ ਦੀ ਮਹੱਤਤਾ ਹੈ ਤੇ ਇਹੀ ਅਮਲ ਇਤਿਹਾਸ ਦੀ ਸਿਰਜਣਾ ਕਰੇਗਾ। ੦-੦ -------------------------------------------------------------- “ਕਰੋਨਾ-ਦੈਤ'' ਤੋਂ ਐਨ ਪਹਿਲਾਂ - 1 ਚੀਨ ਦੇ ਵੁਹਾਨ ਵਿੱਚ ਪ੍ਰਦੂਸ਼ਣ ਖਿਲਾਫ਼ ਵੱਡੇ ਸੰਘਰਸ਼ ਹੋ ਰਹੇ ਸਨ! ਹਾਂਗਕਾਂਗ ਵਿੱਚ ਚੀਨੀ ਸਰਕਾਰ ਖ਼ਿਲਾਫ਼ ਹਿੰਸਕ ਸੰਘਰਸ਼ ਚੱਲ ਰਿਹਾ ਸੀ ! ਚੀਨੀ ਸਰਕਾਰ ਦੇ ਨ੍ਹਾਸੀਂ ਧੂੰਆਂ ਨਿੱਕਲ ਰਿਹਾ ਸੀ! 2 ਅਮਰੀਕਾ ਵਿੱਚ ਜਨਤਕ-ਬੇਚੈਨੀ ਦਾ ਦਾਇਰਾ ਤੇਜ਼ੀ ਨਾਲ ਫੈਲ ਰਿਹਾ ਸੀ, ਰਾਸ਼ਟਰਪਤੀ ਟਰੰਪ ਖਿਲਾਫ਼ ਮਹਾਂਦੋਸ਼ ਤੱਕ ਚੱਲ ਰਿਹਾ ਸੀ! 3 ਜ਼ੁਕਰਬਰਗ ਨੂੰ ਕਾਂਗਰਸ (ਅਮਰੀਕੀ ਪਾਰਲੀਮੈਂਟ) ਵਿੱਚ ਖੁਦ ਹਾਜ਼ਰ ਹੋਕੇ ਜਵਾਬ ਦੇਣਾ ਪੈ ਰਿਹਾ ਸੀ! 4 ਫ਼ਰਾਂਸ ਵਿੱਚ ਲਗਭਗ ਡੇਢ ਮਹੀਨੇ ਤੋਂ ਲਗਾਤਾਰ ਵੱਡੇ-ਪੱਧਰ 'ਤੇ ਹਿੰਸਕ ਸੰਘਰਸ਼ ਚੱਲ ਰਹੇ ਸਨ! ਫ਼ਰਾਂਸ ਵਿੱਚ ਸਰਕਾਰ ਗੋਡਿਆਂ ਪਰਨੇ ਸੀ! 5 ਬਰਤਾਨੀਆਂ ਦੇ ਯੂਰਪੀ ਸੰਘ 'ਚੋ ਬਾਹਰ ਹੋਣ ਨੂੰ ਲੈਕੇ ਬੋਰਿਸ ਜੌਹਨਸਨ ਖ਼ਿਲਾਫ਼ ਵੀ ਵੱਡੀ ਗਿਣਤੀ 'ਚ ਲੋਕ ਮੁਜ਼ਾਹਰੇ ਕਰ ਰਹੇ ਸਨ। 6 ਭਾਰਤ ਵਿੱਚ ਸੀਏਏ - ਐਨਆਰਸੀ- ਐਨਪੀਆਰ ਵਿਰੁੱਧ ਲਹਿਰ ਦੁਨੀਆਂ ਭਰ ਵਿੱਚ ਭਾਰਤ ਦਾ ਵੱਖਰਾ ਚਿਹਰਾ ਸਾਹਮਣੇ ਲਿਆ ਰਹੀ ਸੀ ਅਤੇ ਖਾਸ ਤੌਰ ਉੱਤੇ ਸ਼ਾਹੀਨ ਬਾਗ ਦਾ ਪ੍ਰਤੀਕ ਸੌ ਦਿਨ ਟੱਪ ਗਿਆ ਸੀ! ਹੋਰ ਵੀ ਨਜ਼ਰ ਮਾਰੋ . . . ! ਇਸ ਦੌਰਾਨ ਅਚਾਨਕ “ਕਰੋਨਾ-ਦੈਂਤ'' ਜਨਮ ਲੈਂਦਾ ਹੈ ਅਤੇ ਇਹਨਾਂ ਦੇਸ਼ਾਂ ਵਿੱਚ ਇਸ ਤਰ੍ਹਾਂ ਦੀਆਂ ਸਭ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ! ਸਾਰੇ ਦੇਸ਼ਾਂ” ਦੀਆਂ ਸਰਕਾਰਾਂ ਸੁਰੱਖਿਅਤ ਅਤੇ “ਲੋਕਾਂ'' ਦੀ ਸੇਵਾ 'ਚ ਹਾਜ਼ਰ ਹੋ ਜਾਂਦੀਆਂ ਹਨ ! -1rvind Shesh-#ਲਲਕਾਰ ਪੰਦਰਵਾੜਾ ਅਖ਼ਬਾਰ ਦੇ ਫੇਸਬੁੱਕ ਸਫ਼ੇ ਤੋਂ ਕੋਰੋਨਾ ਦੌਰ ਵਿੱਚ ਮਈ ਦਿਹਾੜੇ ਦੀ ਮਹੱਤਤਾ ਮਜ਼ਦੂਰ ਜਮਾਤ ਵੱਲੋਂ ਲੜੇ ਜਾ ਰਹੇ ਸੰਘਰਸ਼ਾਂ ਵਿਚਲੀ ਸਿਆਸੀ-ਆਰਥਿਕਤਾ ਨੂੰ ਸਮਝੋ ਜਦੋਂ ਅਸੀਂ ਮਈ ਦਿਹਾੜੇ ਦੀ ਮਹੱਤਤਾ ਦੀ ਗੱਲ ਕਰਦੇ ਹਾਂ ਤਾਂ ਮਸਲਾ ਇਕੱਲੀ ਮਈ ਦਿਹਾੜੇ ਦੀ ਘਟਨਾ ਜਾਂ ਇਸ ਨਾਲ ਜੁੜੀਆਂ ਕੁੱਝ ਕੁ ਮੰਗਾਂ ਦਾ ਹੀ ਨਹੀਂ ਬਲਕਿ ਮਈ ਦਿਹਾੜੇ ਦੀ ਘਟਨਾ ਨੂੰ ਸਮੁੱਚਤਾ ਵਿੱਚ ਲੈਣ ਦਾ ਹੈ। ਜਿਵੇਂ ਹਰ ਘਟਨਾ ਦਾ ਅਤੀਤ ਅਤੇ ਆਗੋਚਰ ਹੁੰਦਾ ਹੈ, ਭੂਤ ਅਤੇ ਭਵਿੱਖ ਹੁੰਦਾ ਹੈ, ਉਸੇ ਹੀ ਤਰ੍ਹਾਂ ਮਈ ਦਿਹਾੜੇ ਦੀ ਮਹੱਤਤਾ ਵੀ ਇਸਦੀ ਲਗਾਤਾਰਤਾ ਵਿੱਚ ਪਈ ਹੈ। ਮਈ ਦਿਹਾੜਾ ਮਜ਼ਦੂਰ ਜਮਾਤ ਦਾ ਦਿਹਾੜਾ ਹੈ ਤੇ ਇਹ ਮਜ਼ਦੂਰ ਜਮਾਤ ਕਿਸੇ ਇੱਕ ਦੇਸ਼ ਜਾਂ ਸਥਾਨ ਨਾਲ ਨਹੀਂ ਬੱਝੀ ਹੋਈ ਬਲਕਿ ਇਹ ਲੋਟੂ ਜਮਾਤ ਵੱਲੋਂ ਕੀਤੀ ਜਾ ਰਹੀ ਕਿਰਤ ਦੀ ਲੁੱਟ ਵਿਰੁੱਧ ਇਕੱਠੇ ਹੋ ਕੇ ਜੂਝਣ ਦਾ ਦਿਹਾੜਾ ਹੈ। ਮਜ਼ਦੂਰ ਜਮਾਤ ਜਦੋਂ ਇੱਕ ਜਮਾਤ ਵਜੋਂ ਵਿਕਸਤ ਹੋ ਕੇ ਆਪਣੀ ਲੁੱਟ-ਖੋਹ ਦੇ ਕਾਰਨਾਂ ਨੂੰ ਸਮਝ ਕੇ ਚੇਤਨ ਹੁੰਦੀ ਹੋਈਆ ਜਥੇਬੰਦ ਸੰਘਰਸ਼ਾਂ ਦੇ ਰਾਹ ਤੁਰੀ ਤਾਂ ਇਸਦੀ ਲਹਿਰ ਦਾ ਮੂੰਹ-ਮੁਹਾਂਦਰਾ ਹੋਰ ਤੋਂ ਹੋਰ ਬਣਦਾ ਤੇ ਨਿੱਖਰਦਾ ਗਿਆ। ਯੂਰਪ ਵਿੱਚ ਪੈਦਾ ਹੋਈ ਸਨਅੱਤੀ ਮਜ਼ਦੂਰ ਜਮਾਤ ਜਿਉਂ ਜਿਉਂ ਵਧਦੀ ਅਤੇ ਵਿਕਸਤ ਹੁੰਦੀ ਗਈ ਤਾਂ ਇਸਦੀ ਜ਼ਿੰਦਗੀ ਦੇ ਸੰਘਰਸ਼ਾਂ ਵਿੱਚੋਂ ਇਸ ਦੀ ਸਿਆਸਤ ਅਤੇ ਵਿਚਾਰਧਾਰਾ ਵੀ ਵਿਕਸਤ ਹੁੰਦੀ ਗਈ। ਸਮੇਂ ਦੀਆਂ ਸਥਿਤੀਆਂ ਵਿੱਚੋਂ ਮਾਰਕਸ-ਏਂਗਲਜ਼ ਹੋਰਾਂ ਨੇ ਬਹੁਤ ਛੋਟੀ ਉਮਰ ਵਿੱਚ ਉਹਨਾਂ ਹਕੀਕਤਾਂ ਨੂੰ ਸਮਝ ਲਿਆ ਸੀ ਜਿਹੜੀਆਂ ਬਾਹਰਮੁਖੀ ਹਾਲਤਾਂ ਦਾ ਝਲਕਾਰਾ ਬਣਦੀਆਂ ਸਨ। ਉਹਨਾਂ ਨੇ ਨਾ ਸਿਰਫ ਸੰਸਾਰ ਦੀਆਂ ਬਾਹਰਮੁਖੀ ਹਾਲਤਾਂ ਨੂੰ ਹੀ ਸਮਝਿਆ ਬਲਕਿ ਇਸਦੀ ਤਹਿ ਹੇਠਾਂ ਕੰਮ ਕਰਦੀਆਂ ਅੰਦਰੂਨੀ ਸ਼ਕਤੀਆਂ ਨੂੰ ਸਮਝਦੇ ਹੋਏ ਕੁੱਝ ਐਲਾਨ ਕੀਤੇ ਜੋ ਕਮਿਊਨਿਸਟ ਮੈਨੀਫੈਸਟੋ ਦੇ ਰੂਪ ਵਿੱਚ ਜ਼ਾਹਰ ਹੋਏ। ਉਹਨਾਂ ਨੇ ਕਿਸੇ ਵੀ ਦੇਸ਼, ਸਥਾਨ ਦੀ ਆਰਥਿਕਤਾ ਸਬੰਧੀ ਐਲਾਨ ਕੀਤਾ ਸੀ ਕਿ ਇਹ ਆਧਾਰ ਹੁੰਦੀ ਹੈ, ਜਿਸ 'ਤੇ ਉਸ ਦੇਸ਼ ਜਾਂ ਸਥਾਨ ਦਾ ਸਾਰਾ ਹੀ ਸਮਾਜੀ, ਸਿਆਸੀ, ਸਭਿਆਚਾਰਕ ਉਸਾਰ ਢਾਂਚਾ ਉਸਰਿਆ ਹੁੰਦਾ ਹੈ। ਜਦੋਂ ਆਰਥਿਕਤਾ ਦਾ ਸਬੰਧ ਸਿਆਸੀ ਸਮਾਜੀ ਸੱਤਾ ਨਾਲ ਜੁੜਿਆ ਹੁੰਦਾ ਹੈ ਤਾਂ ਉਹਨਾਂ ਨੇ ਕਮਿਊਨਿਸਟ ਮੈਨੀਫੈਸਟੋ ਦੇ ਅਖੀਰ ਵਿੱਚ ਐਲਾਨ ਕੀਤਾ ਕਿ ਕਮਿਊਨਿਸਟ ਬਲ-ਪੂਰਵਕ ਢੰਗ-ਤਰੀਕੇ ਅਖਤਿਆਰ ਕਰਕੇ ਸਮਾਜੀ-ਸਿਆਸੀ ਸੱਤਾ 'ਤੇ ਕਬਜ਼ਾ ਕਰਨਗੇ। ਮਾਰਕਸ-ਏਂਗਲਜ਼ ਹੋਰਾਂ ਨੇ ਮਜ਼ਦੂਰ ਜਮਾਤ ਦੇ ਇਰਾਦਿਆਂ ਨੂੰ ਪਹਿਲਾਂ ਹੀ ਨਸ਼ਰ ਕਰ ਦਿੱਤਾ ਸੀ, ਇਸੇ ਹੀ ਵਜਾਹ ਕਰਕੇ ਮਾਰਕਸ ਨੂੰ ਜਰਮਨੀ ਤੋਂ ਫਰਾਂਸ ਵਿੱਚ ਜਲਾਵਤਨ ਹੋਣਾ ਪਿਆ ਅਤੇ ਫੇਰ ਫਰਾਂਸ ਵਿੱਚੋਂ ਵੀ ਕੱਢ ਦਿੱਤਾ ਗਿਆ ਤਾਂ ਉਸ ਨੂੰ ਇੰਗਲੈਂਡ ਵਿੱਚ ਜਾ ਕੇ ਗਰੀਬੀ ਹੰਢਾਉਣੀ ਪਈ ਸੀ। ਮਾਰਕਸ-ਏਂਗਲਜ਼ ਹੋਰਾਂ ਨੇ ਮਜ਼ਦੂਰ ਜਮਾਤ ਨਾਲ ਆਤਮਸਾਤ ਹੋ ਕੇ ਮਜ਼ਦੂਰ ਜਮਾਤ ਦੀ ਹੋਣੀ ਨੂੰ ਆਪਣੀ ਹੋਣੀ ਬਣਾ ਲਿਆ ਸੀ ਤਾਂ ਕਰਕੇ ਹੀ ਉਹਨਾਂ ਦੀਆਂ ਲਿਖਤਾਂ ਵਿੱਚ ਜਿਹੜਾ ਸੱਚ ਉਘੜਿਆ, ਉਹ ਕੋਈ ਪਰੀ-ਕਲਪਨਾ ਨਹੀਂ ਸੀ ਬਲਕਿ ਉਹ ਅਮਲਾਂ ਵਿੱਚੋਂ ਫੁੱਟਿਆ ਸੱਚ ਸੀ ਤੇ ਸੰਘਰਸ਼ ਵਿੱਚੋਂ ਉਪਜੀ ਅੱਗ ਦੀ ਲਾਟ ਸੀ, ਜਿਹੜੀ ਕਦੇ ਦਬਦੀ, ਕਦੇ ਮਘਦੀ ਤੇ ਕਿਤੇ ਭੰਬੂਕੇ ਬਣ ਫੁੱਟਦੀ ਰਹੀ। 1871 ਵਿੱਚ ਫਰਾਂਸ ਦੀ ਧਰਤੀ 'ਤੇ ਮਜ਼ਦੂਰ ਜਮਾਤ ਵੱਲੋਂ ਰਾਜ ਭਵਨਾਂ 'ਤੇ ਕਬਜ਼ੇ ਕਰਕੇ ਸਥਾਪਤ ਹੋਏ ਪੈਰਿਸ ਕਮਿਊਨ ਨੇ ਉਸ ਸੱਚ ਦੇ ਝਲਕਾਰੇ ਪੇਸ਼ ਕੀਤੇ ਸਨ ਜਿਹੜਾ ਸੱਚ ਸਮੇਂ ਦੇ ਨਾਲ ਨਾਲ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿੱਚ ਰੋਹਲੀ ਆਵਾਜ਼ ਬਣ ਅੰਬਰਾਂ ਵਿੱਚ ਗੂੰਜਦਾ ਰਿਹਾ। ਮਈ 1886 ਵਿੱਚ ਜੋ ਕੁੱਝ ਅਮਰੀਕਾ ਦੀ ਧਰਤੀ 'ਤੇ ਮਜ਼ਦੂਰ ਜਮਾਤ ਨੇ ਅਮਲਾਂ ਰਾਹੀਂ ਉਘਾੜਿਆ, ਇਹ ਮਹਿਜ਼ 8 ਘੰਟੇ ਦੀ ਕੰਮ ਦਿਹਾੜੀ ਜਾਂ ਕੁੱਝ ਕੁ ਆਰਥਿਕ ਅਤੇ ਹੋਰ ਸਹੂਲਤਾਂ ਹਾਸਲ ਕਰਨ ਦੀ ਲੜਾਈ ਹੀ ਨਹੀਂ ਸੀ ਬਲਕਿ ਇਸ ਵਿੱਚ ਕੰਮ ਕਰਦੀ ਜਿਹੜੀ ਸੋਚ ਸੀ, ਜਿਹੜਾ ਇਰਾਦਾ ਸੀ, ਜਿਹੋ ਜਿਹੀ ਤਾਂਘ ਸੀ ਅਤੇ ਇਹਨਾਂ ਵਿਚੀਂ ਝਲਕਦੀ ਸਿਆਸਤ ਅਤੇ ਵਿਚਾਰਧਾਰਾ ਸੀ ਇਹ ਉਹ ਮਾਮਲੇ ਸਨ, ਜਿਹਨਾਂ ਬਾਰੇ ਕਲਪਨਾ ਕਰਕੇ ਸਰਮਾਏਦਾਰੀ ਜਮਾਤ ਕੰਬ ਉੱਠਦੀ ਹੈ। ਅਮਰੀਕਾ ਦੀ ਸਰਮਾਏਦਾਰ ਜਮਾਤ ਨੂੰ ਮਜ਼ਦੂਰ ਜਮਾਤ ਦਾ ਤੇਜ਼ ਕੀਤਾ ਜਾ ਰਿਹਾ ਸੰਘਰਸ਼ ਨਾ ਸਿਰਫ ਇਸ ਦੇ ਪਿਛਲੇ ਦੋ-ਢਾਈ ਦਹਾਕਿਆਂ ਦੀ ਲਗਾਤਾਰਤਾ ਦੀ ਝਲਕ ਸਨ ਬਲਕਿ ਇਸ ਵਿੱਚੋਂ ਯੂਰਪ ਦੀ ਮਜ਼ਦੂਰ ਜਮਾਤ ਦੇ ਸੰਘਰਸ਼ ਅਤੇ ਇਹਨਾਂ ਦੀ ਲਗਾਤਾਰਤਾ ਵਿੱਚੋਂ ਫੁੱਟਿਆ ਪੈਰਿਸ ਕਮਿਊਨ ਸੀ, ਜਿਹੜਾ ਸਰਮਾਏਦਾਰੀ ਦੀ ਕਲਗੀ ਨੂੰ ਹੱਥ ਪਾ ਕੇ ਮਿੱਟੀ ਵਿੱਚ ਮਿਲਾਉਣ ਦਾ ਪ੍ਰਤੀਕ ਸੀ। ਮਈ 1886 ਵਿੱਚ ਸ਼ਿਕਾਗੋ ਦੀ ਧਰਤੀ 'ਤੇ ਕੀਤਾ ਗਿਆ ਮਜ਼ਦੂਰ ਜਮਾਤ ਦਾ ਸੰਗਰਾਮ ਮਹਿਜ਼ ਅਮਰੀਕੀ ਮਜ਼ਦੂਰਾਂ ਦੇ ਸੰਘਰਸ਼ ਦਾ ਹੀ ਪ੍ਰਤੀਕ ਨਹੀਂ ਸੀ ਬਲਕਿ ਦੁਨੀਆਂ ਭਰ ਵਿੱਚ ਪ੍ਰਚੰਡ ਹੋ ਰਹੇ ਮਜ਼ਦੂਰ ਸੰਘਰਸ਼ਾਂ ਦੀ ਸਿਖਰ ਦਾ ਇੱਕ ਝਲਕਾਰਾ ਸੀ। ਇਹ ਸੰਘਰਸ਼ ਅੱਗੇ-ਪਿੱਛੇ, ਉੱਪਰ-ਥੱਲੇ, ਇੱਧਰ-ਉੱਧਰ ਹੁੰਦੇ ਸੰਘਰਸ਼ ਦੀ ਲਗਾਤਾਰਤਾ ਸਨ। ਮਜ਼ਦੂਰ ਜਮਾਤ ਜਿੱਥੇ ਵੱਖ ਵੱਖ ਥਾਵਾਂ 'ਤੇ ਸੰਘਰਸ਼ ਦੇ ਮੈਦਾਨ ਵਿੱਚ ਹਾਕਮ ਜਮਾਤ ਨਾਲ ਸਿੱਧੇ ਟਕਰਾਵਾਂ ਵਿੱਚ ਭਿੜ ਰਹੀ ਸੀ, ਉੱਥੇ ਇਸਦੇ ਸੰਘਰਸ਼ਾਂ ਦੀ ਸਿਆਸੀ-ਆਰਥਿਕ, ਸਮਾਜ, ਸਭਿਆਚਾਰਕ ਅਤੇ ਵਿਚਾਰਧਾਰਕ ਟੱਕਰ ਮਾਰਕਸ-ਏਂਗਲਜ਼ ਹੋਰੀਂ ਸਿਆਸੀ-ਸਿਧਾਂਤਕ ਖੇਤਰਾਂ ਵਿੱਚ ਦੇ ਰਹੇ ਸਨ। ਕਾਰਲ ਮਾਰਕਸ ਦੇ ਜਿਉਂਦੇ ਜੀਅ ਜਿੱਥੇ ਸਰਮਾਏਦਾਰੀ ਉਸ ਨੂੰ ਮਹਿਜ਼ ਸੁਪਨਸਾਜ਼ ਖਿਆਲੀ ਪਲਾਓ ਪਕਾਉਣ ਦਾ ਧਾਰਨੀ ਪ੍ਰਚਾਰਦੀ ਰਹੀ ਉੱਥੇ ਮਾਰਕਸ ਹੋਰਾਂ ਦੀ ਸੋਚ ਦੀ ਝੰਡਾਬਰਦਾਰ ਬਣੀ ਮਜ਼ਦੂਰ ਜਮਾਤ ਨੇ ਸਰਮਾਏਦਾਰੀ ਨੂੰ ਬੌਧਿਕਤਾ ਦੀ ਪੱਧਰ ਤੋਂ ਹਰਾ ਕੇ ਇਸ ਨੂੰ ਇਸ ਹਾਲਤ ਵਿੱਚ ਧੱਕ ਦਿੱਤਾ ਕਿ ਮਈ ਦਿਹਾੜੇ ਤੋਂ ਪਿੱਛੋਂ ਸਰਮਾਏਦਾਰੀ ਨੇ ਖੁਦ ਉੱਪਰ ਮਾਰਕਸਵਾਦ ਦਾ ਚੋਲਾ ਪਾ ਕੇ ਮਾਰਕਸ ਦਾ ਵਿਰੋਧ ਕਰਨ ਦਾ ਸੋਧਵਾਦੀ ਰਾਹ ਵੀ ਅਖਤਿਆਰ ਕਰ ਲਿਆ। ਮਾਰਕਸ-ਏਂਗਲਜ਼ ਹੋਰਾਂ ਦੇ ਸਮਿਆਂ ਵਿੱਚ ਵਿਕਸਤ ਹੋ ਰਹੀ ਸਰਮਾਏਦਾਰੀ ਜਦੋਂ ਵੱਡੀਆਂ ਕਾਰਟਲਾਂ ਬਣਾ ਕੇ ਅਜਾਰੇਦਾਰਾਨਾ ਖਾਸਾ ਅਖਤਿਆਰ ਕਰ ਰਹੀ ਸੀ ਤਾਂ ਉਸਦੀ ਲੁੱਟ ਦਾ ਵੱਡਾ ਕੇਂਦਰ ਯੂਰਪ ਤੋਂ ਬਾਹਰਲੀ ਦੁਨੀਆਂ ਬਣ ਗਈ। ਯੂਰਪ ਤੋਂ ਬਾਹਰਲੀ ਲੋਕਾਈ ਦੀ ਲੁੱਟ ਕਰਕੇ ਅਜਾਰੇਦਾਰ ਸਰਮਾਏਦਾਰੀ ਨੇ ਸਾਮਰਾਜਵਾਦ ਦਾ ਰੂਪ ਧਾਰਦੇ ਹੋਏ ਯੂਰਪ ਦੀ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਨੂੰ ਮੱਠਾ ਪਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਛੋਟਾਂ ਸਹੂਲਤਾਂ ਦੇ ਕੇ ਸੰਘਰਸ਼ਾਂ ਦੇ ਰਾਹ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੋਰਨਾਂ ਖੇਤਰਾਂ ਵਿੱਚ ਤਿੱਖੀ ਹੋਈ ਲੁੱਟ ਅਤੇ ਜਬਰ ਦੇ ਖਿਲਾਫ ਮਜ਼ਦੂਰ ਜਮਾਤ ਦੇ ਸੰਘਰਸ਼ ਦੁਨੀਆਂ ਦੇ ਹੋਰ ਹੋਰ ਖੇਤਰਾਂ ਵਿੱਚ ਫੁੱਟਣੇ ਸ਼ੁਰੂ ਹੋਏ। ਰੂਸ ਦੇ ਸਮਾਜਵਾਦੀ ਅਕਤੂਬਰ ਇਨਕਲਾਬ ਨੇ ਦਰਸਾ ਦਿੱਤਾ ਕਿ ਮਜ਼ਦੂਰ ਜਮਾਤ ਦੀ ਪੈਰਿਸ ਕਮਿਊਨ ਤੇ ਮਈ ਦਿਹਾੜੇ ਦੀ ਸਿਆਸਤ ਅਤੇ ਵਿਚਾਰਧਾਰਾ ਪਿਛਲੇ ਤਜਰਬਿਆਂ ਤੋਂ ਸਿੱਖਦੀ ਹੋਈ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕਰ ਸਕਦੀ ਹੈ। ਪੈਰਿਸ ਕਮਿਊਨ ਦੇ ਸਮਿਆਂ ਵਿੱਚ ਮਾਰਕਸ-ਏਂਗਲਜ਼ ਹੋਰਾਂ ਨੇ ਨਿਚੋੜ ਕੱਢਿਆ ਸੀ ਕਿ ਮਜ਼ਦੂਰ ਜਮਾਤ, ਸਰਮਾਏਦਾਰੀ ਦੀ ਬਣੀ-ਬਣਾਈ ਮਸ਼ੀਨਰੀ 'ਤੇ ਕਬਜ਼ਾ ਕਰਕੇ ਇਸ ਨੂੰ ਆਪਣੇ ਹਿੱਤਾਂ ਲਈ ਨਹੀਂ ਵਰਤ ਸਕਦੀ। ਕਾਮਰੇਡ ਲੈਨਿਨ-ਸਟਾਲਿਨ ਹੋਰਾਂ ਨੇ ਜਥੇਬੰਦ ਸੰਘਰਸ਼ ਲੜ ਰਹੀ ਮਜ਼ਦੂਰ ਜਮਾਤ ਬਾਰੇ ਆਖਿਆ ਸੀ ਕਿ ਟਰੇਡ ਯੂਨੀਅਨਾਂ ਸਮਾਜਵਾਦ ਦਾ ਮੁਢਲਾ ਸਕੂਲ ਹੁੰਦੀਆਂ ਹਨ। ਰੂਸ ਵਿੱਚ ਜਿੱਥੇ ਮਜ਼ਦੂਰ ਜਮਾਤ ਨੇ ਜ਼ਾਰਸ਼ਾਹੀ ਨੂੰ ਪਟਕਾ ਕੇ ਆਪਣਾ ਸਮਾਜਵਾਦੀ ਰਾਜ ਕਾਇਮ ਕੀਤਾ ਉੱਥੇ ਕਾਮਰੇਡ ਲੈਨਿਨ-ਸਟਾਲਿਨ ਹੋਰਨਾਂ ਨੇ ਕਮਿਊਨਿਜ਼ਮ ਦਾ ਬੁਰਕਾ ਪਾ ਕੇ ਮਜ਼ਦੂਰ ਜਮਾਤ ਨੂੰ ਧੋਖਾ ਦੇਣ ਵਾਲੇ ਕਾਟਸਕੀ, ਪਲੈਖਾਨੋਵ ਅਤੇ ਟਰਾਟਸਕੀ ਆਦਿ ਸੋਧਵਾਦ ਦੇ ਪ੍ਰਖਚੇ ਵੀ ਉਡਾਏ ਸਨ। ਜਦੋਂ ਸਰਮਾਏਦਾਰੀ ਵਿਕਸਤ ਹੁੰਦੀ ਯੂਰਪ ਤੋਂ ਬਾਹਰ ਜਾ ਕੇ ਅਜਾਰੇਦਾਰਾਨਾ ਖਾਸਾ ਅਖਤਿਆਰ ਕਰਕੇ ਸਾਮਰਾਜਵਾਦ ਦੇ ਰੂਪ ਵਿੱਚ ਦੁਨੀਆਂ ਭਰ ਵਿੱਚ ਆਪਣੇ ਪੈਰ ਪਸਾਰ ਰਹੀ ਸੀ ਤਾਂ ਇਸਦੇ ਉਚਤਮ ਅਵਸਥਾ ਵਿੱਚ ਪਹੁੰਚਣ 'ਤੇ ਕਾਮਰੇਡ ਲੈਨਿਨ ਨੇ ਜਿੱਥੇ ਸਾਰੀ ਦੁਨੀਆਂ ਸਾਮਰਾਜ ਦੇ ਗਲਬੇ ਵਿੱਚ ਚਲੇ ਜਾਣ ਦੀ ਵਿਆਖਿਆ ਕੀਤੀ ਤਾਂ ਉਥੇ ਉਸਨੇ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਦੇ ਕੇਂਦਰ ਯੂਰਪ ਵਿੱਚ ਹੋਣ ਦੀ ਥਾਂ ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਬਸਤੀਵਾਦੀ ਦੇਸ਼ਾਂ ਵਿੱਚ ਹੋਣ ਦੀ ਨਿਸ਼ਾਨਦੇਹੀ ਵੀ ਕੀਤੀ। ਆਪਣੀ ਜ਼ਿੰਦਗੀ ਦੇ ਆਖਰੀ ਵਰ੍ਹਿਆਂ ਵਿੱਚ ਕਾਮਰੇਡ ਲੈਨਿਨ ਦੀ ਨਜ਼ਰ ਪਛੜੇ ਦੇਸ਼ਾਂ ਦੀਆਂ ਕਰਾਂਤੀਕਾਰੀ ਲਹਿਰਾਂ 'ਤੇ ਟਿਕੀ ਹੋਈ ਸੀ। ਇਹਨਾਂ ਲਹਿਰਾਂ ਸਬੰਧੀ ਹੀ ਉਸਦੀਆਂ ਲਿਖਤਾਂ ਵੀ ਵਿਆਖਿਆ ਕਰਦੀਆਂ ਹਨ। ਕਾਮਰੇਡ ਲੈਨਿਨ ਵੱਲੋਂ ਕੀਤੀ ਵਿਆਖਿਆ 'ਤੇ ਧਿਆਨ ਕੇਂਦਰਤ ਕਰਕੇ ਕਾਮਰੇਡ ਮਾਓ ਨੇ ਚੀਨ ਵਿੱਚ ਜਮਾਤਾਂ ਦਾ ਵਖਰੇਵਾਂ ਕਰਕੇ ਇਹ ਸਾਬਤ ਕੀਤਾ ਕਿ ਚੀਨ ਵਿੱਚ ਲਾਲ ਰਾਜਨੀਤਕ ਸੱਤਾ ਕਾਇਮ ਰੱਖੀ ਜਾ ਸਕਦੀ ਹੈ। ਚੀਨ ਦੇਸ਼ ਦਾ ਖਾਸਾ ਅਰਧ-ਜਾਗੀਰੂ ਅਤੇ ਅਰਧ-ਬਸਤੀਵਾਦੀ ਹੋਣ ਕਰਕੇ ਇੱਥੋਂ ਦੇ ਇਨਕਲਾਬ ਦਾ ਰਾਹ ਰੂਸ ਦੇ ਸਰਮਾਏਦਾਰੀ ਪ੍ਰਬੰਧ ਖਿਲਾਫ ਬਗਾਵਤ ਕਰਕੇ ਸੱਤਾ ਹਾਸਲ ਕਰਨ ਦੀ ਥਾਂ ਲਮਕਵੇਂ ਲੋਕ ਯੁੱਧ ਰਾਹੀਂ ਸੱਤਾ ਹਾਸਲ ਕਰਨਾ ਹੋਵੇਗਾ। ਇੱਥੇ ਕਿਸੇ ਵੀ ਸਰਮਾਏਦਾਰ ਮੁਲਕ ਵਾਂਗ ਲੰਮੇ ਸਮੇਂ ਤੱਕ ਟਰੇਡ ਯੂਨੀਅਨਾਂ ਤੇ ਜਨਤਕ ਸੰਘਰਸ਼ਾਂ ਰਾਹੀਂ ਕਾਨੂੰਨੀ ਮੌਕਿਆਂ ਦੀ ਵਰਤੋਂ ਕਰਦੇ ਹੋਏ ਆਪਣੀ ਤਾਕਤ ਵਧਾਉਣ ਦੇ ਰਾਹ ਤੋਂ ਵੱਖਰੇ ਤੌਰ 'ਤੇ ਜਥੇਬੰਦੀ ਦਾ ਮੁੱਖ ਰੂਪ ਫੌਜ ਅਤੇ ਸੰਘਰਸ਼ ਦਾ ਮੁੱਖ ਰੂਪ ਹਥਿਆਰਬੰਦ ਸੰਘਰਸ਼ ਹੋਵੇਗਾ। ਮਾਓ ਦੀ ਅਗਵਾਈ ਵਿੱਚ ਪਾਰਟੀ ਹਥਿਆਰਬੰਦ ਘੋਲ ਕਰਦੀ ਹੋਈ ਆਖਰ ਜੇਤੂ ਹੋਈ। ਕਾਮਰੇਡ ਮਾਓ ਹੋਰਾਂ ਨੇ ਜਿੱਥੇ ਯੁੱਧ ਦੇ ਮੈਦਾਨ ਵਿੱਚ ਹਥਿਆਰਬੰਦ ਸੰਘਰਸ਼ ਕੀਤਾ, ਉੱਥੇ ਉਸਨੇ ਲੀਲੀਸਾਨ, ਵਾਂਗਮਿੰਗ, ਲਿਊ ਸ਼ਾਓ-ਚੀ, ਲਿਨ ਪਿਆਓ ਵਰਗੇ ਸੋਧਵਾਦੀ ਰੁਝਾਨਾਂ ਦਾ ਲਿਖਤੀ ਰੂਪ ਵਿੱਚ ਟਾਕਰਾ ਕੀਤਾ। ਭਾਰਤ ਵਿੱਚ ਮਜ਼ਦੂਰ ਜਮਾਤ ਦੀ ਝੰਡਾਬਰਦਾਰ ਅਖਵਾਉਣ ਵਾਲੀ ਕਮਿਊਨਿਸਟ ਪਾਰਟੀ ਦੀ ਭਾਰੂ ਲੀਡਰਸ਼ਿੱਪ ਜ਼ਿਆਦਾਤਰ ਸਮਿਆਂ ਵਿੱਚ ਹਾਲਤਾਂ ਦਾ ਸਹੀ ਮੁਲੰਕਣ ਕਰਕੇ ਸਹੀ ਦਿਸ਼ਾ ਅਤੇ ਸਹੀ ਲੀਹ ਘੜਨ ਵਿੱਚ ਨਾਕਾਮ ਰਹਿੰਦੀ ਰਹੀ ਹੈ। ਪਰ ਹੇਠਲੇ ਪੱਧਰਾਂ 'ਤੇ ਮਜ਼ਦੂਰ ਜਮਾਤ ਦੇ ਅਨੇਕਾਂ ਹੀ ਆਗੂਆਂ ਨੇ ਜਿੱਥੇ ਲਾਮਿਸਾਲ ਕੁਰਬਾਨੀਆਂ ਕੀਤੀਆਂ ਹਨ, ਉੱਥੇ ਇਸ ਲਹਿਰ ਦੀ ਲਗਾਤਾਰਤਾ ਵੀ ਬਣਾਈ ਰੱਖੀ ਹੈ। ਜਦੋਂ ਸੰਸਾਰ ਪੱਧਰ 'ਤੇ ਰੂਸੀ ਸਮਾਜੀ ਸਾਮਰਾਜੀਆਂ ਦੇ ਦੰਭ ਦੇ ਖਿਲਾਫ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਮਹਾਨ ਬਹਿਸ ਚਲਾ ਕੇ ਸਿਧਾਂਤਕ ਨਿਖੇੜੇ ਕੀਤੇ ਜਾ ਰਹੇ ਸਨ ਤਾਂ ਭਾਰਤ ਦੇ ਕਮਿਊਨਿਸਟਾਂ ਨੇ ਨਕਸਲਬਾੜੀ ਦੀ ਬਸੰਤ ਦੀ ਕੜਕ ਪੈਦਾ ਕਰਕੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਅਸਲ ਰਾਹ ਨੂੰ ਰੁਸ਼ਨਾਇਆ। ਪਿਛਲੇ 50 ਸਾਲਾਂ ਤੋਂ ਲਮਕਵੇਂ ਲੋਕ ਯੁੱਧ ਦੇ ਰਾਹ ਨੂੰ ਪ੍ਰਣਾਈ ਇਸ ਲਹਿਰ ਨੂੰ ਕੁਚਲਣ ਲਈ ਹਾਕਮਾਂ ਨੇ ਭਾਵੇਂ ਫੌਜੀ ਧਾੜਾਂ ਚਾੜ੍ਹੀਂ ਰੱਖੀਆਂ ਪਰ ਉਹ ਇਸ ਲਹਿਰ ਨੂੰ ਦੀ ਲਗਾਤਾਰਤਾ ਨੂੰ ਨਹੀਂ ਤੋੜ ਸਕੀਆਂ। ਇਹ ਅੱਗੇ ਪਿੱਛੇ ਹੁੰਦੀ ਹੋਈ ਹਾਕਮ ਜਮਾਤਾਂ ਦੇ ਫੌਜੀ ਹਮਲਿਆਂ ਦਾ ਟਾਕਰਾ ਕਰਦੀ ਅੱਗੇ ਵਧ ਰਹੀ ਹੈ।

No comments:

Post a Comment