Tuesday, 2 January 2018

ਗੁਜਰਾਤ (ਅਤੇ ਹਿਮਾਂਚਲ) ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਫਿਰ ਖੇਡੀ


ਗੁਜਰਾਤ (ਅਤੇ ਹਿਮਾਂਚਲ) ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਫਿਰ ਖੇਡੀ
ਹਿੰਦੂ ਫਿਰਕੂ ਪੱਤਾ ਚੱਲਣ ਦੀ ਪਰਖੀ-ਪਰਤਿਆਈ ਖੇਡ

ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾਈ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਪ੍ਰਮੁੱਖ ਵਿਰੋਧੀ ਕਾਂਗਰਸ ਪਾਰਟੀ ਨੂੰ ਮਾਤ ਦਿੰਦਿਆਂ, ਜਿੱਤ ਹਾਸਲ ਕਰ ਲਈ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਹਿਲਾਂ ਵੀਰਭੱਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਹਕੂਮਤ ਸੀ। ਭਾਜਪਾ ਵੱਲੋਂ ਇਸ ਹਕੂਮਤ ਖਿਲਾਫ ਲੋਕਾਂ ਦੀ ਔਖ ਅਤੇ ਗੁੱਸੇ ਨੂੰ ਵਰਤਦਿਆਂ, ਸੂਬਾਈ ਹਕੂਮਤ ਹਥਿਆਉਣ ਵਿੱਚ ਸਫਲਤਾ ਹਾਸਲ ਕਰ ਲਈ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਲੰਮੇ ਅਰਸੇ ਤੋਂ ਕਾਂਗਰਸ ਅਤੇ ਭਾਜਪਾ ਵਿੱਚ ''ਉੱਤਰ ਕਾਟੋ ਹੁਣ ਮੈਂ ਚੜ•ਾਂ'' ਵਾਲੀ ਖੇਡ ਚੱਲਦੀ ਆ ਰਹੀ ਹੈ। ਹਰ ਚੋਣ ਵਿੱਚ ਹਕੂਮਤ 'ਤੇ ਕਾਬਜ਼ ਪਾਰਟੀ ਚੋਣ ਹਾਰਦੀ ਅਤੇ ਵਿਰੋਧੀ ਪਾਰਟੀ ਚੋਣ ਜਿੱਤ ਕੇ ਹਕੂਮਤ 'ਤੇ ਕਾਬਜ਼ ਹੁੰਦੀ ਰਹੀ ਹੈ। ਪਰ ਗੁਜਰਾਤ ਦਾ ਮਾਮਲਾ ਇਸ ਤੋਂ ਇੱਕ ਪੱਖੋਂ ਵੱਖਰਾ ਹੈ। ਉੱਥੇ ਪਿਛਲੇ 22 ਸਾਲਾਂ ਤੋਂ ਭਾਜਪਾ ਦੀ ਹਕੂਮਤ ਚਲੀ ਆ ਰਹੀ ਹੈ। ਲੋਕਾਂ ਦੇ ਵੱਖ ਵੱਖ ਤਬਕਿਆਂ ਵਿੱਚ ਤਿੱਖੀ ਬੇਚੈਨੀ ਅਤੇ ਰੋਸ ਦੇ ਬਾਵਜੂਦ ਇਸ ਵੱਲੋਂ ਸੂਬਾਈ ਹਕੂਮਤ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਚਾਹੇ ਵਿਧਾਨ ਸਭਾ ਵਿੱਚ ਪਿਛਲੀ ਵਾਰ ਜਿੱਤੀਆਂ 115 ਸੀਟਾਂ ਤੋਂ ਐਤਕੀਂ ਘੱਟ ਕੇ 99 ਰਹਿ ਗਈਆਂ ਹਨ, ਪਰ ਉਸਦੀ 2012 ਚੋਣਾਂ ਵੇਲੇ ਦੀ ਵੋਟ ਪ੍ਰਤੀਸ਼ਤ 48 ਤੋਂ ਵਧ ਕੇ 49.1 ਫੀਸਦੀ ਹੋ ਗਈ ਹੈ। ਇਸਦੇ ਉਲਟ ਚਾਹੇ ਇਸਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀਆਂ 2012 ਦੀਆਂ ਚੋਣਾਂ ਵਿੱਚ ਜਿੱਤੀਆਂ 61 ਸੀਟਾਂ ਤੋਂ ਵਧ ਕੇ 80 ਹੋ ਗਈ ਹੈ ਅਤੇ ਵੋਟ ਪ੍ਰਤੀਸ਼ਤ ਵੀ 39 ਤੋਂ ਵੱਧ ਕੇ 41.4 ਫੀਸਦੀ ਹੋ ਗਈ ਹੈ, ਪਰ ਭਾਜਪਾ ਹਕੂਮਤ ਦੇ 22 ਸਾਲਾਂ ਦੇ ਦੁਰਰਾਜ ਖਿਲਾਫ ਭਾਰੀ ਜਨਤਕ ਬੇਚੈਨੀ ਅਤੇ ਔਖ ਦੇ ਬਾਵਜੂਦ, ਉਹ ਸੂਬਾਈ ਹਕੂਮਤੀ ਗੱਦੀ ਨੂੰ ਹੱਥ ਪਾਉਣ ਦੇ ਮੌਕੇ ਤੋਂ ਖੁੰਝ ਗਈ ਹੈ।
ਜਿਸ ਫਿਰਕੂ ਫਾਸ਼ੀ ਹਿੰਦੂਤਵਾ ਲਾਣੇ ਦੀ 22 ਸਾਲਾਂ ਦੀ ਹਕੂਮਤ ਖਿਲਾਫ ਗੁਜਰਾਤ ਦੀ ਜਨਤਾ ਵਿੱਚ ਐਡੀ ਤਿੱਖੀ ਅਤੇ ਵਿਆਪਕ ਔਖ ਅਤੇ ਗੁੱਸੇ ਦਾ ਪਸਾਰਾ ਹੋਇਆ ਹੋਵੇ, ਜਿਸਦਾ ਬਾਹਰਮੁਖੀ ਇਜ਼ਹਾਰ ਫਿਰਕੂ-ਫਾਸ਼ੀ ਹਿੰਦੂਤਵੀ ਗਰੋਹਾਂ ਵੱਲੋਂ ਦਲਿਤਾਂ 'ਤੇ ਢਾਹੇ ਜ਼ੁਲਮਾਂ ਖਿਲਾਫ ਜਿਗਨੇਸ਼ ਮਿਵਾਨੀ ਦੀ ਅਗਵਾਈ ਹੇਠ ਵਿਸ਼ਾਲ ਦਲਿਤ ਲਹਿਰ ਦੇ ਉਭਾਰ ਰਾਹੀਂ ਹੋਇਆ ਹੋਵੇ, ਕਦੇ ਰਿਜ਼ਰਵੇਸ਼ਨ ਦੇ ਮਾਮਲੇ 'ਤੇ ਉੱਠੇ ਪਟੇਲ ਅੰਦੋਲਨ ਰਾਹੀਂ ਹੋਇਆ ਹੋਵੇ, ਕਦੇ ਦੁਨੀਆਂ ਭਰ ਵਿੱਚ ਹੀਰਿਆਂ ਦੇ ਪ੍ਰਸਿੱਧ ਸਨਅੱਤੀ ਕੇਂਦਰ ਸੂਰਤ ਸ਼ਹਿਰ ਵਿੱਚ ਜੀ.ਐਸ.ਟੀ. ਖਿਲਾਫ ਲੰਬੀ ਹੜਤਾਲ ਦੀ ਸ਼ਕਲ ਵਿੱਚ ਹੋਇਆ ਹੋਵੇ— ਉਹ ਲਾਣਾ ਵਿਧਾਨ ਸਭਾਈ ਚੋਣਾਂ ਵਿੱਚ ਜਨਤਾ ਅੰਦਰ ਪਸਰੇ ਐਡੇ ਤਿੱਖੇ ਅਤੇ ਵਿਆਪਕ ਰੋਸ ਅਤੇ ਰੋਹ ਦੇ ਸੇਕ ਤੋਂ ਬਚਦਿਆਂ, ਨਾ ਸਿਰਫ ਹਕੂਮਤੀ ਗੱਦੀ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਵਿੱਚ ਸਫਲ ਰਿਹਾ, ਸਗੋਂ ਆਪਣੀ ਵੋਟ ਪ੍ਰਤੀਸ਼ਤ ਵਿੱਚ ਵੀ 1.1 ਫੀਸਦੀ ਦਾ ਵਾਧਾ ਕਰਨ ਵਿੱਚ ਕਾਮਯਾਬ ਰਿਹਾ ਹੈ।
ਫਾਸ਼ੀ ਸੰਘ ਲਾਣੇ ਅਤੇ ਉਸਦੇ ਮੋਹਰੀ ਪਿਆਦੇ ਨਰਿੰਦਰ ਮੋਦੀ ਵੱਲੋਂ ਗੁਜਰਾਤ ਵਿੱਚ ਲਗਾਤਾਰ ਛੇਵੀਂ ਵਾਰ ਚੋਣਾਂ ਜਿੱਤਣ ਨੂੰ ਆਪਣੇ ਅਖੌਤੀ ਵਿਕਾਸ ਮਾਡਲ ਦੇ ਕ੍ਰਿਸ਼ਮੇ ਵਜੋਂ ਉਭਾਰਿਆ ਜਾ ਰਿਹਾ ਹੈ ਅਤੇ ਤਿੰਘ ਤਿੰਘ ਕੇ ਐਲਾਨ ਕੀਤਾ ਜਾ ਰਿਹਾ ਹੈ ਕਿ ਇਸ ਅਖੌਤੀ ਵਿਕਾਸ ਏਜੰਡੇ 'ਤੇ ਅਮਲਦਾਰੀ ਨੂੰ ਜ਼ੋਰ ਸ਼ੋਰ ਨਾਲ ਅੱਗੇ ਵਧਾਇਆ ਜਾਵੇਗਾ। ਕਾਂਗਰਸ ਵੱਲੋਂ ਨੋਟਬੰਦੀ ਅਤੇ ਜੀ.ਐਸ.ਟੀ. ਦੇ ਕੀਤੇ ਵਿਰੋਧ ਨੂੰ ਇਸ ਅਖੌਤੀ ਵਿਕਾਸ ਏਜੰਡੇ ਦੇ ਵਿਰੋਧ ਵਜੋਂ ਪੇਸ਼ ਕਰਦਿਆਂ, ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵੱਲੋਂ ਭਾਜਪਾ ਸਿਰ ਸਫਲਤਾ ਦਾ ਸਿਹਰਾ ਬੰਨ• ਕੇ ਉਸੇ ਤਰ•ਾਂ ਇਸ ਅਖੌਤੀ ਵਿਕਾਸ ਏਜੰਡੇ 'ਤੇ ਪ੍ਰਵਾਨਗੀ ਦੀ ਮੋਹਰ ਲਾਈ ਹੈ, ਜਿਵੇਂ ਉੱਤਰ ਪ੍ਰਦੇਸ਼, ਆਸਾਮ, ਰਾਜਸਥਾਨ, ਮਹਾਂਰਾਸ਼ਟਰ ਅਤੇ ਗੋਆ, ਮਨੀਪੁਰ (ਜਿੱਥੇ ਚੋਣਾਂ ਹਾਰਨ ਤੋਂ ਬਾਅਦ ਠੱਗੀ-ਠੋਰੀ ਨਾਲ ਕੀਤੇ ਜੋੜ-ਤੋੜਾਂ ਨਾਲ ਆਪਣੀ ਸਰਕਾਰ ਥੋਪੀ ਗਈ ਹੈ) ਦੀ ਜਨਤਾ ਵੱਲੋਂ ਲਾਈ ਗਈ ਸੀ। ਮੋਦੀ ਸਮੇਤ ਸੰਘ ਲਾਣੇ ਅਤੇ ਮੁਲਕ ਦੇ ਵਿਕਾਊ ਪ੍ਰਚਾਰ-ਸਾਧਨਾਂ ਵੱਲੋਂ ਇਹਨਾਂ ਚੋਣਾਂ ਵਿੱਚ ''ਭਾਜਪਾ ਦੇ ਜੇਤੂ ਰੱਥ'' ਦੀ ਕੀਤੀ ਜਾ ਰਹੀ ਪੇਸ਼ਕਾਰੀ ਲੋਕਾਂ ਨੂੰ ਵਰਤਾਏ ਜਾ ਰਹੇ ਖਾਲਸ ਦੰਭ ਅਤੇ ਕੁਫਰ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ।
ਅਸਲ ਵਿੱਚ- ਲੋਕ ਸਭਾਈ ਚੋਣਾਂ ਤੋਂ ਲੈ ਕੇ ਸਭਨਾਂ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾਈ ਚੋਣਾਂ ਵਿੱਚ ਸੰਘ ਲਾਣੇ ਵੱਲੋਂ ਹਿੰਦੂ-ਫਿਰਕੂ ਪੱਤੇ ਦੀ ਚਾਲ ਇੱਕ ਪਰਖੀ-ਪਰਤਿਆਈ ਖੇਡ ਹੈ। ਗੁਜਰਾਤ ਨੂੰ ਤਾਂ ਸੰਘ ਲਾਣੇ ਵੱਲੋਂ ਹਿੰਦੂ ਫਾਸ਼ੀ-ਫਿਰਕਾਪ੍ਰਸਤੀ ਦੀ ਯੁੱਧਨੀਤੀ ਨੂੰ ਠੋਸ ਅਤੇ ਅਮਲੀ ਸ਼ਕਲ ਦੇਣ ਦੀ ਪ੍ਰਯੋਗਸ਼ਾਲਾ ਬਣਾਇਆ ਗਿਆ ਹੈ। ਇਸ ਫਿਰਕੂ ਫਾਸ਼ੀ ਯੁੱਧਨੀਤੀ 'ਤੇ ਅਮਲਦਾਰੀ ਦਾ ਸਿਖਰ ਇਸੇ ਮੋਦੀ ਦੀ ਅਗਵਾਈ ਹੇਠਲੀ ਸੂਬਾ ਹਕੂਮਤ ਦੇ ਥਾਪੜੇ ਨਾਲ 2002 ਵਿੱਚ ਅਖੌਤੀ ਗੋਧਰਾ ਰੇਲ ਕਾਂਡ ਤੋਂ ਬਾਅਦ ਨਿਹੱਥੇ ਮੁਸਲਮਾਨ ਭਾਈਚਾਰੇ ਦਾ ਰਚਾਇਆ ਗਿਆ ਭਿਆਨਕ ਕਤਲੇਆਮ ਸੀ। ਇਸ ਕਤਲੇਆਮ ਦੌਰਾਨ 2000 ਤੋਂ ਜ਼ਿਆਦਾ ਮੁਸਲਿਮ ਮਰਦਾਂ, ਔਰਤਾਂ, ਬੁੱਢਿਆਂ ਅਤੇ ਮਾਸੂਮ ਬੱਚਿਆਂ ਨੂੰ ਨੇਜਿਆਂ, ਤਲਵਾਰਾਂ, ਗੰਡਾਸਿਆਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਈ ਬਸਤੀਆਂ ਅਤੇ ਮੁਹੱਲਿਆਂ ਨੂੰ ਅੱਗ ਲਾ ਕੇ ਉੱਥੇ ਰਹਿੰਦੇ ਸੈਂਕੜੇ ਲੋਕਾਂ ਨੂੰ ਸਾੜ ਕੇ ਮਾਰ ਦਿੱਤਾ ਗਿਆ ਸੀ। ਉਸ ਵਕਤ ਮੋਦੀ ਜੁੰਡਲੀ ਅਤੇ ਸੰਘ ਲਾਣੇ ਵੱਲੋਂ ਪੂਰੀ ਬੇਸ਼ਰਮੀ ਨਾਲ ਇਹ ਗੱਲ ਧੁਮਾਈ ਗਈ ਸੀ ਕਿ ਗੋਧਰਾ ਰੇਲ ਕਾਂਡ ਰਚਾ ਕੇ ''ਹਿੰਦੂ ਕਾਰਸੇਵਕਾਂ'' ਨੂੰ ਮਾਰਨ ਦੀ ਸਾਜਿਸ਼ ਮੁਸਲਮਾਨਾਂ ਵੱਲੋਂ ਰਚਾਈ ਗਈ ਸੀ। ਇਸ ਲਈ, ਉਸ ਤੋਂ ਬਾਅਦ ਗੁਜਰਾਤ ਵਿੱਚ ਮੁਸਲਮਾਨਾਂ ਦਾ ਹੋਇਆ ਕਤਲੇਆਮ ਗੁਜਰਾਤ ਦੀ ਹਿੰਦੂ ਜਨਤਾ ਵਿੱਚੋਂ ਗੋਧਰਾ ਕਾਂਡ ਖਿਲਾਫ ਉੱਠੇ ਆਪ ਮੁਹਾਰੇ ਪ੍ਰਤੀਕਰਮ ਦਾ ਸਿੱਟਾ ਸੀ। ਜਾਣੀ ਇਹ ਕਤਲੇਆਮ ਰਚਾ ਕੇ ਹਿੰਦੂਆਂ ਵੱਲੋਂ ਮੁਸਲਮਾਨਾਂ ਤੋਂ ਹਿੰਦੂ ਕਾਰਸੇਵਕਾਂ ਦੀ ਮੌਤ ਦਾ ਬਦਲਾ ਲਿਆ ਗਿਆ ਹੈ ਅਤੇ ਉਹਨਾਂ ਨੂੰ ਸਬਕ ਸਿਖਾਇਆ ਗਿਆ ਹੈ। ਇਸ ਕਤਲੇਆਮ ਤੋਂ ਬਾਅਦ 2002 ਵਿੱਚ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਜੁੰਡਲੀ ਅਤੇ ਸੰਘ ਲਾਣੇ ਵੱਲੋਂ ਫਿਰਕੂ ਕੂੜ-ਪ੍ਰਚਾਰ ਦੀ ਹਨੇਰੀ ਲਿਆ ਦਿੱਤੀ ਗਈ। ਇਸ ਕਤਲੇਆਮ ਨੂੰ ਦਰੁਸਤ ਅਤੇ ਹੱਕੀ ਠਹਿਰਾਉਂਦਿਆਂ, ਇਸ ਨੂੰ ਗੁਜਰਾਤੀਆਂ (ਜਿਸਦਾ ਮਤਲਬ ਗੁਜਰਾਤੀ ਹਿੰਦੂ ਜਨਤਾ) ਵੱਲੋਂ ਆਪਣੀ (''ਅਸਮਿਤ'') ਇੱਜਤ-ਆਬਰੂ ਅਤੇ ਆਨ-ਸ਼ਾਨ ਦੀ ਰਾਖੀ ਲਈ ਕੀਤੀ ਕਾਰਵਾਈ ਵਜੋਂ ਉਚਿਆਇਆ ਗਿਆ। ਗੁਜਰਾਤ ਵਿੱਚ ਅਹਿਮਦਾਬਾਦ ਵਰਗੇ ਸ਼ਹਿਰਾਂ ਵਿੱਚ ਮੁਸਲਿਮ ਵਸੋਂ ਵਾਲੀਆਂ ਬਸਤੀਆਂ ਨੂੰ ''ਮਿੰਨੀ ਪਾਕਿਸਤਾਨ''  ਗਰਦਾਨਦਿਆਂ, ਉਹਨਾਂ ਨੂੰ ਦੇਸ਼ ਦੇ ਦੁਸ਼ਮਣਾਂ ਅਤੇ ਗਦਾਰਾਂ ਵਜੋਂ ਪੇਸ਼ ਕੀਤਾ ਗਿਆ। 2002 ਨੂੰ ਮੁਸਲਿਮ ਕਤਲੇਆਮ ਦੀ ਨਿੰਦਾ ਕਰਨ ਵਾਲੀ ਕਾਂਗਰਸ ਪਾਰਟੀ ਦਾ ਇੱਕ ਤਰ•ਾਂ ਪਾਕਿਸਤਾਨ ਪੱਖੀ ਵਜੋਂ ਨਕਸ਼ਾ ਬੰਨ•ਦਿਆਂ ਮੋਦੀ ਰੈਲੀਆਂ ਵਿੱਚ ਗਰਜਿਆ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਪਾਕਿਸਤਾਨ ਨੂੰ ਵੋਟ ਪਾਉਣਾ ਹੈ। ਇਉਂ, ਜਿੱਥੇ ਮੁਸਲਮਾਨ ਜਨਤਾ ਨੂੰ ਇਹ ਸੁਣਵਾਈ ਕੀਤੀ ਗਈ ਕਿ ਜੇਕਰ ਉਹਨਾਂ ਨੇ ਗੁਜਰਾਤ (ਸਮੇਤ ਮੁਲਕ) ਵਿੱਚ ਰਹਿਣਾ ਹੈ ਤਾਂ ਉਹਨਾਂ ਨੂੰ ਹਿੰਦੂਆਂ ਦੇ ਦੂਬੈਲ ਅਤੇ ਦੋਮ ਦਰਜ਼ੇ ਦੇ ਸ਼ਹਿਰੀ ਬਣ ਕੇ ਰਹਿਣਾ ਹੋਵੇਗਾ, ਉੱਥੇ ਹਿੰਦੂਆਂ ਵਿੱਚ ਇਹ ਫਿਰਕੂ ਜ਼ਹਿਰੀਲਾ ਹੋਕਰਾ ਦਿੱਤਾ ਗਿਆ ਕਿ ਮੁਸਲਮਾਨਾਂ ਨੇ ਹਿੰਦੂਆਂ ਨੂੰ 800 ਸਾਲ ਗੁਲਾਮ ਰੱਖਿਆ ਹੈ, ਉਹਨਾਂ ਦੇ ਮੰਦਰ ਢਾਹੇ ਹਨ। ਇਸ ਲਈ, ਮੁਸਲਮਾਨਾਂ ਤੋਂ ਇਤਿਹਾਸਕ ਗੁਨਾਹ ਦਾ ਬਦਲਾ ਲਏ ਬਗੈਰ ਅਤੇ ਉਹਨਾਂ ਨੂੰ ਡੰਡੇ ਹੇਠ ਰੱਖੇ ਬਗੈਰ ਹਿੰਦੂ (''ਅਸਮਿਤ'') ਇੱਜਤ-ਆਬਰੂ ਅਤੇ ਆਨ-ਸ਼ਾਨ ਮੁੜ-ਬਹਾਲ (ਪੁਨਰ-ਸੁਰਜੀਤ) ਨਹੀਂ ਹੋ ਸਕਦੀ। ਇਸ ਤਰ•ਾਂ ਇਸ ਫਾਸ਼ੀ ਹਿੰਦੂਤਵੀ ਲਾਣੇ ਵੱਲੋਂ ਗੁਜਰਾਤੀ ਸਮਾਜ/ਕੌਮ ਦੀ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਲੱਗਭੱਗ ਮੁਕੰਮਲ ਪਾਲਾਬੰਦੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਮੁੱਖ ਤੌਰ 'ਤੇ ਇਸੇ ਫਿਰਕੂ ਪਾਲਾਬੰਦੀ ਦੇ ਆਧਾਰ 'ਤੇ ਨਾ ਸਿਰਫ 2002 ਦੀ ਚੋਣ ਵਿੱਚ ਵੱਡੀ ਭਾਰੀ ਸਫਲਤਾ ਹਾਸਲ ਕੀਤੀ ਗਈ, ਸਗੋਂ ਅਗਲੀਆਂ ਚੋਣਾਂ ਵਿੱਚ ਵੀ ਇਸ ਪਾਲਾਬੰਦੀ ਨੂੰ ਉਘਾੜਨ ਅਤੇ ਬਰਕਰਾਰ ਰੱਖਣ ਦੀ ਫਿਰਕੂ ਖੇਡ ਖੇਡਦਿਆਂ, 2007 ਅਤੇ 2012 ਦੀਆਂ ਵਿਧਾਨ ਸਭਾਈ ਚੋਣਾਂ ਸਮੇਤ 2014 ਦੀਆਂ ਚੋਣਾਂ ਜਿੱਤੀਆਂ ਗਈਆਂ ਹਨ।
ਇਸ ਵਾਰ ਵੀ ਹਿੰਦੂ ਫਿਰਕੂ ਪੱਤਾ ਚੱਲਦਿਆਂ ਹਿੰਦੂ ਪਾਲਾਬੰਦੀ ਉਭਾਰਨ ਦਾ ਹਰ ਹੀਲਾ ਵਰਤਿਆ ਗਿਆ ਹੈ। 29 ਨਵੰਬਰ ਨੂੰ ਕਾਂਗਰਸੀ ਉੱਪ-ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੋਮਨਾਥ ਮੰਦਰ ਦਾ ਦੌਰਾ ਕੀਤਾ ਗਿਆ। ਸੰਘ ਲਾਣੇ ਵੱਲੋਂ ਨੈਟਵਰਕ 'ਤੇ ''ਰਾਹੁਲ ਕਾ ਧਰਮ ਕਿਆ ਅਤੇ ਸੋਮਨਾਥ ਮੰਦਰ'' ਚਾੜ•ਦਿਆਂ ਫਿਰਕੂ ਜ਼ਹਿਰਲੀ ਮੁਹਿੰਮ ਵਿੱਢ ਦਿੱਤੀ ਗਈ। ਉਹਨਾਂ ਵੱਲੋਂ ਇਹ ਉਭਾਰਿਆ ਗਿਆ ਕਿ ਜਦੋਂ ਰਾਹੁਲ ਗਾਂਧੀ ਹਿੰਦੂ ਹੀ ਨਹੀਂ, ਫਿਰ ਸੋਮਨਾਥ ਮੰਦਰ ਦੀਦਾਰ ਕਰਨ ਜਾਣ ਦਾ ਕੀ ਮਤਲਬ ਹੈ? ਖੁਦ ਮੋਦੀ ਵੱਲੋਂ ਰਾਹੁਲ ਗਾਂਧੀ ਦੇ ਮੰਦਰ ਜਾਣ ਨੂੰ ਦੰਭ ਕਹਿ ਕੇ ਮਜ਼ਾਕ ਉਡਾਉਂਦਿਆਂ, ਰੈਲੀਆਂ ਵਿੱਚ ਕਿਹਾ ਗਿਆ ਕਿ ਰਾਹੁਲ ਗਾਂਧੀ ਦੇ ਨਾਨਾ ਜਵਾਹਰ ਲਾਲ ਨਹਿਰੂ ਵੱਲੋਂ ਤਾਂ ਸੋਮਨਾਥ ਮੰਦਰ ਦੀ ਮੁੜ-ਉਸਾਰੀ ਦਾ ਵਿਰੋਧ ਕੀਤਾ ਗਆਿ ਸੀ। ''ਜੇ ਸਰਦਾਰ ਪਟੇਲ ਨਾ ਹੁੰਦੇ, ਤਾਂ ਸੋਮਨਾਥ ਵਿੱਚ ਮੰਦਰ ਦੀ ਸਥਾਪਨਾ ਕਦੇ ਵੀ ਸੰਭਵ ਨਹੀਂ ਹੋਣੀ ਸੀ।'' ਉਹਨਾਂ ਵੱਲੋਂ ਮੰਦਰ ਦਾਖਲਾ ਰਜਿਸਟਰ ਵਿੱਚ ਮੰਦਰ ਆਉਣ ਵਾਲੇ ਹਿੰਦੂਆਂ ਅਤੇ ਗੈਰ-ਹਿੰਦੂਆਂ ਦਾ ਦਾਖਲਾ ਦਰਜ ਕਰਨ ਵਾਲੇ ਖਾਨਿਆਂ ਵਿੱਚ ਗੈਰ-ਹਿੰਦੂਆਂ ਵਾਲੇ ਖਾਨੇ ਵਿੱਚ ਕਿਸੇ ਵੱਲੋਂ ਦਰਜ ਕੀਤੀ ਰਾਹੁਲ ਗਾਂਧੀ ਦੇ ਦਾਖਲੇ ਦੀ ਮਿਸਾਲ ਦਿੰਦਿਆਂ ਕਿਹਾ ਗਿਆ ਕਿ ਰਾਹੁਲ ਗਾਂਧੀ ਤਾਂ ਖੁਦ ਹੀ ਆਪਣੇ ਆਪ ਨੂੰ ਹਿੰਦੂ ਨਹੀਂ ਮੰਨਦਾ, ਇਸ ਅੰਦਰ ਜਾਣਾ ਤਾਂ ਉਸਦਾ ਦੰਭ ਹੈ। ਉਹਨਾਂ ਵੱਲੋਂ ਰਾਹੁਲ ਗਾਂਧੀ ਨੂੰ ਆਪਣੇ ਹਿੰਦੂ ਹੋਣ ਦਾ ਸਬੂਤ ਪੇਸ਼ ਕਰਨ ਲਈ ਵੰਗਾਰਿਆ ਗਿਆ। ਇੱਥੇ ਹੀ ਬੱਸ ਨਹੀਂ, ਪਾਰਟੀ ਦੇ ਸੋਸ਼ਲ ਮੀਡੀਏ ਵੱਲੋਂ ਵੱਟਸ-ਐਪ ਸੰਦੇਸ਼ ਧੁਮਾਇਆ ਗਿਆ ਕਿ ''ਆਰ.ਏ.ਐਮ. (ਰਾਮ)- ਰੁਪਾਨੀ, ਅਮਿਤ, ਮੋਦੀ, ਐਚ,ਏ.ਜੇ. (ਹੱਜ) ਹਾਰਦਿਕ, ਅਲਪੇਸ਼, ਜਿਗਨੇਸ਼'' । ਇਸ ਸੰਦੇਸ਼ ਦਾ ਸਾਫ ਮਤਲਬ ਮੁੱਖ ਮੰਤਰੀ ਰੂਪਾਨੀ, ਭਾਜਪਾ ਪ੍ਰਧਾਨ ਅਮਿਤਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿੱਪ ਨੂੰ ਭਗਵਾਨ ਰਾਮ ਦੇ ਪ੍ਰਤੀਕ ਵਜੋਂ ਅਤੇ  ਹਾਰਦਿਕ ਪਟੇਲ, ਅਲਪੇਸ਼ ਠਾਕੁਰ ਅਤੇ ਜਿਗਨੇਸ਼ ਮੇਵਾਨੀ ਵਰਗੇ ਜਨਤਕ ਆਗੂਆਂ ਨੂੰ ਮੁਸਲਿਮ ਧਾਰਮਿਕ ਅਸਥਾਨ ਹੱਜ ਦੇ ਪ੍ਰਤੀਕਾਂ ਵਜੋਂ ਪੇਸ਼ ਕਰਨਾ ਸੀ। ਇਸ ਗੱਲ ਨੂੰ ਆਪਣੀ ਫਿਰਕੂ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀਆਂ ਰਗਾਂ ਵਿੱਚ ਇਟਾਲੀਅਨ ਖੂਨ ਹੈ। ਇਸ ਲਈ, ਉਹ ਅਤੇ ਉਸਦਾ ਪੁੱਤਰ ਗੁਜਰਾਤ ਜਿਹੇ ਮਾਣਮੱਤੇ ਹਿੰਦੂ ਖੇਤਰ ਵਿੱਚ ਹਕੂਮਤ ਕਰਨ ਦੇ ਲਾਇਕ ਨਹੀਂ ਹਨ।
ਜਿੱਥੇ ਮੋਦੀ ਅਤੇ ਸੰਘ ਲਾਣੇ ਵੱਲੋਂ ਰਾਹੁਲ ਗਾਂਧੀ ਨੂੰ ਗੈਰ ਹਿੰਦੂ ਵਜੋਂ ਪੇਸ਼ ਕੀਤਾ ਗਿਆ, ਉੱਥੇ ਇੱਕ ਇਟਾਲੀਅਨ (ਇਸਾਈ) ਮਾਂ ਦਾ ਪੁੱਤਰ ਹੋਣ ਕਰਕੇ, ਟੇਢੇ ਢੰਗ ਨਾਲ ਉਸ ਨੂੰ ਇਸਾਈ ਧਰਮੀ ਵਜੋਂ ਉਭਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇੱਕ ਕਦਮ ਹੋਰ ਅੱਗੇ ਜਾਂਦਿਆਂ ਮੋਦੀ ਵੱਲੋਂ ਜਨਤਕ ਇਕੱਠ ਵਿੱਚ ਗੱਜਵੱਜ ਕੇ ਆਖਿਆ ਗਿਆ ਕਿ ਗੁਜਰਾਤੀਆਂ ਨਾਲ ਦੁਸ਼ਮਣੀ ''ਸ਼ਹਿਜ਼ਾਦੇ'' (ਰਾਹੁਲ ਗਾਂਧੀ) ਦੇ ਵਜੂਦ ਸਮੋਈ ਹੋਈ ਹੈ। ਸਭ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਨਾਨੇ ਜਵਾਹਰ ਲਾਲ ਨਹਿਰੂ ਵੱਲੋਂ ਗੁਜਰਾਤ ਦੇ ਜੰਮਪਲ ਮਹਾਂਤਮਾ ਗਾਂਧੀ ਨੂੰ ਉਦੋਂ ਜਲੀਲ ਕੀਤਾ ਗਿਆ, ਜਦੋਂ 1947 ਤੋਂ ਬਾਅਦ ਗਾਂਧੀ ਵੱਲੋਂ ਕਾਂਗਰਸ ਨੂੰ ਭੰਗ ਕਰਨ ਦੇ ਰੱਖੇ ਮੱਤ ਨੂੰ ਠੁੱਡ ਮਾਰੀ ਗਈ ਸੀ। ਫਿਰ ਉਸ ਵੱਲੋਂ ਗੁਜਰਾਤ ਦੇ ਇੱਕ ਹੋਰ ਮਹਾਨ ਪੁੱਤਰ ਸਰਦਾਰ ਪਟੇਲ ਨੂੰ ਖੂੰਜੇ ਲਾਇਆ ਗਿਆ ਸੀ। ਉਸ ਤੋਂ ਪਿੱਛੋਂ ਜਵਾਹਰ ਲਾਲ ਨਹਿਰੂ ਦੀ ਧੀ ਇੰਦਰਾ ਗਾਂਧੀ ਵੱਲੋਂ ਗੁਜਰਾਤ ਦੀ ਧਰਤੀ ਦੇ ਪੁੱਤਰ ਮੁਰਾਰਜੀ ਡਿਸਾਈ ਨੂੰ ਜਲੀਲ ਕਰਦਿਆਂ, ਕਾਗਰਸ ਵਿੱਚੋਂ ਕੱਢਿਆ ਗਿਆ ਸੀ। ਅੱਜ ਫਿਰ ਪੁਸ਼ਤ-ਦਰ-ਪੁਸ਼ਤ ਮੁਲਕ 'ਤੇ ਰਾਜ ਕਰਦੇ ਆਏ ਇਸ ਨਹੂਰ-ਗਾਂਧੀ ਪ੍ਰਵਾਰ ਨੂੰ ਗੁਜਰਾਤ ਦੀ ਧਰਤੀ ਦੇ ਜੰਮਪਲ ਅਤੇ ਇੱਕ ਚਾਹ ਵੇਚਣ ਵਾਲੇ ਦਾ ਉਤਾਂਹ ਉੱਠ ਕੇ ਮੁਲਕ ਦਾ ਪ੍ਰਧਾਨ ਮੰਤਰੀ ਬਣ ਜਾਣਾ ਹਜ਼ਮ ਨਹੀਂ ਹੋ ਰਿਹਾ। ਮੇਰੀ (ਮੋਦੀ ਦੀ) ਅਗਵਾਈ ਵਿੱਚ ਹੋਏ ਗੁਜਰਾਤ ਦੇ ਵਿਕਾਸ ਮਾਡਲ ਦਾ ਮਜ਼ਾਕ ਉਡਾ ਕੇ ਉਹ (ਰਾਹੁਲ) ਮੇਰਾ ਹੀ ਮਜ਼ਾਕ ਨਹੀਂ ਉਡਾ ਰਿਹਾ, ਸਗੋਂ ਕਰੋੜਾਂ ਗੁਜਰਾਤ ਵਾਸੀਆਂ ਦਾ ਮਾਖੌਲ ਉਡਾ ਰਿਹਾ ਹੈ।''
ਇਉਂ, ਮੋਦੀ ਜੁੰਡਲੀ ਅਤੇ ਸੰਘ ਲਾਣੇ ਵੱਲੋਂ ਜ਼ੋਰਦਾਰ ਜ਼ਹਿਰੀਲੇ ਫਿਰਕੂ-ਫਾਸ਼ੀ ਕੂੜ-ਪ੍ਰਚਾਰ ਹੱਲੇ ਰਾਹੀਂ ਗੁਜਰਾਤ ਦੀ ਹਿੰਦੂ ਵਸੋਂ ਵਿਸ਼ੇਸ਼ ਕਰਕੇ ਇਸਦੇ ਸ਼ਹਿਰੀ ਹਿੱਸਿਆਂ ਵਿੱਚ ਫਿਰਕੂ ਪਾਲਾਬੰਦੀ ਨੂੰ ਉਭਾਰਨ ਅਤੇ ਇਸਦੀ ਵੱਟਤ ਕਰਨ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਫਿਰਕੂ ਪ੍ਰਚਾਰ ਹੱਲੇ ਦਾ ਅਸਰ ਪੇਂਡੂ ਖੇਤਰ ਵਿੱਚ ਮੁਕਾਬਲਤਨ ਕਮ ਅਤੇ ਸ਼ਹਿਰੀ ਖੇਤਰ ਵਿੱਚ ਮੁਕਾਬਲਤਨ ਜ਼ਿਆਦਾ ਹੋਇਆ ਹੈ। ਇਸਦਾ ਇਜ਼ਹਾਰ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਵੱਲੋਂ ਹਾਸਲ ਕੀਤੀਆਂ ਸੀਟਾਂ ਤੋਂ ਲਾਇਆ ਜਾ ਸਕਦਾ ਹੈ। ਉਸ ਵੱਲੋਂ ਅਹਿਮਦਾਬਾਦ ਦੀਆਂ 20 ਵਿੱਚੋਂ 15, ਸੂਰਤ ਦੀਆਂ 16 ਵਿੱਚੋਂ 15 ਸੀਟਾਂ, ਬੜੌਦਾ ਦੀਆਂ 10 ਵਿੱਚੋਂ 9 ਸੀਟਾਂ ਹਥਿਆਈਆਂ ਗਈਆਂ ਹਨ। ਸ਼ਹਿਰਾਂ ਅੰਦਰ ਨੋਟਬੰਦੀ ਅਤੇ ਜੀ.ਐਸ.ਟੀ. ਖਿਲਾਫ ਭਾਰੀ ਰੋਸ ਪਸਾਰੇ ਦੇ ਬਾਵਜੂਦ ਭਾਜਪਾਈ ਫਿਰਕੂ ਪ੍ਰਚਾਰ ਹੱਲਾ, ਇਸ ਰੋਸ ਪਸਾਰੇ ਦੇ ਉਤੋਂ ਦੀ ਪੈਣ ਵਿੱਚ ਸਫਲ ਨਿੱਬੜਿਆ ਹੈ।
ਇਸ ਤੋਂ ਇਲਾਵਾ, ਇੱਕ ਹੋਰ ਪੱਖ ਨੇ ਵੀ ਪਾਸਾ ਭਾਜਪਾ ਦੇ ਪੱਖ ਵਿੱਚ ਪਲਟਣ ਵਿੱਚ ਅਹਿਮ ਰੋਲ ਨਿਭਾਇਆ ਹੈ। ਇਹ ਪੱਖ ਜਥੇਬੰਦਕ ਤਾਣੇ-ਬਾਣੇ ਅਤੇ ਚੋਣ-ਮੁਹਿੰਮ ਦੀ ਜਥੇਬੰਦੀ ਦਾ ਪੱਖ ਹੈ। ਕਾਂਗਰਸ ਦੇ ਜਥੇਬੰਦਕ ਤਾਣੇ-ਬਾਣੇ ਦੇ ਮੁਕਾਬਲੇ ਭਾਜਪਾ ਅਤੇ ਸੰਘ ਲਾਣੇ ਦਾ ਤਾਣਾ-ਬਾਣਾ ਕਿਤੇ ਵੱਧ ਮਜਬੂਤ ਅਤੇ ਤਿਆਰ-ਬਰ-ਤਿਆਰ ਸੀ। ਚੋਣਾਂ ਤੋਂ ਐਨ ਪਹਿਲਾਂ ਲੱਗਭੱਗ ਡੇਢ ਦਹਾਕਾ ਕਾਂਗਰਸ ਦੇ ਇੱਕ ਵਿਰੋਧੀ ਪਾਰਟੀ ਵਜੋਂ ਆਗੂ ਦਾ ਰੋਲ ਨਿਭਾਅ ਰਹੇ ਸ਼ੰਕਰ ਸਿੰਘ ਬਾਘੇਲਾ ਅਤੇ ਕਈ ਹੋਰ ਵਿਧਾਨ ਸਭਾ ਮੈਂਬਰਾਂ ਦੇ ਕਾਂਗਰਸ ਨੂੰ ਅਲਵਿਦਾ ਕਹਿਣ ਨਾਲ ਕਾਂਗਰਸ ਦੀ ਜਥੇਬੰਦਕ ਤਾਕਤ ਨੂੰ ਕਿਸੇ ਹੱਦ ਤੱਕ ਕਸਾਰਾ ਲੱਗਿਆ ਸੀ। ਆਪਣੇ ਜਥੇਬੰਦਕ ਤਾਣੇ-ਬਾਣੇ ਦੇ ਬਲਬੂਤੇ ਭਾਜਪਾ ਵੱਲੋਂ ਬਹੁ-ਪਰਤੀ ਚੋਣ ਪ੍ਰਚਾਰ ਮੁਹਿੰਮ ਵਿਉਂਤੀ ਗਈ ਸੀ। ਜਿੱਥੇ ਉਸ ਵੱਲੋਂ ਮੋਦੀ ਸਮੇਤ ਭਾਜਪਾ ਦੇ ਸਿਖਰਲੇ ਆਗੂਆਂ ਦੀ ਵੱਡੀ ਗਿਣਤੀ ਨੂੰ ਪ੍ਰਚਾਰ ਮੁਹਿੰਮ ਵਿੱਚ ਝੋਕਿਆ ਗਿਆ, ਉੱਥੇ ਸੰਘ ਲਾਣੇ ਦੀਆਂ ਸਭਨਾਂ ਫਾਂਕਾਂ ਨੂੰ ਵੱਖ ਵੱਖ ਪੱਧਰ 'ਤੇ  ਹਿੰਦੂ ਫਿਰਕੂ ਪਾਲਾਬੰਦੀ ਨੂੰ ਝੋਕਾ ਲਾਉਣ ਲਈ ਵਿਉਂਤਬੱਧ ਢੰਗ ਨਾਲ ਸਰਗਰਮ ਕੀਤਾ ਗਿਆ ਸੀ। ਲੱਗਭੱਗ 50 ਹਜ਼ਾਰ ਵਾਲੰਟੀਅਰਾਂ ਨੂੰ ਪੇਜ-ਮੇਕਰਾਂ ਵਜੋਂ ਤਾਇਨਾਤ ਕੀਤਾ ਗਿਆ ਸੀ। ਜਿਹਨਾਂ ਲਈ ਗਰੁੱਪ ਦੀ ਸ਼ਕਲ ਵਿੱਚ ਹਰ ਰੋਜ਼ 50 ਵੋਟਰਾਂ ਨਾਲ ਸੰਪਰਕ ਕਰਨ ਦਾ ਟੀਚਾ ਮਿਥਿਆ ਗਿਆ ਸੀ। ਵਾਲੰਟੀਅਰਾਂ ਦੇ ਇਹਨਾਂ ਗਰੁੱਪਾਂ ਵੱਲੋਂ ਹਰੇਕ ਵੱਲੋਂ 50 ਵੋਟਰਾਂ ਨਾਲ ਸੰਪਰਕ ਕਰਨ ਦਾ ਮਤਲਬ ਉਹਨਾਂ ਨੂੰ ਭਾਜਪਾ ਨੂੰ ਵੋਟ ਪਾਉਣ ਲਈ ਹੀ ਤਿਆਰ ਨਹੀਂ ਸੀ ਕਰਨਾ ਸਗੋਂ ਉਹਨਾਂ ਨੂੰ ਆਪਣੀ ਨਿਗਾਹਦਾਰੀ ਹੇਠ ਰੱਖਦਿਆਂ ਵੋਟਾਂ ਭੁਗਤਾਉਣ ਲਈ ਲੈ ਕੇ ਜਾਣ ਤੱਕ ਆਪਣੇ ਸੰਪਰਕ ਵਿੱਚ ਰੱਖਣਾ ਸੀ। ਇਸ ਤਰ•ਾਂ ਸੰਘ ਲਾਣੇ ਕੋਲ ਕਾਂਗਰਸ ਨਾਲੋਂ ਮੁਕਾਬਲਤਨ ਕਿਤੇ ਵੱਧ ਮਜਬੂਤ ਜਥੇਬੰਦਕ ਤਾਣਾਬਾਣਾ ਹੋਣ ਕਰਕੇ ਵੋਟ ਭੁਗਤਾਊ ਤਾਕਤ ਮੌਜੂਦ ਸੀ, ਜਿਸ ਦਾ ਫਾਇਦਾ ਉਸ ਵੱਲੋਂ ਖੱਟਿਆ ਗਿਆ। ਇਸਦੇ ਉਲਟ ਕਾਂਗਰਸ ਦਾ ਤਾਣਾ-ਪੇਟਾ ਅਤੇ ਚੋਣਾਂ ਵਾਲੇ ਦਿਨ ਵੋਟ ਭਗੁਤਾਊ ਤਾਕਤ ਕਮਜ਼ੋਰ ਹੋਣ ਕਾਰਨ ਭਾਜਪਾ ਵਿਰੋਧੀ ਵੋਟ ਰੌਂਅ ਨੂੰ ਆਪਣੇ ਹੱਕ ਵਿੱਚ ਢਾਲਣ ਅਤੇ ਭੁਗਤਾਉਣ ਵਿੱਚ ਉਹ ਊਣੀ ਨਿੱਬੜੀ ਹੈ। ਸਿੱਟੇ ਵਜੋਂ ਕਾਂਗਰਸ ਦੇ ਹੱਕ ਵਿੱਚ ਭੁਗਤਣ ਵਾਲੇ ਖੇਤਰਾਂ (ਜਿਵੇਂ ਸੁਰਾਸ਼ਟਰ) ਵਿੱਚ ਕੁੱਲ ਭੁਗਤੀ ਵੋਟ ਪ੍ਰਤੀਸ਼ਤ ਭਾਜਪਾ ਦੇ ਹੱਕ ਵਿੱਚ ਭੁਗਤਣ ਵਾਲੇ ਇਲਾਕਿਆਂ ਨਾਲੋਂ ਲੱਗਭੱਗ 5 ਫੀਸਦੀ ਘੱਟ ਰਹੀ ਹੈ।
ਫਿਰਕੂ-ਪਾਲਾਬੰਦੀ ਦਾ ਪੱਤਾ ਖੇਡਦਿਆਂ ਅਤੇ ਆਪਣੀ ਵੱਡੀ ਤਾਕਤ ਝੋਕਦਿਆਂ ਚਾਹੇ ਸੰਘ ਲਾਣੇ ਵੱਲੋਂ ਗੁਜਰਾਤ ਅੰਦਰ ਛੇਵੀਂ ਵਾਰ ਚੋਣ ਜਿੱਤ ਲਈ ਗਈ ਹੈ, ਪਰ ਇਹਨਾਂ ਚੋਣਾਂ ਸਮੇਤ ਪਿਛਲੀਆਂ ਚੋਣਾਂ 'ਤੇ ਝਾਤ ਮਾਰੀ ਜਾਵੇ ਤਾਂ ਇਹ ਦੇਖਿਆ ਜਾ ਸਕਦਾ ਹੈ ਕਿ ਸੰਘ ਲਾਣੇ ਵੱਲੋਂ ਆਪਣੇ ਫਾਸ਼ੀ ਹਿੰਦੂਤਵੀ ਏਜੰਡੇ ਨੂੰ ਪ੍ਰਯੋਗਸ਼ਾਲਾ ਬਣਾਏ ਗੁਜਰਾਤ ਅੰਦਰ ਉਸ ਵੱਲੋਂ ਕੀਤੀ ਫਿਰਕੂ ਪਾਲਾਬੰਦੀ ਅਤੇ ਇਸ ਨੂੰ ਬਰਕਰਾਰ ਰੱਖਣ ਦੇ ਯਤਨਾਂ ਦੇ ਬਾਵਜੂਦ ਤਕਰੀਬਨ ਹਰ ਸੂਬਾਈ ਵਿਧਾਨ ਸਭਾ ਚੋਣ ਵਿੱਚ ਉਸਦੀਆਂ ਸੀਟਾਂ ਦੀ ਗਿਣਤੀ ਘੱਟ ਰਹੀ ਹੈ ਅਤੇ 2002 ਦੇ ਮੁਸਲਿਮ ਕਤਲੇਆਮ ਤੋਂ ਬਾਅਦ ਹੋਈਆਂ 2002 ਦੀਆਂ ਚੋਣਾਂ ਵਿੱਚ 146, 2007 ਦੀਆਂ ਚੋਣਾਂ ਵਿੱਚ 122 ਅਤੇ 2012 ਵਿੱਚ ਹੋਈਆਂ ਚੋਣਾਂ ਵਿੱਚ 115 ਸੀਟਾਂ ਜਿੱਤੀਆਂ ਗਈਆਂ ਸਨ। ਐਤਕੀਂ ਹੋਈਆਂ ਚੋਣਾਂ ਵਿੱਚ ਸੀਟਾਂ ਦੀ ਗਿਣਤੀ ਘਟ ਕੇ 99 ਰਹਿ ਗਈ ਹੈ। ਇਸੇ ਤਰ•ਾਂ ਹੀ ਉਸਦੀ ਵੋਟ ਪ੍ਰਤੀਸ਼ਤ ਵੀ ਕੁੱਲ ਮਿਲਾ ਕੇ ਹੇਠਾਂ ਸਰਕਦੀ ਆਈ ਹੈ। ਇਹ ਹਕੀਕਤ ਸੰਘ ਲਾਣੇ ਵੱਲੋਂ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਰਚਾ ਕੇ ਅਤੇ ਫਿਰਕੂ ਫਾਸ਼ੀ ਹਰਬੇ ਵਰਤ ਕੇ ਕੀਤੀ ਪਾਲਾਬੰਦੀ ਨੂੰ ਲੱਗ ਰਹੇ ਖੋਰੇ ਦੇ ਰੁਝਾਨ ਦਾ ਇਜ਼ਹਾਰ ਹੈ। ਇਹ ਹਕੀਕਤ ਸਾਮਰਾਜੀਆਂ ਅਤੇ ਉਹਨਾਂ ਦੀਆਂ ਦਲਾਲ ਹਾਕਮ ਜਮਾਤਾਂ ਵੱਲੋਂ ਥਾਪੜਾ ਪ੍ਰਾਪਤ ਸੰਘ ਲਾਣੇ ਦੇ ਫਿਰਕੂ ਫਾਸ਼ੀ ਏਜੰਡੇ ਨੂੰ ਅਮਲ ਵਿੱਚ ਲਿਆਉਣ ਦੀ ਬਾਹਰਮੁਖੀ ਸੀਮਤਾਈ ਨੂੰ ਸਾਹਮਣੇ ਲਿਆਉਂਦੀ ਹੈ।
ਫਿਰਕੂ ਪਾਲਾਬੰਦੀ ਨੂੰ ਬਰਕਰਾਰ ਰੱਖਣ ਅਤੇ ਮਜਬੂਤ ਕਰਨ ਲਈ ਲੱਖ ਯਤਨ ਕਰਨ ਦੇ ਬਾਵਜੂਦ ਵੀ ਗੁਜਰਾਤ ਅੰਦਰ ਹੀ ਫਿਰਕੂ ਪਾਲਾਬੰਦੀ ਨੂੰ ਲੱਗ ਰਹੇ ਖੋਰੇ ਦੇ ਰੁਝਾਨ ਦੀ ਵਜਾਹ ਇਹ ਹੈ ਕਿ ਇਹ ਕਰੋੜਾਂ ਕਰੋੜ ਮਿਹਨਤਕਸ਼ ਜਨਤਾ ਦੀਆਂ ਉੱਭਰਵੀਆਂ ਫੌਰੀ ਅਤੇ ਬੁਨਿਆਦੀ ਲੋੜਾਂ ਨਾਲ ਮੇਲ ਨਹੀਂ ਖਾਂਦੀ। ਹਿੰਦੂਤਵੀ ਫਾਸ਼ੀ ਵਿਚਾਰਧਾਰਾ ਹਾਕਮ ਜਮਾਤਾਂ ਦੇ ਪਿਛਾਖੜੀ ਅਸਲਾਖਾਨੇ ਦਾ ਇੱਕ ਹਥਿਆਰ ਹੈ। ਵਕਤੀ ਤੌਰ 'ਤੇ ਜਨਤਾ ਅੰਦਰ ਲੁੱਟ ਅਤੇ ਦਾਬੇ ਵਿਰੁੱਧ ਗੁੱਸੇ ਅਤੇ ਰੌਂਅ ਨੂੰ ਵਰਤਦਿਆਂ, ਇਸ ਹਥਿਆਰ ਨੂੰ ਸੀਮਤ ਹੱਦ ਅਤੇ ਸੀਮਤ ਅਰਸੇ ਤੱਕ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਰਾਹੀਂ ਜਨਤਾ ਅੰਦਰ ਜਮ•ਾਂ ਹੋ ਰਹੀ ਜਮਾਤੀ ਨਫਰਤ, ਗੁੱਸੇ ਅਤੇ ਲੜਾਕੂ ਰੌਂਅ ਨੂੰ ਔਝੜੀ ਤਾਂ ਪਾਇਆ ਜਾ ਸਕਦਾ ਹੈ, ਪਰ ਇਸ ਜਮਾਤੀ ਨਫਰਤ, ਗੁੱਸੇ ਅਤੇ ਲੜਾਕੂ ਰੌਂਅ ਦੇ ਬਾਹਰਮੁਖੀ ਆਧਾਰ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਜਿਸ ਕਰਕੇ ਜਨਤਾ ਅੰਦਰ ਹਾਕਮ ਜਮਾਤਾਂ ਖਿਲਾਫ ਬੇਚੈਨੀ, ਗੁੱਸੇ ਅਤੇ ਲੜਾਕੂ ਰੌਂਅ ਦੇ ਬਾਰੂਦ ਦੇ ਜਮ•ਾਂ ਹੋਣ ਦਾ ਅਮਲ ਲਗਾਤਾਰ ਜਾਰੀ ਰਹਿੰਦਾ ਹੈ। ਜਨਤਾ ਆਰਥਿਕ ਲੁੱਟ-ਖੋਹ ਅਤੇ ਸਮਾਜਿਕ-ਸਿਆਸੀ ਜਬਰ ਤੇ ਦਾਬੇ ਤੋਂ ਮੁਕਤੀ ਲਈ ਅਹੁਲਦੀ ਹੈ, ਉੱਠਣ ਲਈ ਤਾਂਘਦੀ ਹੈ। ਸਮਾਂ ਬੀਤਣ ਨਾਲ ਜਨਤਾ ਅੰਦਰ ਲੁੱਟ ਅਤੇ ਦਾਬੇ ਖਿਲਾਫ ਜਮ•ਾਂ ਹੋ ਰਹੀ ਔਖ ਅਤੇ ਇਹਨਾਂ ਤੋਂ ਮੁਕਤੀ ਲਈ ਉੱਸਲਵੱਟੇ ਲੈ ਰਹੀ ਤਾਂਘ ਅਤੇ ਫਿਰਕੁ-ਫਾਸ਼ੀ ਵਿਚਾਰਧਾਰਾ ਦੇ ਹਥਿਆਰ ਦਰਮਿਆਨ ਵਿਰੋਧ ਅਤੇ ਟਕਰਾਅ ਸ਼ੁਰੂ ਹੋ ਜਾਂਦਾ ਹੈ। ਜਨਤਾ ਨੂੰ ਦਿਨ-ਬ-ਦਿਨ ਇਹ ਅਹਿਸਾਸ ਅਤੇ ਬੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਫਿਰਕੂ-ਫਾਸ਼ੀ ਹਥਿਆਰ ਉਹਨਾਂ ਲਈ ਨਾ ਰੋਟੀ ਦੇ ਸਕਦਾ ਹੈ, ਨਾ ਰੁਜ਼ਗਾਰ ਦੇ ਸਕਦਾ ਹੈ, ਨਾ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਸਕਦਾ ਹੈ, ਨਾ ਬੇਜ਼ਮੀਨਿਆਂ ਨੂੰ ਜ਼ਮੀਨ ਦੇ ਸਕਦਾ ਹੈ, ਨਾ ਖੁਦਕੁਸ਼ੀ ਮੂੰਹ ਧੱਕੇ ਜਾ ਰਹੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰ ਸਕਦਾ ਹੈ, ਨਾ ਬੇਘਰਿਆਂ ਨੂੰ ਘਰ ਦੇ ਸਕਦਾ ਹੈ, ਨਾ ਔਰਤਾਂ ਨੂੰ ਪਿਤਰੀ ਦਾਬੇ ਤੋਂ ਅਤੇ ਦਲਿਤਾਂ ਨੂੰ ਜਾਤੀਪਾਤੀ ਦਾਬੇ ਤੋਂ ਮੁਕਤ ਕਰ ਸਕਦਾ ਹੈ। ਇਸੇ ਅਸਲੀਅਤ ਦਾ ਇਜ਼ਹਾਰ ਗੁਜਰਾਤ ਅੰਦਰ ਹੋ ਰਿਹਾ ਹੈ।
ਪਰ ਫਿਰਕੂ-ਫਾਸ਼ੀ ਵਿਚਾਰਧਾਰਾ ਤੋਂ ਅਸਰ-ਮੁਕਤੀ ਅਤੇ ਭਰਮ-ਮੁਕਤੀ ਦਾ ਰੁਝਾਨ ਬਹੁਤ ਹੀ ਮੱਠਾ ਹੈ। ਇਸਦਾ ਕਾਰਨ ਇਸ ਰੁਝਾਨ ਨੂੰ ਅੱਡੀ ਲਾਉਣ ਅਤੇ ਰਫਤਾਰ ਮੁਹੱਈਆ ਕਰਨਯੋਗ ਖਰੀ ਧਰਮ-ਨਿਰਲੇਪ, ਲੋਕ-ਹਿਤੈਸ਼ੀ ਅਤੇ ਇਨਕਲਾਬੀ ਸਿਆਸੀ ਤਾਕਤ ਦਾ ਗੁਜਰਾਤ ਵਿੱਚ ਮੌਜੂਦ ਨਾ ਹੋਣਾ ਹੈ। ਜਿੱਥੋਂ ਤੱਕ ਹਾਕਮ ਜਮਾਤਾਂ ਦੀਆਂ ਸਿਆਸੀ ਪਾਰਟੀਆਂ ਵਿਸ਼ੇਸ਼ ਕਰਕੇ ਭਾਜਪਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਸਬੰਧ ਹੈ, ਇਹ ਖੁਦ ਖਰੀ ਧਰਮ-ਨਿਰਲੇਪ ਪਾਰਟੀ ਨਾ ਹੋ ਕੇ ਹਿੰਦੂ ਫਿਰਕਾਪ੍ਰਸਤੀ ਦੇ ਬੋਚਵੇਂ ਪੱਤੇ ਦੀ ਖੇਡ ਖੇਡਦੀ ਹੈ। ਜਿਸ ਨੂੰ ਇਹ ਕਦੇ ਲੁਕਵੇਂ ਅਤੇ ਕਦੇ ਜ਼ਾਹਰਾ, ਕਦੇ ਅਸਿੱਧੇ ਅਤੇ ਕਦੇ ਸਿੱਧੇ ਰੂਪ ਵਿੱਚ ਵੀ ਵਰਤਦੀ ਹੈ। ਇਹਨਾਂ ਚੋਣਾਂ ਦੌਰਾਨ ਸੰਘ ਲਾਣੇ ਦੇ ਹਮਲਾਵਰ ਫਿਰਕੂ ਪ੍ਰਚਾਰ ਹੱਲੇ ਦਾ ਖਰੇ ਧਰਮ ਨਿਰਲੇਪ ਪੈਂਤੜੇ ਤੋਂ ਸਾਹਮਣਾ ਕਰਨ ਦੀ ਬਜਾਇ, ਰਾਹੁਲ ਗਾਂਧੀ ਵੱਲੋਂ ਖੁਦ ਮੰਦਰਾਂ ਦੇ ਦਰਸ਼ਨ ਦੀਦਾਰ ਕਰਨ ਦਾ ਬੀੜਾ ਚੁੱਕ ਲਿਆ ਗਿਆ। 2002 ਵਿੱਚ ਕਰਵਾਏ ਮੁਸਲਿਮ ਕਤਲੇਆਮ ਵਿੱਚ ਮੋਦੀ ਤੇ ਸੰਘ ਲਾਣੇ ਦੀ ਮੁਜਰਮਾਨਾ ਭੂਮਿਕਾ ਅਤੇ ਅਮਿਤਸ਼ਾਹ ਵੱਲੋਂ ਗੁਜਰਾਤ ਦੇ ਗ੍ਰਹਿ ਮੰਤਰੀ ਹੁੰਦਿਆਂ ਰਚਾਏ ਸੋਹਰਾਬੂਦੀਨ ਕੌਸਰ ਬਾਈ  ਅਤੇ ਇਸ਼ਰਤ ਜਹਾਂ ਦੇ ਝੂਠੇ ਪੁਲਸ ਮੁਕਾਬਲਿਆਂ ਵਿੱਚ ਉਸਦੇ ਰੋਲ ਬਾਰੇ ਮੁਕੰਮਲ ਦੜ ਵੱਟ ਲਈ ਗਈ ਹੈ। ਕਾਂਗਰਸ ਵੱਲੋਂ ਹਿੰਦੂ ਫਿਰਕੂ ਜਜ਼ਬਾਤਾਂ ਨੂੰ ਟੁੰਬਣ ਅਤੇ ਪਲੋਸਣ ਵਾਲਾ ਇਹ ਪੈਂਤੜਾ ਜਨਤਾ ਦੀ ਹਿੰਦੂ ਫਿਰਕਾਪ੍ਰਸਤੀ ਦੇ ਰੁਝਾਨ ਤੋਂ ਭਰਮ-ਮੁਕਤੀ ਦੇ ਅਮਲ ਨੂੰ ਤਕੜਾਈ ਬਖਸ਼ਣ ਦੀ ਬਜਾਇ, ਕਮਜ਼ੋਰ ਕਰਨ ਦਾ ਹੀ ਕਾਰਨ ਬਣਦਾ ਹੈ, ਅਤੇ ਇਸਦੀ ਖੱਟੀ ਵੀ ਕਾਂਗਰਸ ਦੀ ਬਜਾਇ, ਭਾਜਪਾ ਦੀ ਝੋਲੀ ਪੈਂਦੀ ਹੈ।

No comments:

Post a Comment