ਫਿਲਮ ਪਦਮਾਵਤੀ ਦੇ ਨਾਂ 'ਤੇ
ਹਿੰਦੂਤਵੀ ਫਿਰਕੂ-ਫਾਸ਼ੀ ਤਾਕਤਾਂ ਦੀਆਂ ਬੁਰਛਾਗਰਦੀਆਂ-ਡਾ. ਅਸ਼ੋਕ ਭਾਰਤੀ
ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ 'ਤੇ ਪੂਰੇ ਦੇਸ਼ ਵਿੱਚ ਤੂਫ਼ਾਨ ਮੱਚਿਆ ਹੋਇਆ ਹੈ। ਇਤਿਹਾਸ ਅਤੇ ਕਲਪਨਾ 'ਤੇ ਆਧਾਰਤ ਇਸ ਫਿਲਮ ਦੇ ਬਣਨ ਦੇ ਸ਼ੁਰੂਆਤੀ ਦੌਰ ਤੋਂ ਹੀ ਹਮਲੇ ਹੁੰਦੇ ਰਹੇ ਹਨ। ਭੰਸਾਲੀ ਦੇ ਥੱਪੜ ਵੀ ਵੱਜੇ। ਨਾਗਪੁਰ ਵਿੱਚ ਫਿਲਮ ਦੇ ਸੈਟ ਦੀ ਭੰਨਤੋੜ ਵੀ ਹੋਈ। ਫਿਲਮ ਰਿਲੀਜ਼ ਹੋਣ ਤੋਂ ਰੋਕਣ ਲਈ ਰਾਜਪੂਤਾਂ ਦੀ ਸਿਰਫ ਇੱਕ ਦਹਾਕਾ ਪੁਰਾਣੀ ਸੰਸਥਾ, ਸ੍ਰੀ ਕਰਨੀ ਸੈਨਾ, ਜਿਸ ਦਾ ਮੁਖੀ ਲੋਕੇਂਦਰ ਸਿੰਘ ਕਾਲਵੀ ਭਾਜਪਾ ਆਗੂ ਹੈ- ਨੇ ਫਿਲਮ ਰਿਲੀਜ਼ ਹੋਣ 'ਤੇ ਪੂਰੇ ਦੇਸ਼ ਵਿੱਚ ਸਿਨੇਮਾ ਘਰ ਸਾੜਨ ਦਾ ਐਲਾਨ ਕਰ ਦਿੱਤਾ ਅਤੇ ਭੰਸਾਲੀ ਅਤੇ ਪਦਮਾਵਤੀ ਦਾ ਰੋਲ ਕਰਨ ਵਾਲੀ ਦੀਪਕਾ ਪਾਦੂਕੋਨ ਦੇ ਸਿਰਾਂ ਦੇ 5-5 ਕਰੋੜ ਰੁਪਏ ਦੇ ਇਨਾਮ ਰੱਖ ਦਿੱਤੇ ਅਤੇ ਦੀਪਕਾ ਨੂੰ ਜਿਉਂਦੇ ਸਾੜਨ ਵਾਲੇ ਅਤੇ ਉਸਦਾ ਨੱਕ ਕੱਟਣ ਵਾਲੇ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ।
ਇਹ ਸਾਰਾ ਵਿਵਾਦ ਭੰਸਾਲੀ ਵੱਲੋਂ ਬਣਾਈ ਫਿਲਮ ਵਿੱਚ ਕੇਂਦਰੀ ਪਾਤਰ ਪਦਮਾਵਤੀ ਬਾਰੇ ਹੈ। ਰਾਜਪੂਤ ਭਾਈਚਾਰੇ ਅਨੁਸਾਰ ਪਦਮਾਵਤੀ ਰਾਜਪੂਤਾਂ ਦੀ ਆਨ ਤੇ ਸ਼ਾਨ ਹੈ ਅਤੇ ਉਸ ਨੂੰ ਭੰਸਾਲੀ ਨੇ ਖਲਨਾਇਕ ਅਲਾਊਦੀਨ ਖਿਲਜੀ ਦੇ ਸਾਹਮਣੇ ਘੂਮਰ ਨਾਚ ਕਰਦਿਆਂ ਵਿਖਾਇਆ ਹੈ ਜਦੋਂ ਕਿ ਰਾਜਪੂਤ ਭਾਈਚਾਰੇ ਦੀਆਂ ਔਰਤਾਂ ਜਨਤਕ ਤੌਰ 'ਤੇ ਅਜਿਹਾ ਵਿਹਾਰ ਨਹੀਂ ਕਰਦੀਆਂ। ਅਸੀਂ ਪਦਮਾਵਤੀ ਦੀ ਪੂਜਾ ਕਰਦੇ ਹਾਂ। ਇਹ ਸਾਰਾ ਵਿਵਾਦ ਉਸ ਵੇਲੇ ਖੜ•ਾ ਹੋਇਆ ਜਦੋਂ ਉੱਤਰ ਪ੍ਰਦੇਸ਼ ਵਿੱਚ ਨਗਰਪਾਲਿਕਾ ਚੋਣਾਂ ਅਤੇ ਗੁਜਰਾਤ ਵਿੱਚ ਸੂਬਾਈ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਅਤੇ ਪ੍ਰਚਾਰ ਚੱਲ ਰਿਹਾ ਸੀ। ਆਰ.ਐਸ.ਐਸ., ਭਾਜਪਾ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਓਮਾ ਭਾਰਤੀ ਅਤੇ ਸੂਚਨਾ ਪ੍ਰਸਾਰਨ ਮੰਤਰੀ ਸਿਮ੍ਰਤੀ ਇਰਾਨੀ ਨੇ ਸਪੱਸ਼ਟ ਬਿਆਨ ਦਿੱਤਾ ਕਿ ਉਹ ਕਰਨੀ ਸੈਨਾ ਦੇ ਨਾਲ ਹਨ, ਭਾਵ ਕੇਂਦਰੀ ਸਰਕਾਰ ਉਸ ਦੇ ਨਾਲ ਹੈ। ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਨਾਲ ਖਲੋ ਗਏ ਅਤੇ ਐਲਾਨ ਕਰ ਦਿੱਤਾ ਕਿ ਵਿਵਾਦ ਹੱਲ ਹੋਣ ਤੋਂ ਪਹਿਲਾਂ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ। ਹਰਿਆਣਾ ਦੀ ਭਾਜਪਾ ਸਰਕਾਰ ਦੇ ਮੀਡੀਆ ਕੋਆਰਡੀਨੇਟਰ ਕੁੰਵਰ ਸੂਰਜ ਪਾਲ ਸਿੰਘ ਅੰਮੂ ਨੇ ਭੰਸਾਲੀ ਅਤੇ ਦੀਪਕਾ ਦੇ ਸਿਰ ਵੱਢਣ ਵਾਲੇ ਨੂੰ ਇਨਾਮ 5 ਕਰੋੜ ਦੋਂ ਵਧਾ ਕੇ 10 ਕਰੋੜ ਅਤੇ ਅਲਾਊਦੀਨ ਖਿਲਜੀ ਦਾ ਰੋਲ ਕਰਨ ਵਾਲੇ ਅਦਾਕਾਰ ਰਣਬੀਰ ਕਪੂਰ ਦੀਆਂ ਲੱਤਾਂ ਤੋੜਨ ਦਾ ਐਲਾਨ ਕਰ ਦਿੱਤਾ। ਵਰਨਣਯੋਗ ਹੈ ਕਿ ਇਸ ਫਿਲਮ ਦਾ ਮੁੱਖ ਨਿਰਮਾਤਾ ਮੁਕੇਸ਼ ਅੰਬਾਨੀ ਹੈ। ਸਟੂਡੀਓ 18 ਵਾਇਆ-ਕਾਮ ਵਿੱਚ ਅੰਬਾਨੀ ਦੇ ਨੈੱਟਵਰਕ ਦਾ 60 ਫੀਸਦੀ ਹਿੱਸਾ ਹੈ। ਦ੍ਰਿਸ਼ ਹਕੀਕੀ ਨਹੀਂ, ਇੱਕ ਸੁਪਨੇ ਦਾ ਦ੍ਰਿਸ਼ (ਡਰੀਮ ਸੀਨ) ਹੈ। ਫਿਲਮ ਵਿੱਚ ਇਤਰਾਜ਼ਯੋਗ ਦ੍ਰਿਸ਼ ਕੱਟਣ ਤੋਂ ਇਨਕਾਰ ਕਰਦਿਆਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ''ਅਧਿਕਾਰਤ ਕੇਂਦਰੀ ਫਿਲਮ ਸੈਂਸਰ ਬੋਰਡ ਦੇ ਸਾਹਮਣੇ ਮਾਮਲਾ ਵਿਚਾਰ ਅਧੀਨ ਹੈ। ਜਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕ ਕਿਸ ਤਰ•ਾਂ ਇਹ ਕਹਿ ਸਕਦੇ ਹਨ ਕਿ ਸੈਂਸਰ ਬੋਰਡ ਏ. ਸਰਟੀਫਿਕੇਟ ਜਾਰੀ ਕਰੇ ਜਾਂ ਨਹੀਂ। ਸਾਨੂੰ ਵਿਸ਼ਵਾਸ਼ ਹੈ ਕਿ ਨੇਤਾ ਕਾਨੂੰਨ ਦੁਆਰਾ ਤਹਿ ਖੇਤਰ ਦੀ ਹੱਦ ਤੋਂ ਬਾਹਰ ਨਹੀਂ ਜਾਣਗੇ।'' ਇਸ ਪ੍ਰਕਿਰਿਆ ਵਿੱਚ ਹੀ ਫਿਲਮ ਨਿਰਦੇਸ਼ਕ ਨੇ ਫਿਲਮ 1 ਦਸੰਬਰ ਨੂੰ ਰਿਲੀਜ਼ ਕਰਨ ਦਾ ਫੈਸਲਾ ਸਵੈ-ਇੱਛਿਆ ਨਾਲ ਮੁਲਤਵੀ ਕਰ ਦਿੱਤਾ।
ਕਲਪਨਾ ਬਨਾਮ ਇਤਿਹਾਸ
ਪਦਮਾਵਤੀ ਮਲਕ ਮੁਹੰਮਦ ਜਾਇਸੀ (ਅਵਧ ਵਾਸੀ) ਦੇ ਕਾਵਿ ਰਚਨਾ ਦੀ ਨਾਇਕਾ ਹੈ, ਜੋ ਸ੍ਰੀ ਲੰਕਾ ਦੇ ਰਾਜਾ ਗੰਧਰਵ ਸੈਨ ਦੀ ਪੁਤਰੀ/ਰਾਜਕੁਮਾਰੀ ਸੀ, ਉਸ ਦਾ ਬੋਲਣ ਵਾਲਾ ਹੀਰਾਮਨ ਨਾਮੀ ਤੋਤਾ ਕਿਸੇ ਤਰ•ਾਂ ਚਿਤੌੜ ਦੇ ਰਾਜੇ ਰਤਨਸੇਨ ਕੋਲ ਪੁੱਜ ਗਿਆ ਅਤੇ ਉਸ ਤੋਂ ਪਦਮਾਵਤੀ ਦੀ ਖੂਬਸੂਰਤੀ ਦੇ ਚਰਚੇ ਸੁਣ ਕੇ ਰਤਨਸੇਨ ਸਾਧੂ ਦੇ ਰੂਪ ਵਿੱਚ ਉਸ ਨੂੰ ਵਿਆਹ ਲਿਆਇਆ ਤੇ ਉਸਦੇ ਆਪਣੇ ਅਪਮਾਨਿਤ ਕੀਤੇ ਹੋਏ ਜੋਤਿਸ਼ੀ ਰਾਘਵ ਚੇਤਨ ਤੋਂ ਉਸਦੀ ਦੀ ਚਰਚਾ ਸੁਣ ਅਲਾਊਦੀਨ ਖਿਲਜੀ ਨੇ ਚਿਤੌੜ 'ਤੇ ਹਮਲਾ ਕਰ ਦਿੱਤਾ। ਅੱਠ ਸਾਲ ਯੁੱਧ ਤੋਂ ਬਾਅਦ ਝੂਠੇ ਸੰਧੀ ਪ੍ਰਸਤਾਵ ਦੇ ਤਹਿਤ ਅਲਾਊਦੀਨ ਨੇ ਰਤਨਸੇਨ ਨੂੰ ਕੈਦ ਕਰ ਲਿਆ ਜਿਸ ਨੂੰ ਭੇਸ ਬਦਲ ਕੇ ਪਦਮਾਵਤੀ ਨੇ ਰਿਹਾਅ ਕਰਾ ਲਿਆ। ਰਾਜਾ ਕੁੰਭਲਨੇਰ ਜੋ ਪਦਮਾਵਤੀ 'ਤੇ ਮੋਹਿਤ ਸੀ ਨਾਲ ਰਤਨਸੇਨ ਦਾ ਯੁੱਧ ਹੋਇਆ। ਕੁੰਭਲਨੇਰ ਮਾਰਿਆ ਗਿਆ ਪਰ ਬਾਅਦ ਵਿੱਚ ਰਤਨਸੇਨ ਵੀ ਮਰ ਗਿਆ। ਤੇ ਦੁਬਾਰਾ ਖਿਲਜੀ ਦੇ ਹਮਲੇ ਅੱਗੇ ਬੇਵਸ ਪਦਮਾਵਤੀ ਨੇ ਆਪਣੀ ਇੱਜਤ ਬਚਾਉਣ ਲਈ 1600 ਔਰਤਾਂ ਸਮੇਤ ਜੌਹਰ (ਆਤਮਦਾਹ) ਕਰ ਲਿਆ।
ਦੂਜੇ ਪਾਸੇ ਬਰਤਾਨਵੀ ਅਧਿਕਾਰੀ ਜੇਮਜ ਟਾਡਾ (1782-1835) ਨੇ ਲਿਖਿਆ ਹੈ ਕਿ ਪਦਮਾਵਤੀ ਨੂੰ ਸ਼ੀਸ਼ੇ ਵਿੱਚ ਦਿਖਾਉਣ ਦੀ ਸ਼ਰਤ 'ਤੇ ਯੁੱਧ ਰੁਕਿਆ। ਖਿਲਜੀ ਦੇ ਦੂਜੇ ਹਮਲੇ ਵਿੱਚ ਰਾਣਾ ਰਤਨਸੇਨ ਦੇ ਆਪਣੇ 11 ਪੁੱਤਰਾਂ ਸਹਿਤ ਮਾਰੇ ਜਾਣ ਦੀ ਗੱਲ ਕਹੀ ਹੈ।
ਪਦਮਾਵਤੀ ਦੇ ਇਤਿਹਾਸਕ ਸੰਦਰਭ ਬਾਰੇ ਮੱਧ ਕਾਲੀਨ ਇਤਿਹਾਸ ਦੇ ਮਾਹਿਰ ਹਰਬੰਸ ਮੁਖੀਆ ਲਿਖਦੇ ਹਨ, ''ਖਿਲਜੀ ਨੇ ਚਿਤੌੜ ਦੇ ਰਾਣਾ ਨੂੰ 1302 ਵਿੱਚ ਹਰਾਇਆ। ਖਿਲਜੀ ਦੀ ਮੌਤ 1316 ਵਿੱਚ ਹੋਈ। ਉਸ ਵੇਲੇ ਤੱਕ ਪਦਮਨੀ ਜਾਂ ਪਦਮਾਵਤੀ ਨਾ ਦੀ ਕਿਸੇ ਹੱਡ-ਮਾਸ ਦੀ ਇਸਤਰੀ ਦੀ ਕੋਈ ਹੋਂਦ ਨਹੀਂ ਸੀ। ਉਸਦਾ ਜਨਮ ਖਿਲਜੀ ਦੀ ਮੌਤ ਦੇ 224 ਸਾਲ ਬਾਅਦ 1540 ਨੂੰ ਜਾਇਸੀ ਦੀ ਕਾਵਿ ਕਿਰਤ ਵਿੱਚ ਹੋਇਆ ਜੋ ਚਿਤੌੜ ਤੋਂ ਬਹੁਤ ਦੂਰ ਅਵਧ ਵਿੱਚ ਰਹਿੰਦਾ ਸੀ ਤੇ ਸੂਫੀ ਕਵੀ ਸੀ। ਸੂਫੀ ਮੱਤ ਵਿੱਚ ਅੱਲਾਹ ਪ੍ਰੇਮੀ ਤੇ ਮਨੁੱਖ ਪੇਮਿਕਾ ਹੈ ਤੇ ਉਹਨਾਂ ਦੇ ਮਿਲਣ ਵਿੱਚ ਸਭ ਰੁਕਾਵਟਾਂ ਪੈਦਾ ਹੁੰਦੀਆਂ ਹਨ। ਖਿਲਜੀ ਪ੍ਰੇਮੀ ਪ੍ਰੇਮਿਕਾ ਦੇ ਦਰਮਿਆਨ ਦੀ ਰੁਕਾਵਟ ਹੈ। ਇਸ ਪੂਰੀ ਕਹਾਣੀ ਵਿੱਚ ਦੋ ਹੀ ਤੱਥ ਪ੍ਰਸੰਗਿਕ ਹਨ, ਖਿਲਜੀ ਦਾ ਚਿਤੌੜ 'ਤੇ ਹਮਲਾ ਅਤੇ ਰਤਨਸੇਨ ਦੀ ਹਾਰ।'' ਹੋਰ ਅੱਗੇ ਹਰਬੰਸ ਮੁਖੀਆ ਲਿਖਦੇ ਹਨ, ''ਬੰਗਾਲ ਵਿੱਚ 19ਵੀਂ ਸਦੀ ਵਿੱਚ ਪਦਮਨੀ ਦੇ ਜੌਹਰ ਦੀ ਕਹਾਣੀ ਘੜੀ ਗਈ, ਜਿਸ ਵਿੱਚ ਪਦਮਨੀ ਨੂੰ ਇੱਕ ਅਜਿਹੀ ਮਹਾਂਨਾਇਕਾ ਦਾ ਸਥਾਨ ਦਿੱਤਾ ਗਿਆ, ਜਿਸ ਨੇ ਮੁਸਲਿਮ ਹਮਲਾਵਰ ਤੋਂ ਆਪਣੀ ਇਜੱਤ ਬਚਾਉਣ ਲਈ 1300 ਔਰਤਾਂ ਸਮੇਤ (ਆਤਮਦਾਹ) ਦਾ ਰਾਹ ਚੁਣਿਆ।
ਅੱਜ ਦੇ ਹਿੰਦੂਤਵੀ ਦੌਰ ਵਿੱਚ ਆਰ.ਐਸ.ਐਸ. ਅਤੇ ਉਸਦੀਆਂ ਸਭ ਸ਼ਾਖਾਵਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸਭ ਇਤਿਹਾਸਕ ਤੱਥਾਂ ਜਾਂ ਹਕੀਕਤਾਂ ਨੂੰ ਮੇਟ ਕੇ ਬਹੁਗਿਣਤੀ ਦੀ ਆਸਥਾ/ਵਿਸ਼ਵਾਸ਼ ਦੀ ਪਹਿਲ ਨੂੰ ਸਥਾਪਿਤ ਕੀਤਾ ਜਾਵੇ ਜਿਸ ਦੇ ਤਹਿਤ ਉਹ ਖਿਲਜੀ ਮੁਸਲਿਮ ਨੂੰ ਨਾਇਕ ਅਤੇ ਰਤਨਸੇਨ ਅਤੇ ਪਦਮਨੀ ਹਿੰਦੂ ਨੂੰ ਨਾਇਕ ਬਣਾਉਣ ਲਈ ਪਦਮਾਵਤੀ ਨੂੰ ਹਿੰਦੂ ਧਰਮ ਦੀ ਸ਼ਾਨ, ਰਾਸ਼ਟਰ-ਮਾਤਾ ਅਤੇ ਭਾਰਤੀ ਔਰਤਾਂ ਦੇ ਸਨਮਾਨ ਦਾ ਚਿੰਨ• ਬਣਾਉਣ ਦੇ ਯਤਨ ਕਰ ਰਹੇ ਹਨ। ਮੱਧ ਪ੍ਰਦੇਸ਼ ਸਰਕਾਰ ਨੇ ਤਾਂ ਪਦਮਾਵਤੀ ਦੇ ਨਾਂ 'ਤੇ ਇਨਾਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵਾਸ਼ ਦੇ ਨਾਂ 'ਤੇ ਬਾਬਰੀ ਮਸਜ਼ਿਦ ਨੂੰ ਰਾਮ ਜਨਮ ਭੂਮੀ ਐਲਾਨਣਾ, ਹਲਦੀ ਘਾਟੀ ਦੇ ਯੁੱਧ ਵਿੱਚ ਅਕਬਰ ਦੀ ਥਾਂ ਰਾਣਾ ਪ੍ਰਤਾਪ ਨੂੰ ਜੇਤੂ ਦਰਸਾਉਣਾ, ਮੱਧ ਕਾਲ ਦੇ ਇਤਿਹਾਸ ਵਿੱਚੋਂ ਸਲਤਨਤ ਕਾਲ ਤੇ ਮੁਗਲ ਕਾਲ ਨੂੰ ਬਾਹਰ ਕਰਨਾ, ਸਕੂਲੀ ਸਿਲੇਬਸ ਵਿੱਚ ਹਕੀਕਤਾਂ ਨੂੰ ਤੋੜਨਾ ਮਰੋੜਨਾ, ਉਸਦੀਆਂ ਇਤਿਹਾਸ ਨੂੰ ਦੁਬਾਰਾ ਲਿਖਣ ਦੀਆਂ ਕਰਵਾਈਆਂ ਦਾ ਹਿੱਸਾ ਹੈ। ਇਸ ਦੇ ਨਾਲ ਅਜਿਹੀਆਂ ਕੋਸ਼ਿਸ਼ਾਂ ਜਾਰੀ ਹਨ ਕਿ ਇਤਿਹਾਸ ਵਿੱਚ ਮੁਗਲ ਰਾਜਿਆਂ ਨੂੰ ਸ਼ੈਤਾਨ ਹਮਲਾਵਰ, ਗਦਾਰ ਅਤੇ ਹਿੰਦੂ ਰਾਜਿਆਂ ਨੂੰ ਦੇਸ਼ ਭਗਤ ਸਾਬਤ ਕੀਤਾ ਜਾਵੇ ਜਿਵੇਂ ਕਿ ਸ਼ੇਰੇ-ਮੈਸੂਰ, ਆਜ਼ਾਦੀ ਦੇ ਪ੍ਰਵਾਨੇ ਟੀਪੂ ਸੁਲਤਾਨ ਦੇ ਮਾਮਲੇ ਵਿੱਚ ਕੀਤਾ ਜਾ ਰਿਹਾ ਹੈ ਬੇਸ਼ੱਕ ਉਹਨਾਂ ਦੀ ਜਨਮ ਭੂਮੀ ਤੇ ਕਰਮ ਭੂਮੀ ਭਾਰਤ ਹੀ ਹੋਵੇ।
ਜਾਗੀਰੂ ਕਦਰਾਂ-ਕੀਮਤਾਂ ਨੂੰ ਉਚਿਆਉਣ ਤੇ ਮੁੜ ਬਹਾਲੀ ਦੇ ਯਤਨ
ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਪਦਮਾਵਤੀ ਇਤਿਹਾਸਕ ਪਾਤਰ ਸੀ ਤੇ ਉਸਨੇ ਖਿਲਜੀ ਤੋਂ ਇਜੱਤ ਬਚਾਉਣ ਲਈ ਜੌਹਰ (ਆਤਮਦਾਹ) ਕੀਤਾ ਤਾਂ ਵੀ ਅੱਜ ਦੇ ਸਮੇਂ ਇਹ ਭਾਰਤੀ ਔਰਤਾਂ ਲਈ ਸਨਮਾਨ ਚਿੰਨ• ਕਿਵੇਂ ਹੈ? ਅਸਲ ਵਿੱਚ ਪਦਮਾਵਤੀ ਨੂੰ ਸਨਾਮਨ ਚਿੰਨ• ਬਣਾਉਣ ਪਿੱਛੇ ਆਰ.ਐਸ.ਐਸ. ਦੇ ਏਜੰਡੇ ਹਿੰਦੂ ਰਾਸ਼ਟਰ ਦੀ ਪ੍ਰਾਪਤੀ ਦੀ ਇੱਛਾ ਹੀ ਕੰਮ ਕਰਦੀ ਹੈ ਕਿਉਂਕਿ ਹਿੰਦੂਤਵ ਟਿਕਿਆ ਹੀ ਜਾਗੀਰੂ ਸੰਸਕਾਰਾਂ ਅਤੇ ਕਦਰਾਂ ਕੀਮਤਾਂ 'ਤੇ ਹੈ ਜੋ ਘੋਰ ਰੂਪ ਵਿੱਚ ਔਰਤ, ਦਲਿਤ ਅਤੇ ਮੁਸਲਿਮ ਵਿਰੋਧੀ ਹੈ। ਦੇਹ ਦੀ ਪਵਿੱਤਰਤਾ (ਸਤੀਤਵ) ਹੀ ਭਾਰਤੀ ਨਾਰੀ ਦੇ ਸਭ ਤੋਂ ਵੱਡੇ ਆਦਰਸ਼ਾਂ ਵਜੋਂ ਪ੍ਰਚਾਰੀ ਜਾਂਦੀ ਰਹੀ ਹੈ। ਇਸ ਕਰਕੇ ਇਸਤਰੀ ਮਰਦ ਦੀ ਜਿਉਂਦੇ ਜੀਅ ਵੀ ਦਾਸੀ/ਗੁਲਾਮ ਤੇ ਮਰਨ ਤੋਂ ਬਾਅਦ ਵੀ ਗੁਲਾਮ ਰਹੇ। ਇਸੇ ਲਈ ਉਸ ਨੂੰ ਪਤੀ ਦੀ ਮੌਤ ਤੋਂ ਬਾਅਦ ਸਾੜ ਦਿੱਤਾ ਜਾਂਦਾ ਜਾਂ ਸੜਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ। ਅਤੇ ਸ਼ਹੀਦ ਦੇ ਨਾਂ 'ਤੇ ਪੂਜਿਆ ਜਾਂਦਾ ਸੀ। ਸਤੀ ਨਾ ਹੋਣ ਵਾਲੀਆਂ ਨੂੰ ਤਾਂ ਜ਼ਿੰਦਗੀ ਭਰ ਵਿਧਵਾ ਦਾ ਸਰਾਪਿਆ ਜੀਵਨ ਬਤੀਤ ਕਰਨ ਲਈ ਮਜਬੂਰ ਕੀਤਾ ਜਾਂਦਾ। ਇਸ ਪਿੱਛੇ ਵੀ ਗੱਲ ਇਹੋ ਸਥਾਪਿਤ ਕਰਨ ਦੀ ਸੀ ਕਿ ਮੌਤ ਤੋਂ ਬਾਅਦ ਵੀ ਪਤੀ ਦਾ ਪਤਨੀ 'ਤੇ ਅਧਿਕਾਰ ਹੁੰਦਾ ਹੈ।
ਇਹ ਵੀ ਹਕੀਕਤ ਹੈ ਕਿ ਦੇਹ ਦੀ ਸ਼ੁੱਧਤਾ (ਸਤੀਤਵ) ਦਾ ਆਦਰਸ਼ ਕੇਵਲ ਉੱਚੀਆਂ ਜਾਤਾਂ ਦੀਆਂ ਔਰਤਾਂ ਵਾਸਤੇ ਸੀ ਹੇਠਲੀਆਂ ਜਾਤਾਂ ਯਾਨੀ ਸ਼ੂਦਰ ਅਤੇ ਮਹਾਂਸ਼ੂਦਰ ਦਲਿਤ ਅਤੇ ਮਹਾਂ-ਦਲਿਤ ਜਾਤਾਂ ਦੀਆਂ ਔਰਤਾਂ ਤਾਂ ਇਹਨਾਂ ਅਖੌਤੀ ਸਤੀਤਵ ਦੇ ਸਿਰਜਣਹਾਰਿਆਂ ਤੇ ਪਾਲਣਹਾਰਿਆਂ ਦੇ ਮਰਦਾਂ ਵਾਸਤੇ ਮਨਚਾਹਿਆ ਸ਼ਿਕਾਰ ਸਨ, ਯਾਨੀ ਇਹਨਾਂ ਲਈ ਭੋਗ ਦੀ ਵਸਤੁ ਹੀ ਸਨ।
ਰਾਣੀ ਪਦਮਾਵਤੀ ਦੇ ਸਨਮਾਨ ਦੀ ਚਿੰਤਾ ਵਿੱਚ ਗਰੱਸੇ ਹਿੰਦੂਤਵੀ ਲਾਣੇ ਅਤੇ ਇਹਨਾਂ ਦੀ ਮੁਹਰੈਲ ਸ੍ਰੀ ਕਰਨੀ ਸੈਨਾ ਨੂੰ ਅੱਜ ਭਾਰਤ ਦੇ ਪਿੰਡਾਂ ਵਿੱਚ ਨਿੱਤ ਦਲਿਤ ਔਰਤਾਂ ਨਾਲ ਵਾਪਰਦੇ ਘ੍ਰਿਣਾਜਨਕ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੇ ਕਾਂਡ ਬਿਲਕੁੱਲ ਵੀ ਨਜ਼ਰ ਨਹੀਂ ਆਉਂਦੇ। ਪਿੰਡਾਂ ਦੇ ਪਿੰਡ ਉੱਚ ਜਾਤੀ ਠਾਕਰ ਰਾਜਪੂਤਾਂ ਵੱਲੋਂ ਸਾੜ ਦਿੱਤੇ ਜਾਂਦੇ ਹਨ ਅਤੇ ਦਲਿਤ ਔਰਤਾਂ ਦੇ ਨਗਨ ਮੁਜਾਹਰੇ ਕੀਤੇ ਜਾਂਦੇ ਹਨ, ਪਰ ਇਹਨਾਂ ਨੂੰ ਬਿਲਕੁੱਲ ਸਤੀਤਵ ਤੇ ਦੇਹ ਦੀ ਪਵਿੱਤਰਤਾ ਵਰਗੇ ਸੰਕਲਪ ਯਾਦ ਨਹੀਂ ਆਉਂਦੇ। ਉਦੋਂ ਵੀ ਜਦੋਂ ਠਾਕਰਾਂ ਦੀ ਸਤਾਈ ਫੂਲਨ ਦੇਵੀ ਦੀ ਜ਼ਿੰਦਗੀ 'ਤੇ ਬਣਾਈ ਫਿਲਮ ਵਿਚ ਨਗਨ ਦ੍ਰਿਸ਼ ਦਿਖਾਏ ਜਾਂਦੇ ਹਨ, ਇਹਨਾਂ ਦੀ ਪਦਮਾਵਤੀ ਦੇ ਘੂਮਰ ਨਾਚ ਉੱਤੇ ਕੁਰਲਾ ਉੱਠਣ ਵਾਲੀ ਆਤਮਾ ਸੁੱਤੀ ਰਹਿੰਦੀ ਹੈ। ਇਸ ਫਿਲਮ ਦੇ ਵਿਰੋਧ ਵਿੱਚ ਪ੍ਰਗਟ ਹੋ ਰਹੀਆਂ ਭਾਵਨਾਵਾਂ ਨੂੰ ਹਿੰਦੂਤਵੀ ਏਜੰਡੇ ਤੋਂ ਵੱਖ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ।
No comments:
Post a Comment