Tuesday, 2 January 2018

ਲੁੱਟ ਦੇ ਨਵੇ ਰਿਕਾਰਡ ਭਾਜਪਾ ਦੇ ਆਗੂਆਂ ਦੀਆਂ ਧਾਂਦਲੀਆਂ


ਲੁੱਟ ਦੇ ਨਵੇ ਰਿਕਾਰਡ
ਭਾਜਪਾ ਦੇ ਆਗੂਆਂ ਦੀਆਂ ਧਾਂਦਲੀਆਂ
-ਚੇਤਨ
ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜਯ ਅਮਿਤ ਸ਼ਾਹ ਵੱਲੋਂ ਗੈਰ ਵਾਜਬ ਤਰੀਕੇ ਨਾਲ ਸਰਮਾਇਆ ਇਕੱਤਰ ਕਰਨ ਬਾਰੇ ਅਮਲ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰਿਆਂ 'ਤੇ ਗਿਆ ਹੁੱਬ ਬੁੱਬ ਕੇ ਐਲਾਨ ਕਰ ਰਿਹਾ ਸੀ ਕਿ ''ਮੇਰੀ ਸਰਕਾਰ ਦੇ ਸਾਢੇ ਤਿੰਨ ਸਾਲ ਵਿੱਚ ਇੱਕ ਵੀ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਨਹੀਂ ਆਇਆ, ਭਾਵ ਕਿਸੇ ਦੀ ਜੁਅਰਤ ਨਹੀਂ ਪਈ ਕਿ ਕੋਈ ਅਜਿਹਾ ਇਲਜਾਮ ਲਾ ਸਕੇ।
ਜੈਸ਼ਾਹ ਦੀ ਟੈਂਪਲ ਐਂਟਰਪ੍ਰਾਈਜਜ਼ ਦੇ ਕਾਰਨਾਮੇ
ਇੰਟਰਨੈੱਟ ਵੈਬਸਾਈਟ ''ਦੀ ਵਾਈਰ'' ਨੇ ਇੱਕ ਰਿਪੋਰਟ ਪੇਸ਼ ਕੀਤੀ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਟੈਂਪਲ ਐਂਟਰਪ੍ਰਾਈਜਜ਼ ਦੇ ਮੁਨਾਫੇ ਵਿੱਚ, ਮੋਦੀ ਦੇ ਪ੍ਰਧਾਨ ਮੰਤਰੀ ਬਣਨ ਅਤੇ ਅਮਿਤ ਸ਼ਾਹ ਦੇ ਪਾਰਟੀ ਪ੍ਰਧਾਨ ਬਣਨ ਦੇ ਇੱਕ ਸਾਲ ਵਿੱਚ 16000 ਗੁਣਾਂ ਵਾਧਾ ਹੋਇਆ ਹੈ ਅਤੇ ਇੱਕ ਸਾਲ ਵਿੱਚ ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਦਾ ਮਾਲੀਆ 50 ਹਜ਼ਾਰ ਰੁਪਏ 80 ਕਰੋੜ ਰੁਪਏ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਉਸਦੀ ਕੰਪਨੀ ਜੋ ਮੁੱਖ ਤੌਰ 'ਤੇ ਸਟਾਕ ਟਰੇਡਿੰਗ ਵਿੱਚ ਸਰਗਰਮ ਸੀ, ਇਸਦਾ ਕਾਰੋਬਾਰ ਜਨਤਕ ਖੇਤਰ ਦੇ ਅਦਾਰਿਆਂ ਤੋਂ ਕਰਜ਼ੇ ਲੈ ਕੇ ਵਿੰਡ ਮਿੱਲ ਹਵਾਈ ਚੱਕੀਆਂ ਤੱਕ ਫੈਲ ਗਿਆ ਹੈ। ''ਵਾਇਰ'' ਵੈਬਸਾਈਟ ਦੀ ਪੱਤਰਕਾਰ ਰੋਹਿਨੀ ਸਿੰਘ ਹੁਣ ਤੱਕ ਇਕਨਾਮਿਕ ਟਾਈਮਜ਼ ਨਾਲ ਕੰਮ ਕਰਦੀ ਰਹੀ ਹੈ ਤੇ ਜਿਸ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਡੀ.ਐਲ.ਐਫ. ਕੰਪਨੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਮੁਹੱਈਆ ਕਰਵਾਏ ਬਿਨਾ ਸ਼ਰਤ ਕਰਜ਼ਿਆਂ ਅਤੇ ਜਾਇਦਾਦ ਵਧਾਉਣ ਦਾ ਸਕੈਂਡਲ ਦਾ ਪਰਦਾਫਾਸ਼ ਕੀਤਾ ਸੀ, ਉਸਨੇ ਜੈ ਸ਼ਾਹ ਮਾਮਲੇ ਵਿੱਚ ਆਰ.ਓ.ਸੀ. (ਰਜਿਸਟਰਾਰ ਆਫ ਕੰਪਨੀਜ਼) ਦੀਆਂ ਫਾਈਲਾਂ ਦੇ ਆਧਾਰ 'ਤੇ ਠੋਸ ਤੱਥ ਸਾਹਮਣੇ ਲਿਆਂਦੇ ਹਨ। ਆਰ.ਓ.ਸੀ. ਤੋਂ ਹਾਸਲ ਕੰਪਨੀ ਦੀਆਂ ਬੇਲੈਂਸ ਸ਼ੀਟਾਂ ਅਤੇ ਰਿਪੋਰਟਾਂ ਦੇ ਅਨੁਸਾਰ 2013-14 ਦੇ ਮਾਲੀ ਸਾਲ ਦੇ ਅੰਤ ਤੱਕ ਸ਼ਾਹ ਦੀ ਟੈਂਪਲ ਐਂਟਰਪ੍ਰਾਈਜਜ਼ ਕੰਪਨੀ ਦੀ ਨਾਮਾਤਰ ਸਰਗਰਮੀ ਸੀ ਅਤੇ ਇਸ ਦੌਰਾਨ 6230 ਰੁਪਏ ਅਤੇ 1724 ਰੁਪਏ ਕਰਮਵਾਰ ਘਾਟਾ ਦਿਖਾਇਆ ਗਿਆ ਹੈ। 2015-16 ਵਿੱਚ 80.5 ਕਰੋੜ ਕਾਰੋਬਾਰ ਤੱਕ ਛਾਲ ਮਾਰਨ ਤੋਂ ਪਹਿਲਾਂ 2014-15 ਵਿੱਚ ਸਿਰਫ 50000 ਮਾਲੀਏ 'ਤੇ 18,728 ਰੁਪਏ ਦਾ ਮੁਨਾਫਾ ਦਿਖਾਇਆ ਗਿਆ। ਕੰਪਨੀ ਦੇ ਮਾਲੀਏ ਵਿੱਚ ਹੈਰਾਨੀਜਨਕ ਵਾਧਾ ਉਦੋਂ ਹੁੰਦਾ ਹੈ ਜਦੋਂ ਇਸ ਨੂੰ ਇੱਕ ਵਿੱਤੀ ਸੇਵਾ ਕੰਪਨੀ (ਫਾਈਨੈਂਸ਼ੀਅਲ ਸਰਵਿਸ ਕੰਪਨੀ) ਤੋਂ 17.78 ਕਰੋੜ ਰੁਪਏ ਦਾ ਗਾਰੰਟੀ ਰਹਿਤ ਕਰਜ਼ਾ ਮਿਲਦਾ ਹੈ। ਇਹ ਵਿੱਤੀ ਕੰਪਨੀ ਰਾਜੇਸ਼ ਖੰਡਵਾਲਾ (ਜੋ ਭਾਜਪਾ ਦੇ ਗੁਜਰਾਤ ਵਿੱਚ ਸੰਸਦ ਮੈਂਬਰ ਪੀਰਾਮੱਲ ਨਾਥਵਾਨੀ ਦਾ ਕੁੜਮ ਹੈ ਅਤੇ ਰਿਲਾਇੰਸ ਇੰਡਸਟਰੀ ਦਾ ਚੋਟੀ ਦਾ ਅਧਿਕਾਰੀ ਹੈ) ਦੀ ਮਾਲਕੀ ਹੈ। ਇੱਕ ਸਾਲ ਬਾਅਦ ਅਕਤੂਬਰ 2016 (ਨੋਟਬੰਦੀ ਤੋਂ ਇੱਕ ਮਹੀਨਾ ਪਹਿਲਾਂ) ਵਿੱਚ ਜੈ ਸ਼ਾਹ ਦੀ ਕੰਪਨੀ ਆਪਣੀਆਂ ਸਾਰੀਆਂ ਕਾਰੋਬਾਰੀ ਸਰਗਰਮੀਆਂ ਇੱਕਦਮ ਸਮੇਟ ਲੈਂਦੀ ਹੈ ਤੇ ਡਾਇਰੈਕਟਰ ਦੀ ਰਿਪੋਰਟ ਵਿੱਚ ਐਲਾਨ ਕਰਦੀ ਹੈ ਕਿ ਟੈਂਪਲ ਕੰਪਨੀ ਦੀ ਸਾਰੀ ਦੌਲਤ ਖਤਮ ਹੋ ਗਈ ਹੈ। ਚਿਪਕਾਏ ਗਏ ਵੇਰਵੇ ਵਿੱਚ ਇਹ ਉਸ ਸਾਲ 1.4 ਕਰੋੜ ਤੇ ਪਿਛਲੇ ਘਾਟਿਆਂ ਦਾ ਜ਼ਿਕਰ ਕਰਦੀ ਹੈ। ਜਦੋਂ ''ਵਾਇਰ'' ਨੇ ਸ਼ਾਹ ਨੂੰ ਉਸਦੀ ਟੈਂਪਲ ਐਂਟਰਪ੍ਰਾਈਜਜ਼ ਸਰਮਾਏ ਦੇ ਵੱਡੇ ਹਿੱਸੇ ਦੀ ਸਥਾਨ ਬਦਲੀ ਅਤੇ ਉਸਦੇ ਨਵੇ ਕਾਰੋਬਾਰ ਬਾਰੇ ਸੁਆਲਨਾਮਾ ਭੇਜਿਆ ਤਾਂ ਉਸ ਤੋਂ ਅਗਲੇ ਦਿਨ ਉਸਦੇ ਵਕੀਲ ਮਾਨਕ ਡੋਗਰਾ ਨੇ ਜੁਆਬ ਵਿੱਚ ਚਿਤਾਵਨੀ ਤੇ ਫੌਜਦਾਰੀ ਤੇ ਸਿਵਲ ਕੇਸਾਂ ਵਿੱਚ ਫਸਾਉਣ ਦੀ ਇਹ ਧਮਕੀ ਭੇਜ ਦਿੱਤੀ ਕਿ ਅਣਉਚਿੱਤ ਤੇ ਇਲਜ਼ਾਮ-ਤਰਾਸ਼ੀ ਤੋਂ ਸਾਵਧਾਨ ਰਹੋ, ਨਹੀਂ ਤਾਂ ਤੁਹਾਨੂੰ ਅਦਾਲਤ ਵਿੱਚ ਘਸੀਟਿਆ ਜਾਵੇਗਾ।
ਟੈਂਪਲ ਐਂਟਰਪ੍ਰਾਈਜਜ਼ ਦਾ ਖਿਸਕਦਾ ਸਰਮਾਇਆ
ਆਰ.ਓ.ਸੀ. ਦੀ ਫਾਈਲ ਦੇ ਆਧਾਰ 'ਤੇ ਟੈਂਪਲ ਐਂਟਰਪ੍ਰਾਈਜਜ਼ 2004 ਵਿੱਚ ਖੜ•ੀ ਕੀਤੀ ਗਈ ਸੀ। ਜੈ ਸ਼ਾਹ ਅਤੇ ਜਤਿੰਦਰ ਸ਼ਾਹ ਉਸਦੇ ਡਾਇਰੈਕਟਰ ਤੇ ਸੋਨਲ ਸ਼ਾਹ (ਅਮਿਤ ਸ਼ਾਹ ਦੀ ਪਤਨੀ) ਇਸਦੀ ਹਿੱਸੇਦਾਰ ਸੀ। 2013 ਵਿੱਚ ਟੈਂਪਲ ਕੰਪਨੀ ਦੇ ਕੋਈ ਸਥਿਰ ਅਸਾਸੇ (ਸੰਪਤੀ) ਨਹੀਂ ਸਨ ਨਾ ਹੀ ਕੋਈ ਮਾਲ ਸਾਮਾਨ ਸੂਚੀ ਸੀ। ਇਸਨੇ 5796 ਰੁਪਏ ਦਾ ਆਮਦਨ ਟੈਕਸ ਵੀ ਵਾਪਸ ਹਾਸਲ ਕੀਤਾ। 2014-15 ਵਿੱਚ ਇਹ 80.5 ਕਰੋੜ 'ਤੇ ਜਾ ਪੁੱਜੀ ਜੋ 16000 ਗੁਣਾਂ ਬਣਦਾ ਹੈ। ਇਸਦੇ ਰਾਖਵੇਂ ਅਤੇ ਵਾਫਰ ਪਿਛਲੇ ਸਾਲ ਦੇ 19 ਲੱਖ ਤੋਂ 80.2 ਲੱਖ ਹੋ ਗਏ। ਵਪਾਰਕ ਦੇਣਦਾਰੀਆਂ ਪਿਛਲੇ ਸਾਲ ਦੇ 5618 ਰੁਪਏ ਤੋਂ ਵਧ ਕੇ 2.65 ਕਰੋੜ ਹੋ ਗਈਆਂ। ਕੁੱਲ ਅਸਾਸੇ ਜ਼ੀਰੋ ਤੋਂ 2 ਲੱਖ ਦੇ ਹੋ ਗਏ। ਛੋਟੀ ਮਿਆਦ ਦੇ ਕਰਜ਼ੇ ਤੇ ਪੇਸ਼ਗੀਆਂ 10000 ਰੁਪਏ ਤੋਂ 4.14 ਕਰੋੜ ਅਤੇ ਸਮਾਨ ਸੂਚੀ ਸਿਫਰ ਤੋਂ 9 ਕਰੋੜ ਦੀ ਹੋ ਗਈ। ਇਹ ਕੰਪਨੀ ਦੀਆਂ ਫਾਇਲਾਂ 'ਤੇ ਆਧਾਰਿਤ ਹੈ। ਵੱਡੇ ਵਾਧੇ ਫਾਇਲਾਂ ਮੁਤਾਬਕ ''ਉਤਪਾਦਾਂ ਦੀ ਵਿੱਕਰੀ'' ਜਿਸ ਵਿੱਚ 51 ਕਰੋੜ ਬਦੇਸ਼ੀ ਆਮਦਨ ਵੀ ਹੈ, ਦਿਖਾਈ ਗਈ ਜੋ ਪਿਛਲੇ ਸਾਲ ਸਿਫਰ ਰਹੀ। ਫਾਈਲਾਂ ਮੁਤਾਬਕ ਇੱਕ ਸੂਚੀਕ੍ਰਿਤ ਕੰਪਨੀ ਕਿਫਸ ਵਿੱਤੀ ਸੇਵਾ ਤੋਂ 15.78 ਕਰੋੜ ਦਾ ਗਾਰੰਟੀ ਰਹਿਤ ਕਰਜ਼ਾ ਦਿਵਾਇਆ ਗਿਆ ਹੈ ਜਦੋਂ ਕਿ ਉਸ ਸਾਲ ਕਿਫਸ ਕੰਪਨੀ ਦਾ ਆਪਣਾ ਮਾਲੀਆ 7 ਕਰੋੜ ਸੀ। ਕਿਫਸ ਦੀ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਤੇ ਟੈਂਪਲ ਕੰਪਨੀ ਨੂੰ 15.75 ਕਰੋੜ ਕਰਜ਼ਾ ਲੈਣ ਦਾ ਜ਼ਿਕਰ ਹੀ ਨਹੀਂ ਹੈ। ਕੰਪਨੀ ਦਾ ਕਰਤਾਧਰਤਾ ਰਾਜੇਸ਼ ਖੰਡਵਾਲਾ, ਉਸਦੀ ਕੰਪਨੀ ਦਾ ਸ਼ਾਹ ਦੀ ਕੰਪਨੀ ਨਾਲ ਲੈਣ-ਦੇਣ ਬਾਰੇ ਸੁਆਲਨਾਮੇ ਦਾ ਜੁਆਬ ਦੇਣ ਲਈ ਪਹਿਲਾਂ ਮੰਨ ਗਿਆ ਪਰ ਬਾਅਦ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ। ਰਾਜ ਸਭਾ ਦੇ ਆਜ਼ਾਦ ਮੈਂਬਰ ਰਹਿਣ ਤੋਂ ਬਾਅਦ ਦੂਜੀ ਵਾਰ ਭਾਜਪਾ ਨੇ ਉਸ ਨੂੰ ਝਾਰਖੰਡ ਤੋਂ ਜਿਤਾਇਆ ਸੀ।
ਸਟਾਕ ਟਰੇਡਿੰਗ ਤੋਂ ਬਿਜਲੀ ਪੈਦਾਵਾਰ 'ਚ ਜਾਣਾ
ਕੁਸਮ ਫਾਈਨਾਂਸਿੰਗ ਇੱਕ ਹੋਰ ਕੰਪਨੀ 2015 ਵਿੱਚ ਬਣਾਈ ਗਈ। 60 ਫੀਸਦੀ ਜੈ ਸ਼ਾਹ ਦੀ ਮਾਲਕੀ ਵਾਲੀ ਇਸ ਕੰਪਨੀ ਦਾ ਮੁੱਖ ਕੰਮ ਸਟਾਕ ਅਤੇ ਸ਼ੇਅਰ, ਬਰਾਮਦਾਂ ਅਤੇ ਦਰਮਾਦਾਂ ਦਾ ਸੀ। ਪਹਿਲਾਂ ਇਹ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਸੀ ਅਤੇ ਉਸਨੇ ਵੀ ਕਿਫਸ ਵਿੱਤੀ ਸਰਵਿਸ ਤੋਂ 2.6 ਕਰੋੜ ਲਿਆ ਸੀ। ਆਖਰੀ ਫਾਇਲਾਂ ਮੁਤਾਬਕ ਇਸ ਭਾਈਵਾਲੀ ਨਾਲ ਹੁਣ ਲਿਮਟਿਡ ਕੰਪਨੀ ਨੇ 24 ਕਰੋੜ ਰੁਪਏ ਕਮਾਏ। ਫਾਇਲਾਂ ਅਨੁਸਾਰ ਇਹ ਬਿਲਕੁੱਲ ਵੱਖਰੇ ਖੇਤਰ ਜਿਸ ਦਾ ਇਸ ਨੂੰ ਤਜਰਬਾ ਨਹੀਂ ਹੈ, ਤਹਿਤ ਰਤਲਾਮ (ਮੱਧ ਪ੍ਰਦੇਸ਼) ਵਿੱਚ 15 ਕਰੋੜ ਦੀ ਲਾਗਤ ਨਾਲ 3.1 ਮੈਗਾਵਾਟ ਦਾ ਹਵਾਈ ਚੱਕੀਆਂ ਦਾ (ਹਵਾਈ ਊਰਜਾ) ਪਲਾਂਟ ਲਾ ਰਹੀ ਹੈ। ਕਾਲੂਪੁਰ ਕਰਮਸ਼ੀਅਲ ਕੋਆਪਰੇਟਿਵ ਬੈਂਕ ਤੋਂ ਇਸਨੇ 25 ਕਰੋੜ ਰੁਪਏ ਫਾਇਨਾਂਸ ਕਰਵਾਇਆ ਹੈ, ਇਸ ਲਈ 5 ਕਰੋੜ ਦੀ ਅਮਿਤ ਸ਼ਾਹ ਦੀ ਜਾਇਦਾਦ ਅਤੇ 1.2 ਕਰੋੜ ਦੀ 2014 ਵਿੱਚ ਅਮਿਤਸ਼ਾਹ ਦੇ ਸਹਿਯੋਗੀ ਯਸ਼ਪਾਲ ਵੱਲੋਂ ਕੁਸਮਫਿਨ ਸਰਵਿਸ ਨੂੰ ਤਬਦੀਲ ਕੀਤੀ ਜਾਇਦਾਦ ਨੂੰ ਆਧਾਰ ਬਣਾਇਆ ਗਿਆ ਹੈ। ਚੁਦਾਸਮਾ ਅਹਿਮਦਾਬਾਦ ਜ਼ਿਲ•ਾ ਕੋਆਪ੍ਰੇਟਿਵ ਬੈਂਕ ਦਾ ਸਾਬਕਾ ਡਾਇਰੈਕਟਰ ਹੈ ਅਤੇ ਸੀ.ਬੀ.ਆਈ. ਵੱਲੋਂ 2010 ਵਿੱਚ ਇਸ ਨੂੰ ਅਮਿਤ ਸ਼ਾਹ ਦੇ ਆਧਾਰ 'ਤੇ ਸੋਹਰਾਬੂਦੀਨ ਅਤੇ ਉਸਦੀ ਪਤਨੀ ਕੌਸਰ ਬਾਈ ਦੇ ਝੂਠੇ ਮੁਕਾਬਲੇ ਵਿੱਚ ਗਵਾਹਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਵਿੱਚ ਅਤੇ ਸੀ.ਬੀ.ਆਈ. ਤੋਂ ਸੱਚ ਛੁਪਾਉਣ ਦੇ ਮਾਮਲੇ ਵਿੱਚ ਚਾਰਜਸ਼ੀਟ ਕੀਤਾ ਗਿਆ ਸੀ। 7 ਕਰੋੜ ਤੋਂ ਘੱਟ ਦੀ ਗਾਰੰਟੀ ਵਾਲੀ ਜਾਇਦਾਦ ਦੇ ਆਧਾਰ 'ਤੇ 25 ਕਰੋੜ ਕਰਜ਼ਾ ਮਿਲਣ ਬਾਰੇ ਵੀ ਸ਼ਾਹ ਜੁੰਡਲੀ ਕੋਈ ਤਸੱਲੀਬਖਸ਼ ਜੁਆਬ ਨਹੀਂ ਦੇ ਸਕੀ।
ਕੋਆਪ੍ਰੇਟਿਵ ਬੈਂਕ ਤੋਂ ਇਲਾਵਾ ਭਾਰਤੀ ਨਵੀਨੀਕਰਨ ਊਰਜਾ ਵਿਕਾਸ ਏਜੰਸੀ (ਆਈ.ਆਰ.ਡੀ.ਏ.) ਦੇ ਜਨਤਕ ਖੇਤਰ ਅਦਾਰੇ ਤੋਂ 10.35 ਕਰੋੜ ਕਰਜ਼ਾ ਲਿਆ ਗਿਆ ਹੈ। ਅੱਜ ਦਾ ਰੇਲਵੇ ਮੰਤਰੀ ਪਿਯੂਸ਼ ਗੋਇਲ ਉਸ ਵੇਲੇ ਇਸ ਅਦਾਰੇ ਨੂੰ ਕੰਟਰੋਲ ਕਰਨ ਵਾਲੇ ਮੰਤਰਾਲੇ (ਇੰਡੀਆ ਨਿਊ ਐਂਡ ਰੀ-ਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ) ਦਾ ਮੰਤਰੀ ਸੀ। ਇਹ ਕਿੱਧਰ ਦਾ ਪੈਮਾਨਾ ਹੈ ਕਿ ਬਰਾਮਦ-ਦਰਾਮਦ ਸਟਾਕ ਅਤੇ ਸੰਗਮਰਮਰ ਦਾ ਕਾਰੋਬਾਰ ਕਰਨ ਵਾਲੀ ਕੰਪਨੀ 2.1 ਮੈਗਾਵਾਟ ਦੇ ਹਵਾਈ ਊਰਜਾ ਜਾਂ ਬਿਜਲੀ ਖੇਤਰ ਦੇ ਪਲਾਂਟ ਲਈ ਕਰਜ਼ਾ ਅਪਲਾਈ ਕਰਦੀ ਤੇ ਹਾਸਲ ਕਰ ਲੈਂਦੀ ਹੈ। ਜਦੋਂ ਕਿ ਇਸ ਕੰਪਨੀ ਦਾ ਹਵਾਈ ਊਰਜਾ ਜਾਂ ਬਿਜਲੀ ਪੈਦਾਵਾਰ ਸਨਅੱਤ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ। ਵਰਨਣਯੋਗ ਹੈ ਕਿ  ਜੈ ਸ਼ਾਹ ਦੀ ਸੁਰੱਖਿਆ ਵਾਸਤੇ ਇਹੋ ਮੰਤਰੀ ਪਿਯੂਸ਼ ਗੋਇਲ ਸਭ ਤੋਂ ਪਹਿਲਾਂ ਸਾਹਮਣੇ ਆਇਆ। ਵਾਇਰ ਵਿਚਲੀ ਕਹਾਣੀ ਨੂੰ ਅੱਖੋਂ ਪਰੋਖੇ ਕੀਤਾ ਗਿਆ, ਖਾਸ ਕਰਕੇ ਟੀ.ਵੀ. ਮੀਡੀਆ ਨੇ ਲਵ-ਜਿਹਾਦ, ਡੋਕਲਾਮ ਵਿਵਾਦ ਅਤੇ ਹੋਰ ਨਿਗੂਣੇ ਮੁੱਦਿਆਂ 'ਤੇ ਭਰਵੀਂ ਰਿਪੋਰਟਿੰਗ ਜ਼ਰੂਰ ਕੀਤੀ ਪਰ ਜੈ ਸ਼ਾਹ ਬਾਰੇ ਚੁੱਪ ਵੱਟੀ ਰੱਖੀ। ਹਾਂ ਪੱਤਰਕਾਰ ਭਾਈਚਾਰਾ ਦਿੱਲੀ ਯੂਨੀਅਨ ਆਫ ਜਰਨਲਿਸਟ ਅਤੇ ਨੈਸ਼ਨਲ ਅਲਾਇੰਸ ਆਫ ਜਰਨਲਿਜ਼ਮ ਦੇ ਬੈਨਰ ਹੇਠ ਡਟ ਕੇ ਖੜ•ੇ ਤੇ ਜੈ ਸ਼ਾਹ ਵੱਲੋਂ ਵਾਇਰ 'ਤੇ ਕੀਤੇ 100 ਕਰੋੜ ਰੁਪਏ ਹਰਜਾਨੇ ਦੇ ਫੌਜੀ ਅਤੇ ਸਿਵਲ ਕੇਸਾਂ ਦਾ ਵਿਰੋਧ ਕੀਤਾ।
ਹੋਰ ਪਾਰਟੀਆਂ ਅਤੇ ਇੱਥੋਂ ਤੱਕ ਕਿ ਛੋਟੀਆਂ ਮੋਟੀਆਂ ਐਨ.ਜੀ.ਓ. ਅਤੇ ਮਨੀ ਲਾਂਡਰਿੰਗ ਵਿਰੁੱਧ ਸੀ.ਬੀ.ਆਈ., ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਅਤੇ ਆਮਦਨ ਟੈਕਸ ਮਹਿਕਮੇ ਰਾਹੀਂ ਕਾਰਵਾਈਆਂ ਵਿੱਚ ਰੁੱਝੀ ਭਾਜਪਾ ਦੇ ਆਪਣੇ ਰਾਜਾਂ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਛੁਹ ਰਿਹਾ ਹੈ। ਇਸਦਾ ਸਭ ਤੋਂ ਵੱਡਾ ਤੇ ਸੰਸਥਾਗਤ ਸਕੈਮ ਵਿਆਪਮ ਘੁਟਾਲਾ ਸੀ। ਭਾਜਪਾ ਅਤੇ ਆਰ.ਐਸ.ਐਸ. ਦੇ ਸੈਂਕੜੇ ਕਾਰਕੁੰਨ/ਆਗੂ ਰਿਕਰੂਟਮੈਂਟ ਭਰਤੀ ਪ੍ਰੀਖੀਆਵਾਂ ਵਿੱਚ ਛਲ-ਕਪਟ ਕਰਕੇ ਭਰਤੀ ਕਰਵਾਉਣ ਦੇ ਦੋਸ਼ੀ ਪਾਏ ਗਏ ਹਨ ਅਤੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ 'ਤੇ ਵੀ ਉਂਗਲ ਉੱਠੀ ਸੀ। ਰਾਜਸਥਾਨ ਵਿੱਚ 2015 ਵਿੱਚ ਖਾਣਾਂ ਦੇ ਸਕੈਂਡਲ ਤੋਂ ਪਰਦਾ ਉੱਠਿਆ। ਉਹ ਖਾਣਾਂ ਦੀ ਗੈਰ ਨਿਯਮਤ ਵੰਡ ਕਰਕੇ ਸਰਕਾਰੀ ਖਜ਼ਾਨੇ ਨੂੰ 4500 ਕਰੋੜ ਦਾ ਘਾਟਾ ਪਿਆ। ਖਾਣਾਂ ਬਾਰੇ ਸਰਕਾਰ ਦੇ ਮੁੱਖ ਸਕੱਤਰ ਅਸ਼ੋਕ ਸਿੰਘਵੀ ਨੂੰ ਇਸਦਾ ਮੁੱਖ ਧੁਰਾ ਹੋਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਪਰ ਸਿਆਸੀ ਸਬੰਧ ਲੁਕੋ ਲਏ ਗਏ। ਮਹਾਂਰਾਸ਼ਟਰ ਵਿੱਚ ਭਾਜਪਾ ਦਾ ਦੋ ਨੰਬਰ ਦੇ ਮੰਤਰੀ ਏਕਨਾਥ ਖਡਸੇ ਨੂੰ ਪੂਨੇ ਵਿੱਚ ਇੱਕ ਜਮੀਨੀ ਸੌਦੇ ਦਾ ਪਰਦਾਫਾਸ਼ ਹੋਣ 'ਤੇ ਅਸਤੀਫਾ ਦੇਣਾ ਪਿਆ। ਇੱਕ ਹੋਰ ਮੰਤਰੀ ਪੰਕਜ ਮੁੰਡੇ ਨੂੰ 206 ਕਰੋੜ ਦੇ ਠੇਕੇ ਅਨਿਯਮਤ ਢੰਗ ਨਾਲ ਦੇਣ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ। ਇੱਕ ਸਟਿੰਗ ਅਪ੍ਰੇਸ਼ਨ ਵਿੱਚ ਹੁਣੇ ਹੁਣੇ ਤੇਜਪੁਰ ਅਮਾਨ ਤੋਂ ਭਾਜਪਾ ਸੰਸਦ ਮੈਂਬਰ ਆਰ.ਪੀ. ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਸਾਰੇ ਮੰਤਰੀ ਠੇਕੇ ਦੇਣ ਲਈ 10 ਫੀਸਦੀ ਕਮਿਸ਼ਨ ਲੈਂਦੇ ਹਨ। ਉਸਨੇ ਦੱਸਿਆ ਕਿ ਖੇਤੀ ਮੰਤਰੀ ਰਣਜੀਤ ਦੱਤਾ ਨੇ ਉਸਦੇ ਬੇਟੇ ਨੂੰ ਇੱਕ ਠੇਕਾ ਦੇਣ ਲਈ 87000 ਰੁਪਏ ਲਏ।   0-0

No comments:

Post a Comment