Tuesday, 2 January 2018

ਕਸ਼ਮੀਰੀ ਕੌਮ ਨੂੰ ਈਨ ਮਨਾਉਣ ਦੀ ਮੁਹਿੰਮ ਮੋਦੀ ਹਕੂਮਤ ਦਾ ਫਿਰਕੂ-ਫਾਸ਼ੀ ਭਰਮ ਹੈ


ਫੌਜੀ ਜਬਰ ਰਾਹੀਂ ਕਸ਼ਮੀਰੀ ਕੌਮ ਨੂੰ ਈਨ ਮਨਾਉਣ ਦੀ ਮੁਹਿੰਮ
ਮੋਦੀ ਹਕੂਮਤ ਦਾ ਫਿਰਕੂ-ਫਾਸ਼ੀ ਭਰਮ ਹੈ
-ਸਮਰ
ਜਿਸ ਕਸ਼ਮੀਰ ਨੂੰ ਕਦੇ ਸ਼ਾਇਰ ਗਾਲਿਬ ਨੇ ਕਿਹਾ ਸੀ ਕਿ ''ਸਵਰਗ ਯਹੀਂ ਹੈ, ਯਹੀਂ ਹੈ ਸਵਰਗ'' ਉਹ ਲੱਗਭੱਗ 70 ਸਾਲ ਤੋਂ ਭਾਰਤੀ ਹਾਕਮਾਂ ਦੀਆਂ ਭਾੜੇ ਦੀਆਂ ਫੌਜਾਂ ਦੇ ਕਬਜ਼ੇ ਹੇਠ ਹੈ। ਭਾਰਤੀ ਹਾਕਮਾਂ ਵੱਲੋਂ ਇਸ ''ਸਵਰਗ'' 'ਤੇ ਆਪਣੇ ਕੌਮੀ ਹੱਕ ਜਤਲਾਈ ਲਈ ਜੂਝ ਰਹੀ ਕਸ਼ਮੀਰੀ ਕੌਮ ਦੀ ਆਵਾਜ਼ ਨੂੰ ਦਹਿਸ਼ਤ ਦੇ ਸੰਨਾਟੇ ਵਿੱਚ ਦਫਨਾਉਣ ਲਈ ਹਰ ਜਾਬਰ ਹਰਬਾ ਅਤੇ ਹੱਥ ਕੰਡਾ ਪਰਖਿਆ ਹੈ, ਪਰ ਕਸ਼ਮੀਰੀ ਲੋਕਾਂ ਦੀ ਕੌਮੀ ਆਜ਼ਾਦੀ ਲਈ ਮਚਲਦੀ ਤਾਂਘ ਹੋਰ ਪ੍ਰਚੁੰਡ ਹੁੰਦੀ ਰਹੀ ਹੈ ਅਤੇ ਇਸ ਤਾਂਘ ਦੀ ਤਰਜਮਾਨੀ ਕਰਦੀ ਜੱਦੋਜਹਿਦ ਦੀ ਲਟ ਲਟ ਬਲ਼ਦੀ ਲਾਟ ਭਾਰਤੀ ਹਾਕਮਾਂ ਦੀ ਸੀਨੇ ਵਿੱਚ ਖੌਲ ਪਾਉਂਦੀ ਆਈ ਹੈ। ਕੇਂਦਰ ਵਿੱਚ ਸਰਕਾਰਾਂ ਬਦਲੀਆਂ ਹਨ, ਕਾਂਗਰਸ ਤੋਂ ਬਾਅਦ ਸਾਂਝੇ ਫਰੰਟ ਦੀਆਂ ਸਰਕਾਰਾਂ ਬਣੀਆਂ, ਫਿਰਕੂ-ਫਾਸ਼ੀ ਸੰਘ ਲਾਣੇ ਦੀ ਧੁਤੂ ਭਾਜਪਾ ਦੀ ਵਾਜਪਾਈ ਸਰਕਾਰ ਬਣੀ। ਸਭ ਨੇ ਇੱਕ ਹੱਥ ਕਸ਼ਮੀਰੀ ਲੋਕਾਂ ਅੱਗੇ ਗੱਲਬਾਤ ਰਾਹੀਂ ਮਸਲੇ ਦਾ ਸਿਆਸੀ ਹੱਲ ਲੱਭਣ ਦਾ ਦੰਭੀ ਪੱਤਾ ਸੁੱਟਦਿਆਂ, ਉਹਨਾਂ ਦੀਆਂ ਸੰਘਰਸ਼ ਸਫਾਂ ਵਿੱਚ ਪਾਟਕ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਦੂਜੇ ਹੱਥ-ਫੌਜੀ ਅਤੇ ਨੀਮ-ਫੌਜੀ ਬਲਾਂ 'ਤੇ ਟੇਕ ਰੱਖਦਿਆਂ, ਜਬਰ-ਤਸ਼ੱਦਦ ਦਾ ਝੱਖੜ ਝੁਲਾ ਕੇ ਕਸ਼ਮੀਰੀ ਕੌਮ ਨੂੰ ਭਾਰਤੀ ਹਾਕਮਾਂ ਦੀ ਅਧੀਨਗੀ ਪ੍ਰਵਾਨ ਕਰਵਾਉਣ ਲਈ ਤਾਣ ਲਾਇਆ ਹੈ। ਪਰ ਅੱਜ ਤੱਕ ਕਸ਼ਮੀਰੀ ਲੋਕਾਂ ਵਿੱਚੋਂ ਭਾਰਤੀ ਹਾਕਮਾਂ ਨਾਲ ਬਗਲਗੀਰ ਹੋਏ ਮੁੱਠੀਭਰ ਵਿਕਾਊ ਸਿਆਸਤਦਾਨਾਂ ਅਤੇ ਧਨਾਢਾਂ ਨੂੰ ਛੱਡ ਕੇ ਸਮੁੱਚੀ ਕਸ਼ਮੀਰੀ ਕੌਮ ਨਾ ਜਾਬਰ ਭਾਰਤੀ ਹਾਕਮਾਂ ਮੂਹਰੇ ਲਿਫੀ ਹੈ ਅਤੇ ਨਾ ਹੀ ਉਹਨਾਂ ਦੀ ਕੌਮੀ ਆਜ਼ਾਦੀ ਅਤੇ ਕੌਮੀ ਸਵੈ-ਮਾਣ ਨਾਲ ਜੀਣ ਦੀ ਤਾਂਘ ਸਲ•ਾਭੀ ਗਈ ਹੈ।
ਦੇਸੀ ਵਿਦੇਸ਼ੀ ਕਾਰਪੋਰੇਟ ਧਾੜਵੀਆਂ ਅਤੇ ਆਰ.ਐਸ.ਐਸ. ਦੀ ਗਿੱਟਮਿੱਟ ਰਾਹੀਂ ਜਦੋਂ ਦੀ ਮੋਦੀ ਹਕੂਮਤ ਕੇਂਦਰ ਵਿੱਚ ਗੱਦੀ 'ਤੇ ਬਿਰਾਜਮਾਨ ਹੋਈ ਹੈ, ਤਾਂ ਇਸ ਵੱਲੋਂ ਗੱਲਬਾਤ ਰਾਹੀਂ ਮਸਲੇ ਦਾ ਸਿਆਸੀ ਹੱਲ ਲੱਭਣ ਦਾ ਦੰਭੀ ਘੁੰਡ ਪਾਸੇ ਕਰਦਿਆਂ ਅਤੇ ਆਪਣਾ ਖੂੰਖਾਰ ਚਿਹਰਾ ਸਾਹਮਣੇ ਲਿਆਉਂਦਿਆਂ ਸ਼ਰੇਆਮ ਗਰਜ਼ਿਆ ਗਿਆ ਹੈ ਕਿ ''ਵੱਖਵਾਦੀਆਂ'' ਅਤੇ ''ਦਹਿਸ਼ਤਗਰਦਾਂ'' ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਗੱਲ ਸਾਫ ਸੀ ਕਿ ਜਿਹੜੀਆਂ ਜਥੇਬੰਦੀਆਂ ਅਤੇ ਲੋਕ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦੇ ਹਨ ਅਤੇ ਇਹ ਆਜ਼ਾਦੀ ਪ੍ਰਾਪਤ ਕਰਨ ਅਤੇ ਕਸ਼ਮੀਰ 'ਤੇ ਭਾਰਤੀ ਹਾਕਮਾਂ ਦੇ ਜਬਰੀ ਕਬਜ਼ੇ ਤੋਂ ਮੁਕਤੀ ਪ੍ਰਾਪਤ ਕਰਨ ਲਈ ਪੁਰਅਮਨ ਜਾਂ ਹਥਿਆਰਬੰਦ ਘੋਲ ਲੜਦੇ ਹਨ, ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਾਵੇਗੀ। ਗੱਲਬਾਤ ਸਿਰਫ ਅਤੇ ਸਿਰਫ ਉਹਨਾਂ ਨਾਲ ਕੀਤੀ ਜਾਵੇਗੀ, ਜਿਹੜੇ ਭਾਰਤੀ ਸੰਵਿਧਾਨ ਨੂੰ ਪ੍ਰਵਾਨ ਕਰਦੇ ਹਨ। ਕਸ਼ਮੀਰ ਨੂੰ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਮੰਨਦੇ ਹਨ। ਇਸਦਾ ਸਿੱਧਮ-ਸਿੱਧਾ ਮਤਲਬ ਕੌਮੀ ਆਜ਼ਾਦੀ ਅਤੇ ਕੌਮੀ ਆਪਾ-ਨਿਰਣੇ ਦੀ ਮੰਗ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਭਾਰਤੀ ਹਾਕਮਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ ਗੱਲਬਾਤ ਦੀ ਮੇਜ਼ 'ਤੇ ਆਉਣਾ ਅਤੇ ਗੁਲਾਮੀ ਪ੍ਰਵਾਨ ਕਰਨ ਬਦਲੇ ਕੁੱਝ ਰਿਆਇਤਾਂ ਦੀਆਂ ਬੁਰਕੀਆਂ ਹਾਸਲ ਕਰਨ ਲਈ ਗੱਲਬਾਤ ਕਰਨਾ ਹੈ। ਮੋਦੀ ਹਕੂਮਤ ਦੀ ਇਹ ਜਾਬਰ ਫਾਸ਼ੀ ਪਹੁੰਚ ਕਸ਼ਮੀਰੀ ਕੌਮ ਨੂੰ ਕਦਾਚਿਤ ਵੀ ਨਾ ਪ੍ਰਵਾਨ ਹੋਣੀ ਸੀ ਅਤੇ ਨਾ ਹੀ ਹੋ ਸਕਦੀ ਹੈ।
ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਮੋਦੀ ਹਕੂਮਤ ਵੱਲੋਂ ਆਪਣੀ ਜਾਬਰ ਫਾਸ਼ੀ ਪਹੁੰਚ 'ਤੇ ਚੱਲਦਿਆਂ, ਕਸ਼ਮੀਰ ਵਿੱਚ ਜਬਰ ਦਾ ਝੱਖੜ ਝੁਲਾਇਆ ਹੋਇਆ ਹੈ। ਫੌਜੀ ਅਤੇ ਨੀਮ-ਫੌਜੀ ਬਲਾਂ ਦੀ ਨਫਰੀ ਵਿੱਚ ਵਾਧਾ ਕਰਦਿਆਂ, ''ਘੇਰੋ, ਮਾਰੋ ਅਤੇ ਕੁਚਲੋ'' ਦੀ ਵਿਆਪਕ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਕਸ਼ਮੀਰੀ ਨੌਜਵਾਨਾਂ ਨੂੰ ਇਸ ਮੁਹਿੰਮ ਰਾਹੀਂ ਘੇਰ ਘੇਰ ਕੇ ਕਤਲ ਕਰਨ ਦਾ ਸਿਲਸਿਲਾ ਵਿੱਢਿਆ ਹੋਇਆ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਘਾ ਅਪ੍ਰੇਸ਼ਨਾਂ ਰਾਹੀਂ ਸ਼ੱਕੀ ਵਿਅਕਤੀਆਂ ਨੂੰ ਫੜ ਫੜ ਕੇ ਜੇਲ•ਾਂ-ਥਾਣਿਆਂ ਵਿੱਚ ਡੱਕਿਆ ਜਾ ਰਿਹਾ ਹੈ, ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਕਈਆਂ ਨੂੰ ਝੂਠੇ ਮੁਕਾਬਲਿਆਂ ਰਾਹੀਂ ਮਾਰ-ਖਪਾਇਆ ਜਾ ਰਿਹਾ ਹੈ। ਇਸ ਬੇਇੰਤਾਹੀ ਜਬਰ ਜ਼ੁਲਮ ਦਾ ਵਿਰੋਧ ਕਰਦੀ ਕਸ਼ਮੀਰੀ ਜਨਤਾ ਦੇ ਪੁਰਅਮਨ ਰੋਸ ਮੁਜਾਹਰਿਆਂ ਅਤੇ ਇਕੱਠਾਂ 'ਤੇ ਪੈਲਟ ਗੰਨਾਂ ਦੀਆਂ ਗੋਲੀਆਂ ਦੀ ਵਾਛੜ ਕਰਕੇ ਸੈਂਕੜੇ ਵਿਅਕਤੀਆਂ ਨੂੰ ਅੰਨ•ਾ ਤੱਕ ਕਰ ਦਿੱਤਾ ਗਿਆ ਹੈ। ਹਜ਼ਾਰਾਂ ਬੱਚਿਆਂ, ਕੁੜੀਆਂ, ਔਰਤਾਂ ਅਤੇ ਮਰਦਾਂ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਫੜ ਕੇ ਜੇਲ•ਾਂ ਵਿੱਚ ਡੱਕ ਦਿੱਤਾ ਗਿਆ ਹੈ। ਝੂਠੇ-ਸੱਚੇ ਮੁਕਾਬਲਿਆਂ ਰਾਹੀਂ ਮਾਰ ਖਪਾਏ ਕਸ਼ਮੀਰੀ ਨੌਜਵਾਨਾਂ ਦੇ ਵਾਰ ਵਾਰ ਅੰਕੜੇ ਜਾਰੀ ਕਰਦਿਆਂ ਅਤੇ ਉਹਨਾਂ ਨੂੰ ਮੁਲਕ ਨੂੰ ਟੋਟੇ ਟੋਟੇ ਕਰਨ ਲਈ ਪਾਕਿਸਤਾਨ ਵੱਲੋਂ ਸ਼ਿਸ਼ਕਾਰੇ ''ਦਹਿਸ਼ਤਗਰਦਾਂ'' ''ਵੱਖਵਾਦੀਆਂ'' ਵਜੋਂ ਪੇਸ਼ ਕਰਦਿਆਂ, ਜਿੱਥੇ ਮੁਲਕ ਦੇ ਲੋਕਾਂ ਵਿੱਚ ਅੰਨ•ੀਂ ਦੇਸ਼ਭਗਤੀ ਅਤੇ ਨਕਲੀ ਕੌਮੀ ਜਨੂੰਨ ਭੜਕਾਇਆ ਜਾ ਰਿਹਾ ਹੈ, ਉੱਥੇ ਕਸ਼ਮੀਰੀ ਲੋਕਾਂ ਸਾਹਮਣੇ ਇਹ ਚੋਣ ਉਭਾਰੀ ਜਾ ਰਹੀ ਹੈ ਕਿ ਜਾਂ ਤਾਂ ਗੁਲਾਮ ਬਣ ਕੇ ਰਹੋ ਜਾਂ ਇਹਨਾਂ ਨੌਜਵਾਨਾਂ ਵਰਗਾ ਹਸ਼ਰ ਪ੍ਰਵਾਨ ਕਰੋ।
ਪਿਛਲੇ ਦਿਨੀਂ ਮੋਦੀ ਹਕੂਮਤ ਵੱਲੋਂ ਆਪਣੇ ਕੌਲੀਚੱਟ ਸਾਬਕਾ ਅਫਸਰ ਦਿਵੇਸ਼ਰ ਸ਼ਰਮਾ ਨੂੰ ਗੱਲਬਾਤ ਸ਼ੁਰੂ ਕਰਨ ਲਈ ਸਾਲਸ ਬਣਾ ਕੇ ਭੇਜਣ ਦਾ ਡਰਾਮਾ ਸ਼ੁਰੂ ਕੀਤਾ ਗਿਆ ਹੈ। ਉਹ ਤਿੰਨ ਵਾਰੀ ਕਸ਼ਮੀਰ ਦਾ ਗੇੜਾ ਕੱਢ ਆਇਆ ਹੈ। ਦਿਵੇਸ਼ਰ ਸ਼ਰਮਾ ਨੂੰ ਸਾਲਸ ਬਣਾ ਕੇ ਭੇਜਣ ਦਾ ਕਦਾਚਿਤ ਮਤਲਬ ਇਹ ਨਹੀਂ ਹੈ ਕਿ ਮੋਦੀ ਹਕੂਮਤ ਵੱਲੋਂ ਨਿਰੋਲ ਜਬਰ-ਤਸ਼ੱਦਦ ਰਾਹੀਂ ਕਸ਼ਮੀਰੀ ਕੌਮ ਨੂੰ ਗੋਡਣੀਏ ਕਰਨ ਦੀ ਆਪਣੀ ਜਾਬਰਾਨਾ ਫਾਸ਼ੀ ਪਹੁੰਚ ਵਿੱਚ ਕੋਈ ਲਚਕ ਲਿਆਂਦੀ ਜਾ ਰਹੀ ਹੈ। ਇਸ ਪਹੁੰਚ 'ਤੇ ਬੇਲਚਕ ਅਮਲ ਜਾਰੀ ਹੈ। ਉਸ ਨੂੰ ਕਸ਼ਮੀਰ ਭੇਜਣ ਦਾ ਮੁੱਖ ਮਕਸਦ ਇਹ ਠੋਸ ਜਾਇਜ਼ਾ ਬਣਾਉਣਾ ਹੈ ਕਿ ਹਕੂਮਤ ਵੱਲੋਂ ਅਖਤਿਆਰ ਕੀਤੀ ਜਾਬਰ ਫਾਸ਼ੀ ਪਹੁੰਚ ਦੇ ਆਧਾਰ 'ਤੇ ਵਿੱਢੀ ਫੌਜੀ ਜਬਰ ਤਸ਼ੱਦਦ ਦੀ ਮੁਹਿੰਮ ਦਾ ਲੋਕਾਂ ਦੇ ਵੱਖ ਵੱਖ ਹਿੱਸਿਆਂ 'ਤੇ ਕਿਹੋ ਜਿਹਾ ਅਸਰ ਹੋਇਆ ਹੈ? ਇਹ ਭਿਆਨਕ ਜਬਰੋ-ਜ਼ੁਲਮ ਕਿੰਨੇ ਕੁ ਹਿੱਸਿਆਂ ਵਿੱਚ ਦਹਿਲ ਬਿਠਾਉਣ, ਕਿੰਨੇ ਕੁ ਹਿੱਸਿਆਂ ਦੇ ਪੈਰ ਥਿੜਕਾਉਣ ਅਤੇ ਡਾਵਾਂਡੋਲ ਕਰਨ ਵਿੱਚ ਸਫਲ ਹੋਇਆ ਹੈ? ਇਹ ਜਾਇਜ਼ਾ ਬਣਾਉਣ ਦਾ ਮਕਸਦ ਥਿੜਕਵੇਂ ਅਤੇ ਡਾਵਾਂਡੋਲ ਹਿੱਸੇ ਤੱਕ ਪਹੁੰਚ ਕਰਨਾ, ਉਸ ਨੂੰ ਪਤਿਆਉਣਾ ਅਤੇ ਆਪਣੇ ਸਥਾਪਤ ਟੁੱਕੜਬੋਚ ਹਾਕਮ ਹਿੱਸਿਆਂ ਨਾਲ ਜੋੜਨਾ ਹੈ। ਇਉਂ, ਕੌਮੀ ਆਜ਼ਾਦੀ ਅਤੇ ਆਪਾ-ਨਿਰਣੇ ਲਈ ਸੰਗਰਾਮ ਦੀਆਂ ਸਫਾਂ ਵਿੱਚ ਪਾਟਕ ਪਾਉਂਦਿਆਂ ਅਤੇ ਉਸ ਨੂੰ ਕਮਜ਼ੋਰ ਕਰਦਿਆਂ, ਜਬਰ ਤਸ਼ੱਦਦ ਦੀ ਹੋਰ ਵੀ ਤਿੱਖੀ ਮਾਰ ਹੇਠ ਲਿਆਉਣਾ ਹੈ। ਫਿਰਕੂ-ਫਾਸ਼ੀ ਸੰਘ ਲਾਣੇ ਦੀ ਮੋਦੀ ਹਕੂਮਤ ਨੂੰ ਭਰਮ ਹੈ ਕਿ ਉਹ ਇਸ ਜਬਰ ਤਸ਼ੱਦਦ ਦੀ ਮੁਹਿੰਮ ਦੇ ਦੌਰ-ਦਰ-ਦੌਰ ਚਲਾਉਂਦਿਆਂ ਕਸ਼ਮੀਰੀ ਲੋਕਾਂ ਦੇ ਮਨਾਂ ਵਿੱਚ ਦਹਿਲ ਬਿਠਾਉਣ, ਉਹਨਾਂ ਦੀ ਕੌਮੀ ਆਜ਼ਾਦੀ ਲਈ ਤਾਂਘ ਨੂੰ ਕੁਚਲਣ ਅਤੇ ਇਉਂ ਸਦਾ ਲਈ ਗੋਡੇ ਟੇਕਣ ਦੀ ਹਾਲਤ ਸਿਰਜਣ ਵਿੱਚ ਸਫਲਤਾ ਹਾਸਲ ਕਰ ਲਵੇਗੀ। ਦੂਸਰਾ, ਪਰ ਦੋਮ ਦਰਜ਼ੇ ਦਾ ਮਕਸਦ ਕੁੱਝ ਕੌਮਾਂਤਰੀ ਸਿਆਸੀ ਹਲਕਿਆਂ ਵਿਸ਼ੇਸ਼ ਕਰਕੇ ਕੁੱਝ ਸਾਮਰਾਜੀ ਹਲਕਿਆਂ ਵੱਲੋਂ ਨਿਰੋਲ ਫੌਜੀ ਬਲਾਂ 'ਤੇ ਟੇਕ ਰੱਖ ਕੇ ਮਸਲੇ ਦਾ ਹੱਲ ਲੱਭਣ ਦੀ ਪਹੁੰਚ ਦੀ ਬਜਾਏ ਗੱਲਬਾਤ ਦਾ ਪੈਂਤੜਾ ਨਾ ਤਿਆਗਣ ਦੇ ਪੱਖ 'ਚ ਸਿੱਧੇ/ਅਸਿੱਧੇ ਰੂਪ ਵਿੱਚ ਉੱਠੀਆਂ ਸੁਰਾਂ ਨੂੰ ਹੁੰਗਾਰਾ ਦੇਣਾ ਹੈ, ਪਰ ਇਹ ਹੁੰਗਾਰਾ ਮਹਿਜ਼ ਰਸਮੀ ਅਤੇ ਦਿਖਾਵਾ ਹੈ।
ਅਸਲ ਵਿੱਚ ਮੋਦੀ ਹਕੂਮਤ ਦੀ ਇੱਕੋ ਇੱਕ ਟੇਕ ਫਾਸ਼ੀ ਜਬਰ ਜ਼ੁਲਮ ਦੀ ਹਨੇਰੀ ਝੁਲਾਉਂਦਿਆਂ, ਕਸ਼ਮੀਰੀ ਕੌਮ ਨੂੰ ਈਨ ਮੰਨਣ ਲਈ ਮਜਬੂਰ ਕਰਨਾ ਹੈ। ਕਸ਼ਮੀਰੀ ਕੌਮ ਦੀ ਆਜ਼ਾਦੀ ਅਤੇ ਆਪਾ-ਨਿਰਣੇ ਦੀ ਪ੍ਰਾਪਤੀ ਲਈ ਜਾਰੀ ਹੱਕੀ ਜੱਦੋਜਹਿਦ ਪ੍ਰਤੀ ਮੋਦੀ ਹਕੂਮਤ ਵੱਲੋਂ ਅਖਤਿਆਰ ਕੀਤੀ ਗਈ ਇਹ ਪਹੁੰਚ ਆਰ.ਐਸ.ਐਸ. ਦੀ ਫਿਰਕੂ ਫਾਸ਼ੀ ਹਿੰਦੂਤਵੀ ਵਿਚਾਰਾਧਾਰਾ ਵਿੱਚੋਂ ਨਿਕਲੀ ਹੈ। ਇਹ ਹਿੰਦੂਤਵੀ ਵਿਚਾਰਧਾਰਾ ਕਹਿੰਦੀ ਹੈ ਕਿ ''ਭਾਰਤ ਹਿੰਦੂ ਕੌਮ ਦੀ ਧਰਤੀ ਹੈ। ਮੁਸਲਮਾਨ ਇੱਕ ਵਿਦੇਸ਼ੀ ਹਮਲਾਵਰ ਕੌਮ ਹੈ। ਉਸ ਵੱਲੋਂ ਭਾਰਤ ਦੀ ਧਰਤੀ 'ਤੇ ਜਬਰੀ ਕਬਜ਼ਾ ਕਰਕੇ ਹਿੰਦੂ ਕੌਮ ਨੂੰ 1000 ਸਾਲ ਗੁਲਾਮ ਬਣਾ ਕੇ ਰੱਖਿਆ ਗਿਆ ਹੈ। 1947 ਵਿੱਚ ਚਾਹੇ ਭਾਰਤ ਦਾ ਵੱਡਾ ਹਿੱਸਾ ਹਿੰਦੂ ਕੌਮ ਦੇ ਹੱਥ ਆ ਗਿਆ ਹੈ, ਪਰ ਇਸਦਾ ਇੱਕ ਟੁਕੜਾ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਸ਼ਕਲ ਵਿੱਚ ਮੁਸਲਮਾਨਾਂ ਵੱਲੋਂ ਹਥਿਆ ਲਿਆ ਗਿਆ ਹੈ, ਜਿਹਨਾਂ ਨੂੰ ਮੁੜ ਭਾਰਤ ਨਾਲ ਜੋੜਨਾ ਹਿੰਦੂ ਕੌਮ ਦਾ ਨਿਸ਼ਾਨਾ ਹੈ। ਪਰ ਪਾਕਿਸਤਾਨੀ ਮੁਸਲਮਾਨ ਕਸ਼ਮੀਰੀ ਮੁਸਲਮਾਨਾਂ ਨੂੰ ਉਕਸਾ ਕੇ ਕਸ਼ਮੀਰ ਨੂੰ ਵੀ ਭਾਰਤ ਤੋਂ ਵੱਖ ਕਰਨਾ ਅਤੇ ਪਾਕਿਸਤਾਨ ਨਾਲ ਜੋੜਨਾ ਚਾਹੁੰਦੇ ਹਨ। ਇਸ ਲਈ, ਇਹ ਹਿੰਦੂ ਕੌਮ ਦੀ ਧਰਤੀ ਅਖੌਤੀ ਭਾਰਤ ਵਰਸ਼ ਨੂੰ ਤੋੜਨ ਦੀ ਸਾਜਿਸ਼ ਹੈ। ਇਸ ਹਿੰਦੂਤਵੀ ਲਾਣੇ ਮੁਤਾਬਕ ਲੋੜ ਤਾਂ ਮੁਸਲਮਾਨਾਂ ਦੇ ਗਲਬੇ ਹੇਠੋਂ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਧਰਤੀ ਨੂੰ ਕੱਢ ਕੇ ਭਾਰਤ ਵਿੱਚ ਮਿਲਾਉਣ ਦੀ ਹੈ, ਪਰ ਮੁਸਲਮਾਨ ਹਾਲੀਂ ਵੀ ਕਸ਼ਮੀਰ ਦੀ ਸ਼ਕਲ ਵਿੱਚ ਭਾਰਤ ਦੀ ਧਰਤੀ ਦਾ ਇੱਕ ਹੋਰ ਟੋਟਾ ਹਥਿਆਉਣਾ ਚਾਹੁੰਦੇ ਹਨ।
ਇਸ ਫਿਰਕੂ-ਫਾਸ਼ੀ ਵਿਚਾਰਧਾਰਾ ਦੇ ਪੈਰੋਕਾਰ ਸੰਘ ਲਾਣੇ ਦਾ ਤਰਕ ਹੈ ਕਿ ਇੱਕ ਬਾਹਰੀ ਹਮਲਾਵਰ ਕੌਮ ਹੋਣ ਕਰਕੇ ਮੁਸਲਮਾਨਾਂÎ ਨੂੰ ਭਾਰਤ ਦੀ ਧਰਤੀ 'ਤੇ ਇੱਥੋਂ ਦੇ ਅਸਲੀ ਵਸਨੀਕਾਂ ਜਾਣੀ ''ਹਿੰਦੂ ਕੌਮ'' ਦੀ ਜਨਤਾ ਬਰਾਬਰ ਅਧਿਕਾਰ ਅਤੇ ਸਹੂਲਤਾਂ ਮਾਨਣ ਦਾ ਕੋਈ ਹੱਕ ਨਹੀਂ ਹੈ। ਮੁਸਲਮਾਨਾਂ ਸਾਹਮਣੇ ਦੋ ਹੀ ਰਸਤੇ ਹਨ, ਜਾਂ ਤਾਂ ਉਹ ਭਾਰਤ ਦੀ ਧਰਤੀ ਤੋਂ ਚਲੇ ਜਾਣ ਜਾਂ ਹਿੰਦੂ ਕੌਮ ਦੀ ਅਧੀਨਗੀ ਕਬੂਲ ਕਰਦਿਆਂ, ਦੂਜੇ ਦਰਜ਼ੇ ਦੇ ਸ਼ਹਿਰੀਆਂ ਵਾਂਗ ਰਹਿਣ।
ਉਪਰੋਕਤ ਫਿਰਕੂ-ਫਾਸ਼ੀ ਵਿਚਾਰਧਾਰਾ ਦੀ ਪੈਰੋਕਾਰ ਮੋਦੀ ਜੁੰਡਲੀ ਤੋਂ ਕਸ਼ਮੀਰੀ ਕੌਮ ਦੀ ਆਜ਼ਾਦੀ ਲਈ ਤਾਂਘ ਅਤੇ ਸੰਘਰਸ਼ ਪ੍ਰਤੀ ਕਿਸੇ ਨਰਮ-ਦਿਲੀ, ਰਹਿਮਦਿਲੀ ਜਾਂ ਲਚਕ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ। ਜਦੋਂ ਇਸ ਜੁੰਡਲੀ ਦੀ ਸਮਝ ਹੀ ਇਹ ਹੈ ਕਿ ਮੁਸਲਮਾਨਾਂ ਨੂੰ ਜਾਂ ਤਾਂ ਕੁੱਟ ਕੇ ਮੁਲਕ ਤੋਂ ਬਾਹਰ ਦਬੱਲ ਦਿੱਤਾ ਜਾਵੇ ਜਾਂ ਫਿਰ ਕੁੱਟ ਕੇ ਦਾਬੂ ਤੇ ਲਾਦੂ ਕੱਢ ਕੇ ਰੱਖਿਆ ਜਾਵੇ। ਕਸ਼ਮੀਰੀ ਲੋਕਾਂ ਦੀ ਹੱਕੀ ਕੌਮੀ ਜੱਦੋਜਹਿਦ ਨੂੰ ਬੇਕਿਰਕੀ ਅਤੇ ਬੇਦਰੇਗਪੁਣੇ ਦੀਆਂ ਸਭ ਹੱਦਾਂ ਬੰਨੇ ਟੱਪ ਰਹੀ ''ਘੇਰੋ, ਮਾਰੋ ਅਤੇ ਕੁਚਲ ਦਿਓ'' ਦੀ ਖੂੰਖਾਰ ਮੁਹਿੰਮ ਵਿੱਚ ਮੋਦੀ ਹਕੂਮਤ ਵੱਲੋਂ ਲਿਆਂਦੀ ਆਸਾਧਾਰਨ ਤੇਜ਼ੀ ਅਤੇ ਲਗਾਤਾਰਤਾ ਉਸਦੀ ਮੁਸਲਮਾਨ ਭਾਈਚਾਰੇ ਪ੍ਰਤੀ ਅੰਨ•ੀਂ ਦੁਸ਼ਮਣੀ ਅਤੇ ਨਫਰਤ ਨਾਲ ਲਬਰੇਜ਼ ਫਿਰਕੂ ਫਾਸ਼ੀ ਬਿਰਤੀ ਦਾ ਨੰਗਾ ਚਿੱਟਾ ਮੁਜਾਹਰਾ ਹੈ। ਇਸ ਫਿਰਕੂ-ਫਾਸ਼ੀ ਸੰਘ ਲਾਣੇ ਲਈ ਹਰ ਕਸ਼ਮੀਰੀ ਮੁਸਲਮਾਨ ਦੁਸ਼ਮਣ ਹੈ, ਪਾਕਿਸਤਾਨੀ ਏਜੰਟ ਹੈ। ਫੌਜੀ ਜਬਰੋ ਜ਼ੁਲਮ ਖਿਲਾਫ ਰੋਸ ਜ਼ਾਹਰ ਕਰਦੇ ਕਸ਼ਮੀਰੀ ਪਾਕਿਸਾਤਨੀ ਏਜੰਟ ਹਨ, ਪੱਥਰ ਮਾਰਨ ਵਾਲੇ ਪਾਕਿਸਤਾਨ ਤੋਂ ਪੈਸੇ ਲੈਂਦੇ ਹਨ। ਹਥਿਆਰਬੰਦ ਘੋਲ ਦੇ ਰਾਹ ਪਏ ਨੌਜਵਾਨ ਪਾਕਿਸਤਾਨੀ ਹਨ, ਜੋ ਵੀ ਕੌਮੀ ਆਜ਼ਾਦੀ ਅਤੇ ਆਪਾ-ਨਿਰਣੇ ਦੇ ਹੱਕ ਦੀ ਗੱਲ ਕਰਦਾ ਹੈ, ਉਹ ਵਿਦੇਸ਼ਾਂ ਤੋਂ ਪੈਸੇ ਲੈ ਕੇ ਕਰਦਾ ਹੈ। ਇਸ ਲਈ ਉਹਨਾਂ ਦੀ ਸੋਚ ਹੈ ਕਿ ਪਾਕਿਸਤਾਨ ਜਾਂ ਬਾਹਰਲੇ ਮੁਲਕਾਂ ਦੇ ਮੁਸਲਮਾਨਾਂ ਵੱਲੋਂ ਪ੍ਰਾਪਤ ਸ਼ਹਿ ਅਤੇ ਪੈਸੇ ਨਾਲ ਕਸ਼ਮੀਰੀ ਮੁਸਲਮਾਨਾਂ ਵੱਲੋਂ ''ਕੌਮੀ ਆਜ਼ਾਦੀ'' ਦੇ ਨਾਂ ਹੇਠ ''ਹਿੰਦੂ ਕੌਮ'' ਦੀ ਧਰਤੀ ਦੇ ਟੁਕੜੇ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਪ੍ਰਤੀ ਭੋਰਾ ਭਰ ਵੀ ਹਮਦਰਦੀ, ਨਰਮਦਿਲੀ, ਰਹਿਮੀਦਿਲੀ ਜਾਂ ਲਚਕ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਪੂਰੀ ਬੇਕਿਰਕੀ ਅਤੇ ਬੇਦਰੇਗਪੁਣੇ ਨਾਲ ਕੁਚਲ ਸੁੱਟਣਾ ਚਾਹੀਦਾ ਹੈ। ਇਸ ਫਿਰਕੂ ਫਾਸ਼ੀ ਪਹੁੰਚ 'ਤੇ ਆਧਾਰਤ ਫੌਜੀ ਮਾਰਧਾੜ ਅਤੇ ਅੱਤਿਆਚਾਰ ਦੀ ਮੁਹਿੰਮ ਨੂੰ ਇੱਕੋ ਇੱਕ ਟੇਕ ਬਣਾ ਕੇ ਚੱਲਣ ਅਤੇ ਗੱਲਬਾਤ ਦੇ ਪੈਂਤੜੇ ਨੂੰ ਘੱਟੇ ਰੋਲਣ ਦੀ ਮੋਦੀ ਜੁੰਡਲੀ ਦੀ ਪਹੁੰਚ ਨਾਲੋਂ ਆਪਣਾ ਵਖਰੇਵਾਂ ਉਭਾਰਨ ਅਤੇ ਫੌਜੀ ਤਾਕਤ ਦੀ ਵਰਤੋਂ ਦੇ ਨਾਲੋਂ ਨਾਲ ''ਆਜ਼ਾਦੀ'' ਲਈ ਸਰੋਕਾਰ ਰੱਖਦੀਆਂ ਸਭਨਾਂ ਧਿਰਾਂ ਨਾਲ ਗੱਲਬਾਤ ਦੇ ਪੈਂਤੜੇ ਦੀ ਪ੍ਰਸੰਗਿਕਤਾ ਉਭਾਰਨ ਲਈ ਹੀ ਪਹਿਲਾਂ ਖੁਦ ਭਾਜਪਾ ਆਗੂ ਯਸਵੰਤ ਸਿਹਨਾ ਦੀ ਅਗਵਾਈ ਹੇਠਲੇ ਡੈਲੀਗੇਸ਼ਨ ਅਤੇ ਫਿਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੇ ਡੈਲੀਗੇਸ਼ਨ ਵੱਲੋਂ ਕਸ਼ਮੀਰ ਦਾ ਦੌਰਾ ਕੀਤਾ ਗਿਆ ਸੀ। ਮੋਦੀ ਜੁੰਡਲੀ ਵੱਲੋਂ ਇਹਨਾਂ ਦੌਰਿਆਂ ਨੂੰ ਬੁਰੀ ਤਰ•ਾਂ ਅਣਗੌਲਿਆਂ ਕਰ ਦਿੱਤਾ ਗਿਆ ਹੈ।
ਫੌਜੀ ਮਾਰਧਾੜ ਅਤੇ ਕਤਲੋਗਾਰਦ ਰਾਹੀਂ ਕਸ਼ਮੀਰੀ ਕੌਮ ਦੀ ਹੱਕੀ ਜੱਦੋਜਹਿਦ ਨੂੰ ਦਰੜ ਕੇ ਈਨ ਮੰਨਵਾਉਣਾ ਫਿਰਕੂ ਫਾਸ਼ੀ ਮੋਦੀ ਜੁੰਡਲੀ ਦੀ ਸਮਝ ਤਾਂ ਹੋ ਸਕਦੀ ਹੈ, ਪਰ ਇਸ ਨੂੰ ਹਕੀਕਤ ਵਿੱਚ ਸਾਕਾਰ ਕਰਨ ਦੀ ਇੱਛਾ ਪਾਲਣਾ ਇੱਕ ਭਰਮ ਅਤੇ ਛਲਾਵੇ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਹੈ। ਕਿਉਂਕਿ ਭਰਮ ਅਤੇ ਛਲਾਵੇ ਦਾ ਕੋਈ ਬਾਹਰਮੁਖੀ ਆਧਾਰ ਨਹੀਂ ਹੁੰਦਾ, ਇਸ ਕਰਕੇ ਭਰਮ ਅਤੇ ਛਲਾਵੇ ਨੂੰ ਵਕਤੀ ਤੌਰ 'ਤੇ ਲੋਕਾਂ ਦੀਆਂ ਅੱਖਾਂ ਵਿੱਚ ਧੂੜਿਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਵਰਗਲਾ ਕੇ ਆਪਣੇ ਮਗਰ ਲਾਇਆ ਜਾ ਸਕਦਾ ਹੈ, ਪਰ ਇਸ ਭਰਮ ਅਤੇ ਛਲਾਵੇ ਨੂੰ ਕਦੇ ਵੀ ਸਾਕਾਰ ਨਹੀਂ ਕੀਤਾ ਜਾ ਸਕਦਾ। ਆਖਿਰ ਨੂੰ ਇਸ ਭਰਮ ਅਤੇ ਛਲਾਵੇ ਦਾ ਕਾਲਪਨਿਕ ਮਹਿਲ ਹਕੀਕਤਾਂ ਦੀ ਟੱਕਰ ਨਾਲ ਢਹਿ ਢੇਰੀ ਹੋਣ ਲਈ ਬੱਝਿਆ ਹੁੰਦਾ ਹੈ। ਇਹੀ ਹਸ਼ਰ ਮੋਦੀ ਹਕੂਮਤ ਵੱਲੋਂ ਕਸ਼ਮੀਰੀ ਕੌਮ ਨੂੰ ਕੁੱਟ ਕੇ ਦੁਬੈਲ ਬਣਾਉਣ ਦੀ ਫਿਰਕੂ-ਫਾਸ਼ੀ ਪਹੁੰਚ ਦਾ ਹੋਣਾ ਹੈ। ਕਸ਼ਮੀਰੀ ਕੌਮ ਇੱਕ ਹਕੀਕਤ ਹੈ। ਕਸ਼ਮੀਰ ਦੀ ਧਰਤੀ 'ਤੇ ਸਿਰਫ ਅਤੇ ਸਿਰਫ ਉਸ ਕੌਮ ਦਾ ਜਨਮ-ਸਿੱਧ ਅਧਿਕਾਰ ਹੈ। ਇਹ ਵੀ ਇੱਕ ਹਕੀਕਤ ਹੈ। ਕਸ਼ਮੀਰੀ ਕੌਮ ਵਿਦੇਸ਼ੀ ਨਹੀਂ, ਕਸ਼ਮੀਰ ਦੀ ਮਿੱਟੀ ਦੀ ਜੰਮੀ-ਜਾਈ ਹੈ, ਕਸ਼ਮੀਰੀ ਮਿੱਟੀ, ਪੌਣ-ਪਾਣੀ, ਰੀਤੀ-ਰਿਵਾਜਾਂ ਅਤੇ ਮਾਣਮੱਤੇ ਸਭਿਆਚਾਰ ਦੇ ਸੰਚੇ ਵਿੱਚ ਘੜੀ-ਤਰਾਸ਼ੀ ਗਈ ਹੈ।
ਕਸ਼ਮੀਰ ਦੀ ਧਰਤੀ ਅਤੇ ਕਸ਼ਮੀਰੀ ਕੌਮ ਦਾ ਰਿਸ਼ਤਾ ਅਟੁੱਟ ਹੈ, ਅਨਿੱਖੜਵਾਂ ਹੈ ਅਤੇ ਸਦੀਵੀ ਹੈ। ਦੁਨੀਆਂ ਦੀ ਕੋਈ ਵੀ ਖੂੰਖਾਰ ਸਾਮਰਾਜੀ ਜਾਂ ਪਿਛਾਖੜੀ ਤਾਕਤ ਕਸ਼ਮੀਰੀ ਕੌਮ ਅਤੇ ਕਸ਼ਮੀਰ ਦੀ ਧਰਤੀ ਦੇ ਰਿਸ਼ਤੇ ਨੂੰ ਤੋੜਨ ਦੀ ਗੱਲ ਤਾਂ ਦੂਰ ਰਹੀ, ਇਸ ਵਿੱਚ ਤਰੇੜ ਵੀ ਨਹੀਂ ਲਿਆ ਸਕਦੀ। ਕੋਈ ਵੀ ਤਾਕਤ ਕਸ਼ਮੀਰ ਦੀ ਧਰਤੀ 'ਤੇ ਸਿਰ ਉਠਾ ਕੇ ਕੌਮੀ ਸਵੈਮਾਣ ਅਤੇ ਆਜ਼ਾਦੀ ਨਾਲ ਜੀਣ ਦੇ ਕਸ਼ਮੀਰੀ ਕੌਮ ਦੇ ਅਧਿਕਾਰ 'ਤੇ ਝਪਟ ਨਹੀਂ ਮਾਰ ਸਕਦੀ। ਮੋਦੀ ਜੁੰਡਲੀ ਵੱਲੋਂ ਕਸ਼ਮੀਰੀ ਕੌਮ ਦੇ ਕੌਮੀ ਘਰ— ਕਸ਼ਮੀਰ ਦੀ ਧਰਤੀ— 'ਤੇ ਕਬਜ਼ਾ ਕਰਨ, ਇਸ ਨੂੰ ਭਾਰਤੀ/ਹਿੰਦੂ ਕੌਮ ਦੀ ਮਲਕੀਅਤ ਬਣਾਉਣ ਅਤੇ ਕਸ਼ਮੀਰੀ ਕੌਮ ਨੂੰ ਆਪਣੇ ਹੀ ਕੌਮੀ ਘਰ ਅੰਦਰ ਗੁਲਾਮਾਨਾ ਜਲਾਲਤ ਦੀ ਜ਼ਿੰਦਗੀ ਕਬੂਲ ਕਰਵਾਉਣ ਲਈ ਵਿੱਢੀ ਫਾਸ਼ੀ-ਫੌਜੀ ਮੁਹਿੰਮ ਨੇ ਦੇਰ-ਸਵੇਰ ਨਾਕਾਮ ਹੋਣਾ ਹੀ ਹੋਣਾ ਹੈ।
ਫੌਜੀ ਹੱਲੇ ਰਾਹੀਂ ਕਸ਼ਮੀਰੀ ਕੌਮ ਦੀ ਜੱਦੋਜਹਿਦ ਨੂੰ ਵਕਤੀ ਤੌਰ 'ਤੇ ਮੱਠਾ ਪਾਇਆ ਜਾ ਸਕਦਾ ਹੈ, ਜਬਰ-ਜ਼ੁਲਮ ਦੀ ਮਾਰ ਹੇਠ ਆ ਰਹੇ ਨੌਜਵਾਨਾਂ ਦੀਆਂ ਟਾਵੀਆਂ-ਟੱਲੀਆਂ ਮਾਵਾਂ ਨੂੰ ਜਜ਼ਬਾਤੀ ਤੌਰ 'ਤੇ ਥਿੜ•ਕਾਉਂਦਿਆਂ, ਆਪਣੇ ਜਿਗਰ ਦੇ ਟੋਟਿਆਂ ਦੀ ਸਲਾਮਤੀ ਲਈ ਇੱਕ ਵਾਰੀ ਸੋਚਣ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੈ, ਪਰ ਉਹਨਾਂ ਦੇ ਦਿਲਾਂ ਵਿੱਚ ਭਾਰਤੀ ਹਾਕਮਾਂ ਵੱਲੋਂ ਢਾਹੇ ਕਹਿਰ ਰਾਹੀਂ ਕੀਤੇ ਜਖ਼ਮਾਂ ਦੀ ਚੀਸ ਅਤੇ ਇਸ ਵਿੱਚੋਂ ਉੱਠੀ ਨਫਰਤ ਅਤੇ ਰੋਹ ਦੀ ਪ੍ਰਚੰਡ ਅਗਨ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ, ਆਪਣੇ ਕੌਮੀ ਸਵੈ-ਮਾਣ ਅਤੇ ਅਣਖ-ਆਬਰੂ ਨਾਲ ਜੀਣ ਦੇ ਵਲਵਲਿਆਂ ਦੀ ਲਾਟ ਨੂੰ ਨਹੀਂ ਬੁਝਾਇਆ ਜਾ ਸਕਦਾ। ''ਜਿੱਥੇ ਜਬਰ ਹੈ, ਉੱਥੇ ਟਾਕਰਾ ਹੈ'' ਅਨੁਸਾਰ ਮੋਦੀ ਹਕੂਮਤ ਦੀ ਫੌਜੀ ਮੁਹਿੰਮ ਵੱਲੋਂ ਕਸ਼ਮੀਰੀ ਕੌਮ ਦੀ ਟਾਕਰਾ ਲਹਿਰ ਨੂੰ ਵਿਸ਼ਾਲਤਾ ਅਤੇ ਮਜਬੂਤੀ ਬਖਸ਼ਣ ਦਾ ਮਸਾਲਾ ਅਤੇ ਆਧਾਰ ਤਿਆਰ ਕਰਨ ਦਾ ਕੰਮ ਕਰਦਿਆਂ, ਖੁਦ ਅੰਤ ਨੂੰ ਹੋਣ ਵਾਲੀ ਆਪਣੀ ਪਛਾੜ ਦਾ ਸਮਾਨ ਤਿਆਰ ਕੀਤਾ ਜਾ ਰਿਹਾ ਹੈ।

No comments:

Post a Comment