Tuesday, 2 January 2018

ਜੱਜ ਲੋਇਆ ਦਾ ਕਤਲ ਭਾਜਪਾ ਦੀ ਨੰਗੀ-ਚਿੱਟੀ ਬੁਰਸ਼ਾਗਰਦੀ

ਜੱਜ ਲੋਇਆ ਦਾ ਕਤਲ
ਭਾਜਪਾ ਦੀ ਨੰਗੀ-ਚਿੱਟੀ ਬੁਰਸ਼ਾਗਰਦੀ
-ਦਲਜੀਤ
ਗੁਜਰਾਤ ਵਿੱਚ ਝੂਠੇ ਪੁਲਸ ਮੁਕਾਬਲੇ ਵਿੱਚ ਮਾਰੇ ਗਏ ਸੋਹਰਾਬੂਦੀਨ ਸ਼ੇਖ ਦੇ ਕੇਸ ਦੀ ਸੁਣਵਾਈ ਕਰ ਰਹੇ ਜੱਜ ਬ੍ਰਿਜ ਗੋਪਾਲ ਹਰੀਕਿਸ਼ਨ ਲੋਇਆ ਦੀ ਤਿੰਨ ਸਾਲ ਪਹਿਲਾਂ ਭੇਦਭਰੀ ਮੌਤ ਹੋ ਗਈ ਸੀ। ਇਹ ਜੱਜ 2005 ਵਿੱਚ ਗੁਜਰਾਤ ਦੇ ਗ੍ਰਹਿ ਮੰਤਰੀ ਅਤੇ ਮੌਜੂਦਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਉਸ ਝੂਠੇ ਪੁਲਸ ਮੁਕਾਬਲੇ ਵਿੱਚ ''ਪ੍ਰਮੁੱਖ ਦੋਸ਼ੀ'' ਵਜੋਂ ਸ਼ਾਮਲ ਹੋਣ ਦੇ ਕੇਸ ਦੀ ਸੁਣਵਾਈ ਕਰ ਰਿਹਾ ਸੀ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਦੱਸੀ ਗਈ ਪਰ ''ਦਾ ਕਾਰਵਾਂ'' ਰਸਾਲੇ ਦੇ ਪੱਤਰਕਾਰ ਨਿਰੰਜਣ ਤਾਲਕੇ ਨੇ ਸਾਲ ਭਰ ਕੀਤੀ ਆਪਣੀ ਖੋਜਬੀਣ ਵਿੱਚ ਸਰਕਾਰੀ ਦਾਅਵਿਆਂ ਵਿਚਲੀਆਂ ਪੋਲਾਂ ਨੂੰ ਆਧਾਰ ਬਣਾ ਕੇ ਇਸਦੇ ਬਖੀਏ ਉਧੇੜੇ ਹਨ ਕਿ ਲੋਇਆ ਦੀ ਅਚਾਨਕ ਮੌਤ ਦਾ ਕਾਰਨ ਦਿਲ ਦਾ ਦੌਰਾ ਨਹੀਂ ਬਲਕਿ ਹੋਰ ''ਗੈਰ ਕੁਦਰਤੀ ਕਾਰਨ'' ਹਨ। ਉਸਨੇ ਆਪਣੀ ਰਿਪੋਰਟ ਦਾ ਆਧਾਰ ਜੱਜ ਲੋਇਆ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਅਤੇ ਹੋਰ ਸੋਮਿਆਂ ਨੂੰ ਬਣਾਇਆ ਹੈ।
ਜੱਜ ਲੋਇਆ ਦੀ ਭੈਣ ਅਨੁਰਾਧਾ ਬਿਆਨੀ ਨੇ ਦੋਸ਼ ਲਾਇਆ ਹੈ ਕਿ ਉਸਦੇ ਭਰਾ ਨੂੰ ਮੋਹਿਤਸ਼ਾਹ ਵੱਲੋਂ 100 ਕਰੋੜ ਰੁਪਏ ਰਿਸ਼ਵਤ ਵਜੋਂ ਦੇਣ ਦੀ ਪੇਸ਼ਕਸ਼ ਕੀਤੀ ਗਈ ਤਾਂ ਕਿ ਉਹਨਾਂ ਦੇ ਪੱਖ ਦਾ ਫੈਸਲਾ ਸੁਣਾਇਆ ਜਾ ਸਕੇ। ਮੋਹਿਤ ਸ਼ਾਹ ਜੂਨ 2010 ਤੋਂ ਸਤੰਬਰ 2015 ਤੱਕ ਬੰਬਈ ਹਾਈਕੋਰਟ ਦਾ ਜੱਜ ਰਿਹਾ ਸੀ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਗੁਜਰਾਤ ਪੁਲਸ ਦੇ ਉੱਚ ਅਧਿਕਾਰੀਆਂ ਦਾ ਇਸ ਝੂਠੇ ਮੁਕਾਬਲੇ ਵਿੱਚ ਨਾਂ ਬੋਲਦਾ ਸੀ। ਸੋਹਰਾਬੂਦੀਨ ਸ਼ੇਖ ਨੂੰ ਇੱਕ ਗੈਂਗਸਟਰ ਵਜੋਂ ਪੇਸ਼ ਕੀਤਾ ਗਿਆ ਸੀ, ਜਿਹੜਾ ਸੰਗਮਰਮਰ ਦੇ ਵਪਾਰੀਆਂ ਤੋਂ ਧੱਕੇ ਨਾਲ ਪੈਸਾ ਵਸੂਲਦਾ ਸੀ। ਉਸ ਸਮੇਂ ਅਮਿਤ ਸ਼ਾਹ 'ਤੇ ਪੁਲਸ ਅਧਿਕਾਰੀਆਂ ਰਾਹੀਂ ਉਸ ਨਾਲ ਸਬੰਧ ਹੋਣ ਦੇ ਦੋਸ਼ ਲੱਗੇ ਸਨ। ਨਵੰਬਰ 2005 ਵਿੱਚ ਸੋਹਰਾਬੂਦੀਨ ਸ਼ੇਖ ਆਪਣੀ ਪਤਨੀ ਕੌਸਰ ਬਾਈ ਨਾਲ ਹੈਦਰਾਬਾਦ-ਸਾਂਗਲੀ ਬੱਸ ਰਾਹੀਂ ਗੁਜਰਾਤ ਜਾ ਰਿਹਾ ਸੀ ਤਾਂ ਗੁਜਰਾਤ ਦੇ ਐਂਟੀ-ਟੈਰਰ ਸਕੁਐਡ  (ਦਹਿਸ਼ਤ-ਵਿਰੋਧੀ ਦਸਤੇ) ਨੇ ਉਹਨਾਂ ਨੂੰ ਗਾਂਧੀਨਗਰ ਨੇੜੇ ਬੱਸ ਵਿੱਚੋਂ ਉਤਾਰ ਕੇ ਗੋਲੀਆਂ ਮਾਰ ਦਿੱਤੀਆਂ ਸਨ।
1 ਦਸੰਬਰ ਨੂੰ ਜੱਜ ਲੋਇਆ ਦੀ ਮੌਤ ਪਿੱਛੋਂ 30 ਦਸੰਬਰ 2014 ਨੂੰ ਨਵੇਂ ਜੱਜ ਐਮ.ਬੀ. ਗੁਸਾਵੀ ਨੇ ਸਬੂਤਾਂ ਦੀ ਅਣਹੋਂਦ ਮੰਨ ਕੇ ਅਮਿਤ ਸ਼ਾਹ ਨੂੰ ਸਾਫ ਬਰੀ ਕਰ ਦਿੱਤਾ ਸੀ। ਜੱਜ ਲੋਇਆ ਕੋਲ ਕੇਸ ਆਉਣ ਤੋਂ ਪਹਿਲਾਂ ਇਹ ਕੇਸ ਜੱਜ ਜੇ.ਟੀ. ਉਤਪਤ ਕੋਲ ਸੀ, ਜਿਸ ਨੇ ਅਮਿਤ ਸ਼ਾਹ ਦੀ ਪੇਸ਼ੀ 'ਤੇ ਨਾ ਆਉਣ ਕਰਕੇ ਝਾੜ-ਝੰਬ ਕੀਤੀ ਸੀ। ਉਸ ਜੱਜ ਦੀ ਬਦਲੀ ਕਰ ਦਿੱਤੀ ਗਈ ਸੀ। ਇਹ ਕੁੱਝ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਉਲੰਘਣਾ ਸੀ, ਜਿਸ ਵਿੱਚ ਆਖਿਆ ਗਿਆ ਸੀ ਕਿ ਸਾਰੀ ਸੁਣਵਾਈ ਦਰਮਿਆਨ ਜੱਜ ਇੱਕ ਹੀ ਰਹਿਣਾ ਚਾਹੀਦਾ ਹੈ। ਫੇਰ ਸੁਪਰੀਮ ਕੋਰਟ ਨੇ ਮਾਮਲੇ ਦੀ ਨਾਜੁਕਤਾ ਨੂੰ ਦੇਖਦੇ ਹੋਏ ਇਹ ਕੇਸ ਗੁਜਰਾਤ ਤੋਂ ਮਹਾਂਰਾਸ਼ਟਰ ਤਬਦੀਲ ਕਰ ਦਿੱਤਾ ਸੀ। ਜੱਜ ਲੋਇਆ ਵੱਲੋਂ ਇਸ ਕੇਸ ਦਾ ਫੈਸਲਾ 15 ਦਸੰਬਰ ਨੂੰ ਕੀਤਾ ਜਾਣਾ ਸੀ।
ਕਾਰਵਾਂ ਮੈਗਜ਼ੀਨ ਵਿੱਚ ਛਾਪੀ ਰਿਪੋਰਟ ਮੁਤਾਬਕ ਜੱਜ ਲੋਇਆ ਪਹਿਲੀ ਦਸੰਬਰ 2014 ਨੂੰ ਇੱਕ ਜੱਜ ਦੀ ਲੜਕੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਨਾਗਪੁਰ ਗਿਆ ਸੀ, ਜਿੱਥੇ ਉਸ ਨੂੰ ਹੋਰਨਾਂ ਜੱਜਾਂ ਨਾਲ ਸਰਕਾਰੀ ਬੰਗਲੇ ਰਾਵੀ ਭਵਨ ਵਿੱਚ ਠਹਿਰਾਇਆ ਗਿਆ। ਰਾਤ ਨੂੰ 11 ਵਜੇ ਲੋਇਆ ਨੇ ਆਪਣੀ ਪਤਨੀ ਸ਼ਰਮੀਲਾ ਨਾਲ ਤਕਰੀਬਨ 40 ਮਿੰਟ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਅਗਲੇ ਦਿਨ ਕਿਸੇ ਰੁਝੇਵੇਂ ਕਰਕੇ ਇਧਰ ਹੀ ਰਹੇਗਾ। ਪਰ ਸਵੇਰੇ 5 ਵਜੇ ਹੀ ਲੋਇਆ ਦੀਆਂ ਭੈਣਾਂ ਅਤੇ ਪਰਿਵਾਰ ਮੈਂਬਰਾਂ ਕੋਲ ਫੋਨ ਆਉਣੇ ਸ਼ੁਰੂ ਹੋ ਗਏ ਕਿ ਉਸਦੀ ਮੌਤ ਹੋ ਗਈ ਹੈ। ਜਦੋਂ ਕਿ ਪੋਸਟ ਮਾਰਟਮ ਦੇ ਰਿਕਾਰਡ ਮੁਤਾਬਕ ਮੌਤ ਸਵੇਰੇ ਸਵਾ ਛੇ ਵਜੇ ਹੋਈ ਦੱਸੀ ਗਈ ਹੈ। ਜੱਜ ਲੋਇਆ ਦੀ ਭੈਣ ਅਨੁਰਾਧਾ ਬਿਆਨੀ ਖੁਦ ਇੱਕ ਸਰਕਾਰੀ ਡਾਕਟਰ ਹੋਣ ਕਰਕੇ ਮਾਮਲੇ ਦੇ ਅਨੇਕਾਂ ਪੱਖਾਂ 'ਤੇ ਨਿਗਾਹ ਰੱਖਣ ਲੱਗੀ।
ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਛਾਤੀ ਵਿੱਚ ਦਰਦ ਹੋਣ ਕਰਕੇ ਲੋਇਆ ਨੂੰ ਆਟੋ ਰਿਕਸ਼ੇ 'ਤੇ ਦਾਂਦੇ ਹਸਪਤਾਲ ਲਿਜਾਇਆ ਗਿਆ, ਫੇਰ ਉਸ ਨੂੰ ਇੱਥੇ ਈ.ਸੀ.ਜੀ. ਦਾ ਇੰਤਜਾਮ ਨਾ ਹੋਣ ਕਰਕੇ ਮੈਦੀਤਰੀਨ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਅਨੁਰਾਧਾ ਬਿਆਨੀ ਨੇ ਸ਼ੰਕਾ ਜਤਾਇਆ ਕਿ ਜਦੋਂ ਉਹ ਸਰਕਾਰੀ ਮਹਿਮਾਨ ਸੀ ਤਾਂ ਉਸ ਨੂੰ ਸਰਕਾਰੀ ਸਹਾਇਕ ਕਿਉਂ ਨਾ ਮੁਹੱਈਆ ਕੀਤੇ ਗਏ? ਉਸ ਨੂੰ ਸਰਕਾਰੀ ਗੱਡੀ ਵਿੱਚ ਹਸਪਤਾਲ ਕਿਉਂ ਨਾ ਲਿਜਾਇਆ ਗਿਆ? ਪਰਿਵਾਰ ਮੈਂਬਰਾਂ ਨੂੰ ਸੁਚਿਤ ਕਿਉਂ ਨਹੀਂ ਕੀਤਾ ਗਿਆ? ਜੇਕਰ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਤਾਂ ਫੇਰ ਉਸਦੇ ਕਮੀਜ ਦੇ ਕਾਲਰਾਂ 'ਤੇ ਖੂਨ ਕਿੱਥੋਂ ਆ ਗਿਆ? ਉਸਦੀ ਪੈਂਟ ਦੀ ਬੈਲਟ ਵਲ਼ ਕਿਵੇਂ ਖਾ ਗਈ? ਹੁੱਕ ਕਿਵੇਂ ਟੁੱਟ ਗਈ? ਪੋਸਟ ਮਾਰਟਮ ਰਿਪੋਰਟ ਵਿੱਚ ਉਸਦੇ ਗਿੱਲੇ ਕੱਪੜਿਆਂ ਨੂੰ ''ਖੁਸ਼ਕ'' ਕਿਉਂ ਵਿਖਾਇਆ ਗਿਆ? ਉਹਨਾਂ ਦੇ ਖ਼ੂਨ ਅਤੇ ਮਿੱਟੀ-ਘੱਟੇ ਦੇ ਦਾਗ ਕਿਵੇਂ ਲੱਗ ਗਏ? ਮ੍ਰਿਤਕ ਦੇ ਚਚੇਰੇ ਭਰਾ ਵਜੋਂ ਕੌਣ ਪੇਸ਼ ਹੋਇਆ? ਜੱਜ ਲੋਇਆ ਦੇ ਪਿਤਾ ਨੇ ਆਖਿਆ ਕਿ ਨਾਗਪੁਰ ਵਿੱਚ ਉਹਨਾਂ ਦਾ ਕੋਈ ਰਿਸ਼ਤੇਦਾਰ ਹੈ ਹੀ ਨਹੀਂ, ਇਹ ਚਚੇਰਾ ਭਰਾ ਕਿੱਥੋਂ ਆ ਗਿਆ? ਪੋਸਟ ਮਾਰਟਮ ਦੀ ਮਨਜੂਰੀ ਪਰਿਵਾਰ ਵੱਲੋਂ ਕਿਸ ਨੇ ਦਿੱਤੀ? ਕੋਈ ਪੰਚਨਾਮਾ ਜਾਂ ਡਾਕਟਰੀ ਪੱਖੋਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਆਰ.ਐਸ.ਐਸ. ਦੇ ਇੱਕ ਵਰਕਰ ਈਸ਼ਵਰ ਬਹੇਤੀ ਨੇ ਜੱਜ ਲੋਇਆ ਦੇ ਪਿਤਾ ਨੂੰ ਆਖਿਆ ਕਿ ਲਾਸ਼ ਗਾਤੇਗਾਉਂ ਭੇਜੀ ਜਾ ਰਹੀ ਹੈ— ਉਸ ਨੂੰ ਇਹ ਕਦੋਂ, ਕਿਉਂ ਤੇ ਕਿਵੇਂ ਪਤਾ ਲੱਗਾ ਕਿ ਇਹ ਲਾਸ਼ ਬ੍ਰਿਜ ਗੋਪਾਲ ਲੋਇਆ ਦੀ ਹੈ? ਬਿਆਨੀ ਨੇ ਆਖਿਆ ਕਿ ਜਦੋਂ ਪਰਿਵਾਰ ਦੀ ਰਿਹਾਇਸ਼ ਮੁੰਬਈ ਹੈ ਤਾਂ ਲਾਸ਼ ਨੂੰ ਪਿੰਡ ਕਿਉਂ ਭੇਜਿਆ ਗਿਆ? ਜੱਜ ਲੋਇਆ ਦਾ ਫੋਨ ਅਤੇ ਨਿੱਜੀ ਸਮਾਨ 4 ਦਿਨ ਬਾਅਦ ਇਹਨਾਂ ਦੇ ਘਰ ਆਰ.ਐਸ.ਐਸ. ਵਰਕਰ ਰਾਹੀਂ ਕਿਉਂ ਪਹੁੰਚਿਆ? ਜਦੋਂ ਕਿ ਇਹ ਪੁਲਸ ਦੇ ਕਬਜ਼ੇ ਵਿੱਚ ਹੋਣਾ ਚਾਹੀਦਾ ਸੀ। ਜੱਜ ਲੋਇਆ ਦੇ ਫੂਨ ਦਾ 3-4 ਦਿਨਾਂ ਦਾ ਡਾਟਾ ਡਲੀਟ ਕਿਉਂ ਕੀਤਾ ਹੋਇਆ ਸੀ? ਜਦੋਂ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਦੇ ਇੱਕ ਫੋਨ-ਸੰਦੇਸ਼ ਵਿੱਚ ਲਿਖਿਆ ਹੋਇਆ ਸੀ, ''ਸ੍ਰੀਮਾਨ ਜੀ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ।'' ਜੱਜ ਲੋਇਆ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕੋਈ ਵੀ ਨਸ਼ਾ ਨਹੀਂ ਸੀ ਕਰਦਾ, ਉਸਦੀ ਉਮਰ ਤਾਂ 48 ਸਾਲ ਦੀ ਹੀ ਸੀ ਜਦੋਂ ਕਿ ਉਸਦੇ 80-85 ਸਾਲਾਂ ਨੂੰ ਢੁਕੇ ਮਾਤਾ ਅਤੇ ਪਿਤਾ ਤੰਦਰੁਸਤ ਹਨ। ਉਸ ਨੂੰ ਕੋਈ ਖਾਨਦਾਨੀ ਬਿਮਾਰੀ ਨਹੀਂ ਸੀ। ਉਹ ਖੂਨ ਦੇ ਦਬਾਅ, ਸ਼ੂਗਰ ਜਾਂ ਮੋਟਾਪੇ ਆਦਿ ਦਾ ਮਰੀਜ ਨਹੀਂ ਸੀ, ਫੇਰ ਉਸਨੂੰ ਦਿਲ ਦਾ ਦੌਰਾ ਕਿਵੇਂ ਪੈ ਗਿਆ?
ਜੱਜ ਲੋਇਆ ਦਾ ਕਤਲ ਫਿਰਕੂ-ਫਾਸ਼ੀ ਹਿੰਦੂਤਵ ਦੀ ਪੈਰੋਕਾਰ ਭਾਜਪਾ ਅਤੇ ਸਮੁੱਚੇ ਸੰਘ ਲਾਣੇ ਦੇ ਫਿਰਕੂ-ਫਾਸ਼ੀ ਕਿਰਦਾਰ ਦਾ ਹੀ ਇੱਕ ਇਜ਼ਹਾਰ ਹੈ। ਇਹ ਫਿਰਕੂ-ਫਾਸ਼ੀ ਲਾਣਾ ਘੱਟ-ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ (ਅਤੇ ਆਪਣੇ ਸਿਆਸੀ ਸ਼ਰੀਕਾਂ) ਨੂੰ ਕਤਲ ਕਰਨਾ ਅਤੇ ਮਾਰ-ਖਪਾਉਣਾ ਆਪਣਾ ਮਿਸ਼ਨ ਅਤੇ ਹੱਕ ਸਮਝਦੇ ਹਨ। ਉਹ ਨਿਆਂਪਾਲਿਕ ਸਮੇਤ ਰਾਜ-ਭਾਗ ਦੇ ਸਭਨਾਂ ਅੰਗਾਂ ਨੂੰ ਵੀ ਆਪਣੇ ਫਿਰਕੂ-ਫਾਸ਼ੀ ਮਨਸੂਬਿਆਂ ਦੀ ਪੂਰਤੀ ਦੇ ਸੰਦਾਂ ਵਜੋਂ ਢਾਲਣਾ ਚਾਹੁੰਦੇ ਹਨ ਤਾਂ ਕਿ ਇਹਨਾਂ ਨੂੰ ਘੱਟ ਗਿਣਤੀਆਂ ਅਤੇ ਮੁਸਲਮਾਨਾਂ ਨੂੰ ਕੁੱਟਣ-ਮਾਰਨ ਅਤੇ ਦਬਸ਼ ਹੇਠ ਰੱਖਣ ਲਈ ਮਨਮਰਜੀ ਨਾਲ ਵਰਤਿਆ ਜਾ ਸਕੇ। ਇਸ ਲਈ, ਇਸ ਲਾਣੇ ਵੱਲੋਂ ਆਪਣੀਆਂ ਫਿਰਕੂ-ਫਾਸ਼ੀ ਕਾਰਵਾਈਆਂ ਦਾ ਜਦੋਂ ਵੀ ਕਾਨੂੰਨੀ ਅਦਾਰਿਆਂ ਜਾਂ ਰਾਜਕੀ ਅਦਾਰਿਆਂ ਵੱਲੋਂ ਕੋਈ ਨੋਟਿਸ ਲਿਆ ਜਾਂਦਾ ਹੈ ਅਤੇ ਕਾਰਵਾਈ ਕਰਨ ਲਈ ਅਹੁਲਿਆ ਜਾਂਦਾ ਹੈ ਤਾਂ ਇਹ ਲਾਣਾ ਤਿਲਮਿਲਾ ਉੱਠਦਾ ਹੈ, ਆਪਣੇ ਅਸਲੀ ਰੰਗ ਵਿੱਚ ਆ ਜਾਂਦਾ ਹੈ। ਕਾਨੂੰਨੀ ਅਤੇ ਹੋਰਨਾਂ ਰਾਜਕੀ ਅਦਾਰਿਆਂ ਦੇ ਕਰਤਾ-ਧਰਤਾ ਅਫਸਰਾਂ ਨੂੰ ਧਮਕੀਆਂ ਦੇਣ, ਬਦਲੀਆਂ ਰਾਹੀਂ ਖੱਜਲ-ਖੁਆਰ ਕਰਨ ਅਤੇ ਆਖਰ ਰਾਹ 'ਚੋਂ ਹਟਾਉਣ ਲਈ ਕਤਲ ਕਰਨ ਤੱਕ ਦੀਆਂ ਘਿਨਾਉਣੀਆਂ ਕਾਰਵਾਈਆਂ 'ਤੇ ਉੱਤਰ ਆਉਂਦਾ ਹੈ।
ਜੱਜ ਲੋਇਆ ਦਾ ਕਤਲ ਤਾਂ ਇੱਕ ਮਿਸਾਲ ਹੈ। ਇਸ ਤੋਂ ਪਹਿਲਾਂ ਸਾਧਵੀ ਪ੍ਰਗਿਆ ਅਤੇ ਕਰਨਲ ਪੁਰੋਹਿਤ ਦੇ ਕੇਸ ਦੀ ਪੈਰਵਾਈ ਕਰਨ ਵਾਲੀ ਸਰਕਾਰੀ ਵਕੀਲ ਨੂੰ ਧਮਕੀਆਂ ਦੇਣ ਅਤੇ ਕੇਸ ਤੋਂ ਲਾਂਭੇ ਹੋ ਜਾਣ ਲਈ ਧਮਕਾਇਆ ਗਿਆ, ਜਿਹੜਾ ਫਿਰਕੂ-ਫਾਸ਼ੀ ਲਾਣਾ ਸ਼ਰੇਆਮ ਮੁਸਲਿਮਾਂ ਅਤੇ ਦਲਿਤਾਂ 'ਤੇ ਕਾਤਲਾਨਾ ਹਮਲੇ ਕਰ ਰਿਹਾ ਹੋਵੇ ਅਤੇ ਜਿਸਦੇ ਹੱਥ ਹਜ਼ਾਰਾਂ ਨਿਰਦੋਸ਼ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਣ, ਉਸ 'ਤੇ ਆਪਣੇ ਇੱਕ ਸਰਗਣੇ ਅਮਿਤ ਸ਼ਾਹ ਨੂੰ ਕਾਨੂੰਨ ਦੇ ਸ਼ਿਕੰਜੇ 'ਚੋਂ ਬਚਾਉਣ ਲਈ ਜੱਜ ਲੋਇਆ ਨੂੰ ਰਾਹ 'ਚੋਂ ਹਟਾਉਣ ਲਈ ਕੀਤੇ ਉਸਦੇ ਕਤਲ ਦੇ ਸ਼ੱਕ ਦੀ ਸੂਈ ਦਾ ਜਾ ਟਿਕਣਾ ਨਿਰਆਧਾਰ ਨਹੀਂ ਹੈ। ਕੇਂਦਰੀ ਮੰਤਰੀ ਹੈਗੜੇ ਵੱਲੋਂ ਤਾਂ ਇੱਥੋਂ ਤੱਕ ਐਲਾਨ ਕਰ ਮਾਰਿਆ ਹੈ ਕਿ ਮੌਜੂਦਾ ਸੰਵਿਧਾਨ ਨੂੰ ਤਬਦੀਲ ਕਰ ਦਿੱਤਾ ਜਾਵੇਗਾ। ਜਾਣੀ ਇਸ ਨੂੰ ਫਿਰਕੂ-ਫਾਸ਼ੀ ਹਿੰਦੂਤਵ ਦੀ ਵਿਚਾਰਧਾਰਾ ਦੇ ਮਨਸੂਬਿਆਂ ਦੀ ਤਰਜਮਾਨੀ ਕਰਦੇ ਸੰਵਿਧਾਨ ਵਿੱਚ ਢਾਲਿਆ ਜਾਵੇਗਾ।

No comments:

Post a Comment