ਗੜ•ਚਿਰੋਲੀ ਵਿੱਚ ਨਕਸਲੀ ਕਾਰਕੁੰਨਾਂ ਦੇ ਕਤਲ
ਝੂਠੇ ਪੁਲਸ ਮੁਕਾਬਲਿਆਂ ਵਿੱਚ ਹੋਰ ਵਾਧਾ-ਨਾਜ਼ਰ ਸਿੰਘ ਬੋਪਾਰਾਏ
6 ਦਸੰਬਰ ਦੀ ਸਵੇਰ ਨੂੰ ਮਹਾਂਰਾਸ਼ਟਰ ਦੇ ਗੜ•ਚਿਰੋਲੀ ਜ਼ਿਲ•ੇ ਦੀ ਸਿਰੋਂਚਾ ਤਹਿਸੀਲ ਦੀ ਝਿੰਗਾਨੂਰ ਪੁਲਸ ਚੌਕੀ ਤੋਂ ਕਰੀਬ 15 ਕਿਲੋਮੀਟਰ ਦੂਰ ਕੱਲੇੜ ਪਿੰਡ ਵਿੱਚ ਇੱਕ ਅਖੌਤੀ ਮੁਕਾਬਲੇ ਵਿੱਚ 5 ਔਰਤ ਕਾਰਕੁਨਾਂ ਸਮੇਤ 7 ਮਾਓਵਾਦੀ ਗੁਰੀਲਿਆਂ ਨੂੰ ਮਾਰ ਮੁਕਾਉਣ ਦਾ ਐਲਾਨ ਇੱਕ ਪੁਲਸ ਅਧਿਕਾਰੀ ਵੱਲੋਂ ਕੀਤਾ ਗਿਆ। ਇਹ ਕਾਰਵਾਈ ਮਹਾਂਰਾਸ਼ਟਰ ਦੀ ਮਾਓਵਾਦੀ ਵਿਰੋਧੀ ਵਿਸ਼ੇਸ਼ ਇਕਾਈ ਵੱਲੋਂ ਨਕਸਲ-ਵਿਰੋਧੀ ਮੁਹਿੰਮ ਦੇ ਸਿਲਸਿਲੇ ਤਹਿਤ ਕੀਤੀ ਗਈ। ਨਕਸਲ-ਵਿਰੋਧੀ ਮੁਹਿੰਮ ਦੇ ਉੱਚ ਪੁਲਸ ਅਧਿਕਾਰੀ ਸ਼ਰਦ ਸ਼ੇਲਾਰ ਨੇ ਦੱਸਿਆ ਕਿ ਇੱਕ ਸੂਚਨਾ 'ਤੇ ਆਧਾਰਤ ਸੀ-60 ਕਮਾਂਡੋ ਟੀਮ ਕੱਲੇੜ ਪਿੰਡ ਭੇਜੀ ਗਈ। ਜਦੋਂ ਕਿ ਹੋਰ ਗਸ਼ਤੀ ਟੀਮਾਂ ਛੱਤੀਸ਼ਗੜ• ਨਾਲ ਲੱਗਦੇ ਪਿੰਡਾਂ ਵਿੱਚ ਕੱਲੇੜ ਦੀ ਘੇਰਾਬੰਦੀ ਕਰ ਰਹੀਆਂ ਸਨ ਤਾਂ ਦੋਵਾਂ ਹੀ ਪਾਸਿਆਂ ਤੋਂ ਗੋਲੀਬਾਰੀ ਹੋਈ।
ਆਈ.ਜੀ. ਸ਼ੇਲਾਰ ਨੇ ਇਸ ਝੂਠੇ ਮੁਕਾਬਲੇ ਬਾਰੇ ਆਖਿਆ ਹੈ ਕਿ ''ਅੱਜ ਦਾ ਦਿਨ ਗੜ•ਚਿਰੋਲੀ ਦੇ ਇਤਿਹਾਸ ਵਿਚ ਪੁਲਸ ਲਈ ਸਭ ਤੋਂ ਵੱਡੀ ਜਿੱਤ ਦਾ ਦਿਨ ਹੈ।'' ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨਾਲ ਫੋਨ 'ਤੇ ਗੱਲਬਾਤ ਕੀਤੀ। ਦੋਵਾਂ ਨੇ ਹੀ ਮਹਾਂਰਾਸ਼ਟਰ ਦੇ ਡੀ.ਜੀ.ਪੀ. ਅਤੇ ਆਈ.ਜੀ. ਨੂੰ ਅਤੇ ਗੜ•ਚਿਰੋਲੀ ਦੇ ਪੁਲਸ ਸੁਪਰਡੈਂਟ ਨੂੰ ਵਧਾਈਆਂ ਦਿੰਦੇ ਹੋਏ ਇਹਨਾਂ ਦੀ ਪਿੱਠ ਥਾਪੜੀ ਹੈ। ਸਰਕਾਰ ਵੱਲੋਂ ਸਬੰਧਤ ਅਫਸਰਾਂ ਨੂੰ ਇਨਾਮ-ਸਨਮਾਨ ਦੇਣ ਦੇ ਐਲਾਨ ਵੀ ਕੀਤੇ ਗਏ ਹਨ।
ਮਹਾਂਰਾਸ਼ਟਰ ਪੁਲਸ ਦੇ ਅਧਿਕਾਰੀ ਇਸ ਦਿਨ ਦੀ ''ਸਭ ਤੋਂ ਵੱਡੀ ਜਿੱਤ'' ਦੇ ਦਿਨ ਵਜੋਂ ਜਿੰਨੀ ਮਰਜੀ ਡੌਂਡੀ ਪਿੱਟੀ ਜਾਣ ਪਰ ਇਹਨਾਂ ਨੇ ਜੋ ਕੁੱਝ ਹੁਣ ਕੀਤਾ ਹੈ, ਬਿਲਕੁਲ ਹੀ ਅਜਿਹਾ ਕੁੱਝ ਇਸੇ ਸੀ-60 ਕਮਾਂਡੋ ਫੋਰਸ ਵੱਲੋਂ 18 ਫਰਵਰੀ 2014 ਨੂੰ ਵੀ ਕੀਤਾ ਗਿਆ ਸੀ, ਜਦੋਂ ''ਨਕਸਲ ਵਿਰੋਧੀ ਵੱਡੀ ਮੁਹਿੰਮ ਦੌਰਾਨ ਮਹਾਂਰਾਸ਼ਟਰ ਦੇ ਗੋਂਡੀਆ ਜ਼ਿਲ•ੇ ਦੇ ਪਿੰਡ ਬੇਤਕਾਠੀ ਵਿੱਚ 7 ਨਕਸਲੀ ਮਾਰੇ ਗਏ ਸਨ। ਪੁਲਸ ਅਨੁਸਾਰ ਨਕਸਲੀਆਂ ਅਤੇ ਸੀ-60 ਕਮਾਂਡੋਆਂ ਦਰਮਿਆਨ ਗੋਂਡੀਆ-ਗੜ•ਚਿਰੋਲੀ ਬਾਰਡਰ 'ਤੇ ਕੋਰਚੀ ਤਾਲੁਕਾ ਦੇ ਪਿੰਡ ਵਿੱਚ ਇਹ ਮੁਕਾਬਲਾ ਹੋਇਆ ਸੀ। ਪਿਛਲੀ ਰਾਤ ਮਿਲੀ ਸੁਚਨਾ 'ਤੇ ਆਧਾਰਤ ਇਹ ਜਵਾਨ ਪਹੁੰਚੇ ਸਨ ਕਿ ਬੇਤਕਾਠੀ ਜੰਗਲ ਇਲਾਕੇ ਵਿੱਚ ਕੁੱਝ ਨਕਸਲੀ ਲੁਕੇ ਹੋਏ ਹਨ।''
24 ਫਰਵਰੀ 2014 ਨੂੰ ਪੀ.ਟੀ.ਆਈ. ਅਨੁਸਾਰ 18 ਫਰਵਰੀ ਨੂੰ ਗੜ•ਚਿਰੋਲੀ ਵਿੱਚ ਪੁਲਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ਨੂੰ ਝੂਠਾ ਗਰਦਾਨਦੇ ਹੋਏ ਆਂਧਰਾ ਪ੍ਰਦੇਸ਼ ਸ਼ਹਿਰੀ ਆਜ਼ਾਦੀਆਂ ਦੀ ਕਮੇਟੀ ਨੇ ਮੰਗ ਕੀਤੀ ਸੀ ਕਿ ਇਸ ਘਟਨਾ ਵਿੱਚ ਦੋਸ਼ੀ ਪਾਏ ਗਏ ਪੁਲਸ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਮਹੂਰੀ ਹੱਕਾਂ ਦੇ ਖੇਤਰ ਵਿੱਚ ਕੰਮ ਕਰਦੀ ਇਸ ਸਮਾਜੀ ਜਥੇਬੰਦੀ ਦੇ ਨਾਲ ''ਇੰਡੀਅਨ ਐਸੋਸੀਏਸ਼ਨ ਆਫ ਪੀਪਲਜ਼ ਲਾਇਰਜ਼'' ਨੇ ਮੌਕੇ 'ਤੇ ਜਾ ਕੇ ਪੜਤਾਲ ਕੀਤੀ ਸੀ। ਆਂਧਰਾ ਪ੍ਰਦੇਸ਼ ਸ਼ਹਿਰੀ ਅਜ਼ਾਦੀਆਂ ਦੀ ਕਮੇਟੀ ਦੇ ਜਨਰਲ ਸਕੱਤਰ ਸੀ.ਐੱਚ. ਚੰਦਰਸ਼ੇਖਰ ਨੇ ਤੱਥ-ਖੋਜ ਕਮੇਟੀ ਦੇ ਹਵਾਲੇ ਨਾਲ ਇਹਨਾਂ ਨੂੰ ''ਝੂਠਾ ਮੁਕਾਬਲਾ'' ਅਤੇ ''ਨਿਰਦੱਈ ਕਤਲ'' ਆਖਿਆ ਹੈ। ਉਸਨੇ ਦੋਸ਼ ਲਾਇਆ ਕਿ ਦੋ ਔਰਤਾਂ ਸਮੇਤ 7 ਮਾਓਵਾਦੀਆਂ ਨੂੰ ਜਦੋਂ ਪੁਲਸ ਵਾਹਨ ਵਿੱਚ ਲਿਆਂਦਾ ਗਿਆ ਤਾਂ ਉਹ ''ਬੇਹੋਸ਼ੀ ਦੀ ਹਾਲਤ'' ਵਿੱਚ ਸਨ ਅਤੇ ਉਹਨਾਂ ਨੂੰ ਨੇੜਿਉਂ ਗੋਲੀਆਂ ਮਾਰੀਆਂ ਗਈਆਂ ਸਨ, ਉਹ ਪੁਲਸ ਵੱਲੋਂ ਦਾਅਵੇ ਕੀਤੇ ਮੁਕਾਬਲੇ ਵਿੱਚ ਨਹੀਂ ਸਨ ਮਾਰੇ ਗਏ। ਘਟਨਾ ਮੌਕੇ 'ਤੇ ਗੋਲੀਆਂ ਅਤੇ ਮੁਕਾਬਲੇ ਦੇ ਨਿਸ਼ਾਨ ਨਹੀਂ ਸਨ। ਨਾ ਲੋਕਾਂ ਨੂੰ ਅਤੇ ਨਾ ਹੀ ਮੀਡੀਏ ਨੂੰ ਘਟਨਾ ਬਾਰੇ ਦੱਸਿਆ ਗਿਆ। ਲਾਸ਼ਾਂ ਨੂੰ ਸਿੱਧਿਆਂ ਗੜ•ਚਿਰੋਲੀ ਹਸਪਤਾਲ ਵਿੱਚ ਲਿਆਂਦਾ ਗਿਆ।
ਇਸ ਤੋਂ ਪਹਿਲਾਂ 4 ਅਪ੍ਰੈਲ 2013 ਨੂੰ ''ਦਾ ਹਿੰਦੂ'' ਅਖਬਾਰ ਨਾਲ ਗੱਲਬਾਤ ਕਰਦਿਆਂ ਗੜ•ਚਿਰੋਲੀ ਦੇ ਪੁਲਸ ਸੁਪਰਡੈਂਟ ਮੁਹੰਮਦ ਸੁਵੇਜ ਹੱਕ ਨੇ ਦਾਅਵਾ ਕੀਤਾ ਸੀ ਕਿ ਮਹਾਂਰਾਸ਼ਟਰ-ਛੱਤੀਸਗੜ• ਬਾਰਡਰ 'ਤੇ ਭਾਤਪਰ ਲਾਗੇ ਹੋਏ ਇੱਕ ਮੁਕਾਬਲੇ ਵਿੱਚ 8 ਨਕਸਲੀ ਮਾਰੇ ਗਏ ਹਨ।
ਉਪਰੋਕਤ ਤਿੰਨ ਘਟਨਾਵਾਂ ਵਿੱਚ ਹੀ 20 ਤੋਂ ਜ਼ਿਆਦਾ ਮਾਓਵਾਦੀ ਕਾਰਕੁੰਨ ਮਾਰੇ ਜਾਣ ਦੇ ਦਾਅਵੇ ਕੀਤੇ ਗਏ ਹਨ ਜਦੋਂ ਕਿ ਕਿਸੇ ਵੀ ਥਾਂ 'ਤੇ ਕਿਸੇ ਇੱਕ ਵੀ ਪੁਲਸੀਏ ਦੇ ਕੋਈ ਝਰੀਟ ਤੱਕ ਨਹੀਂ ਆਈ। ਅਜਿਹਾ ਕਿਉਂ? ਕੀ ਸਾਰੀਆਂ ਥਾਵਾਂ 'ਤੇ ''ਪੁਖਤਾ ਪ੍ਰਬੰਧ'' ਅਜਿਹੇ ਕੀਤੇ ਗਏ ਕਿ ਨਕਸਲੀ ਕਾਰਕੁੰਨ ਹੀ ਮਾਰੇ ਜਾਣ ਪਰ ਫੌਜੀ ਬਲਾਂ ਨੂੰ ਕੋਈ ਆਂਚ ਤੱਕ ਵੀ ਨਾ ਆਵੇ? ਨਹੀਂ, ਅਜਿਹਾ ਕੁੱਝ ਨਕਸਲੀਆਂ ਨਾਲ ਹੋਏ ਅਸਲੀ ਮੁਕਾਬਲਿਆਂ ਵਿੱਚ ਕਦੇ ਵੀ ਨਹੀਂ ਹੋਇਆ। ਜਿਵੇਂ ਆਂਧਰਾ ਪ੍ਰਦੇਸ਼ ਮਨੁੱਖੀ ਅਧਿਕਾਰ ਕਮੇਟੀ ਦੇ ਸਕੱਤਰ ਨੇ ਆਖਿਆ ਹੈ ਕਿ ਇਹ ''ਝੂਠੇ ਮੁਕਾਬਲੇ'' ਅਤੇ ''ਨਿਰਦੱਈ ਕਤਲ'' ਹਨ, ਉਸਦੀ ਗੱਲ ਠੀਕ ਹੈ।
ਜਦੋਂ ਫੌਜੀ ਬਲ ਨਕਸਲੀ ਗੁਰੀਲਿਆਂ ਦੇ ਝੂਠੇ ਮੁਕਾਬਲੇ ਰਚਦੇ ਹਨ ਤਾਂ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੀ ਨਹੀਂ ਜਦੋਂ ਕਿ ਨਕਸਲੀ ਸਾਰੇ ਹੀ ਮਾਰੇ ਵਿਖਾਏ ਜਾਂਦੇ ਹਨ। ਨਕਸਲੀ ਗੁਰੀਲਿਆਂ ਦੇ ਹਮਲੇ ਚੋਣਵੇਂ ਅਤੇ ਵਧੇਰੇ ਯੋਜਨਾਬੱਧ ਹੁੰਦੇ ਹਨ ਜਦੋਂ ਕਿ ਫੌਜੀ ਬਲ ਕੰਘਾ-ਕਰੂ ਮੁਹਿੰਮਾਂ ਵਿੱਚ ਜਾਂ ਸੂਹੀਆ ਏਜੰਸੀਆਂ ਰਾਹੀਂ ਨਕਸਲੀ ਗੁਰੀਲਿਆਂ ਨੂੰ ਫੜਦੇ ਹਨ ਅਤੇ ਉਹਨਾਂ 'ਤੇ ਅੰਨ•ਾ ਜਬਰ-ਤਸ਼ੱਦਦ ਕਰਕੇ ਭੇਦ ਕਢਵਾਉਣ ਦੇ ਯਤਨ ਕਰਦੇ ਹਨ ਜਦੋਂ ਇਹ ਕੁੱਝ ਹਾਸਲ ਨਾ ਹੋਵੇ ਤਾਂ ਉਹ ਗ੍ਰਿਫਤਾਰ ਕੀਤੇ ਕਾਰਕੁੰਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰ ਕੇ ਬਹਾਦਰੀ ਦੀਆਂ ਫੀਤੀਆਂ ਆਪਣੇ ਮੋਢਿਆਂ 'ਤੇ ਲਾਉਂਦੇ ਰਹਿੰਦੇ ਹਨ ਜਾਂ ਫੇਰ ਅਨੇਕਾਂ ਹੀ ਮੌਕਿਆਂ 'ਤੇ ਆਮ ਆਦਿਵਾਸੀ ਅਤੇ ਕਬਾਇਲੀ ਲੋਕਾਂ ਨੂੰ ਮਾਰ ਕੇ ਅਣ-ਪਛਾਤੇ ਨਕਸਲੀਆਂ ਨੂੰ ਮਾਰਨ ਦੇ ਦਾਅਵੇ ਕਰਕੇ ਆਪਣੀ ਹੋ ਰਹੀ ਨਾਕਾਮੀ ਨੂੰ ਢਕਣ ਦੇ ਯਤਨ ਕਰਦੇ ਰਹਿੰਦੇ ਹਨ।
No comments:
Post a Comment