ਜੀ.ਐੱਨ. ਸਾਈਂ ਬਾਬਾ ਦੀ ਰਿਹਾਈ ਲਈ ਕਮੇਟੀ ਵੱਲੋਂ ਮੁਜ਼ਾਹਰਾ
ਜਲੰਧਰ, ਨਵੰਬਰ- ਜੀ.ਐੱਨ. ਸਾਈਂ ਬਾਬਾ ਰੱਖਿਆ ਤੇ ਰਿਹਾਈ ਕਮੇਟੀ ਵੱਲੋਂ ਜੀ.ਐੱਨ. ਸਾਈਂ ਬਾਬਾ, ਹੇਮ ਮਿਸ਼ਰਾ, ਪ੍ਰਸ਼ਾਤ ਰਾਹੀ, ਪਾਂਡੂ ਨਰੋਟੇ, ਮਹੇਸ਼ ਟਿਰਕੀ ਤੇ ਵਿਜੈ ਟਿਰਕੀ ਸਮੇਤ ਸਾਰੇ ਰਾਜਨੀਤਕ ਕੈਦੀਆਂ ਦੀ ਬੇਸ਼ਰਤ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਕੰਪਨੀ ਬਾਗ ਤੋਂ ਦੇਸ਼ ਭਗਤ ਯਾਦਗਾਰ ਹਾਲ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ। ਕਮੇਟੀ ਦੇ ਉਪ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੇ ਵੇਲਿਆਂ ਤੋਂ ਅੱਜ ਤੱਕ ਰਾਜਨੀਤਕ ਕੈਦੀਆਂ ਦੀ ਹਾਲਤ ਹਮੇਸ਼ਾ ਚਿੰਤਾਜਨਕ ਰਹੀ ਹੈ ਤੇ 90 ਫੀਸਦੀ ਅਪਾਹਜ ਸਾਈਂਬਾਬਾ ਨੂੰ ਦੇਸ਼ ਖ਼ਿਲਾਫ਼ ਜੰਗ ਛੇੜਨ ਦੇ ਦੋਸ਼ ਹੇਠ ਜੇਲ• ਵਿਚ ਰੱਖਿਆ ਜਾ ਰਿਹਾ ਹੈ, ਜਦ ਕਿ ਦੇਸ਼ ਵਿਰੋਧੀ ਹਾਕਮ ਜਮਾਤੀ ਅਪਰਾਧੀਆਂ ਨੂੰ ਜੇਲ• ਵਿੱਚ ਅਰਾਮ ਨਾਲ ਰੱਖਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜੇਲ• ਵਿੱਚ ਅਪਾਹਜ ਵਿਅਕਤੀ ਲਈ ਜ਼ਰੂਰੀ ਸਹੂਲਤਾਂ ਤੇ ਕੈਦੀਆਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਭਾਰਤ ਸਰਕਾਰ ਮਨੁੱਖੀ ਹੱਕਾ ਬਾਰੇ ਸਮਝੌਤਿਆਂ ਅਤੇ ਅਪਾਹਜ ਵਿਅਕਤੀਆਂ ਲਈ ਕਾਨੂੰਨਾਂ ਦਾ ਉਲੰਘਣ ਕਰ ਰਹੀ ਹੈ। ਮਾਰਚ ਵਿੱਚ 500 ਤੋਂ ਵੱਧ ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਸਿਆਸੀ ਕਾਰਕੁੰਨਾਂ ਅਤੇ ਜਮਹੂਰੀ ਸ਼ਖਸੀਅਤਾਂ ਨੇ ਭਾਗ ਲਿਆ। ਮਾਰਚ ਦੀ ਹਮਾਇਤ ਵਿੱਚ ਜਮਹੂਰੀ ਅਧਿਕਾਰ ਸਭਾ, ਸੀਪੀਆਈ (ਐਮ-ਐਲ) ਨਿਊ ਡੈਮੋਕਰੇਸੀ, ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੰਚ, ਲੋਕ ਕਾਫ਼ਲਾ, ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ, ਸੀ.ਪੀ.ਆਈ.(ਐੱਮ-ਐੱਲ) ਲਿਬਰੇਸ਼ਨ, ਇਨਕਲਾਬੀ ਲੋਕ ਮੋਰਚਾ, ਡੀ.ਐੱਸ.ਓ., ਚੇਤਨਾ ਏਕਤਾ ਮੰਚ ਹਰਿਆਣਾ, ਪੀ.ਆਰ.ਐੱਸ.ਯੂ., ਪ੍ਰਗਤੀਸ਼ੀਲ ਚਿੰਤਨ ਸਭਾ ਨੇ ਸ਼ਮੂਲੀਅਤ ਕੀਤੀ।
ਕਰਜ਼ਾ ਮੁਕਤੀ ਲਈ ਕਿਸਾਨਾਂ ਨੇ ਲਾਏ ਡੀਸੀ ਦਫ਼ਤਰਾਂ ਮੂਹਰੇ ਧਰਨੇ
ਚੰਡੀਗੜ• 13 ਦਸੰਬਰ- ਪੰਜਾਬ ਦੇ ਕਰਜ਼ਾਗ੍ਰਸਤ ਕਿਸਾਨਾਂ ਨੇ 7 ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਮੁਕੰਮਲ ਕਰਜ਼ਾ-ਮੁਕਤੀ ਲਈ ਅੱਜ ਥਾਂ-ਥਾਂ ਭਾਰੀ ਗਿਣਤੀ 'ਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਡੀ.ਸੀ./ਐਸ.ਡੀ.ਐਮਜ਼. ਦਫ਼ਤਰਾਂ ਅੱਗੇ ਰੋਹ-ਭਰਪੂਰ ਧਰਨੇ ਲਾਏ ਅਤੇ ਮੰਗ ਪੱਤਰ ਸੌਂਪੇ। ਜੱਥੇਬੰਦੀਆਂ ਦਾ ਸੂਬਾਈ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਫਤਿਹਗੜ• ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਨਵਾਂਸ਼ਹਿਰ, ਜ਼ੀਰਾ, ਜਗਰਾਉਂ, ਮਾਛੀਵਾੜਾ 'ਚ ਲੱਗੇ ਧਰਨਿਆਂ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ।
ਵੱਖ-ਵੱਖ ਥਾਵਾਂ 'ਤੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ 'ਚ ਜੋਗਿੰਦਰ ਸਿੰਘ ਉਗਰਾਹਾਂ, ਬੂਟਾ ਸਿੰਘ ਬੁਰਜਗਿੱਲ, ਨਿਰਭੈ ਸਿੰਘ ਢੁੱਡੀਕੇ, ਕੰਵਲਪ੍ਰੀਤ ਸਿੰਘ ਪੰਨੂ, ਸੁਰਜੀਤ ਸਿੰਘ ਫੂਲ, ਛਿੰਦਰ ਸਿੰਘ ਨੱਥੂਵਾਲਾ ਅਤੇ ਹਰਜਿੰਦਰ ਸਿੰਘ ਟਾਂਡਾ ਸ਼ਾਮਲ ਸਨ। ਬੁਲਾਰਿਆਂ ਨੇ ਚੋਣ-ਵਾਅਦਿਆਂ ਤੋਂ ਭੱਜ ਰਹੀ ਕੈਪਟਨ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਉਨ•ਾਂ ਮੰਗ ਕੀਤੀ ਕਿ ਧੜਾਧੜ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਸਰਕਾਰਾਂ ਦੀਆਂ ਕਿਸਾਨ-ਵਿਰੋਧੀ ਨੀਤੀਆਂ ਕਾਰਨ ਮਜਬੂਰਨ ਲੈਣੇ ਪਏ ਹਰ ਕਿਸਮ ਦੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ। ਦੋ ਲੱਖ ਤੱਕ ਦੇ ਫ਼ਸਲੀ ਕਰਜ਼ਿਆਂ ਦੀ ਅੰਸ਼ਿਕ ਮੁਆਫੀ ਦੀ ਨਿਗੂਣੀ ਰਾਹਤ 5 ਏਕੜ ਤੱਕ ਸਾਰੇ ਕਿਸਾਨਾਂ ਲਈ ਬਿਨਾਂ ਸ਼ਰਤ ਲਾਗੂ ਕੀਤੀ ਜਾਵੇ। ਨਕਲੀ ਸਪਰੇਆਂ/ਬੀਜਾਂ/ਖਾਦਾਂ ਤੋਂ ਇਲਾਵਾ ਮਾੜੇ ਬਿਜਲੀ ਪ੍ਰਬੰਧਾਂ ਜਾਂ ਕੁਦਰਤੀ ਆਫ਼ਤਾਂ ਕਾਰਨ ਤਬਾਹ ਹੁੰਦੀਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਔਸਤ ਝਾੜ ਦੇ ਮੁੱਲ ਬਰਾਬਰ ਦਿੱਤਾ ਜਾਵੇ। ਕਰਜ਼ਿਆਂ ਤੇ ਆਰਥਿਕ ਤੰਗੀਆਂ ਕਾਰਨ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ-ਮਜ਼ਦੂਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, 1-1 ਪੱਕੀ ਸਰਕਾਰੀ ਨੌਕਰੀ ਅਤੇ ਸਮੁੱਚੇ ਕਰਜ਼ਿਆਂ 'ਤੇ ਫੌਰੀ ਲਕੀਰ ਫੇਰ ਕੇ ਤੁਰੰਤ ਰਾਹਤ ਦਿੱਤੀ ਜਾਵੇ। ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸੰਭਾਲ ਦਾ ਸਥਾਈ ਹੱਲ ਕੀਤਾ ਜਾਵੇ। ਬਿਨਾਂ ਸਾੜਨ ਤੋਂ ਫ਼ਸਲੀ ਨਾੜ/ਪਰਾਲੀ ਨੂੰ ਤੁਰੰਤ ਸਾਂਭਣ ਦੇ ਪੂਰੇ ਪ੍ਰਬੰਧ ਕੀਤੇ ਜਾਣ। ਖੇਤੀ ਲਾਗਤਾਂ ਉੱਤੇ ਜੀ.ਐਸ.ਟੀ. ਖਤਮ ਕੀਤਾ ਜਾਵੇ। ਖੇਤਾਂ, ਟਰੈਕਟਰਾਂ 'ਤੇ ਲਾਇਆ ਜਾ ਰਿਹਾ ਵਪਾਰਕ ਟੈਕਸ ਖਤਮ ਕੀਤਾ ਜਾਵੇ। ਬਿਜਲੀ ਦਰਾਂ 'ਚ ਕੀਤਾ ਭਾਰੀ ਵਾਧਾ ਵਾਪਸ ਲਿਆ ਜਾਵੇ ਅਤੇ ਸਰਕਾਰੀ ਥਰਮਲਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਖੇਤੀ ਮੋਟਰਾਂ 'ਤੇ ਮੀਟਰ ਲਾਉਣੇ ਬੰਦ ਕੀਤੇ ਜਾਣ ਅਤੇ ਲੋਡ ਵਧਾਉਣ ਦੀ ਫੀਸ ਖਤਮ ਕੀਤੀ ਜਾਵੇ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਸੰਘਰਸ਼ ਹੋਰ ਵਿਸ਼ਾਲ ਤੇ ਪ੍ਰਚੰਡ ਕੀਤਾ ਜਾਵੇਗਾ, ਜਿਸ ਦਾ ਐਲਾਨ ਛੇਤੀ ਕੀਤਾ ਜਾਵੇਗਾ। ਜਬਰੀ ਵਸੂਲੀ ਲਈ ਨਿਲਾਮੀ/ਗ੍ਰਿਫ਼ਤਾਰੀਆਂ ਦਾ ਸਖਤ ਵਿਰੋਧ ਜਾਰੀ ਰੱਖਿਆ ਜਾਵੇਗਾ।
ਕਿਸਾਨ ਸੰਘਰਸ਼ ਕਮੇਟੀ ਗੁਰਦਾਸਪੁਰ ਨੇ ਆੜ•ਤੀਆਂ ਵੱਲੋਂ ਕੱਢੇ ਨਜਾਇਜ਼ ਪੈਸੇ ਵਾਪਸ ਕਰਵਾਏ
ਇਸ ਵਾਰ ਗੁਰਦਾਸਪੁਰ ਜ਼ਿਲ•ੇ ਵਿੱਚ ਆੜ•ਤੀਆਂ ਵੱਲੋਂ ਕਿਸਾਨਾਂ ਤੋਂ ਝੋਨੇ ਵਿੱਚ ਗਿੱਲ ਦੇ ਬਹਾਨੇ ਵੱਡੀ ਪੱਧਰ 'ਤੇ ਨਜਾਇਜ਼ ਕਟੌਤੀਆਂ ਕੀਤੀਆਂ ਗਈਆਂ ਸਨ, ਜੋ ਆਮ ਤੌਰ 'ਤੇ 80 ਤੋਂ 100 ਰੁਪਏ ਸਨ ਪਰ ਕਿਤੇ ਕਿਤੇ 150 ਰੁਪਏ ਵੀ ਸਨ। ਕਿਸਾਨ ਸੰਘਰਸ਼ ਕਮੇਟੀ (ਸਤਨਾਮ ਸਿੰਘ ਪੰਨੂੰ) ਦੀ ਗੁਰਦਾਸਪੁਰ ਜ਼ਿਲ•ਾ ਕਮੇਟੀ ਨੇ ਇਸ ਖਿਲਾਫ ਪੂਰਾ ਮਹੀਨਾ ਤਿਆਰੀ ਕਰਕੇ ਸੰਘਰਸ਼ ਵਿੱਢਿਆ, ਜਿਸ ਤਹਿਤ ਪਹਿਲਾਂ ਐਸ.ਡੀ.ਐਮ. ਨੂੰ ਮੰਗ ਪੱਤਰ ਤੇ ਕਟੌਤੀਆਂ ਦੀ ਫਰਿਸਤ (ਲਿਸਟ) ਸੌਂਪੀ ਗਈ। 17 ਨਵੰਬਰ ਨੂੰ ਐਸ.ਡੀ.ਐਮ. ਦੇ ਧਰਨੇ ਤੋਂ ਬਾਅਦ ਆੜ•ਤੀਆਂ ਨੇ ਕਿਸਾਨਾਂ ਨੂੰ ਕਟੌਤੀ ਦੇ ਪੈਸੇ ਮੋੜਨੇ ਸ਼ੁਰੂ ਕਰ ਦਿੱਤੇ ਪਰ ਨਾਲ ਹੀ ਡਰਾਉਣਾ-ਧਮਕਾਉਣਾ ਵੀ ਸ਼ੁਰੂ ਕਰ ਦਿੱਤਾ। 27 ਨਵੰਬਰ ਨੂੰ ਫਿਰ ਮਾਰਕੀਟ ਕਮੇਟੀ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ, ਜਿਸ ਦੇ ਦਬਾਅ ਹੇਠ ਕਿਸਾਨਾਂ ਦੇ ਨਜਾਇਜ਼ ਕੱਟੇ ਹੋਏ ਪੈਸੇ ਵਾਪਸ ਮੁੜਵਾਏ ਗਏ।
ਇਸੇ ਦੌਰਾਨ ਬੁਖਲਾਹਟ ਵਿੱਚ ਆਏ ਇੱਕ ਆੜ•ਤੀਏ ਸੁੱਚਾ ਸਿੰਘ ਨੇ ਉੱਚੇ ਧਕਾਲੇ ਦੇ ਇੱਕ ਏਕੜ 'ਤੇ ਖੇਤੀ ਕਰਨ ਵਾਲੇ ਕਿਸਾਨ 'ਤੇ ਗੱਡੀ ਚਾੜ•ਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਥਾਣੇ ਬੰਦ ਕਰਵਾ ਦਿੱਤਾ। ਜਥੇਬੰਦੀ ਵੱਲੋਂ ਉਸ ਨੂੰ ਥਾਣੇ ਤੋਂ ਛੁਡਾ ਕੇ ਐਸ.ਡੀ.ਐਮ. ਨੂੰ ਮਿਲਿਆ ਗਿਆ, ਜਿਸ ਨੇ ਦੋਹਾਂ ਧਿਰਾਂ ਦੀ ਸੁਣਵਾਈ ਕਰਕੇ ਆੜ•ਤੀਏ ਦਾ ਰਿਕਾਰਡ 10 ਦਿਨਾਂ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ। ਇਸ ਮਾਮਲੇ ਵਿੱਚ ਪੁਲਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸਦੇ ਖਿਲਾਫ ਸੰਘਰਸ਼ ਜਾਰੀ ਹੈ।
ਪਾਰਲੀਮੈਂਟ ਮੂਹਰੇ ਆਪਣੀਆਂ ਮੰਗਾਂ ਦੇ ਹੱਕ ਚ ਗਰਜੇ ਹਜ਼ਾਰਾਂ ਕਿਰਤੀ
ਹਜ਼ਾਰਾਂ ਕਿਰਤੀਆਂ ਵੱਲੋਂ ਪਾਰਲੀਮੈਂਟ ਸਟ੍ਰੀਟ ਦਿੱਲੀ ਵਿਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਤਿੰਨ ਦਿਨਾ ਧਰਨਾ ਦਿੱਤਾ ਗਿਆ। ਇਸ ਧਰਨੇ ਦਾ ਸੱਦਾ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਮਜ਼ਦੂਰਾਂ ਦੇ ਸਾਂਝੇ ਬਾਰਾਂ ਨੁਕਾਤੀ ਮੰਗ ਪੱਤਰ ਦੇ ਹੱਕ ਵਿਚ ਸਾਂਝੇ ਤੌਰ ਤੇ ਦਿੱਤਾ ਗਿਆ ਸੀ। ਮਜ਼ਦੂਰਾਂ ਦੀ ਮੰਗ ਹੈ ਕਿ ਜ਼ਰੂਰਤ ਤੇ ਅਧਾਰਤ ਘੱਟੋ ਘੱਟ ਤਨਖਾਹ 18000 /- ਰੁਪੈ ਮਹੀਂਨਾ, ਘੱਟੋ ਘੱਟ ਪੈਨਸ਼ਨ 3000 /- ਰੁਪੈ ਮਹੀਨਾ ਨਿਸ਼ਚਿਤ ਕੀਤੀ ਜਾਵੇ, ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਨੱਥ ਪਾਈ ਜਾਵੇ, ਨਿੱਜੀਕਰਨ ਅਤੇ ਠੇਕਾ ਪ੍ਰਣਾਲੀ ਬੰਦ ਕੀਤੀ ਜਾਵੇ, ਵਿਦੇਸ਼ੀ ਪੂੰਜੀ ਤੇ ਨਿਰਭਰਤਾ ਬੰਦ ਕੀਤੀ ਜਾਵੇ - ਖਾਸ ਕਰ ਕੇ ਬੀਮਾ, ਰੇਲਵੇ ਅਤੇ ਰਖਿਆ ਦੇ ਖੇਤਰ ਵਿਚ ਆਦਿ।
ਸ਼ਾਹਪੁਰ ਕਲਾਂ ਕਤਲ: ਐਕਸ਼ਨ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਸੰਗਰੂਰ, 10 ਨਵੰਬਰ-ਕਰੀਬ ਚਾਰ ਹਫ਼ਤੇ ਪਹਿਲਾਂ ਸ਼ਾਹਪੁਰ ਕਲਾਂ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਉੱਪਰ ਹੋਏ ਹਮਲੇ ਵਿੱਚ ਤੇਜਾ ਸਿੰਘ ਦੇ ਕਤਲ ਦੇ ਦੋਸ਼ ਹੇਠ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਾਹਪੁਰ ਕਲਾਂ ਕਤਲ/ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਲੋਕਾਂ ਵੱਲੋਂ ਡੀਸੀ ਦਫ਼ਤਰ ਕੰਪਲੈਕਸ ਅੱਗੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਬਨਾਸਰ ਬਾਗ਼ ਵਿੱਚ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਧਰਨੇ ਵਿੱਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਦੋ ਮੁੱਖ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦਿੱਤਾ ਜਾਵੇ।
ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕ ਸਥਾਨਕ ਬਨਾਸਰ ਬਾਗ਼ 'ਚ ਇਕੱਠੇ ਹੋਏ ਜਿੱਥੇ ਰੋਸ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਡੀਸੀ ਕੰਪਲੈਕਸ ਅੱਗੇ ਧਰਨਾ ਦਿੰਦਿਆਂ ਸ਼ਾਹਪੁਰ ਕਲਾਂ ਕਤਲ ਕਾਂਡ ਦੇ ਦੋਸ਼ ਵਿੱਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਰੋਸ ਧਰਨੇ ਨੂੰ ਸ਼ਾਹਪੁਰ ਕਲਾਂ ਕਤਲ/ਜਬਰ ਵਿਰੋਧੀ ਐਕਸ਼ਨ ਕਮੇਟੀ 'ਚ ਸ਼ਾਮਲ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ•ਾ ਸਕੱਤਰ ਲਖਵੀਰ ਲੌਂਗੋਵਾਲ, ਜ਼ਿਲ•ਾ ਪ੍ਰਧਾਨ ਨਰਿੰਦਰ ਨਿੰਦੀ, ਬਿਮਲ ਕੌਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਪਰਮਜੀਤ ਕੌਰ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਬਿੰਦ ਸਿੰਘ ਛਾਜਲੀ, ਨੌਜਵਾਨ ਭਾਰਤ ਸਭਾ ਪੰਜਾਬ ਦੇ ਆਗੂ ਜਗਸੀਰ ਨਮੋਲ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਆਗੂ ਜੁਝਾਰ ਸਿੰਘ, ਤਰਕਸ਼ੀਲ ਸੁਸਾਇਟੀ ਦੇ ਕਮਲਜੀਤ ਸਿੰਘ ਵਿੱਕੀ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਰਸਪਿੰਦਰ ਜਿੰਮੀ ਆਦਿ ਨੇ ਸੰਬੋਧਨ ਕੀਤਾ।
ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਫੂਕਿਆ ਜਿਲ•ਾ ਪ੍ਰਸ਼ਾਸ਼ਨ ਦਾ ਪੁਤਲਾ
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ•ਾ ਮੀਤ ਪ੍ਰਧਾਨ ਸੁਖਦੀਪ ਹਥਨ ਨੇ ਕਿਹਾ ਕਿ ਅੱਜ ਜਿੱਥੇ ਵਿਦਿਆਰਥੀਆਂ ਦੀ ਵੱਡੀ ਪੱਧਰ 'ਤੇ ਆਰਥਿਕ ਲੁੱਟ ਹੋ ਰਹੀ ਹੈ, ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ ਅਤੇ ਸਿੱਖਿਆ ਲਗਾਤਾਰ ਆਮ ਵਿਦਿਆਰਥੀਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉੱਥੇ ਆਰਥਿਕ ਪੱਖ ਤੋਂ ਇਲਾਵਾ ਵਿਦਿਆਰਥੀਆਂ ਦਾ ਹੋਰਾਂ ਤਰੀਕਿਆਂ ਨਾਲ ਵੀ ਸ਼ੋਸ਼ਣ ਹੋ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਪਿੰਡ ਘਾਬਦਾਂ ਦੇ ਮੈਰੀਟੋਰੀਅਸ ਸੀਨੀਅਰ ਰੈਜੀਡੈਂਸੀਅਲ ਸਕੂਲ ਦੇ ਪ੍ਰਿੰਸੀਪਲ ਦੁਆਰਾ ਦਲਿਤ ਪਰਿਵਰਾਂ ਨਾਲ ਸੰਬੰਧ ਰੱਖਣ ਵਾਲੀਆਂ ਦੋ ਵਿਦਿਆਰਥਣਾਂ ਨਾਲ ਛੇੜ-ਛਾੜ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉੱਪਰੋਂ ਉਹਨਾਂ ਵਿਦਿਆਰਥਣਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਉਹ ਇਸ ਘਟਨਾ ਬਾਰੇ ਅਪਣਾ ਮੂੰਹ ਬੰਦ ਰੱਖਣ। ਇਸ ਦੇ ਉਲਟ ਸੰਗਰੂਰ ਦਾ ਜਿਲ•ਾ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਤਰ•ਾਂ ਜਿਣਸੀ ਸ਼ੋਸ਼ਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਵਿਦਿਆਰਥਣਾਂ ਨਾਲ ਹੋਈ ਛੇੜ-ਛਾੜ ਦੀ ਪੰਜਾਬ ਸਟੂਡੈਂਟਸ ਯੂਨੀਅਨ ਨਖੇਧੀ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਆਰਥਿਕਤਾ ਤੋਂ ਇਲਾਵਾ ਮਾੜੀਆਂ ਸਮਾਜਿਕ ਘਟਨਾਵਾਂ ਵਿਰੁੱਧ ਵੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦੀ ਹੈ। ਇਸ ਮੌਕੇ ਬਲਾਰੇ ਮੰਗ ਕਰਦਿਆਂ ਕਿਹਾ ਕਿ ਪ੍ਰਿੰਸੀਪਲ 'ਤੇ ਪਰਚਾ ਦਰਜ ਕਰਕੇ ਉਸਨੂੰ ਗਿਰਫਤਾਰ ਕੀਤਾ ਜਾਵੇ, ਨੌਕਰੀ ਤੋਂ ਜਲਦੀ ਬਰਖਾਸਤ ਕੀਤਾ ਜਾਵੇ, ਪੀੜਿਤ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। 13-11-17 Jaswinder Longowal
ਬਲਾਤਕਾਰੀਆ ਦੀ ਗ੍ਰਿਫਤਾਰੀ ਲਈ ਫਰੀਦਕੋਟ ਵਿਚ ਜ਼ੋਰਦਾਰ ਮੁਜਾਹਰਾ
ਆਦਰਸ਼ ਸਕੂਲ ਪੱਕਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਡੀ ਸੀ ਦਫਤਰ ਫਰੀਦਕੋਟ ਧਰਨਾ ਦਿੱਤਾ ਗਿਆ ਉਸਤੋਂ ਬਾਅਦ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਮੰਗ ਕੀਤੀ ਕਿ ਆਦਰਸ਼ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਤੇ ਉਸਦੇ ਲੜਕੇ ਜਸਮੀਤ ਵੱਲੋਂ ਪੱਕਾ ਆਦਰਸ਼ ਸਕੂਲ ਦੀ ਅਧਿਆਪਕਾ ਨਾਲ ਬਲਾਤਕਾਰ ਦਾ ਦੋਸ਼ ਸਾਬਿਤ ਹੋ ਜਾਣ ਤੋ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਿਉ ਨਹੀਂ ਕੀਤਾ ਗਿਆ। ਜਿਸਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ। ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।
ਇਹ ਮਾਮਲਾ ਮੁੱਖ ਮੰਤਰੀ, ਸਿੱਖਿਆ ਮੰਤਰੀ, ਡੀ.ਜੀ.ਐਸ, ਐਸ.ਐਸ.ਪੀ. ਸਾਰਿਆਂ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸਤੋ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਸਰਕਾਰ ਦੋਸ਼ੀਆ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ।
-Manga 1੍ਰaad 30 November
ਪੰਚਾਇਤੀ ਜ਼ਮੀਨ ਵਿੱਚ ਇੰਡਸਟਰੀਅਲ ਪਾਰਕ ਬਣਾਉਣ ਵਿਰੁੱਧ ਨਿੱਤਰੇ ਲੋਕ
ਸੰਗਰੂਰ, 8 ਦਸੰਬਰ- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਵੱਲੋਂ ਪਿੰਡ ਬਾਲਦ ਕਲਾਂ ਦੀ ਪੰਚਾਇਤੀ ਜ਼ਮੀਨ ਵਿੱਚ ਇੰਡਸਟਰੀਅਲ ਪਾਰਕ ਬਣਾਉਣ ਦੇ ਫੈਸਲੇ ਖ਼ਿਲਾਫ਼ ਇੱਥੇ ਡੀਸੀ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ। ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ•ਾਂ ਐਲਾਨ ਕੀਤਾ ਕਿ ਦਲਿਤ ਪਰਿਵਾਰ ਦੀ ਰੋਜ਼ੀ ਰੋਟੀ ਦਾ ਸਾਧਨ ਪੰਚਾਇਤੀ ਜ਼ਮੀਨ ਕਿਸੇ ਵੀ ਹਾਲਤ ਵਿੱਚ ਇੰਡਸਟਰੀ ਲਈ ਐਕੁਆਇਰ ਨਹੀਂ ਹੋਣ ਦਿੱਤੀ ਜਾਵੇਗੀ।
ਸੰਘਰਸ਼ ਕਮੇਟੀ ਦੇ ਜ਼ਿਲ•ਾ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦਲਿਤ ਪਰਿਵਾਰ ਘੱਟ ਰੇਟ 'ਤੇ ਪੰਚਾਇਤੀ ਜ਼ਮੀਨ 'ਤੇ ਸਾਂਝੀ ਖੇਤੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ। ਦਲਿਤ ਭਾਈਚਾਰੇ ਵੱਲੋਂ ਪੰਜਾਬ ਅੰਦਰ ਸਾਂਝੀ ਖੇਤੀ ਰਾਹੀਂ ਸਭ ਤੋਂ ਵੱਧ ਝਾੜ ਪੈਦਾ ਕਰਕੇ ਉਨ•ਾਂ ਖੇਤੀ ਵਿੱਚ ਨਵੀਂ ਮਿਸਾਲ ਪੈਦਾ ਕੀਤੀ ਹੈ। ਉਨ•ਾਂ ਕਿਹਾ ਕਿ ਇੰਡਸਟਰੀ ਲਗਾਉਣ ਦੇ ਨਾਮ ਹੇਠ ਜ਼ਮੀਨ ਖੋਹਣ ਦਾ ਫੈਸਲਾ ਕਾਂਗਰਸ ਸਰਕਾਰ ਦੇ ਦਲਿਤ ਵਿਰੋਧੀ ਚਿਹਰੇ ਨੂੰ ਬੇਪਰਦ ਕਰਦਾ ਹੈ। ਉਨ•ਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਲਿਤਾਂ ਪਾਸੋਂ ਗੁਜ਼ਾਰੇ ਦਾ ਸਾਧਨ ਪੰਚਾਇਤੀ ਜ਼ਮੀਨ ਅਤੇ ਮਾਨ ਸਨਮਾਨ ਦੀ ਜ਼ਿੰਦਗੀ ਖੋਹ ਰਹੀ ਹੈ, ਜਿਸ ਕਾਰਨ ਸਮੁੱਚੇ ਇਲਾਕੇ ਵਿੱਚ ਭਾਰੀ ਰੋਸ ਹੈ। ਉਨ•ਾਂ ਕਿਹਾ ਕਿ ਇੰਡਸਟਰੀਅਲ ਪਾਰਕ ਬਣਾਉਣ ਦੇ ਖ਼ਿਲਾਫ਼ ਪਿੰਡਾਂ ਵਿੱਚ ਦਸਤਖ਼ਤੀ ਮੁਹਿੰਮ ਚੱਲ ਰਹੀ ਹੈ। ਪਿੰਡ ਬਾਲਦ ਕਲਾਂ ਇਕਾਈ ਵੱਲੋਂ ਦਸਤਖ਼ਤ ਕੀਤੀਆਂ ਅਰਜ਼ੀਆਂ ਡੀਸੀ ਦਫ਼ਤਰ ਨੂੰ ਸੌਂਪੀਆਂ ਹਨ। ਉਨ•ਾਂ ਐਲਾਨ ਕੀਤਾ ਹੈ ਕਿ ਇੰਡਸਟਰੀਅਲ ਪਾਰਕ ਜਾਂ ਹੋਰ ਉਦਯੋਗ ਲਈ ਪੰਚਾਇਤੀ ਜ਼ਮੀਨ ਕਿਸੇ ਵੀ ਹਾਲਤ ਵਿੱਚ ਐਕੁਆਇਰ ਨਹੀਂ ਹੋਣ ਦਿੱਤੀ ਜਾਵੇਗੀ।
ਸਾਂਝੇ ਸੰਘਰਸ਼ ਦੀ ਹੋਈ ਜਿੱਤ
1 ਨਵੰਬਰ ਨੂੰ ਪ੍ਰਿੰਸੀਪਲ ਵੱਲੋਂ ਦੋ ਨਾਬਾਲਗ ਦਲਿਤ ਵਿਦਿਆਰਥਣਾਂ ਨੂੰ ਧੱਕੇ ਨਾਲ ਆਪਣੇ ਨਿਵਾਸ ਸਥਾਨ 'ਚ ਬੰਦ ਕਰਕੇ ਉਹਨਾਂ ਨਾਲ ਛੇੜ-ਛਾੜ ਕੀਤੀ ਗਈ। ਜਿਸ ਨੂੰ ਲੈ ਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਪਹਿਲ ਕਦਮੀ ਕਰਦਿਆਂ ਹੋਇਆਂ ਵਿਦਿਆਰਥੀ -ਨੌਜਵਾਨ-ਮਜ਼ਦੂਰ-ਕਿਸਾਨ-ਅਧਿਆਪਕ ਅਤੇ ਹੋਰ ਕਈ ਇਨਕਲਾਬੀ ਜਮਹੂਰੀ ਜਥੇਬੰਦੀਆਂ ਤੱਕ ਪਹੁੰਚ ਕਰਕੇ “ਘਾਬਦਾਂ ਮੇਰੀਟੋਰੀਅਸ ਸਕੂਲ ਜਿਣਸੀ ਸ਼ੋਸ਼ਣ ਕਾਂਡ ਵਿਰੋਧੀ ਐਕਸ਼ਨ ਕਮੇਟੀ'' ਬਣਾਈ ਗਈ। ਇਹ ਸੰਘਰਸ਼ 8 ਨਵੰਬਰ ਨੂੰ ਸ਼ੁਰੂ ਕੀਤਾ ਗਿਆ ਸੀ। ਪ੍ਰਸ਼ਾਸ਼ਨ ਦਾ ਵਤੀਰਾ ਪਹਿਲੇ ਦਿਨ ਤੋਂ ਹੀ ਪ੍ਰਿੰਸੀਪਲ ਨੂੰ ਬਚਾਉਣ ਦਾ ਰਿਹਾ। ਜਿਸਦੇ ਚਲਦਿਆਂ ਸਕੂਲ ਸਾਹਮਣੇ ਧਰਨਾ ਅਤੇ 14 ਨਵੰਬਰ ਨੂੰ ਪੁਲਿਸ ਥਾਣਾ ਸਦਰ ਸੰਗਰੂਰ ਅਤੇ ਡੀਸੀ ਦਫਤਰ ਸੰਗਰੂਰ ਅੱਗੇ ਧਰਨਾ ਲਗਾਇਆ ਗਿਆ। ਇਸ ਤੋਂ ਉਪਰੰਤ ਵੀ ਜਦੋਂ ਕੇਸ ਦਰਜ ਨਹੀਂ ਕੀਤਾ ਗਿਆ ਤਾਂ ਐਕਸ਼ਨ ਕਮੇਟੀ ਵੱਲੋਂ ਮੀਟਿੰਗ ਕਰਕੇ 30 ਨਵੰਬਰ ਦਾ ਵਿਸ਼ਾਲ ਧਰਨਾ ਰੱਖ ਦਿੱਤਾ ਗਿਆ ਅਤੇ ਵਿਦਿਅਕ ਸੰਸਥਾਵਾਂ , ਪਿੰਡਾਂ ਸ਼ਹਿਰਾਂ 'ਚ ਪ੍ਰਿੰਸੀਪਲ ਅਤੇ ਪ੍ਰਸ਼ਾਸ਼ਨ ਦੇ ਪੁਤਲੇ ਸਾੜਨ, ਰੈਲੀਆਂ ਕਰਨ, ਮਸ਼ਾਲ ਮਾਰਚ, ਕੈਂਡਲ ਮਾਰਚ ਆਦਿ ਕਰਨ ਦਾ ਸੱਦਾ ਦੇ ਦਿੱਤਾ ਗਿਆ। ਤਾਂ ਇਸ ਉਪਰੰਤ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੇਸ ਦਰਜ ਕਰ ਲਿਆ ਗਿਆ। ਜਿਨਸੀ ਛੇੜ ਛਾੜ ਦੀਆਂ ਧਾਰਾਵਾਂ 154/1 ਅਤੇ ਪੋਕਸੋ ਲਗਾ ਦਿੱਤਾ ਗਿਆ। ਐਸ.ਸੀ./ਐਸ.ਟੀ. ਐੈਕਟ ਅਤੇ ਜਬਰਦਸਤੀ ਰੋਕਣ ਦੀਆਂ ਧਰਾਵਾਂ ਪੁਲਿਸ ਨੇ ਕਿਹਾ ਕਿ ਲਗਾ ਰਹੇ ਹਾਂ।
ਇਸ ਤਰਾਂ ਐਕਸ਼ਨ ਕਮੇਟੀ ਦੇ ਸਾਂਝੇ ਸੰਘਰਸ਼ ਅੱਗੇ ਝੁਕਦਿਆਂ ਇਹ ਕੇਸ ਦਰਜ ਕਰਨਾ ਪਿਆ ਹੈ , ਇਹ ਸੰਘਰਸ਼ ਦੀ ਸ਼ਾਨਾਮੱਤੀ ਜਿੱਤ ਹੈ। ਇਸ ਸਾਂਝੇ ਸੰਘਰਸ਼ ਦੀ ਅਗਵਾਈ ਮੁੱਖ ਰੂਪ 'ਚ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ (ਪੰਜਾਬ) ਵੱਲੋਂ ਕੀਤੀ ਗਈ। ਐਕਸ਼ਨ ਕਮੇਟੀ ਨਾਲ ਸੰਬੰਧਤ ਬਾਕੀ ਜਥੇਬੰਦੀਆਂ 'ਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ , ਵਿਦਿਆ ਬਚਾਓ ਸੰਘਰਸ਼ ਕਮੇਟੀ, ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ , ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਫੈਡਰੇਸ਼ਨ , ਡੈਮੋਕ੍ਰੇਟਿਕ ਟੀਚਰਜ਼ ਫਰੰਟ , ਡੀ.ਵਾਈ.ਐੱਫ.ਆਈ , ਐੱਸ ਸੀ - ਬੀ ਸੀ ਟੀਚਰ ਯੂਨੀਅਨ ਆਦਿ ਵੱਲੋਂ ਸਹਿਯੋਗ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਬਾਹਰੋਂ ਰਹਿ ਕੇ ਸਮਰਥਨ ਕੀਤਾ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਮੁਨਸ਼ੀਵਾਲ ਵਿਖੇ ਸ਼ਰਧਾਂਜਲੀ ਸਮਾਗਮ
ਨੌਜਵਾਨ ਭਾਰਤ ਸਭਾ (ਪੰਜਾਬ) ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਪਿੰਡ ਮੁਨਸ਼ੀਵਾਲ ਵਿੱਚ ਸਿਆਸੀ ਕਾਨਫਰੰਸ ਅਤੇ ਇਨਕਲਾਬੀ ਨਾਟਕਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਨੂੰ ਸ਼ਰਦਾ ਦੇ ਫੁੱਲ ਅਰਪਿਤ ਨੌਜਵਾਨ ਭਾਰਤ ਸਭਾ (ਪੰਜਾਬ) ਦੇ ਅਮ੍ਰਿਤਪਾਲ ਸਿੰਘ , ਅਵਤਾਰ ਸਿੰਘ, ਗੁਰਪਿਆਰ ਸਿੰਘ, ਚਮਕੌਰ ਸਿੰਘ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ•ਾ ਆਗੂ ਧਰਮਪਾਲ ਨਮੋਲ , ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਰਸ਼ਪਿੰਦਰ ਜਿੰਮੀ, ਅਵਾਮ-ਰੰਗ-ਮੰਚ ਲੌਂਗੋਵਾਲ, ਮਨਜੀਤ ਬੰਟੀ , ਲਖਵੀਰ ਲੱਖੀ , ਜਗਜੀਤ ਸਿੰਘ ਮੁਨਸ਼ੀਵਾਲ ਵੱਲੋਂ ਸ਼ਰਧਾਂਜਲੀ ਭੇਂਟ ਕਰਦੇ ਹੋਏ, ਇਕ ਮਿੰਟ ਦਾ ਮੌਨ ਧਾਰ ਕੇ ਜ਼ੋਰਦਾਰ ਅਕਾਸ਼ ਗੰਝਾਉ ਨਾਹਰਿਆ “ਸ਼ਹੀਦੋ ਤੁਹਾਡੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ'' ਨਾਲ ਕੀਤੀ।
ਪ੍ਰੋਗਰਾਮ ਵਿਚ ਪੁਹੰਚੇ ਸਮੁੱਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਦੇ ਜ਼ਿਲ•ਾ ਆਗੂ ਧਰਮਪਾਲ ਨਮੋਲ ਨੇ ਕਿਹਾ ਕਿ ਜੋ ਅਜ਼ਾਦੀ ਮਹਾਨ ਸ਼ਹੀਦ ਚਾਹੁੰਦੇ ਸੀ, ਉਹ ਅਜ਼ਾਦੀ ਨਹੀ ਆਈ, ਅੱਜ ਵੀ ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਅਨਪੜ•ਤਾ, ਕੰਗਾਲੀ ਬੇਹੱਦ ਜ਼ਿਆਦਾ ਹੈ, ਮਜ਼ਦੂਰ, ਕਿਸਾਨ ਖੁਦਕੁਸ਼ੀਆ ਕਰ ਰਹੇ ਹਨ ਸਮੇ ਦੀਆਂ ਸਰਕਾਰਾਂ ਨੇ ਚੁੱਪ ਧਾਰੀ ਮਜ਼ਦੂਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਮਜਬੂਤ ਲਹਿਰ ਉਸਾਰਨ ਦੀ ਲੋੜ ਹੈ। ਇਸ ਉਪਰੰਤ ਆਵਾਮ ਰੰਗ ਮੰਚ ਲੌਂਗੋਵਾਲ ਦੀ ਟੀਮ ਵਲੋ “ਇਕੋ ਰਾਹ ਸਵੱਲੜਾ'' ਇਨਕਲਾਬੀ ਨਾਟਕ ਪੇਸ਼ ਕੀਤੇ ਗਏ। ਰਸ਼ਪਿੰਦਰ ਜਿੰਮੀ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਆ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੁਨੇਹਾ ਦਿੱਤਾ ਤੇ ਕਿਹਾ ਕਿ ਜੋ ਨੌਜਵਾਨ ਨਸ਼ਿਆ ਦਾ ਸ਼ਿਕਾਰ ਹੋ ਰਹੇ ਹਨ, ਉਸੇ ਲਈ ਇਹ ਸਰਕਾਰਾਂ ਜੁੰਮੇਵਾਰ ਹਨ, ਇਹ ਸਰਕਾਰਾਂ ਨਹੀ ਚਾਹੁੰਦੀਆ ਕਿ ਨੌਜਵਾਨ ਦੇਸ਼ ਬਾਰੇ ਸੋਚਣ, ਇਥੋ ਦੀ ਮੌਜੂਦਾ ਭਾਰਤੀ ਫਾਸ਼ੀਵਾਦੀ ਸਰਕਾਰ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ, ਇਸ ਖਿਲਾਫ ਲਾਮਬੰਦ ਹੋਣਾਂ ਅਣਸਰਦੀ ਲੋੜ ਬਣਦੀ ਹੈ। ਇਸ ਮੌਕੇ ਦੂਜਾ ਨਾਟਕ “ਇਹ ਲਹੂ ਕਿਸ ਦਾ ਹੈ'' ਪੇਸ਼ ਕੀਤਾ ਗਿਆ। ਜ਼ਿਲ•ਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਨਿਭਾਈ। ਸਨਦੀਪ ਕੌਰ ਨੇ ਔਰਤਾਂ ਦੀ ਜਿੰਦਗੀ ਤੇ ਅਧਾਰਿਤ ਗੀਤ “ਮੈਂ ਔਰਤ ਹਾਂ ਜੱਗ ਦੀ ਜਨਨੀ'' ਪੇਸ਼ ਕੀਤਾ ਜਗਜੀਵਨ ਆਜ਼ਾਦ, ਗੁਰਦੀਪ ਸਿੰਘ , ਗੁਰਦੀਪ ਬੱਗੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਪ੍ਰੋਗਰਾਮ ਵਿਚ ਪੁਹੰਚੇ ਸਮੁੱਚੇ ਲੋਕਾਂ ਦਾ ਪਿੰਡ ਕਮੇਟੀ ਦੇ ਆਗੂਆਂ ਵੱਲੋਂ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਅਵਾਮ-ਰੰਗ-ਮੰਚ ਲੌਂਗੋਵਾਲ ਵੱਲੋਂ ਇਨਕਲਾਬੀ ਗੀਤ “ਆਉ ਬਾਜਾਂ ਸੰਗ ਲੜੀਏ, ਇਹ ਤਾਂ ਲੜਨਾ ਹੀ ਪੈਣਾ'', ਨਾਲ ਕੀਤੀ ਗਈ।
ਨਵਾਂਸ਼ਹਿਰ-ਗੜ•ਸ਼ੰਕਰ ਸੜਕ ਜਾਮ ਕੀਤੀ
ਅੱਜ ਨਵਾਂਸ਼ਹਿਰ-ਗੜਸ਼ੰਕਰ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਇਸ ਮਾੜੀ ਸੜਕ ਤੋਂ ਪ੍ਰਭਾਵਿਤ ਪਿੰਡਾਂ ਦਾ ਇਕੱਠ ਮੁੱਖ ਸੜਕ ਤੇ ਪਿੰਡ ਮਹਿੰਦੀ ਪੁਰ ਵਿਖੇ ਹੋਇਆ ਲੋਕਾਂ ਨੇ ਇਸ ਸੜਕ ਉੱਤੇ ਜਾਮ ਲਾ ਕੇ ਫੌਰੀ ਤੌਰ ਉੱਤੇ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ।ਇਸ ਜਾਮ ਦੀ ਤਿਆਰੀ ਕਈ ਦਿਨਾਂ ਤੋਂ ਹੋ ਰਹੀ ਸੀ। ਪ੍ਰਸ਼ਾਸਨ ਦੇ ਸਾਰੇ ਦਾਅ ਪੇਚਾਂ ਨੂੰ ਦਰਕਿਨਾਰ ਕਰਦਿਆਂ ਇਹ ਘੋਲ ਜਿਤਿਆ ਗਿਆ। ਪ੍ਰਸ਼ਾਸਨ ਨੇ ਲੋਕਾਂ ਦੇ ਇਕੱਠ ਵਿਚ 20 ਦਸੰਬਰ ਤੱਕ ਇਸ ਸੜਕ ਨੂੰ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੈ। ਲੋਕਾਂ ਨੇ ਕਿਹਾ ਕਿ ਵਾਅਦਾ ਤੋੜਨ ਦਾ ਨਤੀਜਾ ਤਿੱਖੇ ਸੰਘਰਸ਼ਾਂ ਵਿਚ ਨਿਕਲੇਗਾ। ਮੌਕੇ ਤੇ ਮਸ਼ੀਨਰੀ ਵੀ ਆ ਗਈ ਅਤੇ ਸੜਕ ਬਣਨੀ ਵੀ ਸ਼ੁਰੂ ਹੋ ਗਈ।
ਮਜ਼ਦੂਰ ਘਰ ਢਹਿਣੋ ਬਚਾਇਆ
ਪਿੰਡ ਲੌਂਗੋਦੇਵਾ ਜ਼ਿਲ•ਾ ਫਿਰੋਜ਼ਪੁਰ ਦੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਖਜ਼ਾਨਚੀ ਕੁਲਵੰਤ ਸਿੰਘ ਦਾ ਘਰ ਸ਼ਾਮਲਾਟ ਜ਼ਮੀਨ 'ਤੇ ਬਣਿਆ ਹੋਇਆ ਹੈ। ਅਕਾਲੀ ਸਰਕਾਰ ਸਮੇਂ ਪਿੰਡ ਦਾ ਅਕਾਲੀਆਂ ਦਾ ਬਲਾਕ ਸੰਮਤੀ ਮੈਂਬਰ ਮਹਿੰਦਰਪਾਲ ਸਿੰਘ ਸਿਆਸੀ ਬਦਲਾਖੋਰੀ ਦੀ ਨੀਤੀ ਨਾਲ ਪਿਛਲੇ ਦੋ ਸਾਲ ਤੋਂ ਮਜ਼ਦੂਰ ਆਗੂ ਦਾ ਘਰ ਢੁਹਾਉਣ ਲਈ ਕੋਸ਼ਿਸ਼ਾਂ ਕਰਦਾ ਆ ਰਿਹਾ ਸੀ। ਸਵਾ ਕੁ ਸਾਲ ਪਹਿਲਾਂ ਤਹਿਸੀਲਦਾਰ ਆਪਣੇ ਅਮਲੇ-ਫੈਲੇ ਸਮੇਤ ਘਰ ਢਾਹੁਣ ਲਈ ਆਇਆ ਸੀ। ਪਰ ਯੂਨੀਅਨ ਦੀ ਬਲਾਕ ਕਮੇਟੀ ਨੇ ਪਿੰਡ ਵਿੱਚ ਰੈਲੀ ਅਤੇ ਮੁਜਾਹਰਾ ਕਰਕੇ ਇਹ ਘਰ ਢਾਹੁਣ ਤੋਂ ਬਚਾਇਆ। ਹੁਣ ਫੇਰ 22 ਨਵੰਬਰ ਨੂੰ ਤਹਿਸੀਲਦਾਰ ਅਤੇ ਉਸਦੇ ਅਮਲੇ-ਫੈਲੇ ਨੇ ਘਰ ਢਾਹੁਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਿਹਨਾਂ ਨੂੰ ਜਥੇਬੰਦੀ ਦੇ ਵਿਰੋਧ ਨਾਲ ਅਸਫਲ ਬਣਾਇਆ।
ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਨੂੰ ਮੁਆਵਜਾ ਦੁਆਇਆ
ਸੁਬੋਧ ਕੁਮਾਰ ਉਮਰ ਅਠਾਰਾਂ ਸਾਲ ਵਾਸੀ ਚਾਂਦਪੁਰ ਜ਼ਿਲ•ਾ ਭਾਗਲਪੁਰ (ਬਿਹਾਰ) ਰੁਜ਼ਗਾਰ ਭਾਲਦਾ ਜ਼ੀਰਾ ਵਿਖੇ ਆ ਗਿਆ। ਉਸਨੇ ਸੁਭਾਸ਼ ਕੁਮਾਰ ਦੇ ਫਰੈਂਡਜ਼ ਸ਼ੈਲਰ 'ਤੇ ਨੌਕਰੀ ਕਰ ਲਈ। 30 ਨਵੰਬਰ ਨੂੰ ਜਦੋਂ ਉਹ ਸ਼ੈਲਰ ਵਿੱਚ ਡਿਊਟੀ ਨਿਭਾਅ ਰਿਹਾ ਸੀ ਤਾਂ ਉਸਦੀ ਜੈਕਟ ਦੇ ਨਾਲ ਜੁੜੀ ਟੋਪੀ ਸ਼ਾਕਟ ਵਿੱਚ ਫਸਣ ਕਾਰਨ ਉਸ ਦਾ ਗਲਾ ਘੁੱਟਣ ਨਾਲ ਉਸਦੀ ਮੌਤ ਹੋ ਗਈ। ਮੌਜੂਦਾ ਹਕੂਮਤਾਂ ਫੈਕਟਰੀਆਂ ਵਿੱਚ ਹੁੰਦੀਆਂ ਧਾਂਦਲੀਆਂ ਅਤੇ ਸੁਰੱਖਿਆ ਸਬੰਧੀ ਬੇਨਿਯਮੀਆਂ ਤੋਂ ਅੱਖਾਂ ਮੀਟ ਰਹੀਆਂ ਹਨ। ਇੱਥੇ ਵੀ ਮੌਤ ਦਾ ਕਾਰਨ ਸੁਰੱਖਿਆ ਸਬੰਧੀ ਬੇਨਿਯਮੀਆਂ ਹੀ ਬਣੀਆਂ। ਸੁਬੋਧ ਦੇ ਨਾਲ ਕੰਮ ਕਰਦੇ ਮਜ਼ਦੂਰਾਂ ਨੇ ਸੰਘਰਸ਼ਸ਼ੀਲ ਆਗੂਆਂ ਦਿਲਬਾਗ ਸਿੰਘ ਅਤੇ ਬਲਦੇਵ ਸਿੰਘ ਜ਼ੀਰਾ ਨਾਲ ਸੰਪਰਕ ਕੀਤਾ। ਸਾਥੀਆਂ ਨੇ ਮਿੱਲ ਮਾਲਕ 'ਤੇ ਜਥੇਬੰਦਕ ਦਬਾਅ ਪਾਇਆ ਤੇ 3 ਲੱਖ ਰੁਪਏ ਦਾ ਮੁਆਵਜਾ ਦੁਆਇਆ।
No comments:
Post a Comment