Tuesday, 2 January 2018

ਲੜ ਹੱਕਾਂ ਦੀ ਜੰਗ


ਲੜ ਹੱਕਾਂ ਦੀ ਜੰਗ
ਭੈਣੇ ਜੀਰੀ ਲਾਉਂਦੀਏ ਧੁੱਪ ਤੋਂ ਡਰਦਾ ਜੱਗ
ਉੱਬਲੇ ਪਾਣੀ ਵਿੱਚ ਖੜ•ੀ ਉਤੋਂ ਵਰ•ਦੀ ਅੱਗ
ਭੈਣੇ ਜੀਰੀ ਲਾਉਂਦੀਏ ਸਭ ਦੀ ਮੰਗੇ ਖੈਰ
ਦਵਾਈਆਂ ਵਾਲੇ ਪਾਣੀਆਂ ਖਾ ਲਏ ਤੇਰੇ ਪੈਰ
ਭੈਣੇ ਜੀਰੀ ਲਾਉਂਦੀਏ ਝੁਕੀ ਏਂ ਲੱਕ ਦੇ ਭਾਰ
ਗਾਰੇ ਦੇ ਵਿੱਚ ਲਿੱਬੜੀ ਗੋਡਿਆਂ ਤੱਕ ਸਲਵਾਰ
ਭੈਣੇ ਜੀਰੀ ਲਾਉਂਦੀਏ ਮਿਲੇ ਨਾ ਕੰਮ ਦਾ ਮੁੱਲ
ਧੂਣੀ ਤਾਪਣ ਸਾਧ ਜਿਓਂ ਕੋਈ ਨਾ ਤੇਰੇ ਤੁੱਲ
ਭੈਣੇ ਜੀਰੀ ਲਾਉਂਦੀਏ ਧੱਕਾ ਸਹੇ ਸਰੀਰ
ਤਨ ਭੁੱਖਾ ਮਨ ਦੁਖੀ ਹੈ ਕੱਪੜੇ ਲੀਰੋ ਲੀਰ
ਭੈਣੇ ਜੀਰੀ ਲਾਉਂਦੀਏ ਕੰਮ ਬੰਦੇ ਦੇ ਦੇਖ
ਗੁਲਾਮ ਬਣਾਕੇ ਰੱਖਦੇ ਕਹਿਣ ਧੀਆਂ ਦੇ ਲੇਖ
ਵਿਧਵਾ ਮਾਂ ਤੇ ਵੀਰ ਵੀ ਬੁੱਢੀ ਦਾਦੀ ਨਾਲ
ਕਰਦੇ ਰਹਿੰਦੇ ਮਿਹਨਤਾ ਫਿਰ ਵੀ ਮੰਦੜੇ ਹਾਲ
ਧੁੱਪ ਕਮਾਉਂਦੀ ਦੁਸ਼ਮਣੀ ਵੈਰ ਕਮਾਉਂਦੀ ਲੋਅ
ਕੀ ਹੋਇਆ ਤੂੰ ਡਿੱਗ ਪਈ ਮੁੜ ਮੁੜ ਉੱਠ ਖਲੋ
ਭੈਣੇ ਜੀਰੀ ਲਾਉਂਦੀਏ ਕਾਲਾ ਤੇਰਾ ਰੰਗ
ਮੋਹਰੀ ਹੋ ਕੇ “ਦਿਹੜ'' ਤੋਂ ਲੜ ਹੱਕਾਂ ਦੀ ਜੰਗ
ਰਚਨਾ -ਸੁਰਜੀਤ ਸਿੰਘ ''ਦਿਹੜ''

No comments:

Post a Comment