Thursday, 27 October 2016

ਯਮਨ ਦੇ ਲੋਕਾਂ 'ਤੇ ਬੰਬਾਰੀ ਦੀ ਮੌਤ-ਵਾਛੜ

ਅਰਬ ਮੁਲਕਾਂ ਦੀਆਂ ਸਾਮਰਾਜੀ ਪਿੱਠੂ ਹਾਕਮ ਜੁੰਡਲੀਆਂ ਦੇ ਗੱਠਜੋੜ ਵੱਲੋਂ
ਯਮਨ ਦੇ ਲੋਕਾਂ 'ਤੇ ਬੰਬਾਰੀ ਦੀ ਮੌਤ-ਵਾਛੜ
ਪਿਛਲੇ ਲੱਗਭੱਗ 20 ਮਹੀਨਿਆਂ ਤੋਂ ਸਾਊਦੀ ਅਰਬ ਦੀ ਅਗਵਾਈ ਹੇਠਲੇ ਫੌਜੀ ਗੁੱਟ ਵੱਲੋਂ ਯਮਨ 'ਤੇ ਨਿਹੱਕਾ ਅਤੇ ਧੱਕੜ ਹਵਾਈ ਫੌਜੀ ਧਾਵਾ ਬੋਲਿਆ ਹੋਇਆ ਹੈ। ਇਸ ਫੌਜੀ ਗੁੱਟ ਨੂੰ ਅਮਰੀਕੀ, ਬਰਤਾਨਵੀ, ਫਰਾਂਸੀਸੀ ਅਤੇ ਉਹਨਾਂ ਦੇ ਹਮਜੋਲੀ ਸਾਮਰਾਜੀਆਂ ਦਾ ਥਾਪੜਾ ਹਾਸਲ ਹੈ। ਸਾਊਦੀ ਅਰਬ 'ਤੇ ਰਾਜ ਕਰਦੀ ਬਾਦਸ਼ਾਹੀ ਅਸਲ ਵਿੱਚ ਅਮਰੀਕੀ ਸਾਮਰਾਜੀਆਂ ਦੀ ਕਠਪੁਤਲੀ ਹੈ। ਇਹ ਪੂਰੀ ਨਿਰਲੱਜਤਾ ਨਾਲ ਅਮਰੀਕੀ ਸਾਮਰਾਜੀਆਂ ਵੱਲੋਂ ਸੀਰੀਆ, ਇਰਾਕ, ਅਫਗਾਨਿਸਤਾਨ, ਲਿਬੀਆ ਆਦਿ ਮੁਲਕਾਂ ਵਿੱਚ ਨੰਗੇ-ਚਿੱਟੇ ਫੌਜੀ ਦਖਲ ਅਤੇ ਹਮਲੇ ਦੀਆਂ ਕਾਰਵਾਈਆਂ ਦੀ ਹਮਾਇਤ ਕਰਦੀ ਆਈ ਹੈ। ਇਸ ਕਰਕੇ ਇਹਨਾਂ ਸਾਮਰਾਜੀ ਤਾਕਤਾਂ ਵੱਲੋਂ ਸਾਊਦੀ ਹਕੂਮਤ ਨੂੰ ਨੱਕੋ ਨੱਕ ਹਥਿਆਰਬੰਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਅਮਰੀਕਾ ਵੱਲੋਂ 2010 ਤੋਂ ਲੈ ਕੇ ਹੁਣ ਤੱਕ ਛੇ ਲੱਖ ਕਰੋੜ ਰੁਪਏ ਤੋਂ ਵੀ ਵੱਧ ਕੀਮਤ ਦੇ ਹਥਿਆਰ ਉਸਨੂੰ ਮੁਹੱਈਆ ਕੀਤੇ ਗਏ ਹਨ। ਇਸੇ ਤਰ•ਾਂ, ਬਰਤਾਨਵੀ ਸਾਮਰਾਜੀਆਂ ਵੱਲੋਂ ਪਿਛਲੇ ਵਰ•ੇ ਦੇ ਅਪ੍ਰੈਲ ਤੋਂ ਬਾਅਦ ਲੱਗਭੱਗ 22800 ਕਰੋੜ ਰੁਪਏ ਦੇ ਹਥਿਆਰ ਵੇਚੇ ਗਏ ਹਨ। ਇਉਂ, ਇਹਨਾਂ ਸਾਮਰਾਜੀ ਤਾਕਤਾਂ ਵੱਲੋਂ ਇੱਕ ਹੱਥ ਇਸ ਖਿੱਤੇ ਅੰਦਰ ਸਾਮਰਾਜੀ ਹਿੱਤਾਂ ਦੀ ਭਰੋਸੇਯੋਗ ਪਹਿਰੇਦਾਰ ਸਾਊਦੀ ਬਾਦਸ਼ਾਹਤ ਹਕੂਮਤ ਨੂੰ ਲੋੜ ਪੈਣ 'ਤੇ ਵਰਤਣ ਲਈ ਵੱਧ ਤੋਂ ਵੱਧ ਹਥਿਆਰਬੰਦ ਕੀਤਾ ਗਿਆ ਹੈ ਅਤੇ ਦੂਜੇ ਹੱਥ, ਹਥਿਆਰਾਂ ਦੇ ਵਪਾਰ ਰਾਹੀਂ ਮੌਤ ਦੇ ਸੌਦਾਗਰ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਨੂੰ ਵੀ ਚੰਗਾ ਰੰਗ-ਭਾਗ ਲਾਇਆ ਗਿਆ ਹੈ। 
ਸਾਊਦੀ ਹਕੂਮਤ ਦੀ ਅਗਵਾਈ ਹੇਠਲੇ ਸਾਂਝੇ ਫੌਜੀ ਗੁੱਟ ਵੱਲੋਂ ਯਮਨ 'ਤੇ ਬੋਲਿਆ ਹਮਲਾ ਸਾਮਰਾਜੀਆਂ, ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜੀਆਂ ਦੇ ਉਪਰੋਕਤ ਹਿੱਤਾਂ ਨੂੰ ਹੀ ਦਿੱਤਾ ਜਾ ਰਿਹਾ ਹੁੰਗਾਰਾ ਹੈ। ਇਸ ਸਾਂਝੇ ਫੌਜੀ ਗੁੱਟ ਵਿੱਚ ਸਾਊਦੀ ਅਰਬ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ, ਬਹਿਰੀਨ, ਮਿਸਰ, ਸੁਡਾਨ, ਮਰਾਕੋ ਅਤੇ ਕੁਵੈਤ ਸ਼ਾਮਲ ਹਨ। ਯਮਨ ਅਰਬ ਦੀਪ ਅੰਦਰ ਇੱਕ ਕਰੋੜ ਸੱਠ ਲੱਖ ਦੀ ਆਬਾਦੀ ਵਾਲਾ ਇੱਕ ਛੋਟਾ ਅਤੇ ਪਛੜਿਆ ਹੋਇਆ ਮੁਲਕ ਹੈ। ਇਸ 'ਤੇ ਹਮਲੇ ਦੀ ਵਜਾਹ ਅਮਰੀਕੀ ਸਾਮਰਾਜੀਆਂ ਵੱਲੋਂ ਯਮਨ ਅੰਦਰ ਆਪਣੀ ਕੱਠਪੁਤਲੀ ਹਕੂਮਤ ਨੂੰ ਗੱਦੀ 'ਤੇ ਬਿਠਾਉਣ ਦੀ ਕੋਸ਼ਿਸ਼ ਹੈ। ਹੁਣ ਯਮਨ ਅੰਦਰ ਹਕੂਮਤ ਨੂੰ ਆਪਣੇ-ਆਪਣੇ ਕਬਜ਼ੇ ਹੇਠ ਕਰਨ ਲਈ ਦੋ ਹਾਕਮ ਧੜਿਆਂ ਦਰਮਿਆਨ ਹਥਿਆਰਬੰਦ ਜ਼ੋਰ ਅਜ਼ਮਾਈ ਚੱਲ ਰਹੀ ਹੈ। ਇੱਕ ਪਾਸੇ ਯਮਨ ਦੇ ਸਾਬਕਾ ਰਾਸ਼ਟਰਪਤੀ (ਡਿਕਟੇਟਰ) ਅਲੀ ਅਬਦੁੱਲ ਸਲੇਹ ਦੀ ਅਗਵਾਈ ਹੇਠਲੀ ਜਨਰਲ ਪੀਪਲਜ਼ ਕਾਂਗਰਸ ਅਤੇ ਹਾਊਥੀ ਕਬੀਲੇ ਦਾ ਧੜਾ ਹੈ, ਜਿਸ ਵੱਲੋਂ ਨਾ ਸਿਰਫ ਮੁਲਕ ਦੀ ਰਾਜਧਾਨੀ ਸਨਾਅ 'ਤੇ ਕਬਜ਼ਾ ਕੀਤਾ ਹੋਇਆ ਹੈ, ਸਗੋਂ ਮੁਲਕ ਦੇ ਵੱਡੇ ਹਿੱਸੇ ਨੂੰ ਵੀ ਕਬਜ਼ੇ ਹੇਠ ਲਿਆ ਹੋਇਆ ਹੈ। ਦੂਜੇ ਪਾਸੇ- ਅਬਦ-ਰੱਬੂ ਮਨਸੁਰ ਹਦੀ ਦੀ ਅਗਵਾਈ ਹੇਠਲਾ ਧੜਾ ਹੈ। ਸਨਾਅ 'ਤੇ ਹਾਊਥੀ ਅਗਵਾਈ ਹੇਠਲੇ ਸਾਬਕਾ ਰਾਸ਼ਟਰਪਤੀ ਦੇ ਧੜੇ ਵੱਲੋਂ ਚੜ•ਾਈ ਅਤੇ ਕਬਜ਼ਾ ਕਰਨ ਤੋਂ ਪਹਿਲਾਂ ਮਨਸੁਰ ਹਦੀ ਰਾਸ਼ਟਰਪਤੀ ਸੀ। ਹੁਣ ਉਹ ਮੁਲਕ ਤੋਂ ਭੱਜ ਕੇ ਜਲਾਵਤਨੀ ਕੱਟ ਰਿਹਾ ਹੈ। ਜਿੱਥੇ ਸਾਬਕਾ ਰਾਸ਼ਟਰਪਤੀ ਅਤੇ ਹਾਊਥੀ ਧੜੇ ਨੂੰ ਇਰਾਨ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ, ਉੱਥੇ ਮਨਸੁਰ ਹਦੀ ਧੜੇ ਨੂੰ ਅਮਰੀਕੀ ਸਾਮਰਾਜੀਆਂ ਅਤੇ ਉਸਦੇ ਇਸ਼ਾਰੇ 'ਤੇ ਚੱਲਦੇ ਹਮਲਾਵਰ ਸਾਂਝੇ ਫੌਜੀ ਗੁੱਟ ਦੀ ਹਮਾਇਤ ਹਾਸਲ ਹੈ। ਜਦੋਂ ਅਮਰੀਕਾ ਅਤੇ ਉਸਦੀ ਅਗਵਾਈ ਹੇਠਲੇ ਜੰਗੀ ਗੁੱਟ ਨਾਟੋ ਦੀਆਂ ਧਾੜਵੀਂ ਫੌਜਾਂ ਵੱਲੋਂ ਇਰਾਕ ਦੀ ਸੱਦਾਮ ਹੁਸੈਨ ਹਕੂਮਤ ਨੂੰ ਉਲਟਾਉਣ ਲਈ ਹਮਲਾ ਬੋਲਿਆ ਗਿਆ ਸੀ, ਤਾਂ ਉਸ ਵੇਲੇ ਅਲੀ ਅਬਦੁੱਲ ਸਲੇਹ ਦੀ ਹਕੂਮਤ ਵੱਲੋਂ ਇਸ ਸਾਮਰਾਜੀ ਹਮਲਾਵਰ ਮੁਹਿੰਮ ਦੀ ਹਮਾਇਤ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਅਮਰੀਕੀ ਇਸ਼ਾਰੇ 'ਤੇ ਉਸ ਵਕਤ ਯਮਨੀ ਹਕੂਮਤ ਨੂੰ ਟਿਕਾਣੇ ਸਿਰ ਲਿਆਉਣ ਲਈ ਸਾਊਦੀ ਅਰਬ ਦੀ ਰਜਵਾੜਾਸ਼ਾਹੀ ਹਕੂਮਤ ਵੱਲੋਂ ਦੱਸ ਲੱਖ ਤੋਂ ਵੱਧ ਯਮਨੀ ਕਾਮਿਆਂ ਨੂੰ ਸਾਊਦੀ ਅਰਬ 'ਚੋਂ ਕੱਢ ਦਿੱਤਾ ਗਿਆ ਸੀ। ਯਮਨ ਨੂੰ ਸਭ ਕਿਸਮ ਦੀਆਂ ਆਰਥਿਕ ਮੱਦਦਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਸਾਰੇ ਦਬਾਊ ਹਰਬਿਆਂ ਦੇ ਬਾਵਜੂਦ, ਯਮਨ ਹਕੂਮਤ ਵੱਲੋਂ ਝੁਕਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸੀਰੀਆ ਦੀ ਬਸਰ-ਅਲ-ਅਸਦ ਹਕੂਮਤ ਵਾਂਗੂੰ ਯਮਨ ਦੀ ਅਲੀ ਅਬਦੁੱਲ ਸਲੇਹ ਹਕੂਮਤ ਅਮਰੀਕੀ ਸਾਮਰਾਜੀਆਂ ਅਤੇ ਉਸਦੇ ਅਰਬ ਮੁਲਕਾਂ ਵਿਚਲੀਆਂ ਝੋਲ ਚੁੱਕ ਹਾਕਮ ਜੁੰਡਲੀਆਂ ਦੀ ਅੱਖ ਵਿੱਚ ਰੜਕ ਰਹੀ ਸੀ। 
ਇਸ ਕਰਕੇ ਅਮਰੀਕੀ ਸਾਮਰਾਜੀਆਂ ਵੱਲੋਂ ਉਸੇ ਵੇਲੇ ਤੋਂ ਯਮਨ ਅੰਦਰ ਜਬਰੀ ਹਕੂਮਤ ਬਦਲੀ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਸਨ। ਸਭ ਤੋਂ ਪਹਿਲਾਂ ਉਸ ਵੱਲੋਂ ਯੂ.ਐਨ.ਓ. ਦੇ ਫੱਟੇ ਓਹਲੇ ਅਬਦੁੱਲ ਹਕੂਮਤ ਨੂੰ ਪਾਸੇ ਕਰਕੇ ਮਨਸੁਰ ਹਦੀ ਦੀ ਅਗਵਾਈ ਹੇਠ ਆਪਣੀ ਪਿੱਛਲੱਗ ਹਕੂਮਤ ਨੂੰ ਰਾਜ ਗੱਦੀ 'ਤੇ ਬਿਰਾਜਮਾਨ ਕੀਤਾ ਗਿਆ, ਪਰ ਇਹ ਹਕੂਮਤ ਨਾ ਤਾਂ ਯਮਨ ਦੇ ਹਾਕਮ ਹਲਕਿਆਂ ਅਤੇ ਨਾ ਹੀ ਲੋਕਾਂ ਨੂੰ ਉੱਕਾ ਹੀ ਪ੍ਰਵਾਨ ਸੀ। ਜਿਸ ਕਰਕੇ ਉਹਨਾਂ ਵੱਲੋਂ ਇਸ ਖਿਲਾਫ ਵਿਦਰੋਹ ਦਾ ਅਮਲ ਵਿੱਢ ਦਿੱਤਾ ਗਿਆ, ਵਿਸ਼ੇਸ਼ ਕਰਕੇ ਹਾਊਥੀ ਕਬੀਲੇ ਦੀ ਜਨਤਾ ਵੱਲੋਂ ਹਥਿਆਰਬੰਦ ਵਿਦਰੋਹ ਦਾ ਝੰਡਾ ਚੁੱਕ ਲਿਆ ਗਿਆ। ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਦੇ ਧੜੇ ਅਤੇ ਹਾਊਥੀ ਕਬੀਲੇ ਦੇ ਕਰਤਿਆਂ-ਧਰਤਿਆਂ ਦਰਮਿਆਨ ਗੱਠਜੋੜ ਬਣਨ ਦੇ ਸਿੱਟੇ ਵਜੋਂ ਇਹ ਗੱਠਜੋੜ ਹਕੂਮਤੀ ਗੱਦੀ ਲਈ ਚੱਲਦੀ ਕਸ਼ਮਕਸ਼ ਵਿੱਚ ਭਾਰੂ ਹੈਸੀਅਤ ਅਖਤਿਆਰ ਕਰ ਗਿਆ। ਗੱਠਜੋੜ ਫੌਜੀ ਤਾਕਤਾਂ ਵੱਲੋਂ ਬੋਲੇ ਧਾਵੇ ਮੂਹਰੇ ਮਨਸੁਰੀ ਹਦੀ ਦੀ ਅਗਵਾਈ ਹੇਠਲੀਆਂ ਫੌਜੀ ਟੁਕੜੀਆਂ ਦੇ ਪੈਰ ਉੱਖੜ ਗਏ ਅਤੇ ਉਹ ਰਾਜਧਾਨੀ ਨੂੰ ਛੱਡ ਕੇ ਭੱਜ ਨਿਕਲਿਆ। ਮਨਸੂਰ ਹਦੀ ਵੀ ਜਾਨ ਬਚਾਅ ਕੇ ਮੁਲਕ ਤੋਂ ਬਾਹਰ ਭੱਜ ਗਿਆ। ਗੱਠਜੋੜ ਵੱਲੋਂ ਰਾਜਧਾਨੀ ਸਨਾਅ 'ਤੇ ਕਬਜ਼ਾ ਕਰ ਲਿਆ ਗਿਆ। ਇਸ ਗੱਠਜੋੜ ਹਕੂਮਤ ਨੂੰ ਉਲਟਾਉਣ ਲਈ ਹੀ ਅਮਰੀਕੀ ਸਾਮਰਾਜੀਆਂ ਦੇ ਥਾਪੜੇ ਨਾਲ ਸਾਊਦੀ ਅਰਬ ਦੀ ਅਗਵਾਈ ਹੇਠਲੇ ਫੌਜੀ ਗੁੱਟ ਵੱਲੋਂ ਮੌਜੂਦਾ ਹਮਲਾ ਬੋਲਿਆ ਗਿਆ ਹੈ, ਜਿਹੜਾ ਅੱਜ ਤੱਕ ਜਾਰੀ ਹੈ। 
ਅਮਰੀਕੀ ਸਾਮਰਾਜੀਆਂ ਅਤੇ ਉਸਦੇ ਅਰਬੀ ਹੱਥ ਠੋਕੇ ਹਾਕਮਾਂ ਵੱਲੋਂ ਯਮਨ 'ਤੇ ਠੋਸੀ ਇਸ ਨਿਹੱਕੀ ਜੰਗ ਵੱਲੋਂ ਉੱਥੇ ਜਾਨ-ਮਾਲ ਦੀ ਅਥਾਹ ਤਬਾਹੀ ਮਚਾਈ ਗਈ ਹੈ। ਇੱਕ ਮੋਟੇ ਅੰਦਾਜ਼ੇ ਮੁਤਾਬਕ ਅੱਜ ਤੱਕ ਤਕਰੀਬਨ 10000 ਲੋਕ ਮੌਤ ਦੇ ਮੂੰਹ ਜਾ ਪਏ ਹਨ। ਯੂ.ਐਨ.ਓ. ਅਤੇ ਮਨੁੱਖੀ ਅਧਿਕਾਰ ਗਰੁੱਪਾਂ ਦੀਆਂ ਰਿਪੋਰਟਾਂ ਮੁਤਾਬਕ ਅੱਧ ਤੋਂ ਵੱਧ ਮੌਤਾਂ ਹਮਲਾਵਰ ਸਾਂਝੇ ਫੌਜੀ ਗੁੱਟ ਦੇ ਹਵਾਈ ਹਮਲਿਆਂ ਦਾ ਸਿੱਟਾ ਹਨ। ਇਸ ਸਾਲ ਦੇ ਸ਼ੂਰੂ ਵਿੱਚ ਇੱਕ ਬਾਜ਼ਾਰ 'ਤੇ ਕੀਤੀ ਗਈ ਹਵਾਈ ਬੰਬਾਰੀ ਰਾਹੀਂ 100 ਤੋਂ ਵੱਧ ਮਾਸੂਮ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਧਾੜਵੀ ਹਮਲਾਵਰ ਲਾਣੇ ਵੱਲੋਂ ਹਸਪਤਾਲਾਂ, ਬਜ਼ਾਰਾਂ, ਕਾਰਖਾਨਿਆਂ ਅਤੇ ਸਕੂਲਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਸਕੂਲਾਂ ਅਤੇ ਹਸਪਤਾਲਾਂ 'ਤੇ ਕੀਤੇ ਹਵਾਈ ਹਮਲਿਆਂ ਕਰਕੇ ਹਜ਼ਾਰਾਂ ਬੱਚੇ ਮਾਰੇ ਗਏ ਹਨ। ਹਵਾਈ ਬੰਬਾਰੀ ਨਾਲ ਮੱਚੀ ਤਬਾਹੀ, ਵਿਸ਼ੇਸ਼ ਕਰਕੇ ਮਾਸੂਮ ਬੱਚਿਆਂ ਦੀਆਂ ਵਿਛੀਆਂ ਲਾਸ਼ਾਂ ਦੇ ਢੇਰਾਂ ਦੀ ਹਕੀਕਤ ਐਨੀ ਮੂੰਹ ਜ਼ੋਰ ਹੈ ਕਿ ਖੁਦ ਯੂ.ਐਨ.ਓ. ਸਕੱਤਰ ਜਨਰਲ ਬਾਨ-ਕੀ-ਮੂਨ ਨੂੰ ਸੁਰੱਖਿਆ ਕੌਂਸਲ ਅੰਦਰ ਮੂੰਹ ਖੋਲ•ਣਾ ਪਿਆ ਅਤੇ ਕਹਿਣਾ ਪਿਆ ਹੈ ਕਿ ਸਾਊਦੀ ਅਗਵਾਈ ਹੇਠਲੇ ਸਾਂਝੇ ਫੌਜੀ ਗੁੱਟ ਨੂੰ ਯਮਨ ਅੰਦਰ ਬੱਚਿਆਂ ਦੇ ''ਬਹੁਤ ਹੀ ਗੰਭੀਰ ਸਰੋਕਾਰ'' ਵੱਲ ਲਾਜ਼ਮੀ ਤਵੱਜੋ ਦੇਣੀ ਚਾਹੀਦੀ ਹੈ। ''ਬੱਚੇ ਅਤੇ ਹਥਿਆਰਬੰਦ ਭੇੜ'' ਸਿਰਲੇਖ ਹੇਠਲੀ ਯੂ.ਐਨ. ਰਿਪੋਰਟ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਹੇਠ ਸਾਊਦੀ ਅਰਬ ਨੂੰ ਕਾਲੀ ਸੂਚੀ ਵਿੱਚ ਦਾਖਲ ਕੀਤਾ ਗਿਆ ਹੈ। ਇਸ ਰਿਪੋਰਟ ਵਿੱਚ ਦਰਜ਼ ਹੈ ਕਿ ਸਾਊਦੀ ਅਗਵਾਈ ਹੇਠਲੇ ਗੁੱਟ ਵੱਲੋਂ ਸਕੂਲਾਂ ਅਤੇ ਹਸਪਤਾਲਾਂ ਨੂੰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ। ਪਰ ਬਾਅਦ ਵਿੱਚ, ਅਮਰੀਕੀ ਸਾਮਰਾਜੀਆਂ ਵੱਲੋਂ ਬਾਨ-ਕੀ-ਮੂਨ ਦੀ ਬਾਂਹ ਨੂੰ ਮਰੋੜਾ ਦੇ ਕੇ ਸਾਊਦੀ ਅਰਬ ਨੂੰ ਇਸ ਕਾਲੀ ਸੂਚੀ ਵਿੱਚੋਂ ਬਾਹਰ ਕਢਵਾਇਆ ਗਿਆ ਹੈ। 
ਇੱਥੇ ਹੀ ਬੱਸ ਨਹੀਂ, ਇੱਕ ਪਾਸੇ— ਯਮਨ ਦੇ ਲੋਕਾਂ 'ਤੇ ਬੰਬ ਵਰ•ਾਏ ਜਾ ਰਹੇ ਹਨ, ਦੂਜੇ ਪਾਸੇ, ਅਮਰੀਕੀ ਸਾਮਰਾਜੀਆਂ ਦੀ ਹਮਾਇਤ ਨਾਲ ਹਮਲਾਵਰੀ ਗੁੱਟ ਵੱਲੋਂ ਯਮਨ ਦੀ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ। ਇਉਂ, ਜਿੱਥੇ ਅੰਨ•ੇਵਾਹ ਹਵਾਈ ਬੰਬਾਰੀ ਨਾਲ ਹਜ਼ਾਰਾਂ ਮੌਤਾਂ ਹੋਈਆਂ ਹਨ, ਹਜ਼ਾਰਾਂ ਜਖਮੀ ਹੋਏ ਹਨ, ਅਤੇ ਲੱਗਭੱਗ 20 ਲੱਖ ਲੋਕ ਘਰਬਾਰ ਛੱਡ ਕੇ ਯੂਰਪੀ ਮੁਲਕਾਂ ਦੀਆਂ ਹੱਦਾਂ 'ਤੇ ਸ਼ਰਨ ਲਈ ਭਟਕਦੇ ਸ਼ਰਨਾਰਥੀਆਂ ਦੀਆਂ ਕਤਾਰਾਂ ਵਿੱਚ ਧੱਕੇ ਗਏ ਹਨ, ਉੱਥੇ— ਤਕਰੀਬਨ ਮੁਲਕ ਦੀ ਅੱਧੀ ਵਸੋਂ ਭੁੱਖਮਰੀ ਦੀ ਕਗਾਰ 'ਤੇ ਧੱਕੀ ਗਈ ਹੈ ਅਤੇ 370000 ਬੱਚਿਆਂ ਨੂੰ ਘੱਟੋ ਘੱਟ ਖੁਰਾਕ ਵੀ ਨਸੀਬ ਨਾ ਹੋਣ ਕਾਰਨ ਉਹ ਮੌਤ ਜਬਾੜਿ•ਆਂ ਵਿੱਚ ਜਾ ਪੈਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਇੱਥੋਂ ਤੱਕ ਕਿ ਦੁਨੀਆਂ ਦੇ ਹੋਰਨਾਂ ਹਿੱਸਿਆਂ, ਜਥੇਬੰਦੀਆਂ ਅਤੇ ਯੂ.ਐਨ. ਵੱਲੋਂ ਮਨੁੱਖੀ ਸਹਾਇਤਾ ਮੁਹੱਈਆ ਕਰਨ ਲਈ ਭੇਜੇ ਸਮੁੰਦਰੀ ਜਹਾਜ਼ਾਂ ਨੂੰ ਯਮਨ ਦੀਆਂ ਬੰਦਰਗਾਹਾਂ 'ਤੇ ਲੱਗਣ ਤੱਕ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। 
ਯਮਨ 'ਤੇ ਨਿਹੱਕੀ ਜੰਗ ਮੜ•ਨ, ਤਬਾਹੀ ਮਚਾਉਣ ਅਤੇ ਮਾਸੂਮ ਬੱਚਿਆਂ ਸਮੇਤ ਹਜ਼ਾਰਾਂ ਨਾਗਰਿਕਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਦੇ ਜੁੰਮੇਵਾਰ ਉਹੀ ਅਮਰੀਕੀ, ਬਰਤਾਨਵੀ, ਫਰਾਂਸੀਸੀ ਆਦਿ ਸਾਮਰਾਜੀਏ ਅਤੇ ਉਹਨਾਂ ਦੇ ਪਿੱਠੂ ਅਰਬ ਦੇਸ਼ਾਂ ਦੇ ਪਿਛਾਖੜੀ ਹਾਕਮ ਹਨ, ਜਿਹਨਾਂ ਵੱਲੋਂ ਜਦੋਂ ਅਰਬ ਮੁਲਕਾਂ ਅੰਦਰ ਕੀਤੀ ਜਾ ਰਹੀ ਇਸ ਸਾਮਰਾਜੀ ਧਾੜਵੀ ਬੁਰਛਾਗਰਦੀ ਖਿਲਾਫ (ਅਢੁੱਕਵੇਂ ਅਤੇ ਗਲਤ) ਪ੍ਰਤੀਕਰਮ ਵਜੋਂ ਪੈਰਿਸ ਜਾਂ ਬਰਸੱਲਜ਼ ਵਿੱਚ ਕੀਤੇ ਕਥਿਤ ''ਦਹਿਸ਼ਤਗਰਦ'' ਹਮਲਿਆਂ ਕਰਕੇ ਸੌ ਦੋ ਸੌ ਯੁਰਪੀ ਨਾਗਰਿਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ ਤਾਂ ਮਜਲੂਮ ਕੌਮਾਂ ਦੇ ਇਹਨਾਂ ''ਦਹਿਸ਼ਤਗਰਦਾਂ'' ਖਿਲਾਫ ਝੱਲਿਆਇਆ ਪ੍ਰਚਾਰ ਹੱਲਾ ਵਿੱਢਿਆ ਜਾਂਦਾ ਹੈ। ਸਭਨਾਂ ਪਛੜੇ ਮੁਲਕਾਂ ਦੇ ਸਾਮਰਾਜੀ ਦਲਾਲ ਟੋਲਿਆਂ ਵੱਲੋਂ ਤਿੰਘ ਤਿੰਘ ਕੇ ਨਿਖੇਧੀ ਬਿਆਨ ਦਾਗੇ ਜਾਂਦੇ ਹਨ ਅਤੇ ਸਾਮਰਾਜੀ ਜਰਵਾਣਿਆਂ ਦੇ ਕੂੜ ਪ੍ਰਚਾਰ ਨੂੰ ਤੂਲ ਦਿੰਦਿਆਂ, ਕਥਿਤ ''ਦਹਿਸ਼ਤਗਰਦੀ'' ਖਿਲਾਫ ਸਾਂਝੀ ਲੜਾਈ ਦੇ ਅਹਿਦ ਦੁਹਰਾਏ ਜਾਂਦੇ ਹਨ। ਪਰ ਸਾਮਰਾਜੀ ਧਾੜਵੀਆਂ ਅਤੇ ਉਹਨਾਂ ਦੇ ਦੱਲੇ ਪਛੜੇ ਮੁਲਕਾਂ ਦੇ ਹਾਕਮ ਟੋਲਿਆਂ ਨੂੰ ਯਮਨ ਅੰਦਰ ਪੈਰਿਸ ਤੇ ਬਰਸੱਲਜ਼ ਵਿੱਚ ਮਾਰੇ ਗਏ ਨਾਗਰਿਕਾਂ ਨਾਲੋਂ   50 ਗੁਣਾਂ ਅਨਿਆਈਆਂ ਮੌਤਾਂ ਕਿਉਂ ਨਹੀਂ ਨਜ਼ਰ ਆਉਂਦੀਆਂ? 
ਨਜ਼ਰ ਆਉਂਦੀਆਂ ਹਨ, ਪਰ ਉਹਨਾਂ ਦੀਆਂ ਨਜ਼ਰਾਂ ਵਿੱਚ ਇਹ ਉਹਨਾਂ ਕੌਮਾਂ ਅਤੇ ਦੇਸ਼ ਦੇ ਲੋਕਾਂ ਦੀਆਂ ਮੌਤਾਂ ਹਨ, ਜਿਹੜੇ ਇਹਨਾਂ ਸਾਮਰਾਜੀ ਧਾੜਵੀਆਂ ਅਤੇ ਉਹਨਾਂ ਦੇ ਦੱਲੇ ਸਥਾਨਕ ਹਾਕਮ ਜੁੰਡਲੀਆਂ ਮੂਹਰੇ ਡੰਡੌਤ ਕਰਨ ਤੋਂ ਇਨਕਾਰੀ ਹਨ। ਉਹਨਾਂ ਦਾ ਵਿਰੋਧ ਕਰਨ ਵਾਲੇ ਅਤੇ ਉਹਨਾਂ ਦੀ ਸਰਦਾਰੀ ਤੋਂ ਨਾਬਰੀ ਦਿਖਾਉਣ ਵਾਲੇ ਸਭ ਲੋਕ ਦਹਿਸ਼ਤਗਰਦ ਹਨ। ਇਹਨਾਂ ''ਦਹਿਸ਼ਤਗਰਦਾਂ'' ਨੂੰ ਖਤਮ ਕਰਨਾ ਸਾਮਰਾਜ ਅਤੇ ਪਿਛਾਖੜ ਦਾ ਕੇਂਦਰੀ ਕਾਰਜ ਹੈ ਅਤੇ ਜੇਕਰ ਪਛੜੇ ਮੁਲਕਾਂ ਦੇ ਦਲਾਲ ਹਾਕਮਾਂ ਵਿੱਚੋਂ ਕੋਈ ਇਸ ਸਾਮਰਾਜੀ ਸ਼ੁਭ ਕਾਜ ਨੂੰ ਅੱਗੇ ਵਧਾਉਣ ਦੀ ਜੰਗੀ ਮੁਹਿੰਮ ਵਿੱਚ ਸ਼ਾਮਲ ਹੋਣ ਤੋਂ ਆਨਾਕਾਨੀ ਕਰਦਾ ਹੈ ਜਾਂ ਇਸਦਾ ਵਿਰੋਧ ਕਰਦਾ ਹੈ ਤਾਂ ਉਹ ਵੀ ਸਾਮਰਾਜੀ ਧਾੜਵੀ ਮੁਹਿੰਮ ਦੇ ਨਿਸ਼ਾਨ 'ਤੇ ਆਉਣ ਅਤੇ ਚੱਲਦਾ ਹੋਣ  ਲਈ ਬੱਝਿਆ ਹੋਇਆ ਹੈ। 

No comments:

Post a Comment