ਉੱਤਰ-ਪ੍ਰਦੇਸ਼ ਦੇ ਬਿਸਾਹੜਾ ਪਿੰਡ 'ਚ ਹਿੰਦੂ ਫਿਰਕੂ ਜਨੂੰਨੀਆਂ ਵੱਲੋਂ
ਮੁਸਲਮਾਨਾਂ ਖਿਲਾਫ ਖਰੂਦੀ ਮੁਹਿੰਮ ਫਿਰ ਭਖਾਈ
ਇੱਕ ਸਾਲ ਤੋਂ ਉੱਪਰ ਹੋ ਗਿਆ ਹੈ, ਜਦੋਂ ਪਿਛਲੇ ਸਾਲ 28 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ•ੇ ਦੇ ਬਿਸਹਾੜਾ ਪਿੰਡ ਵਿੱਚ ਹਿੰਦੂ ਫਿਰਕੂ ਜਨੂੰਨੀਆਂ ਵੱਲੋਂ ਗਊ ਮਾਸ ਰੱਖਣ ਦੇ ਆਧਾਰਹੀਣ ਦੋਸ਼ ਹੇਠ ਇੱਕ ਮੁਸਲਮਾਨ ਪਰਿਵਾਰ 'ਤੇ ਵਹਿਸ਼ੀਆਨਾ ਹਮਲਾ ਬੋਲਿਆ ਗਿਆ ਸੀ। ਪਰਿਵਾਰ ਦੇ ਮੁਖੀ ਮੈਂਬਰ ਮੁਹੰਮਦ ਅਖਲਾਕ ਨੂੰ ਬੁਰੀ ਤਰ•ਾਂ ਕੱਟ-ਵੱਢ ਕੇ ਮਾਰ ਦਿੱਤਾ ਗਿਆ ਸੀ ਅਤੇ ਉਸਦੀ ਪਤਨੀ, ਲੜਕੀ ਅਤੇ ਲੜਕੇ ਦਾਨਿਸ਼ ਨੂੰ ਜਖਮੀ ਕਰ ਦਿੱਤਾ ਗਿਆ ਸੀ। ਕੁਝ ਚਿਰ ਮਗਰੋਂ ਦਹਿਸ਼ਤਜ਼ਦਾ ਹੋਇਆ ਪਰਿਵਾਰ ਪਿੰਡ ਵਿੱਚੋਂ ਹਿਜਰਤ ਕਰ ਗਿਆ ਸੀ. ਹਿੰਦੂਤਵਾ ਫਾਸ਼ੀ ਵਿਚਾਰਧਾਰਾ ਨੂੰ ਪ੍ਰਣਾਏ ਸੰਘ ਲਾਣੇ ਵੱਲੋਂ ਮੁਹੰਮਦ ਅਖਲਾਕ ਦੇ ਵਹਿਸ਼ੀਆਨ ਕਤਲ ਖਿਲਾਫ ਮੁਲਕ ਅੰਦਰ ਰੋਹ ਦੀਆਂ ਤਰੰਗਾਂ ਛਿੜ ਪਈਆਂ ਸਨ। ਇਹਨਾਂ ਰੋਹ ਤਰੰਗਾਂ ਦਾ ਇੱਕ ਵਿਸ਼ੇਸ਼ ਇਜ਼ਹਾਰ ਮੁਲਕ ਭਰ ਅੰਦਰ ਜਿਉਂਦੀ-ਜਾਗਦੀ ਜ਼ਮੀਰ ਦੇ ਮਾਲਕ ਬੁੱਧੀਜੀਵੀਆਂ, ਉੱਘੇ ਲੇਖਕਾਂ ਅਤੇ ਕਲਾਕਾਰਾਂ ਵੱਲੋਂ ਉਹਨਾਂ ਨੂੰ ਉਹਨਾਂ ਦੀਆਂ ਅਕਾਦਮਿਕ, ਸਾਹਿਤਕ ਅਤੇ ਕਲਾਤਮਿਕ ਪ੍ਰਾਪਤੀਆਂ ਕਰਕੇ ਮਿਲੇ ਇਨਾਮਾਂ ਨੂੰ ਵਾਪਸ ਕਰਨ ਦਾ ਉਭਰਿਆ ਸਿਲਸਿਲਾ ਸੀ। ਇਸੇ ਤਰ•ਾਂ ਦੁਨੀਆਂ ਭਰ ਦੇ ਵੱਖ ਵੱਖ ਕੋਨਿਆਂ 'ਚੋਂ ਵੀ ਨਾਮੀ ਬੁੱਧੀਜੀਵੀਆਂ ਵੱਲੋਂ ਫਿਰਕੂ ਫਾਸ਼ੀ ਤਾਕਤਾਂ ਦੇ ਕਾਲੇ ਕਾਰਨਾਮਿਆਂ ਦੀ ਨਿਖੇਧੀ ਕੀਤੀ ਗਈ ਸੀ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਬਿਸਹਾੜਾ ਵਿਖੇ ਵਾਪਰੇ ਇਸ ਕਤਲ ਕਾਂਡ 'ਤੇ ਹਾਂ-ਪੱਖੀ ਪ੍ਰਤੀਕਰਮ ਦਿਖਾਉਣ ਅਤੇ ਸੂਬਾ ਹਕੂਮਤ ਨੂੰ ਕਾਤਲੀ ਗਰੋਹ ਖਿਲਾਫ ਤੁਰੰਤ ਮੁਕੱਦਮਾ ਦਰਜ ਕਰਨ ਲਈ ਕਹਿਣ ਦੀ ਬਜਾਇ, ਉਸਦੇ ਮੰਤਰੀਆਂ ਵੱਲੋਂ ਘਟਨਾ ਖਿਲਾਫ ਉੱਠੀ ਰੋਸ ਤਰੰਗ ਨੂੰ ਹਕੂਮਤ ਵਿਰੋਧੀ ਤਾਕਤਾਂ ਦੀ ਸੋਚੀ-ਸਮਝੀ ਸਾਜਿਸ਼ ਕਰਾਰ ਦੇਣ ਦੇ ਬਿਆਨ ਦਾਗੇ ਗਏ। ਕਈਆਂ ਵੱਲੋਂ ਇਸ ਘਟਨਾ ਦੀ ਸਿੱਧੇ-ਅਸਿੱਧੇ ਢੰਗ ਨਾਲ ਵਾਜਬੀਅਤ ਦਰਸਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ। ਕੇਂਦਰੀ ਸਭਿਆਚਾਰਕ ਅਤੇ ਸਿਵਲ ਏਵੀਏਸ਼ਨ ਮੰਤਰੀ ਮਹੇਸ਼ ਸ਼ਰਮਾ ਵੱਲੋਂ ਇਸ ਘਟਨਾ ਨੂੰ ਮੁਹੰਮਦ ਅਖਲਾਕ ਵੱਲੋਂ ਗਊ ਮਾਤਾ ਦਾ ਮੀਟ ਰੱਖਣ ਕਰਕੇ ਅਤੇ ਇਸ ਖਿਲਾਫ ਲੋਕਾਂ ਦੇ ਅਚਾਨਕ ਗੁਸੈਲੇ ਪ੍ਰਤੀਕਰਮ ਦੇ ਸਿੱਟੇ ਵਜੋ ਂਵਾਪਰੀ ਇੱਕ ''ਦੁਰਘਟਨਾ'' ਕਰਾਰ ਦਿੰਦਿਆਂ, ਹਮਲਾਵਰ ਫਿਰਕੂ ਜਨੂੰਨੀ ਗਰੋਹ ਨੂੰ ਬਰੀ ਕਰਨ ਦਾ ਬਿਆਨ ਦਾਗਿਆ ਗਿਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪਹਿਲਾਂ ਦੋ ਹਫਤੇ ਪੂਰੀ ਤਰ•ਾਂ ਮੌਨ ਧਾਰਿਆ ਗਿਆ ਅਤੇ ਫਿਰ ਦੋ ਹਫਤਿਆਂ ਬਾਅਦ ਲੋਕ ਸਭਾ ਵਿੱਚ ਬੋਲਣ ਦੀ ਬਜਾਇ, ਬਿਹਾਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਮੁਸਲਮਾਨਾਂ ਨੂੰ ਹੀ ਫਿਰਕੂ ਦੰਗੇ-ਫਸਾਦਾਂ ਦੇ ਦੋਸ਼ੀ ਠਹਿਰਾਉਣ ਦਾ ਸ਼ਾਤਰਾਨਾ ਢੰਗ ਅਪਣਾਇਆ ਗਿਆ।
ਮੌਕੇ ਦੇ ਗਵਾਹਾਂ ਵੱਲੋਂ ਇਸ ਫਿਰਕੂ ਹਮਲਾਵਰ ਗਰੋਹ ਦੇ 22 ਮੈਂਬਰਾਂ ਦੀ ਪਛਾਣ ਕੀਤੀ ਗਈ, ਪਰ ਪੁਲਸ ਵੱਲੋਂ ਮਸਾਂ ਹੀ 15 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ 'ਤੇ ਮੁਕੱਦਮਾ ਕੀੜੀ ਦੀ ਤੋਰ ਤੁਰ ਰਿਹਾ ਹੈ।
ਇਸ ਘਟਨਾ ਨੂੰ ਵਾਪਰਿਆਂ ਇੱਕ ਸਾਲ ਤੋਂ ਵੱਧ ਹੋ ਚੱਲਿਆ ਹੈ, ਮੁਹੰਮਦ ਅਖਲਾਕ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਹਿੰਦੂ ਫਿਰਕੂ ਫਾਸ਼ੀ ਗਰੋਹ ਦੇ ਹਮਜੋਲੀਆਂ ਵੱਲੋਂ ਮੁਲਕ ਭਰ ਅੰਦਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਅਮਲ ਨਾ ਸਿਰਫ ਜਾਰੀ ਹੈ, ਸਗੋਂ ਹੋਰ ਵੀ ਤੇਜ ਹੋਇਆ ਅਤੇ ਫੈਲਿਆ-ਪਸਰਿਆ ਹੈ। ਖੁਦ ਬਿਸਹਾੜਾ ਪਿੰਡ ਅੰਦਰ ਫਿਰਕੂ ਜਨੂੰਨੀ ਅਨਸਰਾਂ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਦਿਆਂ, ਆਪਣੇ ਫਾਸ਼ੀ ਜ਼ਹਿਰ ਦੇ ਫਣ ਨੂੰ ਹੋਰ ਉੱਚਾ ਕਰ ਲਿਆ ਗਿਆ ਹੈ। ਇਸੇ ਸਾਲ ਜੂਨ ਮਹੀਨੇ ਵਿੱਚ ਫਿਰਕੂ ਜਨੂੰਨੀ ਸਰਗਣਿਆਂ ਵੱਲੋਂ ਬਿਸਹਾੜਾ ਪਿੰਡ ਵਿੱਚ ਇੱਕ ਪੰਚਾਇਤ ਕਰਦਿਆਂ ਮੁਹੰਮਦ ਅਖਲਾਕ ਦੇ ਪੀੜਤ ਪਰਿਵਾਰ ਖਿਲਾਫ ਪੁਲਸ ਰਿਪੋਰਟ ਦਰਜ਼ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜੁਲਾਈ ਵਿੱਚ ਅਦਾਲਤ ਵੱਲੋਂ ਫੌਤ ਹੋ ਚੁੱਕੇ ਮੁਹੰਮਦ ਅਖਲਾਕ ਸਮੇਤ ਪਰਿਵਾਰ ਦੇ ਮੈਂਬਰਾਂ 'ਤੇ ਗਊ ਹੱਤਿਆ ਅਤੇ ਗਊ ਮਾਸ ਖਾਣ ਵਿਰੁੱਧ ਕੇਸ ਦਰਜ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ। ਇਉਂ ਕਰਦਿਆਂ, ਮੈਜਿਸਟਰੇਟ ਇਹ ਵੀ ਭੁੱਲ ਗਿਆ ਕਿ ਇੱਕ ਮਰ ਚੁੱਕੇ ਵਿਅਕਤੀ 'ਤੇ ਕੇਸ ਦਰਜ਼ ਕਰਨ ਦਾ ਕੋਈ ਕਾਨੂੰਨ ਨਹੀਂ ਹੈ। ਇਹ ਕੇਸ ਇਸ ਗੱਲ ਦੇ ਬਾਵਜੂਦ ਦਰਜ ਕੀਤਾ ਗਿਆ ਹੈ ਕਿ ਪੁਲਸ ਵੱਲੋਂ ਸਰਕਾਰੀ ਵੈਟਰਨਰੀ ਹਸਪਤਾਲ ਦਾਦਰੀ ਵਿੱਚ ਭੇਜੇ ਮਿੱਟੀ ਦੇ ਨਮੂਨਿਆਂ ਦੀ ਪੜਤਾਲ ਤੋਂ ਬਾਅਦ ਦਿੱਤੀ ਰਿਪੋਰਟ ਵਿੱਚ ਇਹਨਾਂ ਨੂੰ ਗਊ ਦਾ ਮਾਸ ਨਹੀਂ ਮੰਨਿਆ ਗਿਆ। ਪਰ ਘਟਨਾ ਵਾਪਰਨ ਤੋਂ ਲੱਗਭੱਗ ਗਿਆਰਾਂ ਮਹੀਨਿਆਂ ਬਾਅਦ ਅਚਾਨਕ ਯੂਨੀਵਰਸਿਟੀ ਆਫ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਮਥੁਰਾ ਵੱਲੋਂ ਮਾਸ ਦੇ ਟੁਕੜਿਆਂ ਨੂੰ ਗਊ ਮਾਸ ਹੋਣਾ ਪ੍ਰਵਾਨ ਕਰਦੀ ਇੱਕ ਰਿਪੋਰਟ ਕੱਢ ਲਈ ਗਈ, ਜਿਸ ਨੂੰ ਇਹ ਪੁਲਸ ਕੇਸ ਦਰਜ ਕਰਨ ਦਾ ਆਧਾਰ ਬਣਾਇਆ ਜਾ ਰਿਹਾ ਹੈ।
ਇਸ ਤੋਂ ਵੀ ਅੱਗੇ ਹਰਿਆਣਾ ਦੇ ਕੈਥਲ ਨਾਲ ਸਬੰਧਤ ਇੱਕ ਸਾਧਵੀ ਹਰਸਿਧੀ ਗਿਰੀ ਅਤੇ ਮੁਹੰਮਦ ਅਖਲਾਕ ਦੇ ਕਤਲ ਵਿੱਚ ਦੋਸ਼ੀ ਟਿੱਕੇ ਵਿਅਕਤੀਆਂ ਦੀਆਂ ਮਾਵਾਂ ਵੱਲੋਂ ਪਿੰਡ ਦੇ ਉਸੇ ਸ਼ਿਵ ਮੰਦਰ ਵਿੱਚ ਬੇਮਿਆਦੀ ਭੁੱਖ ਹੜਤਾਲ ਵਿੱਢ ਦਿੱਤੀ ਗਈ ਹੈ, ਜਿਸ ਦੇ ਲਾਊਡ ਸਪੀਕਰ ਤੋਂ ਮੰਦਰ ਦੇ ਪੁਜਾਰੀ ਵੱਲੋਂ ਮੁਹੰਮਦ ਅਖਲਾਕ ਦੁਆਰਾ ਗਊ ਵੱਛਰੂ ਦਾ ਕਤਲ ਕਰਨ ਬਾਰੇ ਦੱਸਦਿਆਂ ਲੋਕਾਂ ਨੂੰ ਗਊ-ਕਾਤਲ ਦੇ ਘਰ ਵੱਲ ਕੂਚ ਕਰਨ ਲਈ ਉਕਸਾਉਣ ਦੀ ਫਿਰਕੂ ਚੁਆਤੀ ਲਾਈ ਗਈ ਸੀ। ਸਾਧਵੀ ਦਾ ਕਹਿਣਾ ਹੈ ਕਿ ''ਬਿਸਹਾੜਾ ਪਿੰਡ ਦੇ ਮਰਦ ਆਪਣੀ ਆਵਾਜ਼ ਉਠਾਉਣ ਲਈ ਕੁੱਝ ਨਹੀਂ ਕਰ ਰਹੇ, ਇਸ ਲਈ, ਔਰਤਾਂ ਨੂੰ ਮੈਦਾਨ ਵਿੱਚ ਆਉਣਾ ਪਿਆ ਹੈ। ਇਸ ਤੋਂ ਇਲਾਵਾ, ਭਾਜਪਾ ਨੂੰ ਹੁੰਗਾਰਾ ਦੇਣ ਪਵੇਗਾ ਕਿਉਂਕਿ, ਇਸ ਵਾਰੀ ਉੱਤਰ ਪ੍ਰਦੇਸ਼ ਵਿੱਚ ਚੋਣਾਂ ਬਿਸਹਾੜਾ ਅਤੇ ਕਾਇਰਾਨਾ ਦੇ ਮੁੱਦਿਆਂ 'ਤੇ ਲੜੀਆਂ ਜਾਣਗੀਆਂ। ਕਾਇਰਾਨਾ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ•ੇ ਦਾ ਇੱਕ ਕਸਬਾ ਹੈ, ਜਿੱਥੋਂ ਭਾਜਪਾ ਵਿਧਾਇਕ ਹੁਕਮ ਸਿੰਘ ਅਨੁਸਾਰ ਮੁਸਲਮਾਨਾਂ ਦੇ ਸਤਾਏ 300 ਹਿੰਦੂ ਪਰਿਵਾਰ ਘਰਬਾਰ ਛੱਡ ਕੇ ਚਲੇ ਗਏ ਹਨ। ਜਦੋਂ ਕਿ ਸੂਬਾ ਸਰਕਾਰ ਵੱਲੋਂ ਅਜਿਹੀ ਕਿਸੇ ਵੀ ਹਿਜਰਤ ਹੋਣ ਤੋਂ ਸਾਫ ਇਨਕਾਰ ਕੀਤਾ ਗਿਆ ਹੈ।
ਸਾਧਵੀ ਹਰਸਿਧੀ ਗਿਰੀ ਵੱਲੋਂ ਗੱਜਵੱਜ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਵੱਲੋਂ ਆਰੰਭੇ ਮਿਸ਼ਨ ਵਿੱਚ ਹਿੰਦੂਤਵ ਜਥੇਬੰਦੀਆਂ ਉਸਦੇ ਅੰਗ-ਸੰਗ ਹਨ। ''ਸ਼ਿਵ ਸੈਨਾ, ਗਊ ਰੱਖਿਆ ਦਲ, ਬਜਰੰਗ ਦਲ, ਹਿੰਦੂ ਸੈਨਾ, ਹਿੰਦੂ ਮਹਾਂ ਸਭਾ ਅਤੇ ਹਿੰਦੂ ਮਹਾਂ ਸੰਘ ਦੇ ਨੁਮਾਇੰਦਿਆਂ ਵੱਲੋਂ ਉਸਦੀ ਹਮਾਇਤ ਵਿੱਚ ਹਾਜ਼ਰੀ ਭਰੀ ਗਈ ਹੈ। ਅਸੀਂ ਬੜੀ ਜਲਦੀ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਮੁਜਾਹਰਾ ਕਰਨ ਦੀ ਵਿਉਂਤ ਬਣਾ ਰਹੇ ਹਾਂ। ਪਿੰਡ ਦੀ ਔਰਤ ਸਰਪੰਚ ਮੇਰੀ ਹਮਾਇਤ ਕਰਦੀ ਹੈ। ਮੈਂ ਮੰਗ ਕਰਦੀ ਹਾਂ ਕਿ ਜਨ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਜਾਵੇ। ਉਸਨੇ ਗਊ ਦਾ ਕਤਲ ਕੀਤਾ ਹੈ ਅਤੇ ਉਸਦਾ ਮਾਸ ਖਾਧਾ ਹੈ। ਸਾਡੀਆਂ ਭਾਵਨਾਵਾਂ ਜਖ਼ਮੀ ਹੋਈਆਂ ਹਨ।'' ਪਿਛਲੇ ਸਾਲ ਘਟਨਾ ਵਾਪਰਨ ਤੋਂ ਬਾਅਦ ਸਾਧਵੀ ਵੱਲੋਂ ਗਊ ਦੇ ਗੋਹੇ ਅਤੇ ਮੂਤਰ ਨਾਲ ਪਿੰਡ ਦਾ ਸ਼ੁੱਧੀਕਰਨ ਕੀਤਾ ਗਿਆ ਹੈ। (ਫਰੰਟ ਲਾਈਨ) ਜਿਸ ਜਨ ਮੁਹੰਮਦ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉਹ ਮੁਹੰਮਦ ਅਖਲਾਕ ਦਾ ਭਰਾ ਹੈ, ਜਿਹੜਾ ਕਿੱਤੇ ਵਜੋਂ ਇੱਕ ਨਾਮੀ ਏਸ਼ੀਆਈ ਕੰਪਨੀ ਵਿੱਚ ਸੀਨੀਅਰ ਤਕਨੀਸ਼ੀਅਨ ਹੈ ਅਤੇ ਜਿਹੜਾ ਪੰਦਰਾਂ ਵਰਿ•ਆਂ ਤੋਂ ਦਾਦਰੀ ਕਸਬੇ ਵਿੱਚ ਰਹਿੰਦਾ ਹੈ। ਉਸਦਾ ਕਹਿਣਾ ਹੈ ਕਿ ਉਹ ਈਦ ਵਾਲੇ ਦਿਨ ਪਿੰਡ ਵਿੱਚ ਹੀ ਮੌਜੂਦ ਨਹੀਂ ਸੀ। ਨਾ ਹੀ ਉਸ ਮੰਦਭਾਗੀ ਘਟਨਾ ਵਾਪਰਨ ਮੌਕੇ ਮੌਜੂਦ ਸੀ। ਘਟਨਾ ਤੋਂ ਬਾਅਦ ਉਹ ਡੂੰਘੇ ਸਦਮੇ ਦੀ ਹਾਲਤ ਵਿੱਚੋਂ ਲੰਘ ਰਿਹਾ ਹੈ।
ਪਿਛਲੇ ਸਾਲ ਜੂਨ ਵਿੱਚ ਮੁਹੰਮਦ ਅਖਲਾਕ ਦੇ ਘਿਨਾਉਣੇ ਕਤਲ ਤੋਂ ਲੈ ਕੇ ਬਿਸਹਾੜਾ ਪਿੰਡ ਵਿੱਚ ਚੱਲ ਰਿਹਾ ਘਟਨਾਕਰਮ ਇਸ ਗੱਲ ਦਾ ਸਬੂਤ ਹੈ ਕਿ ਮੁਹੰਮਦ ਅਖਲਾਕ ਦਾ ਕਤਲ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਇਹ ਹਿੰਦੂਤਵੀ ਫਾਸ਼ੀ ਸੰਘ ਲਾਣੇ ਵੱਲੋਂ ਮੁਲਕ ਅੰਦਰ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਿਮ ਅਤੇ ਦਲਿਤ ਭਾਈਚਾਰੇ ਖਿਲਾਫ ਵਿੱਢੀ ਉਸ ਫਾਸ਼ੀ ਧੌਸਬਾਜ਼ ਅਤੇ ਮਾਰਧਾੜ ਦੀ ਮੁਹਿੰਮ ਦਾ ਹੀ ਇੱਕ ਅੰਗ ਹੈ, ਜਿਹੜੀ ਮੋਦੀ ਹਕੂਮਤ ਵੱਲੋਂ ਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਖੁੱਲ•ੇਆਮ ਗੱਜ ਵੱਜ ਕੇ ਚਲਾਈ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੀਆਂ ਆ ਰਹੀਆਂ ਵਿਧਾਨ ਸਭਾਈ ਚੋਣਾਂ ਦੇ ਮੱਦੇਨਜ਼ਰ ਬਿਸਹਾੜਾ ਅਤੇ ਕਾਇਰਾਨਾ ਘਟਨਾਵਾਂ ਨੂੰ ਹਿੰਦੂ ਫਿਰਕੂ ਜਨੂੰਨ ਭੜਕਾਉਣ ਅਤੇ ਹਿੰਦੂ ਵੋਟ ਦੀ ਪਾਲਾਬੰਦੀ ਦਾ ਵੀ ਮੁੱਦਾ ਬਣਾਇਆ ਜਾ ਰਿਹਾ ਹੈ। ਇਹ ਫੌਰੀ ਪ੍ਰਸੰਗ ਵਿੱਚ ਕੀਤਾ ਜਾ ਰਿਹਾ ਹੈ। ਪਰ ਸੰਘ ਲਾਣੇ ਦੇ ਦੂਰਗਾਮੀ ਭਵਿੱਖ ਨਕਸ਼ੇ ਦਾ ਪ੍ਰਸੰਗ ਵੱਧ ਗੰਭੀਰ ਮਾਮਲਾ ਹੈ। ਇਹ ਦੂਰਗਾਮੀ ਭਵਿੱਖ ਨਕਸ਼ਾ ਭਾਰਤ ਨੂੰ ਇੱਕ ਕੇਸਰੀ ਝੰਡੇ, ਇੱਕ ਧਰਮ-ਹਿੰਦੂ ਧਰਮ, ਇੱਕ ਭਾਸ਼ਾ- ਹਿੰਦੀ/ਸੰਸਕ੍ਰਿਤ ਅਤੇ ਇੱਕ ਕੌਮ— ਹਿੰਦੂ ਕੌਮ ਦੀ ਛਤਰੀ ਹੇਠ ਲਿਆਉਣ ਦਾ ਖਾਕਾ ਹੈ, ਜਿਸ ਨੂੰ ਆਰ.ਐਸ.ਐਸ. ਦੀ ਅਗਵਾਈ ਹੇਠ ਸਮੁੱਚੇ ਸੰਘ ਲਾਣੇ ਵੱਲੋਂ ਅੱਗੇ ਵਧਾਉਣ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ ਅਤੇ ਇਸ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ੦-੦
No comments:
Post a Comment