26 ਦਸੰਬਰ: ਕਾਮਰੇਡ ਮਾਓ-ਜ਼ੇ-ਤੁੰਗ ਦੇ ਜਨਮ-ਦਿਹਾੜੇ 'ਤੇ
''ਹਥਿਆਰਬੰਦ ਤਾਕਤ ਰਾਹੀਂ ਸੱਤ•ਾ 'ਤੇ ਕਬਜ਼ਾ ਕਰਨਾ, ਮਾਮਲੇ ਦਾ ਜੰਗ ਰਾਹੀਂ ਨਿਬੇੜਾ ਕਰਨਾ ਇਨਕਲਾਬ ਦਾ ਕੇਂਦਰੀ ਕਾਰਜ ਅਤੇ ਸਰਬ-ਉੱਚ ਰੂਪ ਬਣਦਾ ਹੈ। ਇਨਕਲਾਬ ਦਾ ਇਹ ਮਾਰਕਸੀ-ਲੈਨਿਨੀ ਅਸੂਲ ਸਰਬ-ਵਿਆਪਕ ਹੈ, ਜਿਹੜਾ ਚੀਨ ਅਤੇ ਹੋਰਨਾਂ ਸਭਨਾਂ ਮੁਲਕਾਂ ਲਈ ਢੁਕਵਾਂ ਹੈ। ਅਸੂਲ ਚਾਹੇ ਉਹੀ ਰਹਿੰਦਾ ਹੈ, ਪਰ ਪ੍ਰੋਲੇਤਾਰੀ ਦੀ ਪਾਰਟੀ ਵੱਲੋਂ ਇਸ ਨੂੰ ਲਾਗੂ ਕਰਨ ਲਈ ਕੀਤੇ ਜਾਂਦੇ ਅਭਿਆਸ ਅੰਦਰ ਇਸਦਾ ਵੱਖੋ ਵੱਖਰੀਆਂ ਹਾਲਤਾਂ ਵਿੱਚ ਵੱਖੋ ਵੱਖਰਾ ਇਜ਼ਹਾਰ ਹੁੰਦਾ ਹੈ। ਸਰਮਾਏਦਾਰ ਮੁਲਕ ਫਾਸ਼ਿਸ਼ਟ ਫਾਸ਼ੀ ਹਕੂਮਤ ਹੇਠ ਨਾ ਹੋਣ ਅਤੇ ਜੰਗ ਵਿੱਚ ਉਲਝੇ ਨਾ ਹੋਣ ਦੀ ਹਾਲਤ ਵਿੱਚ ਅੰਦਰੂਨੀ ਤੌਰ 'ਤੇ ਬੁਰਜੂਆ ਜਮਹੂਰੀਅਤ (ਨਾ ਕਿ ਜਾਗੀਰਦਾਰੀ) ਅਨੁਸਾਰ ਚੱਲਦੇ ਹਨ। ਆਪਣੇ ਬਾਹਰੀ ਸਬੰਧਾਂ ਵਿੱਚ ਉਹ ਦੂਜੀਆਂ ਕੌਮਾਂ ਦੇ ਦਾਬੇ ਹੇਠ ਹੋਣ ਦੀ ਬਜਾਇ, ਖੁਦ ਹੋਰਨਾਂ ਕੌਮਾਂ ਨੂੰ ਦਬਾਉਂਦੇ ਹਨ। ਇਹਨਾਂ ਲੱਛਣਾਂ ਕਰਕੇ ਇਹਨਾਂ ਮੁਲਕਾਂ ਅੰਦਰ ਪ੍ਰੋਲੇਤਾਰੀ ਦੀ ਪਾਰਟੀ ਦਾ ਕਾਰਜ ਬਣਦਾ ਹੈ ਕਿ ਉਹ ਕਾਨੂੰਨੀ ਘੋਲ ਦੇ ਲੰਮੇਰੇ ਅਰਸੇ ਰਾਹੀਂ ਕਾਮਿਆਂ ਨੂੰ ਸਿੱਖਿਅਤ ਕਰੇ ਅਤੇ ਤਾਕਤ ਦੀ ਉਸਾਰੀ ਕਰੇ ਅਤੇ ਇਉਂ, ਸਰਮਾਏਦਾਰੀ ਨੂੰ ਵਗਾਹ ਮਾਰਨ ਦੀ ਤਿਆਰੀ ਕਸੇ। ਇਹਨਾਂ ਮੁਲਕਾਂ ਵਿੱਚ ਸੁਆਲ ਆਰਥਿਕ ਅਤੇ ਸਿਆਸੀ ਹੜਤਾਲਾਂ ਨੂੰ ਥੜ•ੇ ਵਜੋਂ ਵਰਤਦਿਆਂ ਟਰੇਡ ਯੂਨੀਅਨ ਜਥੇਬੰਦੀਆਂ ਦੀ ਉਸਾਰੀ ਕਰਦਿਆਂ ਅਤੇ ਕਾਮਿਆਂ ਨੂੰ ਸਿੱਖਿਅਤ ਕਰਦਿਆਂ ਇੱਕ ਲੰਬੇ ਕਾਨੂੰਨੀ ਘੋਲਾਂ ਦੇ ਅਮਲ 'ਚੋਂ ਗੁਜ਼ਰਨਾ ਹੈ। ਉੱਥੇ ਜਥੇਬੰਦੀ ਦੀ ਸ਼ਕਲ ਕਾਨੂੰਨੀ ਬਣਦੀ ਹੈ ਅਤੇ ਘੋਲ ਦੀ ਸ਼ਕਲ ਗੈਰ-ਹਿੰਸਕ (ਗੈਰ-ਫੌਜੀ) ਬਣਦੀ ਹੈ। ਸਰਮਾਏਦਾਰ ਮੁਲਕਾਂ ਵਿਚਲੀਆਂ ਕਮਿਊਨਿਸਟ ਪਾਰਟੀਆਂ ਜੰਗ ਦੇ ਮੁੱਦੇ 'ਤੇ ਆਪਣੇ ਮੁਲਕਾਂ ਵੱਲੋਂ ਵਿੱਢੀਆਂ ਸਾਮਰਾਜੀ ਜੰਗਾਂ ਦਾ ਵਿਰੋਧ ਕਰਦੀਆਂ ਹਨ। ਜੇ ਅਜਿਹੀਆਂ ਜੰਗਾਂ ਲੱਗਦੀਆਂ ਹਨ, ਤਾਂ ਇਹਨਾਂ ਪਾਰਟੀਆਂ ਦੀ ਨੀਤੀ ਆਪਣੇ ਮੁਲਕ ਦੀ ਪਿਛਾਖੜੀ ਹਕੂਮਤ ਨੂੰ ਹਰਾਉਣ ਦੀ ਹੋਵੇਗੀ। ਇੱਕੋ ਇੱਕ ਜੰਗ ਜਿਹੜੀ ਉਹ ਲੜਨਾ ਚਾਹੁੰਦੀਆਂ ਹਨ, ਉਹ ਘਰੋਗੀ ਜੰਗ ਹੈ, ਜਿਸਦੀ ਤਿਆਰੀ ਵਿੱਚ ਉਹ ਲੱਗੀਆਂ ਹੋਈਆਂ ਹਨ। ਪਰ ਇਹ ਬਗਾਵਤ ਅਤੇ ਜੰਗ ਉਦੋਂ ਤੱਕ ਨਹੀਂ ਆਰੰਭਣੀ ਚਾਹੀਦੀ, ਜਦੋਂ ਤੱਕ ਬੁਰਜੂਆਜੀ ਨਿਤਾਣੀ ਨਾ ਬਣ ਜਾਵੇ, ਜਦੋਂ ਤੱਕ ਪ੍ਰੋਲੇਤਾਰੀ ਜਨਤਾ ਦੀ ਬਹੁਗਿਣਤੀ ਹਥਿਆਰ ਚੁੱਕਣ ਅਤੇ ਲੜਨ ਲਈ ਇਰਾਦਾ ਨਾ ਧਾਰੇ ਅਤੇ ਜਦੋਂ ਤੱਕ ਪੇਂਡੂ ਜਨਤਾ ਪ੍ਰੋਲੇਤਾਰੀ ਨੂੰ ਸਵੈ-ਇੱਛਤ ਮੱਦਦ ਮੁਹੱਈਆ ਨਾ ਕਰੇ। ਜਦੋਂ ਅਜਿਹੀ ਬਗਾਵਤ ਅਤੇ ਜੰਗ ਆਰੰਭਣ ਦਾ ਮੌਕਾ ਆ ਗਿਆ, ਤਾਂ ਪਹਿਲਾ ਕਦਮ ਸ਼ਹਿਰਾਂ 'ਤੇ ਕਬਜ਼ਾ ਕਰਨਾ ਹੋਵੇਗਾ ਅਤੇ ਫਿਰ ਪੇਂਡੂ ਖੇਤਰ ਵਿੱਚ ਪੇਸ਼ਕਦਮੀ ਕੀਤੀ ਜਾਵੇਗੀ, ਨਾ ਕਿ ਇਸ ਤੋਂ ਉਲਟ। ਸਰਮਾਏਦਾਰ ਮੁਲਕਾਂ ਵਿਚਲੀਆਂ ਕਮਿਊਨਿਸਟ ਪਾਰਟੀਆਂ ਵੱਲੋਂ ਇਹ ਸਾਰਾ ਕੁੱਝ ਕੀਤਾ ਜਾ ਚੁੱਕਿਆ ਹੈ ਅਤੇ ਰੂਸ ਦੇ ਅਕਤੂਬਰ ਇਨਕਲਾਬ ਵੱਲੋਂ ਇਸਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।
ਪਰ ਚੀਨ ਸਰਮਾਏਦਾਰ ਮੁਲਕਾਂ ਤੋਂ ਵੱਖਰਾ ਹੈ। ਚੀਨ ਦੇ ਲੱਛਣ ਹਨ ਕਿ ਉਹ ਆਜ਼ਾਦ ਅਤੇ ਜਮਹੂਰੀ ਮੁਲਕ ਨਾ ਹੋ ਕੇ ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਹੈ। ਅੰਦਰੂਨੀ ਤੌਰ 'ਤੇ ਇੱਥੇ ਕੋਈ ਜਮਹੂਰੀਅਤ ਹੋਣ ਦੀ ਬਜਾਇ ਇਹ ਜਾਗੀਰੂ ਦਾਬੇ ਅਧੀਨ ਹੈ। ਆਪਣੇ ਬਾਹਰੀ ਸਬੰਧਾਂ ਵਿੱਚ ਉਹ ਕੌਮੀ ਆਜ਼ਾਦੀ ਤੋਂ ਵਿਰਵਾ ਹੈ ਅਤੇ ਸਾਮਰਾਜੀ ਦਾਬੇ ਅਧੀਨ ਹੈ। ਇਸਦਾ ਮਤਲਬ ਹੈ ਕਿ ਸਾਡੇ ਕੋਲ ਵਰਤਣ ਲਈ ਨਾ ਕੋਈ ਪਾਰਲੀਮੈਂਟ ਹੈ ਅਤੇ ਨਾ ਮਜ਼ਦੂਰਾਂ ਨੂੰ ਹੜਤਾਲ ਵਾਸਤੇ ਜਥੇਬੰਦ ਕਰਨ ਲਈ ਕੋਈ ਕਾਨੂੰਨੀ ਅਧਿਕਾਰ ਹੈ। ਬੁਨਿਆਦੀ ਤੌਰ 'ਤੇ ਦੇਖਿਆਂ, ਇੱਥੇ ਕਮਿਊਨਿਸਟ ਪਾਰਟੀ ਦਾ ਕਾਰਜ ਬਗਾਵਤ ਅਤੇ ਜੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਨੂੰਨੀ ਘੋਲ ਦੇ ਇੱਕ ਲੰਮੇਰੇ ਅਰਸੇ ਰਾਹੀਂ ਗੁਜ਼ਰਦਿਆਂ, ਪਹਿਲਾਂ ਸ਼ਹਿਰਾਂ 'ਤੇ ਕਬਜ਼ਾ ਕਰਨ ਅਤੇ ਫਿਰ ਪੇਂਡੂ ਖੇਤਰ 'ਤੇ ਕਾਬਜ਼ ਹੋਣਾ ਨਹੀਂ ਬਣਦਾ, ਸਗੋਂ ਇਸ ਤੋਂ ਉਲਟ ਬਣਦਾ ਹੈ।
.. .. ਇਹ ਸਾਰਾ ਕੁੱਝ ਚੀਨ ਅਤੇ ਸਰਮਾਏਦਾਰ ਮੁਲਕਾਂ ਦਰਮਿਆਨ ਵਖਰੇਵੇਂ ਨੂੰ ਦਰਸਾਉਂਦਾ ਹੈ। ਚੀਨ ਅੰਦਰ ਜੰਗ ਘੋਲ ਦੀ ਮੁੱਖ ਸ਼ਕਲ ਹੈ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ ਹੈ। ਦੂਜੀਆਂ ਸ਼ਕਲਾਂ ਜਿਵੇਂ ਜਨਤਕ ਜਥੇਬੰਦੀ ਅਤੇ ਜਨਤਕ ਘੋਲ ਬੇਹੱਦ ਅਹਿਮ ਅਤੇ ਅਸਲੋਂ ਅਣਸਰਦੀ ਬਣਦੀਆਂ ਹਨ ਅਤੇ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨੀਆਂ ਚਾਹੀਦੀਆਂ। ਪਰ ਇਹਨਾਂ ਦਾ ਮਨੋਰਥ ਜੰਗ ਦੀ ਸੇਵਾ ਵਿੱਚ ਭੁਗਤਣਾ ਹੈ। ਜੰਗ ਲੱਗਣ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਅਤੇ ਘੋਲ ਜੰਗ ਦੀ ਤਿਆਰੀ ਲਈ ਹੁੰਦੇ ਹਨ, ਜਿਵੇਂ ਕਿ 4 ਮਈ 1919 ਅਤੇ 30 ਮਈ 1925 ਦਰਮਿਆਨ ਦੇ ਅਰਸੇ ਵਿੱਚ ਹੋਇਆ ਹੈ। ਜਦੋਂ ਜੰਗ ਲੱਗ ਜਾਂਦੀ ਹੈ ਤਾਂ ਸਾਰੀਆਂ ਜਥੇਬੰਦੀਆਂ ਅਤੇ ਘੋਲਾਂ ਦਾ ਸਿੱਧੇ ਜਾਂ ਅਸਿੱਧੇ ਜੰਗ ਨਾਲ ਤਾਲਮੇਲ ਬਿਠਾਇਆ ਜਾਂਦਾ ਹੈ.. ..'' (ਮਾਓ-ਜ਼ੇ-ਤੁੰਗ, ਜੰਗ ਅਤੇ ਯੁੱਧਨੀਤੀ ਦੀਆਂ ਸਮੱਸਿਆਵਾਂ, ਗ੍ਰੰਥ-2, ਸਫਾ 219, 220, 221 ਜ਼ੋਰ ਸਾਡਾ)
No comments:
Post a Comment