Thursday, 27 October 2016

ਲੋਕ-ਕਵੀ ਸੰਤ ਰਾਮ ਉਦਾਸੀ ਦੀ 30ਵੀਂ ਬਰਸੀ 'ਤੇ


6 ਨਵੰਬਰ ਨੂੰ ਲੋਕ-ਕਵੀ ਸੰਤ ਰਾਮ ਉਦਾਸੀ ਦੀ 30ਵੀਂ ਬਰਸੀ 'ਤੇ ਉਸਦੀ
ਇਨਕਲਾਬੀ ਕਾਵਿ-ਰਚਨਾ ਨੂੰ ਬੁਲੰਦ ਕਰੋ
ਕੰਮੀਆਂ ਅਤੇ ਲੁੱਟੇ-ਲਤਾੜਿਆਂ ਦੇ ਵਿਹੜਿਆਂ 'ਚੋਂ ਉੱਠੀ ਅਤੇ ਜ਼ਰਵਾਣੇ ਹਾਕਮਾਂ ਨੂੰ ਲਲਕਾਰਦੀ ਉਸਦੀ ਇਨਕਲਾਬੀ ਹੇਕ ਦੇ ਚੁੱਪ ਹੋਇਆਂ ਨੂੰ ਤੀਹ ਵਰ•ੇ ਗੁਜਰ ਚੁੱਕੇ ਹਨ, ਪਰ ਇਸ ਹੇਕ ਨੂੰ ਅਰਥ ਮੁਹੱਈਆ ਕਰਦੀ ਉਸਦੀ ਰਚਨਾਤਮਿਕ ਕਲਾ ਦਾ ਖਜ਼ਾਨਾ ਗੀਤਾਂ, ਗਜ਼ਲਾਂ ਅਤੇ ਕਵਿਤਾਵਾਂ ਦੇ ਰੂਪ ਵਿੱਚ ਅੱਜ ਵੀ ਕਮਾਊ ਲੋਕਾਂ ਕੋਲ ਹੈ। ਅੱਜ ਵੀ ਜਦੋਂ ਕੋਈ ਸੁਹਿਰਦ ਕਲਾਕਾਰ ਗਾਇਕ ਉਸਦੇ ਗੀਤਾਂ ਨੂੰ ਸਟੇਜ ਤੋਂ ਆਵਾਜ਼ ਦਿੰਦਾ ਹੈ, ਜਦੋਂ ਉਸ ਗਾਉਣ ਵਾਲੇ ਰਾਹੀਂ ਗੀਤਾਂ ਦੇ ਬੋਲ ਸਰੋਤਿਆਂ ਦੀ ਸੁਰਤੀ ਦੀ ਸਰਦਲ 'ਤੇ ਦਸਤਕ ਦਿੰਦੇ ਹਨ ਤਾਂ ਸਰੋਤਿਆਂ ਨੂੰ ਉਹਨਾਂ 'ਚੋਂ ਸੰਤ ਰਾਮ ਉਦਾਸੀ ਦਾ ਝਾਉਲਾ ਪੈਂਦਾ ਹੈ। ਇਸ ਕਰਕੇ ਨਹੀਂ ਕਿ ਉਹ ਗਾਉਣ ਵਾਲੇ ਦੀ ਆਵਾਜ਼ ਸੰਤ ਰਾਮ ਉਦਾਸੀ ਵਾਂਗ ਉਹ ਦਮ, ਸ਼ਿੱਦਤ, ਤਾਕਤ, ਰਵਾਨਗੀ, ਲੈਅ-ਬੱਧਤਾ ਅਤੇ ਬੁਲੰਦੀ ਦੀ ਮਾਲਕ ਹੋਣ ਕਰਕੇ ਭੁਲੇਖਾ ਪਾਉਂਦੀ ਹੈ, ਇਸ ਕਰਕੇ ਕਿ ਉਦਾਸੀ ਦੀਆਂ ਕਾਵਿ-ਕਿਰਤਾਂ ਦੀ ਸੁਰ, ਸੀਰਤ ਅਤੇ ਮੁਹਾਂਦਰਾ ਨਿਵੇਕਲਾ ਹੋਣ ਕਰਕੇ, ਉਹ ਆਪਣੀ ਨਿਵੇਕਲੀ ਪਛਾਣ ਰੱਖਦੀਆਂ ਹਨ। ਪਾਸ਼ ਵਾਂਗੂੰ ਸੰਤ ਰਾਮ ਉਦਾਸੀ ਵੱਲੋਂ ਆਪਣੀਆਂ ਕਿਰਤਾਂ ਨੂੰ ਨਿਵੇਕਲਾ ਅਤੇ ਸੱਜਰਾ ਮੁਹਾਂਦਰਾ ਮੁਹੱਈਆ ਕਰਦਿਆਂ ਨਵੀਆਂ ਅਤੇ  ਨਿਵੇਕਲੀਆਂ ਪੈੜਾਂ ਪਾਈਆਂ ਗਈਆਂ ਹਨ। ਇਹ ਵੱਖਰੀ ਗੱਲ ਹੈ ਕਿ ਜਿੱਥੇ ਪਾਸ਼ ਵੱਲੋਂ ਮੁੱਖ ਤੌਰ 'ਤੇ ਖੁੱਲ•ੀ ਕਵਿਤਾ ਨੂੰ ਆਪਣੀ ਕਾਵਿ-ਸ਼ੈਲੀ ਵਜੋਂ ਅਪਣਾਇਆ ਗਿਆ, ਉੱਥੇ ਉਦਾਸੀ ਵੱਲੋਂ  ਮੁੱਖ ਤੌਰ 'ਤੇ ਸਰੋਦੀ ਕਵਿਤਾ (ਗੀਤਾਂ) ਨੂੰ ਕਾਵਿ-ਸ਼ੈਲੀ ਵਜੋਂ ਅਪਣਾਇਆ ਗਿਆ। 
ਸੰਤ ਰਾਮ ਉਦਾਸੀ ਚਾਹੇ ਪਹਿਲਾਂ ਵੀ ਲਿਖਦਾ ਹੁੰਦਾ ਸੀ, ਪਰ ਇੱਕ ਇਨਕਲਾਬੀ ਕਵੀ ਵਜੋਂ ਉਹ ਕਵੀਆਂ ਅਤੇ ਸਾਹਿਤਕ ਲੇਖਕਾਂ ਦੇ ਉਸ ਕਾਫਲੇ ਦਾ ਅੰਗ ਬਣ ਕੇ ਹੀ ਪ੍ਰਵਾਨ ਚੜਿ•ਆ, ਜਿਹੜਾ ਕਾਫ਼ਲਾ 1969-70 ਵਿੱਚ ਮੁਲਕ ਭਰ ਅਤੇ ਪੰਜਾਬ ਵਿੱਚ ਉੱਠੀ ਨਕਸਲਬਾੜੀ ਲਹਿਰ ਦੀ ਸੋਚ ਅਤੇ ਅਕੀਦਿਆਂ ਨੂੰ ਆਤਮਸਾਤ ਕਰਦਿਆਂ, ਇਨਕਲਾਬੀ ਸਾਹਿਤ ਸਿਰਜਣਾ ਦੇ ਬਿਖੜੇ ਪੈਂਡੇ 'ਤੇ ਤੁਰਿਆ ਸੀ। ਇਸ ਕਾਫਲੇ ਵਿੱਚ ਸ਼ੁਮਾਰ ਦਰਜ਼ਨਾਂ ਸਾਹਿਤਕ ਕਾਮਿਆਂ ਵੱਲੋਂ ਕਵਿਤਾ, ਗੀਤ, ਨਾਵਲ, ਕਹਾਣੀ ਅਤੇ ਨਾਟਕ ਆਦਿ ਦੇ ਖੇਤਰ ਵਿੱਚ ਬਹੁਤ ਹੀ ਕਾਬਲੇ ਤਾਰੀਫ ਰਚਨਾਵਾਂ ਲਿਖੀਆਂ ਗਈਆਂ ਹਨ। ਉਹਨਾਂ ਦੀ ਰਚਨਾਤਮਿਕ ਘਾਲਣਾ ਨੇ ਪੰਜਾਬ ਦੇ ਇਨਕਲਾਬੀ ਸਾਹਿਤਕ ਖਜ਼ਾਨੇ ਨੂੰ ਬਹੁਤ ਅਮੀਰ ਬਣਾਇਆ ਹੈ। ਪਰ ਸੰਤ ਰਾਮ ਉਦਾਸੀ ਇਸ ਕਾਫਲੇ ਦਾ ਅਜਿਹਾ ਸਿਰਕੱਢ ਸਰੋਦੀ ਕਵੀ ਹੋਇਆ ਹੈ, ਜਿਹੜਾ ਪੰਜਾਬ ਦੇ ਕਿਰਤੀ ਲੋਕਾਂ ਅਤੇ ਸੰਘਰਸ਼ਸ਼ੀਲ ਜਨਤਾ ਅੰਦਰ ਸਭ ਤੋਂ ਵੱਧ ਉਵੇਂ ਮਕਬੁਲ ਹੋਇਆ ਹੋਇਆ ਹੈ, ਜਿਵੇਂ ਗੁਰਸ਼ਰਨ ਸਿੰਘ ਨਾਟਕ ਦੇ ਖੇਤਰ ਵਿੱਚ ਹੋਇਆ ਹੈ। ਜਿਵੇਂ ਗੁਰਸ਼ਰਨ ਸਿੰਘ ਆਪਣੀ ਨਾਟਕ ਕਲਾ ਰਾਹੀਂ ਲੋਕਾਂ ਨੂੰ ਕੀਲ ਲੈਂਦਾ ਸੀ, ਉਸੇ ਤਰ•ਾਂ ਸੰਤ ਰਾਮ ਉਦਾਸੀ ਵੀ ਆਪਣੀ ਕਾਵ-ਤਾਕਤ ਰਾਹੀਂ ਸਰੋਤਿਆਂ ਨੂੰ ਕੀਲ ਕੇ ਬਿਠਾ ਦਿੰਦਾ ਸੀ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਲੈ ਕੇ ਪਿੰਡਾਂ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੱਕ ਸਭਨਾਂ ਵੱਲੋਂ ਸੰਤ ਰਾਮ ਉਦਾਸੀ ਨੂੰ ਮੰਤਰ ਮੁਗਧ ਹੋ ਕੇ ਸੁਣਿਆ ਜਾਂਦਾ ਸੀ। 
ਅਸਲ ਵਿੱਚ ਸੰਤ ਰਾਮ ਉਦਾਸੀ ਐਨ ਸਹੀ ਅਰਥਾਂ ਵਿੱਚ ਇੱਕ ਸਿਰਕੱਢ ਇਨਕਲਾਬੀ ਲੋਕ-ਕਵੀ ਸੀ। ਉਸ ਵੱਲੋਂ ਆਪਣੀਆਂ ਕਾਵਿ-ਕਿਰਤਾਂ ਰਾਹੀਂ ਕਿਰਤੀ ਲੋਕਾਂ, ਵਿਸ਼ੇਸ਼ ਕਰਕੇ ਕਿਰਤੀਆਂ ਦੀ ਸਭ ਤੋਂ ਲਤਾੜੀ ਪਰਤ (ਦਲਿਤ ਕਾਮਿਆਂ) ਦੀ ਜ਼ਿੰਦਗੀ ਦੇ ਸਾਲਮ ਯਥਾਰਥ ਨੂੰ ਪੇਸ਼ ਕੀਤਾ ਗਿਆ। ਯਾਨੀ ਜਿੱਥੇ ਸਿਰੇ ਦੀ ਬੇਕਿਰਕ ਲੁੱਟ ਅਤੇ ਦਾਬੇ ਹੇਠ ਕਰਾਹ ਰਹੀ ਕਿਰਤੀ ਕਾਮਿਆਂ ਦੀ ਜ਼ਿੰਦਗੀ ਦੀ ਦੁਰਦਸ਼ਾ ਅਤੇ ਮੰਦਹਾਲੀ ਦੇ ਯਥਾਰਥ ਨੂੰ ਬੇਹੱਦ ਸਪੱਸ਼ਟਤਾ ਨਾਲ ਪੇਸ਼ ਕੀਤਾ ਗਿਆ, ਉੱਥੇ ਕਿਰਤੀ ਕਾਮਿਆਂ ਅੰਦਰ ਉੱਸਲਵੱਟੇ ਲੈਂਦੀ ਬਗਾਵਤ ਦੀ ਲਾਟ ਬਣਦੀ ਅਤੇ ਇਸ ਗਲੇ-ਸੜੇ ਨਿਜ਼ਾਮ ਨੂੰ ਤਹਿਸ਼-ਨਹਿਸ਼ ਕਰਨਾ ਲੋਚਦੀ ਅਤੇ ਪ੍ਰਚੰਡ ਹੋ ਰਹੀ ਜਮਾਤੀ ਨਫਰਤ ਅਤੇ ਜੁਝਾਰੂ ਤਾਂਘ ਨੂੰ ਵੀ ਮੂੰਹਾਂ ਦਿੱਤਾ ਗਿਆ ਹੈ। ਸਿਰਫ ਕਮਾਊ ਲੋਕਾਂ ਦੇ ਜੀਵਨ ਦੇ ਇਸ ਸਾਲਮ ਯਥਾਰਥ ਨੂੰ ਪੇਸ਼ ਹੀ ਨਹੀਂ ਕੀਤਾ ਗਿਆ, ਸਗੋਂ ਇਸ ਪੇਸ਼ਕਾਰੀ ਨੂੰ ਅਜਿਹੀ ਲੋਕ-ਸ਼ੈਲੀ, ਬਿੰਬਾਂ, ਲਫਾਜ਼ੀ, ਮੁਹਾਵਰੇ ਅਤੇ ਤਰਜ ਦੀ ਪੁਸ਼ਾਕ ਵਿੱਚ ਪੇਸ਼ ਕੀਤਾ ਗਿਆ ਹੈ, ਜਿਹੜੀ ਝੱਟ ਉਹਨਾਂ ਦੀ ਸੁਰਤੀ ਅਤੇ ਬੋਧ ਪ੍ਰਵਾਹ ਨੂੰ ਮੱਲ ਲੈਂਦੀ ਹੈ ਅਤੇ ਧੁਰ ਰੂਹ ਤੱਕ ਝੰਜੋੜੂ ਤਿਰੰਗਾਂ ਛੇੜ ਦਿੰਦੀ ਹੈ। ਉਸਦੀ ਇਹ ਕਾਵਿ-ਕਲਾ ਅੰਦਰ ਲੋਕਾਂ ਦੀ ਜ਼ਿੰਦਗੀ ਦੇ ਸਾਲਮ ਸੱਚ ਦੀ ਬਹੁਤ ਸਪੱਸ਼ਟ ਅਤੇ ਜ਼ੋਰਦਾਰ ਪੇਸ਼ਕਾਰੀ ਅਤੇ ਇਸ ਪੇਸ਼ਕਾਰੀ ਨੂੰ ਮੁਹੱਈਆ ਕੀਤਾ ਲੋਕ-ਭਾਉਂਦਾ ਰੂਪ ਹੀ ਉਸਦੀ ਕਾਵਿ-ਕਲਾ ਦੀਆਂ ਉਹ ਸਿਫਤਾਂ ਹਨ, ਜਿਹਨਾਂ ਨੇ ਉਸ ਨੂੰ ਸਹੀ ਅਰਥਾਂ ਵਿੱਚ ਇੱਕ ਮਕਬੂਲ ਇਨਕਲਾਬੀ ਲੋਕ ਕਵੀ ਵਜੋਂ ਉਭਾਰਿਆ ਅਤੇ ਸਥਾਪਤ ਕੀਤਾ ਹੈ। 
ਉਸਦੀ ਤਰਜ਼ੇ-ਪੇਸ਼ਕਾਰੀ ਦੀਆਂ ਦੋ ਝਲਕਾਂ ਪੇਸ਼ ਹਨ: 
ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ-ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
--
ਐਪਰ ਜਬਰ ਅੱਗੇ ਕਿੱਦਾਂ ਸਬਰ ਸਰੀਏ 
ਅਸੀਂ ਇਹੋ ਜੀ ਜ਼ਹਿਰ ਨਾ ਪੀ ਸਕਦੇ
ਨੱਕ ਮਾਰ ਕੇ ਡੰਗਰ ਵੀ ਜਿਊਣ ਜਿਸਨੂੰ
ਅਸੀਂ ਜੂਨ ਅਜਿਹੀ ਨਾ ਜੀ ਸਕਦੇ
ਉਸ ਵੱਲੋਂ ਕਾਵਿ-ਕਲਾ ਦੀਆਂ ਇਹ ਸਿਫਤਾਂ ਹਾਸਲ ਕਰਨਾ ਕੋਈ ਇਤਫਾਕੀਆ ਗੱਲ ਨਹੀਂ ਸੀ, ਸਗੋਂ ਇਹ ਸਿਫਤਾਂ ਉਸਦੀ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਅਤੇ ਇਨਕਲਾਬ ਨਾਲ ਪ੍ਰਤੀਬੱਧਤਾ ਦੇ ਮਜਬੂਤ ਆਧਾਰ 'ਤੇ ਉਸਰੀਆਂ ਸਨ। ਉਸ ਅੰਦਰ ਲਟ ਲਟ ਬਲਦੀ ਜਮਾਤੀ ਨਫਰਤ ਅਤੇ ਨਿਜ਼ਾਮ ਨੂੰ ਬਦਲ ਸੁੱਟਣ ਦੀ ਧੂਹ ਉਸਦੀ ਇਨਕਲਾਬੀ ਸੰਵੇਦਨਾ, ਸੋਚ ਅਤੇ ਸੁਰਤੀ ਨੂੰ ਨਾ ਸਿਰਫ ਚੈਨ ਨਾਲ ਨਹੀਂ ਬੈਠਣ ਦਿੰਦੀ ਸੀ, ਸਗੋਂ ਉਸਦੀਆਂ ਰਚਨਾਵਾਂ ਨੂੰ ਲੈਅ-ਬੱਧ ਰਵਾਨਗੀ ਦੇ ਨਾਲ ਦਬੰਗਮਈ ਸੁਰਤਾਲ ਦਾ ਉਵੇਂ ਸੁਮੇਲ ਮੁਹੱਈਆ ਕਰਦੀ ਸੀ, ਜਿਵੇਂ ਪਹਾੜੋਂ ਉੱਤਰਦੇ ਅਤੇ ਵਲ-ਵਲੇਵੇਂ ਖਾਂਦੇ ਦਰਿਆ ਵੱਲੋਂ ਪੈਦਾ ਕੀਤੀ ਜਾਂਦੀ ਆਵਾਜ਼ ਵਿੱਚ ਲੈਅ ਅਤੇ ਗਰਜ ਦਾ ਇੱਕ ਵਿਲੱਖਣ ਸੁਮੇਲ ਹੁੰਦਾ ਹੈ। 
1969-70 ਤੋਂ ਬਾਅਦ ਰਚੀ ਗਈ ਉਸਦੀ ਸਮੁੱਚੀ ਕਾਵਿ-ਰਚਨਾ ਵਿੱਚੋਂ ਉਸਦੀ ਇਨਕਲਾਬੀ ਪ੍ਰਤੀਬੱਧਤਾ, ਉਸ ਅੰਦਰ ਲਟ ਲਟ ਬਲਦੀ ਜਮਾਤੀ ਨਫਰਤ ਅਤੇ ਇਸ ਪਿਛਾਖੜੀ ਨਿਜ਼ਾਮ ਨੂੰ ਬਦਲਣ ਦੀ ਜ਼ੋਰਦਾਰ ਧੂਹ ਦਾ ਮੂੰਹ-ਜ਼ੋਰ ਇਜ਼ਹਾਰ ਹੁੰਦਾ ਹੈ। ਇਸ ਲਈ, ਪੰਜਾਬੀ ਸਾਹਿਤਕ ਹਲਕਿਆਂ ਦੇ ਇੱਕ ਹਿੱਸੇ ਵੱਲੋਂ ਉਸਦੀ ਰਚਨਾ ਨੂੰ ਨਾਹਰੇਬਾਜ਼ੀ ਕਹਿੰਦਿਆਂ ਉਂਗਲਾਂ ਉਠਾਈਆਂ ਗਈਆਂ। ਪਰ ਉਹ ਆਪਣੀ ਮਸਤ ਚਾਲ ਤੁਰਿਆ ਗਿਆ। ਕਿਉਂਕਿ ਉਸ ਦੀ ਐਲਾਨੀਆ ਪ੍ਰਤੀਬੱਧਤਾ ਦੱਬੇ-ਕੁਚਲੇ ਲੋਕਾਂ ਦੇ ਹਿੱਤਾਂ ਨਾਲ ਸੀ। ਇਹਨਾਂ ਲੋਕਾਂ ਦੀ ਲੁੱਟ ਅਤੇ ਦਾਬੇ ਦੇ ਜੂਲੇ ਤੋਂ ਇਨਕਲਾਬੀ ਬੰਦਖਲਾਸੀ ਨਾਲ ਸੀ। ਇਸ ਕਰਕੇ, ਉਸ ਵੱਲੋਂ ਅਜਿਹੀਆਂ ਸਭ ਬੇਹੂਦਗੀਆਂ ਨੂੰ ਟਿੱਚ ਜਾਣਦਿਆਂ, ਆਪਣੀ ਕਾਵਿ-ਸਿਰਜਣਾ ਨੂੰ ਲੋਕਾਂ ਦੀਆਂ ਦੁੱਖਾਂ-ਤਕਲੀਫਾਂ, ਲੋਕਾਂ ਦੀ ਜਮਾਤੀ ਨਫਰਤ, ਸਮਾਜਿਕ ਤਬਦੀਲੀ ਲਈ ਮਘਦੀ-ਭਖਦੀ ਤਾਂਘ, ਇਨਕਲਾਬੀ ਲਹਿਰ ਨੂੰ ਖ਼ੂਨ ਵਿੱਚ ਡੁਬੋਣ 'ਤੇ ਉਤਾਰੂ ਸਮੇਂ ਦੇ ਹਾਕਮਾਂ ਦੇ ਜਬਰ ਅਤੇ ਤਸ਼ੱਦਦ ਅਤੇ ਇਸ ਜਬਰ-ਜ਼ੁਲਮ ਖਿਲਾਫ ਲੋਕਾਂ ਵਿੱਚ ਉੱਸਲਵੱਟੇ ਲੈਂਦੀ ਨਾਬਰੀ ਦੇ ਪ੍ਰਤੀਕਰਮ ਨੂੰ ਬਿਨਾ ਰੱਖ-ਰਖਾਅ ਅਤੇ ਪੁਰੀ ਨਿੱਡਰਤਾ ਨਾਲ ਚਿਤਰਨ ਦੇ ਲੇਖੇ ਲਾਉਂਦਿਆਂ, ਉਹਨਾਂ ਲਿਖਾਰੀਆਂ ਨਾਲੋਂ ਲਕੀਰ ਖਿੱਚਵਾਂ ਨਿਖੇੜਾ ਕੀਤਾ ਗਿਆ, ਜਿਹੜੇ ਇੱਕ ਹੱਥ ਲੋਕ-ਹਿੱਤਾਂ ਅਤੇ ਇਨਕਲਾਬੀ ਲਹਿਰ ਨਾਲ ਪ੍ਰਤੀਬੱਧਤਾ ਦੀ ਪੁਸ਼ਾਕ ਵੀ ਸਜਾਈ ਫਿਰਦੇ ਸਨ ਪਰ ਦੂਜੇ ਹੱਥ ਆਪਣੇ 'ਰੁਜ਼ਗਾਰਵਾਦ ਦੇ ਛਕੜੇ' ਨੂੰ ਮੂਧਾ ਵੱਜਣ ਦੇ ਧੁੜਕੂ ਨਾਲ ਭੈਅ-ਭੀਤ ਹੁੰਦਿਆਂ, ਆਪਣੀਆਂ ਕਿਰਤਾਂ ਨੂੰ ਵੱਢ-ਤਰਾਸ਼ ਕੇ ਜਰਵਾਣੇ ਹਾਕਮਾਂ ਵੱਲੋਂ ਕਾਬਲੇ ਮਨਜੁਰ ਕਲਬੂਤ ਦੇ ਮੇਚਦੀਆਂ ਬਣਾ ਕੇ ਪੇਸ਼ ਕਰਨ ਦੇ ਆਹਰ ਲੱਗੇ ਹੋਏ ਸਨ ਅਤੇ ਉਸਦੀ ਕਾਵਿ-ਕਲਾ ਨੂੰ ਨਾਹਰੇਬਾਜ਼ੀ ਅਤੇ ਤੁੱਛ ਕਹਿ ਕੇ ਆਇਆ-ਗਿਆ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਸਨ। 
ਉਦਾਸੀ ਦੀ ਕਾਵਿ-ਰਚਨਾ ਦੀ ਇੱਕ ਕਾਬਲੇ-ਜ਼ਿਕਰ ਸਿਫਤ ਇਹ ਹੈ ਕਿ ਉਸ ਵੱਲੋਂ ਸਿੱਖ ਲਹਿਰ ਦੇ ਸੰਗਰਾਮੀ ਵਿਰਸੇ ਦੀਆਂ ਜੁਝਾਰੂ ਰਵਾਇਤਾਂ ਨੂੰ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਅੰਦਰ ਪਰੋਅ ਕੇ ਪੇਸ਼ ਕੀਤਾ ਗਿਆ ਹੈ। ਸਿੱਖ ਲਹਿਰ ਆਪਣੇ ਸਮਿਆਂ ਵਿੱਚ ਰਜਵਾੜਾਸ਼ਾਹੀ-ਜਾਗੀਰਦਾਰੀ ਦੀ ਲੁੱਟ, ਦਾਬੇ ਅਤੇ ਜ਼ੁਲਮਾਂ ਖਿਲਾਫ ਦੱਬੇ ਕੁਚਲੇ ਕਿਸਾਨਾਂ, ਕਾਮਿਆਂ ਅਤੇ ਛੋਟੇ ਮੋਟੇ ਕਾਰੋਬਾਰੀਆਂÎ ਦੀ ਜਮਾਤੀ ਜੱਦੋਜਹਿਦ ਦੀ ਇੱਕ ਸ਼ਾਨਦਾਰ ਵੀਰ-ਗਾਥਾ ਹੈ। ਚਾਹੇ ਅਧਿਆਤਮਿਕ ਵਿਚਾਰਧਾਰਾ ਸਿੱਖ ਲਹਿਰ ਦਾ ਇੱਕ ਪ੍ਰੇਰਨਾ ਸਰੋਤ ਸੀ। ਉਹਨਾਂ ਸਮਿਆਂ ਵਿੱਚ ਅਜਿਹਾ ਹੋਣਾ ਐਨ ਸੁਭਾਵਿਕ ਸੀ। ਪਰ ਸਿੱਖ ਲਹਿਰ ਵੱਲੋਂ ਹੱਕ-ਸੱਚ ਲਈ, ਮਿਸਾਲੀ ਦ੍ਰਿੜ•ਤਾ, ਸਿਰੜ ਅਤੇ ਸਿਦਕਦਿਲੀ ਨਾਲ ਜਮਾਤੀ ਦੁਸ਼ਮਣਾਂ ਖਿਲਾਫ ਜੂਝਣ ਦੀਆਂ ਪਾਈਆਂ ਗਈਆਂ ਸੰਗਰਾਮੀ ਪਿਰਤਾਂ ਅੱਜ ਪੰਜਾਬੀ ਕੌਮ ਅਤੇ ਇਨਕਲਾਬੀ ਲਹਿਰ ਦੀ ਕਾਬਲੇ-ਫ਼ਖਰ ਵਿਰਾਸਤ ਦਾ ਅਨਮੋਲ ਹਿੱਸਾ ਹਨ। ਅੱਜ ਸਾਮਰਾਜੀ ਜੀ ਹਜ਼ਰੀਏ ਹਾਕਮਾਂ, ਉਹਨਾਂ ਦੇ ਜ਼ਰਖਰੀਦ ਬੁੱਧੀਜੀਵੀਆਂ ਅਤੇ ਉਹਨਾਂ ਦੇ ਢਹੇ ਚੜ•ੇ ਕੁੱਝ ਸਿੱਖ ਫਿਰਕੂ ਜਨੂੰਨੀ ਅਨਸਰਾਂ ਵੱਲੋਂ ਇਹਨਾਂ ਸ਼ਾਨਾਂਮੱਤੀਆਂ ਜੁਝਾਰ ਪਿਰਤਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਦੇ ਸੰਗਰਾਮੀ ਪੱਤਰਿਆਂ 'ਚੋਂ ਖਾਰਜ  ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ, ਨਾ ਸਿਰਫ ਇਤਿਹਾਸਕ ਖੇਤਰ ਅੰਦਰ, ਸਗੋਂ ਸਾਹਿਤ-ਰਚਨਾ ਦੇ ਖੇਤਰ ਅੰਦਰ ਵੀ ਇਹਨਾਂ ਸੰਗਰਾਮੀ ਪਿਰਤਾਂ ਨੂੰ ਉਚਿਆਉਣ ਅਤੇ ਅਜੋਕੇ ਦੌਰ ਅੰਦਰ ਇਹਨਾਂ ਦੀ ਪ੍ਰਸੰਗਕਿਤਾ ਨੂੰ ਉਭਾਰਨ ਅਤੇ ਪੇਸ਼ ਕਰਨ ਦੀ ਜੁੰਮੇਵਾਰੀ ਵਿਸ਼ੇਸ਼ ਕਰਕੇ ਖਰੇ ਲੋਕ-ਹਿਤੈਸ਼ੀ, ਪੰਜਾਬੀ ਕੌਮਪ੍ਰਸਤ ਅਤੇ ਇਨਕਲਾਬੀ ਲੇਖਕਾਂ ਸਿਰ ਆਇਦ ਹੁੰਦੀ ਹੈ। ਸੰਤ ਰਾਮ ਉਦਾਸੀ ਵੱਲੋਂ ਇਸ ਜਿੰਮੇਵਾਰੀ ਨੂੰ ਹੁੰਗਾਰਾ ਦਿੱਤਾ ਗਿਆ ਅਤੇ ਸਿੱਖ ਲਹਿਰ ਦੀਆਂ ਸੰਗਰਾਮੀ ਪਿਰਤਾਂ ਨੂੰ ਆਪਣੀ ਕਾਵਿ-ਰਚਨਾ ਅੰਦਰ ਗੁੰਦ ਕੇ ਪੇਸ਼ ਕੀਤਾ ਗਿਆ। 
ਉਸਦੀ ਕਵਿਤਾ ਦੀ ਇੱਕ ਹੋਰ ਉੱਭਰਵੀਂ ਸਿਫਤ ਇਹ ਹੈ ਕਿ ਉਸ ਵੱਲੋਂ ਆਪਣੀ ਕਾਵਿ-ਰਚਨਾ ਵਿੱਚ ਦੱਬੇ ਕੁਚਲੇ ਲੋਕਾਂ ਦੀ ਦੁਰਦਸ਼ਾ, ਇਸ ਦੁਰਦਸ਼ਾ ਖਿਲਾਫ ਉਹਨਾਂ ਅੰਦਰ ਉਬਾਲੇ ਖਾਂਦੀ ਨਫਰਤ ਅਤੇ ਵਿਦਰੋਹ ਦੀ ਭਾਵਨਾ ਅਤੇ ਇਸ ਤੋਂ ਮੁਕਤੀ ਲੋਚਦੀ ਜ਼ੋਰਦਾਰ ਤਾਂਘ ਦੀ ਹੀ ਪੇਸ਼ਕਾਰੀ ਨਹੀਂ ਕੀਤੀ ਗਈ, ਸਗੋਂ ਇਹਨਾਂ ਦੱਬੇ-ਕੁਚਲੇ ਲੋਕਾਂ ਦਾ ਅੱਧ ਬਣਦੀਆਂ ਔਰਤਾਂ ਦੀ ਹਾਲਤ-ਬਿਆਨੀ ਨੂੰ ਬਹੁਤ ਹੀ ਅਹਿਮ ਸਥਾਨ ਦਿੱਤਾ ਗਿਆ ਹੈ। ਉਸਦੀਆਂ ਕਈ ਰਚਨਾਵਾਂ ਔਰਤਾਂ ਦੀ ਦੂਹਰੀ ਗੁਲਾਮੀ (ਹਾਕਮ ਜਮਾਤੀ ਦਾਬੇ ਅਤੇ ਪਿਤਾਪੁਰਖੀ/ਮਰਦ ਪ੍ਰਧਾਨ ਸਮਾਜਿਕ ਦਾਬੇ) ਕਰਕੇ ਔਰਤਾਂ ਨਾਲ ਹੁੰਦੇ ਧੱਕੇ ਅਤੇ ਵਿਤਕਰੇ, ਇਹਨਾਂ ਦੋਵਾਂ ਦਾਬਿਆਂ 'ਚੋਂ ਪਹਿਲੇ ਦੀ ਭਾਰੂ ਹੈਸੀਅਤ ਕਰਕੇ ਔਰਤਾਂ 'ਤੇ ਹੁੰਦੇ ਜਿਨਸੀ ਅੱਤਿਆਚਾਰ, ਇਸ ਦੂਹਰੀ ਗੁਲਾਮੀ ਖਿਲਾਫ ਔਰਤਾਂ ਅੰਦਰ ਉੱਸਲਵੱਟੇ ਲੈਂਦੀ ਅਤੇ ਮੂੰਹਾਂ ਭਾਲਦੀ ਨਫਰਤ ਅਤੇ ਇਸ ਦੂਹਰੀ ਗੁਲਾਮੀ ਦੇ ਜੂਲੇ ਨੂੰ ਵਗਾਹ ਮਾਰਨ ਦੀ ਲੋਚਾ ਅਤੇ ਤਾਂਘ ਨੂੰ ਕਮਾਲ ਦੀ ਕਾਵਿਕ ਸੋਝੀ ਨਾਲ ਪੇਸ਼ ਕੀਤਾ ਗਿਆ ਹੈ। ਉਦਾਸੀ ਦੀ ਇਹ ਕਵਿਤਾ ਜਿੱਥੇ ਇਸ ਹਾਕਮ ਜਮਾਤੀ ਦਾਬੇ ਅਤੇ ਜਬਰੋ-ਜ਼ੁਲਮ ਅਤੇ ਪਿਤਾਪੁਰਖੀ ਮੱਧਯੁੱਗੀ-ਜਾਗੀਰੂ ਕਦਰਾਂ-ਕੀਮਤਾਂ ਦੇ ਦੂਹਰੀ ਗੁਲਾਮੀ ਦੇ ਸੰਗਲਾਂ ਨੂੰ ਤੋੜ ਦੇਣ ਲਈ ਔਰਤਾਂ ਨੂੰ ਵੰਗਾਰਦੀ ਹੈ, ਉੱਥੇ ਇਸ ਜ਼ੁਲਮ ਅਤੇ ਦਾਬੇ ਦੀਆਂ ਸਤਾਈਆਂ ਔਰਤਾਂ, ਵਿਸ਼ੇਸ਼ ਕਰਕੇ ਕਿਰਤੀ ਔਰਤਾਂ ਵੱਲੋਂ ਇਸ ਵੰਗਾਰ ਨੂੰ ਕਬੂਲਦਿਆਂ, ਮੁਕਤੀ ਲਈ ਅੰਗੜਾਈ ਲੈ ਰਹੀਆਂ ਔਰਤਾਂ ਦੀ ਹੇਕ ਬਣ ਗੂੰਜਦੀ ਹੈ। 
ਸਮਾਜ ਦੇ ਸਭ ਤੋਂ ਵੱਧ ਨਪੀੜੇ ਅਤੇ ਲੁੱਟੇ-ਲਤਾੜਿਆਂ ਦੀ ਮੰਦਹਾਲੀ, ਉਹਨਾਂ ਦੀਆਂ ਆਸਾਂ-ਉਮੀਦਾਂ, ਉਹਨਾਂ ਦੇ ਵਲਵਲਿਆਂ, ਨਾਬਰੀ ਅਤੇ ਮੁਕਤੀ ਸੰਗਰਾਮ ਨੂੰ ਆਪਣੀ ਕਾਵਿ-ਕਲਾ ਰਾਹੀਂ ਗਾਉਣ ਅਤੇ ਜੀਣ ਵਾਲਾ ਇਹ ਇਨਕਲਾਬੀ ਲੋਕ-ਕਵੀ ਜਿਸ ਕਿਸਮ ਦੀ ਕਦਰ ਦਾ ਹੱਕਦਾਰ ਸੀ, ਪੰਜਾਬ ਦੀ ਇਨਕਲਾਬੀ ਲਹਿਰ ਅਤੇ ਇਨਕਲਾਬੀ ਸਾਹਿਤਕ ਹਲਕਿਆਂ ਵੱਲੋਂ ਉਸਦੀ ਉਹੋ ਜਿਹੀ ਕਦਰ ਨਹੀਂ ਪਾਈ ਗਈ। ਲੋਕਾਂ ਦੇ ਇੱਕ ਸਿਰਕੱਢ ਇਨਕਲਾਬੀ ਲੋਕ ਕਵੀ ਵਜੋਂ ਨਾ ਉਦਾਸੀ ਨੂੰ ਬਣਦੀ ਅਹਿਮੀਅਤ ਦਿੱਤੀ ਗਈ ਹੈ ਅਤੇ ਨਾ ਹੀ ਉਸਦੀ ਕਾਵਿ-ਰਚਨਾ ਨੂੰ ਬਣਦੀ ਅਹਿਮੀਅਤ ਦਿੱਤੀ ਗਈ  ਹੈ। ਇਨਕਲਾਬੀ ਲਹਿਰ ਦੇ ਕੁੱਝ ਖੈਰ-ਖੁਆਹ ਅਤੇ ਉਦਾਸੀ ਅਤੇ ਉਸਦੀ  ਕਾਵਿ-ਰਚਨਾ ਦੇ ਕਦਰਦਾਨ ਕੁੱਝ ਸੱਜਣਾਂ ਵੱਲੋਂ ਉਸ ਦੀਆਂ ਰਚਨਾਵਾਂ ਨੂੰ ਛਪਵਾਉਣ ਅਤੇ ਇਹਨਾਂ ਸਬੰਧੀ ਗੋਸ਼ਟੀਆਂ ਕਰਵਾਉਣ ਦੇ ਸਲਾਹੁਣਯੋਗ ਉਪਰਾਲੇ ਕੀਤੇ ਗਏ ਹਨ। ਇਹਨਾਂ ਉਸਾਰੂ ਉਪਰਾਲਿਆਂ ਦੇ ਅਮਲ ਨੂੰ ਅੱਗੇ ਤੋਰਨ ਅਤੇ ਹੋਰ ਸੁਚਾਰੂ ਸ਼ਕਲ ਦੇਣ ਦੀ ਲੋੜ ਸੀ। ਇਨਕਲਾਬੀ ਹਲਕਿਆਂ ਵੱਲੋਂ ਇਸ ਲੋੜ ਨੂੰ ਬਣਦਾ ਹੁੰਗਾਰਾ ਦਿੱਤਾ ਜਾਣਾ ਚਾਹੀਦਾ ਸੀ, ਜਿਹੜਾ ਨਹੀਂ ਦਿੱਤਾ ਗਿਆ। 
ਅੱਜ ਵੀ ਸਮੇਂ ਦੀ ਲੋੜ ਹੈ ਕਿ ਉਦਾਸੀ ਅਤੇ ਉਸਦੇ ਇਸ ਇਨਕਲਾਬੀ ਲੋਕ-ਕਾਵਿ ਦੀ ਕਦਰ ਪਾਈ ਜਾਵੇ। ਉਸਦੀ ਕਾਵਿ-ਕਲਾ ਨੂੰ ਉਭਾਰਿਆ ਜਾਵੇ, ਇਨਕਲਾਬੀ ਲਹਿਰ ਦੀਆਂ ਸਟੇਜਾਂ ਦਾ ਅੰਗ ਬਣਾਇਆ ਜਾਵੇ। ਗੀਤ-ਸੰਗੀਤ ਅਤੇ ਕੋਰੀਓਗ੍ਰਾਫੀ ਦਾ ਵਿਸ਼ਾ ਬਣਾਇਆ ਜਾਵੇ। ਸਾਹਿਤ-ਗੋਸ਼ਟੀਆਂ ਰਾਹੀਂ ਇਸਦੀ ਇਨਕਲਾਬੀ ਲੋਕ-ਕਾਵਿ ਵਜੋਂ ਕਦਰ ਦੀ ਅਹਿਮੀਅਤ ਨੂੰ ਉਘਾੜਿਆ, ਪ੍ਰਚਾਰਿਆ ਜਾਵੇ। ਇਹਨਾਂ ਸੁਵੱਲੜੀਆਂ ਕੋਸ਼ਿਸ਼ਾਂ ਨੇ ਆਪਣਾ ਰੰਗ ਲਾਜ਼ਮੀ ਦਿਖਾਉਣਾ ਹੈ। ਉਦਾਸੀ ਦੀ ਕਾਵਿ-ਕਲਾ ਵਿੱਚ ਦੱਬੇ-ਕੁਚਲੇ ਲੋਕਾਂ ਦੇ ਅਨੁਭਵ ਅਤੇ ਰੂਹ ਨੂੰ ਝੰਜੋੜਨ, ਇਨਕਲਾਬੀ ਜਜ਼ਬਿਆਂ ਨੂੰ ਸਾਣ 'ਤੇ ਲਾਉਣ ਅਤੇ ਸਮਾਜਿਕ ਤਬਦੀਲੀ ਲਈ ਜੂਝ ਮਰਨ ਲਈ ਪ੍ਰੇਰਨਾ ਮੁਹੱਈਆ ਕਰਨ ਦੀ ਤਾਕਤ ਹੈ, ਬਸ਼ਰਤੇ ਇਸਦੀ ਸੁਚੇਤ ਅਤੇ ਸੁਚੱਜੀ ਵਰਤੋਂ ਕਰਨ ਦਾ ਬੀੜਾ ਚੁੱਕਿਆ ਜਾਵੇ। 
(ਨੋਟ- ਸੰਤ ਰਾਮ ਉਦਾਸੀ ਦੀ ਸ਼ਾਨਦਾਰ ਅਤੇ ਕਾਬਲੇ-ਫਖ਼ਰ ਇਨਕਲਾਬੀ ਕਾਵਿ-ਰਚਨਾ ਸਬੰਧੀ ਉਪਰੋਕਤ ਅਤਿ ਸੰਖੇਪ ਅਤੇ ਚਲੰਤ ਟਿੱਪਣੀਆਂ ਨਾ ਉਸਦੀ ਕਾਵਿ-ਰਚਨਾ ਦੇ ਸਮੁੱਚੇ ਸਾਰਤੱਤ ਨੂੰ ਪੇਸ਼ ਕਰਦੀਆਂ ਹਨ ਅਤੇ ਨਾ ਹੀ ਉਸਦਾ ਮੁਲੰਕਣ ਬਣਦੀਆਂ ਹਨ। ਉਸਦੀ ਕਾਵਿ-ਰਚਨਾ ਨੂੰ ਸਲਾਹੁੰਦੀਆਂ ਇਹ ਚੰਦ ਟਿੱਪਣੀਆਂ ਉਸਦੀ 30ਵੀਂ ਬਰਸੀ 'ਤੇ ਉਸ ਦੀ ਯਾਦ ਨੂੰ ਸਿਜਦਾ ਕਰਨ ਵਜੋਂ ਕੀਤੀਆਂ ਗਈਆਂ ਹਨ। -ਲੇਖਕ)

No comments:

Post a Comment