ਪਾਤੜਾਂ ਦੀ ਔਰਤ ਡਾਕਟਰ ਦੀ ਅਣਗਹਿਲੀ
ਡਾਕਟਰੀ ਕਿੱਤਾ ਬਣਿਆ ਵਪਾਰ
-ਪੱਤਰਕਾਰ
ਪਟਿਆਲ਼ਾ ਜ਼ਿਲ•ੇ ਦੇ ਪਿੰਡ ਖਾਨੇਵਾਲ਼ ਦੇ ਇੱਕ ਗਰੀਬ ਮਹਾਜ਼ਨ ਪਰਿਵਾਰ ਨਾਲ ਪਾਤੜਾਂ ਸ਼ਹਿਰ ਦੀ ਇੱਕ ਮਹਿਲਾ ਡਾਕਟਰ ਨੇ ਕਹਿਰ ਕਮਾਇਆ ਹੈ। ਇਸ ਮਹਿਲਾ ਡਾਕਟਰ ਦੀ ਇਹ ਅਤਿ ਨਿੰਦਣਯੋਗ ਕਾਰਵਾਈ ਹੈ। ਇੱਕ ਮਹਾਜ਼ਨ ਪਰਿਵਾਰ ਦੀ ਈਸ਼ਾ ਰਾਣੀ ਪਤਨੀ ਨਰੇਸ਼ ਕੁਮਾਰ ਨੂੰ ਬੱਚਾ ਹੋਣ ਵਾਲ਼ਾ ਸੀ। ਈਸ਼ਾ ਰਾਣੀ ਨੂੰ 15 ਅਗਸਤ ਵਾਲ਼ੇ ਦਿਨ ਪਾਤੜਾਂ ਦੇ ਸੁਦਰਸ਼ਨਾ ਗੁਪਤਾ ਮਲਟੀਸਪੈਸ਼ਲਿਟੀ ਹਸਪਤਾਲ਼ ਵਿੱਚ ਦਾਖਲ ਕਰਾਇਆ ਗਿਆ। ਡਾਕਟਰਨੀ ਨੇ ਈਸ਼ਾ ਰਾਣੀ ਦਾ ਮੁਆਇਨਾ ਕਰਦਿਆਂ ਵਾਰਸਾਂ ਨੂੰ ਕਿਹਾ ਕਿ ਇਸ ਲੜਕੀ ਦੇ ਗਰਭ ਵਿੱਚਲਾ ਬੱਚਾ ਮਰ ਚੁੱਕਾ ਹੈ। ਏਨਾ ਸੁਣ ਕੇ ਪਰਿਵਾਰ ਦੇ ਮੈਂਬਰਾਂ ਦੇ ਭਾਅ ਦੀ ਬਣ ਗਈ। ਕਹਿਣ ਲੱਗੇ ਜਿਵੇਂ ਮਰਜ਼ੀ ਕਰੋ, ਸਾਡੀ ਨੂੰਹ ਨੂੰ ਬਚਾ ਦਿਓ। ਅਪ੍ਰੇਸ਼ਨ ਦੌਰਾਨ ਈਸ਼ਾ ਰਾਣੀ ਦੀ ਕੋਈ ਗਲਤ ਨਾੜੀ ਕੱਟੀ ਗਈ। ਹਾਲਤ ਵਿਗੜਦੀ ਵੇਖ ਕੇ ਡਾਕਟਰਨੀ ਨੇ ਆਪ ਹੀ ਪਟਿਆਲ਼ਾ ਦੇ ਕਿਸੇ ਪ੍ਰਾਈਵੇਟ ਹਸਪਤਾਲ਼ ਵਿੱਚ ਰੈਫਰ ਕਰ ਦਿੱਤਾ ਜਿੱਥੇ ਕੁੱਝ ਘੰਟਿਆਂ ਬਾਦ ਉਸ ਦੀ ਮੌਤ ਹੋ ਗਈ। ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਜਿਸ ਬੱਚੇ ਨੂੰ ਡਾਕਟਰਨੀ ਨੇ ਗਰਭ ਵਿੱਚ ਮਰਿਆ ਹੋਇਆ ਕਿਹਾ ਸੀ, ਉਹ ਬੱਚਾ (ਲੜਕੀ, ਦੀਆ) ਜ਼ਿੰਦਾ ਹਾਲਤ ਵਿੱਚ ਪੈਦਾ ਹੋਈ ਜੋ ਕਿ ਇਸ ਵਕਤ ਦੋ ਮਹੀਨਿਆਂ ਦੀ ਹੋ ਗਈ ਹੈ। ਇਸ ਘਟਨਾ ਤੋਂ ਬਾਦ ਇਲਾਕੇ ਦੀਆਂ ਜੱਥੇਬੰਦੀਆਂ ਨੇ ਦੁਖੀ ਪਰਿਵਾਰ ਦਾ ਸਹਾਰਾ ਬਣਦਿਆਂ ਪਾਤੜਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ। ਅਗਲੇ ਦਿਨ 16 ਅਗਸਤ ਨੂੰ ਨਰੇਸ਼ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਪਾਤੜਾਂ ਠਾਣੇ ਵਿੱਚ ਧਾਰਾ 304-ਏ ਅਧੀਨ ਪਰਚਾ ਦਰਜ ਕੀਤਾ ਗਿਆ। 29 ਅਗਸਤ 2016 ਨੂੰ ਵੱਖ ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ਼ ਪੁਲ਼ਸ ਦੇ ਢਿੱਲੜ ਰਵੱਈਏ ਵਿਰੁੱਧ ਐੱਸ ਡੀ ਐੱਮ ਸਮਾਣਾ ਰਾਹੀਂ ਪਟਿਆਲ਼ੇ ਦੇ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਭੇਜੀ ਹੈ। 6-7 ਅਕਤੂਬਰ ਨੂੰ ਪਾਤੜਾਂ ਵਿਖੇ ਡੀ.ਐੱਸ.ਪੀ. ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਪ੍ਰੰਤੂ ਦੋਸ਼ੀ ਡਾਕਟਰਨੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਵੀ ਚਰਚਾ ਹੈ ਕਿ ਇਸ ਹਸਪਤਾਲ਼ ਦੇ ਅਮਲੇ ਦੀਆਂ ਲਾਪ੍ਰਵਾਹੀਆਂ ਕਾਰਨ ਪਿਛਲੇ ਸਾਲਾਂ ਵਿੱਚ 11 ਮੌਤਾਂ ਹੋ ਚੁੱਕੀਆਂ ਹਨ। ਪੈਸੇ ਦੇ ਜ਼ੋਰ ਹਰ ਕੇਸ ਠੱਪ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਦਿਲ ਹਿਲਾ ਦੇਣ ਵਾਲ਼ੀਆਂ ਘਟਨਾਵਾਂ ਪੰਜਾਬ ਅਤੇ ਦੇਸ਼ ਅੰਦਰ ਨਿੱਤ ਵਾਪਰਦੀਆਂ ਹਨ। ਡਾਕਟਰੀ ਦਾ ਕਿੱਤਾ ਬੜੀ ਜੁੰਮੇਵਾਰੀ ਤੇ ਇਮਾਨਦਾਰੀ ਵਾਲ਼ਾ ਕਿੱਤਾ ਹੈ ਪ੍ਰੰਤੂ ਸਾਮਰਾਜੀਆਂ ਲੁਟੇਰਿਆਂ ਦੀ ਮੁਨਾਫ਼ੇ ਦੀ ਹੋੜ ਵਾਲ਼ੇ ਅਖੌਤੀ ਤਕਨੀਕੀ ਤੇ ਸਮਾਜਿਕ ਵਿਕਾਸ ਨੇ ਮਨੁੱਖ ਨੂੰ ਮਨੁੱਖ ਦੀ ਦਾਰੂ ਨਹੀਂ ਰਹਿਣ ਦਿੱਤਾ। ਸਾਮਰਾਜੀ ਮੰਡੀ ਸਭ ਨੂੰ ਚੁੰਧਿਆ ਦਿੱਤਾ ਹੈ। ਮਨੁੱਖ ਪੈਸੇ ਨੂੰ ਅਤੇ ਵੱਧ ਤੋਂ ਵੱਧ ਵਸਤਾਂ ਇਕੱਠੀਆਂ ਕਰਨ ਨੂੰ ਹੀ ਜੀਵਨ-ਸਫਲਾ ਸਮਝਣ ਲੱਗ ਗਿਆ ਹੈ। 'ਜੀਵਨ-ਸਫਲੇ' ਦੀ ਇਸ ਘਟੀਆ ਧਾਰਨਾ ਦਾ ਸ਼ਿਕਾਰ ਹੋਏ ਮਾਨਵੀ ਜੀਵ ਸ਼ੈਤਾਨ ਦੀ ਜੂਨੇ ਪੈ ਗਏ ਹਨ। ਇਹ ਸ਼ੈਤਾਨ ਕਿਤੇ ਮਰੀਜ਼ਾਂ ਦੇ ਗੁਰਦੇ ਕੱਢਦੇ ਫੜੇ ਜਾਂਦੇ ਹਨ, ਕਿਤੇ ਪੈਸੇ ਝਾੜਨ ਲਈ ਮਰੇ ਹੋਏ ਬੰਦਿਆਂ ਨੂੰ ਕਈ ਕਈ ਦਿਨ ਹਸਪਤਾਲ਼ਾਂ ਵਿੱਚ ਰੱਖੀ ਰੱਖਣ ਵਰਗੇ ਕਾਰਨਾਮੇ ਕਰ ਰਹੇ ਹਨ, ਕਿਤੇ ਕਮਿਸ਼ਨ ਦੇ ਲੋਭ 'ਚ ਬੇਲੋੜੇ ਟੈਸਟਾਂ ਰਾਹੀਂ ਗਰੀਬ ਲੋਕਾਂ ਦੀ ਲੁੱਟ ਕਰਦੇ ਵੇਖੇ ਜਾਂਦੇ ਹਨ, ਕਿਤੇ ਬਿਨਾ ਬਿਮਾਰੀ ਤੋਂ ਮਰੀਜ਼ ਫਸਾਉਣ ਦੀਆਂ ਕਰਤੂਤਾਂ ਕਰਦੇ ਮਿਲਦੇ ਹਨ ਅਤੇ ਕੌਡੀਆਂ ਦੇ ਭਾਅ ਵਾਲ਼ੀਆਂ ਦਵਾਈਆਂ ਅੰਤਾਂ ਦੇ ਮਹਿੰਗੇ ਭਾਅ ਵੇਚਦੇ ਤਾਂ ਜਿੱਥੇ ਮਰਜ਼ੀ ਫੜ ਲਓ.....ਬੁਸ਼ਹਿਰਾ ਪਿੰਡ ਦੇ ਕਿਸਾਨ ਆਗੂ ਰਾਮਫਲ਼ ਸਿੰਘ ਨੇ ਪੱਤਰਕਾਰ ਨਾਲ਼ ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਦੋਸ਼ੀ ਡਾਕਟਰਨੀ ਦੀ ਇਸ ਕਾਲ਼ੀ ਕਰਤੂਤ ਦੀ ਸਖਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਪ੍ਰਸ਼ਾਸ਼ਨ ਆਪਣੀ ਪੀੜਤ ਪਰਿਵਾਰ ਨਾਲ਼ ਨਿਆਂ ਨਹੀਂ ਕਰ ਰਿਹਾ। ਡਾਕਟਰਨੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਪਰਿਵਾਰ ਨੂੰ ਉੱਚਿਤ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਡਾਕਟਰਨੀ ਦਾ ਲਾਇਸੰਸ ਰੱਦ ਕਰ ਕੇ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ। ਇਸ ਅਨਿਆਂ ਦੇ ਵਿਰੁੱਧ ਜੱਥੇਬੰਦੀਆਂ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਨੂੰ ਪੀੜਤ ਪਰਿਵਾਰ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ।
No comments:
Post a Comment