ਆਰ.ਐਸ.ਐਸ.-ਭਾਜਪਾ ਦੇ ਪਰਦੇਫਾਸ਼ ਕਰਦੀ
ਆਯੂਬ ਰਾਣਾ ਦੀ ਗੁਜਰਾਤ ਫਾਈਲਜ਼
-ਚੇਤਨ
ਪ੍ਰਸਿੱਧ ਖੋਜੀ ਪੱਤਰਕਾਰ ਰਾਣਾ ਆਯੂਬ ਅੱਜ ਕੱਲ• ਆਪਣੀ ਮਈ ਮਹੀਨੇ ਦੇ ਅਖੀਰ ਵਿੱਚ ਰਿਲੀਜ਼ ਹੋਈ ਕਿਤਾਬ ''ਗੁਜਰਾਤ ਫਾਈਲਜ਼ ਅਨਾਟਮੀ ਆਫ ਏ ਕਵਰਅੱਪ'' (ਗੁਜਰਾਤ ਫਾਈਲਾਂ ਲਿੱਪਾਪੋਚੀ ਦਾ ਪਰਦਾਫਾਸ਼ ਕਰਦੀ ਰਚਨਾ) ਨੂੰ ਲੈ ਕੇ ਚਰਚਾ ਵਿੱਚ ਹੈ। ਵਰਣਯੋਗ ਹੈ ਕਿ ਰਾਣਾ ਆਯੂਬ ਤਹਿਲਕਾ ਦੀ ਪੱਤਰਕਾਰੀ ਕਰਦਿਆਂ ਗੁਜਰਾਤ ਵਿੱਚ ਹੋਏ ਝੂਠੇ ਪੁਲਸ ਮੁਕਾਬਲਿਆਂ ਬਾਰੇ ਬੇਧੜਕ ਹੋ ਕੇ ਲਿਖਦੀ ਰਹੀ ਹੈ, ਜਿਸਦੇ ਆਧਾਰ 'ਤੇ ਅਮਿਤਸ਼ਾਹ ਉਸ ਵੇਲੇ ਦਾ ਗੁਜਰਾਤ ਦਾ ਗ੍ਰਹਿ ਮੰਤਰੀ ਸੀਖਾਂ ਪਿੱਛੇ ਬੰਦ ਵੀ ਰਿਹਾ ਅਤੇ ਤਿੰਨ ਮਹੀਨਿਆਂ ਪਿੱਛੋਂ ਜਮਾਨਤ ਇਸ ਆਧਾਰ 'ਤੇ ਮਿਲੀ ਕਿ ਉਹ ਗੁਜਰਾਤ ਤੋਂ ਬਾਹਰ ਹੀ ਰਹੇਗਾ। ਰਾਣਾ ਆਯੂਬ ਨੇ ਤਹਿਲਕਾ ਦੇ ਸੰਪਾਦਕਾਂ/ਸੰਚਾਲਕਾਂ ਦੀ ਅਗਵਾਈ ਨਾਲ ਗੁਜਰਾਤ ਵਿਚਲੇ 2002 ਦੇ ਕਤਲੇਆਮ ਅਤੇ ਝੂਠੇ ਪੁਲਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਲਈ 8 ਮਹੀਨੇ ਲੰਬਾ ਸਟਿੰਗ ਅਪ੍ਰੇਸ਼ਨ ਕੀਤਾ। ਆਪਣੇ ਆਪ ਨੂੰ ਲਾਸ ਏਜਲਜ਼ ਦੀ ਫਿਲਮ ਸੰਸਥਾ (ਅਮੈਰੀਕਨ ਫਿਲਮ ਇਨਸਟੀਚਿਊਟ ਕਨਜਰਵੇਟਰੀ) ਦੀ ਭਾਰਤੀ ਮੂਲ ਦੀ ਫਿਲਮਸਾਜ ਬਣਾ ਕੇ ਆਪਣਾ ਨਾਂ ਮੈਥਿਲੀ ਤਿਆਗੀ ਰੱਖ ਕੇ ਆਪਣੀ ਪਛਾਣ ਬਦਲ ਕੇ ਗੁਜਰਾਤ ਦੇ ਵਿਕਾਸ ਮਾਡਲ ਤੇ ਨਰਿੰਦਰ ਮੋਦੀ ਦੀ ਵਧ ਰਹੀ ਲੋਕਪ੍ਰਿਯਤਾ ਤੇ ਗੁਜਰਾਤ ਦੀਆਂ ਉੱਘੀਆਂ ਸਖਸ਼ੀਅਤਾਂ ਬਾਰੇ ਫਿਲਮ ਬਣਾਉਣ ਦੇ ਪਰਦੇ ਹੇਠ” ਜਿਵੇਂ ਉਹਨਾਂ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੇ ਮੂੰਹੋਂ ਸੱਚ ਬਾਹਰ ਉਗਲਵਾਉਂਦੀ ਹੈ, ਆਪਣੇ ਕੱਪੜੇ, ਘੜੀ ਡਾਇਰੀ ਆਦਿ ਵਿੱਚ ਲਗਾਏ ਕੈਮਰਿਆਂ ਨਾਲ ਜਿਵੇਂ ਖੂੰਖਾਰ, ਪੇਸ਼ੇਵਰ ਕਾਤਲਾਂ ਵਰਗੇ ਪੁਲਸ ਅਤੇ ਖੁਫੀਆ ਅਫਸਰਾਂ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ, ਇਸ ਖਾਤਰ ਜਿੰਨਾ ਖਤਰਾ ਮੁੱਲ ਲਿਆ ਹੈ, ਇਹ ਉਸਦੀ ਆਪਣੇ ਕਿੱਤੇ ਪ੍ਰਤੀ ਅਤੇ ਪੀੜਤ ਲੋਕਾਂ ਲਈ ਪ੍ਰਤੀਬੱਧਤਾ ਦੀ ਮਿਸਾਲ ਆਪ ਹੈ। ਸਿਰੇ ਦੀ ਗੱਲ ਕਿ ਜਿਸ ਤਹਿਲਕਾ ਅਦਾਰੇ ਨੇ ਇਹ ਅਪ੍ਰੇਸ਼ਨ ਕਰਵਾਇਆ ਅਤੇ ਉਸ ਨੂੰ ਲਗਾਤਾਰ ਉਸਦੀਆਂ ਪ੍ਰਾਪਤੀਆਂ 'ਤੇ ਹੱਲਾਸ਼ੇਰੀ ਦਿੰਦਾ ਰਿਹਾ, ਉਸ ਵੱਲੋਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਵਧਦੇ ਕਦਮ ਦੇਖ ਕੇ ਇਸ ਨੂੰ ਛਾਪਣ ਤੋਂ ਜੁਆਬ ਦੇ ਦਿੱਤਾ ਗਿਆ। ਸਮੁੱਚੇ ਪ੍ਰਕਾਸ਼ਕ ਵੀ ਮੂੰਹ ਫੇਰ ਗਏ। ਆਖਰ ਆਯੂਬ ਰਾਣਾ ਨੂੰ ਇਹ ਕਿਤਾਬ ਖੁਦ ਹੀ ਛਪਵਾਉਣੀ ਪਈ। ਬੇਸ਼ਰਮੀ ਦੀ ਹੱਦ ਉਦੋਂ ਹੋ ਗਈ ਜਦੋਂ ਸਮੁੱਚੀ ਇਲੈਕਟਰੋਨਿਕ ਮੀਡੀਆ ਤੇ ਕੌਮੀ ਪ੍ਰੈਸ ਵੀ ਚੁੱਪ ਧਾਰ ਗਏ। 'ਦਾ ਹਿੰਦੂ' ਅਤੇ 'ਇੰਡੀਅਨ ਐਕਸਪ੍ਰੈਸ' ਨੇ ਕੁੱਝ ਕਵਰੇਜ ਦਿੱਤੀ ਹੈ। ਇਹ ਕਿਤਾਬ ਉਸ ਹਕੀਕਤ ਨੂੰ ਉਜਾਗਰ ਕਰਦੀ ਹੈ, ਜਿਸ ਨੂੰ ਲੋਕ ਤਾਂ ਜਾਣਦੇ ਹਨ, ਪਰ ਸੱਤਾ 'ਤੇ ਕਾਬਜ਼ ਜੁੰਡਲੀ ਹਰ ਸੰਭਵ ਤਰੀਕੇ ਨਾਲ ਝੁਠਾ ਸਾਬਤ ਕਰਨ 'ਤੇ ਲੱਗੀ ਰਹੀ ਹੈ। 2002 ਦੇ ਦੰਗੇ (ਕਤਲੇਆਮ) ਸਮੇਂ ਗੁਜਰਾਤ ਦਾ ਗ੍ਰਹਿ ਸਕੱਤਰ ਰਿਹਾ ਅਸ਼ੌਕ ਨਰਾਇਣ ਦੱਸਦਾ ਹੈ ਕਿ ''ਉਹ (ਮੋਦੀ) ਕਦੇ ਕਾਗਜ਼ ਉੱਪਰ ਕੁੱਝ ਵੀ ਨਹੀਂ ਲਿਖਦੇ ਹਨ। ਉਹਨਾਂ ਕੋਲ ਆਪਣੇ ਲੋਕ ਹਨ, ਉਹਨਾਂ ਲੋਕਾਂ ਰਾਹੀਂ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੋਕਾਂ ਰਾਹੀਂ ਉਹਨਾਂ ਦੇ ਹੁਕਮ ਹੇਠਲੇ ਦਰਜ਼ੇ ਦੇ ਪੁਲਸ ਅਫਸਰਾਂ ਤੱਕ ਪੁਜੱਦੇ ਰਹੇ ਹਨ। (ਪੰਨਾ-86) ''ਉਂਝ ਵੀ ਉਹ ਸਾਹਮਣੇ ਨਹੀਂ ਆਉਂਦੇ, ਉਹ ਐਨੇ ਚਲਾਕ ਹਨ ਅਤੇ ਫੋਨ 'ਤੇ ਐਨੀ ਚਤੁਰਾਈ ਨਾਲ ਗੱਲ ਕਰਦੇ ਹਨ, ਉਹ ਅਫਸਰਾਂ ਨੂੰ ਫੋਨ ਕਰਕੇ ਕਹਿੰਦੇ ਹਨ, ''ਚੰਗਾ ਉਸ ਇਲਾਕੇ ਦਾ ਧਿਆਨ ਰੱਖਣਾ।'' ਆਮ ਬੰਦੇ ਲਈ ਇਸਦਾ ਅਰਥ ਇਹ ਨਿਕਲਦਾ ਹੈ। ਧਿਆਨ ਰੱਖਣਾ ਉਸ ਇਲਾਕੇ ਵਿੱਚ ਦੰਗਾ ਨਾ ਹੋ ਸਕੇ, ਪ੍ਰੰਤੂ ਇਸਦਾ ਹਕੀਕੀ ਅਰਥ ਇਹ ਹੁੰਦਾ ਹੈ ਕਿ 'ਧਿਆਨ ਰੱਖਣਾ ਉਸ ਇਲਾਕੇ ਵਿੱਚ ਦੰਗਾ ਕਰਵਾਉਣਾ ਹੈ।'... ਉਹ ਖੁਦ ਕੋਈ ਕੰਮ ਨਹੀਂ ਕਰਦੇ, ਇਸ ਲਈ ਉਹਨਾਂ ਦੇ ਏਜੰਟਾਂ ਦੀ ਇੱਕ ਲੜੀ ਹੈ। ਫਿਰ ਭੀੜ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਜਾਂਦਾ ਹੈ, ਹੁਣ ਤੁਸੀਂ ਭੀੜ ਨੂੰ ਕਿਵੇਂ ਗ੍ਰਿਫਤਾਰ ਕਰੋਗੇ?'' (ਸਫਾ-88) ਇਹ ਹਾਲਤ ਹੈ ਗ੍ਰਹਿ ਸਕੱਤਰ ਵਰਗੇ ਆਲਾ ਦਰਜ਼ੇ ਦੇ ਅਧਿਕਾਰੀ ਦੀ। ਸਾਧਾਰਨ ਅਫਸਰ ਦੀ ਔਕਾਤ ਹੀ ਕੀ ਹੈ। ਉਹ ਮੈਥਿਲੀ ਤਿਆਗੀ ਨੂੰ ਦੱਸਦਾ ਹੈ ''ਜਦੋਂ ਮੈਂ ਗ੍ਰਹਿ ਸਕੱਤਰ ਸਾਂ ਤਾਂ ਮੈਂ ਇਹ ਆਦੇਸ਼ ਦਿੱਤਾ ਸੀ ਕਿ ਲਿਖਤੀ ਆਦੇਸ਼ਾਂ ਤੋਂ ਬਿਨਾ ਕੋਈ ਵੀ ਕਦਮ ਨਹੀਂ ਚੁੱਕਿਆ ਜਾਵੇਗਾ। ਜਦੋਂ ਬੰਦ ਦਾ ਐਲਾਨ ਹੋਇਆ (27 ਫਰਵਰੀ 2002) ਤਾਂ ਮੁੱਖ ਸਕੱਤਰ ਸੁਬਾਰਾਓ ਨੇ ਮੈਨੂੰ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਤੋਗੜੀਆ ਰੈਲੀ ਕਰਨਾ ਚਾਹੁੰਦੇ ਹਨ ਅਤੇ ਮੇਰੀ ਰਾਇ ਜਾਨਣ ਦੀ ਕੋਸ਼ਿਸ਼ ਕੀਤੀ। ਮੈਂ ਅਜਿਹੀ ਕਿਸੇ ਵੀ ਰੈਲੀ ਦੀ ਆਗਿਆ ਨਾ ਦੇਣ ਦੀ ਗੱਲ ਕਹੀ ਕਿਉਂਕਿ ਇਸ ਨਾਲ ਹਾਲਤ ਕਾਬੂ ਤੋਂ ਬਾਹਰ ਹੋ ਜਾਣਗੇ। ਮੁੱਖ ਮੰਤਰੀ ਨੂੰ ਜਦ ਇਸਦਾ ਪਤਾ ਲੱਗਾ ਤਾਂ ਉਹਨਾਂ ਸੁਆਲ ਕੀਤਾ ਕਿ ਮੈਂ ਅਜਿਹਾ ਕਿਵੇਂ ਕਰ ਸਕਦਾ ਹਾਂ, ਆਗਿਆ ਤਾਂ ਦੇਣੀ ਹੀ ਪਵੇਗੀ। ਜਦੋਂ ਮੈਂ ਲਿਖਤੀ ਹੁਕਮ ਦੀ ਮੰਗ ਕੀਤੀ ਤਾਂ ਮੋਦੀ ਮੈਨੂੰ ਘੂਰਨ ਲੱਗੇ।''
ਆਪਣੀ ਜਮੀਰ ਦੀ ਆਵਾਜ਼ ਸੁਣਨ ਵਾਲਾ ਇੱਕ ਇਮਾਨਦਾਰ ਪੁਲਸ ਅਧਿਕਾਰੀ ਜਿਹੜਾ ਜਾਂਚ ਕਮਿਸ਼ਨ ਦੇ ਸਾਹਮਣੇ ਚੁੱਪ ਸੀ, ਰੁਖਸਤ ਜੀਵਨ ਵਿੱਚ ਪ੍ਰਵਾਸੀ ਫਿਲਮਕਾਰ ਦੇ ਸਾਹਮਣੇ ਬੋਲਣ ਲੱਗਦਾ ਹੈ। ਰਾਜਨ ਪ੍ਰਿਯਦਰਸ਼ੀ 2007 ਵਿੱਚ ਮੁਕਾਬਲਿਆਂ ਵਿੱਚ ਕੀਤੀਆਂ ਹੱਤਿਆਵਾਂ ਦੀ ਸੀ.ਆਈ.ਡੀ. ਜਾਂਚ ਵੇਲੇ ਏ.ਟੀ.ਐੱਸ. (ਐਂਟੀ ਟੈਰੋਰਿਸਟ ਸੁਕਵੈਡ) ਦਾ ਮੁਖੀ ਸੀ ਅਤੇ 2002 ਦੇ ਦੰਗਿਆਂ ਦੌਰਾਨ ਰਾਜਕੋਟ ਦਾ ਆਈ.ਜੀ. ਸੀ। ''ਉਹਨਾਂ ਨਾਲ ਉਹਨਾਂ ਦਾ ਦਲਿਤ ਹੋਣਾ ਹਮੇਸ਼ਾਂ ਜੁੜਿਆ ਰਿਹਾ, ਕਈ ਵਾਰ ਉਹਨਾਂ ਨੂੰ ਸੀਨੀਅਰਾਂ ਦੇ ਗੰਦੇ ਕੰਮ ਕਰਨ ਨੂੰ ਮਜਬੂਰ ਹੋਣਾ ਪਿਆ।''
? ਮੈਂ ਜਦੋਂ ਦੀ ਇੱਥੇ ਆਈ ਹਾਂ, ਹਰ ਕੋਈ ਸੁਹਰਾਬੂਦੀਨ ਮੁਕਾਬਲੇ ਦੀ ਗੱਲ ਕਰ ਰਿਹਾ ਹੈ।
-ਪੂਰਾ ਦੇਸ਼ ਇਸ ਮੁਕਾਬਲੇ ਦੀ ਗੱਲ ਕਰ ਰਿਹਾ ਹੈ। ਇਹਨਾਂ ਨੇ ਇੱਕ ਮੰਤਰੀ ਦੀ ਸ਼ਹਿ 'ਤੇ ਸੁਹਰਾਬੂਦੀਨ ਅਤੇ ਤੁਲਸੀ ਪਰਜਾਪਤੀ ਨੂੰ ਉਡਾ ਦਿੱਤਾ। ਇਹ ਮੰਤਰੀ ਅਮਿਤ ਸ਼ਾਹ ਹੈ, ਜੋ ਮਨੁੱਖੀ ਹੱਕਾਂ ਵਿੱਚ ਵਿਸ਼ਵਾਸ਼ ਨਹੀਂ ਕਰਦਾ। ਉਹ ਸਾਨੂੰ ਦੱਸਦਾ ਹੁੰਦਾ ਸੀ ਕਿ ਉਸਦਾ ਮਨੁੱਖੀ ਹਕੂਕ ਕਮਿਸ਼ਨਾਂ ਵਿੱਚ ਕੋਈ ਭਰੋਸਾ ਨਹੀਂ ਹੈ।
? ਤੁਸੀਂ ਕਦੇ ਉਹਨਾਂ ਦੇ ਮਾਤਹਿਤ ਕੰਮ ਨਹੀਂ ਕੀਤਾ?
-''ਕੀਤਾ ਹੈ, ਜਦ ਮੈਂ, ਏ.ਟੀ.ਐੱਸ. ਦਾ ਮੁਖੀ ਸੀ..... ਮੈਂ ਤਾਂ ਮਨੁੱਖੀ ਹੱਕਾਂ ਵਿੱਚ ਭਰੋਸਾ ਰੱਖਦਾ ਹਾਂ। ਇਸ ਸ਼ਾਹ ਨੇ ਇੱਕ ਵਾਰ ਮੈਨੂੰ ਆਪਣੇ ਬੰਗਲੇ ਵਿੱਚ ਸੱਦਿਆ। ਮੈਂ ਤਾਂ ਅੱਜ ਤੱਕ ਨਾ ਕਿਸੇ ਦੇ ਬੰਗਲੇ ਵਿੱਚ ਗਿਆ ਹਾਂ ਨਾ ਘਰ ਜਾਂ ਦਫਤਰ ਵਿੱਚ। ਮੈਂ ਕਿਹਾ ਕਿ ਸਰ ਮੈਂ ਤੁਹਾਡਾ ਬੰਗਲਾ ਨਹੀਂ ਦੇਖਿਆ। ਉਹ ਖਿਝ ਗਿਆ, ਬੋਲਿਆ, ਮੈਂ ਉਸਦਾ ਬੰਗਲਾ ਕਿਉਂ ਨਹੀਂ ਦੇਖਿਆ? ਫਿਰ ਉਸਨੇ ਕਿਹਾ ਕਿ ਉਹ ਮੈਨੂੰ ਲੈਣ ਲਈ ਆਪਣੀ ਨਿੱਜੀ ਗੱਡੀ ਭੇਜ ਦੇਵੇਗਾ... ਮੇਰੇ ਪਹੁੰਚਦੇ ਹੀ, ਉਹ ਬੋਲਿਆ, ''ਅੱਛਾ ਤੁਸੀਂ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਨਾ, ਜੋ ਹੁਣੇ ਏ.ਟੀ.ਐਸ. ਵਿੱਚ ਆਇਆ ਹੈ, ਉਸ ਨੂੰ ਪਾਰ ਬੁਲਾਉਣਾ ਹੈ।'' ਮੈਂ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਤਦ ਉਹ ਬੋਲਿਆ, ''ਦੇਖੋ ਮਰਵਾ ਦਿਓ ਉਸ ਨੂੰ, ਅਜਿਹੇ ਆਦਮੀ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ।''
ਮੈਂ ਤੁਰੰਤ ਆਪਣੇ ਦਫਤਰ ਵਾਪਸ ਪਰਤਿਆ ਅਤੇ ਆਪਣੇ ਮਾਤਹਿਤਾਂ ਦੀ ਮੀਟਿੰਗ ਬੁਲਾਈ। ਮੈਨੂੰ ਡਰ ਸੀ ਕਿ ਅਮਿਤ ਸ਼ਾਹ ਉਹਨਾਂ ਨੂੰ ਸਿੱਧਾ ਹੁਕਮ ਦੇ ਕੇ ਮਰਵਾ ਸਕਦਾ ਸੀ। ਮੈਂ ਉਹਨਾਂ ਨੂੰ ਕਿਹਾ, ''ਦੇਖੋ, ਮੈਨੂੰ ਉਸਨੂੰ ਮਾਰਨ ਦਾ ਹੁਕਮ ਮਿਲਿਆ ਹੈ, ਪਰ ਕੋਈ ਉਸਨੂੰ ਹੱਥ ਵੀ ਨਹੀਂ ਲਾਵੇਗਾ, ਸਿਰਫ ਪੁੱਛ-ਗਿੱਛ ਕਰਨੀ ਹੈ। ਮੈਨੂੰ ਕਿਹਾ ਗਿਆ ਹੈ ਕਿਉਂਕਿ ਮੈਂ ਅਜਿਹਾ ਨਹੀਂ ਕਰ ਰਿਹਾ, ਇਸ ਲਈ ਕੋਈ ਵੀ ਨਹੀਂ ਕਰੇਗਾ।''
? ਇਹ ਤਾਂ ਬਹੁਤ ਹਿੰਮਤ ਦੀ ਗੱਲ ਸੀ।
-ਇਸ ਨਰਿੰਦਰ ਮੋਦੀ ਨੇ ਉਸ ਦਿਨ ਮੈਨੂੰ ਬੁਲਾਇਆ ਜਿਸ ਦਿਨ ਮੈਂ ਰਿਟਾਇਰ ਹੋ ਰਿਹਾ ਸੀ.... ਅਜਿਹੇ ਹੀ ਕਈ ਸੁਆਲ ਪੁੱਛੇ। ਫਿਰ ਬੋਲਿਆ ਅੱਛਾ ਇਹ ਦੱਸੋ ਸਰਕਾਰ ਦੇ ਖਿਲਾਫ ਕੌਣ ਕੌਣ ਹਨ ਯਾਨੀ ਕਿ ਕਿੰਨੇ ਅਫਸਰ ਸਰਕਾਰ ਦੇ ਖਿਲਾਫ ਹਨ?
? ਤੁਹਾਡੇ ਰਾਜ ਵਿੱਚ ਕੋਈ ਡੀ.ਜੀ. ਕਿਉਂ ਹੈ?
-''ਕਿਉਂਕਿ ਮੋਦੀ ਨੇ ਕੁਲਦੀਪ ਸ਼ਰਮਾ ਨਾਮੀ ਅਫਸਰ ਤੋਂ ਬਦਲਾ ਲੈਣਾ ਸੀ।''
? ਮੈਨੂੰ ਪਤਾ ਲੱਗਿਆ ਹੈ ਕਿ ਉਹਨਾਂ ਦੀ ਅਫਸਰਾਂ ਦੀ ਇੱਕ ਆਪਣੀ ਟੀਮ ਵੀ ਹੈ?
-ਮੈਂ ਜਦ ਜੂਨਾਗੜ• ਦਾ ਆਈ.ਜੀ. ਸੀ ਤਾਂ ਉਸ ਸਮੇਂ ਉੱਥੇ ਇੱਕ ਦੰਗਾ ਹੋਇਆ। ਮੈਂ ਕੁੱਝ ਲੋਕਾਂ ਖਿਲਾਫ ਇੱਕ ਐਫ.ਆਈ.ਆਰ. ਦਰਜ਼ ਕੀਤੀ ਸੀ। ਗ੍ਰਹਿ ਮੰਤਰੀ ਨੇ ਮੈਨੂੰ ਫੋਨ ਕਰਕੇ ਪੁੱਛਿਆ ''ਰਾਜਨ ਜੀ ਕਿੱਥੇ ਹੋ ਤੁਸੀਂ?'' ਮੈਂ ਜੁਆਬ ਦਿੱਤਾ ''ਸਰ ਮੈਂ ਜੂਨਾਗੜ• ਵਿੱਚ ਹਾਂ।'' ਫਿਰ ਉਹਨਾਂ ਕਿਹਾ ''ਅੱਛਾ ਤਿੰਨ ਨਾਮ ਲਿਖੋ, ਤੁਸੀਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਨਾ ਹੈ। ਮੈਂ ਕਿਹਾ, ''ਸਰ ਇਹ ਤਿੰਨੇ ਇਸ ਵਕਤ ਮੇਰੇ ਕੋਲ ਹੀ ਬੈਠੇ ਹਨ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਮੁਸਲਿਮ ਹਨ ਅਤੇ ਇਹਨਾਂ ਕਰਕੇ ਹੀ ਹਾਲਤ ਠੀਕ ਹੋਏ ਹਨ। ਇਹਨਾਂ ਲੋਕਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕਜੁੱਟ ਕੀਤਾ ਤੇ ਦੰਗਾ ਖਤਮ ਕਰਵਾਇਆ ਹੈ। ਉਹ ਬੋਲੇ, ''ਦੇਖੋ, ਇਹ ਸੀ.ਐਮ. ਸਾਹਿਬ ਨੇ ਕਿਹਾ ਹੈ।'' ਉਸ ਵੇਲੇ ਇਹ ਨਰਿੰਦਰ ਮੋਦੀ ਹੀ ਮੁੱਖ ਮੰਤਰੀ ਸੀ। ਉਹਨਾਂ ਨੇ ਕਿਹਾ ਕਿ ਇਹ ਸੀ.ਐਮ. ਦਾ ਹੁਕਮ ਹੈ। ਮੈਂ ਜੁਆਬ ਦਿੱਤਾ, ''ਸਰ ਮੁੱਖ ਮੰਤਰੀ ਦਾ ਹੁਕਮ ਹੋਣ ਦੇ ਬਾਵਜੂਦ ਮੈਂ ਅਜਿਹਾ ਨਹੀਂ ਕਰ ਸਕਦਾ, ਕਿਉਂਕਿ ਇਹ ਤਿੰਨੇ ਨਿਰਦੋਸ਼ ਹਨ।''
? ਫੋਨ ਉੱਪਰ ਕੌਣ ਸੀ?
-ਗ੍ਰਹਿ ਮੰਤਰੀ ਗੋਰਧਨ ਜਫੜੀਆ।
? ਕਦੋਂ ਦੀ ਗੱਲ ਹੈ?
-ਜੁਲਾਈ 2002 ਦੇ ਨੇੜੇ-ਤੇੜ ਦੀ। ਫਿਰ ਜਫੜੀਆ ਨੇ ਕਿਹਾ ਸੀ ਕਿ ਉਹ ਖੁਦ ਉੱਥੇ ਆਉਣਗੇ।
? ਅਮਿਤ ਸ਼ਾਹ ਨੇ ਜਿਸ ਵਿਅਕਤੀ ਨੂੰ ਉਡਾਉਣ ਬਾਰੇ ਤੁਹਾਨੂੰ ਕਿਹਾ ਕੀ ਉਹ ਮੁਸਲਮਾਨ ਸੀ?
-ਉਹ ਉਸ ਨੂੰ ਇਸ ਲਈ ਲਾਂਭੇ ਕਰਨਾ ਚਾਹੁੰਦੇ ਸਨ ਕਿ ਬਿਜਨੈੱਸ ਲਈ ਕੋਈ ਦਬਾਅ ਸੀ।
? ਮੈਨੂੰ ਪਤਾ ਲੱਗਿਆ ਹੈ ਕਿ ਕੁੱਝ ਅਫਸਰਾਂ 'ਤੇ ਜਬਰੀ ਇਸ਼ਰਤ ਜਹਾਂ ਦਾ ਮੁਕਾਬਲਾ ਕਰਵਾਇਆ ਗਿਆ?
-ਦੇਖੋ ਇਹ ਗੱਲ ਤੁਹਾਡੇ ਅਤੇ ਮੇਰੇ ਵਿੱਚ ਹੈ। ਇਹਨਾਂ ਲੋਕਾਂ ਨੇ.. ਯਾਨੀ ਬਣਜਾਰਾ-ਗੈਂਗ ਨੇ ਪੰਜਾ ਸਰਦਾਰਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਵਿੱਚੋਂ ਇੱਕ ਸਿਪਾਹੀ ਵੀ ਸੀ। ਬਣਜਾਰਾ ਦਾ ਕਹਿਣਾ ਸੀ ਕਿ ਇਹ ਸਭ ਅੱਤਵਾਦੀ ਹਨ ਤੇ ਇਹਨਾਂ ਦਾ ਮੁਕਾਬਲਾ ਬਣਾ ਦੇਣਾ ਚਾਹੀਦਾ ਹੈ। ਉਹਨਾਂ ਦੀ ਚੰਗੀ ਕਿਸਮਤ ਕਿ ਪਾਂਡਿਆ ਉਸ ਵੇਲੇ ਐਸ.ਪੀ. ਸੀ। ਉਸਨੇ ਨਾਂਹ ਕਰ ਦਿੱਤੀ ਅਤੇ ਉਹ ਪੰਜੇ ਬਚ ਗਏ।
? ਯਾਨੀ ਕਿ ਸਾਰੇ ਪੁਲਸ ਅਧਿਕਾਰੀ ਮੁਸਲਿਮ ਵਿਰੋਧੀ ਨਹੀਂ ਹਨ?
-ਨਹੀਂ, ਉਹ ਨੇਤਾਵਾਂ ਦੇ ਇਸ਼ਾਰੇ 'ਤੇ ਅਜਿਹਾ ਕਰਦੇ ਹਨ। ਜੋ ਉਹਨਾਂ ਦੀ ਗੱਲ ਨਹੀਂ ਮੰਨਦੇ, ਉਹਨਾਂ ਨੂੰ ਕਿਤੇ ਦੂਰ ਵਗਾਹ ਮਾਰਦੇ ਹਨ।
ਇਹ ਸਰਕਾਰ ਭ੍ਰਿਸ਼ਟ ਅਤੇ ਫਿਰਕਾਪ੍ਰਸਤ ਹੈ। ਇਸ ਅਮਿਤ ਸ਼ਾਹ ਦੀ ਹੀ ਗੱਲ ਕਰ ਲਓ ਮੇਰੇ ਕੋਲ ਆ ਕੇ ਸ਼ੇਖੀ ਮਾਰਦਾ ਸੀ ਕਿ 1985 ਵਿੱਚ ਉਸਨੇ ਕਿਵੇਂ ਕਿਵੇਂ ਦੰਗੇ ਭੜਕਾਏ ਸਨ। ਉਹ ਹਰ ਵੱਡੇ ਅਧਿਕਾਰੀ ਨੂੰ ਆਪਣੇ ਕੋਲ ਬੁਲਾ ਕੇ ਦਰਬਾਰ ਲਾਉਣ ਦਾ ਸ਼ੌਕੀਨ ਸੀ।
? ਪ੍ਰੰਤੂ ਬਹੁਤ ਹੈਰਾਨੀ ਹੁੰਦੀ ਹੈ ਕਿ ਉਸਨੇ ਇਹ ਸਭ ਕੁੱਝ ਤੁਹਾਨੂੰ ਦੱਸਿਆ?
-ਉਸਨੂੰ ਮੇਰੇ ਉੱਪਰ ਭਰੋਸਾ ਸੀ। ਦਰਅਸਲ ਉਸੇ ਨੇ ਮੈਨੂੰ ਇਸ਼ਰਤ ਦੇ ਮਾਮਲੇ ਬਾਰੇ ਦਿੱਸਿਆ ਸੀ। ਉਸਨੇ ਦੱਸਿਆ ਕਿ ਮਾਰਨ ਤੋਂ ਪਹਿਲਾਂ ਇਸ਼ਰਤ ਨੂੰ ਹਿਰਾਸਤ ਵਿੱਚ ਰੱਖਿਆ ਸੀ ਅਤੇ ਉਹਨਾਂ ਪੰਜਾਂ ਨੂੰ ਮਾਰ ਦਿੱਤਾ ਗਿਆ, ਮੁਕਾਬਲੇ ਦੀ ਗੱਲ ਪੂਰੀ ਤਰ•ਾਂ ਬਕਵਾਸ ਹੈ। ਉਸਨੇ ਦੱਸਿਆ ਸੀ ਕਿ ਉਹ ਅੱਤਵਾਦੀ ਨਹੀਂ ਸੀ।
? ਹੈਰਾਨੀ ਹੈ ਕਿ ਏ.ਟੀ.ਐਸ. ਵਰਗੀ ਅਹਿਮ ਏਜੰਸੀ ਦੇ ਮੁਖੀ ਦੇ ਅਹੁਦੇ 'ਤੇ ਰਹਿਣ ਦਿੱਤਾ।
-ਉਸ ਸਮੇਂ ਤੱਕ ਉਹ ਮੈਨੂੰ ਵੀ ਆਪਣਾ ਆਦਮੀ ਸਮਝਦੇ ਸਨ, ਸੋਚਦੇ ਸਨ ਕਿ ਜੋ ਉਹ ਕਹਿਣਗੇ, ਮੈਂ ਉਹ ਹੀ ਕਰਾਂਗਾ। ਪੀ.ਸੀ. ਪਾਂਡੇ ਨੇ ਦੰਗਾਕਾਰੀਆਂ ਦੇ ਖਿਲਾਫ ਕੋਈ ਕਰਵਾਈ ਨਹੀਂ ਕੀਤੀ, ਦਰਅਸਲ ਮੁਸਲਮਾਨਾਂ ਦੇ ਕਤਲੇਆਮ ਲਈ ਉਹੀ ਜਿੰਮੇਵਾਰ ਹੈ। ਉਹ ਮੁੱਖ ਮੰਤਰੀ ਦਾ ਚਹੇਤਾ ਹੈ।
ਮੈਥਿਲੀ ਤਿਆਗੀ ਵਰਨਣ ਕਰਦੀ ਹੈ ਕਿ 2002 ਦੇ ਗੋਧਰਾ ਕਾਂਡ ਦਾ ਆਯੋਜਨ ਕਰਨ ਤੋਂ ਭਿਆਨਕ ਕਤਲੇਆਮ ਉਪਰੰਤ ਨਰਿੰਦਰ ਮੋਦੀ ਨੂੰ ਇਸ ਤਰ•ਾਂ ਪੇਸ਼ ਕੀਤਾ ਜਾ ਰਿਹਾ ਸੀ ਜਿਵੇਂ ਉਸਨੇ ਗੁਜਰਾਤ ਅਤੇ ਅਣਖ ਅਤੇ ਇੱਜਤ ਨੂੰ ਮੁਸਲਮਾਨਾਂ ਤੋਂ ਬਚਾ ਲਿਆ ਸੀ। ਜਾਂਚ ਕਮਿਸ਼ਨਾਂ ਵੱਲੋਂ ਸਖਤ ਟਿੱਪਣੀਆਂ, ਕਠੋਰ ਲਫਜ਼ਾਂ ਦੇ ਇਸਤੇਮਾਲ ਕਰਨ ਦੇ ਬਾਵਜੂਦ ਕੁੱਝ ਪਿਆਦਿਆਂ ਦੀ ਬਲੀ ਦੇ ਕੇ ਸਾਰੇ ਪ੍ਰਮੁੱਖ ਕਿਰਦਾਰ ਅਹੁਦਿਆਂ 'ਤੇ ਸਜੇ ਰਹੇ ਸ਼ਾਇਦ ਇਸੇ ਤੋਂ ਉਤਸ਼ਾਹਿਤ ਹੋ ਕੇ ਗੁਜਰਾਤ ਵਿੱਚ ਝੂਠੇ ਮੁਕਾਬਲਿਆਂ ਦੀ ਝੜੀ ਲੱਗ ਗਈ। (ਪੰਨਾ-33)
ਤਹਿਲਕਾ ਦੀ ਇੱਕ ਪੁਰਾਣੀ ਰਿਪੋਰਟ ਦੇ ਹਵਾਲੇ ਨਾਲ ਮੈਥਿਲੀ ਤਿਆਗੀ ਦੱਸਦੀ ਹੈ ਕਿ ਸੁਹਰਾਬੂਦੀਨ ਕਤਲ ਤੋਂ ਪਹਿਲਾਂ ਸ਼ਾਹ ਦਾ ਜਾਣਕਾਰ/ਵਾਕਫ਼ ਸੀ, ਜਿਸ ਨੂੰ ਅੱਤਵਾਦੀ ਕਹਿ ਕੇ ਉਡਾ ਦਿੱਤਾ ਗਿਆ। ਇਸ ਮੁਕਾਬਲੇ ਦੇ ਇੱਕ ਹੀਰੋ ਗਿਰੀਸ ਸਿੰਘਲ ਨੂੰ ਪਛਤਾਵਾ ਹੈ। ਦੇਖੋ ਉਹ ਕੀ ਕਹਿੰਦਾ ਹੇ, ''ਫਰਜ਼ੀ ਮੁਕਾਬਲਿਆਂ ਵਿੱਚ ਸ਼ਾਮਲ ਜ਼ਿਆਦਾਤਰ ਅਫਸਰ ਛੋਟੀਆਂ ਜਾਤਾਂ ਦੇ ਹਨ। ਸਿਆਸਤਦਾਨਾਂ ਨੇ ਬਹੁਤਿਆਂ ਦਾ ਇਸਤੇਮਾਲ ਕਰਕੇ ਵਗਾਹ ਮਾਰਿਆ।'' (ਸਫਾ-42) ਉਹ 10 ਮੁਕਾਬਲੇ ਬਣਾਉਣ ਦੀ ਗੱਲ ਸਵੀਕਰ ਕਰਦਾ ਹੈ। ਇਹ ਗੱਲਬਾਤ ਬਹੁਤ ਦਿਲਚਸਪ ਹੈ ਜਿਸ ਵਿੱਚ ਉਹ ਦਲਿਤ ਵਿਤਕਰੇ ਦੀ ਚਰਚਾ ਵਿਸਥਾਰ ਵਿੱਚ ਕਰਦਾ ਹੈ। ਸਿੰਘਲ ਉਸੇ ਹੀ ਪੌੜੀ ਦਾ ਡੰਡਾ ਹੈ, ਜਿਸ ਉੱਪਰ ਪੈਰ ਰੱਖਦੇ ਸਿਆਸਤਦਾਨ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਤਿਆਰ ਰਹਿੰਦੇ ਹਨ।
ਅਸ਼ੋਕ ਨਰਾਇਣ ਤੇ ਰਾਜਨ ਪ੍ਰਿਯਦਰਸ਼ੀ ਦੇ ਵਿਸਥਾਰੀ ਬਿਆਨ ਕੋਈ ਸ਼ੱਕ ਨਹੀਂ ਰਹਿਣ ਦਿੰਦੇ ਕਿ ਝੂਠੇ ਮੁਕਾਬਲੇ ਅਮਿਤ ਸ਼ਾਹ ਦੇ ਹੁਕਮਾਂ 'ਤੇ ਹੀ ਹੋਏ। ਇੱਕ ਇਮਾਨਦਾਰ ਅਫਸਰ ਜੀ.ਸੀ. ਰੈਂਗਰ ਨੂੰ ਜਦੋਂ ਸੁਹਰਾਬੀਦੀਨ ਮੁਕਾਬਲੇ ਦਾ ਮਾਮਲਾ ਸੌਂਪਿਆ ਗਿਆ ਤਾਂ ਅਮਿਤ ਸ਼ਾਹ ਦੇ ਦਬਾਅ ਵਿੱਚ ਕੰਮ ਕਰਨਾ ਦੀ ਥਾਂ ਉਸਨੇ ਆਪਣਾ ਤਬਾਦਲਾ ਕਰਵਾ ਲਿਆ। ਜੇਲ• ਬੰਦ ਮਾਇਆ ਕੋਡਨਾਨੀ (ਨਰੋਦਾ ਪਾਟੀਆ ਦੀ ਖਲਨਾਇਕਾ) ਵੀ ਇਹ ਹੀ ਵਿਰਲਾਪ ਕਰਦੀ ਹੈ। ਸਿੰਘਲ ਦਾ ਇਸਤੇਮਾਲ ਕਰਕੇ ਵਗਾਹ ਮਾਰਨ ਦਾ ਰੋਣਾ ਰੋਂਦੀ ਹੈ ਤੇ ਓਸ਼ੋ ਦੀਆਂ ਕਿਤਾਬਾਂ ਪੜ•ਦੀ ਹੈ।
ਮੈਥਿਲੀ ਤਿਆਗੀ (ਰਾਣਾ ਆਯੂਬ) ਨੇ ਬਹੁਤ ਵਿਸਥਾਰੀ ਮੁਲਾਕਾਤਾਂ ਕਰਕੇ ਜਿੱਥੇ ਸਬੰਧਤ ਮਾਮਲਿਆਂ ਦੀ ਤਹਿ ਤੱਕ ਜਾਣ ਦਾ ਹਰ ਸੰਭਵ ਯਤਨ ਕੀਤਾ ਹੈ, ਉੱਥੇ ਲੋਕ ਚੇਤਨਾ 'ਤੇ ਸੁਆਲ ਕੀਤਾ ਹੈ ਕਿ ਹਿੰਦੁਸਤਾਨੀ ਲੋਕ ਭੇੜੀਆ ਨੂੰ ਭਗਵਾਨ ਕਿਵੇਂ ਬਣਾ ਦਿੰਦੇ ਹਨ। 2002 ਦੇ ਮੁਸਲਿਮ ਕਤਲੇਆਮ ਤੋਂ ਬਾਅਦ ਜੋ ਸਾਮਰਾਜੀ ਮੁਲਕ ਨਰਿੰਦਰ ਮੋਦੀ ਨੂੰ ਮਨੁੱਖੀ ਹੱਕਾਂ ਦਾ ਕਾਤਲ ਦੱਸ ਕੇ ਚਿਮਟੇ ਨਾਲ ਛੂਹਣ ਲਈ ਤਿਆਰ ਨਹੀਂ ਹੁੰਦੇ ਸੀ। ਆਪਣੇ ਮੁਲਕਾਂ ਵਿੱਚ ਮੋਦੀ ਦੇ ਆਉਣ ਨਾਲ ਉਹਨਾਂ ਨੂੰ ਬਦਬੂ ਆਉਂਦੀ ਸੀ। ਉਹੀ ਮੋਦੀ ਜਦੋਂ ਆਪਣੇ ਗੁਜਰਾਤ ਮਾਡਲ ਨਾਲ ਅਖੌਤੀ ਵਿਕਾਸ ਦੀ ਛਵੀ ਸਿਰਜ ਕੇ ਸੋਨੀਆ-ਮਨਮੋਹਨ ਸਿੰਘ ਦੇ ਮੁਕਾਬਲੇ ਆਪਣੇ ਆਪ ਨੂੰ ਸਾਮਰਾਜੀ ਨੀਤੀਆਂ ਲਾਗੂ ਕਰਨ ਵਿੱਚ ਵੱਧ ਕਾਰਗਰ ਹੋਣ ਦਾ ਵਿਖਾਵਾ ਕਰਦਾ ਹੈ ਤਾਂ ਉਸ ਨੂੰ ਹਿੰਦੁਸਤਾਨ ਦੀ ਵਾਗਡੋਰ ਸੰਭਾਲਣ ਲਈ ਉਹੋ ਸਾਮਰਾਜੀਏ ਤਾਣ ਲਾ ਦਿੰਦੇ ਹਨ। ਰਾਣਾ ਆਯੂਬ ਦੀ ਗੁਜਰਾਤ ਫਾਈਲਜ਼ ਫਿਰਕੂ ਫਾਸ਼ੀ ਸਿਆਸਤਦਾਨਾਂ ਤੇ ਰਾਜਭਾਗ ਦੇ ਘੱਟ ਗਿਣਤੀ ਭਾਈਚਾਰਿਆਂ ਅਤੇ ਦਲਿਤ ਲੋਕਾਂ ਵਿਰੋਧੀ ਖਾਸੇ ਨੂੰ ਬੇਪੜਦ ਕਰਨ ਵਾਲੀ ਮਹੱਤਵਪੂਰਨ ਤੇ ਕਾਰਗਰ ਰਚਨਾ ਹੈ। ਸੋ ਇਹ ਦਸਤਾਵੇਜੀ ਰੂਪ ਵਿੱਚ ਸਥਾਪਤ ਕਰਦੀ ਹੈ ਕਿ ਕੋਈ ਵੀ ਦੰਗਾ-ਫਸਾਦ ਗੈਰ-ਸਿਆਸੀ ਨਹੀਂ ਹੁੰਦਾ ਅਤੇ ਨਾ ਹੀ ਗੈਰ-ਜਥੇਬੰਦ ਤੇ ਨਾ ਹੀ ਸਰਕਾਰ ਦੀ ਮਿਲੀਭੁਗਤ ਬਿਨਾ ਲੰਬਾ ਸਮਾਂ ਚੱਲ ਸਕਦਾ ਹੈ।
No comments:
Post a Comment