Thursday, 27 October 2016

ਇਸਰਾਈਲ ਵਾਂਗ ਸਰਜੀਕਲ ਹਮਲਾ


ਇਸਰਾਈਲ ਵਾਂਗ ਸਰਜੀਕਲ ਹਮਲਾ ਕਰਨ ਦੇ ਹੋਛੇ ਦਮਗਜ਼ੇ
ਫਿਰਕੂ ਫਾਸ਼ੀ ਜ਼ਮੀਰ ਮੂੰਹ ਚੜ• ਬੋਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਕਸਬੇ ਵਿੱਚ ਭਾਜਪਾ ਦੀ ਅਖੌਤੀ ਪਰਿਵਰਤਨ ਰੈਲੀ ਵਿੱਚ ਭਾਸ਼ਣ ਕਰਦਿਆਂ ਪਾਕਿਸਤਾਨੀ ਕਬਜ਼ੇ ਹੇਠਲੇ ਕਸਮੀਰ ਵਿੱਚ ਭਾਰਤੀ ਫੌਜ ਦੇ ''ਸਰਜੀਕਲ ਹਮਲਿਆਂ'' ਦਾ ਹੁੱਬ ਹੁੱਬ ਕੇ ਪੜੁੱਲ ਹੀ ਨਹੀਂ ਬੰਨਿ•ਆ ਗਿਆ, ਸਗੋਂ ਆਪਣੇ ਫਿਰਕੂ ਫਾਸ਼ੀ ਮਨਸੂਬਿਆਂ ਨੂੰ ਜੁਬਾਨ 'ਤੇ ਲਿਆਉਂਦਿਆਂ ਕਿਹਾ ਗਿਆ ਕਿ ''ਪਹਿਲਾਂ ਅਸੀਂ ਸੁਣਦੇ ਸੀ ਕਿ ਇਸਰਾਇਲ ਨੇ ਇਹ ਕੀਤਾ ਹੈ। ਦੇਸ਼ ਨੇ ਦੇਖਿਆ ਹੈ ਕਿ ਭਾਰਤੀ ਫੌਜ ਕਿਸੇ ਤੋਂ ਘੱਟ ਨਹੀਂ ਹੈ।''  ਭਾਰਤੀ ਫੌਜ ਦੇ ਕਥਿਤ ਸਰਜੀਕਲ ਹਮਲਿਆਂ ਦੀ ਤੁਲਨਾ ਇਸਰਾਈਲ ਦੀ ਫੌਜ ਵੱਲੋਂ ਫਲਸਤੀਨ ਅਤੇ ਲਿਬਨਾਨ ਵਿੱਚ ਕੀਤੇ ਜਾ ਰਹੇ ਅਜਿਹੇ ਧੱਕੜ ਅਤੇ ਧੌਂਸਬਾਜ਼ ਹਮਲਿਆਂ ਰਾਹੀਂ ਮਚਾਈ ਜਾ ਰਹੀ ਮਾਰਧਾੜ ਅਤੇ ਤਬਾਹੀ ਨਾਲ ਕਰਨ ਦਾ ਸਾਫ ਮਤਲਬ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇਸਰਾਈਲ ਵੱਲੋਂ ਦਹਾਕਿਆਂ ਤੋਂ ਫਲਸਤੀਨੀ ਕੌਮ ਨੂੰ ਉਜਾੜਨ, ਤਬਾਹੀ ਮੂੰਹ ਧੱਕਣ, ਜਲੀਲ ਕਰਨ ਅਤੇ ਗੋਡਿਆਂ ਪਰਨੇ ਕਰਨ ਲਈ ਵਿੱਢੀ ਯਹੂਦੀਵਾਦੀ ਜਨੂੰਨੀ-ਫਾਸ਼ੀ ਹਮਲਾਵਰ ਜੰਗ ਨੂੰ ਠੀਕ ਨਹੀਂ ਠਹਿਰਾਇਆ ਜਾ ਰਿਹਾ, ਸਗੋਂ ਉਸਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਭਾਰਤੀ ਫੌਜ ਵੱਲੋਂ ਇਸਰਾਈਲ ਦੇ ਫਾਸ਼ੀ ਪੂਰਨਿਆਂ 'ਤੇ ਚੱਲਦਿਆਂ ਕੀਤੀ ਕਥਿਤ ਸਰਜੀਕਲ ਹਮਲਿਆਂ ਦੀ ਕਸਰਤ ਦੀ ਪ੍ਰਸੰਸ਼ਾ ਕਰਦਿਆਂ ਸਪੱਸ਼ਟ ਰੂਪ ਵਿੱਚ ਇਹ ਸੰਕੇਤ ਵੀ ਦਿੱਤਾ ਜਾ ਰਿਹਾ ਹੈ ਕਿ ਅੱਗੇ ਵਾਸਤੇ ਭਾਰਤੀ ਫੌਜ ਵੱਲੋਂ ਕਸ਼ਮੀਰ ਦੀ ਕੌਮੀ ਆਪਾ ਨਿਰਣੇ ਅਤੇ ਆਜ਼ਾਦੀ ਦੀ ਲਹਿਰ ਨਾਲ ਉਵੇਂ ਨਜਿੱਠਿਆ ਜਾਵੇਗਾ, ਜਿਵੇਂ ਇਸਰਾਈਲ ਦੇ ਯਹੂਦੀਵਾਦੀ ਫਿਰਕੂ-ਫਾਸ਼ੀ ਹਾਕਮਾਂ ਦੀ ਫੌਜ ਵੱਲੋਂ ਫਲਸਤੀਨ ਦੀ ਹੱਕੀ ਕੌਮੀ ਲਹਿਰ  ਨਾਲ ਨਜਿੱਠਿਆ ਜਾ ਰਿਹਾ ਹੈ। 
ਇਹ ਗੱਲ ਸਾਰਾ ਸੰਸਾਰ ਜਾਣਦਾ ਹੈ ਕਿ ਫਲਸਤੀਨ ਵੱਲੋਂ ਆਪਣੀ ਕੌਮੀ ਧਰਤੀ, ਆਪਣੇ ਮੁਲਕ ਅਤੇ ਆਪਣੇ ਕੌਮੀ ਘਰ ਦੀ ਮੁੜ-ਪ੍ਰਾਪਤੀ ਲਈ ਲੜੀ ਜਾ ਰਹੀ ਲੜਾਈ ਇੱਕ ਹੱਕੀ ਕੌਮੀ ਲੜਾਈ ਹੈ, ਜਦੋਂ ਕਿ ਇਸਰਾਇਲ ਦੇ ਯਹੂਦੀਵਾਦੀ ਫਿਰਕੂ ਫਾਸ਼ੀ ਹਾਕਮਾਂ ਵੱਲੋਂ ਫਲਸਤੀਨੀ ਕੌਮ ਖਿਲਾਫ ਵਿੱਢੀ ਜੰਗਬਾਜ਼ ਮੁਹਿੰਮ ਇੱਕ ਧੱਕੜ, ਧੌਂਸਬਾਜ਼ ਅਤੇ ਧਾੜਵੀ ਜੰਗ ਹੈ। ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅਰਬ ਧਰਤੀ ਦੇ ਇਸ ਖਿੱਤੇ ਵਿੱਚ ਇਸਰਾਈਲ ਨਾਂ ਦਾ ਕੋਈ ਮੁਲਕ ਨਹੀਂ ਸੀ ਹੁੰਦਾ। ਦੂਸਰੀ ਸੰਸਾਰ ਜੰਗ ਦੌਰਾਨ ਜਦੋਂ ਜਰਮਨ ਸਾਮਰਾਜ ਦੇ ਨਾਜ਼ੀ ਹੁਕਮਰਾਨ ਹਿਟਲਰ ਵੱਲੋਂ ਯਹੂਦੀਆਂ ਦਾ ਵਹਿਸ਼ੀਆਨਾ ਕਤਲੇਆਮ ਰਚਾਇਆ ਗਿਆ ਤਾਂ ਐਂਗਲੋ-ਅਮਰੀਕੀ ਸਾਮਰਾਜੀ ਧੜੇ (ਅਮਰੀਕਾ, ਇੰਗਲੈਂਡ, ਫਰਾਂਸ) ਲਈ ਯਹੂਦੀਆਂ ਦਾ ਇਹ ਕਤਲੇਆਮ ਆਪਣੀ ਸੰਸਾਰ ਸਾਮਰਾਜੀ ਯੁੱਧਨੀਤੀ ਲਈ ਇੱਕ ਨਿਆਮਤੀ ਹੱਥਾ ਬਣ ਕੇ ਬਹੁੜਿਆ। ਉਸ ਵੇਲੇ ਇੱਕ ਪਾਸੇ ਏਸ਼ੀਆ, ਅਫਰੀਕਾ ਅਤੇ ਲਾਤਾਨੀ ਅਮਰੀਕਾ ਅੰਦਰ ਉੱਠੀਆਂ ਅਤੇ ਉੱਠ ਰਹੀਆਂ ਸਾਮਰਾਜੀ ਬਸਤੀਵਾਦੀ ਵਿਰੋਧੀ ਲਹਿਰਾਂ ਦੀ ਕਾਂਗ ਅਤੇ ਦੂਜੇ ਪਾਸੇ ਸੰਸਾਰ ਜੰਗ ਅੰਦਰ ਸਾਮਰਾਜੀ ਬਸਤੀਵਾਦੀ ਤਾਕਤਾਂ ਦੇ ਮੁਕਾਬਲਤਨ ਕਮਜ਼ੋਰ ਪੈ ਜਾਣ ਦੀ ਹਾਲਤ 'ਚ, ਸਿੱਧੇ ਬਸਤੀਵਾਦੀ ਰੂਪ ਤੋਂ ਪਿੱਛੇ ਹਟਣ ਅਤੇ ਲੁੱਟ ਤੇ ਦਾਬੇ ਦੀ ਨਵ-ਬਸਤੀਵਾਦੀ ਵਿਧੀ ਨੂੰ ਸ਼ਕਲ ਦੇਣ ਦੀ ਸੇਧ ਅਖਤਿਆਰ ਕੀਤੀ ਜਾ ਰਹੀ ਸੀ, ਤਾਂ ਹਿਟਲਰ ਵੱਲੋਂ ਜਰਮਨੀ ਸਮੇਤ ਆਪਣੇ ਕਬਜ਼ੇ ਹੇਠ ਕੀਤੇ ਪੱਛਮੀ ਅਤੇ ਪੂਰਬੀ ਯੂਰਪ ਦੇ ਮੁਲਕਾਂ ਦੇ ਯਹੂਦੀਆਂ ਖਿਲਾਫ ਵਿੱਢੀ ਕਤਲੇਆਮ ਦੀ ਮੁਹਿੰਮ ਦੇ ਸਿੱਟੇ ਵਜੋਂ, ਯਹੂਦੀ ਜਨਤਾ ਵੱਲੋਂ ਵੱਡੀ ਪੱਧਰ 'ਤੇ ਦੂਸਰੇ ਮੁਲਕਾਂ ਵੱਲ ਸ਼ਰਨਾਰਥੀਆਂ ਵਜੋਂ ਪ੍ਰਵਾਸ ਕਰਨ ਦਾ ਹੜ• ਆ ਗਿਆ ਸੀ। ਇਸ ਹਾਲਤ ਵਿੱਚ ਯਹੂਦੀ ਸ਼ਰਨਾਰਥੀਆਂ ਦੇ ਸੁਰੱਖਿਅਤ ਵਸੇਬੇ ਦੇ ਫੱਟੇ ਓਹਲੇ, ਯਹੂਦੀ ਹਾਕਮ ਹਿੱਸਿਆਂ (ਵੱਡੇ ਪੂੰੁਜੀਪਤੀਆਂ, ਸੌਦਾਗਰਾਂ ਆਦਿ) ਨਾਲ ਗਿੱਟਮਿਟ ਕਰਦਿਆਂ ਸਾਮਰਾਜੀਆਂ ਵੱਲੋਂ ਫਲਸਤੀਨ ਦੀ ਧਰਤੀ 'ਤੇ ਇਸਰਾਈਲ ਨਾਂ ਦਾ ਮੁਲਕ ਵਸਾਉਣ ਅਤੇ ਇਸਨੂੰ ਆਪਣੀ ਸਾਮਰਾਜੀ ਜੰਗਬਾਜ਼ ਚੌਕੀ ਵਜੋਂ ਸ਼ਿੰਗਾਰਨ ਦਾ ਮਨਸੁਬਾ ਘੜਿਆ ਗਿਆ। ਇਉਂ ਫਲਸਤੀਨੀ ਕੌਮ ਨੂੰ ਆਪਣੀ ਹੀ ਧਰਤੀ ਤੋਂ ਜਬਰੀ ਉਜਾੜਨ ਅਤੇ ਯਹੂਦੀਵਾਦ ਦੇ ਫਿਰਕੂ ਫਾਸ਼ੀ ਬੈਨਰ ਹੇਠ ਇਸਰਾਈਲ ਦੀ ਨੀਂਹ ਰੱਖਣ ਦਾ ਅਮਲ ਵਿੱਢਿਆ ਗਿਆ। ਉਸੇ ਦਿਨ ਤੋਂ ਫਲਤੀਨੀ ਕੌਮ ਦੇ ਉਜਾੜੇ ਅਤੇ ਦੂਸਰੇ ਮੁਲਕਾਂ ਅੰਦਰ ਸ਼ਰਨਾਰਥੀਆਂ ਵਜੋਂ ਧੱਕੇ ਖਾਣ ਦਾ ਅਮਲ ਸ਼ੁਰੂ ਹੋ ਗਿਆ। ਜਿਸ ਦੇ ਉਲਟ ਹੱਕੀ ਪ੍ਰਤੀਕਰਮ ਵਜੋਂ ਫਲਸਤੀਨੀ ਕੌਮ ਵੱਲੋਂ ਆਪਣੀ ਕੌਮੀ ਧਰਤੀ ਦੀ ਮੁੜ-ਪ੍ਰਾਪਤੀ, ਆਪਣੇ ਕੌਮੀ ਸਵੈਮਾਣ ਅਤੇ ਖੁਦਮੁਖਤਿਆਰ ਹੋਣੀ ਤਹਿ ਕਰਨ ਲਈ ਪੁਰਅਮਨ ਅਤੇ ਹਥਿਆਰਬੰਦ ਸੰਗਰਾਮ ਦਾ ਆਗਾਜ਼ ਹੋਇਆ, ਜਿਹੜਾ ਅੱਜ ਤੱਕ ਜਾਰੀ ਹੈ। ਸਾਮਰਾਜੀ ਸਰਪ੍ਰਸਤੀ ਹੇਠ ਘੈਂਕਰੇ ਇਸਰਾਈਲੀ ਯਹੂਦੀਵਾਦੀ ਹਾਕਮਾਂ ਵੱਲੋਂ ਫਲਸਤੀਨੀ ਕੌਮ ਦੇ ਹੱਕੀ ਸੰਗਰਾਮ ਨੂੰ ਖੂਨ ਵਿੱਚ ਡਬੋਣ ਅਤੇ ਫਲਸਤੀਨੀ ਕੌਮ ਦੀ ਨਸਲਕੁਸ਼ੀ ਕਰਨ ਲਈ ਯਹੂਦੀਵਾਦੀ ਜਨੂੰਨ ਵਿੱਚ ਗੜੁੱਚ ਜੰਗੀ ਜਹਾਦ ਵਿਢਿਆ ਹੋਇਆ ਹੈ, ਜਿਹੜਾ ਅੱਜ ਤੱਕ ਜਾਰੀ ਹੈ। ਉਸ ਵੱਲੋਂ ਨਾ ਸਿਰਫ ਫਲਸਤੀਨੀ ਵਸੋਂ ਵਾਲੇ ਇਲਾਕਿਆਂ 'ਤੇ ਹਵਾਈ ਬੰਬਾਰੀ ਅਤੇ ਫੌਜੀ ਹਮਲੇ ਕਰਕੇ ਫਲਸਤੀਨੀ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਸਗੋਂ ਫਲਸਤੀਨੀ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਵਾਲੇ ਮੁਲਕਾਂ (ਲਿਬਨਾਨ, ਸੀਰੀਆ, ਮਿਸਰ ਆਦਿ) ਵਿੱਚ ਹਥਿਆਰਬੰਦ ਫਲਸਤੀਨੀ ਲੜਾਕਿਆਂ ਨੂੰ ਫੁੰਡਣ ਦੇ ਬੁਰਕੇ ਹੇਠ ਸ਼ਰਨਾਰਥੀ ਕੈਂਪਾਂ 'ਤੇ ਹਮਲੇ ਕਰਦਿਆਂ, ਮਾਸੂਮ ਫਲਸਤੀਨੀ ਜਨਤਾ ਦਾ ਬੇਰਹਿਮੀ ਨਾਲ ਖੂਨ ਵਹਾਇਆ ਜਾਂਦਾ ਹੈ। ਫਲਸਤੀਨੀ ਇਲਾਕਿਆਂ ਅਤੇ ਗੁਆਂਢੀ ਮੁਲਕਾਂ ਅੰਦਰ ਫਲਸਤੀਨੀ ਸ਼ਰਨਾਰਥੀਆਂ ਦੀ ਨਸਲਕੁਸ਼ੀ ਕਰਨ ਲਈ ਕੀਤੇ ਜਾਂਦੇ ਇਹ ਵਹਿਸ਼ੀਆਨਾ ਹਮਲੇ ਹੀ ਹਨ, ਜਿਹਨਾਂ ਦੀ ਹਿੰਦੂਤਵਾ ਫਿਰਕੂ ਫਾਸ਼ੀ ਜ਼ਹਿਰ ਦੇ ਵਣਜਾਰੇ ਮੋਦੀ ਵੱਲੋਂ ਜੈ-ਜੈਕਾਰ ਕੀਤੀ ਜਾ ਰਹੀ ਹੈ ਅਤੇ ਇਹਨਾਂ ਪੂਰਨਿਆਂ 'ਤੇ ਚੱਲਣ ਦੇ ਹੋਛੇ ਦਮਗਜ਼ੇ ਮਾਰੇ ਜਾ ਰਹੇ ਹਨ। 
ਮੋਦੀ ਦੀ ਫਲਸਤੀਨ ਦੇ ਸੁਆਲ ਸਬੰਧੀ ਇਹ ਪੁਜੀਸ਼ਨ ਭਾਰਤੀ ਹਾਕਮਾਂ ਦੀ ਪਹਿਲਾਂ ਤੋਂ ਚਲੀ ਆਉਂਦੀ ਪੁਜੀਸ਼ਨ ਨਾਲੋਂ ਤੋੜ-ਵਿਛੋੜਾ ਹੈ। ਭਾਰਤੀ ਹਾਕਮਾਂ ਵੱਲੋਂ ਇਹ ਪੁਜੀਸ਼ਨ ''ਨਿਰਪੱਖ ਲਹਿਰ'' ਦੇ ਇੱਕ ਮੋਹਰੀ ਅੰਗ ਮੁਲਕ ਵਜੋਂ ਲਈ ਗਈ ਸੀ। ''ਨਿਰਪੱਖ ਲਹਿਰ'' ਦੀ ਫਲਸਤੀਨ ਦੇ ਸੁਆਲ ਸਬੰਧੀ ਪੁਜੀਸ਼ਨ ਇਹ ਸੀ ਕਿ ਫਲਸਤੀਨੀ ਕੌਮ ਦੀ ਆਪਣੀ ਖੁੱਸੀ ਹੋਈ ਧਰਤੀ ਮੁੜ-ਪ੍ਰਪਾਤ ਕਰਨ ਅਤੇ ਆਪਣਾ ਕੌਮੀ ਮੁਲਕ ਅਤੇ ਰਾਜ ਸਥਾਪਤ ਕਰਨ ਦੀ ਲੜਾਈ ਵਾਜਬ ਹੈ, ਹੱਕੀ ਹੈ ਅਤੇ ਯਹੂਦੀਵਾਦੀ ਰਾਕਮਾਂ ਵੱਲੋਂ ਫਲਸਤੀਨੀ ਲੋਕਾਂ (ਅਤੇ ਲਿਬਨਾਨ ਵਿੱਚ ਫਲਸਤੀਨੀ ਸ਼ਰਨਾਰਥੀਆਂ) ਖਿਲਾਫ ਵਿੱਢੀ ਗਈ ਜੰਗਬਾਜ਼ ਮੁਹਿੰਮ ਗੈਰ-ਵਾਜਬ ਹੈ, ਨਿਹੱਕੀ ਹੈ ਅਤੇ ਇਸ ਲਈ ਨਿਖੇਧੀ ਦੀ ਹੱਕਦਾਰ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਬਸਤੀਵਾਦ ਤੋਂ 'ਮੁਕਤ' ਹੋਏ ਅਖੌਤੀ ਨਵ-ਆਜ਼ਾਦ ਮੁਲਕਾਂ ਦੀ ਕੌਮਾਂਤਰੀ ਧੜਿਆਂ ਤੋਂ ਨਿਰਪੱਖ ਰਹਿਣ ਦਾ ਦਾਅਵਾ ਕਰਦੀ ''ਨਿਰਪੱਖ ਲਹਿਰ'' (ਨਾਨ ਅਲਾਇਨਮੈਂਟ ਮੂਵਮੈਂਟ) ਨਾਂ ਦੀ ਜਥੇਬੰਦੀ ਉਸ ਦੌਰ ਵਿੱਚ ਹੋਂਦ ਵਿੱਚ ਆਈ ਸੀ ਜਦੋਂ ਦੂਜੀ ਸੰਸਾਰ ਜੰਗ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਇੱਕ ਪਾਸੇ ਇੱਕ ਮਜਬੂਤ ਸਮਾਜਵਾਦੀ ਕੈਂਪ ਦਾ ਕਿਲਾ ਉੱਭਰ ਆਇਆ ਸੀ ਅਤੇ ਦੂਜੇ ਪਾਸੇ ਦੂਜੀ ਸੰਸਾਰ ਜੰਗ ਵਿੱਚੋਂ ਮਜਬੂਤ ਹੋ ਕੇ ਨਿਕਲੇ ਅਮਰੀਕੀ ਸਾਮਰਾਜ ਦੀ ਅਗਵਾਈ ਹੇਠ ਮੁੜ ਜਥੇਬੰਦ ਹੋ ਰਿਹਾ ਸਾਮਰਾਜੀ ਕੈਂਪ ਸੀ। ਸੰਸਾਰ ਸਿਆਸੀ ਦ੍ਰਿਸ਼ 'ਤੇ ਸਮਾਜਵਾਦੀ ਕੈਂਪ ਅਤੇ ਸਾਮਰਾਜੀ ਕੈਂਪ ਦਰਮਿਆਨ ਵਿਰੋਧ ਤਿੱਖੀ ਸ਼ਕਲ ਅਖਤਿਆਰ ਕਰ ਰਿਹਾ ਸੀ। ਇਸ ਸਮੇਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮੀਰਕਾ ਅੰਦਰ ਬਸਤੀਵਾਦ ਵਿਰੋਧੀ ਕੌਮੀ ਆਜ਼ਾਦੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਦੀ ਉਠਾਣ ਨਵੀਆਂ ਸਿਖਰਾਂ ਛੂਹ ਰਹੀ ਸੀ। ਇਹਨਾਂ ਮੁਲਕਾਂ ਅੰਦਰ ਸਾਮਰਾਜ ਵਿਰੋਧੀ ਹਵਾ ਵਹਿ ਰਹੀ ਸੀ। ਇਸ ਹਾਲਤ ਵਿੱਚ ਬਸਤੀਵਾਦੀ ਜੂਲੇ ਤੋਂ ਨਵ-ਬਸਤੀਵਾਦੀ ਜੂਲੇ ਹੇਠ ਤਬਦੀਲ ਹੋਏ ਅਖੌਤੀ ਨਵ-ਆਜ਼ਾਦ ਮੁਲਕਾਂ ਦੇ ਦਲਾਲ ਹਾਕਮਾਂ ਵੱਲੋਂ ਦੋਵਾਂ ਧੜਿਆਂ ਤੋਂ ਪਾਸੇ ਰਹਿਣ ਦਾ ਪੈਂਤੜਾ ਅਖਤਿਆਰ ਕਰਦੇ ਹੋਏ ''ਨਿਰਪੱਖਤਾ ਲਹਿਰ'' ਦਾ ਮੁੱਢ ਬੰਨਿ•ਆ ਗਿਆ ਸੀ। ਭਾਰਤੀ ਹਾਕਮਾਂ ਦੇ ਸਰਗਣੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਸੋਧਵਾਦੀ ਭਗੌੜੇ ਰਾਸ਼ਟਰਪਤੀ ਮਾਰਸ਼ਲ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਿਰ ਵੱਲੋਂ ਇਸ ਲਹਿਰ ਦਾ ਪੈੜਾ ਬੰਨ•ਣ ਵਿੱਚ ਸਿਰਕੱਢ ਰੋਲ ਨਿਭਾਇਆ ਗਿਆ ਸੀ। ਅੱਜ ਵੀ ਇਸ ਲਹਿਰ ਦੇ ਮੈਂਬਰ ਮੁਲਕਾਂ ਦੀ ਗਿਣਤੀ 130 ਹੈ। ਇਸ ਲਹਿਰ ਦਾ ਸਭ ਤੋਂ ਉਭਰਵਾਂ ਹਕੀਕੀ ਮਕਸਦ ਸਾਮਰਾਜ ਦਾ ਵਿਰੋਧ ਕਰਨਾ ਨਹੀਂ ਸੀ ਸਗੋਂ ਅਖੌਤੀ ਬਸਤੀਵਾਦ ਦੇ ਵਿਰੋਧ ਦੇ ਨਾਂ ਹੇਠ ਕੌਮੀ ਆਜ਼ਾਦੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਨੂੰ ਸਮਾਜਵਾਦੀ ਕੈਂਪ ਦੇ ਪ੍ਰਭਾਵ ਹੇਠ ਜਾਣ ਅਤੇ ਕਮਿਊਨਿਸਟ ਲਹਿਰ ਦੀ ਅਗਵਾਈ ਹੇਠ ਜਾਣ ਤੋਂ ਰੋਕਣਾ ਸੀ ਅਤੇ ਉਹਨਾਂ ਨੂੰ ਸਾਮਰਾਜੀ ਲੁੱਟ ਅਤੇ ਦਾਬੇ ਦੇ ਨਵੇਂ ਪ੍ਰਬੰਧ- ਨਵੀਂ ਬਸਤੀਆਨਾ ਪ੍ਰਬੰਧ ਦੀਆਂ ਲਛਮਣ ਰੇਖਾਵਾਂ ਅੰਦਰ ਰਹਿੰਦਿਆਂ, ਅਖੌਤੀ ਕੌਮੀ ਆਜ਼ਾਦੀ ਦਾ ਮੂੰਹ ਮੁਹਾਂਦਰਾ ਤਰਾਸ਼ਣ (ਅਖੌਤੀ ਆਜ਼ਾਦ ਹੈਸੀਅਤ ਅਤੇ ਵਿਕਾਸ ਦਾ ਚੌਖਟਾ ਘੜਨ) ਦੇ ਰਾਹ ਪਾਉਣਾ ਸੀ। 
ਆਪਣੇ ਉਪਰੋਕਤ ਮਕਸਦਾਂ ਨੂੰ ਮੂਹਰੇ ਰੱਖਦਿਆਂ, ਇਸ ''ਨਿਰਪੱਖ ਲਹਿਰ'' ਵੱਲੋਂ ਬਸਤੀਵਾਦ ਖਿਲਾਫ ਉੱਠ ਰਹੀਆਂ ਕੌਮੀ ਆਜ਼ਾਦੀ ਦੀਆਂ ਲਹਿਰਾਂ ਦੀ ਰਸਮੀ ਹਮਾਇਤ ਵਿੱਚ ਆਵਾਜ਼ ਉਠਾਈ ਗਈ। ਇਸਦੇ ਅੰਗ ਵਜੋਂ ਹੀ ਇਸ ਲਹਿਰ ਵੱਲੋਂ ਸਾਮਰਾਜੀਆਂ ਵੱਲੋਂ ਫਲਸਤੀਨ ਦੀ ਧਰਤੀ 'ਤੇ ਇਸਰਾਈਲ ਦੀ ਮੋਹੜੀ ਗੱਡਣ ਦਾ ਤਾਂ ਵਿਰੋਧ ਨਹੀਂ ਕੀਤਾ ਗਿਆ, ਪਰ ਫਲਸਤੀਨੀ ਕੌਮ ਦੇ ਕੌਮੀ ਘਰ— ਇੱਕ ਖੁਦਮੁਖਤਿਆਰ ਕੌਮੀ ਮੁਲਕ ਅਤੇ ਰਾਜ ਦੇ ਹੱਕਦਾਰੀ ਦੀ ਹਮਾਇਤ ਕਰਦਿਆਂ, ਫਲਸਤੀਨ ਦੀ ਧਰਤੀ 'ਤੇ ਅਜਿਹਾ ਮੁਲਕ ਹੋਂਦ ਵਿੱਚ ਲਿਆਉਣ ਦੀ ਵਕਾਲਤ ਵੀ ਕੀਤੀ ਗਈ। ਯਾਸਰ ਅਰਾਫਾਤ ਦੀ ਅਗਵਾਈ ਹੇਠਲੀ ਕੌਮੀ ਲਹਿਰ ਨੂੰ ਇਸ ਵੱਲੋਂ ਬਾਕਾਇਦਾ ਮਾਨਤਾ ਦਿੱਤੀ ਗਈ ਅਤੇ ਉਸਦੀ ਹਮਾਇਤ ਵਿੱਚ ਮਤੇ ਪਾਏ ਗਏ। ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ''ਨਿਰਪੱਖ ਲਹਿਰ'' ਦੀ ਇਸ ਸਮਝ ਦੀ ਰਸਮੀ ਪੈਰਵਾਈ ਕੀਤੀ ਜਾਂਦੀ ਰਹੀ। ਚਾਹੇ 1989 ਵਿੱਚ ਸਮਾਜਿਕ ਸੋਵੀਅਤ ਸਾਮਰਾਜੀ ਤਾਕਤ ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਸੰਸਾਰ ਹਾਲਤ ਵਿੱਚ ਆਈ ਅਹਿਮ ਤਬਦੀਲੀ ਤੋਂ ਬਾਅਦ ''ਨਿਰਪੱਖ ਲਹਿਰ'' ਦੀ ਪ੍ਰਸੰਗਿਕਤਾ ਨੂੰ ਖੋਰਾ ਪੈਣਾ ਸ਼ੁਰੂ ਹੋ ਗਿਆ ਸੀ। ਅਤੇ ਸਿੱਟੇ ਵਜੋਂ ਭਾਰਤੀ ਹਾਕਮਾਂ ਵੱਲੋਂ ਵੀ ਅਹਿਸਤਾ ਅਹਿਸਤਾ ਆਪਣੀ ਨਿਰਪੱਖਤਾ ਦਾ ਘੁੰਡ ਚੁੱਕਣ ਦਾ ਅਮਲ ਸ਼ੁਰੂ ਕਰਦਿਆਂ, ਅਮਰੀਕੀ ਸਾਮਰਾਜੀਆਂ ਨਾਲ ਸ਼ਰੇਆਮ ਗਿੱਟਮਿੱਟ ਕਰਕੇ ਚੱਲਣ ਦਾ ਉਲਾਰ ਸਿਲਸਿਲਾ ਵਿੱਢ ਦਿੱਤਾ ਗਿਆ ਸੀ। ਜਿਸ ਨੂੰ ਮਨਮੋਹਨ ਸਿੰਘ ਦੀ ਯੂ.ਪੀ.ਏ. ਹਕੂਮਤ ਵੱਲੋਂ ਜ਼ੋਰਦਾਰ ਉਗਾਸਾ ਦਿੱਤਾ ਗਿਆ ਸੀ। ਜਿਸ ਕਰਕੇ ਜਿੱਥੇ ਅਮਰੀਕੀ ਸਾਮਰਾਜੀਆਂ ਦੇ ਐਲੀਸੇਸ਼ਨ ਕੁੱਤੇ ਇਸਰਾਈਲੀ ਹਾਕਮਾਂ ਨਾਲ ਮੇਲ ਮਿਲਾਪ ਦਾ ਰੁਖ ਅਖਤਿਆਰ ਕਰ ਲਿਆ ਸੀ, ਉੱਥੇ ਫਲਸਤੀਨੀ ਕੌਮ ਦੇ ਹੱਕੀ ਸਰੋਕਾਰਾਂ ਪ੍ਰਤੀ ਆਪਣੀ ਰਸਮੀ ਸੁਰ ਨੂੰ ਮੱਧਮ ਪਾਉਣ ਅਤੇ ਦੱਬੇ-ਘੁੱਟੇ ਖਾਨਾਪੂਰਤੀ ਤੱਕ ਸੀਮਤ ਰੱਖਣ ਤੱਕ ਸੀਮਤ ਕਰ ਦਿੱਤਾ ਗਿਆ ਸੀ। ਪਰ ਫਿਰ ਵੀ ਹਾਲੀਂ ਤੱਕ ਕਿਸੇ ਵੀ ਹਕੂਮਤ ਅਤੇ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਫਲਸਤੀਨੀ ਲੋਕਾਂ ਦੀ ਆਪਣੀ ਹੀ ਖੁੱਸੀ ਧਰਤੀ ਨੂੰ ਮੁੜ-ਹਾਸਲ ਕਰਨ ਅਤੇ ਆਪਣਾ ਆਜ਼ਾਦ ਤੇ ਖੁਦਮੁਖਤਿਆਰ ਮੁਲਕ ਹਾਸਲ ਕਰਨ ਲਈ ਵਿੱਢੀ ਹੱਕੀ ਲੜਾਈ ਨੂੰ ਦਰੜਨ ਅਤੇ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਲਈ ਵਿੱਢੀ ਗਈ ਯਹੂਦੀਵਾਦੀ ਫਾਸ਼ੀ ਹਾਕਮਾਂ ਦੀ ਜੰਗੀ ਮੁਹਿੰਮ ਦੀ ਮਹਿਮਾ ਗਾਉਣ ਅਤੇ ਇਉਂ ਫਲਸਤੀਨੀ ਕੌਮ ਦੀ ਹੱਕੀ ਲੜਾਈ ਖਿਲਾਫ ਢਿੱਡ ਵਿੱਚ ਉੱਸਲਵੱਟੇ ਲੈਂਦੀ ਨਫਰਤ ਦਾ ਇਸ ਤਰ•ਾਂ ਮੁਜਾਹਰਾ ਨਹੀਂ ਸੀ ਕੀਤਾ ਗਿਆ, ਜਿਵੇਂ ਮੋਦੀ ਵੱਲੋਂ ਕੀਤਾ ਗਿਆ ਹੈ। 
ਆਖਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਫਲਸਤੀਨੀ ਕੌਮ ਦੀ ਆਪਣੀ ਮਾਤ-ਭੂਮੀ ਦੀ ਪ੍ਰਾਪਤੀ ਲਈ ਹੱਕੀ ਲੜਾਈ ਦੀ ਰਸਮੀ ਹਮਾਇਤ ਦੇ ਪਹਿਲੋਂ ਹੀ ਪਾਟੇ-ਝੀਟੇ ਘੁੰਡ ਨੂੰ ਵਗਾਹ ਮਾਰਿਆ ਗਿਆ ਹੈ। ਇਹ ਗੱਲ ਇਤਫਾਕੀਆ ਨਹੀਂ ਹੈ, ਕਿ 13 ਤੋਂ 18 ਸਤੰਬਰ ਦਰਮਿਆਨ ਵੈਨਜ਼ੂਏਲਾ ਦੇ ਮਾਰਗਰੀਟਾ ਟਾਪੂ 'ਤੇ ਹੋਏ ''ਨਿਰਪੱਖ ਲਹਿਰ'' ਦੇ ਸੰਮੇਲਨ ਵਿੱਚ ਹਾਜ਼ਰ ਹੋਣ ਤੋਂ ਨਰਿੰਦਰ ਮੋਦੀ ਨੇ ਟਾਲਾ ਵੱਟਿਆ ਹੈ। ਅਸਲ ਵਿੱਚ ਇਹ ਟਾਲਾ ਨਹੀਂ, ਸੋਚੀ ਸਮਝੀ ਗੈਰ-ਹਾਜ਼ਰੀ ਹੈ। 
''ਨਿਰਪੱਖਤਾ ਲਹਿਰ'' ਤੋਂ ਗੈਰ-ਹਾਜ਼ਰ ਰਹਿਣ ਅਤੇ ਉਪ-ਰਾਸ਼ਟਰਪਤੀ ਵਰਗੇ ਨੁਮਾਇੰਦੇ ਨੂੰ ਭੇਜ ਕੇ ਇਸਦੀ ਕਦਰ-ਘਟਾਈ ਕਰਨ ਦਾ ਕਦਮ ਉਸ ਵਕਤ ਲਿਆ ਗਿਆ ਹੈ, ਜਦੋਂ ਨਰਿੰਦਰ ਮੋਦੀ ਹਕੂਮਤ ਵੱਲੋਂ ਭਾਰਤ ਦੀ ਆਰਥਿਕ ਸਿਆਸੀ ਅਤੇ ਵਿਦੇਸ਼ੀ ਨੀਤੀਆਂ ਨੂੰ ਅਮਰੀਕੀ ਸਾਮਰਾਜੀਆਂ ਦੀ ਕੌਮਾਂਤਰੀ ਸਿਆਸੀ ਅਤੇ ਫੌਜੀ ਯੁੱਧਨੀਤੀ ਦੇ ਛਕੜੇ ਨਾਲ ਨੱਥੀ ਕਰਨ ਦੇ ਪਹਿਲੋਂ ਹੀ ਜਾਰੀ ਅਮਲ ਨੂੰ ਅੰਤਿਮ ਛੋਹਾਂ ਦੇਣ ਦੇ ਕਦਮ ਲਏ ਜਾ ਰਹੇ ਹਨ।  ਜਿਸ ਕਰਕੇ, ਇਸ ਵੱਲੋਂ ਅਮਰੀਕੀ ਸਾਮਰਾਜੀਆਂ ਦੀ ਸ਼ਰੀਕ ਬਣ ਕੇ ਉੱਭਰ ਰਹੀ ਚੀਨ ਦੀ ਨਵੀਂ ਸਮਾਜਿਕ ਸਾਮਰਾਜੀ ਤਾਕਤ ਦੀ ਘੇਰਾਬੰਦੀ ਕਰਨ ਦੀ ''ਏਸ਼ੀਆ ਚੂਲ'' (ਏਸ਼ੀਆ ਪਿਵਟ) ਦਾ ਪਿਛਾਖੜੀ ਧੁਰਾ ਬਣਨ ਲਈ ਪੱਬਾਂ ਭਾਰ ਹੋਇਆ ਜਾ ਰਿਹਾ ਹੈ। ਇਸ ਸੇਧ ਵਿੱਚ ਮੋਦੀ ਹਕੂਮਤ ਵੱਲੋਂ ਸਭ ਤੋਂ ਉੱਭਰਵੀਂ ਅਤੇ ਵੱਡੀ ਪਲਾਂਘ ਪੁੱਟਦਿਆਂ, ਅਗਸਤ ਵਿੱਚ ''ਭਾਰਤ-ਅਮਰੀਕੀ ਲਾਜਿਸਟਿਕ ਐਕਸਚੇਂਜ ਮੈਮੋਰੰਡਮ ਆਫ ਐਗਰੀਮੈਂਟ'' ਨਾਂ ਦਾ ਸਮਝੌਤਾ ਝਰੀਟਿਆ ਗਿਆ ਹੈ, ਜਿਸ ਤਹਿਤ ਅਮਰੀਕੀ ਥਲ ਫੌਜ, ਨੇਵੀ ਅਤੇ ਹਵਾਈ ਫੌਜ ਨੂੰ ਭਾਰਤੀ ਫੌਜੀ ਅੱਡਿਆਂ ਅਤੇ ਸਾਜੋ-ਸਮਾਨ ਤੱਕ ਪਹੁੰਚ ਕਰਨ ਯਾਨੀ ਵਰਤਣ ਦਾ ਰਾਹ ਪੱਧਰਾ ਹੋ ਗਿਆ ਹੈ। ਇਉਂ, ਮੋਦੀ ਹਕੂਮਤ ਵੱਲੋਂ ਸ਼ਰੇਆਮ ਸਾਮਰਾਜੀ ਧੜਿਆਂ ਤੋਂ ਨਿਰਪੱਖ ਰਹਿਣ ਦੀ ਵਿਦੇਸ਼ ਨੀਤੀ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਅਤੇ ਅਮਰੀਕੀ ਸਾਮਰਾਜੀਆਂ ਦੇ ਨਾਟੋ ਜੰਗੀ ਗੁੱਟ ਦਾ ਦੰਦਾ ਬਣਨ ਦਾ ਰਾਹ ਅਖਤਿਆਰ ਕਰ ਲਿਆ ਗਿਆ ਹੈ। 
ਮੋਦੀ ਹਕੂਮਤ ਵੱਲੋਂ ਆਪਣੀ ਵਿਦੇਸ਼ ਨੀਤੀ ਵਿੱਚ ਕੀਤੀ ਜਾ ਰਹੀ ਕਾਂਟਾ-ਬਦਲੀ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜੀਆਂ ਵੱਲੋਂ ਨਿਰਦੇਸ਼ਤ ਉਸਦੀਆਂ ਸਮੁੱਚੀਆਂ ਆਰਥਿਕ-ਸਿਆਸੀ ਨੀਤੀਆਂ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਇਸ ਕਾਂਟਾ-ਬਦਲੀ ਦੀ ਜਿੱਥੇ ਇੱਕ ਅਰਥ-ਸੰਭਾਵਨਾ ਉਸਦਾ ਅਮਰੀਕੀ ਸਾਮਰਾਜੀਆਂ ਅਤੇ ਉਸਦੇ ਨਾਟੋ ਜੰਗੀ ਗੁੱਟ ਵੱਲੋਂ ਚੀਨ ਦੀ ਕੀਤੀ ਜਾ ਰਹੀ ਫੌਜੀ ਅਤੇ ਆਰਥਿਕ ਘੇਰਾਬੰਦੀ ਦੇ ਅਮਲ ਵਿੱਚ ਸ਼ਾਮਲ ਹੋਣਾ ਹੈ, ਉੱਥੇ ਇਸਦੀ ਦੂਜੀ ਉੱਭਰਵੀਂ ਅਰਥ ਸੰਭਾਵਨਾ ਭਾਰਤ ਸਮੇਤ ਪਛੜੇ ਮੁਲਕਾਂ ਅੰਦਰਲੀਆਂ ਸਭਨਾਂ ਸਾਮਰਾਜ ਵਿਰੋਧੀ ਲਹਿਰਾਂ (ਕੌਮੀ ਮੁਕਤੀ  ਅਤੇ ਕੌਮੀ ਇਨਕਲਾਬੀ ਲਹਿਰਾਂ) ਨੂੰ ਕੁਚਲਣ ਲਈ ਸਾਮਰਾਜੀਆਂ ਵੱਲੋਂ ਉਸਾਰੇ ਜਾ ਰਹੇ ਉਸ ਸੰਸਾਰ ਵਿਆਪੀ ਉਲਟ-ਇਨਕਲਾਬੀ ਯੁੱਧਨੀਤਕ ਮੁਹਾਜ਼ ਦਾ ਅੰਗ ਬਣਨਾ ਹੈ, ਜਿਹੜਾ ਸਾਮਰਾਜੀਆਂ, ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜੀਆਂ ਵੱਲੋਂ ਅਖੌਤੀ ਦਹਿਸ਼ਤਗਰਦੀ ਤੋਂ ਸੰਸਾਰ ਨੂੰ ਮੁਕਤ ਕਰਨ ਦੇ ਦੰਭੀ ਧੂਮ-ਧੜੱਕੇ ਓਹਲੇ ਉਸਾਰਨ ਦਾ ਬੀੜਾ ਚੁੱਕਿਆ ਹੋਇਆ ਹੈ। 
ਇਸ ਸੰਸਾਰ-ਵਿਆਪੀ ਉਲਟ-ਇਨਕਲਾਬੀ ਮੁਹਾਜ਼ ਵਿੱਚ ਭਾਰਤੀ ਹਾਕਮਾਂ ਦੇ ਦਾਖਲੇ ਦੀਆਂ ਮੁਲਕ ਵਿਚਲੀਆਂ ਕੌਮੀ ਆਪਾ-ਨਿਰਣੇ ਦੇ ਹੱਕ ਅਤੇ ਆਜ਼ਾਦੀ ਲਈ ਚੱਲਦੀਆਂ ਲਹਿਰਾਂ ਅਤੇ ਇਨਕਲਾਬੀ ਲਹਿਰਾਂ ਲਈ ਬਹੁਤ ਹੀ ਗੰਭੀਰ ਅਰਥ-ਸੰਭਾਵਨਾਵਾਂ ਬਣਦੀਆਂ ਹਨ। ਇਸਦਾ ਇੱਕ ਅਰਥ ਇਹ ਹੋਵੇਗਾ ਕਿ ਭਾਰਤ ਵਿਚਲੀਆਂ ਜਿਹਨਾਂ ਵੀ ਹੱਕੀ ਲੋਕ ਲਹਿਰਾਂ ਨੂੰ ਇਸ ਵੱਲੋਂ ਵੱਖਵਾਦੀ, ਅੱਤਵਾਦੀ ਜਾਂ ਖੱਬੇਪੱਖੀ ਅੱਤਵਾਦੀ ਗਰਦਾਨਿਆ ਜਾਵੇਗਾ, ਉਹਨਾਂ 'ਤੇ ਸਾਮਰਾਜੀ ਤਾਕਤਾਂ ਅਤੇ ਸਾਮਰਾਜ ਦਾ ਪਾਣੀ ਭਰਦੀਆਂ ਪਛੜੇ ਮੁਲਕਾਂ ਦੀਆਂ ਹਕੂਮਤਾਂ ਤੋਂ ਠੱਪਾ ਲਵਾਉਣਾ ਵੀ ਸੁਖਾਲਾ ਅਤੇ ਸੰਭਵ ਕੰਮ ਹੋ ਜਾਵੇਗਾ। ਇਉਂ, ਕਸ਼ਮੀਰ ਸਮੇਤ ਮੁਲਕ ਦੀਆਂ ਸਭਨਾਂ ਹੱਕੀ ਲੋਕ ਲਹਿਰਾਂ ਨੂੰ ਕੁਚਲਣ ਲਈ ਜਿੱਥੇ ਸਾਮਰਾਜੀ ਧਾੜਵੀ ਲਾਣੇ ਤੋਂ ਸਿੱਧੀ ਫੌਜੀ ਅਤੇ ਆਰਥਿਕ ਮੱਦਦ ਲਈ ਜਾ ਸਕੇਗੀ, ਉੱਥੇ ਕੌਮਾਂਤਰੀ ਪੱਧਰ 'ਤੇ ਇਹਨਾਂ ਲਹਿਰਾਂ ਨੂੰ ਕੂਟਨੀਤਕ, ਸਿਆਸੀ, ਆਰਥਿਕ ਅਤੇ ਫੌਜੀ ਸਹਾਇਤਾ ਪ੍ਰਾਪਤ ਹੋਣ ਦੀਆਂ ਗੁੰਜਾਇਸ਼ਾਂ ਨੂੰ ਮੋਂਦਾ ਲਾਇਆ ਜਾ ਸਕੇਗਾ। ਇਉਂ, ਇਹਨਾਂ ਹੱਕੀ ਲਹਿਰਾਂ ਦੀ ਚੁਫੇਰਿਉਂ ਘੇਰਾਬੰਦੀ ਕਰਦੇ ਹੋਏ ਇਹਨਾਂ ਨੂੰ ਫਾਸ਼ੀ ਜਾਬਰ ਹੱਲੇ ਦੀ ਮਾਰ ਹੇਠ ਲਿਆਉਂਦਿਆਂ, ਮਲੀਆਮੇਟ ਕੀਤਾ ਜਾ ਸਕੇਗਾ। 
ਪਰ ਕਥਿਤ ਸਰਜੀਕਲ ਹਮਲਿਆਂ ਤੋਂ ਬਾਅਦ ਅੰਨ•ੇ ਫਿਰਕੂ ਕੂੜ ਤੂਫ਼ਾਨ 'ਤੇ ਸਵਾਰ ਫਿਰਕੂ ਫਾਸ਼ੀ ਮੋਦੀ ਜੁੰਡਲੀ ਵੱਲੋਂ ਅਮਰੀਕੀ ਸਾਮਰਾਜੀਆਂ ਦੀ ਬੁੱਕਲ ਵਿੱਚ ਬਹਿ ਕੇ ਮੁਲਕ ਦੀਆਂ ਹੱਕੀ ਲੋਕ-ਲਹਿਰਾਂ ਨੂੰ ਦਰੜ ਸੁੱਟਣ ਦਾ ਪਾਲਿਆ ਜਾ ਰਿਹਾ ਇਹ ਭਰਮ ਵਕਤੀ ਹੈ। ਮੋਦੀ ਜੁੰਡਲੀ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਨੇ ਜਿੱਥੇ ਮੁਲਕ ਭਰ ਦੇ ਲੋਕਾਂ ਅੰਦਰ ਇਸ ਜੁੰਡਲੀ ਅਤੇ ਇਸਦੇ ਸਰਪ੍ਰਸਤ ਅਮਰੀਕੀ ਸਾਮਰਾਜੀਆਂ ਤੇ ਨਾਟੋ ਖਿਲਾਫ ਗੁੱਸੇ ਅਤੇ ਲੜਾਕੂ ਰੌਂਅ ਨੂੰ ਚੁਆਤੀ ਲਾਉਣੀ ਹੈ, ਉੱਥੇ ਸੰਸਾਰ ਪੱਧਰ 'ਤੇ ਵਿਸ਼ੇਸ਼ ਕਰਕੇ ਪਛੜੇ ਮੁਲਕਾਂ ਦੀ ਜਨਤਾ ਅੰਦਰ ਸਾਮਰਾਜ ਵਿਰੋਧੀ ਭਾਵਨਾਵਾਂ ਅਤੇ ਲੜਾਕੂ ਰੌਂਅ ਨੂੰ ਆਰ ਲਾਉਣੀ ਹੈ, ਜਿਸ ਕਰਕੇ ਨਾ ਸਿਰਫ ਮੁਲਕ ਵਿਚਲੀਆਂ ਹੱਕੀ ਲੋਕ ਲਹਿਰਾਂ ਨੂੰ ਵੱਖ ਵੱਖ ਸ਼ਕਲਾਂ ਵਿੱਚ ਹਮਾਇਤ ਹਾਸਲ ਹੋਣ ਦੀਆਂ ਮੁਕਾਬਲਤਨ ਵੱਧ ਗੁੰਜਾਇਸ਼ਾਂ ਬਣਨੀਆਂ ਹਨ, ਸਗੋਂ ਅਮਰੀਕੀ ਸਾਮਰਾਜੀਆਂ ਦੀ ਖਰੀਆਂ ਸਾਮਰਾਜ-ਵਿਰੋਧੀ ਅਤੇ ਇਨਕਲਾਬੀ ਲਹਿਰਾਂ ਨੂੰ ਕੁਚਲਣ ਲਈ ਅਖਤਿਆਰ ਕੀਤੀ ਇਸ  ਉਲਟ-ਇਨਕਲਾਬੀ ਯੁੱਧਨੀਤੀ ਖਿਲਾਫ ਵਿਸ਼ਾਲ ਸਾਂਝਾ ਮੁਹਾਜ਼ ਬਣਾਉਣ ਦਾ ਆਧਾਰ ਹੋਰ ਸਾਜਗਾਰ ਹੋਣਾ ਹੈ।   ੦-੦

No comments:

Post a Comment