Thursday, 27 October 2016

ਝਲੂਰ ਕਾਂਡ: ਖੇਤ ਮਜ਼ਦੂਰਾਂ 'ਤੇ ਵਹਿਸ਼ੀਆਨਾ ਹਮਲਾ

ਝਲੂਰ ਕਾਂਡ:
ਅਕਾਲੀ ਹਾਕਮਾਂ ਦੀ ਸ਼ਹਿ ਨਾਲ ਪੇਂਡੂ ਚੌਧਰੀਆਂ ਅਤੇ ਪੁਲਸ ਗੱਠਜੋੜ ਵੱਲੋਂ
ਖੇਤ ਮਜ਼ਦੂਰਾਂ 'ਤੇ ਵਹਿਸ਼ੀਆਨਾ ਹਮਲਾ
ਝਲੂਰ ਪਿੰਡ ਸੰਗਰੂਰ ਜ਼ਿਲ•ੇ ਦੇ ਉਹਨਾਂ ਦਰਜ਼ਨਾਂ ਪਿੰਡਾਂ ਵਿੱਚ ਸ਼ਾਮਲ ਹੈ, ਜਿੱਥੇ ਪੰਚਾਇਤੀ ਜ਼ਮੀਨ 'ਚੋਂ ਦਲਿਤ ਖੇਤ ਮਜ਼ਦੂਰਾਂ (ਬੇਜ਼ਮੀਨੇ ਕਿਸਾਨਾਂ) ਲਈ ਰਾਖਵੇਂ ਤੀਜੇ ਹਿੱਸੇ ਦੀ ਜ਼ਮੀਨ ਸਸਤੇ ਰੇਟਾਂ 'ਤੇ ਸਿਰਫ ਦਲਿਤਾਂ ਨੂੰ ਹੀ ਠੇਕੇ 'ਤੇ ਦੇਣ ਦਾ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਦਾ ਮੈਦਾਨ ਮਘਿਆ ਹੈ ਅਤੇ ਜਿਹੜਾ ਸਿਰਫ ਇਹਨਾਂ ਪਿੰਡਾਂ ਦੇ ਦਲਿਤ ਖੇਤ ਮਜ਼ਦੂਰਾਂ ਲਈ ਆਪਣੇ ਹੱਕ ਦੀ ਜ਼ਮੀਨ ਹਾਸਲ ਕਰਨ ਲਈ ਸੰਘਰਸ਼ ਕਰਨ ਦਾ ਇੱਕ ਪ੍ਰੇਰਨਾ ਸਰੋਤ ਬਣ ਰਿਹਾ ਹੈ। ਸਦੀਆਂ ਤੋਂ ਦੱਬੇ-ਕੁਚਲੇ ਅਤੇ ਜਾਤ-ਪਾਤੀ ਦਾਬੇ ਅਤੇ ਵਿਤਕਰੇ ਕਰਕੇ ਸਮਾਜ ਵਿੱਚ ਹਾਸ਼ੀਏ 'ਤੇ ਧੱਕੇ ਇਹਨਾਂ ਹਿੱਸਿਆਂ ਵੱਲੋਂ ਆਪਣੀ ਹੱਕ ਪ੍ਰਾਪਤੀ (ਉਹ ਵੀ ਪਿੰਡ ਦੀ ਸਾਂਝੀ ਜ਼ਮੀਨ 'ਚੋਂ) ਲਈ ਉੱਠੀ ਇਹ ਗਰਜਵੀਂ ਆਵਾਜ਼ ਰਵਾਇਤੀ ਸਿਆਸਤਦਾਨਾਂ, ਉਹਨਾਂ ਨਾਲ ਘਿਓ-ਖਿੱਚੜੀ ਪੇਂਡੂ ਜਾਗੀਰੂ ਚੌਧਰੀਆਂ ਅਤੇ ਸਰਕਾਰੀ ਗਰਾਂਟਾਂ, ਫੰਡਾਂ ਅਤੇ ਪੰਚਾਇਤੀ ਜ਼ਮੀਨਾਂ ਦੀ ਆਮਦਨੀ ਹੜੱਪਦੇ ਸਰਪੰਚਾਂ-ਖੜਪੰਚਾਂ ਅੰਦਰ ਬੇਚੈਨੀ ਅਤੇ ਔਖ ਜਗਾਉਣ ਦੀ ਵਜਾਹ ਬਣ ਰਹੀ ਹੈ। ਉਹਨਾਂ ਦੀ ਜਾਗੀਰੂ ਧੌਂਸ ਅਤੇ ਭ੍ਰਿਸ਼ਟ ਅਮਲ ਲਈ ਚੁਣੌਤੀ ਬਣਦੀ ਦਲਿਤ ਭਾਈਚਾਰੇ ਦੀ ਇਹ ਹੱਕੀ ਆਵਾਜ਼ ਉਹਨਾਂ ਦੇ ਢਿੱਡ ਅੰਦਰ ਸੂਲ ਵਾਂਗ ਚੁਭ ਰਹੀ ਹੈ। ਜਿਸ ਕਰਕੇ, ਇਹ ਰਵਾਇਤੀ ਜਾਗੀਰੂ ਧੌਂਸਬਾਜ਼ ਲਾਣਾ ਕਈ ਪਿੰਡਾਂ ਅੰਦਰ ਦਲਿਤ ਭਾਈਚਾਰੇ ਖਿਲਾਫ ਸਰਕਾਰੀ ਅਧਿਕਾਰੀਆਂ ਅਤੇ ਪੁਲਸ ਨਾਲ ਨੰਗਾ-ਚਿੱਟਾ ਗੱਠਜੋੜ ਬਣਾਉਂਦਿਆਂ, ਉਹਨਾਂ ਦੇ ਹੱਕੀ ਸੰਘਰਸ਼ ਨੂੰ ਦਬਾਉਣ ਲਈ ਮੈਦਾਨ ਵਿੱਚ ਆਇਆ ਹੈ ਅਤੇ ਪਿੰਡ ਦੀ ਜੱਟ-ਕਿਸਾਨੀ ਦੇ ਇੱਕ ਹਿੱਸੇ ਨੂੰ ਇਹਨਾਂ ਦੇ ਹੱਕੀ ਸੰਘਰਸ਼ ਖਿਲਾਫ ਉਕਸਾ ਕੇ ਇਹਨਾਂ ਦੇ ਗਲ ਪੁਆਉਣ ਦੀਆਂ ਚਾਲਾਂ ਚੱਲੀਆਂ ਹਨ। ਪਰ ਹਾਲੀਂ ਤੱਕ ਇਹ ਲਾਣਾ ਜੱਟ ਕਿਸਾਨੀ ਨਾਲ ਸਬੰਧਤ ਕਮਾਊ ਹਿੱਸਿਆਂ ਨੂੰ ਦਲਿਤ ਭਾਈਚਾਰੇ ਦੇ ਸੰਘਰਸ਼ ਖਿਲਾਫ ਲਾਮਬੰਦੀ ਕਰਨ ਵਿੱਚ ਕੋਈ ਗਿਣਨਯੋਗ ਪ੍ਰਾਪਤੀ ਨਹੀਂ ਸੀ ਕਰ ਸਕਿਆ। 
ਪਿੰਡ ਝਲੂਰ ਅੰਦਰ ਖੇਤ ਮਜ਼ਦੂਰਾਂ ਦੇ ਸੰਘਰਸ਼ ਖਿਲਾਫ ਪਿੰਡ ਦੇ ਇੱਕ ਅਕਾਲੀ ਟਾਊਟ ਚੌਧਰੀ ਅਤੇ ਸਮਾਜ-ਵਿਰੋਧੀ ਕਿਰਦਾਰ ਦੇ ਮਾਲਕ ਵੱਲੋਂ ਵੀ ਅਜਿਹੀਆਂ ਗੋਂਦਾ ਦਾ ਸਿਲਸਿਲਾ ਵਿੱਢਿਆ ਗਿਆ ਸੀ। ਇਸ ਲੋਕ-ਵਿਰੋਧੀ ਗੁੱਟ ਵੱਲੋਂ ਦਲਿਤ ਮਜ਼ਦੂਰਾਂ ਵਿੱਚੋਂ ਇੱਕੜ-ਦੁੱਕ ਪਰਿਵਾਰਾਂ ਨੂੰ ਗੁੰਮਰਾਹ ਕਰਦਿਆਂ ਅਤੇ ਕਿਸਾਨਾਂ ਦੇ ਇੱਕ ਹਿੱਸੇ ਨੂੰ ਆਪਣੇ ਨਾਲ ਜੋੜਦਿਆਂ, ਇਹਨਾਂ ਸੰਘਰਸ਼ਸ਼ੀਲ ਖੇਤ ਮਜ਼ਦੂਰਾਂ ਖਿਲਾਫ ਲਾਮਬੰਦ ਕੀਤਾ ਗਿਆ ਅਤੇ ਭੜਕਾਇਆ ਗਿਆ। ਇਸ ਗੁੱਟ ਦੀ ਅਕਾਲੀ ਸਿਆਸਤਦਾਨਾਂ ਅਤੇ ਪੁਲਸ ਵੱਲੋਂ ਪੂਰੀ ਪੁਸ਼ਤਪਨਾਹੀ ਕੀਤੀ ਗਈ। ਅਕਾਲੀ ਹਾਕਮਾਂ ਅਤੇ ਪੁਲਸ ਅਧਿਕਾਰੀਆਂ ਦਾ ਦਲਿਤ ਖੇਤ ਮਜ਼ਦੂਰਾਂ ਪ੍ਰਤੀ ਭੈਂਗਾ ਨਜ਼ਰੀਆ ਪਹਿਲਾਂ ਹੀ ਸਾਹਮਣੇ ਆ ਚੁੱਕਾ ਸੀ। ਸੋ ਅਕਾਲੀ ਸਿਆਸਦਤਾਨਾਂ ਅਤੇ ਪੁਲਸੀ ਮਿਲੀਭੁਗਤ ਨਾਲ ਇਸ ਗੁੱਟ ਵੱਲੋਂ ਦਲਿਤ ਖੇਤ ਮਜ਼ਦੂਰਾਂ 'ਤੇ ਵਿਉਂਤਬੱਧ ਹਮਲਾ ਬੋਲਿਆ ਗਿਆ ਅਤੇ ਬੁਰਛਾਗਰਦੀ ਦਾ ਸ਼ਰੇਆਮ ਮੁਜਾਹਰਾ ਕੀਤਾ ਗਿਆ। ਖੇਤ ਮਜ਼ਦੂਰ ਆਗੂਆਂ ਦੀ ਬੁੱਢੀ ਮਾਂ ਦੀ ਲੱਤ ਵੱਢ ਦਿੱਤੀ ਗਈ। ਉਹਨਾਂ ਦੀ ਕਰਿਆਨੇ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਕਿੰਨੇ ਹੀ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਵਹਿਸ਼ੀਆਨਾ ਕੁੱਟਮਾਰ ਦਾ ਸ਼ਿਕਾਰ ਬਣਾਇਆ ਗਿਆ। ਉਪਰੋਂ ਪੁਲਸ ਵੱਲੋਂ ਇਸ ਬੁਰਛਾਗਰਦ ਗਰੋਹ ਨੂੰ ਫੜਨ ਦੀ ਬਜਾਇ, ਖੇਤ ਮਜ਼ਦੂਰਾਂ ਖਿਲਾਫ ਕੇਸ ਦਰਜ਼ ਕਰਦਿਆਂ, ਉਹਨਾਂ ਦਾ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ ਹੈ। ਜਿਸ ਕਰਕੇ, ਪੁਲਸੀ ਜਬਰ ਤੋਂ ਡਰਦੇ ਮਾਰੇ ਜਖਮੀ ਮਜ਼ਦੂਰ-ਔਰਤਾਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਟਾਲਾ ਵੱਟ ਰਹੇ ਹਨ। ਪਿੰਡ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰਦਿਆਂ, ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। 
ਪਿੰਡ ਦੇ ਦਲਿਤ ਮਜ਼ਦੂਰ ਵਿਰੋਧੀ ਧੌਂਸਬਾਜ਼ ਗਰੋਹ ਅਤੇ ਪੁਲਸ ਗੱਠਜੋੜ ਵੱਲੋਂ ਹਕੂਮਤੀ ਥਾਪੜੇ ਨਾਲ ਪਾਈ ਜਾ ਰਹੀ ਦਹਿਸ਼ਤ ਨੂੰ ਚੁਣੌਤੀ ਦੇਣ ਲਈ ਵੱਖ ਵੱਖ ਲੋਕ-ਹਿਤੈਸ਼ੀ, ਇਨਸਾਫਪਸੰਦ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਅਤੇ ਤਾਕਤਾਂ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ। 12 ਅਕਤੂਬਰ ਨੂੰ ਲਹਿਰਾਗਾਗਾ ਵਿਖੇ ਕੁੱਝ ਜਥੇਬੰਦੀਆਂ ਵੱਲੋਂ 4-5 ਸੌ ਦੀ ਗਿਣਤੀ ਵਿੱਚ ਰੈਲੀ ਕਰਦਿਆਂ ਦਲਿਤ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਗਈ ਹੈ ਅਤੇ ਖੇਤ ਮਜ਼ਦੂਰਾਂ ਖਿਲਾਫ ਪੁਲਸ ਵੱਲੋਂ ਚਲਾਈ ਜਾ ਰਹੀ ਦਹਿਸ਼ਤਪਾਊ ਮੁਹਿੰਮ ਨੂੰ ਬੰਦ ਕਰਨ, ਝੂਠੇ ਕੇਸ ਵਾਪਸ ਲੈਣ ਅਤੇ ਹਮਲਾਵਰ ਗੁੱਟ ਦੇ ਸਰਗਣਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਸੀ। 
ਇਸ ਤੋਂ ਬਾਅਦ ਬੀ.ਕੇ.ਯੂ. ਏਕਤਾ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ ਅਤੇ ਕੁੱਝ ਹੋਰਨਾਂ ਜਥੇਬੰਦੀਆਂ ਵੱਲੋਂ ਰਲ ਕੇ ਲਹਿਰਾਗਾਗਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ, ਉਹਨਾਂ ਵੱਲੋਂ ਦਲਿਤ ਮਜ਼ਦੂਰਾਂ ਦੀ ਹੱਕੀ ਸੰਘਰਸ਼ ਦੀ ਹਮਾਇਤ ਕਰਦਿਆਂ, ਅਕਾਲੀ ਹਾਕਮਾਂ ਦੇ ਪਾਲੇ-ਪੋਸੇ ਧੌਂਸਬਾਜ਼ ਗਰੋਹ ਅਤੇ ਪੁਲਸੀ ਗੱਠਜੋੜ ਖੇਤ ਮਜ਼ਦੂਰਾਂ 'ਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਖੇਤ ਮਜ਼ਦੂਰਾਂ ਖਿਲਾਫ ਵਿੱਢੀ ਗਈ ਇਹ ਦਹਿਸ਼ਤਪਾਊ ਮੁਹਿੰਮ ਬੰਦ ਨਾ ਕੀਤੀ ਗਈ ਤਾਂ ਇਸ 'ਚੋਂ ਨਿਕਲਣ ਵਾਲੇ ਨਤੀਜਿਆਂ ਦੀ ਜੁੰਮੇਵਾਰ ਅਕਾਲੀ-ਭਾਜਪਾ ਸਰਕਾਰ ਅਤੇ ਅਧਿਕਾਰੀ ਹੋਣਗੇ। 
ਸਭਨਾਂ ਇਨਕਲਾਬੀ ਤਾਕਤਾਂ, ਖੇਤ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਪੱਲੇ ਬੰਨ• ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਇਹ ਬੇਜ਼ਮੀਨੇ ਦਲਿਤ ਖੇਤ ਮਜ਼ਦੂਰ ਪੇਂਡੂ ਪ੍ਰੋਲੇਤਾਰੀ ਹਨ, ਜਿਹਨਾਂ ਨੇ ਭਵਿੱਖ ਦੀ ਇਨਕਲਾਬੀ ਕਿਸਾਨ ਲਹਿਰ (ਜ਼ਰੱਈ ਇਨਕਲਾਬੀ ਹਥਿਆਰਬੰਦ ਲਹਿਰ) ਦੀ ਗੁਲੀ ਅਤੇ ਰੀੜ• ਦੀ ਹੱਡੀ ਬਣਨਾ ਹੈ। ਇਹ ਗੱਲ ਪਿਛਾਖੜੀ ਹਾਕਮ ਅਤੇ ਉਹਨਾਂ ਦੇ ਪਿਆਦੇ ਵੀ ਭਲੀਭਾਂਤ ਜਾਣਦੇ ਹਨ। ਇਸ ਲਈ, ਜਦੋਂ ਇਹ ਦਲਿਤ ਭਾਈਚਾਰਾ ਕਿਤੇ ਵੀ ਸੰਘਰਸ਼ ਅੰਗੜਾਈ ਭਰਦਾ ਹੈ ਤਾਂ ਹਾਕਮ ਜਮਾਤੀ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਉਹਨਾਂ ਦੇ ਪਾਲੇ ਪੋਸੇ ਸਮਾਜ-ਵਿਰੋਧੀ ਮਾਫੀਆ ਤੇ ਧੌਂਸਬਾਜ਼ ਗਰੋਹਾਂ ਦੇ ਸੱਤੀਂ-ਕੱਪੜੀਂ ਅੱਗ ਲੱਗ ਜਾਂਦੀ ਹੈ। ਕਿਉਂਕਿ ਇਹਨਾਂ ਦੀ ਸੰਘਰਸ਼ ਅੰਗੜਾਈ ਵਿੱਚੋਂ ਹੀ ਉਹਨਾਂ ਨੂੰ ਪੇਂਡੂ ਖੇਤਰ ਅੰਦਰ ਆਪਣੀ ਜਾਗੀਰੂ ਸੱਤਾ ਅਤੇ ਚੌਧਰ ਦੀਆਂ ਥੰਮ•ੀਆਂ ਹਕੀਕੀ ਖਤਰਾ ਸਿਰ ਚੁੱਕਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਇਹ ਇਸ ਸਿਰ ਚੁੱਕ ਰਹੇ ਖਤਰੇ ਨੂੰ ਸ਼ੁਰੂ ਵਿੱਚ ਹੀ ਨੱਪਣ ਲਈ ਪੱਬਾਂ ਭਾਰ ਹੋ ਜਾਂਦੇ ਹਨ। 
ਪਰ ਖੇਤ ਮਜ਼ਦੂਰਾਂ ਨੂੰ ਇਹ ਗੱਲ ਘੁੱਟ ਕੇ ਪੱਲੇ ਬੰਨ• ਲੈਣੀ ਚਾਹੀਦੀ ਹੈ ਕਿ ਦਰੁਸਤ ਸੇਧ ਅਤੇ ਸਮੂਹਿਕ ਏਕੇ ਦੇ ਜ਼ੋਰ ਇਸ਼ ਪਿਛਾਖੜੀ ਗੱਠਜੋੜ ਦੇ ਹਮਲਿਆਂ ਨੂੰ ਅੰਤ ਵਿੱਚ ਪਿਛਾੜਿਆ ਜਾ ਸਕਦਾ ਹੈ, ਬਸ਼ਰਤੇ ਆਪਣੀ ਇੱਕਜੁੱਟ ਤਾਕਤ 'ਤੇ ਭਰੋਸਾ ਅਤੇ ਟੇਕ ਰੱਖ ਕੇ ਚੱਲਿਆ ਜਾਵੇ ਅਤੇ ਆਪਣੀ  ਸਮੂਹਿਕ ਤਾਕਤ 'ਤੇ ਟੇਕ ਰੱਖਦਿਆਂ, ਹੋਰਨਾਂ ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ ਵਿਸ਼ੇਸ਼ ਕਰਕੇ ਕਿਸਾਨ ਜਥੇਬੰਦੀਆਂ ਦੀ ਮੱਦਦ ਜੁਟਾਈ ਜਾਵੇ। 
ਪੰਜਾਬ ਦੀਆਂ ਸਭਨਾਂ ਖਰੀਆਂ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਅਤੇ ਇਨਕਲਾਬੀ ਤਾਕਤਾਂ ਲਈ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਝਲੂਰ ਕਾਂਡ ਕੋਈ ਇਕੱਲੀ ਕਹਿਰੀ ਘਟਨਾ ਨਹੀਂ ਹੈ, ਇਹ ਅਕਾਲੀ-ਭਾਜਪਾ ਹਕੂਮਤ, ਅਫਸਰਸ਼ਾਹੀ ਅਤੇ ਉਸ ਵੱਲੋਂ ਪਾਲੇ-ਪੋਸੇ ਮਾਫੀਆ ਗੁੰਡਾ ਗਰੋਹਾਂ ਵੱਲੋਂ ਹੱਕੀ ਸੰਘਰਸ਼ ਦੇ ਰਾਹ ਪਈ ਜਨਤਾ ਖਿਲਾਫ ਵਿੱਢੇ ਵਿਆਪਕ ਤੇ ਵੱਡੀ ਫਾਸ਼ੀ ਹਮਲਾਵਰ ਮੁਹਿੰਮ ਦਾ ਹੀ ਇੱਕ ਅੰਗ ਹੈ। ਇਸ ਲਈ, ਇਸ ਨੂੰ ਗੰਭੀਰਤਾ ਨਾਲ ਅਤੇ ਚੁਣੌਤੀ ਵਜੋਂ ਲੈਂਦਿਆਂ, ਇਸਦਾ ਢੁਕਵਾਂ ਜੁਆਬ ਦੇਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। 
ਜਲੂਰ ਕਾਂਡ: ਜਮਹੂਰੀ ਅਧਿਕਾਰ ਸਭਾ ਹਾਈਕੋਰਟ ਨੂੰ ਸੌਂਪੇਗੀ ਜਾਂਚ ਰਿਪੋਰਟ
ਸੰਗਰੂਰ, 11 ਅਕਤੂਬਰ- ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸੂਬਾ ਪੱਧਰ ਦੀਆਂ ਤਿੰਨ ਹੋਰ ਜਥੇਬੰਦੀਆਂ ਸਮੇਤ ਪਿੰਡ ਜਲੂਰ ਦਾ ਦੌਰਾ ਕਰਨ ਤੋਂ ਬਾਅਦ ਦਲਿਤਾਂ 'ਤੇ ਹੋਏ ਹਮਲੇ ਦੀ ਵਾਪਰੀ ਘਟਨਾ ਦੀ ਮੁਕੰਮਲ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ। 
ਇੱਥੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸੱਕਤਰ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਤਪਾਲ ਸਿੰਘ ਬਠਿੰਡਾ ਅਤੇ ਐਡਵੋਕੇਟ ਐਨ.ਕੇ.ਜੀਤ, ਜ਼ਿਲ•ਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਤੋਂ ਇਲਾਵਾ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਐਡਵੋਕੇਟ ਪੰਕਜ, ਸਟੂਡੈਂਟਸ ਫਾਰ ਸੁਸਾਇਟੀ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਸੋਨਾ ਸਿੰਘ ਆਦਿ ਦੀ ਟੀਮ ਵੱਲੋਂ ਪਿੰਡ ਜਲੂਰ ਦਾ ਦੌਰਾ ਕੀਤਾ ਗਿਆ ਹੈ। 
ਉਹਨਾਂ ਦੱਸਿਆ ਕਿ ਪਿੰਡ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਹੈ। ਬਹੁਤੇ ਘਰਾਂ ਨੂੰ ਜਿੰਦਰੇ ਲੱਗੇ ਹੋਏ ਹਨ। ਦਲਿਤ ਪਰਿਵਾਰ ਰਾਤ ਨੂੰ ਆਪਣੇ ਘਰਾਂ ਵਿੱਚ ਸੌਣ ਤੋਂ ਡਰਦੇ ਹਨ। ਇਸ ਮੌਕੇ ਜਾਰੀ ਰਿਪੋਰਟ ਵਿੱਚ ਦੋਸ਼ ਲਾਇਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਜਲੂਰ ਅਤੇ ਉਸਦੇ ਭਰਾ 'ਤੇ ਸੰਘਰਸ਼ ਕਮੇਟੀ ਆਗੂ ਬਲਵਿੰਦਰ ਜਲੂਰ ਦੇ ਪਰਿਵਾਰ ਅਤੇ ਘਰ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ। ਇਹਨਾਂ ਦੀ ਬਜ਼ੁਰਗ ਮਾਤਾ ਦੀ ਲੱਤ ਵੱਢ ਦਿੱਤੀ ਗਈ ਅਤੇ ਬਜ਼ੁਰਗ ਪਿਤਾ ਦੀ ਬੇਇੱਜਤੀ ਕੀਤੀ। ਪਰਿਵਾਰ ਦੀ ਪ੍ਰਚੂਨ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਜਖਮੀ ਪਰਿਵਾਰ ਡਰਦਾ ਹਸਪਤਾਲਾਂ ਵਿੱਚ ਦਾਖਲ ਨਹੀਂ ਹੋ ਰਿਹਾ ਅਤੇ ਡੰਗਰ ਭੁੱਖੇ ਮਰ ਰਹੇ ਹਨ। 
ਸਭਾ ਨੇ ਸਿਵਲ ਅਤੇ ਪੁਲਸ ਪ੍ਰਸਾਸ਼ਨ ਦੀ ਕਾਰਵਾਈ ਨੂੰ ਸਿਆਸੀ ਸ਼ਹਿ ਪ੍ਰਾਪਤ ਇੱਕਪਾਸੜ ਕਰਾਰ ਦਿੱਤਾ ਹੈ। ਉਹਨਾਂ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਂਚ ਲਈ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਆਧਾਰਤ ਬਣਾਈ ਕਮੇਟੀ ਨੂੰ ਲਿੱਪਾਪੋਚੀ ਅਤੇ ਮੁੱਦੇ ਨੂੰ ਦਫਨਾਉਣ ਦਾ ਯਤਨ ਦੱਸਦਿਆਂ ਘਟਨਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ। 

No comments:

Post a Comment