ਅਖੌਤੀ ਸਰਜੀਕਲ ਹਮਲਿਆਂ ਨਾਲ ਆਰੰਭੀ
ਹਿੰਦੂ ਫਿਰਕੂ ਜਨੂੰਨ ਦੀ ਝੱਲਿਆਈ ਮੁਹਿੰਮ ਓਹਲੇ ਕੰਮ ਕਰਦੇ
ਪਿਛਾਖੜੀ ਫਾਸ਼ੀ ਮਨਸੂਬਿਆਂ ਨੂੰ ਨੰਗਾ ਕਰੋ
ਸਤੰਬਰ ਮਹੀਨੇ 'ਚ ਕਸ਼ਮੀਰੀ ਖਾੜਕੂਆਂ ਵੱਲੋਂ ਕੰਟਰੋਲ ਰੇਖਾ ਨੇੜੇ ਭਾਰਤੀ ਫੌਜ ਦੇ ਇੱਕ ਕੈਂਪ 'ਤੇ ਹਮਲਾ ਬੋਲਿਆ ਗਿਆ। ਇਸ ਹਮਲੇ ਵਿੱਚ 19 ਫੌਜੀ ਮਾਰੇ ਗਏ ਅਤੇ ਕਈ ਜਖ਼ਮੀ ਹੋ ਗਏ। ਭਾਰਤੀ ਫੌਜ ਦੇ ਕਿਸੇ ਕੈਂਪ 'ਤੇ ਇਹ ਨਾ ਕੋਈ ਪਹਿਲਾ ਹਮਲਾ ਹੈ ਅਤੇ ਨਾ ਹੀ ਆਖਰੀ। ਇਹ ਕਸ਼ਮੀਰੀ ਲੋਕਾਂ ਵੱਲੋਂ ਕਸ਼ਮੀਰ 'ਤੇ ਕਬਜ਼ਾ ਜਮਾਈ ਬੈਠੀ ਭਾਰਤੀ ਹਾਕਮਾਂ ਦੀ ਧਾੜਵੀ ਫੌਜ ਨੂੰ ਖਦੇੜਨ ਲਈ ਵਿੱਢੀ ਗਈ ਜ਼ਿੰਦਗੀ-ਮੌਤ ਦੀ ਲੜਾਈ ਦਾ ਹਿੱਸਾ ਹੈ। ਇੱਕ ਪਾਸੇ ਮਜ਼ਲੂਮ ਕਸ਼ਮੀਰੀ ਕੌਮ ਹੈ, ਜਿਹੜੀ ਆਪਣੇ ਕੌਮੀ ਆਪਾ-ਨਿਰਣੇ ਦੇ ਹੱਕ ਅਤੇ ਆਜ਼ਾਦੀ ਲਈ ਲੜ ਰਹੀ ਹੈ, ਜਿਹੜੀ ਕੰਟਰੋਲ ਰੇਖਾ ਦੇ ਇੱਕ ਪਾਸੇ ਭਾਰਤੀ ਹਾਕਮਾਂ ਅਤੇ ਦੂਜੇ ਪਾਸੇ ਪਾਕਿਸਤਾਨੀ ਹਾਕਮਾਂ ਵੱਲੋਂ ਧੱਕੇ ਨਾਲ ਜੋਰੋ-ਜਬਰੀ ਕਬਜ਼ੇ ਹੇਠ ਕੀਤੀ ਆਪਣੀ ਧਰਤੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਪਿਛਾਖੜੀ ਹਾਕਮ ਹਨ, ਜਿਹੜੇ ਕਸ਼ਮੀਰ ਦੀ ਸਾਰੀ ਦੀ ਸਾਰੀ ਧਰਤੀ ਨੂੰ ਹੜੱਪਣਾ ਚਾਹੁੰਦੇ ਹਨ, ਜਿਹੜੇ ਕਸ਼ਮੀਰੀ ਕੌਮ ਦੀ ਆਪਾ-ਖੁਦਮੁਖਤਿਆਰੀ ਅਤੇ ਆਜ਼ਾਦੀ ਲਈ ਤੜਫ ਅਤੇ ਤਾਂਘ ਨੂੰ ਫੌਜੀ ਬੂਟਾਂ ਹੇਠਾਂ ਦਰੜਦਿਆਂ, ਉਸ ਨੂੰ ਸਦੀਵੀਂ ਦਾਬੇ ਅਤੇ ਗੁਲਾਮੀ ਦੇ ਜੂਲੇ ਹੇਠ ਰੱਖਣ ਦੇ ਮਨਸੂਬੇ ਪਾਲ ਰਹੇ ਹਨ। ਜਦੋਂ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਯੂ.ਐਨ.ਓ. ਦੇ ਮਤਿਆਂ, ਭਾਰਤੀ ਪਾਰਲੀਮੈਂਟ ਅੰਦਰ ਕਸ਼ਮੀਰ ਮੁੱਦੇ 'ਤੇ ਹੋਈਆਂ ਬਹਿਸਾਂ ਅਤੇ ਨਹਿਰੂ ਸਮੇਤ ਭਾਰਤੀ ਆਗੂਆਂ ਦੇ ਬਿਆਨਾਂ ਦਾ ਰਿਕਾਰਡ ਗਵਾਹ ਹੈ ਕਿ 1948 'ਚ ਹੋਏ ਭਾਰਤ ਨਾਲ ਆਰਜੀ ਅਲਹਾਕ ਤੋਂ ਪਹਿਲਾਂ ਜੰਮੂ-ਕਸ਼ਮੀਰ ਇੱਕ ਵੱਖਰਾ ਮੁਲਕ ਸੀ। 1947 ਵਿੱਚ ਅਖੌਤੀ ਆਜ਼ਾਦੀ ਤੋਂ ਬਾਅਦ ਜਦੋਂ ਕਬਾਇਲੀ ਰਜ਼ਾਕਾਰਾਂ ਵੱਲੋਂ ਮਹਾਰਾਜਾ ਰਹੀ ਸਿੰਘ ਦੀ ਫੌਜ ਖਿਲਾਫ ਹੱਲਾ ਬੋਲਿਆ ਗਿਆ ਤਾਂ ਉਸ ਵੱਲੋਂ ਭਾਰਤੀ ਹਾਕਮਾਂ ਕੋਲੋਂ ਮੱਦਦ ਮੰਗੀ ਗਈ। ਭਾਰਤੀ ਹਾਕਮਾਂ ਵੱਲੋਂ ਇਹ ਮੱਦਦ ਮਹਾਰਾਜਾ ਹਰੀ ਸਿੰਘ ਵੱਲੋਂ ਆਪਣੀ ਰਿਆਸਤ ਨੂੰ ਭਾਰਤ ਨਾਲ ਅਲਹਾਕ 'ਤੇ ਦਸਤਖਤ ਕਰਨ ਦੀ ਸ਼ਰਤ 'ਤੇ ਮੁਹੱਈਆ ਕੀਤੀ ਗਈ। ਪਰ ਇਹ ਅਲਹਾਕ ਆਰਜੀ ਅਤੇ ਸ਼ਰਤੀਆ ਸੀ। ਜੰਮੂ-ਕਸ਼ਮੀਰ ਅੰਦਰ ''ਅਮਨ-ਸ਼ਾਂਤੀ'' ਸਥਾਪਤ ਹੋਣ ਤੋਂ ਬਾਅਦ ਉÎਥੇ ਰਾਇ-ਸ਼ੁਮਾਰੀ ਕਰਵਾਈ ਜਾਣੀ ਸੀ, ਜਿਸ ਰਾਹੀਂ ਇਹ ਤਹਿ ਹੋਣਾ ਸੀ ਕਿ ਜੰਮੂ-ਕਸ਼ਮੀਰ ਦੇ ਲੋਕ ਭਾਰਤ ਨਾਲ ਰਹਿਣਾ ਚਾਹੁੰਦੇ ਹਨ ਜਾਂ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹਨ ਜਾਂ ਇੱਕ ਆਜ਼ਾਦ ਮੁਲਕ ਵਜੋਂ ਆਪਣਾ ਖੁਦਮੁਖਤਿਆਰ ਰਸਤਾ ਅਖਤਿਆਰ ਕਰਨਾ ਚਾਹੁੰਦੇ ਹਨ। ਉਸ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ''ਅਮਨ-ਸ਼ਾਂਤੀ'' ਤਾਂ ਕਾਇਮ ਹੋ ਗਈ, ਪਰ ਭਾਰਤੀ ਹਾਕਮਾਂ ਵੱਲੋਂ ਰਾਇ-ਸ਼ੁਮਾਰੀ ਦੀ ਪ੍ਰਵਾਨ ਕੀਤੀ ਸ਼ਰਤ ਤੋਂ ਪੈਰ ਪਿੱਛੇ ਖਿੱਚਦਿਆਂ ਅਤੇ ਅਖੀਰ ਸ਼ਰੇਆਮ ਮੁੱਕਰਦਿਆਂ, ਇਹ ਐਲਾਨ ਕਰ ਦਿੱਤਾ ਗਿਆ ਕਿ ਕਸ਼ਮੀਰ ਦਾ ਭਾਰਤ ਨਾਲ ਅਲਹਾਕ ਅੰਤਿਮ ਹੈ। ਕਸ਼ਮੀਰ (ਸਮੇਤ ਪਾਕਿਸਤਾਨ ਕਬਜ਼ੇ ਹੇਠਲਾ ਕਸ਼ਮੀਰ) ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹੈ। ਉਹਨਾਂ ਮੁਤਾਬਕ ਜਿਹੜਾ ਵੀ ਕੋਈ ਕਸ਼ਮੀਰ ਦੀ ਕੌਮੀ ਖੁਦਮੁਖਤਿਆਰੀ, ਆਪਾ-ਨਿਰਣੇ ਦੇ ਹੱਕ, ਆਜ਼ਾਦੀ ਅਤੇ ਰਾਇ-ਸ਼ੁਮਾਰੀ ਦੀ ਗੱਲ ਕਰਦਾ ਹੈ, ਉਹ ''ਵੱਖਵਾਦੀ'' ਹੈ, ਰਾਸ਼ਟਰ-ਵਿਰੋਧੀ ਅਤੇ ਦੇਸ਼-ਵਿਰੋਧ ਹੈ, ਦੇਸ਼-ਧਰੋਹੀ ਹੈ, ਮੁਲਕ ਦੇ ਲੋਕਾਂ ਦਾ ਦੁਸ਼ਮਣ ਹੈ।
ਇਸੇ ਕਰਕੇ ਭਾਰਤ ਦੇ ਪਸਾਰਵਾਦੀ ਪਿਛਾਖੜੀ ਹਾਕਮਾਂ ਦੀਆਂ ਨਜ਼ਰਾਂ ਵਿੱਚ ਕਸ਼ਮੀਰ ਦੀ ਧਰਤੀ ਤੋਂ ਉੱਠਦੀ ਕੌਮੀ ਆਜ਼ਾਦੀ ਦੀ ਹਰ ਆਵਾਜ਼ ''ਵੱਖਵਾਦੀ'' ਅਤੇ ''ਦਹਿਸ਼ਤਗਰਦ'' ਹੈ। ਕਸ਼ਮੀਰ ਦੀ ਧਰਤੀ 'ਤੇ ਅੰਗੜਾਈ ਲੈਂਦੇ ਅਤੇ ਤਣੇ ਹੋਏ ਮੁੱਕਿਆਂ ਨਾਲ ਸੜਕਾਂ 'ਤੇ ਵਹਿ ਤੁਰਦੇ ਨਿਹੱਥੇ ਲੋਕਾਂ ਦੇ ਕਾਫਲੇ ''ਵੱਖਵਾਦੀ'' ਹਨ, ਦਹਿਸ਼ਦਰਦ'' ਹਨ, ''ਦੇਸ਼ਧਰੋਹੀ'' ਅਤੇ ''ਦੁਸ਼ਮਣ'' ਹਨ। ਕਸ਼ਮੀਰੀ ਧਰਤੀ, ਕਸ਼ਮੀਰੀ ਧੀਆਂ-ਪੁੱਤਾਂ ਦਾ ਘਾਣ ਕਰ ਰਹੀ, ਔਰਤਾਂ ਦੀ ਇੱਜਤ ਅਤੇ ਸਵੈਮਾਣ ਨਾਲ ਖੇਡ ਰਹੀ ਭਾਰਤੀ ਫੌਜ ਖਿਲਾਫ ਉੱਠਦਾ ਹਰ ਸਿਰ ਇੱਕ ਦੇਸ਼ਧਰੋਹੀ ਸਿਰ ਹੈ, ਜਿਹੜਾ ਕਲਮ ਕਰ ਦਿੱਤਾ ਜਾਣਾ ਚਾਹੀਦਾ ਹੈ। ਅੱਜ ਭਾਰਤੀ ਹਾਕਮ ਜਮਾਤੀ ਮੀਡੀਆ (ਟੀ.ਵੀ.-ਅਖਬਾਰ ਆਦਿ) ਅਤੇ ਉਸਦੇ ਜ਼ਰ-ਖਰੀਦ ਬੁੱਧੀਜੀਵੀਆਂ ਵੱਲੋਂ ਪੂਰੇ ਜ਼ੋਰ-ਸ਼ੋਰ ਨਾਲ ਇਹ ਗੱਲ ਧੁੰਮਾਈ ਜਾ ਰਹੀ ਹੈ ਕਿ ਕਸ਼ਮੀਰ ਅੰਦਰ ਕੌਮੀ ਆਜ਼ਾਦੀ ਲਈ ਜੋ ਵੀ ਪੁਰਅਮਨ ਅਤੇ ਹਥਿਆਰਬੰਦ ਸੰਘਰਸ਼ ਚੱਲ ਰਿਹਾ ਹੈ, ਇਹ ਪਾਕਿਸਤਾਨ ਵੱਲੋਂ ਭੜਕਾਇਆ ਜਾ ਰਿਹਾ ਹੈ। ਲੋਕਾਂ ਦੇ ਕਾਫਲਿਆਂ ਵੱਲੋਂ ਫੌਜੀ ਧਾੜਾਂ ਅਤੇ ਕੈਂਪਾਂ 'ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਪਾਕਿਸਤਾਨ ਵੱਲੋਂ ਭੜਕਾਈਆਂ ਜਾ ਰਹੀਆਂ ਹਨ। ਇਹ ਸਿਰਫ ਪੰਜ ਫੀਸਦੀ ਪਾਕਿਸਤਾਨ ਪੱਖੀ ਲੋਕਾਂ ਦਾ ਕੰਮ ਹੈ। ਅੱਜ ਅਜਿਹੇ ਸਿਦਕਵਾਨ ਕਸ਼ਮੀਰੀਆਂ ਦੇ ਸਿਰਾਂ ਵਿੱਚ ਗੋਲੀਆਂ ਮਾਰਨ ਵਾਲੇ ਖੂੰਖਾਰ ਭਾਰਤੀ ਫੌਜੀਆਂ ਦੀ ਹਿੱਕ 'ਤੇ ਦੇਸ਼ਭਗਤੀ ਦੇ ਤਗਮੇ ਸਜਾਏ ਜਾ ਰਹੇ ਹਨ। ਭਾਰਤੀ ਹਾਕਮਾਂ ਵੱਲੋਂ ਅਤੇ ਉਹਨਾਂ ਦੇ ਮੁੱਠੀ ਭਰ ਕਸ਼ਮੀਰ ਦੇ ਗ਼ਦਾਰ ਸਥਾਨਕ ਹਾਕਮ ਟੋਲਿਆਂ (ਮਹਿਬੂਬਾ ਮੁਫਤੀਆਂ ਅਤੇ ਫਰੂਕ ਅਬਦੁੱਲਿਆਂ ਆਦਿ) ਵੱਲੋਂ ਕਸ਼ਮੀਰੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਧਾੜਵੀ ਫੌਜ ਨੂੰ ਜੀ ਆਇਆਂ ਆਖਿਆ ਜਾਵੇ। ਕੁਨਾਨ ਪੋਸ਼ਪੁਰਾ (ਜਿੱਥੇ ਫੌਜ ਵੱਲੋਂ 100 ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ) ਵਰਗੇ ਨਾਦਰਸ਼ਾਹੀ ਜ਼ੁਲਮਾਂ ਨੂੰ ਮਾਤ ਪਾਉਂਦੇ ਕਾਲੇ ਕਾਂਡ ਰਚਾਉਣ ਵਾਲੀ ਭਾਰਤੀ ਫੌਜ ਦੇ ਜਬਰੋ ਜ਼ੁਲਮ ਨੂੰ ''ਅੱਤਵਾਦ'' ਅਤੇ ''ਦਹਿਸ਼ਤਗਰਦੀ'' ਵਿਰੋਧੀ ਕਾਰਵਾਈ ਮੰਨਦਿਆਂ ਉਸਦੀ ''ਦੇਸ਼ਭਗਤੀ'' ਦੀ ਜੈ ਜੈਕਾਰ ਕੀਤੀ ਜਾਵੇ ਅਤੇ ਉਸਦੇ ਸੁਆਗਤ ਵਿੱਚ ਉਸਦੀਆਂ ਆਰਤੀਆਂ ਉਤਾਰੀਆਂ ਜਾਣ।
ਗੱਲ ਕੀ— ਕਸ਼ਮੀਰੀ ਕੌਮ ਵੱਲੋਂ ਆਜ਼ਾਦੀ ਲਈ ਅਤੇ ਭਾਰਤੀ ਹਾਕਮਾਂ ਦੀਆਂ ਧਾੜਵੀ ਫੌਜਾਂ ਵੱਲੋਂ ਕਬਜ਼ਾ ਬਰਕਰਾਰ ਰੱਖਣ ਲਈ ਚੱਲਦੀ ਜੰਗ ਨੂੰ ਪਾਕਿਸਤਾਨ ਵੱਲੋਂ ਲੜੀ ਜਾ ਰਹੀ ਅਸਿੱਧੀ ਜੰਗ (ਪ੍ਰੌਕਸੀ ਵਾਰ) ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਭਾਰਤ ਦੀਆਂ ਹੋਰਨਾਂ ਕੌਮੀਅਤਾਂ ਦੇ ਲੋਕਾਂ ਅੰਦਰ ਨਕਲੀ ਦੇਸ਼ਭਗਤੀ ਅਤੇ ਕੌਮਵਾਦ ਭੜਕਾਉਂਦਿਆਂ, ਦਹਾਕਿਆਂ ਤੋਂ ਕਸ਼ਮੀਰੀ ਲੋਕਾਂ ਖਿਲਾਫ ਵਿੱਢੀ ਖੂੰਖਾਰ ਜੰਗ ਨੂੰ ਅਸਿੱਧੇ ਤੌਰ 'ਤੇ ਪਾਕਿਸਤਾਨ ਖਿਲਾਫ ਜਵਾਬੀ ਕਾਰਵਾਈ ਵਜੋਂ ਬਣਾ ਕੇ ਵਰਤਾਇਆ ਜਾ ਰਿਹਾ ਹੈ। ਨਰਿੰਦਰ ਮੋਦੀ ਹਕੂਮਤ ਦੇ ਅਰਸੇ ਦੌਰਾਨ ਇਹ ਭਰੜਾਇਆ ਪਿਛਾਖੜੀ ਰਾਗ ਹੋਰ ਵੀ ਉੱਚਾ ਹੋ ਗਿਆ ਹੈ। ਆਰ.ਐਸ.ਐਸ., ਭਾਜਪਾ ਅਤੇ ਸਮੁੱਚੇ ਹਿੰਦੂਤਵੀ ਫਾਸ਼ੀ ਸੰਘ ਲਾਣੇ ਵੱਲੋਂ ਹਿੰਦੂ ਕੌਮਵਾਦ ਦੇ ਜੈਕਾਰੇ ਉੱਚੇ ਕੀਤੇ ਜਾ ਰਹੇ ਹਨ। ਮੁਲਕ ਨੂੰ ਸਿਰਫ ਹਿੰਦੂ ਕੌਮ ਦਾ ਘਰ ਆਖਦਿਆਂ ਬਾਕੀ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨ ਧਾਰਮਿਕ ਘੱਟ ਗਿਣਤੀ ਨੂੰ ''ਪਰਾਈ ਕੌਮ'' ਵਜੋਂ ਉਭਾਰਿਆ ਜਾ ਰਿਹਾ ਹੈ। ਸਮੁੱਚੇ ਹਿੰਦੁਸਤਾਨ ਸਮੇਤ ਪਾਕਿਸਤਾਨ ਤੇ ਜੰਮੂ-ਕਸ਼ਮੀਰ ਨੂੰ ਹਿੰਦੂ ਕੌਮ ਦੀ ਮਲਕੀਅਤ ਮੰਨਦਿਆਂ, ਪਾਕਿਸਤਾਨ ਨੂੰ ਵੀ ਮੁੜ ਭਾਰਤ ਵਿੱਚ ਸ਼ਾਮਲ ਕਰਨ ਦੇ ਮਨਸੂਬਿਆਂ ਨੂੰ ਪ੍ਰਚਾਰਿਆ ਜਾ ਰਿਹਾ ਹੈ। ਇਉਂ ਹਿੰਦੂ ਫਿਰਕੂ ਜਨੂੰਨ ਦਾ ਛੱਟਾ ਦਿੰਦਿਆਂ, ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇੱਕ ਬਾਹਰੋਂ ਆਈ ਹਮਲਾਵਰ ''ਮੁਸਲਮਾਨ ਕੌਮ'' ਵੱਲੋਂ ਪਹਿਲਾਂ ''ਹਿੰਦੂ ਕੌਮ'' ਨੂੰ ਇੱਕ ਹਜ਼ਾਰ ਸਾਲ ਗੁਲਾਮ ਰੱਖਿਆ ਗਿਆ, ਫਿਰ ਪਾਕਿਸਤਾਨ ਦੇ ਰੂਪ ਵਿੱਚ ਇਸ ਧਰਤੀ ''ਭਾਰਤ ਮਾਤਾ'' ਦਾ ਇੱਕ ਟੁਕੜਾ ਹਥਿਆ ਲਿਆ ਗਿਆ ਅਤੇ ਹੁਣ ਕਸ਼ਮੀਰ ਨੂੰ ਹਥਿਆਉਣਾ ਚਾਹੁੰਦੀ ਹੈ ਅਤੇ ਕਸ਼ਮੀਰੀ ਮੁਸਲਮਾਨਾਂ ਨੂੰ ਇਸ ਮਕਸਦ ਲਈ ਵਰਤਿਆ ਜਾ ਰਿਹਾ ਹੈ। ਇਸ ਤਰ•ਾਂ, ਹਿੰਦੂਤਵੀ ਫਾਸ਼ੀ ਟੋਲਿਆਂ ਵੱਲੋਂ ਅਖੌਤੀ ''ਰਾਸ਼ਟਰਵਾਦ'' ਦੇ ਨਾਂ ਹੇਠ ''ਹਿੰਦੂ ਰਾਸ਼ਟਰਵਾਦ'' ਨੂੰ ਉਗਾਸਾ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ ਆਪਣੀ ਹੱਕੀ ਲੜਾਈ ਲੜ ਰਹੀ ਕਸ਼ਮੀਰੀ ਕੌਮ ਨੂੰ ਅੰਨ•ੀਂ ਨਫਰਤ ਦਾ ਨਿਸ਼ਾਨਾ ਬਣਾਉਣ ਲਈ ਵਰਤਿਆ ਜਾ ਰਿਹਾ ਹੈ।
ਮੁਲਕ ਅੰਦਰ ਹੱਕੀ ਆਜ਼ਾਦੀ ਲਈ ਲੜ ਰਹੀ ਕਸ਼ਮੀਰੀ ਕੌਮ ਖਿਲਾਫ ਅੰਨ•ੀਂ ਨਫਰਤ ਦਾ ਨਿਸ਼ਾਨਾ ਬਣਾਉਣ ਅਤੇ ਕਾਬਜ਼ ਫੌਜ ਵੱਲੋਂ ''ਘੇਰੋ ਅਤੇ ਕੁਚਲ ਦਿਓ'' ਦੀ ਚੱਲਦੀ ਲਗਾਤਾਰ ਮੁਹਿੰਮ ਦੇ ਬਾਵਜੂਦ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਲਈ ਗਰਜਦੀ ਲਲਕਾਰ ਭਾਰਤੀ ਹਾਕਮਾਂ ਦੇ ਕਾਲਜੇ ਹੌਲ ਪਾਉਂਦੀ ਰਹੀ ਹੈ। ਕਸ਼ਮੀਰੀ ਖਾੜਕੂ ਨੌਜਵਾਨ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ, ਕਸ਼ਮੀਰ ਦੇ ਚੱਪੇ ਚੱਪੇ 'ਤੇ ਵਿਸ਼ਾਲ ਜਨਤਕ ਰੋਹ ਅਤੇ ਵਿਦਰੋਹ ਦੀ ਕਾਂਗ ਨੇ ਭਾਰਤੀ ਹਾਕਮਾਂ ਦੀ ਫੌਜ ਦੇ ਪੈਰਾਂ ਹੇਠ ਅੰਗਿਆਰਾਂ ਦਾ ਰੂਪ ਧਾਰਨ ਕਰ ਲਿਆ। ਲੋਕਾਂ ਵੱਲੋਂ ਹੱਥਾਂ ਵਿੱਚ ਪੱਥਰ ਲੈ ਕੇ ਪੁਲਸੀ ਥਾਣਿਆਂ ਅਤੇ ਫੌਜੀ ਕੈਂਪਾਂ-ਡੇਰਿਆਂ 'ਤੇ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲਕੀਰ ਦੇ ਇੱਕ ਪਾਸੇ ਪੈਲੇਟ ਬੰਦੂਕਾਂ, ਮਾਰੂ ਹਥਿਆਰਾਂ ਅਤੇ ਸਾਜੋ-ਸਮਾਨ ਨਾਲ ਲੈਸ ਲੱਖਾਂ ਦੀ ਨਫਰੀ ਵਿੱਚ ਕਸ਼ਮੀਰ ਦੇ ਚੱਪੇ ਚੱਪੇ 'ਤੇ ਤਾਇਨਾਤ ਭਾਰਤੀ ਹਾਕਮਾਂ ਦੀ ਭਾੜੇ ਦੀ ਫੌਜ ਸੀ ਅਤੇ ਲਕੀਰ ਦੇ ਦੂਜੇ ਪਾਸੇ ਆਪਣੇ ਦਿਲਾਂ ਵਿੱਚ ਲਟ ਲਟ ਬਲਦੀ ਆਜ਼ਾਦੀ ਦੀ ਤਾਂਘ ਅਤੇ ਕਾਬਜ਼ ਧਾੜਵੀ ਫੌਜ ਦੇ ਅੱਤਿਆਚਾਰਾਂ ਖਿਲਾਫ ਉਬਾਲੇ ਖਾਂਦੀ ਨਫਰਤ ਨਾਲ ਭਰੇ-ਪੀਤੇ ਜ਼ਿਆਦਾਤਰ ਨਿਹੱਥੇ ਕਸ਼ਮੀਰੀ ਲੋਕ ਸਨ। ਗਲੀਆਂ, ਬਾਜ਼ਾਰਾਂ ਅਤੇ ਪਿੰਡਾਂ ਵਿੱਚ ਹੱਕ-ਸੱਚ ਲਈ ਜੂਝਦੇ ਕਸ਼ਮੀਰੀ ਲੋਕਾਂ ਵੱਲੋਂ ਫੌਜੀ, ਨੀਮ-ਫੌਜ ਅਤੇ ਪੁਲਸੀ ਦਲਾਂ ਨਾਲ ਦਲੇਰਾਨਾ, ਸਿਦਕਦਿਲੀ ਅਤੇ ਜਾਨ-ਵਾਰੂ ਟਾਕਰੇ ਅਤੇ ਭਾੜੇ ਦੀਆਂ ਹਥਿਆਰਬੰਦ ਤਾਕਤਾਂ ਦੀਆਂ ਪੈਂਦੀਆਂ ਪੁਦੀੜਾਂ ਦੀਆਂ ਝਲਕਾਂ ਹਾਕਮਾਂ ਵੱਲੋਂ ਪ੍ਰੈਸ ਤੇ ਮੀਡੀਆ 'ਤੇ ਮੜ•ੀਆਂ ਪਾਬੰਦੀਆਂ ਦਾ ਕੜ ਪਾੜ ਕੇ ਵੀ ਬਾਹਰ ਆਉਂਦੀਆਂ ਰਹੀਆਂ ਹਨ ਅਤੇ ਹਾਕਮਾਂ ਦੀ ਨੀਂਦ ਹਰਾਮ ਕਰਦੀਆਂ ਰਹੀਆਂ ਹਨ। ਉਹਨਾਂ ਦੇ ਮੱਥੇ 'ਤੇ ਡੂੰਘੀਆਂ ਤਿਊੜੀਆਂ ਪਾਉਂਦੀਆਂ ਰਹੀਆਂ ਹਨ।
ਜਦੋਂ ''ਭਾਰਤੀ ਹਾਕਮੋ ਕਸ਼ਮੀਰ ਛੱਡੋ'' ਦੀ ਗਰਜ ਮੱਠੀ ਪੈਂਦੀ ਨਾ ਦਿਸੀ ਤਾਂ ਨਰਿੰਦਰ ਮੋਦੀ ਫਿਰਕੂ ਫਾਸ਼ੀ ਹਕੂਮਤੀ ਜੁੰਡਲੀ ਵੱਲੋਂ ਇੱਕ ਹੱਥ ''ਕਸ਼ਮੀਰ, ਕਸ਼ਮੀਰੀਅਤ ਅਤੇ ਜਮਹੂਰੀਅਤ'' ਦੀ ਹੋਕਰੇਬਾਜ਼ੀ ਉੱਚੀ ਕਰਦਿਆਂ, ਭਾਰਤੀ ਸੰਵਿਧਾਨ ਨੂੰ ਪ੍ਰਵਾਨ ਕਰਦੀ ਹਰ ਧਿਰ ਨਾਲ ਗੱਲਬਾਤ ਕਰਨ ਅਤੇ ਮਸਲੇ ਦਾ ਹੱਲ ਤਲਾਸ਼ਣ ਦਾ ਘਸਿਆ-ਪਿਟਿਆ ਪੁਰਾਣਾ ਪੱਤਾ ਚੱਲਿਆ ਗਿਆ। ਇਸ ਚਾਲ ਨੂੰ ਮੁਲਕ ਅਤੇ ਸੰਸਾਰ ਪੱਧਰ 'ਤੇ ਉਭਾਰਨ ਲਈ ਕਸ਼ਮੀਰ ਵਿੱਚ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਦਾ ਇੱਕ ਸਾਂਝਾ ਵਫਦ ਭੇਜਣ ਦਾ ਦੰਭ ਰਚਿਆ ਗਿਆ। ਇਹ ਪੱਤਾ ਚੱਲਣ ਦਾ ਮਕਸਦ ਕਸ਼ਮੀਰੀ ਲੋਕਾਂ ਦੀ ਹੱਕੀ ਮੰਗ ਹੱਲ ਕਰਨਾ ਉੱਕਾ ਹੀ ਨਹੀਂ ਸੀ। ਇਸਦਾ ਇੱਕ ਮਕਸਦ ਕਸ਼ਮੀਰੀ ਲੋਕਾਂ ਦੇ ਕਿਸੇ ਸੰਭਾਵੀ ਡਾਵਾਂਡੋਲ ਹਿੱਸੇ ਨੂੰ ਫਾਹੁਣਾ ਅਤੇ ਕਸ਼ਮੀਰੀ ਲੋਕਾਂ ਵਿੱਚ ਪਾਟਕ ਦੇ ਬੀਅ ਬੀਜਣ ਦੀ ਕੋਸ਼ਿਸ਼ ਕਰਨਾ ਸੀ। ਕਸ਼ਮੀਰੀ ਲੋਕਾਂ ਵੱਲੋਂ ਹਾਕਮਾਂ ਦੀ ਇਸ ਪੱਤਾ ਚਾਲ ਨੂੰ ਜਿਵੇਂ ਬੁਰੀ ਤਰ•ਾਂ ਠੁੱਸ ਕੀਤਾ ਗਿਆ, ਇਹ ਸ਼ਾਇਦ ਇਸ ਜੁੰਡਲੀ ਨੂੰ ਵੀ ਚਿੱਤ-ਚੇਤੇ ਨਹੀਂ ਸੀ। ਕਸ਼ਮੀਰੀ ਲੋਕਾਂ ਦੀਆਂ ਸਭਨਾਂ ਧਿਰਾਂ ਅਤੇ ਜਥੇਬੰਦੀਆਂ (ਮੌਕਾਪ੍ਰਸਤ ਪਾਰਲੀਮਾਨੀ ਟੋਲਿਆਂ ਨੂੰ ਛੱਡ ਕੇ) ਵੱਲੋਂ ਇਸ ਵਫਦ ਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰਦਿਆਂ, ਇਸ ਫੇਰੀ ਦਾ ਮੁਕੰਮਲ ਬਾਈਕਾਟ ਕੀਤਾ ਗਿਆ।
ਦੂਜੇ ਹੱਥ— ''ਘੋਰੇ ਅਤੇ ਕੁਚਲੋ'' ਦੀਆਂ ਮੁਹਿੰਮਾਂ ਨੂੰ ਨਵਾਂ ਆਕਾਰ ਮੁਹੱਈਆ ਕਰਨ ਯਾਨੀ ਇਹਨਾਂ ਨੂੰ ਤੇਜ ਕਰਨ ਅਤੇ ਵਧਾਉਣ ਲਈ ਹਥਿਆਰਬੰਦ ਬਲਾਂ ਦੀ ਨਫਰੀ ਵਿੱਚ ਹੋਰ ਵਾਧਾ ਕਰਨ ਦਾ ਕਦਮ ਲਿਆ ਗਿਆ। ਯਾਦ ਰਹੇ— ਕਸ਼ਮੀਰ ਦੁਨੀਆਂ ਭਰ ਅੰਦਰ ਸਭ ਤੋਂ ਵੱਧ ਸੰਘਣੀ ਫੌਜੀ ਤਾਇਨਾਤੀ ਵਾਲਾ ਖੇਤਰ ਹੈ। ਇਸ ਤਾਇਨਾਤੀ ਨੂੰ ਹੋਰ ਸੰਘਣਾ ਬਣਾਉਣ ਲਈ ਕਸ਼ਮੀਰ ਵੱਲ ਹੋਰ ਫੌਜੀ ਅਤੇ ਨੀਮ-ਫੌਜੀ ਟੁਕੜੀਆਂ ਨੂੰ ਰਵਾਨਾ ਕੀਤਾ ਗਿਆ ਹੈ।
''ਘੇਰੋ ਅਤੇ ਕੁਚਲ ਦਿਓ'' ਦੀਆਂ ਮੁਹਿੰਮਾਂ ਨੂੰ ਨਵਾਂ ਆਕਾਰ ਅਤੇ ਹੋਰ ਖੂੰਖਾਰ ਸ਼ਕਲ ਮੁਹੱਈਆ ਕਰਨ ਦੇ ਇਸ ਕਦਮ ਖਿਲਾਫ ਮੁਲਕ ਅੰਦਰ ਅਤੇ ਕੌਮਾਂਤਰੀ ਪੱਧਰ 'ਤੇ ਉੱਠਣ ਵਾਲੀ ਕਿਸੇ ਵੀ ਆਵਾਜ਼ ਨੂੰ ਬੇਅਸਰ ਕਰਨ ਅਤੇ ਇਸ ਨੂੰ ਕਸ਼ਮੀਰ ਅੰਦਰ ਪਾਕਿਸਤਾਨ ਵੱਲੋਂ ਸਮੱਗਲ ਕੀਤੇ ਜਾ ਰਹੇ ''ਅੱਤਵਾਦ, ਵੱਖਵਾਦ ਅਤੇ ਦਹਿਸ਼ਤਗਰਦੀ'' ਦੇ ਰੂਪ ਵਿੱਚ ਲੜੀ ਜਾ ਰਹੀ ਅਸਿੱਧੀ ਲੜਾਈ ਖਿਲਾਫ ਲੜਾਈ ਵਜੋਂ ਉਭਾਰਨ ਲਈ ਇਸ ਹਾਕਮ ਜੁੰਡਲੀ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਕਥਿਤ ਸਰਜੀਕਲ ਹਮਲਿਆਂ ਦਾ ਨਾਟਕ ਰਚਿਆ ਗਿਆ। ਇਹ ਕਥਿਤ ਸਰਜੀਕਲ ਹਮਲੇ ਹਕੀਕਤ ਵਿੱਚ ਕੀਤੇ ਗਏ ਹਨ ਜਾਂ ਇਹ ਡਰਾਮੇਬਾਜ਼ੀ ਹੈ; ਇਹਨਾਂ ਰਾਹੀਂ ਕਿੰਨੇ ਕੁ ''ਦਹਿਸ਼ਤਗਰਦ'' ਮਾਰ ਮੁਕਾਏ ਗਏ ਹਨ ਜਾਂ ਨਹੀਂ, ਇਹ ਗੱਲ ਅਹਿਮ ਨਹੀਂ ਹੈ। ਕਿਉਂਕਿ ਇਹਨਾਂ ਕਥਿਤ ਸਰਜੀਕਲ ਹਮਲਿਆਂ ਦਾ ਅਸਲ ਨਿਸ਼ਾਨਾ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਅੰਦਰ ਮੌਜੂਦ ਅਖੌਤੀ ਦਹਿਸ਼ਤਗਰਦ ਟਿਕਾਣਿਆਂ ਨੂੰ ਫੁੰਡਣਾ ਨਹੀਂ ਸੀ ਇਹਨਾਂ ਦਾ ਅਸਲ ਨਿਸ਼ਾਨਾ ਕਸ਼ਮੀਰੀ ਲੋਕਾਂ ਵੱਲੋਂ ਆਜ਼ਾਦੀ ਲਈ ਲੜੀ ਜਾ ਰਹੀ ਹੱਕੀ ਜੱਦੋਜਹਿਦ ਹੀ ਹੈ। ਕਿਉਂਕਿ, ਇਹਨਾਂ ਕਥਿਤ ਸਰਜੀਕਲ ਹਮਲਿਆਂ ਤੋਂ ਬਾਅਦ, ਇੱਕ ਪਾਸੇ ਮੋਦੀ ਦੀ ਹਕੂਮਤੀ ਜੁੰਡਲੀ ਵੱਲੋਂ ਅਤੇ ਫਾਸ਼ੀ ਸੰਘ ਲਾਣੇ ਵੱਲੋਂ ਅੱਡੀਆਂ ਚੁੱਕ ਚੁੱਕ ਕੇ ਇਸ ਦਲੇਰਾਨਾ ਅਤੇ ਮਿਸਾਲੀ ਇਤਿਹਾਸਕ ਕਾਰਵਾਈ ਦੇ ਸੋਹਲੇ ਗਾਉਂਦਿਆਂ, ਹਿੰਦੂ ਫਿਰਕੂ ਪੁੱਠ ਚੜ•ੇ ਅਖੌਤੀ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਦਾ ਜਨੂੰਨ ਭੜਕਾਇਆ ਗਿਆ। ਮੰਤਰੀਆਂ-ਸੰਤਰੀਆਂ ਅਤੇ ਸੰਘ ਲਾਣੇ ਵੱਲੋਂ ਇਸ ਨੂੰ ਇਉਂ ਪੇਸ਼ ਕੀਤਾ ਜਾ ਰਿਹਾ ਹੈ ਕਿ ਅੱਜ ਤੱਕ ਕਿਸੇ ਕਾਂਗਰਸ ਸਰਕਾਰ ਵੇਲੇ ਪਾਕਿਸਤਾਨ ਨੂੰ ਅਜਿਹਾ 'ਸਬਕ' ਨਹੀਂ ਸਿਖਾਇਆ ਗਿਆ, ਜਿਹੜਾ ਆਰ.ਐਸ.ਐਸ. ਦੇ ਪਿਆਦੇ ਮੋਦੀ ਹਕੂਮਤ ਵੱਲੋਂ ਸਿਖਾਇਆ ਗਿਆ ਹੈ। ਖੁਦ ਨਰਿੰਦਰ ਮੋਦੀ ਵੱਲੋਂ ਲਖਨਊ ਵਿਖੇ ਦੁਸਹਿਰੇ ਦੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ, ਕਸ਼ਮੀਰੀ ਲੋਕਾਂ ਦੀ ਹੱਕੀ ਲੜਾਈ ਨੂੰ ਕੁਚਲਣ ਦੀ ਜਾਬਰਾਨਾ ਫੌਜੀ ਮੁਹਿੰਮ ਨੂੰ ਰਾਮ ਚੰਦਰ ਦੀ ਰਾਵਣ 'ਤੇ ਚੜ•ਾਈ ਅਤੇ ਬੁਰਾਈ ਖਿਲਾਫ ਅੱਛਾਈ ਦੀ ਲੜਾਈ ਨਾਲ ਤੁਲਨਾ ਕਰਦਿਆਂ, ਫਿਰਕੂ ਜਨੂੰਨ ਨੂੰ ਝੋਕਾ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦਿੱਤੀ ਗਈ।
ਦੂਜੇ ਪਾਸੇ- ਅਮਰੀਕਾ ਅਤੇ ਸਭਨਾਂ ਸਾਮਰਾਜੀਆਂ ਵੱਲੋਂ ਪਛੜੇ ਮੁਲਕਾਂ ਅੰਦਰਲੀਆਂ ਸਾਮਰਾਜ ਵਿਰੋਧੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਖਿਲਾਫ ਅਖੌਤੀ ਦਹਿਸ਼ਤਗਰਦੀ ਨੂੰ ਕੁਚਲਣ ਦੇ ਨਾਂ ਹੇਠ ਵਿੱਢੀ ਫੌਜੀ ਦਖਲ ਅਤੇ ਹਮਲੇ ਦੀ ਮੁਹਿੰਮ ਦੀ ਚੱਕਵੀਂ ਪੈਰੋਕਾਰ ਅਤੇ ਅਖੌਤੀ ਦਹਿਸ਼ਤਗਰਦੀ ਖਿਲਾਫ ਸਾਮਰਾਜੀ ਅਤੇ ਪਿਛਾਖੜੀ ਹਾਕਮਾਂ ਦਾ ਸਾਂਝਾ ਮੋਰਚਾ ਬਣਾਉਣ ਦੀ ਵਕਾਲਤ ਕਰਦੀ ਮੋਦੀ ਹਕੂਮਤ, ਪਾਕਿਸਤਾਨੀ ਹਾਕਮਾਂ ਨੂੰ ਆਪਣੀ ਕੂਟਨੀਤਕ ਮੁਹਿੰਮ ਦੇ ਨਿਸ਼ਾਨੇ ਹੇਠ ਲਿਆਉਂਦਿਆਂ, ਉਸ 'ਤੇ ਸਾਮਰਾਜੀ ਅਤੇ ਪਿਛਾਖੜੀ ਹਾਕਮ ਲਾਣੇ ਦਾ ਦਬਾਓ ਲਾਮਬੰਦ ਕਰਨਾ ਚਾਹੁੰਦੀ ਸੀ ਤਾਂ ਕਿ ਪਾਕਿਸਤਾਨੀ ਹਾਕਮਾਂ ਵੱਲੋਂ ਯੂ.ਐਨ.ਓ. ਦੇ ਮਤਿਆਂ ਤਹਿਤ ਕਸ਼ਮੀਰ ਵਿੱਚ ਰਾਇ-ਸ਼ੁਮਾਰੀ ਕਰਵਾਏ ਜਾਣ ਦੀ ਉਭਾਰੀ ਜਾ ਰਹੀ ਮੰਗ ਤੋਂ ਪਿੱਛੇ ਹਟਣ, ਕਸ਼ਮੀਰ ਦੀ ਆਜ਼ਾਦੀ ਦੀ ਲਹਿਰ ਨੂੰ ਦਹਿਸ਼ਤਗਰਦੀ ਕਰਾਰ ਦੇਣ ਅਤੇ ਇਉਂ, ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਹਿੱਸੇ ਅੰਦਰ ਕਸ਼ਮੀਰ ਦੀ ਆਜ਼ਾਦੀ ਦੀ ਲਹਿਰ 'ਤੇ ਜਬਰ ਦਾ ਸ਼ਿਕੰਜਾ ਕਸਣ ਲਈ ਮਜਬੂਰ ਕੀਤਾ ਜਾਵੇ। ਇਸ ਲਹਿਰ ਵੱਲੋਂ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿਚਲੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਹਾਸਲ ਕੌਮੀ ਯਕਜਹਿਤੀ ਅਤੇ ਹਮਾਇਤ ਨੂੰ ਮੋਂਦਾ ਲਾਇਆ ਜਾਵੇ ਅਤੇ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੀ ਲਹਿਰ, ਵਿਸ਼ੇਸ਼ ਕਰਕੇ ਉਹਨਾਂ ਦੀ ਹਥਿਆਰਬੰਦ ਜੱਦੋਜਹਿਦ ਲਈ ਵੱਧ ਤੋਂ ਵੱਧ ਗੈਰ-ਸਾਜਗਾਰ ਅਤੇ ਦੁਸ਼ਵਾਰ ਹਾਲਤਾਂ ਬਣਾਈਆਂ ਜਾਣ।
ਅਖੌਤੀ ਸਰਜੀਕਲ ਹਮਲਿਆਂ ਪਿੱਛੇ ਕੰਮ ਕਰਦੇ ਆਪਣੇ ਮੰਤਵਾਂ ਨੂੰ ਪੂਰਾ ਕਰਨ ਪੱਖੋਂ ਭਾਰਤੀ ਹਾਕਮਾਂ ਵੱਲੋਂ ਚਾਹੇ ਇੱਕ ਛੋਟੀ ਤੇ ਵਕਤੀ ਹੀ ਸਹੀ, ਪਰ ਕੁੱਝ ਨਾ ਕੁਝ ਸਫਲਤਾ ਹਾਸਲ ਕੀਤੀ ਗਈ ਹੈ। ਵਿਸ਼ੇਸ਼ ਕਰਕੇ ਨਾਟੋ ਗੁੱਟ ਦੇ ਕੁੱਝ ਸਾਮਰਾਜੀ ਮੁਲਕਾਂ ਅਤੇ ਕੁੱਝ ਪਛੜੇ ਮੁਲਕਾਂ ਦੇ ਹਾਕਮਾਂ ਨੂੰ ਇਹਨਾਂ ਕਥਿਤ ਸਰਕਜੀਕਲ ਹਮਲਿਆਂ ਦੀ ਸਿੱਧੀ, ਅਸਿੱਧੀ ਜਾਂ ਚੁੱਪ ਹਮਾਇਤ ਹਾਸਲ ਕਰਨ, ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੀ ਹੱਕੀ ਲਹਿਰ 'ਤੇ ''ਦਹਿਸ਼ਤਗਰਦ'' ਲਹਿਰ ਵਜੋਂ ਮੋਹਰ ਲਵਾਉਣ ਅਤੇ ਪਾਕਿਸਤਾਨ ਨੂੰ ਕਿਸੇ ਹੱਦ ਤੱਕ ਬਚਾਓ ਦੀ ਹਾਲਤ ਵਿੱਚ ਧੱਕਣ ਪੱਖੋਂ ਕਾਮਯਾਬੀ ਹਾਸਲ ਕੀਤੀ ਗਈ ਹੈ। ਭਾਰਤੀ ਹਾਕਮਾਂ ਵੱਲੋਂ ਰਾਵਲਪਿੰਡੀ ਵਿੱਚ ਹੋਣ ਵਾਲੇ ਸਾਰਕ ਦੇਸ਼ਾਂ ਦੇ ਸੰਮੇਲਨ ਦੇ ਬਾਈਕਾਟ ਦਾ ਐਲਾਨ ਕਰਦਿਆਂ, ਬੰਗਲਾਦੇਸ਼, ਭੂਟਾਨ ਅਤੇ ਸ੍ਰੀ ਲੰਕਾ ਨੂੰ ਇਸ ਸੰਮੇਲਨ ਵਿੱਚ ਨਾ ਜਾਣ ਲਈ ਰਜ਼ਾਮੰਦ ਕਰਾਇਆ ਗਿਆ ਹੈ। ਇਸੇ ਤਰ•ਾਂ ਬਰਿਕਸ (ਬਰਾਜ਼ੀਲ, ਰੂਸ, ਚੀਨ, ਭਾਰਤ ਅਤੇ ਦੱਖਣੀ ਅਫਰੀਕਾ) ਦੇ ਗੋਆ ਵਿਖੇ ਹੋਏ ਸਿਖਰ ਸੰਮੇਲਨ ਦੇ ਸਾਂਝੇ ਬਿਆਨ ਵਿੱਚ ਅਖੌਤੀ ਦਹਿਸ਼ਤਗਰਦੀ ਖਿਲਾਫ ਲੜਾਈ ਦੀ ਅਹਿਮੀਅਤ ਨੂੰ ਆਮ ਰੂਪ ਵਿੱਚ ਉਭਾਰਨ ਵਿੱਚ ਵੀ ਸਫਲ ਹੋਇਆ ਗਿਆ ਹੈ। ਇਸ ਥੋੜ•ੀ-ਬਹੁਤੀ ਸਫਲਤਾ ਦੇ ਗਰੂਰ ਵਿੱਚ ਗੜੁੱਚ ਫਿਰਕੂ ਹਿੰਦੂ ਫਾਸ਼ੀ ਹਾਕਮਾਂ ਵੱਲੋਂ ਕੰਟਰੋਲ ਰੇਖਾ (ਸਰਹੱਦ) ਨੂੰ 2018 ਤੱਕ ਸੀਲ ਕਰਨ ਦਾ ਐਲਾਨ ਕਰਦਿਆਂ, ਆਪਣੇ ਫਾਸ਼ੀ ਖੂਨੀ ਮਨਸੂਬਿਆਂ ਨੂੰ ਜ਼ਾਹਰ ਕਰ ਦਿੱਤਾ ਗਿਆ ਹੈ ਯਾਨੀ ਉਹਨਾਂ ਵੱਲੋਂ ਕਸ਼ਮੀਰ ਘਾਟੀ ਦਾ ਸਬੰਧ ਸੰਸਾਰ ਨਾਲੋਂ ਤੋੜਦਿਆਂ ਅਤੇ ਇਸ ਨੂੰ ਇੱਕ ਕੈਦਖਾਨੇ ਵਿੱਚ ਤਬਦੀਲ ਕਰਦਿਆਂ, ਅਖੌਤੀ ਦਹਿਸ਼ਤਗਰਦੀ ਦਾ ਸਫਾਇਆ ਕਰਨ ਦੇ ਨਾਂ ਹੇਠ ਕਸ਼ਮੀਰੀ ਲੋਕਾਂ ਦੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਫਾਸ਼ੀ ਜਬਰ ਦੇ ਰੋਲਰ ਰਾਹੀਂ ਦਰੜਨ ਅਤੇ ਕਸ਼ਮੀਰੀ ਕੌਮ ਨੂੰ ਗੋਡਿਆਂ ਪਰਨੇ ਕਰਨ ਦੇ ਫਾਸ਼ੀ ਮਨਸੂਬਿਆਂ ਨੂੰ ਪੂਰਾ ਕਰਨ ਦਾ ਭਰਮ ਪਾਲਿਆ ਜਾ ਰਿਹਾ ਹੈ। ਚਾਹੇ ਇਹਨਾਂ ਹਾਕਮਾਂ ਵੱਲੋਂ ਕਸ਼ਮੀਰੀ ਲੋਕਾਂ ਦੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਦਬਾਉਣ-ਕੁਚਲਣ ਵਿੱਚ ਵਕਤੀ ਸਫਲਤਾ ਹਾਸਲ ਵੀ ਕਰ ਲਈ ਜਾਂਦੀ ਹੈ, ਪਰ ਕਸ਼ਮੀਰੀ ਕੌਮ ਨੂੰ ਗੋਡਿਆਂ ਪਰਨੇ ਕਰਨਾ, ਕਸ਼ਮੀਰੀ ਕੌਮ ਦੇ ਦਿਲਾਂ ਅੰਦਰ ਲਟ ਲਟ ਬਲਦੀ ਕੌਮੀ ਆਜ਼ਾਦੀ ਅਤੇ ਆਪਣੀ ਹੋਣੀ ਖੁਦ ਤਹਿ ਕਰਨ ਦੀ ਤਾਂਘ ਨੂੰ, ਭਾਰਤੀ ਕਬਜ਼ੇ ਅਤੇ ਦਾਬੇ ਖਿਲਾਫ ਮਘਦੀ-ਭਖਦੀ ਨਫਰਤ, ਸੰਗਰਾਮੀ ਜੇਰੇ ਅਤੇ ਸਿਦਕਦਿਲੀ ਨੂੰ ਕੁਚਲਣ ਦੀ ਉਮੀਦ ਇੱਕ ਭਰਮ ਤੋਂ ਸਿਵਾਏ ਕੁੱਝ ਨਹੀਂ ਹੈ।
ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਹਿੰਦੂਤਵੀ ਫਾਸ਼ੀ ਜੁੰਡਲੀ ਦੀ ਹਕੂਮਤ ਵੱਲੋਂ ਕਸ਼ਮੀਰੀ ਕੌਮ ਦੀ ਆਜ਼ਾਦੀ ਦੀ ਲਹਿਰ ਨੂੰ ਕੁਚਲਣ ਵਾਸਤੇ ਅਮਰੀਕੀ ਸਾਮਰਾਜੀਆਂ ਅਤੇ ਪਛੜੇ ਮੁਲਕਾਂ ਦੇ ਇਸਰਾਈਲ ਜਿਹੇ ਪਿਛਾਖੜੀ ਹਾਕਮਾਂ ਨਾਲ ਪਾਈ ਜਾ ਰਹੀ ਗਲਵੱਕੜੀ ਦੀਆਂ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀ ਆਪਾ-ਨਿਰਣੇ ਅਤੇ ਆਜ਼ਾਦੀ ਦੀਆਂ ਲਹਿਰਾਂ ਅਤੇ ਕਮਿਊਨਿਸਟ ਇਨਕਲਾਬੀਆਂ, ਵਿਸ਼ੇਸ਼ ਕਰਕੇ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਹੇਠ ਚੱਲਦੀ ਹਥਿਆਰਬੰਦ ਆਦਿਵਾਸੀ ਕਿਸਾਨ ਸੰਘਰਸ਼ ਲਈ ਵੀ ਗੰਭੀਰ ਦੂਰਮਾਰ ਅਰਥ-ਸੰਭਾਵਨਾਵਾਂ ਹੋਣਗੀਆਂ। ਇਸ ਲਈ, ਸਭਨਾਂ ਕਮਿਊਨਿਸਟ ਇਨਕਲਾਬੀ, ਇਨਕਲਾਬੀ-ਜਮਹੂਰੀ, ਇਨਸਾਫਪਸੰਦ, ਲੋਕ ਹਿੱਤੂ ਅਤੇ ਕੌਮਪ੍ਰਸਤ/ਦੇਸ਼ਭਗਤ ਤਾਕਤਾਂ ਨੂੰ ਕਸ਼ਮੀਰ ਘਾਟੀ ਵਿੱਚ ਢਾਹੇ ਜਾ ਰਹੇ ਮੌਜੂਦਾ ਜਬਰ, ਅਫਸਪਾ ਦੇ ਰੂਪ ਵਿੱਚ ਮੜ•ੇ ਫਾਸ਼ੀ ਕਾਨੂੰਨ, ਸਰਜੀਕਲ ਹਮਲਿਆਂ ਦੀ ਆੜ ਹੇਠ ਭੜਕਾਏ ਜਾ ਰਹੇ ਹਿੰਦੂ ਫਿਰਕੂ ਜਨੂੰਨ ਅਤੇ ਨਕਲੀ ਕੌਮੀ ਜਨੂੰਨ, ਹਿੰਦ-ਪਾਕਿ ਸਰਹੱਦ 'ਤੇ ਸਿਰਜੇ ਜਾ ਰਹੇ ਜੰਗੀ ਮਾਹੌਲ ਅਤੇ ਇਹਨਾਂ ਕਦਮਾਂ ਪਿੱਛੇ ਕੰਮ ਕਰਦੇ ਫਿਰਕੂ ਫਾਸ਼ੀ ਮਨਸੂਬਿਆਂ ਨੂੰ ਨੰਗਾ ਕਰਦਿਆਂ, ਇਹਨਾਂ ਖਿਲਾਫ ਵੱਧ ਤੋਂ ਵੱਧ ਜਨਤਾ ਨੂੰ ਉਭਾਰਨਾ ਚਾਹੀਦਾ ਹੈ ਅਤੇ ਇਹਨਾਂ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾਉਣ ਲਈ ਕਸ਼ਮੀਰੀ ਕੌਮ ਦੀ ਹੱਕੀ ਲੜਾਈ ਦੀ ਹਮਾਇਤ ਵਿੱਚ ਲਲਕਾਰ ਉੱਚੀ ਕਰਦਿਆਂ, ਸੰਘਰਸ਼ ਦਾ ਮੈਦਾਨ ਮੱਲਣਾ ਚਾਹੀਦਾ ਹੈ।
No comments:
Post a Comment