Thursday, 27 October 2016

28 ਕਮਿਊਨਿਸਟ ਇਨਕਲਾਬੀ ਸ਼ਹੀਦ ਕਰ ਦਿੱਤੇ


ਮਲਕਾਨਗਿਰੀ ਪੁਲਿਸ 'ਮੁਕਾਬਲਾ':
ਆਦਮਖ਼ੋਰ ਰਾਜ ਨੇ 28 ਕਮਿਊਨਿਸਟ ਇਨਕਲਾਬੀ ਸ਼ਹੀਦ ਕਰ ਦਿੱਤੇ
24 ਅਕਤੂਬਰ ਨੂੰ ਸਵੇਰੇ ਸਾਝਰੇ ਆਂਧਰਾ ਪ੍ਰਦੇਸ਼-ਉੜੀਸਾ ਦੀ ਸਰਹੱਦ ਉੱਪਰ ਉੜੀਸਾ ਦੇ ਮਲਕਾਨਗਿਰੀ ਜ਼ਿਲ•ੇ ਵਿਚ 28 ਮਾਓਵਾਦੀ ਇਨਕਲਾਬੀਆਂ ਦਾ ਅਖਾਉਤੀ ਪੁਲਿਸ ਮੁਕਾਬਲੇ ਵਿਚ ਸ਼ਹੀਦ ਹੋ ਜਾਣਾ ਨਿਸ਼ਚੇ ਹੀ ਮਾਓਵਾਦੀ ਲਹਿਰ ਲਈ ਵੱਡੀ ਸੱਟ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਹਮਲੇ ਵਿਚ ਗਿਆਰਾਂ ਔਰਤ ਛਾਪਾਮਾਰਾਂ ਸਮੇਤ ਕਈ ਚੋਟੀ ਦੇ ਆਗੂ ਮਾਰੇ ਗਏ ਹਨ। ਜਿਨ•ਾਂ ਵਿਚ ਆਂਧਰਾ-ਉੜੀਸਾ ਸਪੈਸ਼ਲ ਜ਼ੋਨਲ ਕਮੇਟੀ ਦੇ ਸਕੱਤਰ ਕਾ. ਗਜਾਰਲਾ ਰਵੀ, ਪੂਰਬੀ ਡਿਵੀਜ਼ਨ ਦੇ ਸਕੱਤਰ ਕਾ. ਚਲਪਤੀ, ਉਸਦੀ ਪਤਨੀ ਅਤੇ ਸੀਨੀਅਰ ਮਾਓਵਾਦੀ ਆਗੂ ਕਾ. ਅਰੁਣਾ (ਜੋ ਕੋਰਾਪੁਟ-ਸ੍ਰੀਕਾਕੁਲਮ ਡਿਵੀਜ਼ਨ ਦੀ ਡਿਪਟੀ ਕਮਾਂਡਰ ਸੀ) ਅਤੇ ਕਾ. ਵੈਂਕਟ ਰਾਮੰਨਾ ਉਰਫ਼ ਗਣੇਸ਼  ਅਤੇ ਕਾ. ਸੀ. ਕ੍ਰਿਸ਼ਨਈਆ ਉਰਫ਼ ਦਇਆ (ਦੋਵੇਂ ਐੱਸ.ਜ਼ੈੱਡ. ਸੀ. ਮੈਂਬਰ) ਸ਼ਾਮਲ ਹਨ। ਇਹ ਵੀ ਦਾਅਵਾ ਕੀਤਾ ਗਿਆ ਕਿ ਚੋਟੀ ਦਾ ਮਾਓਵਾਦੀ ਆਗੂ ਕਾ. ਰਾਮਾਕ੍ਰਿਸ਼ਨਾ ਇਥੇ ਮੌਜੂਦ ਸੀ ਜੋ ਬਚਕੇ ਨਿਕਲ ਗਿਆ ਜਦਕਿ ਉਸਦਾ ਬੇਟਾ ਮੁੰਨਾ ਮੁਕਾਬਲੇ ਵਿਚ ਮਾਰਿਆ ਗਿਆ। ਹੁਣ ਪੁਲਿਸ ਅਧਿਕਾਰੀ ਆਪਣੇ ਇਸ ਪਹਿਲੇ ਦਾਅਵੇ ਤੋਂ ਮੁੱਕਰ ਗਏ ਹਨ ਅਤੇ ਕਹਿ ਰਹੇ ਹਨ ਕਿ ਚੋਟੀ ਦੇ ਆਗੂ ਬਚਕੇ ਨਿਕਲ ਗਏ। ਸਿਵਲ ਲਿਬਰਟੀ ਕਮੇਟੀ ਹੈਦਰਾਬਾਦ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਹਮਲੇ ਵਿਚ ਮਾਰੇ ਗਏ ਸਾਰੇ ਇਨਕਲਾਬੀ ਸਥਾਨਕ ਛਾਪਾਮਾਰ ਸਨ ਅਤੇ ਉਨ•ਾਂ ਵਿਚ ਕੋਈ ਚੋਟੀ ਦਾ ਆਗੂ ਸ਼ਾਮਲ ਨਹੀਂ ਸੀ ਜਿਵੇਂ ਪੁਲਿਸ ਦਾਅਵਾ ਕਰਦੀ ਹੈ। ਇਸ ਦੇ ਉਲਟ ਮਾਰੇ ਜਾਣ ਵਾਲਿਆਂ ਵਿਚ ਬਹੁਤ ਸਾਰੇ ਸਥਾਨਕ ਆਦਿਵਾਸੀ ਸਨ। ਹੋਰ ਜਾਣਕਾਰੀ ਤੱਥ ਖੋਜ ਟੀਮ ਵਲੋਂ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਦ ਸਾਹਮਣੇ ਆਵੇਗੀ।
ਦੱਖਣੀ ਉੜੀਸਾ ਦੇ ਇਸ ਮਾਓਵਾਦੀ ਜ਼ੋਰ ਵਾਲੇ  ਇਲਾਕੇ ਨੂੰ ਲੈਕੇ ਮਾਓਵਾਦੀ ਛਾਪਾਮਾਰਾਂ ਅਤੇ ਸਟੇਟ ਦੀਆਂ ਹਥਿਆਰਬੰਦ ਤਾਕਤਾਂ ਦਰਮਿਆਨ ਲੰਮੇ ਸਮੇਂ ਤੋਂ ਜ਼ੋਰ-ਅਜ਼ਮਾਈ ਚੱਲ ਰਹੀ ਹੈ। ਨੰਗੇ ਅਨਿਆਂ ਅਤੇ ਘੋਰ ਨਾਬਰਾਬਰੀ 'ਤੇ ਟਿਕਿਆ ਇਹ ਪ੍ਰਬੰਧ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ। ਇਸ ਕਰਕੇ ਨੀਤੀ ਇਹ ਹੈ ਕਿ ਇਨ•ਾਂ ਇਲਾਕਿਆਂ ਵਿੱਚੋਂ ਇਨਕਲਾਬੀ ਤਾਕਤਾਂ ਦਾ ਜਿਸਮਾਨੀ ਸਫ਼ਾਇਆ ਕਰਕੇ ਇਨਕਲਾਬੀ ਲਹਿਰ ਨੂੰ ਸੱਟ ਮਾਰੀ ਜਾਵੇ ਤੇ ਇਥੇ ਰਾਜ ਦੀ ਅਥਾਰਟੀ ਮੁੜ-ਬਹਾਲ ਕੀਤੀ ਜਾਵੇ। ਇਸੇ ਨੀਤੀ ਤਹਿਤ ਉੜੀਸਾ ਸਰਕਾਰ ਵਲੋਂ ਇਸ ਮਾਓਵਾਦੀ ਪ੍ਰਭਾਵ ਖੇਤਰ ਨੂੰ ਤੋੜਨ ਲਈ ਗੁਰੂਪ੍ਰਿਯਾ ਨਦੀ ਉੱਪਰ 918 ਮੀਟਰ ਲੰਮਾ ਪੁਲ ਬਣਾਇਆ ਜਾ ਰਿਹਾ ਹੈ ਜੋ ਮੁੱਖ ਇਲਾਕੇ ਨੂੰ 108 ਪਿੰਡਾਂ ਨਾਲ ਜੋੜ ਦੇਵੇਗਾ। ਸੱਤ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੈ ਕਿ ਦੋ ਸੂਬਿਆਂ ਦੀ ਸਰਹੱਦ ਉੱਪਰਲੇ ਇਸ ਪੂਰੀ ਤਰ•ਾਂ ਅਟੰਕ ਇਲਾਕੇ ਨੂੰ ਪੁਲ ਦੀ 'ਸਹੂਲਤ' ਦਿੱਤੀ ਜਾ ਰਹੀ ਹੈ। ਜੋ ਮਾਓਵਾਦੀ ਲਹਿਰ ਨੂੰ ਕੁਚਲਣ ਲਈ ਫੁਰਤੀ ਨਾਲ ਪੁਲਿਸ ਅਤੇ ਨੀਮ-ਫ਼ੌਜੀ ਤਾਕਤਾਂ ਭੇਜਣ ਦੀ ਸਹੂਲਤ ਲਈ ਬਣਾਇਆ ਜਾ ਰਿਹਾ ਹੈ। ਐਸੇ ਬਹੁਤ ਸਾਰੇ ਇਲਾਕੇ ਹਨ ਜਿਥੇ ਮਾਓਵਾਦੀ ਲਹਿਰ ਨੂੰ ਦਬਾਉਣ ਦੀ ਜ਼ਰੂਰਤ ਵਿੱਚੋਂ ਸੜਕਾਂ, ਪੁਲਾਂ ਦੀ ਧੜਾਧੜ ਉਸਾਰੀ ਦੇ 'ਵਿਕਾਸ' ਕਾਰਜ ਹਜ਼ਾਰਾਂ ਕਰੋੜ ਰੁਪਏ ਖ਼ਰਚਕੇ ਫਟਾਫਟ ਨੇਪਰੇ ਚਾੜ•ੇ ਜਾ ਰਹੇ ਹਨ।
ਜਿੱਥੋਂ ਤਕ ਆਗੂਆਂ ਦਾ ਸਵਾਲ ਹੈ ਇਸ ਤੋਂ ਪਹਿਲਾਂ ਵੀ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਮਾਓਵਾਦੀ ਆਗੂਆਂ ਨੂੰ ਧੋਖੇ ਨਾਲ ਫੜਕੇ ਕਤਲ ਕਰਦੀਆਂ ਰਹੀਆਂ ਹਨ। ਪਹਿਲੀ ਦਸੰਬਰ 2000 ਨੂੰ ਆਂਧਰਾ ਪੁਲਿਸ ਵਲੋਂ ਤਿੰਨ ਚੋਟੀ ਦੇ ਮਾਓਵਾਦੀ ਆਗੂਆਂ - ਸ਼ਿਆਮ, ਮਹੇਸ਼ ਅਤੇ ਮੁਰਲੀ - ਨੂੰ ਬੰਗਲੌਰ ਤੋਂ ਗ੍ਰਿਫ਼ਤਾਰ ਕਰਕੇ ਰਾਤੋ-ਰਾਤ ਆਂਧਰਾ ਦੇ ਜੰਗਲਾਂ ਵਿਚ ਲਿਆਕੇ ਕਤਲ ਕਰ ਦਿੱਤਾ ਗਿਆ ਸੀ। ਨਿਸ਼ਚੇ ਹੀ ਚੋਟੀ ਦੇ ਤਿੰਨ ਆਗੂਆਂ ਦੇ ਕਤਲ ਮਾਓਵਾਦੀ ਲਹਿਰ ਲਈ ਬਹੁਤ ਵੱਡੀ ਸੱਟ ਸਨ ਅਤੇ ਓਦੋਂ ਵੀ ਪੀਪਲਜ਼ ਵਾਰ ਪਾਰਟੀ ਦੀ ਰੀੜ ਤੋੜ ਦੇਣ ਦਾ ਦਾਅਵਾ ਕੀਤਾ ਗਿਆ ਸੀ। ਇਸ ਪਿੱਛੋਂ ਮਨਮੋਹਣ ਸਿੰਘ-ਚਿੰਦਬਰਮ ਦੇ ਦਸ ਸਾਲਾਂ ਰਾਜ ਵਿਚ ਬਹੁਤ ਸਾਰੇ ਸੀਨੀਅਰ ਆਗੂਆਂ ਤੋਂ ਇਲਾਵਾ ਚੋਟੀ ਦੇ ਮਾਓਵਾਦੀ ਆਗੂਆਂ ਕਾ. ਚੇਰੂਕੁਰੀ ਰਾਕੁਮਾਰ ਉਰਫ਼ ਆਜ਼ਾਦ ਅਤੇ ਕਾ. ਕਿਸ਼ਨ ਜੀ ਨੂੰ ਗੱਲਬਾਤ ਲਈ ਬੁਲਾਕੇ ਹਿਰਾਸਤ ਵਿਚ ਤਸੀਹੇ ਦੇਕੇ ਕਤਲ ਕੀਤਾ ਗਿਆ। ਇਹ ਹਿੰਦੁਸਤਾਨ ਦੀਆਂ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੀ ਨੀਤੀ ਹੈ ਕਾਂਗਰਸ ਤੋਂ ਲੈਕੇ ਤ੍ਰਿਣਾਮੂਲ, ਸੀ.ਪੀ.ਐੱਮ. ਤਕ।
ਸੀਨੀਅਰ ਪੁਲਿਸ ਅਫ਼ਸਰਾਂ ਦੇ ਬਿਆਨ ਅਨੁਸਾਰ ਉਨ•ਾਂ ਨੂੰ ਅਗਾਊਂ ਸੂਹ ਸੀ ਕਿ ਇਥੇ ਮਾਓਵਾਦੀ ਪਾਰਟੀ ਦਾ ਕੋਈ ਅਹਿਮ ਪਲੈਨਰੀ ਸੈਸ਼ਨ ਹੋ ਰਿਹਾ ਹੈ। ਮਾਓਵਾਦੀ ਛਾਪਾਮਾਰਾਂ ਦਾ ਵੱਧ ਤੋਂ ਵੱਧ ਜਾਨੀ ਨੁਕਸਾਨ ਕਰਨ ਦੇ ਮਨੋਰਥ ਨਾਲ ਦੋ ਦਿਨ ਪਹਿਲਾਂ ਵਿਉਂਤ ਬਣਾਕੇ ਅਤੇ ਵੱਡੀ ਹਥਿਆਰਬੰਦ ਤਾਕਤ ਨਾਲ ਕੈਂਪ ਦੀ ਘੇਰਾਬੰਦੀ ਕਰਕੇ ਹਮਲਾ ਕੀਤਾ ਗਿਆ। ਨਕਸਲ ਵਿਰੋਧੀ ਗੁਪਤ ਓਪਰੇਸ਼ਨਾਂ ਦੇ ਮਾਹਰ 'ਗਰੇਅ ਹਾਊਂਡਜ਼' ਅਤੇ ਉੜੀਸਾ ਪੁਲਿਸ ਵਲੋਂ ਸਾਂਝੀ ਕਾਰਵਾਈ ਆਪਣੇ ਆਪ ਵਿਚ ਹੀ ਇਸਦਾ ਸਬੂਤ ਹੈ ਕਿ ਓਪਰੇਸ਼ਨ ਅਗਾਊਂ ਸੂਹ ਦੇ ਅਧਾਰ 'ਤੇ ਵਿਉਂਤਿਆ ਹੋਇਆ ਸੀ। ਇਹ ਮੁਕਾਬਲਾ ਨਹੀਂ, ਸਟੇਟ ਵਲੋਂ ਆਪਣੇ ਹੀ ਅਦਾਲਤੀ ਪ੍ਰਬੰਧ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਕੇ ਕੀਤੇ ਕਤਲ ਹਨ। ਆਪਣੀ ਸਵੈ-ਰੱਖਿਆ ਲਈ ਪੁਲਿਸ ਵਲੋਂ ਗੋਲੀ ਚਲਾਏ ਜਾਣ ਦੀ ਦਲੀਲ ਪੂਰੀ ਤਰ•ਾਂ ਝੂਠੀ ਹੈ। ਕਿਉਂਕਿ ਅਖਾਉਤੀ ਮੁਕਾਬਲੇ ਵਿਚ ਮਹਿਜ਼ ਦੋ ਪੁਲਸੀਆਂ ਦਾ 'ਜ਼ਖ਼ਮੀ' ਹੋਣਾ ਅਤੇ ਦੋ ਦਰਜਨ ਛਾਪਾਮਾਰਾਂ ਦਾ ਹਲਾਕ ਹੋਣਾ ਆਪਣੇ ਆਪ ਵਿਚ ਇਸਦਾ ਸਬੂਤ ਹੈ ਕਿ ਇਹ ਮੁਕਾਬਲਾ ਨਾ ਹੋਕੇ ਗਿਣੀ-ਮਿੱਥੀ ਸਾਜ਼ਿਸ ਤਹਿਤ ਕਤਲੇਆਮ ਸੀ ਜਿਸਨੂੰ ਚੋਟੀ ਦੇ ਪੁਲਿਸ ਅਫ਼ਸਰਾਂ ਵਲੋਂ ਵਿਉਂਤਿਆ ਅਤੇ ਅੰਜਾਮ ਦਿੱਤਾ ਗਿਆ।
ਲਹੂ ਦੇ ਤਿਹਾਏ ਕਾਰਪੋਰੋਟ ਮੀਡੀਆ ਵਲੋਂ ਇਸ ਕਤਲੋਗ਼ਾਰਤ ਨੂੰ ਰਾਜਤੰਤਰ ਦੀ ਵੱਡੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕਰਕੇ ਹਿੰਦੁਸਤਾਨੀ ਸਟੇਟ ਦੀ ਫਾਸ਼ੀਵਾਦੀ ਨੀਤੀ ਨੂੰ ਬੇਸ਼ਰਮੀ ਨਾਲ ਜਾਇਜ਼ ਠਹਿਰਾਇਆ ਜਾ ਰਿਹਾ ਹੈ। ਦਹਿਸ਼ਤਗਰਦ ਸਟੇਟ ਵਲੋਂ ਕੀਤੇ ਜਾਂਦੇ ਇਸ ਤਰ•ਾਂ ਦੇ ਥੋਕ ਕਤਲ ਇਨ•ਾਂ ਚੈਨਲਾਂ ਲਈ ਟੀ.ਆਰ.ਪੀ. ਵਧਾਉਣ ਦਾ ਮਸਾਲਾ ਹਨ ਜਿਸਨੂੰ ਸਨਸਨੀਖੇਜ਼ ਰੰਗਤ ਦੇਕੇ ਉਹ ਸਟੇਟ ਦੀ ਕਤਲਾਂ ਦੀ ਨੀਤੀ ਨੂੰ ਜਾਇਜ਼ ਠਹਿਰਾਉਂਦੇ ਹਨ। ਸਮਾਜੀ-ਆਰਥਕ ਨਾਬਰਾਬਰੀ, ਘੋਰ ਅਨਿਆਂ ਦੇ ਬੁਨਿਆਦੀ ਸਵਾਲਾਂ ਨੂੰ ਚਲਾਕੀ ਨਾਲ ਦਰਕਿਨਾਰ ਕਰਕੇ ਦਹਿਸ਼ਤਗਰਦੀ ਦਾ ਹਊਆ ਖੜ•ਾ ਕੀਤਾ ਜਾਂਦਾ ਹੈ ਅਤੇ ਇਸ ਜ਼ਰੀਏ ਰਾਜ ਦੇ ਹੱਕ ਵਿਚ ਅਤੇ ਤਬਦੀਲੀਪਸੰਦ ਲਹਿਰਾਂ ਦੇ ਖ਼ਿਲਾਫ਼ ਆਮ ਰਾਇ ਤਿਆਰ ਕੀਤੀ ਜਾਂਦੀ ਹੈ ਜਦਕਿ ਇਹ ਹਕੀਕਤ ਛੁਪਾ ਲਈ ਜਾਂਦੀ ਹੈ ਕਿ ਸਭਤੋਂ ਵੱਡੀ ਦਹਿਸ਼ਤ ਸੰਸਥਾ ਖ਼ੁਦ ਹਿੰਦੁਸਤਾਨੀ ਸਟੇਟ ਅਤੇ ਇਸ ਦੀਆਂ ਹਾਕਮ ਜਮਾਤਾਂ ਹਨ।
ਸਥਾਪਤੀ ਦੀਆਂ ਤਾਕਤਾਂ ਇਸ ਤਰ•ਾਂ ਦੇ ਗ਼ੈਰਅਦਾਲਤੀ ਕਤਲਾਂ ਦਾ ਵਕਤੀ ਲਾਹਾ ਲੈਣ ਵਿਚ ਕਾਮਯਾਬ ਜ਼ਰੂਰ ਹੋ ਜਾਂਦੀਆਂ ਹਨ ਪਰ ਉਹ ਹਮੇਸ਼ਾ ਬਹੁਤ ਵੱਡੇ ਭਰਮ ਵਿਚ ਹੁੰਦੀਆਂ ਹਨ ਕਿ ਐਸੀਆਂ ਲਹਿਰਾਂ ਦੇ ਚੋਟੀ ਦੇ ਆਗੂਆਂ ਨੂੰ ਮਾਰਕੇ ਉਹ ਇਨਕਲਾਬੀ ਤਬਦੀਲੀ ਦੀ ਤਾਂਘ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਣਗੇ। 1970ਵਿਆਂ ਦੇ ਸ਼ੁਰੂ ਵਿਚ ਵੀ ਹਿੰਦੁਸਤਾਨੀ ਹੁਕਮਰਾਨ ਜਮਾਤ ਨੇ ਨਕਸਲਬਾੜੀ ਲਹਿਰ ਦੇ ਕਾ. ਚਾਰੂ ਮਜ਼ੂਮਦਾਰ, ਬਾਬਾ ਬੂਝਾ ਸਿੰਘ, ਸਰੋਜ ਦੱਤਾ ਵਰਗੇ ਚੋਟੀ ਦੇ ਆਗੂਆਂ ਸਮੇਤ ਪੂਰੇ ਮੁਲਕ ਅੰਦਰ 5000 ਇਨਕਲਾਬੀ ਸਿਆਸੀ ਕਾਰਕੁੰਨਾਂ ਨੂੰ ਕਤਲ ਕਰਕੇ ਇਹ ਭਰਮ ਸਿਰਜਿਆ ਸੀ ਕਿ ਇਹ ਲਹਿਰ ਹਮੇਸ਼ਾ ਲਈ ਨੇਸਤੋਨਾਬੂਦ ਕਰ ਦਿੱਤੀ ਗਈ ਹੈ। ਪਰ ਇਕ ਦਹਾਕੇ ਦੇ ਅੰਦਰ ਹੀ ਇਹ ਲਹਿਰ ਨਾ ਸਿਰਫ਼ ਮੁੜ-ਸੁਰਜੀਤ ਤੇ ਮੁੜ-ਜਥੇਬੰਦ ਹੋ ਗਈ ਸਗੋਂ ਇਸਨੇ ਪਹਿਲਾਂ ਦੇ ਮੁਕਾਬਲੇ ਲੋਕਾਂ ਅੰਦਰ ਆਪਣਾ ਮਜ਼ਬੂਤ ਅਧਾਰ ਬਣਾ ਲਿਆ ਜਿਸਨੂੰ ਕੁਚਲਣ ਲਈ ਹਿੰਦੁਸਤਾਨੀ ਸਟੇਟ ਨੇ ਇਸਨੂੰ 'ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ' ਕਰਾਰ ਦੇਕੇ 2009 ਤੋਂ ਵੱਡੀ ਨੀਮ-ਫ਼ੌਜੀ ਕਾਰਵਾਈ 'ਓਪਰੇਸ਼ਨ ਗਰੀਨ ਹੰਟ' ਸ਼ੁਰੂ ਕੀਤਾ ਹੋਈ ਹੈ। ਇਹ ਨੀਮ-ਫ਼ੌਜੀ ਹਮਲਾ ਲਗਾਤਾਰ ਚਲ ਰਿਹਾ ਹੈ ਜਿਸ ਵਿਚ ਆਪਣੇ ਹੀ ਮੁਲਕ ਦੇ ਨਾਗਰਿਕਾਂ ਵਿਰੁੱਧ ਲੱਖਾਂ ਦੀ ਤਾਦਾਦ 'ਚ ਨੀਮ-ਫ਼ੌਜੀ ਤਾਕਤਾਂ, ਵਿਸ਼ੇਸ਼ ਪੁਲਿਸ ਅਤੇ ਗਰੇਅ ਹਾਊਂਡਜ਼ ਵਰਗੀਆਂ ਤਰ•ਾਂ-ਤਰ•ਾਂ ਦੀਆਂ ਸਰਕਾਰੀ ਤਾਕਤਾਂ ਜੁੱਟੀਆਂ ਹੋਈਆਂ ਹਨ।
ਕਮਿਊਨਿਸਟ ਇਨਕਲਾਬੀਆਂ ਨੂੰ ਐਸੇ ਅਖਾਉਤੀ ਮੁਕਾਬਲਿਆਂ ਵਿਚ ਕਤਲ ਕਰਕੇ ਹਿੰਦੁਸਤਾਨੀ ਰਾਜ ਬਹੁਤ ਸਾਰੇ ਸਮਰਪਿਤ ਇਨਕਲਾਬੀਆਂ ਨੂੰ ਤਾਂ ਜਿਸਮਾਨੀ ਤੌਰ 'ਤੇ ਕਤਲ ਕਰ ਸਕਦਾ ਹੈ। ਪਰ ਨਾ ਤਾਂ ਵਿਚਾਰਧਾਰਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਨਾ ਦੱਬੇਕੁਚਲੇ ਤੇ ਲੁੱਟੇਪੁੱਟੇ ਅਵਾਮ ਦੀ ਇਸ ਆਦਮਖਾਣੇ ਪ੍ਰਬੰਧ ਤੋਂ ਮੁਕਤ ਹੋਣ ਲਈ ਜੂਝਣ ਦੀ ਤਾਂਘ ਨੂੰ।
ਸਿਆਸੀ ਮਸਲਿਆਂ ਨੂੰ ਮਹਿਜ਼ ਅਮਨ-ਕਾਨੂੰਨ ਦਾ ਮਸਲਾ ਬਣਾਕੇ ਪੇਸ਼ ਕਰਨਾ, ਇਸ ਬਹਾਨੇ ਸਥਾਪਤੀ ਵਿਰੋਧੀ ਟਾਕਰਾ ਲਹਿਰਾਂ ਦੇ ਆਗੂਆਂ ਨੂੰ ਗਿਣ-ਮਿੱਥਕੇ ਕਤਲ ਕਰਨਾ ਹਿੰਦੁਸਤਾਨੀ ਸਟੇਟ ਦੀ ਆਮ ਨੀਤੀ ਹੈ। ਇਨ•ਾਂ ਗ਼ੈਰਅਦਾਲਤੀ ਕਤਲਾਂ ਨੂੰ ਮੁਕਾਬਲਿਆਂ ਦਾ ਨਾਂ ਦੇਕੇ ਹਕੂਮਤਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਇਸਦਾ ਜਵਾਬਦੇਹ ਨਹੀਂ ਹੋਣਾ ਪੈਂਦਾ। ਅਦਾਰਾ ਦੋ-ਮਾਸਿਕ ਲੋਕ ਕਾਫ਼ਲਾ ਜਾਅਲੀ ਮੁਕਾਬਲਿਆਂ ਦੇ ਨਾਂ ਹੇਠ ਇਸ ਰਾਜਕੀ ਦਹਿਸ਼ਤਗਰਦੀ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ। ਜਾਅਲੀ ਮੁਕਾਬਲਿਆਂ ਸਮੇਤ ਹਰ ਤਰ•ਾਂ ਦੀ ਰਾਜਕੀ ਦਹਿਸ਼ਤਗਰਦੀ ਦਾ ਸਾਰੀਆਂ ਹੀ ਇਨਸਾਫ਼ਪਸੰਦ ਅਤੇ ਜਮਹੂਰੀ ਤਾਕਤਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਇਸ ਦੇ ਖ਼ਿਲਾਫ਼ ਪੁਰਜ਼ੋਰ ਵਿਰੋਧ ਲਹਿਰ ਲਾਮਬੰਦ ਕਰਨੀ ਚਾਹੀਦੀ ਹੈ। ਸਟੇਟ ਦੇ ਖ਼ੂਨੀ ਹੱਥ ਰੋਕਣ ਲਈ ਇਹ ਮੰਗ ਕਰਨੀ ਚਾਹੀਦੀ ਹੈ ਕਿ ਹਿੰਦੁਸਤਾਨੀ ਰਾਜ ਇਹ ਸਵੀਕਾਰ ਕਰੇ ਕਿ ਇਸਨੇ ਆਪਣੇ ਹੀ ਲੋਕਾਂ ਵਿਰੁੱਧ ਇਕ ਬਾਕਾਇਦਾ ਜੰਗ ਸ਼ੁਰੂ ਕੀਤੀ ਹੋਈ ਹੈ ਅਤੇ ਇਹ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਜੰਗ ਦੇ ਨਿਯਮਾਂ ਦੀ ਪਾਲਣਾ ਕਰੇ। ਹੁਕਮਰਾਨ ਮਾਓਵਾਦੀ ਇਨਕਲਾਬੀਆਂ ਨੂੰ ਫੜ-ਫੜਕੇ ਕਤਲ ਕਰਨ ਦਾ ਸਿਲਸਿਲਾ ਬੰਦ ਕਰਕੇ ਉਨ•ਾਂ ਨੂੰ ਜੰਗੀ ਕੈਦੀ ਤਸਲੀਮ ਕਰਨ। ਇਸਦਾ ਉਲੰਘਣ ਕਰਨ ਵਾਲੇ ਪੁਲਿਸ ਅਫ਼ਸਰਾਂ ਉੱਪਰ ਗ਼ੈਰ-ਅਦਾਲਤੀ ਕਤਲਾਂ ਦੇ ਮੁਕੱਦਮੇ ਦਰਜ ਕੀਤੇ ਜਾਣ ਅਤੇ ਰਾਜ ਵਿਰੋਧੀ ਲਹਿਰਾਂ ਨੂੰ ਸਿਆਸੀ ਲਹਿਰਾਂ ਤਸਲੀਮ ਕਰਕੇ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕੀਤਾ ਜਾਵੇ।
 (ਬੂਟਾ ਸਿੰਘ ਨਵਾਂਸ਼ਹਿਰ, ਦੀ ਫੇਸਬੁੱਕ 'ਤੋਂ)

No comments:

Post a Comment