ਪੰਜਾਬੀ ਭਾਸ਼ਾ 'ਤੇ ਲਾਈ ਪਾਬੰਦੀ ਖ਼ਿਲਾਫ ਲਾਹੌਰ 'ਚ ਪ੍ਰਦਰਸ਼ਨ
ਅੰਮ੍ਰਿਤਸਰ, 20 ਅਕਤੂਬਰ- ਬੀਕਨਹਾਊਸ ਸਕੂਲ ਸਿਸਟਮ ਸਾਹੀਵਾਲ ਵੱਲੋਂ ਪੰਜਾਬੀ ਭਾਸ਼ਾ ਨੂੰ ਗਲਤ ਅਤੇ ਖਰਾਬ ਭਾਸ਼ਾ ਦੱਸਦਿਆਂ ਲਗਾਈ ਗਈ ਪਾਬੰਦੀ ਦੇ ਵਿਰੋਧ ਵਿੱਚ ਅੱਜ ਲਾਹੌਰ ਵਿੱਚ ਪੰਜਾਬੀ ਭਾਸ਼ਾ ਬਾਰੇ ਕਾਰਕੁਨਾਂ ਅਤੇ ਸਾਹਿਤਕ ਸੰਗਠਨਾਂ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੇ ਉਪਰੋਕਤ ਨਿੱਜੀ ਸਕੂਲਾਂ ਵਿੱਚ ਸਰਕੂਲਰ ਜਾਰੀ ਕਰਕੇ ਸਕੂਲ ਦੇ ਅੰਦਰ, ਬਾਹਰ ਅਤੇ ਘਰਾਂ ਵਿੱਚ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਨ 'ਤੇ ਪਾਬੰਦੀ ਲਗਾਈ ਗਈ ਸੀ। ਵਕੀਲ ਤਾਹਿਰ ਮਹਿਮੂਦ ਸੰਧੂ ਨੇ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਵੱਲੋਂ ਇਸ ਸਬੰਧੀ ਲਾਹੌਰ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਸਕੂਲ ਨੂੰ ਫੈਸਲਾ ਵਾਪਸ ਲੈਣ ਅਤੇ ਮੁਆਫੀ ਮੰਗਣ ਲਈ ਕਿਹਾ ਸੀ। ਉੱਧਰ ਅੱਜ ਪੰਜਾਬੀ ਸਾਂਝ ਸੰਗਤ, ਪੰਜਾਬੀ ਪ੍ਰਚਾਰ ਲਹਿਰ, ਪੰਜਾਬੀ ਅਦਬੀ ਸੰਗਤ, ਪੰਜਾਬੀ ਖੋਜਗੜ• ਕਸੂਰ, ਕੁਕਨਾਸ ਲਾਇਲਪੁਰ (ਫੈਸਲਾਬਾਦ) ਸਹਿਤ ਹੋਰ ਸਾਹਿਤ ਸੰਗਠਨਾਂ ਨੇ ਬੀਕਨਹਾਊਸ ਸਕੂਲ ਸਿਸਟਮ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਮਾਂ ਬੋਲੀ ਪੰਜਾਬੀ ਨਾਲ ਬਦਸਲੂਕੀ ਅਤੇ ਨਜ਼ਰਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪ੍ਰਦਰਸ਼ਨ ਦੌਰਾਨ ਕਾਰਕੁਨਾਂ ਵੱਲੋਂ ਹੱਥਾਂ ਵਿੱਚ ਫੜੇ ਬੈਨਰਾਂ 'ਤੇ ਗੁਰਮੁਖੀ ਵਿੱਚ ''ਅਸਾਂ ਦੇਸ ਪੰਜਾਬ ਦੇ ਰਾਖੜੇ ਤੇ ਬੋਲੀ ਸਾਡੀ ਪੱਤ, ਜੋ ਮੰਦੜਾ ਬੋਲੇ ਇਸ ਨੂੰ ਓਹ ਜੀਭ ਦਵਾਂਗੇ ਵੱਢ'' ਲਿਖਿਆ ਹੋਇਆ ਸੀ। (ਪੰਜਾਬੀ ਟ੍ਰਿਬਿਊਨ, 21 ਅਕਤੂਬਰ 2016)
No comments:
Post a Comment