ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਸਰਗਰਮੀ
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 4 ਸਤੰਬਰ ਤੋਂ 11 ਸਤੰਬਰ ਦਾ ਹਫਤਾ ਪੰਜਾਬ ਦੇ ਮੰਤਰੀਆਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ 1 ਅਪ੍ਰੈਲ 2016 ਹੋਈ ਮੀਟਿੰਗ ਵਿੱਚ ਕੀਤੇ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਦਿੱਤੇ ਯਾਦ ਪੱਤਰ ਵਿੱਚ ਮੰਗ ਕੀਤੀ ਗਈ ਕਿ ਪੇਂਡੂ ਅਤੇ ਖੇਤ ਮਜ਼ਦੂਰਾਂ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ, ਲੋੜਵੰਦ ਲਾਭਪਾਤਰੀਆਂ ਦੇ ਨੀਲੇ ਕਾਰਡ ਬਣਾਏ ਜਾਣ, ਬਣ ਚੁੱਕੇ ਨੀਲੇ ਕਾਰਡ ਤੁਰੰਤ ਵੰਡੇ ਜਾਣ, ਮਗਨਰੇਗਾ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਕੀਤੀ ਜਾਵੇ, ਮਗਨਰੇਗਾ ਮਜ਼ਦੂਰਾਂ ਦੇ ਕੀਤੇ ਕੰਮ ਦਾ ਮਿਹਨਤਾਨਾ ਤੁਰੰਤ ਅਦਾ ਕੀਤਾ ਜਾਵੇ। ਹਾਲਾਂ ਕਿ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮਾਰਚ ਮਹੀਨੇ ਵਿੱਚ ਮੁਹਾਲੀ ਵਿੱਚ ਤਿੰਨ ਰੋਜ਼ਾ ਸਾਂਝੇ ਧਰਨੇ ਉਪਰੰਤ ਮੁੱਖ ਮੰਤਰੀ ਨੇ ਆਗੂਆਂ ਨਾਲ ਮੀਟਿੰਗ ਕਰਕੇ ਉਪਰੋਕਤ ਮੰਗਾਂ ਮੰਨ ਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ। ਕੁੱਝ ਕੁ ਥਾਵਾਂ 'ਤੇ ਯਾਦ ਪੱਤਰ ਦੇਣ ਮੌਕੇ ਸਾਂਝੇ ਮੋਰਚੇ ਵੱਲੋਂ ਧਰਨੇ ਲਗਾ ਕੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ।
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਵੱਖਰੀ ਸਰਗਰਮੀ ਤਹਿਤ ਮੁਫਤ ਨੀਲੇ ਕਾਰਡ ਬਣਾਉਣ, ਬਣਾ ਕੇ ਕੱਟੇ ਹੋਏ ਕਾਰਡਾਂ ਨੂੰ ਬਹਾਲ ਕਰਵਾਉਣ, ਨੀਲੇ ਕਾਰਡ 'ਤੇ ਗੈਸ ਕੁਨੈਕਸ਼ਨ ਤੁਰੰਤ ਦੇਣ, ਬੇਘਰੇ ਤੇ ਬੇਜ਼ਮੀਨੇ ਕਿਰਤੀਆਂ ਨੂੰ 5-5 ਮਰਲੇ ਦੇ ਪਲਾਟ ਅਤੇ ਮਗਨਰੇਗਾ ਤਹਿਤ ਲਗਾਤਾਰ ਰੁਜ਼ਗਾਰ ਦੇਣ, ਕੀਤੇ ਕੰਮ ਦਾ ਸਮੇਂ ਸਿਰ ਭੁਗਤਾਨ ਕਰਨ ਅਤੇ ਕੀਤੇ ਕੰਮ ਦੀ ਅਦਾਇਗੀ ਕਰਨ, ਤੇ ਗੈਸ ਕੁਨੈਕਸ਼ਨ ਦੇਣ ਬਦਲੇ ਗੈਰ-ਕਾਨੂੰਨੀ ਵਸੂਲੀਆਂ ਗਈਆਂ ਰਕਮਾਂ ਵਾਪਸ ਕਰਵਾਉਣ, ਬਿਜਲੀ ਬਿਲਾਂ ਵਿੱਚ ਲਏ ਗਊ ਸੈੱਸ ਨੂੰ ਹਟਾਉਣ ਹਿੱਤ ਜ਼ਿਲ•ਾ ਪੱਧਰਾਂ 'ਤੇ ਖੁਰਾਕ ਅਤੇ ਸਪਲਾਈ ਦਫਤਰਾਂ ਅੱਗੇ ਧਰਨੇ ਦਿੱਤੇ ਗਏ। ਅਗਲੇ ਪੜਾਅ ਵਜੋਂ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਵਿਰੁੱਧ ਤਿੰਨ ਰੋਜ਼ਾ ਜ਼ੋਨ ਪੱਧਰੇ ਧਰਨੇ ਦਿੱਤੇ ਗਏ ਤੇ ਜ਼ਿਲ•ਾ ਅਧਿਕਾਰੀਆਂ ਵੱਲੋਂ ਆਗੂਆਂ ਨਾਲ ਮੰਨੀਆਂ ਮੰਗਾਂ ਪ੍ਰਤੀ ਮੀਟਿੰਗਾਂ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੱਖਰੀ ਸਰਗਰਮੀ ਕਰਦਿਆਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮੁਹਾਲੀ ਵਿਖੇ ਤਿੰਨ ਰੋਜ਼ਾ ਧਰਨੇ ਉਪਰੰਤ 1 ਅਪ੍ਰੈਲ 2016 ਨੂੰ ਮੁੱਖ ਮੰਤਰੀ ਵੱਲੋਂ ਮੀਟਿੰਗ ਵਿੱਚ ਮਜ਼ਦੂਰਾਂ ਦੇ ਆਗੂਆਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ।
ਪ੍ਰੰਤੂ ਕਈ ਮਹੀਨੇ ਬੀਤ ਜਾਣ 'ਤੇ ਵੀ ਮੰਨੀਆਂ ਮੰਗਾਂ 'ਤੇ ਅਮਲ ਨਹੀਂ ਹੋਇਆ, ਜਿਸ 'ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਜੱਦੀ ਹਲਕੇ ਲੰਬੀ ਵਿਖੇ ਤਿੰਨ ਰੋਜ਼ਾ ''ਪੱਕੇ ਮੋਰਚੇ'' ਦਾ ਐਲਾਨ ਕੀਤਾ ਕਿ ਮੰਨੀਆਂ ਮੰਗਾਂ 'ਤੇ ਅਮਲ ਕਰਵਾਉਣ ਲਈ ਅਤੇ ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਨ ਪੱਕੇ ਰੁਜ਼ਾਗਰ ਦਾ ਪ੍ਰਬੰਧ ਕਰਨ ਤੇ ਜਾਤਪਾਤੀ ਧੌਂਸ ਤੇ ਗਊ ਰੱਖਿਆ ਬਹਾਨੇ ਹੇਠ ਦਲਿਤਾਂ ਨਾਲ ਅਣਮਨੁੱਖੀ ਜਬਰ ਬੰਦ ਕਰਨ ਸਮੇਤ ਕਈ ਮੰਗਾਂ ਲਈ ਤਿਆਰੀ ਤਹਿਤ ਜਥੇਬੰਦੀ ਦੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ 'ਦਲਿਤ ਨੌਜਵਾਨ ਬਸੰਤੀ ਮਾਰਚ' ਉਲੀਕਿਆ ਗਿਆ। ਲੰਬੀ ਵਾਲੇ ਧਰਨੇ ਦੀ ਤਿਆਰੀ ਕਰਕੇ 15 ਸਤੰਬਰ ਤੋਂ ਲੰਬੀ ਵਿਖੇ ਧਰਨੇ ਦਾ ਆਗਾਜ਼ ਕੀਤਾ ਗਿਆ। ਧਰਨੇ ਦੇ ਆਖਰੀ ਦਿਨ ਪੁਲਸ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਮਜ਼ਦੂਰਾਂ ਨੂੰ ਮੰਗਾਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਦੇਣ ਲਈ 20 ਸਤੰਬਰ ਚੰਡੀਗੜ• ਸਮਾਂ ਤਹਿ ਕਰਵਾ ਦਿੱਤਾ ਅਤੇ ਖੇਤ ਮਜ਼ਦੂਰ ਧਰਨਾ ਸਮਾਪਤ ਕਰਕੇ ਘਰਾਂ ਨੂੰ ਪਰਤ ਗਏ।
20 ਸਤੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਲਈ ਗਏ ਆਗੂਆਂ ਨੂੰ ਮੁੱਖ ਮੰਤਰੀ ਨੇ ਮੀਟਿੰਗ ਲਈ ਅੰਦਰ ਬੁਲਾਇਆ ਹੀ ਨਹੀਂ। ਆਗੂ ਸਾਰਾ ਦਿਨ ਖੱਜਲਖੁਆਰ ਤੇ ਨਿਰਾਸ਼-ਹਤਾਸ਼ ਹੋ ਕੇ ਪ੍ਰੈਸ ਅੱਗੇ ਪੇਸ਼ ਹੋਏ ਤੇ ਪਿੰਡਾਂ ਵਿੱਚ ਬਾਦਲ ਦੀਆਂ ਅਰਥੀਆਂ ਫੂਕਣ ਦਾ ਸੱਦਾ ਦਿੱਤਾ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਖੇਤ ਮਜ਼ਦੂਰਾਂ ਵੱਲੋਂ ਅਰਥੀਆਂ ਫੂਕੀਆਂ ਵੀ ਗਈਆਂ ਅਤੇ ਸਰਕਾਰ ਦੇ ਖੇਤ ਮਜ਼ਦੂਰਾਂ ਪ੍ਰਤੀ ਧਾਰਨ ਕੀਤੇ ਰਵੱਈਏ ਦੀ ਨਿੰਦਾ ਕੀਤੀ ਗਈ। 0-0
No comments:
Post a Comment