Thursday, 27 October 2016

ਕਸ਼ਮੀਰ ਵਾਦੀ 'ਚ ਟਾਕਰਾ ਲਹਿਰ ਦਾ ਪਸਾਰਾ


ਫੌਜੀ ਸੰਗੀਨਾਂ ਦੀ ਛਾਂ ਹੇਠ

ਕਸ਼ਮੀਰ ਵਾਦੀ 'ਚ ਟਾਕਰਾ ਲਹਿਰ ਦਾ ਪਸਾਰਾ
-ਦਲਜੀਤ
ਕਸ਼ਮੀਰੀ ਲੋਕਾਂ ਦੀ ਟਾਕਰਾ ਲਹਿਰ ਹੋਰ ਤੋਂ ਹੋਰ ਵਧੇਰੇ ਜ਼ੋਰ ਫੜਦੀ ਜਾ ਰਹੀ ਹੈ। ਪਿਛਲੇ 100 ਦਿਨਾਂ ਵਿੱਚ 110 ਤੋਂ ਵੱਧ ਕਸ਼ਮੀਰੀ ਨੌਜਵਾਨ ਆਪਣੇ ਖੂਨ ਦੀ ਅਹੂਤੀ ਦੇ ਕੇ ਆਪਣੀ ਆਜ਼ਾਦੀ ਦੀ ਸ਼ਮ•ਾਂ ਨੂੰ ਹੋਰ ਵਧੇਰੇ ਰੌਸ਼ਨ ਕਰ ਗਏ ਹਨ। ਭਾਰਤੀ ਫੌਜ ਨੇ ਕਸਮੀਰੀ ਪੁਲਸ ਨੂੰ ਮੂਹਰੇ ਲਗਾ ਕੇ ਆਪਣੇ ਕੋਝੇ ਮਨੋਰਥਾਂ ਦੀ ਪੂਰਤੀ ਕਰਨੀ ਚਾਹੀ ਪਰ ਕਸ਼ਮੀਰੀ ਲੋਕਾਂ ਨੇ ਸਥਾਨਕ ਪੁਲਸੀਆਂ ਦੇ ਘਰਾਂ ਦੇ ਅੱਗੇ ਪਿੱਟ-ਸਿਆਪੇ ਕਰਕੇ ਕਈਆਂ ਨੂੰ ਨੌਕਰੀਆਂ ਛੱਡਣ ਜਾਂ ਫੇਰ ਆਪਣੇ ਘਰਾਂ ਨੂੰ ਹੀ ਛੱਡਣ ਵਾਸਤੇ ਮਜਬੂਰ ਕਰ ਦਿੱਤਾ। ਲੋਕਾਂ ਨੇ ਪਿੰਡਾਂ, ਕਸਬਿਆਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚੋਂ ਸਰਕਾਰੀ-ਤੰਤਰ ਦਾ ਬਿਸਤਰਾ ਹੀ ਗੋਲ ਕਰਕੇ ਰੱਖ ਦਿੱਤਾ। ਹਕੂਮਤ ਧਿਰ ਦੇ ਕਿੰਨੇ ਹੀ ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਦੇ ਘਰ ਫੂਕ ਦਿੱਤੇ ਗਏ। ਲੋਕਾਂ ਦੀ ਜਿਹੜੀ ਟਾਕਰਾ ਲਹਿਰ ਪਹਿਲਾਂ ਸਿਰਫ ਵਾਦੀ ਵਿੱਚ ਜੇਹਲਮ ਦੁਆਲੇ ਹੀ ਵਧੇਰੇ ਤਿੱਖ ਫੜਦੀ ਰਹੀ ਹੈ, ਉਹ ਹੁਣ ਪੀਰ-ਪੰਚਾਲ ਦੀਆਂ ਪਹਾੜੀਆਂ ਪਾਰ ਕਰਕੇ ਚਨਾਬ ਦੁਆਲੇ ਵੀ ਜ਼ੋਰ ਫੜ ਰਹੀ ਹੈ ਅਤੇ ਉੱਤਰ ਵਿੱਚ ਕਾਰਗਿਲ ਤੱਕ ਜਾ ਪਹੁੰਚੀ ਹੈ। ਪੱਥਰਬਾਜ਼ੀ ਦੀ ਪਹਿਲਾਂ ਵਾਲੀ ਟਾਕਰਾ ਲਹਿਰ ਵਿੱਚ ਜਿੱਥੇ 18-20 ਸਾਲ ਦੇ ਮੁੰਡੇ ਵਧੇਰੇ ਹਿੱਸਾ ਲੈਂਦੇ ਸਨ ਉੱਥੇ ਇਸ ਦੌਰ ਵਿੱਚ 8-10 ਸਾਲ ਤੱਕ ਦੇ ਬੱਚਿਆਂ ਸਮੇਤ ਔਰਤਾਂ ਵੀ ਹਿੱਸਾ ਲੈਣ ਲੱਗੀਆਂ ਹਨ। 
ਕਸ਼ਮੀਰ ਵਿੱਚ ਇਸ ਸਮੇਂ ਜਿਸ ਟਾਕਰਾ ਲਹਿਰ ਦਾ ਉੱਭਰਵਾਂ ਅਤੇ ਉੱਘੜਵਾਂ ਇਜ਼ਹਾਰ ਹੋਇਆ ਹੈ, ਇਸਦਾ ਪੈੜਾ ਕਾਫੀ ਪਹਿਲਾਂ ਹੀ ਬੰਨਿ•ਆ ਜਾ ਚੁੱਕਾ ਸੀ। ਕਸ਼ਮੀਰ ਡੈਮੋਕਰੇਟਿਕ ਪਾਰਟੀ ਨੇ ਆਪਣੇ ਚੋਣ ਵਾਅਦਿਆਂ ਵਿੱਚ ਆਖਿਆ ਸੀ ਕਿ ਜੇਕਰ ਉਸਦੀ ਹਕੂਮਤ ਬਣੀ ਤਾਂ ਉਹ ਗ੍ਰਿਫਤਾਰ ਕੀਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰੇਗੀ— ਉਹਨਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰੇਗੀ ਅਤੇ ਭਾਰਤੀ ਫੌਜ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਨੂੰ ਰੋਕਣ ਲਈ ਅਫਸਪਾ ਵਰਗੇ ਕਾਲੇ ਕਾਨੂੰਨਾਂ ਨੂੰ ਖਤਮ ਕਰਵਾਏਗੀ। ਕੇਂਦਰ ਦੀ ਭਾਜਪਾ ਹਕੂਮਤ ਬਾਰੇ ਤਾਂ ਕਸ਼ਮੀਰੀ ਲੋਕਾਂ ਨੂੰ ਪਹਿਲਾਂ ਹੀ ਸਪੱਸ਼ਟ ਸੀ ਕਿ ਇਸ ਦਾ ਏਜੰਡਾ ਹਿੰਦੀ, ਹਿੰਦੂ ਅਤੇ ਹਿੰਦੋਸਤਾਨ ਵਾਲਾ ਹੀ ਹੈ, ਜਿਸ ਤਹਿਤ ਉਹ ਨਾ ਸਿਰਫ ਵੱਖ ਵੱਖ ਕੌਮੀਅਤਾਂ ਨੂੰ ਗੋਡਿਆਂ ਹੇਠ ਕਰਨਾ ਚਾਹੁੰਦੀ ਹੈ ਬਲਕਿ ਮੁਸਲਮਾਨਾਂ ਸਮੇਤ ਸਭਨਾਂ ਹੀ ਧਾਰਮਿਕ ਘੱਟ ਗਿਣਤੀਆਂ ਨੂੰ ਵੀ ਦਬਾ ਕੇ ਰੱਖਣਾ ਚਾਹੁੰਦੀ ਹੈ। ਉਹ ਸੰਵਿਧਾਨਕ ਇਕਸਾਰਤਾ ਲਾਗੂ ਕਰਨ ਤਹਿਤ ਜਿੱਥੇ ਕਸਮੀਰ ਨੂੰ ਮਿਲੇ ਹੋਏ ਵਿਸ਼ੇਸ਼ ਰੁਤਬੇ (ਧਾਰਾ 370) ਨੂੰ ਖਤਮ ਕਰਨਾ ਚਾਹੁੰਦੀ ਹੈ ਉੱਥੇ ਮੁਸਲਿਮ ਭਾਈਚਾਰੇ ਦੇ ਆਪਣੇ ਧਾਰਮਿਕ ਅਕੀਦੇ ਅਤੇ ਰੀਤੀ-ਰਿਵਾਜਾਂ ਨੂੰ ਵੀ ਰੋਲਣਾ ਚਾਹੁੰਦੀ ਹੈ। ਪਰ ਜਦੋਂ ਚੋਣਾਂ ਉਪਰੰਤ ਖੁਦ ਪੀ.ਡੀ.ਪੀ. ਹੀ ਭਾਜਪਾ ਦੇ ਘਨੇੜੀਂ ਜਾ ਚੜ•ੀ ਤਾਂ ਕਸ਼ਮੀਰੀ ਲੋਕਾਂ ਦਾ ਗੁੱਸਾ ਅਤੇ ਰੋਹ ਕਰਵਟਾਂ ਲੈਣ ਲੱਗਿਆ। ਲੋਕਾਂ ਦੇ ਵਧਦੇ ਰੋਹ ਨੂੰ ਜਿੱਥੇ ਹੁਰੀਅਤ ਦੇ ਵੱਖ ਵੱਖ ਧੜੇ ਚੁਆਤੀ ਲਾ ਰਹੇ ਸਨ ਉੱਥੇ ਕਸ਼ਮੀਰੀ ਲੋਕਾਂ ਦੀ ਗੁਪਤ ਹਥਿਆਰਬੰਦ ਟਾਕਰਾ ਲਹਿਰ ਵੀ ਤਿੱਖ ਫੜ ਰਹੀ ਸੀ। ਪੀ.ਡੀ.ਪੀ. ਨੇ ਜਿੱਥੇ ਭਾਜਪਾ ਹਕੂਮਤ ਦੇ ਇਸ਼ਾਰਿਆਂ 'ਤੇ ਹੁਰੀਅਤ ਦੇ ਵੱਖ ਵੱਖ ਆਗੂਆਂ ਨੂੰ ਉਹਨਾਂ ਦੇ ਘਰਾਂ ਜਾਂ ਫੇਰ ਪੁਲਸ ਕੈਂਪਾਂ ਵਿੱਚ ਨਜ਼ਰਬੰਦ ਕਰਨਾ ਸ਼ੁਰੂ ਕੀਤਾ, ਉੱਥੇ ਹਥਿਆਰਬੰਦ ਟਾਕਰੇ ਨੂੰ ਕੁਚਲਣ ਲਈ ਪੂਰਾ ਤਾਣ ਲਗਾਇਆ, ਜਿਸ ਦੇ ਸਿੱਟੇ ਵਜੋਂ ਹੀ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਨੂੰ ਮਾਰ-ਮੁਕਾਇਆ ਗਿਆ। ਪੀ.ਡੀ.ਪੀ. ਦੀ ਅਗਵਾਈ ਹੇਠਲੀ ਹਕੂਮਤ ਨੇ ਕੁੱਟ ਕੁੱਟ ਕੇ ਜਿੱਥੇ ਹੁਰੀਅਤ ਦੇ ਵੱਖ ਵੱਖ ਆਗੂਆਂ ਨੂੰ ਇੱਕੋ ਬੋਲੀ ਬੋਲਣ ਵਾਲੇ ਇੱਕੋ ਹੀ ਪਲੇਟਫਾਰਮ 'ਤੇ ਇਕੱਠਿਆਂ ਕਰ ਦਿੱਤਾ, ਉੱਥੇ ਇਸ ਜਬਰ-ਜ਼ੁਲਮ ਨੇ ਕਸ਼ਮੀਰੀ ਖਾੜਕੂਆਂ ਦੀਆਂ ਸਫਾਂ ਵਿੱਚ ਵੀ ਵੱਡਾ ਵਾਧਾ ਕਰ ਦਿੱਤਾ। ਕਸ਼ਮੀਰੀ ਖਾੜਕੂ ਜਿੱਥੇ ਪਹਿਲਾਂ ਚੋਰੀ-ਛਿਪੇ ਲੁਕ ਕੇ ਵਾਰਦਾਤਾਂ ਕਰਦੇ ਸਨ, ਉੱਥੇ ਉਹ ਹੁਣ ਹਜ਼ਾਰਾਂ ਦੀ ਗਿਣਤੀ ਵਾਲੇ ਮੁਜਾਹਰਿਆਂ ਵਿੱਚ ਹਥਿਆਰਾਂ ਸਮੇਤ ਵੀ ਹਾਜ਼ਰ ਹੁੰਦੇ ਹਨ। ਜਿੱਥੇ ਕਸ਼ਮੀਰੀ ਲੋਕਾਂ ਨੇ ਵੋਟ-ਬਟੋਰੂ ਹਾਕਮ ਜਮਾਤੀ ਪਾਰਟੀਆਂ ਅਤੇ ਉਹਨਾਂ ਦੇ ਪਿੱਠੂਆਂ ਦਾ ਪਿੰਡਾਂ ਵਿੱਚ ਰਹਿਣਾ ਮੁਹਾਲ ਕਰ ਦਿੱਤਾ ਹੈ, ਉੱਥੇ ਪੁਲਸ-ਪ੍ਰਸਾਸ਼ਨ ਦੀ ਛੇਤੀ ਕਿਤੇ ਇਹ ਹਿੰਮਤ ਨਹੀਂ ਪੈਣ ਦਿੱਤੀ ਕਿ ਉਹ ਦਨਦਨਾਉਂਦੇ ਪਿੰਡਾਂ ਵਿੱਚ ਘੁੰਮ ਸਕਦੇ ਹੋਣ। ਕਸ਼ਮੀਰੀ ਹਥਿਆਰਬੰਦ ਖਾੜਕੂ ਜਿੱਥੇ ਪਹਿਲਾਂ ਵਿਰਲੀਆਂ-ਟਾਵੀਆਂ ਕਾਰਵਾਈਆਂ ਹੀ ਕਰਦੇ ਸਨ, ਉੱਥੇ ਉਹਨਾਂ ਦੀਆਂ ਹਥਿਆਰਬੰਦ ਕਾਰਵਾਈਆਂ ਦੀ ਮਾਰ ਅਤੇ ਤਿੱਖ ਪਹਿਲਾਂ ਨਾਲੋਂ ਕਿਤੇ ਵਧੇਰੇ ਪ੍ਰਚੰਡ ਰੂਪ ਅਖਤਿਆਰ ਕਰਦੀ ਜਾ ਰਹੀ ਹੈ।  
ਕਸ਼ਮੀਰੀ ਲੋਕਾਂ ਦੀ ਮੌਜੂਦਾ ਟਾਕਰਾ ਲਹਿਰ ਨੇ ਕਸ਼ਮੀਰ ਵਿਚਲੀਆਂ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਵਰਗੀਆਂ ਉਹਨਾਂ ਵੋਟ-ਬਟੋਰੂ ਪਾਰਟੀਆਂ ਦੇ ਸਿਆਸੀ ਆਧਾਰ ਨੂੰ ਵੱਡਾ ਖੋਰਾ ਲਾਇਆ, ਜਿਹੜੀਆਂ ਭਾਰਤੀ ਸੰਵਿਧਾਨ ਨੂੰ ਮੰਨਦੀਆਂ ਹਨ। ਮੌਜੂਦਾ ਉਭਾਰ ਦੌਰਾਨ ਪਹਿਲਾਂ ਪਹਿਲ ਉਹਨਾਂ ਨੇ ਕੇਂਦਰੀ ਹਕੂਮਤ ਦੀਆਂ ਕਿੰਨੀਆਂ ਹੀ ਮਿੰਨਤਾਂ ਕੀਤੀਆਂ ਕਿ ਉਹ ਕਸ਼ਮੀਰ ਦੀ ਸਥਿਤੀ ਸ਼ਾਂਤ ਕਰਨ ਲਈ ਠੋਸ ਉਪਰਾਲੇ ਕਰੇ, ਪਰ ਜਦੋਂ ਮੋਦੀ ਹਕੂਮਤ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ ਤਾਂ ਉਹਨਾਂ ਦਿੱਲੀ ਦਰਬਾਰ ਵਿੱਚ ਹਾਜ਼ਰ ਹੋ ਕੇ ਵੀ ਲਿਲਕੜੀਆਂ ਕੱਢੀਆਂ ਕਿ ਉਹਨਾਂ ਦੀ ਝੋਲੀ ਕੁੱਝ ਨਾ ਕੁੱਝ ਖੈਰਾਤ ਤਾਂ ਜ਼ਰੂਰ ਪਾਈ ਜਾਵੇ, ਪਰ ਮੋਦੀ ਹਕੂਮਤ ਨੇ ਉਹਨਾਂ ਨੂੰ ਠਿੱਠੂ ਹੀ ਵਿਖਾਇਆ। ਜਦੋਂ ਕੇਂਦਰੀ ਹਕੂਮਤ ਵਿਰੋਧੀ ਪਾਰਲੀਮਾਨੀ ਸਿਆਸੀ ਪਾਰਟੀਆਂ ਨੇ ਕੁੱਝ ਦਬਾਅ ਬਣਾਇਆ ਤਾਂ ਫੇਰ ਉਸਨੇ ਆਪਣਾ ਇੱਕ ਵਫਦ ਕਸ਼ਮੀਰ ਭੇਜਿਆ। ਪਹਿਲਾਂ ਤਾਂ ਇਕੱਲਾ ਗ੍ਰਹਿ ਮੰਤਰੀ ਹੀ ਗਿਆ ਸੀ, ਪਰ ਉਸਦੀ ਸੁਰ ਅਜਿਹੀ ਸੀ ਕਿ ਟਾਕਰਾ ਲਹਿਰ ਨੂੰ ਕੁਚਲ ਕੇ ਹੀ ਦਮ ਲਿਆ ਜਾਵੇਗਾ, ਕਸ਼ਮੀਰ ਭਾਰਤ ਦਾ ਇੱਕ ਅਟੁੱਟ ਅੰਗ ਹੈ। ਪਰ ਫੇਰ ਜਦੋਂ ਵਿਰੋਧੀ ਪਾਰਟੀਆਂ ਨੇ ਕਸ਼ਮੀਰ ਵਿੱਚ ਡੈਲੀਗੇਸ਼ਨ ਭੇਜਣ ਦੀ ਮੰਗ ਕੀਤੀ ਤਾਂ ਸਰਬ-ਪਾਰਟੀ ਡੈਲੀਗੇਸ਼ਨ ਕਸ਼ਮੀਰ ਭੇਜਿਆ ਗਿਆ। ਪਰ ਭਾਜਪਾ ਹਕੂਮਤ ਦੇ ਆਗੂਆਂ ਨੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਕੋਈ ਇੱਕ ਵੀ ਕਦਮ ਨਹੀਂ ਲਿਆ। ਜਦੋਂ ਇਸ ਡੈਲੀਗੇਸ਼ਨ ਦੇ ਕੁੱਝ ਮੈਂਬਰ ਉੱਥੇ ਪਾਖੰਡ ਕਰਨ ਗਏ ਤਾਂ ਉਹਨਾਂ ਨੇ ਇਹਨਾਂ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਨਜ਼ਰਬੰਦੀ ਕੱਟ ਰਹੇ ਹੁਰੀਅਤ ਆਗੂਆਂ ਨੇ ਸਰਬ ਪਾਰਟੀ ਡੈਲੀਗੇਸ਼ਨ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਭਾਰਤੀ ਹਕੂਮਤ ਨੇ ਇਸ ਨੂੰ ਕਸ਼ਮੀਰੀਅਤ, ਜਮਹੂਰੀਅਤ ਅਤੇ ਇਨਸਾਨੀਅਤ ਵਿਰੋਧੀ ਹੋਣ ਵਜੋਂ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਵੀ ਲੋਕ ਹਕੀਕਤ ਨਾਲ ਜੁੜੇ ਹੋਏ ਹਨ, ਉਹ ਭਾਰਤੀ ਹਕੂਮਤ ਦੇ ਦੰਭ ਨੂੰ ਚੰਗੀ ਤਰ•ਾਂ ਸਮਝਦੇ ਹਨ। ਪੁਰਅਮਨ ਤਹਿਰੀਕ ਚਲਾ ਰਹੇ ਹੁਰੀਅਤ ਦੇ ਆਗੂਆਂ ਨੂੰ ਵੀ ਜੇਕਰ ਭਾਜਪਾ ਹਕੂਮਤ ''ਵੱਖਵਾਦੀ'' ਆਖਦੀ ਹੋਈ, ਜਿੱਚ ਅਤੇ ਜਲੀਲ ਕਰਨ ਤੱਕ ਦੇ ਹਰਬੇ ਵਰਤਦੀ ਹੈ ਤਾਂ ਇਸ ਤੋਂ ਉਹਨਾਂ ਜਥੇਬੰਦੀਆਂ ਪ੍ਰਤੀ ਇਸਦੇ ਹਕਾਰਤ ਭਰੇ ਰਵੱਈਏ ਦੀ ਪੁਸ਼ਟੀ ਹੁੰਦੀ ਹੈ, ਜਿਹੜੀਆਂ ਭਾਰਤੀ ਸੰਵਿਧਾਨ ਨੂੰ ਰੱਦ ਕਰਦੀਆਂ ਹੋਈਆਂ ਹਥਿਆਰਬੰਦ ਟਾਕਰਾ ਲਹਿਰ ਚਲਾ ਰਹੀਆਂ ਹਨ। ਭਾਜਪਾ ਦੀ ਅਗਵਾਈ ਵਾਲੀ ਹਕੂਮਤ ਨੇ ਕਸ਼ਮੀਰ ਵਿੱਚ ਮੁਫਤੀ ਮਹਿਬੂਬਾ ਨੂੰ ਇੱਕ ਢਾਲ ਵਜੋਂ ਵਰਤਦੇ ਹੋਏ ਕਸ਼ਮੀਰ ਦੀ ਟਾਕਰਾ ਲਹਿਰ ਨੂੰ ਬਾਰੂਦ ਦੇ ਜ਼ੋਰ ਭਸਮ ਕਰਨ ਦਾ ਭਰਮ ਪਾਲਿਆ ਹੋਇਆ ਹੈ— ਪਰ ਕਸ਼ਮੀਰੀ ਲੋਕ ਸਭੇ ਹੀ ਤਕਲੀਫਾਂ ਨੂੰ ਜਰਦੇ ਹੋਏ ਇਸ ਟਾਕਰੇ ਨੂੰ ਜਾਰੀ ਰੱਖ ਰਹੇ ਹਨ। ਇਸਦੀ ਇੱਕ ਉਦਾਹਰਨ ਕਸ਼ਮੀਰੀ ਲੋਕਾਂ ਵੱਲੋਂ ਜਖ਼ਮੀਆਂ ਦੇ ਇਲਾਜ ਵਾਸਤੇ ਖੂਨ ਦੇਣ ਵਾਸਤੇ ਲਗਾਈਆਂ ਗਈਆਂ ਲੰਮੀਆਂ ਕਤਾਰਾਂ 'ਚੋਂ ਵੀ ਮਿਲਦੀ ਹੈ। 
ਕਸ਼ਮੀਰੀ ਲੋਕਾਂ ਨੇ ਹਥਿਆਰਬੰਦ ਟਾਕਰੇ ਦੇ ਨਾਲ ਨਾਲ ਜਨਤਕ ਟਾਕਰੇ ਦੇ ਝਲਕਾਰੇ ਵੀ ਪੇਸ਼ ਕੀਤੇ ਹਨ। ਬਾਅਦ ਵਿੱਚ ਹਾਸਲ ਹੋਏ ਅੰਕੜਿਆਂ ਮੁਤਾਬਕ ਬੁਰਹਾਨ ਵਾਨੀ ਦੇ ਅੰਤਿਮ ਜਨਾਜੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ 5 ਲੱਖ ਦੇ ਕਰੀਬ ਜਾ ਢੁੱਕੀ ਸੀ। ਅਜਿਹਾ ਕੁੱਝ ਹੀ ਕਸ਼ਮੀਰੀ ਲੋਕਾਂ ਨੇ ਸੰਯੁਕਤ ਰਾਸ਼ਟਰ ਕੌਂਸਲੇਟ ਵੱਲ ਮਾਰਚ ਕਰਨ, ਲਾਲ ਚੌਕ ਅਤੇ ਰਾਜ ਭਵਨ 'ਤੇ ਕਬਜ਼ਾ ਕਰਨ ਦੇ ਸੱਦਿਆਂ ਮੌਕੇ ਵੀ ਪੇਸ਼ ਕੀਤਾ। ਭਾਰਤੀ ਫੌਜਾਂ ਨੇ ਥਾਂ ਥਾਂ 'ਤੇ ਕਰਫਿਊ ਲਗਾ ਕੇ, ਪੈਲੇਟ ਗੰਨਾਂ ਰਾਹੀਂ ਬਾਰੂਦ ਦੀ ਵਰਖਾ ਕੀਤੀ ਹੈ, ਜੇਕਰ ਪਿਛਲੇ 100 ਦਿਨਾਂ ਦੀ ਗੱਲ ਹੀ ਕਰ ਲਈਏ ਤਾਂ ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਹੀ ਕਰਫਿਊ ਲੱਗਿਆ ਹੋਣ ਦੇ ਬਾਵਜੂਦ ਵੀ ਕਦੇ 5-7 ਅਤੇ ਕਦੇ 40-50 ਥਾਵਾਂ 'ਤੇ ਪੱਥਰਬਾਜ਼ੀ ਨਾਲ ਟਾਕਰਾ ਹੁੰਦਾ ਰਿਹਾ ਹੈ। 
ਜਿਵੇਂ 1947 ਤੋਂ ਪਿੱਛੋਂ ਕਸ਼ਮੀਰ ਵਿੱਚ ਆਜ਼ਾਦੀ ਦੇ ਸੰਗਰਾਮ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਅਣਮਿਥੇ ਸਮੇਂ ਲਈ ਲਾਇਆ ਕਰਫਿਊ ਪਹਿਲਾਂ ਦੇ ਸਾਰੇ ਸਮਿਆਂ ਦਾ ਰਿਕਾਰਡ ਪਾਰ ਕਰ ਗਿਆ ਹੈ। ਸਕੂਲ-ਕਾਲਜ ਅਤੇ ਸਰਕਾਰੀ ਸੰਸਥਾਨ ਪਹਿਲਾਂ ਦੇ ਸਾਰੇ ਸਮਿਆਂ ਨਾਲੋਂ ਵਧੇਰੇ ਸਮੇਂ ਲਈ ਬੰਦ ਹੋਏ ਹਨ। ਪਿੰਡਾਂ ਅਤੇ ਦੁਰ-ਦੁਰਾਡੇ ਦੇ ਖੇਤਰਾਂ ਵਿੱਚੋਂ ਪੁਲਸ-ਪ੍ਰਸਾਸ਼ਨ ਨੂੰ ਭਾਜੜਾਂ ਪਈਆਂ ਹਨ। ਸ੍ਰੀ ਨਗਰ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਪੁਲਸ-ਫੌਜ ਨੂੰ ਰਾਤਾਂ ਨੂੰ ਆਪਣੀਆਂ ਬੈਰਕਾਂ ਵਿੱਚ ਦੜ ਵੱਟਣ ਲਈ ਬੇਵਸ ਹੋਣਾ ਪਿਆ ਹੈ। ਕਸ਼ਮੀਰ ਵਾਦੀ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਲੋਕਾਂ ਦੇ ਰੋਹ ਅਤੇ ਟਾਕਰੇ ਤੋਂ ਤ੍ਰਭਕੇ ਭਾਰਤੀ ਹਾਕਮਾਂ ਨੇ ਸ੍ਰੀਨਗਰ ਸਮੇਤ ਵਾਦੀ ਵਿਚਲੀਆਂ ਪ੍ਰਮੁੱਖ ਦਰਗਾਹਾਂ ਦੇ ਬੂਹੇ ਬੰਦ ਕਰਕੇ ਲੋਕਾਂ ਨੂੰ ਈਦ ਮੌਕੇ ਆਪਣੀਆਂ ਅਕੀਦਤਾਂ ਵੀ ਭੇਟ ਨਹੀਂ ਕਰਨ ਦਿੱਤੀਆਂ। ਭਾਰਤੀ ਹਕੂਮਤ ਫੌਜੀ ਜਬਰ ਰਾਹੀਂ ਕਸ਼ਮੀਰੀ ਲੋਕਾਂ ਦੀ ਜਿਹੜੀ ਟਾਕਰਾ ਲਹਿਰ ਨੂੰ ਖਤਮ ਕਰਨ ਦਾ ਭਰਮ ਪਾਲੀ ਬੈਠੀ ਹੈ ਇਹ ਭਰਮ ਵਕਤੀ ਹੈ। ਜੇਕਰ ਜਨਤਕ ਟਾਕਰੇ ਦਾ ਰੁਝਾਨ ਵਕਤੀ ਤੌਰ 'ਤੇ ਮੱਠਾ ਪੈ ਵੀ ਗਿਆ ਤਾਂ ਜਿੰਨੇ ਨੌਜਵਾਨਾਂ ਨੇ ਹਥਿਆਰਬੰਦ ਟਾਕਰੇ ਦੇ ਰਾਹ ਨੂੰ ਅਖਤਿਆਰ ਕਰ ਲਿਆ ਹੈ— ਉਹ ਇਸ ਟਾਕਰੇ ਨੂੰ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਬੁਲੰਦੀਆਂ 'ਤੇ ਪਹੁੰਚਾਉਣਗੇ। ਜਿਵੇਂ ਸਮੇਂ ਸਮੇਂ 'ਤੇ ਵੀਅਤਨਾਮ ਜਾਂ ਅਫਗਾਨਿਸਤਾਨ ਦੇ ਲੋਕਾਂ ਨੇ ਵਿਦੇਸ਼ੀ ਫੌਜਾਂ ਨੂੰ ਖਦੇੜ ਕੇ ਬਾਹਰ ਕੱਢਿਆ ਹੈ, ਉਸੇ ਹੀ ਤਰ•ਾਂ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਕਸ਼ਮੀਰੀ ਕੌਮ ਭਾਰਤੀ ਹਾਕਮਾਂ ਦੀਆਂ ਫੌਜਾਂ ਨੂੰ ਕਸ਼ਮੀਰ ਦੀ ਧਰਤੀ ਤੋਂ ਖਦੇੜ ਕੇ ਬਾਹਰ ਕੱਢ ਮਾਰੇਗੀ।  ੦-੦

No comments:

Post a Comment