Thursday, 27 October 2016

ਸਾਡੇ ਸਮਿਆਂ ਦੀ ਦਰੋਪਦੀ

ਜੰਗ ਦੇ ਜਖ਼ਮ:
ਸਾਡੇ ਸਮਿਆਂ ਦੀ  ਦਰੋਪਦੀ
(ਧੱਕੇਸ਼ਾਹੀ ਦੇ ਦੌਰ ਵਿੱਚ, ਮਹਾਸ਼ਵੇਤਾ ਦੇਵੀ ਦੀ ਮਿੰਨੀ ਕਹਾਣੀ ਦਰੋਪਦੀ ਅਜੇ ਵੀ  ਐਨੀ ਪ੍ਰਸੰਗਿਕ ਕਿਉਂ?)
-ਮੀਨਾ ਕੰਡਾਸਾਮੀ
ਇਹ ਦੇਸ਼ਭਗਤੀ ਦਾ ਵੇਲਾ ਹੈ। ਫੇਸਬੁੱਕ ਅਤੇ ਟੈਲੀਵੀਜ਼ਨ ਚੈਨਲ ਬਾਰਡਰ 'ਤੇ ਭਾਰਤੀ ਫੌਜ ਵੱਲੋਂ ਕੀਤੇ ਸਰਜੀਕਲ ਹਮਲਿਆਂ ਦੀ ਉਸਤੁਤੀ ਅਤੇ ਯੁੱਧ-ਤਿਆਰੀਆਂ ਦੀਆਂ ਖਬਰਾਂ ਨਾਲ ਭਰੇ ਪਏ ਹਨ ਅਤੇ ਕੀਤਾ ਜਾ ਰਿਹਾ ਇਹ ਜੰਗੀ ਸ਼ੋਰ-ਸ਼ਰਾਬਾ ਬੇਹੂਦਗੀ ਤੋਂ ਸਿਵਾਏ ਹੋਰ ਕੁੱਝ ਨਹੀਂ। ਜੇ ਕੋਈ ਪਿਛਲੇ ਹਫਤਿਆਂ ਦੌਰਾਨ ਬੁਰਹਾਨ ਵਾਨੀ ਦੀ ਮੌਤ ਉਪਰੰਤ 80 ਤੋਂ ਜ਼ਿਆਦਾ ਮਾਰੇ ਗਏ ਕਸ਼ਮੀਰੀ ਨਾਗਰਿਕਾਂ ਦੀ ਗੱਲ ਕਰਦਾ ਹੈ ਜਾਂ ਕੋਈ ਮੜ•ੀ ਜਾ ਰਹੀ ਜੰਗ ਦਾ ਵਿਰੋਧ ਕਰਦਾ ਹੈ, ਤਾਂ ਉਸ ਉੱਪਰ ਫੱਟ ਕੌਮ-ਵਿਰੋਧੀ ਹੋਣ ਦਾ ਫੱਟਾ ਲਗਾ ਦਿੱਤਾ ਜਾਂਦਾ ਹੈ। ਇਸ ਜੰਗੀ ਸ਼ੋਰ-ਸ਼ਰਾਬੇ ਦੌਰਾਨ, ਜਿੱਥੇ ਫੌਜੀਆਂ ਵਿੱਚ ਅੰਨ•ਾ ਫਤੂਰ ਭਰਿਆ ਜਾ ਰਿਹਾ ਹੈ, ਤਾਂ ਇਹ ਸਮਝ ਆਉਣ-ਯੋਗ ਹੈ ਕਿ ਸੱਜੇ-ਪੱਖੀ ਆਰ.ਐਸ.ਐਸ. ਦਾ ਵਿਦਿਆਰਥੀ ਥੜ•ਾ ਏ.ਬੀ.ਵੀ.ਪੀ. ਮਹਾਸ਼ਵੇਤਾ ਦੇਵੀ ਦੀ ਮਸ਼ਹੂਰ ਮਿੰਨੀ ਕਹਾਣੀ ਦਰੋਪਦੀ  'ਤੇ ਆਧਾਰਤ ਹਰਿਆਣੇ ਦੀ ਮਹਿੰਦਰਗੜ• ਵਿਖੇ ਸਥਿਤ ਕੇਂਦਰੀ ਯੂਨੀਵਰਸਿਟੀ ਵਿੱਚ ਖੇਡੇ ਜਾਣ ਵਾਲੇ ਨਾਟਕ ਦਾ ਵਿਰੋਧ ਕਿਉਂ ਕਰਦਾ ਹੈ। ਏ.ਬੀ.ਵੀ.ਪੀ. ਵਾਲਿਆਂ ਨੇ ਨਾ ਸਿਰਫ ਇਹ ਦੋਸ਼ ਹੀ ਲਾਇਆ ਹੈ ਕਿ ਇਸ ਵਿੱਚ ਭਾਰਤੀ ਫੌਜੀਆਂ ਦਾ ਮਾੜਾ ਨਕਸ਼ਾ ਬਣਾਇਆ ਗਿਆ ਬਲਕਿ ਉਹਨਾਂ ਦਾ ਇਹ ਦਾਅਵਾ ਵੀ ਹੈ ਕਿ ਇਹ ਨਾਟਕ ਕੌਮ ਵਿਰੋਧੀ ਹੋਣ ਕਰਕੇ ਦੇਸ਼-ਧਰੋਹ ਦਾ ਮਾਮਲਾ ਵੀ ਬਣਦਾ ਹੈ। 
1980 ਵਿੱਚ ਜਨਮੀ ਇੱਕ ਤਾਮਿਲ ਔਰਤ ਹੋਣ ਵਜੋਂ ਮੇਰੇ ਪ੍ਰਭਾਵ ਇਹ ਬਣੇ ਹਨ ਕਿ ਭਾਰਤੀ ਫੌਜ ਦਹਿਸ਼ਤ, ਖੌਫ ਅਤੇ ਅੰਨ•ੀਂ ਨਫਰਤ ਦਾ ਨਾਂ ਹੈ। ਅਸੀਂ ਛੋਟੇ ਹੁੰਦਿਆਂ ਨੇ, ਸ੍ਰੀ ਲੰਕਾ ਵਿੱਚ ਉੱਤਰ-ਪੂਰਬੀ ਖਿੱਤੇ ਦੇ ਤਾਮਿਲਾਂ 'ਤੇ ਭਾਰਤੀ ਸ਼ਾਂਤੀ ਸੈਨਾ ਵੱਲੋਂ ਕੀਤੇ ਗਏ ਜ਼ੁਲਮਾਂ ਬਾਰੇ ਸੁਣਿਆ ਹੋਇਆ ਸੀ। ਕਿਤਾਬਾਂ ਵਿਚਲੀ ਸ਼ਨਾਖਤ ਜਾਂ ਕੌਮਵਾਦ ਦੇ ਸਬਕਾਂ ਨਾਲੋਂ ਕਿਤੇ ਵਧੇਰੇ ਇਸ ਪ੍ਰਚਾਰ ਨੇ ਸਾਨੂੰ ਟਾਈਗਰਾਂ ਦੇ ਹਮਾਇਤੀ ਅਤੇ ਤਾਮਿਲਾਂ ਲਈ ਵੱਖਰੇ ਦੇਸ਼ ਦੀ ਮੰਗ ਦੇ ਪੱਖ ਵਿੱਚ ਲਿਜਾ ਖੜ•ੇ ਕੀਤਾ ਸੀ। ਇਸ ਤੋਂ ਇਲਾਵਾ ਰੇਡੀਓ, ਟੀ.ਵੀ. ਉੱਪਰ ਸ਼ਰਨਾਰਥੀਆਂ ਅਤੇ ਸਿਆਸੀ ਕੈਦੀਆਂ ਦੇ ਕੀਤੇ ਜਾ ਰਹੇ ਘਾਣ ਦੀਆਂ ਖਬਰਾਂ ਆਉਣ ਦੇ ਦੌਰ ਵਿੱਚ ਕਿਤਾਬਾਂ ਵੀ ਇੱਕ ਪ੍ਰਾਪੇਗੰਡਾ ਹੀ ਸਨ। 1989 ਦੇ ਵਾਲਵੈੱਟੀਥੂਰਾਈ ਹੱਤਿਆ ਕਾਂਡ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਡੇਜ਼ ਵੱਲੋਂ ਵੀ ਭਾਰਤ ਵੱਲੋਂ ਰਚਾਇਆ ਮਾਈ-ਲਾਈ ਕਾਂਡ ਆਖਿਆ ਗਿਆ ਸੀ। ਮੈਂ ਇਸ ਨਾਲ ਸਬੰਧਤ ਫੋਟੋਆਂ ਦੀ ਇੱਕ ਕਿਤਾਬ ਵੇਖੀ ਸੀ, ''ਵਾਲਵੈੱਟੀਥੂਰਾਈ ਹੱਤਿਆ ਕਾਂਡ: ਭਾਰਤ ਵੱਲੋਂ ਰਚਾਇਆ ਮਾਈ ਲਾਈ''। (ਮਾਈ ਲਾਈ ਵੀਅਤਨਾਮ ਵਿੱਚ ਉਹ ਥਾਂ ਹੈ ਜਿੱਥੇ ਅਮਰੀਕੀ ਫੌਜੀਆਂ ਨੇ ਦਰਜ਼ਨਾਂ ਹੀ ਲੋਕਾਂ ਨੂੰ ਮਾਰ ਕੇ ਸਮੂਹਿਕ ਕਬਰ ਵਿੱਚ ਦਫਨਾਇਆ ਸੀ। –ਅਨੁਵਾਦਕ) ਇਹ ਕਿਤਾਬ ਉਸ ਸਮੇਂ ਤਾਮਿਲਨਾਡੂ ਵਿੱਚ ਆਮ ਮਿਲਦੀ ਸੀ। ਕਤਲੇਆਮ ਦੀਆਂ ਤਸਵੀਰਾਂ, ਬਚ ਗਿਆਂ ਦੇ ਬਿਆਨ, ਬੱਚਿਆਂ ਦੇ ਸਾਹਮਣੇ ਬਲਾਤਕਾਰਾਂ ਦੇ ਚਿਤਰਣ, ਵਹਿਸ਼ੀ ਕਤਲ— ਉਸ ਸਮੇਂ ਦੇ ਦ੍ਰਿਸ਼ ਅਤੇ ਬੋਲ ਮੇਰੇ ਜੇਹਨ ਵਿੱਚ ਉਵੇਂ ਹੀ ਉੱਕਰੇ ਹੋਏ ਹਨ। ਮੈਨੂੰ ਪਤਾ ਲੱਗਿਆ ਕਿ ਔਰਤਾਂ ਸਭ ਤੋਂ ਪਹਿਲਾਂ ਜੰਗ ਦੀ ਮਾਰ ਹੇਠ ਆਈਆਂ, ਜਿਹੜੀਆਂ ਹੋਰਨਾਂ ਨੂੰ ਬਚਾਉਣ ਲਈ ਜੰਗ ਦੇ ਮੈਦਾਨ ਵਿੱਚ ਗਈਆਂ, ਉਹਨਾਂ 'ਤੇ ਸਭ ਤੋਂ ਭੈੜੀ ਕਿਸਮ ਦੇ ਅੱਤਿਆਚਾਰ ਹੋਏ। ਬਾਅਦ ਵਿੱਚ, ਜਦੋਂ ਮੈਂ ਅਜੇ ਅੱਲੜ• ਉਮਰ ਵਿੱਚ ਹੀ ਸੀ ਤਾਂ ਮੈਂ ਉਸ ਸਮੇਂ ਘ੍ਰਿਣਾ ਨਾਲ ਭਰੀ ਪਈ ਸੀ। ਮੈਨੂੰ ਮਹਾਸ਼ਵੇਤਾ ਦੇਵੀ ਦੀ ਮਿੰਨੀ ਕਹਾਣੀ ਦਰੋਪਦੀ  ਪੜ•ਨ ਨੂੰ ਮਿਲੀ, ਜਿਹੜੀ ਕਿ ਗਾਇਤਰੀ ਚੱਕਰਵਰਤੀ ਸਪਾਈਵਾਕ ਵੱਲੋਂ ਅਨੁਵਾਦਿਤ ''ਬਰੈਸਟ ਸਟੋਰੀਜ਼''  ਦੇ ਅਨੁਵਾਨ ਹੇਠ ਛਪੀ ਕਿਤਾਬ ਵਿੱਚ ਸ਼ਾਮਲ ਸੀ। 
ਦਰੋਪਦੀ  ਨੇ ਮੈਨੂੰ ਇਹ ਦਰਸਾਇਆ ਕਿ ਕਿਵੇਂ ਫੌਜੀ ਬਲ ਭਾਰਤੀ ਔਰਤਾਂ ਨਾਲ ਵੱਖਰਾ ਵਿਵਹਾਰ ਨਹੀਂ ਕਰਦੇ, ਭਾਵੇਂ ਕਿ ਉਹ ਆਪਣੀਆਂ ਸਰਹੱਦਾਂ ਦੇ ਅੰਦਰ ਹੀ ਰਹਿੰਦੀਆਂ ਹਨ। 27 ਸਾਲਾ ਦੋਪਦੀ ਮੇਝੇਨ ''ਵਿਗੜੀ ਔਰਤ'' ਹੈ, ਜੋ ਸੂਰਜਾ ਸਾਹੂ ਜਾਗੀਰਦਾਰ ਅਤੇ ਉਸਦੇ ਪੁੱਤਰ ਦੇ ਕਤਲ ਵਿੱਚ ਸ਼ਾਮਲ ਹੈ, ਉਹ ਨਾ ਸਿਰਫ ਖਾੜਕੂ ਨਕਸਲੀ ਲਹਿਰ ਦੀ ਪ੍ਰਤੀਕ ਹੈ ਬਲਕਿ ਉਹ ਉਸ ਆਦਿਵਾਸੀ  ਔਰਤ ਨੂੰ ਵੀ ਰੂਪਮਾਨ ਕਰਦੀ ਹੈ, ਜਿਹੜੀ ਫੌਜੀ ਬਲਾਂ ਹੱਥੋਂ ਬਲਾਤਕਾਰ ਅਤੇ ਅੱਤਿਆਚਾਰਾਂ ਦਾ ਸ਼ਿਕਾਰ ਹੁੰਦੀ ਹੈ। 
ਦੋਪਦੀ ਨੂੰ ਪੁਲਸੀ ਹਿਰਾਸਤ ਵਿੱਚ ਨੰਗਿਆ ਕੀਤੇ ਜਾਣ ਅਤੇ ਬਲਾਤਕਾਰ ਦਾ ਸ਼ਿਕਾਰ ਬਣਾਉਣ 'ਤੇ ਦਿਮਾਗ 'ਚ ਇੱਕਦਮ ਮਹਾਂਭਾਰਤ ਦੀ ਦਰੋਪਦੀ ਦਾ ਖਿਆਲ ਆਉਂਦਾ ਹੈ, ਜਿਸਨੂੰ ਲੋਕਾਂ ਸਾਹਮਣੇ ਨਿਰ-ਵਸਤਰ ਕੀਤਾ ਗਿਆ ਅਤੇ ਉਸਦੇ ਵਾਲ ਪੁੱਟੇ ਗਏ। ਉਹ ਇਹ ਸਹੁੰ ਖਾਂਦੀ ਹੈ ਕਿ ਉਹ ਆਪਣੇ ਸਿਰ ਦੇ ਵਾਲ ਇਹ ਕਰਤੂਤ ਕਰਨ ਵਾਲਿਆਂ ਦੇ ਖ਼ੂਨ ਨਾਲ ਹੀ ਧੋਵੇਗੀ ਅਤੇ ਆਪਣੇ ਸਿਰ ਨੂੰ ਜਾਗੀਰਦਾਰ ਦੇ ਪੱਟ ਦੀ ਹੱਡੀ ਨੂੰ ਕੰਘੀ ਬਣਾ ਕੇ ਗੁੰਦੇਗੀ। ਮਹਾਸ਼ਵੇਤਾ ਦੇਵੀ ਦੀ ਕਹਾਣੀ ਵਿਚਲੀ ਦੋਪਦੀ ਆਪਣੀ ਰਾਖੀ ਦੀ ਖਾਤਰ ਕਿਸੇ ਮਰਦ ਦੇ ਦੈਵੀ ਸਾਥ ਦੀ ਮੁਥਾਜ ਨਹੀਂ। ਇਸ ਤੋਂ ਉਲਟ ਉਹ ਆਪਣੇ ਨੰਗੇਜ ਦੀ ਹਾਲਤ ਨੂੰ ਬਗਾਵਤ ਵਿੱਚ ਬਦਲ ਦਿੰਦੀ ਹੈ। ਆਪਣੀਆਂ ਰੂਪੋਂ-ਕਰੂਪ ਹੋਈਆਂ ਛਾਤੀਆਂ ਨਾਲ ਉਹ ਨਕਸਲ-ਵਿਰੋਧੀ ਅਪ੍ਰੇਸ਼ਨਾਂ ਦੇ ਮਾਹਰ ਸੇਨਨਾਇਕ ਨੂੰ ਪਰ•ਾਂ ਧੱਕਦੀ ਹੈ, ਆਪਣੇ ਨੰਗੇਜ਼ ਨਾਲ ਉਸ ਨੂੰ ਨਿਤਾਣਾ ਬਣਾ ਧਰਦੀ ਹੈ। 
ਇਹ ਜਾਣਦੇ ਹੋਏ ਕਿ ਤਾਮਿਲ ਟਾਈਗਰ ਕੰਮ ਕਿਵੇਂ ਕਰਦੇ ਹਨ, ਖਾਸ ਕਰਕੇ ਉਹ ਔਰਤ ਆਤਮ-ਘਾਤੀ ਬੰਬਾਰਾਂ ਨੂੰ ਕਿਵੇਂ ਤਾਇਨਾਤ ਕਰਦੇ ਹਨ, ਮੈਨੂੰ ਇਹ ਜਾਣਕਾਰੀ ਮਿਲੀ ਕਿ ਔਰਤਾਂ ਦੇ ਸਰੀਰ ਉੱਤੇ ਕੀਤੇ ਗਏ ਹਮਲੇ ਆਪਣੇ ਸਿੱਟੇ ਕੱਢਦੇ ਹਨ: ਜਦੋਂ  ਔਰਤ ਦੇ ਸਰੀਰ ਨੂੰ ਯੁੱਧ ਦਾ ਮੈਦਾਨ ਦਿੱਤਾ ਜਾਵੇ ਤਾਂ ਉਸ ਸਮੇਂ ਇਹ ਯੁੱਧ ਦੇ ਨਾਟ ਵਿੱਚ ਇੱਕ ਹਥਿਆਰ ਬਣ ਜਾਂਦਾ ਹੈ। ਕਾਮਰੇਡ ਦੋਪਦੀ ਵੱਲੋਂ ਇੱਕ ਜਾਗੀਰਦਾਰ ਨੂੰ ਇੱਕ ਔਰਤ ਵਜੋਂ ਮਾਰਿਆ ਜਾਣਾ ਜਾਬਰ ਢਾਂਚੇ ਖਿਲਾਫ ਉਸਦੀ ਲੜਾਈ ਨੂੰ ਦਰਸਾਉਂਦਾ ਹੈ— ਮੈਂ ਉਸਦੇ ਹੌਸਲੇ ਦੀ ਉਸ ਸਮੇਂ ਵੀ ਦਾਦ ਦਿੱਤੀ, ਜਦੋਂ ਉਹ ਹਥਿਆਰ ਰਹਿਤ ਅਤੇ ਪੂਰੀ ਤਰ•ਾਂ ਉਹਨਾਂ ਦੇ ਕਾਬੂ ਵਿੱਚ ਸੀ। 
ਸਪਾਈਵਾਕ ਵੱਲੋਂ 1981 ਵਿੱਚ ਦਰੋਪਦੀ  ਬਾਰੇ ਆਲੋਚਨਾਤਮਿਕ ਪੜਚੋਲ  ਸਬੰਧੀ ਭੂਮਿਕਾ 'ਚ ਲਿਖਿਆ ਗਿਆ ਸੀ ਕਿ ''ਕੋਈ ਮਹਾਸ਼ਵੇਤਾ ਦੇਵੀ ਦੀ ਲਿਖਤ ਨੂੰ ਭਾਰਤ ਦੇ ਸੰਦਰਭ ਵਿੱਚ ਮੰਨੇ ਜਾਂ ਨਾ ਮੰਨੇ, ਪਰ ਇਸ ਨੂੰ ਬੰਗਾਲ ਵਿੱਚ ਤਾਂ ਸਵਿਕਾਰਿਆ ਗਿਆ ਹੈ।'' (ਅੰਗਰੇਜ਼ੀ ਦੇ ਅਨੇਕਾਂ ਅਨੁਵਾਦ ਛਪਣ ਉਪਰੰਤ ਹੁਣ) 35 ਸਾਲਾਂ ਬਾਅਦ ਉਸਦਾ ਕਾਰਜ ਬੰਗਾਲ ਦੀਆਂ ਹੱਦਾਂ ਨੂੰ ਪਾਰ ਕਰਦਾ ਹੈ, ਅਤੇ ਉਹ ਹਿੰਦੋਸਤਾਨ ਦੇ ਮੁਹਾਂਦਰੇ ਨੂੰ ਉਘਾੜਦਾ ਹੈ। ਅੱਜ ਦੇ ਸੰਦਰਭ ਵਿੱਚ ਦਰੋਪਦੀ  ਦੇ ਪੜ•ੇ ਜਾਣ ਨੂੰ ਬਹੁਤਾ ਨਹੀਂ ਉਚਿਆਇਆ ਗਿਆ। ਜਦੋਂ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਅੱਜ ਕੇਂਦਰੀ ਭਾਰਤ, ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਧਾੜਵੀ ਫੌਜਾਂ ਵਾਂਗ ਵਿਚਰ ਰਹੀਆਂ ਹਨ, ਤਾਂ ਅੱਜ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਅੱਤਿਆਚਾਰਾਂ ਅਤੇ ਉਹਨਾਂ ਦੇ ਕਤਲ ਕਰਨ ਦੇ ਅਖਤਿਆਰਾਂ ਨੂੰ ਚੁਣੌਤੀ ਦੇਈਏ। ਅਸੀਂ ਬਸਤਰ ਵਿੱਚ ਫੌਜੀ ਮੁਹਿੰਮਾਂ ਦੌਰਾਨ ਰੋਜ਼-ਰੋਜ਼ ਔਰਤਾਂ ਨਾਲ ਹੁੰਦੇ ਬਲਾਤਕਾਰਾਂ ਦੀਆਂ ਖਬਰਾਂ ਪੜ•ਦੇ-ਸੁਣਦੇ ਹਾਂ। ਕੁੱਝ ਮਹੀਨੇ ਪਹਿਲਾਂ ਸੁਕਮਾ ਦੀ ਮੁਟਿਆਰ ਮਦਕਮ ਹਿਡਮੇ ਨੂੰ ਅਗਵਾ ਕਰਨ ਉਪਰੰਤ ''ਮੁਕਾਬਲੇ ਵਿੱਚ ਮਾਰੇ ਜਾਣ'' ਦੀ ਖਬਰ ਉੱਘੜਵੀਂ ਮਿਸਾਲ ਬਣਦੀ ਹੈ। ਇਸ ਨੇ ਮਹਾਸ਼ਵੇਤਾ ਦੇਵੀ ਦੇ ਇਹਨਾਂ ਸ਼ਬਦਾਂ ਨੂੰ ਪੈਗੰਬਰੀ ਸੁਰ ਬਖਸ਼ੀ ਹੈ ਕਿ ''ਸਿਰਫ ਸੰਥਾਲ ਹੀ ਨਹੀਂ ਬਲਕਿ ਸਭ ਆਸਟਰੋ-ਏਸ਼ੀਆਈ ਦੇ ਸਾਰੇ ਕਬੀਲੇ ਮੁੰਡਾ ਕਬੀਲੇ ਵਾਂਗ ਵਿਸ਼ੇਸ਼ ਬਲਾਂ ਲਈ ਇੱਕੋ ਜਿਹੇ ਹੀ ਹਨ।''
ਸੱਤ ਮਹੀਨਿਆਂ ਵਿੱਚ 100 ਤੋਂ ਜ਼ਿਆਦਾ ਆਦਿਵਾਸੀਆਂ ਨੂੰ ਝੂਠੇ ''ਮੁਕਾਬਲਿਆਂ'' ਵਿੱਚ ਮਾਰ ਮੁਕਾਉਣਾ, ਬਸਤਰ ਵਿੱਚ ਅਪ੍ਰੇਸ਼ਨ ਗਰੀਨ ਹੰਟ ਦੀਆਂ ਜ਼ਿਆਦਤੀਆਂ ਦਰਸਾਉਣ ਵਾਲੇ ਪੱਤਰਕਾਰਾਂ ਨੂੰ ਮਾਰ ਭਜਾਉਣਾ, ਮੌਜੂਦਾ ਸਿਆਸੀ ਮਾਹੌਲ ਦੇ ਚੱਲਦਿਆਂ ਦਰੋਪਦੀ ਦੀ ਜੂਝਾਰੂ ਕਹਾਣੀ ਨੂੰ ਪੜ•ਨਾ ਜਾਂ ਇਸਨੂੰ ਕਾਲਜ ਤੇ ਯੂਨੀਵਰਸਿਟੀ ਦੀ ਸਟੇਜ 'ਤੇ ਪੇਸ਼ ਕਰਨਾ ਨਾ ਸਿਰਫ ਵਿਦਿਆਰਥੀਆਂ ਨੂੰ ਹਕੀਕਤ ਤੋਂ ਜਾਣੂ ਕਰਵਾਉਣਾ ਹੋਵੇਗਾ ਬਲਕਿ ਇਹ ਉਹਨਾਂ ਨੂੰ ਅਨਿਆਏ ਦੇ ਖਿਲਾਫ ਡਟਣ ਲਈ ਵੀ ਪ੍ਰੇਰਿਤ ਕਰੇਗਾ। ਇਸ ਪੜਾਅ 'ਤੇ ਬੋਲਣ ਵਾਲਿਆਂ ਦੇ ਮੂੰਹ ਬੰਦ ਕਰਨ ਖਿਲਾਫ ਡਟਣਾ ਅਤੇ ਕੌਮ-ਵਿਰੋਧੀ ਫਤਵਿਆਂ ਨੂੰ ਰੱਦ ਕਰਨਾ ਓਨਾ ਹੀ ਜ਼ਰੂਰੀ ਹੈ, ਜਿੰਨਾ ਰਾਜਕੀ ਹਿੰਸਾ ਦੇ ਖਿਲਾਫ ਲੜਾਈ 'ਚ ਡਟਣਾ ਜ਼ਰੂਰੀ ਹੈ। 
(-ਮੀਨਾ ਕੰਡਾਸਾਮੀ ਇੱਕ ਨਾਵਲਕਾਰ ਅਤੇ ਕਵਿੱਤਰੀ ਹੈ, ਜਿਸਨੇ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ਹਨ।)
('ਇੰਡੀਅਨ ਐਕਸਪ੍ਰੈਸ' 9 ਅਕਤੂਬਰ 2016)

No comments:

Post a Comment