Thursday, 27 October 2016

ਮਟਕਾ ਚੌਕ ਦਾ ''ਪੱਕਾ ਮੋਰਚਾ'' ਕਹਿਣੀ ਅਤੇ ਕਰਨੀ ਵਿੱਚ ਐਡਾ ਪਾੜਾ


ਮਟਕਾ ਚੌਕ ਦਾ ''ਪੱਕਾ ਮੋਰਚਾ'' ਕਹਿਣੀ ਅਤੇ ਕਰਨੀ ਵਿੱਚ ਐਡਾ ਪਾੜਾ
ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ 5 ਸਤੰਬਰ ਨੂੰ ਚੰਡੀਗੜ• ਦੇ ਮਟਕਾ ਚੌਕ ਵਿੱਚ ''ਪੱਕਾ ਮੋਰਚਾ'' ਲਾਉਣ ਦਾ ਐਲਾਨ ਗੱਜ ਵੱਜ ਕੇ ਕੀਤਾ ਗਿਆ ਸੀ। ਜਿਹੋ ਜਿਹੀ ਪੰਜਾਬ ਦੀ ਲੋਕ-ਦੁਸ਼ਮਣ ਅਕਾਲੀ ਭਾਜਪਾ ਸਰਕਾਰ ਤੋਂ ਆਸ ਕੀਤੀ ਜਾਂਦੀ ਸੀ, ਉਸੇ ਮੁਤਾਬਕ ਉਸ ਵੱਲੋਂ ਵੱਡੀ ਪੱਧਰ 'ਤੇ ਪੁਲਸ ਨਾਕਾਬੰਦੀਆਂ ਅਤੇ ਪੇਸ਼ਬੰਦੀਆਂ ਕਰਦਿਆਂ ਕਿਸਾਨਾਂ ਨੂੰ ਮਟਕਾ ਚੌਕ ਤਾਂ ਕੀ ਚੰਡੀਗੜ• ਦੇ ਵੀ ਨੇੜੇ ਨਹੀਂ ਲੱਗਣ ਦਿੱਤਾ ਗਿਆ। ਖੈਰ! ਹਾਕਮਾਂ ਵੱਲੋਂ ਆਪਣਾ ਕੰਮ ਕੀਤਾ ਗਿਆ। 
ਪਰ ਸੁਆਲਾਂ ਦਾ ਸੁਆਲ ਤਾਂ ਇਹ ਹੈ ਕਿ ਇਸ ''ਪੱਕੇ ਮੋਰਚੇ'' ਦਾ ਐਲਾਨ ਕਰਨ ਵਾਲੀਆਂ ਕਿਸਾਨ ਲੀਡਰਸ਼ਿੱਪਾਂ ਵੱਲੋਂ ਇਹ ਐਲਾਨ ਕੀ ਸੋਚ ਕੇ ਕੀਤਾ ਗਿਆ ਸੀ? ਕੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਮਟਕਾ ਚੌਕ ਵਿੱਚ ਕਿੰਨੇ ਵਰਿ•ਆਂ ਤੋਂ ਹਕੂਮਤ ਵੱਲੋਂ ਧਰਨੇ-ਮੁਜਾਹਰੇ ਕਰਨ 'ਤੇ ਪਾਬੰਦੀ ਮੜ•ੀ ਹੋਈ ਹੈ? ਕੀ ਉਹਨਾਂ ਨੂੰ  ਨਹੀਂ ਸੀ ਪਤਾ ਕਿ ਜਿਹੜੀ ਹਕੂਮਤ ਬਾਦਲ ਅਤੇ ਬਠਿੰਡੇ ਵਰਗੀਆਂ ਥਾਵਾਂ 'ਤੇ ਲਾਏ ਜਾਣ ਵਾਲੇ ਧਰਨਿਆਂ ਨੂੰ ਰੋਕ ਸਕਦੀ ਹੈ, ਹੁਣ ਤਾਂ ਉਹ ਪਹਿਲੋਂ ਹੀ ਧਰਨਿਆਂ-ਰੈਲੀਆਂ ਲਈ ਵਰਜਿੱਤ ਐਲਾਨੀ ਥਾਂ 'ਤੇ ਅਜਿਹਾ ਕਰਨ ਦੀ ਇਜਾਜ਼ਤ ਕਦਾਚਿੱਤ ਨਹੀਂ ਦੇਵੇਗੀ। ਇੱਕ ਗੱਲ ਪੱਕੀ ਹੈ ਕਿ ਇਹਨਾਂ ਕਿਸਾਨ ਲੀਡਰਸ਼ਿੱਪਾਂ ਨੂੰ ਭਲੀਭਾਂਤ ਪਤਾ ਸੀ ਕਿ ਪੰਜਾਬ ਸਰਕਾਰ ਸੰਘਰਸ਼ਸ਼ੀਲ ਕਿਸਾਨਾਂ ਨੂੰ ''ਮਟਕਾ ਚੌਕ'' ਵਿੱਚ ਪੈਰ ਧਰਨ ਦੀ ਇਜਾਜ਼ਤ ਨਹੀਂ ਦੇਵੇਗੀ। 
ਜੇ ਇਹ ਪਤਾ ਹੁੰਦਿਆਂ-ਸੁੰਦਿਆਂ, ਕਿਸਾਨ ਲੀਡਰਸ਼ਿੱਪਾਂ ਵੱਲੋਂ ਇਸ ''ਪੱਕੇ ਮੋਰਚੇ'' ਦਾ ਐਲਾਨ ਕਰਨ ਦਾ ਕਦਮ ਲਿਆ ਗਿਆ ਸੀ, ਤਾਂ ਕੀ ਸੋਚ ਕੇ ਲਿਆ ਗਿਆ ਸੀ? ਇਹ ਤਿੰਨ  ਚੋਣਾਂ 'ਚੋਂ ਇੱਕ ਦੀ ਚੋਣ ਸੋਚ ਕੇ ਹੀ ਲਿਆ ਹੋ ਸਕਦਾ ਹੈ। ਇੱਕ— ਐਲਾਨ ਕਰ ਦਿਓ। ਚੰਡੀਗੜ• ਪਹੁੰਚਣ ਅਤੇ ਧਰਨਾ ਲੱਗਣ ਨੀ ਦੇਣਾ। ਰਾਹ ਵਿੱਚ ਜਿੱਥੇ ਵੀ ਰੋਕ ਲਿਆ, ਉੱਥੇ ਹੀ ਇੱਕ-ਅੱਧਾ ਦਿਨ ਸੜਕਾਂ ਰੋਕ ਕੇ ਰੋਸ ਕਰਕੇ ਅਤੇ ਜਾਂ ਕੁੱਝ ਗ੍ਰਿਫਤਾਰੀਆਂ ਕਰਵਾ ਕੇ ''ਪੱਕਾ ਮੋਰਚਾ'' ਨਾ ਲਾਉਣ ਦਾ ਭਾਂਡਾ ਹਕੂਮਤ ਸਿਰ ਭੰਨਦਿਆਂ, ਕਾਰਵਾਈ ਨੂੰ ਸਮੇਟ ਦਿੱਤਾ ਜਾਵੇਗਾ। ਦੂਜੀ— ਜਿੱਥੇ ਵੀ ਰਾਹ ਵਿੱਚ ਰੋਕ ਲਿਆ ਜਾਂ ਤਾਂ ਉੱਥੇ ਹੀ ''ਪੱਕਾ ਮੋਰਚਾ'' (ਅਣਮਿਥੇ ਸਮੇਂ ਲਈ ਮੋਰਚੇ) ਦਾ ਝੰਡਾ ਗੱਡਾ ਦਿੱਤਾ ਜਾਵੇਗਾ ਜਾਂ ਪਹਿਲਾਂ ਤੋਂ ਬਣਾਈ ਵਿਉਂਤ ਅਨੁਸਾਰ ਉੱਥੋਂ ਪਿੱਛੇ ਹਟਦਿਆਂ, ਹੋਰਨਾਂ ਮਿਥੀਆਂ ਚੋਣਵੀਆਂ ਥਾਵਾਂ (ਡੀ.ਸੀ./ਐਸ.ਡੀ.ਐਮ.) 'ਤੇ ਅਣਮਿਥੇ ਸਮੇਂ ਲਈ ਧਰਨੇ ਸ਼ੁਰੂ ਕੀਤੇ ਜਾਣਗੇ, ਜਿਵੇਂ ਅੰਮ੍ਰਿਤਸਰ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਹੈ। ਤੀਜਾ— ਮਟਕਾ ਚੌਕ ਵਿੱਚ ਹਰ ਹਾਲਤ ਵਿੱਚ ਪਹੁੰਚਣ ਲਈ ਹਕੂਮਤ ਤੋਂ ਓਹਲਾ ਰੱਖਦਿਆਂ, ਢੁਕਵੀਆਂ ਤਿਆਰੀਆਂ ਦਾ ਅਮਲ ਚਲਾਇਆ ਜਾਵੇਗਾ ਅਤੇ ਹਕੂਮਤ ਨੂੰ ਝਕਾਨੀ ਦਿੰਦਿਆਂ, ਸੰਘਰਸ਼ਸ਼ੀਲ ਕਿਸਾਨ ਕਾਫਲਿਆਂ ਵੱਲੋਂ ਇੱਕ ਵਾਰ ਹਰ ਹੀਲੇ ਮਟਕਾ ਚੌਕ ਮੱਲਿਆ ਜਾਵੇਗਾ। ਉਸ ਤੋਂ ਬਾਅਦ ਅੱਗੇ ਹਕੂਮਤ ਇਸ ਧਰਨੇ ਨੂੰ ਬਰਦਾਸ਼ਤ ਕਰਦਿਆਂ, ਜਾਰੀ ਰੱਖਣ ਦੀ ਆਗਿਆ ਦਿੰਦੀ ਹੈ ਜਾਂ ਨਹੀਂ— ਇਹ ਫਿਰ ਦੇਖਿਆ ਜਾਵੇਗਾ। 
ਪਹਿਲੀ ਚੋਣ— ਉਹਨਾਂ ਕਿਸਾਨ (ਹੋਰਨਾਂ ਤਬਕਿਆਂ ਦੀਆਂ) ਲੀਡਰਸ਼ਿੱਪਾਂ 'ਤੇ ਢੁਕਦੀ ਹੈ, ਜਿਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਪਾੜਾ ਹੁੰਦਾ ਹੈ। ਇਹ ਲੀਡਰਸ਼ਿੱਪਾਂ ਕਿਸਾਨਾਂ ਨੂੰ ਕਹਿੰਦੀਆਂ ਹੋਰ ਕੁੱਝ ਹਨ, ਪਰ ਇਹਨਾਂ ਦਾ ਅਮਲ ਹੋਰ ਹੁੰਦਾ ਹੈ, ਇਹਨਾਂ ਦੀ ਕਹਿਣੀ ਨਾਲ, ਕੀਤੇ  ਐਲਾਨਾਂ ਨਾਲ ਬੇਮੇਲ ਹੁੰਦਾ ਹੈ। ਮੌਕਾਪ੍ਰਸਤੀ, ਆਰਥਿਕਵਾਦ-ਸੁਧਾਰਵਾਦ ਅਤੇ ਹਾਕਮਪ੍ਰਸਤੀ ਦੀ ਪਟੜੀ ਚੜ•ੀਆਂ ਲੀਡਰਸ਼ਿੱਪਾਂ ਅਜਿਹਾ ਕਰਦੀਆਂ ਹਨ। ਅਜਿਹਾ ਕਰਨਾ ਉਹਨਾਂ ਦੀ ਫਿਤਰਤ ਹੁੰਦੀ ਹੈ। ਉਹ ਅਜਿਹਾ ਵਾਰ ਵਾਰ ਕਰਦਿਆਂ ਹਨ। ਪੂਰੀ ਢੀਠਤਾਈ ਨਾਲ ਆਪਣੇ ਇਸ ਕਰਮ ਨੂੰ ਜਾਰੀ ਰੱਖਦੀਆਂ ਹਨ। 
ਪਿਛਲੀਆਂ ਦੋ ਚੋਣਾਂ ਉਹਨਾਂ ਲੀਡਰਸ਼ਿੱਪਾਂ 'ਤੇ ਢੁਕਵੀਆਂ ਹਨ, ਜਿਹੜੀਆਂ ਕਿਸਾਨ ਹਿੱਤਾਂ ਨਾਲ ਖਰੀ ਵਫਾਦਾਰੀ ਪਾਲਣ ਦਾ ਦਮ ਭਰਦੀਆਂ ਹਨ ਅਤੇ ਇਸ ਵਫਾਦਾਰੀ ਨੂੰ ਸਿਰ ਨਾਲ ਨਿਭਾਉਣ ਦੇ ਯਤਨ ਕਰਦੀਆਂ ਹਨ। ਦੁਸ਼ਮਣ ਕਿੱਡਾ ਵੀ ਡਾਢਾ ਹੋਵੇ— ਜੇ ਲੋਕਾਂ 'ਤੇ ਵਿਸ਼ਵਾਸ਼ ਰੱਖਿਆ ਜਾਵੇ, ਦਰੁਸਤ ਅਤੇ ਢੁਕਵੀਆਂ ਨੀਤੀਆਂ-ਪੈਂਤੜੇ ਅਪਣਾਏ ਜਾਣ, ਆਪਣੇ ਜਥੇਬੰਦਕ ਵਿੱਤ ਨੂੰ ਮੱਦੇਨਜ਼ਰ ਰੱਖਿਆ ਜਾਵੇ ਤਾਂ ਔਖੀਆਂ ਤੋਂ ਔਖੀਆਂ ਹਾਲਤਾਂ ਵਿੱਚ ਆਪਣੇ ਕੀਤੇ ਐਲਾਨੇ ਜਾਂ ਮਿਥੇ ਸੰਘਰਸ਼ ਟੀਚਿਆਂ 'ਤੇ ਅੱਪੜਨ ਦੀਆਂ ਗੁੰਜਾਇਸ਼ਾਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ। ਇਉਂ ਕਹਿਣੀ ਅਤੇ ਕਰਨੀ ਦੇ ਪੂਰੇ ਹੋਣ ਦੇ ਦਾਅਵਿਆਂ 'ਤੇ ਪੂਰਾ ਉੱਤਰਿਆ ਜਾ ਸਕਦਾ ਹੈ। 
7 ਕਿਸਾਨ ਜਥੇਬੰਦੀਆਂ ਵਿੱਚੋਂ ਬਹੁਤੀਆਂ ਜਥੇਬੰਦੀਆਂ ਦੀਆਂ ਲੀਡਰਸ਼ਿੱਪਾਂ ਦੀ ਖਰੀ ਕਿਸਾਨ ਹਿਤੈਸ਼ੀ ਲੀਡਰਸ਼ਿੱਪਾਂ ਵਜੋਂ ਪੜਤ ਬਣੀ ਹੋਈ ਹੈ ਅਤੇ ਉੱਭਰੀ ਹੋਈ ਹੈ। ਪਰ ਉਹਨਾਂ ਦਾ ਮਟਕਾ ਚੌਕ ਵਿੱਚ ''ਪੱਕਾ ਮੋਰਚਾ'' ਲਾਉਣ ਦੇ ਮਾਮਲੇ ਵਿੱਚ ਸਾਹਮਣੇ ਆਇਆ ਅਮਲ ਉਹਨਾਂ ਦੀ ਕਿਸਾਨ-ਹਿਤੈਸ਼ੀ ਪੜਤ ਦੇ ਤਕਾਜ਼ਿਆਂ ਨਾਲ ਬੇਮੇਲਹੈ। ਜਿਵੇਂ ਇਹਨਾਂ ਲੀਡਰਸ਼ਿੱਪਾਂ ਵੱਲੋਂ ਚੰਦ ਦਿਨਾਂ ਵਿੱਚ ਆਪਣੀਆਂ ਛਿੱਟ-ਪੁੱਟ ਧਰਨਾ-ਸਰਗਰਮੀਆਂ ਨੂੰ ਸਮੇਟਿਆ ਗਿਆ ਹੈ ਅਤੇ ''ਪੱਕੇ ਧਰਨੇ'' ਦਾ ਭੋਗ ਪਾਇਆ ਗਿਆ ਹੈ— ਇਹ ਕਹਿਣੀ ਅਤੇ ਕਰਨੀ ਦੇ ਸੁਮੇਲ ਦੀ ਬਜਾਇ, ਇਹਨਾਂ ਵਿੱਚ ਪਹਿਲੀ ਚੋਣ ਕਰਨ ਵਾਲੀਆਂ ਲੀਡਰਸ਼ਿੱਪਾਂ ਦੀ ਕਹਿਣੀ ਅਤੇ ਕਰਨੀ ਵਿਚਲੇ ਪਾੜੇ ਵਰਗੇ ਪਾੜੇ ਨੂੰ ਸਾਹਮਣੇ ਲਿਆਉਂਦਾ ਹੈ। ਕਾਸ਼! ਇਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਐਡਾ ਅਫਸੋਸਨਾਕ ਪਾੜਾ ਨਾ ਹੁੰਦਾ। 

No comments:

Post a Comment