Sunday, 5 January 2020

ਚਾਰ ਮਾਓਵਾਦੀ ਮਾਰ ਕੇ ਮਾਰਕਸੀ ਪਾਰਟੀ ਭਾਜਪਾ ਦੇ ਰਾਹ ਤੁਰੀ


ਚਾਰ ਮਾਓਵਾਦੀ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਕੇਕੇਰਲਾ 'ਚ ਮਾਰਕਸੀ ਪਾਰਟੀ ਭਾਜਪਾ ਦੇ ਰਾਹ ਤੁਰੀ

28 ਅਤੇ 29 ਅਕਤੂਬਰ ਨੂੰ ਕੇਰਲਾ ਦੇ ਪਲੱਕਮ ਜ਼ਿਲ੍ਹੇ ਦੇ ਅੱਟਾਪੱਡੀ ਜੰਗਲਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ) ਦੀ ਅਗਵਾਈ ਵਾਲੀ ਖੱਬੇ ਜਮਹੂਰੀ ਮੋਰਚੇ ਦੀ ਸਰਕਾਰ ਨੇ 4 ਮਾਓਵਾਦੀਆਂ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਕਤਲ ਕੀਤਾ ਹੈ। ਕੇਰਲਾ ਦੀ ਪੁਲਸ ਦੇ ਥੰਡਰ ਬੋਲਟ ਕਮਾਂਡੋਆਂ ਨੇ ਇਸ ਮੁਕਾਬਲੇ ਨੂੰ ਸਿਰੇ ਚਾੜ੍ਹਿਆ। ਇਹ ਥੰਡਰ ਬੋਲਟ ਕਮਾਂਡੋ ਕੇਰਲਾ ਹਕੂਮਤ ਨੇ ਮਜ਼ਦੂਰਾਂ ਅਤੇ ਕਿਸਾਨਾਂ  ਦੇ ਘੋਲਾਂ ਨੂੰ ਕੁਚਲਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਹਨ। ਪੁਲਸ ਨੇ ਦਾਅਵਾ ਕੀਤਾ ਹੈ ਕਿ ਇਹ ਮਾਓਵਾਦੀ ਕਾਬਾਨੀ ਦਾਲਮ ਦੇ ਮੈਂਬਰ ਸਨ, ਜਿਹੜਾ ਕਿ ਸੂਬੇ ਦੀ ਕਬਾਇਲੀ ਖੇਤਰਾਂ ਵਿੱਚ ਆਪਣੇ ਪੈਰ ਜਮਾਉਣ ਦੀ ਤਾਕ ਵਿੱਚ ਸੀ। ਇਸ ਮੁਕਾਬਲੇ ਵਿੱਚ ਮਾਰੀ ਗਈ ਔਰਤ ਦਾ ਨਾਂ ਜੋਤੀ ਹੈ ਜੋ ਕਿ ਕਰਨਾਟਕਾ ਤੋਂ ਹੈ ਅਤੇ ਮਾਰੇ ਗਏ ਇੱਕ ਵਿਅਕਤੀ ਦਾ ਨਾਂ ਕਾਰਤਿਕ ਹੈ ਜੋ ਕਿ ਤਾਮਿਲਨਾਡੂ ਦਾ ਵਸਨੀਕ ਹੈ, ਬਾਕੀ ਦੋਹਾਂ ਦੀ ਪਛਾਣ ਨਹੀਂ ਹੋ ਸਕੀ।
ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਦਾ ਕਹਿਣਾ ਹੈ ਕਿ ਇਹ ਇੱਕ ਝੂਠਾ ਪੁਲਸ ਮੁਕਾਬਲਾ ਹੈ, ਸੀ.ਪੀ.ਐਮ. ਨੇ ਕੇਰਲਾ ਵਿੱਚ ਭਾਰੂ ਜਾਗੀਰੂ ਜਮਾਤ ਦਾ ਥਾਪੜਾ ਹਾਸਲ ਕਰਨ ਖਾਤਰ ਇਹ ਕਾਂਡ ਰਚਾਇਆ ਤਾਂ ਕਿ 2021 ਦੀ ਸੂਬਾਈ ਹਕੂਮਤ ਵਿੱਚ ਆਪਣੀ ਕੁਰਸੀ ਸਲਾਮਤ ਰੱਖੀ ਜਾ ਸਕੇ। ਖੱਬੇ ਮੋਰਚੇ ਵਿੱਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਨਾਮ ਰਾਜੇਂਦਰਨ ਨੇ ਇਸ ਮੁਕਾਬਲੇ ਦੀ ਇਹ ਕਹਿੰਦੇ ਹੋਏ ਜ਼ੋਰਦਾਰ ਨਿਖੇਧੀ ਕੀਤੀ ਹੈ, ''ਪੁਲਸ ਨੇ ਮਾਓਵਾਦੀਆਂ ਦੇ ਟੈਂਟ ਵਿੱਚ ਉਦੋਂ ਬਹੁਤ ਨੇੜਿਉਂ ਗੋਲੀਆਂ ਮਾਰੀਆਂ, ਜਦੋਂ ਉਹ ਰੋਟੀ ਖਾ ਰਹੇ ਸਨ। ਬਜ਼ੁਰਗ ਮਾਓਵਾਦੀ ਮਨੀਵਾਸਾਕਮ ਦੀ ਹਾਲਤ ਤਾਂ ਅਜਿਹੀ ਸੀ ਕਿ ਉਸ ਤੋਂ ਤੁਰਿਆ ਵੀ ਨਹੀਂ ਜਾਂਦਾ। ਇਸ ਝੂਠੇ ਪੁਲਸ ਮੁਕਾਬਲੇ ਦੀ ਅਦਾਲਤੀ ਜਾਂਚ ਹੋਣੀ ਚਾਹੀਦੀ ਹੈ। ਸਾਨੂੰ ਭਰੋਸੇਯੋਗs sਸੂਚਨਾ ਮਿਲੀ ਹੈ ਕਿ ਇਹ ਮੁਕਾਬਲਾ ਝੂਠਾ ਸੀ। ਥੰਡਰਬੋਲਟ ਵੱਲੋਂ ਕੀਤੇ ਕਤਲਾਂ ਨੂੰ ਕਿਵੇਂ ਵੀ ਵਾਜਬ ਨਹੀਂ ਠਹਿਰਾਇਆ ਜਾ ਸਕਦਾ।'' ਜਦੋਂ ਕਿ ਮੁੱਖ ਮੰਤਰੀ ਪਿਨਾਰਿਆਈ ਵਿਜੈਆਨ ਨੇ ਆਖਿਆ ਹੈ ਕਿ ਪੁਲਸ ਨੇ ਮਾਓਵਾਦੀਆਂ ਨੂੰ ਆਪਣੀ ਸਵੈ-ਰੱਖਿਆ ਵਜੋਂ ਮਾਰਿਆ ਹੈ। 
ਹਾਈਕੋਰਟ ਦੇ ਰਿਟਾਇਰਡ ਜੱਜ ਕੇਮਲ ਪਾਸ਼ਾ ਨੇ ਇਹ ਦੋਸ਼ ਲਾਇਆ ਹੈ ਕਿ ਕੇਰਲਾ ਦੀ ਪੁਲਸ ਹੋਰਨਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਮੇਂ ਸਮੁੱਚੇ ਕੇਰਲਾ ਵਿੱਚ ਹੀ ਸੀ.ਪੀ.ਐਮ. ਦੀ ਅਗਵਾਈ ਵਾਲੀ ਖੱਬੇ ਜਮਹੂਰੀ ਮੋਰਚੇ ਦੀ ਹਕੂਮਤ ਵਿਰੁੱਧ ਮਨੁੱਖੀ ਹੱਕਾਂ ਦੇ ਘੋਰ ਉਲੰਘਣ ਦੇ ਖਿਲਾਫ ਉਭਾਰ ਉੱਠਿਆ ਹੋਇਆ ਹੈ। ਮਨੁੱਖੀ ਹੱਕਾਂ ਦੇ ਕਾਰਕੁੰਨਾਂ ਵੱਲੋਂ 29 ਅਕਤੂਬਰ ਨੂੰ ਕੋਜ਼ੀਕੋਡ ਵਿੱਚ ਇੱਕ ਮੁਜਾਹਰਾ ਵੀ ਕੀਤਾ ਗਿਆ ਸੀ ਜਿਥੇ ਪੁਲਸ ਨੇ ਗ੍ਰਿਫਤਾਰੀਆਂ ਕੀਤੀਆਂ ਸਨ। ਇਹਨਾਂ ਮੁਕਾਬਲਿਆਂ ਦੇ ਖਿਲਾਫ ਉੱਠਣ ਵਾਲੀ ਕਿਸੇ ਵੀ ਆਵਾਜ਼ ਨੂੰ ਸੀ.ਪੀ.ਐਮ. ਵੀ ਹਿੰਦੂਤਵੀ ਫਾਸ਼ੀਵਾਦੀਆਂ ਵਾਂਗ ਹੀ ਕੁਚਲ ਰਹੀ ਹੈ। 
ਕੇਰਲਾ ਵਿੱਚ ਇਸ ਝੂਠੇ ਮੁਕਾਬਲੇ ਤੋਂ ਬਾਅਦ ਵਿੱਚ ਖੱਬੇ ਜਮਹੂਰੀ ਮੋਰਚੇ ਦੀ ਪੁਲਸ ਨੇ ਸੀ.ਪੀ.ਆਈ.(ਐਮ.) ਦੇ ਦੋ ਕਾਰਕੁੰਨਾਂ- ਅਲੇਨ ਸੁਹੈਬ ਅਤੇ ਤਾਹਾ ਫਾਸਲ- ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਤਹਿਤ ਉਹਨਾਂ ਨੂੰ ਮਾਓਵਾਦੀਆਂ ਦੇ ਹਮਾਇਤੀ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਕੋਲੋਂ ਮਾਓਵਾਦੀ ਸਾਹਿਤ ਹਾਸਲ ਹੋਇਆ ਹੈ। 
ਸੁਹੈਲ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ ਜਦੋਂ ਕਿ ਫਾਸਲ ਸੀ.ਪੀ.ਐਮ. ਦੀ ਬਰਾਂਚ ਕਮੇਟੀ ਦਾ ਮੈਂਬਰ ਹੈ। ਇਹ ਪਹਿਲੀ ਵਾਰੀ ਹੈ ਜਦੋਂ ਸੀ.ਪੀ.ਐਮ. ਨੇ ਆਪਣੇ ਕਾਡਰਾਂ ਨੂੰ ਹੀ ਕਾਲੇ ਕਾਨੂੰਨਾਂ ਤਹਿਤ ਗ੍ਰਿਫਤਾਰ ਕੀਤਾ ਹੈ। ਕੇਰਲਾ ਵਿੱਚ ਸੀ.ਪੀ.ਐਮ. ਮੁਸਲਮਾਨਾਂ ਦੇ ਖਿਲਾਫ ਹੋ-ਹੱਲਾ ਮਚਾ ਕੇ ਖੱਬੇ ਜਮਹੂਰੀ ਮੋਰਚੇ ਲਈ ਜਾਗੀਰਦਾਰਾਂ ਦੀਆਂ ਉੱਚ-ਜਾਤੀਆਂ ਨੂੰ ਆਪਣੇ ਪੱਖ ਵਿੱਚ ਕਰਨਾ ਚਾਹੁੰਦੀ ਹੈ ਤਾਂ ਕਿ ਉਹਨਾਂ ਨੂੰ ਬੀ.ਜੇ.ਪੀ. ਅਤੇ ਆਰ.ਐਸ.ਐਸ. ਦੇ ਕਲਾਵੇਂ ਤੋਂ ਵੱਖ ਕੀਤਾ ਜਾ ਸਕੇ। ਇਸ ਤਰ੍ਹਾਂ ਉਹ ਉਹਨਾਂ ਕੋਲੋਂ ਆਪਣੀ ਹਕੂਮਤ ਦੀ ਕਾਇਮੀ ਲਈ ਮੁੜ ਤੋਂ ਸਮਰਥਨ ਹਾਸਲ ਕਰਨਾ ਚਾਹੁੰਦੀ ਹੈ। ਕੇਰਲਾ ਦੇ ਪਲੱਕੜ ਮੁਕਾਬਲੇ ਦੀ ਕਹਾਣੀ ਉਹੋ ਜਿਹੀ ਹੀ ਹੈ ਜਿਹੋ ਜਿਹੀਆਂ ਕਹਾਣੀਆਂ ਭਾਜਪਾ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੀਆਂ ਸਰਕਾਰਾਂ ਰਚਦੀਆਂ ਹਨ। ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਆਖਿਆ ਹੈ ਕਿ ਕਿਸੇ ਕੋਲ ਵੀ ਮਾਓਵਾਦੀ ਸਾਹਿਤ ਦਾ ਹੋਣਾ ਆਪਣੇ ਆਪ ਵਿੱਚ ਕੋਈ ਦੋਸ਼ ਨਹੀਂ ਬਣ ਜਾਂਦਾ ਜਦੋਂ ਕਿ ਸੁਪਰੀਮ ਕੋਰਟ ਨੇ 2011 ਵਿੱਚ ਆਖਿਆ ਸੀ ਕਿ ਕਿਸੇ ਕੋਲ ਮਾਓਵਾਦੀ ਸਾਹਿਤ ਹੋਣ ਨਾਲ ਹੀ ਉਹ ਮਾਓਵਾਦੀ ਨਹੀਂ ਬਣ ਜਾਂਦਾ।

ਕੇਰਲਾ ਦੀ ਮਾਓਵਾਦੀ ਲਹਿਰ ਦਾ ਪਿਛੋਕੜ


ਕੇਰਲਾ ਦੀ ਮਾਓਵਾਦੀ ਲਹਿਰ ਦਾ ਪਿਛੋਕੜ

.....ਤਕਰੀਬਨ ਤਿੰਨ ਸਾਲਾਂ ਵਿੱਚ ਕੇਰਲਾ ਵਿੱਚ ਮਾਓਵਾਦੀਆਂ ਦਾ ਪੁਲਸ ਵੱਲੋਂ ਵਿਖਾਇਆ ਇਹ ਤੀਜਾ ਮੁਕਾਬਲਾ ਹੈ। ਇਸ ਸਾਲ ਮਾਰਚ ਵਿੱਚ ਪੁਲਸ ਨੇ ਇੱਕ ਮਾਓਵਾਦੀ ਕਾਰਕੁੰਨ ਨੂੰ ਇਹ  ਕਹਿੰਦੇ ਹੋਏ ਮਾਰ ਮੁਕਾਇਆ ਕਿ ਉਹ ਵਾਇਨਾੜ ਜ਼ਿਲ੍ਹੇ ਵਿੱਚ ਫਿਰੌਤੀ ਲੈਣ ਗਿਆ ਸੀ। ਨਵੰਬਰ 2016 ਦੋ ਮਾਓਵਾਦੀ ਮਲਾਪੁਰਮ ਜ਼ਿਲ੍ਹੇ ਦੇ ਨਿਲੰਬਰ ਦੇ ਜੰਗਲਾਂ ਵਿੱਚ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ। ਪਿਛਲੇ ਦੋ ਕੁ ਦਹਾਕਿਆਂ ਤੋਂ ਕੇਰਲਾ ਦੇ ਉੱਤਰੀ ਜ਼ਿਲ੍ਹਿਆਂ ਕਿਨੌਰ, ਕੋਜ਼ੀਕੋਡ, ਵਾਇਨਾੜ, ਪਲੱਕੜ ਅਤੇ ਮਲਾਪੁਰਮ ਵਿੱਚ ਮਾਓਵਾਦੀ ਸਰਗਰਮੀਆਂ ਹੁੰਦੀਆਂ ਰਹੀਆਂ ਹਨ। 2018 ਵਿੱਚ ਕੇਂਦਰ ਨੇ ਵਾਇਨਾੜ, ਮਲਾਪੁਰਮ ਅਤੇ ਪਲੱਕੜ ਨੂੰ ਦੇਸ਼ ਦੇ ਖੱਬੇਪੱਖੀ ਅੱਤਵਾਦ ਤੋਂ ਪ੍ਰਭਾਵਿਤ 90 ਜ਼ਿਲ੍ਹਿਆਂ ਵਿੱਚ ਸ਼ਾਮਲ ਕੀਤਾ ਹੈ। 
1960ਵਿਆਂ ਦੇ ਅਖੀਰ ਵਿੱਚ ਉੱਤਰੀ ਬੰਗਾਲ 'ਚੋਂ ਫੁੱਟੀ ਨਕਸਲਬਾੜੀ ਲਹਿਰ ਦੀਆਂ ਤਰੰਗਾਂ ਕੇਰਲਾ ਵਿੱਚ ਵੀ ਪਹੁੰਚੀਆਂ। ਉੱਤਰੀ ਕੇਰਲਾ ਵਾਇਨਾੜ ਸਮੇਤ ਖੱਬੇਪੱਖੀ ਲਹਿਰ ਦਾ ਗੜ੍ਹ ਬਣ ਗਿਆ। ਸੀ.ਪੀ.ਐਮ. ਦਾ ਆਗੂ ਵਰਗੀਜ਼ ਨਕਸਲਵਾਦੀ ਬਣ ਗਿਆ ਅਤੇ ਅਜੀਤਾ ਨੇ ਜਾਗੀਰਦਾਰਾਂ ਦੇ ਖਿਲਾਫ ਬਗਾਵਤਾਂ ਖੜ੍ਹੀਆਂ ਕੀਤੀਆਂ- ਅਜੀਤਾ ਹੁਣ ਕੇਰਲਾ ਦੀ  ਸਿਰਕੱਢ ਨਾਰੀਵਾਦੀ ਕਾਰਕੁੰਨ ਹੈ। ਭਾਵੇਂ ਕਿ ''ਬਸੰਤ ਦੀ ਕੜਕ'' ਨੂੰ ਵਰਗੀਜ਼ ਦੇ ਇੱਕ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਸੱਟ ਪੈ ਗਈ ਸੀ, 1970 ਵਿੱਚ ਕੀਤਾ ਇਹ ਮੁਕਾਬਲਾ ਬਾਅਦ ਵਿੱਚ ਝੂਠਾ ਸਾਬਤ ਹੋਇਆ ਸੀ- ਪਰ ਵਰਗੀਜ਼ ਨੇ ਆਦਿਵਾਸੀਆਂ ਦੇ ਦਿੱਲ ਜਿੱਤੇ ਹੋਏ ਸਨ। 
ਹੋਰਨਾਂ ਸੂਬਿਆਂ ਦੇ ਖੱਬੇਪੱਖੀਆਂ ਨਾਲੋਂ ਕੇਰਲਾ ਵਿਚਲੀ ਮਾਓਵਾਦੀ ਲਹਿਰ ਵੱਖਰੀ ਤਰ੍ਹਾਂ ਦੀ ਹੈ। ਉਹਨਾਂ ਨੇ ਕੇਰਲਾ, ਤਾਮਿਲਨਾਡੂ ਅਤੇ ਕਰਨਾਟਕ ਦੀ ਤਿਕੋਨ  ਦੀਆਂ ਉਹਨਾਂ ਥਾਵਾਂ ਨੂੰ ਜਥੇਬੰਦਕ ਤੌਰ 'ਤੇ ਸੁਰੱਖਿਅਤ ਧੁਰੇ ਵਜੋਂ ਚੁਣਿਆ ਹੈ, ਜਿੱਥੇ ਜੰਗਲ ਸੰਘਣੇ ਹਨ ਤੇ ਪੁਲਸ ਦਾ ਦਾਖਲਾ ਮੁਸ਼ਕਲ ਹੈ। ਪਲੱਕੜ, ਮਲਾਪੁਰਮ ਅਤੇ ਵਾਇਨਾੜ ਦੇ ਜੰਗਲੀ ਹਿੱਸੇ ਇਸ ਤਿਕੋਨ ਦਾ ਹਿੱਸਾ ਹਨ। 
ਪਿਛਲੇ ਕਈ ਸਾਲਾਂ ਤੋਂ ਮਾਓਵਾਦੀਆਂ ਨੇ ਇਸ ਇਲਾਕੇ ਵਿੱਚ ਤਿੰਨ ਸੁਕੈਡ (ਦਾਲਮ) ਬਣਾਏ ਹੋਏ ਸਨ। ਇਹਨਾਂ ਦਾਲਮਾਂ ਦੇ ਨਾਂ ਸਨ ਕਬਾਨੀ, ਨਾਦੂਕਾਨੀ ਅਤੇ ਭਵਾਨੀ। 2017 ਵਿੱਚ ਚੌਥਾ ਵਾਰਹੀਨੀ ਦਾਲਮ ਕਾਇਮ ਕੀਤਾ ਗਿਆ ਸੀ। ਉਹ ਵੱਖਰੇ ਹੀ ਅੰਦਾਜ਼ ਵਿੱਚ ਨਾਲ ਦੇ ਜੰਗਲਾਂ ਦੇ ਪਿੰਡਾਂ ਅਤੇ ਕਬਾਇਲੀਆਂ ਦੀਆਂ ਝੁੱਗੀਆਂ ਵਿੱਚ ਦਾਖਲ ਹੁੰਦੇ, ਲੋਕਾਂ ਨੂੰ ਸੰਬੋਧਨ ਹੁੰਦੇ ਅਤੇ ਲੀਫਲੈਟ ਵੰਡਦੇ ਤਾਂ ਕਿ ਲੋਕਾਂ ਨਾਲ ਗੱਲ ਤੋਰੀ ਜਾਵੇ ਅਤੇ ਉਹਨਾਂ ਨੂੰ ਰਾਜ ਖਿਲਾਫ ਹਥਿਆਰਬੰਦ ਸੰਘਰਸ਼ ਲਈ ਤਿਆਰ ਕੀਤਾ ਜਾਵੇ। ਮਾਓਵਾਦੀ ਲੋਕਾਂ ਕੋਲੋਂ ਰਾਸ਼ਣ-ਪਾਣੀ ਆਦਿ ਲੈ ਕੇ ਜੰਗਲ ਨੂੰ ਵਾਪਸ ਚਲੇ ਜਾਂਦੇ।
ਮਾਓਵਾਦੀ ਕਦੇ ਕਦਾਈਂ ਨਜਾਇਜ਼ ਵਾਹਨਾਂ ਅਤੇ ਬੱਜਰੀ ਬਣਾਉਣ ਵਾਲੇ ਕਰੈਸ਼ਰਾਂ 'ਤੇ ਹਮਲੇ ਕਰਦੇ ਜਿਹੜੇ ਆਦਿਵਾਸੀਆਂ ਦੀਆਂ ਥਾਵਾਂ 'ਤੇ ਉਸਾਰੇ ਗਏ ਸਨ। ਜੰਗਲਾਂ ਦੇ ਦਾਖਲੇ ਵਾਲੇ ਸਥਾਨਾਂ ਨੂੰ ਵੀ ਕਦੇ ਕਦੇ ਹਮਲੇ ਦਾ ਨਿਸ਼ਾਨਾ ਬਣਾਇਆ ਜਾਂਦਾ। ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਪੁਲਸ ਕਦੇ ਕਦੇ ਪਛਾਣੇ ਜਾਣ ਵਾਲੇ ਮਾਓਵਾਦੀਆਂ ਦੇ ਖਿਲਾਫ ਕੇਸ ਵੀ ਦਰਜ਼ ਕਰਦੀ। 
2014 ਵਿੱਚ ਮਾਓਵਾਦੀਆਂ ਵੱਲੋਂ ਇੱਕ-ਦੋ ਵਾਰੀ ਜੰਗਲ ਅਤੇ ਪਿੰਡਾਂ ਤੋਂ ਦੂਰ ਪਲੱਕੜ ਦੇ ਕੇ.ਐਫ.ਸੀ. ਉੱਪਰ ਵੀ ਇੱਕ ਦੋ ਵਾਰੀ ਹਮਲੇ ਕੀਤੇ ਗਏ। ਇਸੇ ਹੀ ਸਾਲ ਕੋਚੀ ਕਾਰਪੋਰੇਟ ਦਫਤਰ ਦੇ ਨਿੱਟਾ ਗੇਲਾਟੀਨ ਵਿਚਲੇ ਪ੍ਰਮੁੱਖ ਹਿੰਦ-ਜਪਾਨੀ ਸਨਅੱਤ ਅਦਾਰੇ 'ਤੇ ਹਮਲਾ ਕੀਤਾ ਗਿਆ। ਮਾਓਵਾਦੀਆਂ ਅਤੇ ਕੇਰਲਾ ਪੁਲਸ ਵਿਚਕਾਰ ਮਾਰ-ਮਰਾਈ ਅਕਸਰ ਚੱਲਦੀ ਰਹੀ। ਵਾਇਨਾੜ ਦੇ ਜੰਗਲਾਂ ਵਿੱਚ ਦਸੰਬਰ 2014 ਵਿੱਚ ਇੱਕ ਮੁਕਾਬਲਾ ਵੀ ਹੋਇਆ ਸੀ। ਪੁਲਸ ਮੁਕਾਬਲਿਆਂ ਵਿੱਚ ਤਿੰਨ ਸਾਲਾਂ ਦੌਰਾਨ ਮਾਓਵਾਦੀਆਂ ਦੀਆਂ ਮੌਤਾਂ ਵੀ ਉਹਨਾਂ ਨੂੰ ਆਪਣੇ ਇਰਾਦੇ ਤੋਂ ਨਾ ਥਿੜਕਾਅ ਸਕੀਆਂ, ਉੱਤਰੀ ਕੇਰਲਾ ਵਿੱਚ ਉਹਨਾਂ ਨੂੰ ਕਈ ਥਾਵਾਂ 'ਤੇ ਅਕਸਰ ਹੀ ਵੇਖਿਆ ਜਾਂਦਾ ਰਿਹਾ। 
ਥਰੀਸੁੱਰ ਜ਼ਿਲ੍ਹੇ ਦਾ 50 ਸਾਲਾ ਆਰ. ਰੁਪੇਸ਼ ਉੱਘਾ ਨਕਸਲੀ ਆਗੂ ਹੈ। 2015 ਵਿੱਚ ਤਾਮਿਲਨਾਡੂ ਵਿੱਚ ਉਸਦੀ ਗ੍ਰਿਫਤਾਰੀ ਮੌਕੇ ਰੁਪੇਸ਼ ਪੱਛਮੀ ਘਾਟਾਂ ਦੇ ਜੋਨ ਵਿਚਲੀ ਮਾਓਵਾਦੀ ਲਹਿਰ ਦਾ ਮੁਖੀ ਰਿਹਾ ਅਤੇ ਕੇਰਲਾ ਵਿੱਚ ਉਸ 'ਤੇ 30 ਕੇਸ ਦਾਇਰ ਕੀਤੇ ਗਏ। ਉਸਦੀ ਪਤਨੀ ਪੀ.ਏ. ਸ਼ਾਈਨਾ, ਜਿਹੜੀ ਉਸਦੇ ਨਾਲ ਹੀ ਕੰਮ ਕਰਦੀ ਸੀ, ਵੀ ਫੜੀ ਗਈ। ਸ਼ਾਈਨਾ ਦੀ ਜਮਾਨਤ ਹੋ ਚੁੱਕੀ ਹੈ ਜਦੋਂ ਕਿ ਰੁਪੇਸ਼ ਅਜੇ ਅਦਾਲਤੀ ਹਿਰਾਸਤ ਵਿੱਚ ਹੀ ਹੈ। ਮੁਰਲੀ ਕੰਨਮਪਿੱਲੀ, ਹੁਣ 67 ਸਾਲਾਂ ਦਾ ਹੈ ਉਸ ਨੂੰ ਮਹਾਂਰਾਸ਼ਟਰ ਐਂਟੀ-ਟੈਰਰਿਜ਼ਮ ਸੁਕੈਡ ਨੇ 2015 ਵਿੱਚ ਗ੍ਰਿਫਤਾਰ ਕੀਤਾ ਸੀ। ਕੰਨਮਪਿੱਲੀ ਦਾ ਪਿਤਾ ਕਰੁਨਾਕਾਰਾ ਮੈਨਨ ਸਾਬਕਾ ਰਾਜਦੂਤ ਅਤੇ ਕਈ ਦੇਸ਼ਾਂ ਵਿੱਚ ਹਾਈ ਕਮਿਸ਼ਨਰ ਰਿਹਾ ਹੈ। ਮੁਰਲੀ ਕੰਨਮਪਿੱਲੀ ਕੇਰਲਾ ਦੀ ਮਾਓਵਾਦੀ ਲਹਿਰ ਦੀ ਚਾਲਕ ਹਸਤੀ ਰਿਹਾ ਹੈ। ਉਸਦੀ ਪਿਛੇ ਜਿਹੇ ਹੀ ਪੁਨੇ ਜੇਲ੍ਹ ਵਿੱਚੋਂ ਜਮਾਨਤ 'ਤੇ ਰਿਹਾਈ ਹੋਈ ਹੈ।
ਮਲਾਪੁਰਮ ਵਿੱਚ ਪਾਂਡਿੱਕਾਦੂ ਦਾ ਚੇਰੂਕਾਰਾ ਪੱਲੀ ਪਰਿਵਾਰ ਮਾਓਵਾਦੀਆਂ ਵਿੱਚ ਮਸ਼ਹੂਰ ਪਰਿਵਾਰ ਰਿਹਾ ਹੈ। ਇਸ ਸਾਲ ਮਾਰਚ ਵਿੱਚ ਵਾਇਨਾੜ ਵਿੱਚ ਮਾਰਿਆ ਗਿਆ ਸੀਪੀ. ਜਲੀਲ, ਇਸ ਪਰਿਵਾਰ ਵਿੱਚੋਂ ਸੀ। ਜਲੀਲ ਦਾ ਭਰਾ ਸੀ.ਪੀ. ਇਜਮਾਈਲ ਪੁਣੇ ਵਿੱਚ ਮੁਰਲੀ ਕੰਨਮਪਿੱਲੀ ਦੇ ਨਾਲ ਫੜਿਆ ਗਿਆ ਸੀ। ਤੀਜਾ ਭਰਾ, ਸੀ.ਪੀ. ਮੋਇਥੀਨ, ਕੇਰਲਾ ਦੇ ਜੰਗਲ ਵਿੱਚ ਸਰਗਰਮ ਹੈ, ਜਦੋਂ ਕਿ ਚੌਥਾ ਸੀ.ਪੀ. ਰਸ਼ੀਦ ਜਮਹੂਰੀ ਹੱਕਾਂ ਦੀ ਜਥੇਬੰਦੀ ਦਾ ਕਾਰਕੁੰਨ ਹੈ, ਜਿਹੜੀ ਮਾਓਵਾਦੀ ਪੋਰੱਤਮ ਨਾਲ ਜੁੜੀ ਹੋਈ ਹੈ। 
ਇਹਨਾਂ ਭਰਾਵਾਂ ਨੇ ਦਲਿਤਾਂ ਦੇ ਮਸਲਿਆਂ 'ਤੇ ਕਾਰਕੁੰਨਾਂ ਵਜੋਂ ਕੰਮ ਆਰੰਭਿਆ ਸੀ ਆਖਰਕਾਰ ਮਾਓਵਾਦ ਨਾਲ ਜੁੜ ਗਏ। 
ਪਲੱਕੜ ਵਿੱਚ ਰਚੇ ਗਏ ਦੋਹਰੇ ਮੁਕਾਬਲੇ ਦਾ ਅਸਲ ਨਿਸ਼ਾਨਾ ਮੰਨੀਵਾਸਾਕਮ ਸੀ ਜਿਹੜਾ ਸੀਨੀਅਰ ਮਾਓਵਾਦੀ ਆਗੂ ਹੈ ਅਤੇ ਸੀ.ਪੀ.ਆਈ.(ਮਾਓਵਾਦੀ) ਦੀ ਤਾਮਿਲਨਾਡੂ ਸੂਬਾਈ ਕਮੇਟੀ ਦਾ ਮੈਂਬਰ ਸੀ। ਮਨੀਵਾਸਾਕਮ ਬਾਰੇ ਕਿਹਾ ਜਾਂਦਾ ਹੈ ਕਿ ਉਹ 2016 ਦੇ ਮੁਕਾਬਲੇ ਵਿੱਚ ਮਾਰੇ ਗਏ ਕੁੱਪੂ ਦੇਵਰਾਜ ਉਰਫ ਰਾਵੰਨਾ, ਜਿਹੜਾ ਸੀ.ਪੀ.ਆਈ.(ਮਾਓਵਾਦੀ) ਦਾ ਕੇਂਦਰੀ ਕਮੇਟੀ ਮੈਂਬਰ ਸੀ ਦੀ ਥਾਂ ਅੱਟਾਪੱਡੀ ਕੈਂਪ ਚਲਾ ਰਿਹਾ ਸੀ। 
ਖੁਫੀਆ ਜਾਣਕਾਰੀ ਮੁਤਾਬਕ ਕੇਰਲਾ ਵਿਚਲੇ ਬਹੁਤੇ ਮਾਓਵਾਦੀ ਹੋਰਨਾਂ ਸੂਬਿਆਂ ਨਾਲ ਸਬੰਧਤ ਹਨ। ਇਸ ਸਮੇਂ ਕੇਰਲਾ ਵਿੱਚ ਤਿੰਨ ਦਰਜ਼ਨ ਦੇ ਕਰੀਬ ਮਾਓਵਾਦੀ ਸਰਗਰਮ ਹਨ, ਜਿਹਨਾਂ ਵਿੱਚੋਂ ਥੋੜ੍ਹੇ ਹੀ ਕੇਰਲਾ ਦੇ ਹਨ। ਦੂਸਰੇ ਸੂਬਿਆਂ ਦੇ ਵਿਕਰਮ ਗੌੜਾ ਵਰਗੇ ਅਨੇਕਾਂ ਚੋਟੀ ਦੇ ਆਗੂ ਇਸ ਇਲਾਕੇ ਵਿੱਚ ਦੇਖੇ ਗਏ ਹਨ। ਪਿਛਲੇ ਤਿੰਨ ਸਾਲਾਂ ਵਿੱਚ ਮਾਰੇ ਗਏ 7 ਮਾਓਾਦੀਆਂ ਵਿੱਚੋਂ 6 ਬਾਹਰਲੇ ਸੂਬਿਆਂ ਦੇ ਸਨ, ਇਹਨਾਂ ਵਿੱਚ ਇਸ ਹਫਤੇ ਹੋਏ ਮੁਕਾਬਲੇ ਵਾਲੇ ਵੀ ਸ਼ਾਮਲ ਹਨ। ਅਜਿਹੇ ਮਾਓਵਾਦੀਆਂ ਦੀ ਹਾਜ਼ਰੀ ਅਕਸਰ ਉਸ ਸਮੇਂ ਹੁੰਦੀ ਹੈ ਜਦੋਂ ਬਾਹਰਲੇ ਸੂਬਿਆਂ ਵਿੱਚ ਪੁਲਸ ਖੱਬੇਪੱਖੀਆਂ 'ਤੇ ਕੋਈ ਕਾਰਵਾਈ ਕਰਦੀ ਹੈ, ਉਹ ਇੱਥੇ ਆ ਕੇ ਲੁਕਦੇ ਹਨ। 
ਕੇਰਲਾ ਦੇ ਮਾਓਵਾਦੀ ਆਮ ਲੋਕਾਂ ਦਾ ਖੂਨ ਨਹੀਂ ਵਹਾਉਂਦੇ, ਉਹਨਾਂ ਦੀ ਲਹਿਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੇਰਲਾ ਵਿਚਲੇ ਮਾਓਵਾਦੀਆਂ ਨੂੰ ਪੋਰੱਤਮ ਅਤੇ ਆਇਆਨਕਾਲੀਪਾਡਾ ਵਰਗੀਆਂ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਕੋਲੋਂ ਯੁੱਧਨੀਤਕ ਅਤੇ ਵਿਚਾਰਧਾਰਕ ਹਮਾਇਤ ਮਿਲਦੀ ਹੈ। ਮਾਓਵਾਦੀਆਂ ਦੇ ਰਚਾਏ ਮੁਕਾਬਲਿਆਂ ਅਤੇ ਉਹਨਾਂ ਖਿਲਾਫ ਕੇਸਾਂ ਦੀ ਜੁਆਬਦੇਹੀ ਮੰਗੀ ਜਾਂਦੀ ਹੈ ਮਨੁੱਖੀ ਅਧਿਕਾਰ ਕਾਰਕੁੰਨ ਅਕਸਰ ਹੀ ਮੁਕਾਬਲੇ ਵਿੱਚ ਮਾਰੇ ਗਏ ਲੋਕਾਂ ਦੀ ਸਮਾਨਾਂਤਰ ਪੜਤਾਲ ਕਰਦੀ ਹੈ। ਸੀ.ਪੀ.ਆਈ.(ਐਮ.) ਦੀ ਹਕੂਮਤੀ ਪਾਰਟੀ ਦੀ ਭਾਈਵਾਲ ਸੀ.ਪੀ.ਆਈ., ਮਾਓਵਾਦੀਆਂ ਖਿਲਾਫ ਪੁਲਸ ਕਾਰਵਾਈ ਦੀ ਹਮੇਸ਼ਾਂ ਪੜਤਾਲ ਕਰਦੀ ਹੈ। 2015 ਵਿੱਚ ਸੀ.ਪੀ.ਆਈ. ਦੇ ਸੀਨੀਅਰ ਨੇਤਾ ਰੁਪੇਸ਼ ਅਤੇ ਸ਼ਾਈਨਾ ਦੀ ਕੁੜੀ ਦੇ ਵਿਆਹ ਵਿੱਚ ਵੀ ਗਏ ਸਨ।........
(ਇੰਡੀਅਨ ਐਕਸਪ੍ਰੈਸ, 31 ਅਕਤੂਬਰ 2019 'ਚੋਂ ਸੰਖੇਪ)

ਅਮਰੀਕਾ ਦਾ ਰਾਸ਼ਟਰਪਤੀ ਟਰੰਪ ਦੋਸ਼ੀ ਕਰਾਰ

ਸਭ ਤੋਂ ਵੱਧ ਪੁਰਾਣੀ ਜਮਹੂਰੀਅਤ ਅਖਵਾਉਣ ਵਾਲੇ ਦੇਸ਼ 
ਅਮਰੀਕਾ ਦਾ ਰਾਸ਼ਟਰਪਤੀ ਟਰੰਪ ਦੋਸ਼ੀ ਕਰਾਰ

18 ਦਸੰਬਰ 2019 ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਦਨ ਵਿੱਚ ਮਹਾਂਦੋਸ਼ ਦਾ ਸਾਹਮਣਾ ਕਰਨਾ ਪਿਆ। ਉਸ ਉੱਪਰ ''ਤਾਕਤ ਦੀ ਦੁਰਵਰਤੋਂ ਕਰਨ'' ਅਤੇ ''ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ'' ਦਾ ਮਹਾਂਦੋਸ਼ ਲੱਗਿਆ ਹੈ। 435 ਮੈਂਬਰ ਸਦਨ ਵਿੱਚ ਟਰੰਪ 'ਤੇ ''ਤਾਕਤ ਦੀ ਦੁਰਵਰਤੋਂ ਕਰਨ'' ਦਾ ਮੱਤ 197 ਵੋਟਾਂ ਦੇ ਮੁਕਾਬਲੇ 230 ਨਾਲ ਪਾਸ ਹੋਇਆ ਅਤੇ ''ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ'' ਦੇ ਮਾਮਲੇ ਵਿੱਚ 198 ਦੇ ਮੁਕਾਬਲੇ 229 ਵੋਟਾਂ ਨਾਲ ਪਾਸ ਹੋ ਗਿਆ। 
ਰਾਸ਼ਟਰਪਤੀ ਟਰੰਪ ਦੇ ਖਿਲਾਫ ਮਹਾਂਦੋਸ਼ ਲੱਗਣ ਦਾ ਮੁੱਢ ਤਾਂ ਉਸ ਦੀ ਚੋਣ ਮੁਹਿੰਮ ਦੌਰਾਨ ਹੀ ਬੰਨ੍ਹਿਆ ਗਿਆ ਸੀ, ਜਦੋਂ ਉਸ ਨੇ ਰਾਸ਼ਟਰਪਤੀ ਦੀ ਚੋਣ ਵਿੱਚ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਦੇ ਵਿਰੁੱਧ ਪ੍ਰਚਾਰ ਵਿੱਚ ਰੂਸੀ ਹਕੂਮਤ ਨਾਲ ਗੰਢ-ਤਰੁੱਪ ਕਰ ਲਈ ਸੀ। ਟਰੰਪ ਨੇ ਰੂਸੀ ਹਕੂਮਤ ਕੋਲੋਂ ਹਿਲੇਰੀ ਦੇ ਨਿੱਜੀ ਜੀਵਨ ਸਬੰਧੀ ਅਤੇ ਡੈਮੋਕਰੇਟਿਕ ਪਾਰਟੀ ਦੇ ਖਿਲਾਫ ਸਿਆਸੀ ਪ੍ਰਚਾਰ ਕਰਵਾਇਆ ਸੀ। ਅਮਰੀਕਾ ਦਾ ਖੁਫੀਆ ਏਜੰਸੀ ਨੇ ਰੂਸੀ ਹਕੂਮਤ ਨਾਲ ਗੰਢ-ਤੁੱਪ ਦੀ ਪੁਸ਼ਟੀ ਕੀਤੀ ਹੈ। ਟਰੰਪ ਦੇ ਜੋਟੀਦਾਰ ਇਸ ਕਾਰਵਾਈ ਵਿੱਚ ਫਸ ਗਏ ਪਰ ਉਹ ਐਫ.ਬੀ.ਆਈ. ਖੁਫੀਆ ਏਜੰਸੀ ਕੋਲ ਪੇਸ਼ ਨਹੀਂ ਸੀ ਹੋਇਆ। ਉਹ ਇਸ ਕਾਰਵਾਈ ਨੂੰ ਆਪਣੇ ਖਿਲਾਫ ''ਸਾਜਿਸ਼'' ਕਰਾਰ ਦਿੰਦਾ ਰਿਹਾ।
ਰਾਸ਼ਟਰਪਤੀ ਦੀ 2020 ਵਾਲੀ ਚੋਣ ਵਿੱਚ ਟਰੰਪ ਦਾ ਸੰਭਾਵੀ ਵਿਰੋਧੀ ਡੈਮੋਕਰੇਟ ਪਾਰਟੀ ਦਾ ਸੰਭਾਵੀ ਵਿਰੋਧੀ ਜੋਇ ਬਿਦੇਨ ਹੋ ਸਕਦਾ ਹੈ। ਜਦੋਂ ਉਹ ਬਾਰਾਕ ਓਬਾਮਾ ਦੇ ਕਾਰਜਕਾਲ ਵਿੱਚ ਉੱਪ-ਰਾਸ਼ਟਰਪਤੀ ਸੀ ਤਾਂ ਉਸਦੇ ਪੁੱਤਰ ਹੰਟਰ ਬਿਦੇਨ ਨੇ ਯੂਕਰੇਨ ਦੀ ਊਰਜਾ ਕੰਪਨੀ ਨਾਲ ਕੁੱਝ ਲੈਣ-ਦੇਣ ਕੀਤਾ ਸੀ। ਟਰੰਪ ਨੂੰ ਇਹ ਲੱਗਦਾ ਸੀ ਕਿ ਇੱਥੇ ਕੁੱਝ ਨਾ ਕੁੱਝ ਗੜਬੜ-ਘੁਟਾਲਾ ਹੋ ਸਕਦਾ ਹੈ। ਇਸ ਸਬੰਧੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ 25 ਜੁਲਾਈ ਨੂੰ ਫੋਨ 'ਤੇ ਗੱਲਬਾਤ ਕੀਤੀ ਸੀ। ਉਸ ਨੇ ਯੂਕਰੇਨੀ ਰਾਸ਼ਟਰਪਤੀ ਨੂੰ ਆਖਿਆ ਸੀ ਕਿ ਜੇਕਰ ਉਸਨੇ ਬਿਦੇਨ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਯੂਕਰੇਨ ਨੂੰ ਦਿੱਤੀ ਜਾਣ ਵਾਲੀ 40 ਕਰੋੜ ਡਾਲਰ ਦੀ ਫੌਜੀ ਸਹਾਇਤਾ ਰੋਕ ਦੇਵੇਗਾ। ਟਰੰਪ ਨੇ ਜੋ ਕੁੱਝ ਵੀ ਕੀਤਾ ਇਸ ਦਾ ਅਮਰੀਕਾ ਨੂੰ ਕੋਈ ਲਾਹਾ ਨਹੀਂ ਸੀ ਹੋਣਾ ਬਲਕਿ ਉਸ ਨੂੰ ਖੁਦ ਨੂੰ ਲਾਹਾ ਹੋਣਾ ਸੀ, ਜਿਸ ਨਾਲ  ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਨੁੱਕਰੇ ਲਾ ਸਕਦਾ ਸੀ। ਇਹ ਚਰਚਾ ਜੱਗ ਜ਼ਾਹਰ ਹੋਣ 'ਤੇ ਟਰੰਪ ਇਸ ਤਰ੍ਹਾਂ ਦੀ ਵਾਰਤਾਲਾਪ ਤੋਂ ਮੁੱਕਰ ਗਿਆ। ਅਮਰੀਕੀ ਲੋਕਾਂ ਨਾਲ ਇਹ ਧੋਖਾ ਕਰਨ 'ਤੇ ਉਸ ਦੇ ਖਿਲਾਫ ਮਹਾਂਦੋਸ਼ ਲਾਉਣ ਦਾ ਪੈੜਾ ਬੰਨ੍ਹਿਆ ਗਿਆ। ਟਰੰਪ ਨੇ ਆਪਣੀ ਸਫਾਈ ਦੇਣ ਲਈ ਉਸ ਵਾਰਤਾਲਾਪ ਦਾ ਕੁੱਝ ਹਿੱਸਾ ਨਸ਼ਰ ਕੀਤਾ ਜਿਸ ਵਿੱਚ ਫੌਜੀ ਸਹਾਇਤਾ ਰੋਕੇ ਜਾਣ ਵਾਲੇ ਪੱਖ ਨੂੰ ਲੁਕੋਇਆ ਗਿਆ ਸੀ। ਉਸ ਨੇ 24 ਸਤੰਬਰ ਨੂੰ ਜਾਰੀ ਫੋਨ ਵਾਰਤਾ ਵਿੱਚ ਆਖਿਆ ਸੀ, ''ਬਿਦੇਨ ਦੇ ਪੁੱਤਰ ਬਾਰੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਹਨ, ਬਿਦੇਨ ਨੇ ਪੈਰਵਾਈ ਕਰਨੀ ਛੱਡ ਦਿੱਤੀ ਹੈ, ਬਹੁਤ ਸਾਰੇ ਲੋਕ ਇਸ ਬਾਰੇ ਜਾਨਣਾ ਚਾਹੁੰਦੇ ਹਨ, ਇਸ ਕਰਕੇ ਇਸ ਬਾਰੇ ਤੁਸੀਂ ਅਟਾਰਨੀ ਜਨਰਲ ਨਾਲ ਜੋ ਵੀ ਗੱਲ ਕਰ ਸਕਦੇ ਹੋ ਕਰੋ, ਇਹ ਬਹੁਤ ਵੱਡਾ ਕੰਮ ਹੋਵੇਗਾ। ਬਿਦੇਨ ਦਾਅਵੇ ਕਰ ਰਿਹਾ ਹੈ ਕਿ ਉਸਨੇ ਪੈਰਵਾਈ ਕਰਨੀ ਬੰਦ ਕਰ ਦਿੱਤੀ ਹੈ, ਇਸ ਕਰਕੇ ਤੁਸੀਂ ਇਸ ਸਬੰਧੀ ਜੋ ਕਰ ਸਕਦੇ ਹੋ ਕਰੋ। ਇਹ ਕੁੱਝ ਮੈਨੂੰ ਬਹੁਤ ਬੁਰਾ ਲੱਗਦਾ ਹੈ।''
ਡੈਮੋਕਰੇਟਿਕ ਪਾਰਟੀ ਵੱਲੋਂ ਟਰੰਪ ਦੇ ਖਿਲਾਫ ਮਹਾਂਦੋਸ਼ ਲਾਉਣ ਦਾ ਮਨੋਰਥ ਇਹ ਨਹੀਂ ਸੀ ਕਿ ਇਸ ਨੂੰ ਫੌਰੀ ਤੌਰ 'ਤੇ ਸੱਤਾ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਉਸ ਨੂੰ ਇਹ ਲੱਗਦਾ ਸੀ ਕਿ ਇਸ ਨਾਲ ਰਿਪਬਲਿਕਨ ਪਾਰਟੀ ਦੀ ਆਮ ਕਰਕੇ ਅਤੇ ਟਰੰਪ ਦੀ ਖਾਸ ਕਰਕੇ ਬਦਨਾਮੀ ਹੋਵੇਗੀ ਅਤੇ ਉਹ ਅਗਲੀ ਚੋਣ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਉਮੀਦਵਾਰ ਨਹੀਂ ਰਹੇਗਾ। ਪਰ 100 ਮੈਂਬਰੀ ਉੱਪਰਲੇ ਸਦਨ (ਸੈਨੇਟ) ਵਿੱਚ ਰਿਪਬਲਿਕਨ ਪਾਰਟੀ ਕੋਲ 53 ਮੈਂਬਰ ਹਨ, ਜਦੋਂ ਕਿ ਡੈਮੋਕਰੇਟਿਕ ਪਾਰਟੀ ਕੋਲ ਸਿਰਫ 47 ਮੈਂਬਰ ਹੀ ਹਨ, ਜਦੋਂ ਕਿ ਮਹਾਂਦੋਸ਼ ਸਾਬਤ ਕਰਨ ਲਈ ਦੋ-ਤਿਹਾਈ ਬਹੁਮੱਤ ਹੋਣਾ ਜ਼ਰੂਰੀ ਹੈ, ਇਸ ਤਰ੍ਹਾਂ ਡੈਮੋਕਰੇਟਿਕ ਪਾਰਟੀ ਰਿਪਬਲਿਕਨ ਪਾਰਟੀ ਦੇ 20 ਮੈਂਬਰਾਂ ਨੂੰ ਤਾਂ ਆਪਣੇ ਨਾਲ ਨਹੀਂ ਜੋੜ ਸਕਦੀ ਤਾਂ ਕਰਕੇ ਉੱਪਰਲੇ ਸਦਨ ਵਿੱਚ ਟਰੰਪ ਨੂੰ ਕੋਈ ਆਂਚ ਨਹੀਂ ਆਉਣੀ ਤੇ ਉਹ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਬਣਿਆ ਰਹੇਗਾ। ਟਰੰਪ ਨੇ ਬੇਸ਼ਰਮੀ ਅਤੇ ਢੀਠਤਾਈ ਅਖਤਿਆਰ ਕਰਦੇ ਹੋਏ ਆਪਣੀ ਬਦਨਾਮੀ ਨੂੰ ਬਦਨਾਮੀ ਨਾ ਮੰਨ ਕੇ ਆਪਣੇ ਵਿਰੋਧੀ ਡੈਮੋਕਰੇਟਾਂ ਅਤੇ ਸਦਨ ਦੀ ਸਪੀਕਰ ਸ੍ਰੀਮਤੀ ਪੇਲੋਸੀ ਨੂੰ ਆਖਿਆ ਹੈ ਕਿ ਉਹਨਾਂ ਨੂੰ 2020 ਦੀਆਂ ਚੋਣਾਂ ਵਿੱਚ ਖਮਿਆਜਾ ਭੁਗਤਣਾ ਪਵੇਗਾ।
ਸਭ ਤੋਂ ਵੱਧ ਪੁਰਾਣੀ ਜਮਹੂਰੀਅਤ  ਅਖਵਾਉਣ ਵਾਲੇ ਅਮਰੀਕਾ ਵਿੱਚ ਹੁਣ ਤੱਕ ਕੁੱਲ 45 ਰਾਸ਼ਟਰਪਤੀ ਹੋਏ ਹਨ, ਜਿਹਨਾਂ ਵਿੱਚੋਂ ਟਰੰਪ ਸਮੇਤ ਚਾਰਾਂ ਉੱਪਰ ਮਹਾਂਦੋਸ਼ ਲੱਗੇ ਹਨ। ਸਭ ਤੋਂ ਪਹਿਲਾਂ ਮਹਾਂਦੋਸ਼ 1868 ਵਿੱਚ ਐਂਡਰਿਊ ਜੌਹਨਸਨ ਵਿੱਚ ਦੇਸ਼ ਦੀ ਖਾਨਾਜੰਗੀ ਸਬੰਧੀ ਲੱਗਿਆ ਸੀ। ਦੂਸਰਾ ਮਹਾਂਦੋਸ਼ 1974 ਵਿੱਚ ਨਿਕਸਨ ਦੇ ਖਿਲਾਫ ਲੱਗਿਆ ਸੀ। ਤੀਸਰਾ ਮਹਾਂਦੋਸ਼ ਬਿਲ ਕਲਿੰਟਨ ਦੇ ਖਿਲਾਫ 1999 ਵਿੱਚ ਮੋਨੀਕਾ ਲਵੰਸਕੀ ਕਾਂਡ ਦਾ ਲੱਗਿਆ ਸੀ। ਪਹਿਲੇ ਅਤੇ ਤੀਜੇ ਮਹਾਂਦੋਸ਼ਾਂ ਵਿੱਚ ਸਬੰਧਤ ਰਾਸ਼ਟਰਪਤੀ ਉੱਪਰਲੇ ਸਦਨ ਵਿੱਚ ਇਹਨਾਂ ਪੱਖੀ ਬਹੁਮੱਤ ਹੋਣ ਕਰਕੇ ਰਾਸ਼ਟਰਪਤੀ ਦੇ ਅਹੁਦੇ 'ਤੇ ਕਾਇਮ ਰਹੇ ਜਦੋਂ ਕਿ ਨਿਕਸਨ ਨੇ ਖੁਦ ਹੀ ਅਸਤੀਫਾ ਦੇ ਦਿੱਤਾ ਸੀ ਇਸ ਕਰਕੇ ਵੋਟਿੰਗ ਦੀ ਨੌਬਤ ਨਹੀਂ ਸੀ ਆਈ।
ਟਰੰਪ 'ਤੇ ਇਹ ਦੋਸ਼ ਲੱਗਿਆ ਹੈ ਕਿ ਉਸ ਨੇ ''ਅਦਾਲਤੀ ਮਰਿਆਦਾ ਦਾ ਸਿੱਧਾ, ਸਪੱਸ਼ਟ, ਬੇਮਿਸਾਲ ਘੋਰ ਉਲੰਘਣ ਕੀਤਾ ਹੈ।'' ਜੋ ਕੁੱਝ ਟਰੰਪ 'ਤੇ ਦੋਸ਼ ਲੱਗਿਆ ਹੈ, ਇਹ ਕੁੱਝ ਅਜਿਹੇ ਹੰਕਾਰੇ ਮਨੁੱਖ ਕੋਲੋਂ ਸੰਭਵ ਹੀ ਹੈ, ਜਿਹੜਾ ਜੁਲਾਈ 2018 ਨੂੰ ਆਪਣੇ ਇੱਕ ਟਵੀਟ ਵਿੱਚ ਲਿਖਦਾ ਹੈ ''ਮੈਂ ਇਤਿਹਾਸ ਵਿੱਚ ਸਭ ਤੋਂ ਵੱਧ ਹਰਮਨਪਿਆਰਾ ਵਿਅਕਤੀ ਹਾਂ। ਮੈਂ ਲਿੰਕਨ ਤੋਂ ਅੱਗੇ ਨਿਕਲ ਗਿਆ ਹਾਂ। ਮੈਂ ਸਾਡੇ ਅਬੇ ਤੋਂ ਵੀ ਅੱਗੇ ਹਾਂ।'' ਉਸ ਨੂੰ ਘੁਮੰਡ ਹੈ ਕਿ ਉਸਨੇ ''ਰਿਪਬਲਿਕਨਾਂ ਵਿੱਚ 94 ਫੀਸਦੀ ਵੋਟਾਂ ਹਾਸਲ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ।''
ਟਰੰਪ ਨੇ ਝੂਠ ਬੋਲਣ ਅਤੇ ਮਸਲਿਆਂ ਨੂੰ ਤਿਲ੍ਹਕਾਉਣ ਵਿੱਚ ਇੱਕ ਤਰ੍ਹਾਂ ਦਾ ਠੇਕਾ ਹੀ ਲਿਆ ਹੋਇਆ ਹੈ। ਉਹ ਅਮਰੀਕੀ ਲੋਕਾਂ ਵਿੱਚ ਬੇਰੁਜ਼ਗਾਰੀ ਦੀ ਅਸਲ ਵਜਾਹ ਨੂੰ ਦੱਸਣ ਦੀ ਥਾਂ ਮੈਕਸੀਕੋ ਤੋਂ ਆ ਰਹੇ ਪਰਵਾਸੀਆਂ ਨੂੰ ਦੋਸ਼ੀ ਠਹਿਰਾਅ ਰਿਹਾ ਹੈ। ਉਹ ਆਖਦਾ ਹੈ ਕਿ ''ਮੈਂ ਅਮਰੀਕਾ ਨੂੰ ਫੇਰ ਤੋਂ ਮਹਾਨ ਬਣਾਉਣ ਵਾਸਤੇ ਚੁਣਿਆ ਗਿਆ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਰੁਜ਼ਗਾਰ ਦੇਵਾਂਗਾ। ਡੈਮੋਕਰੇਟਿਕ ਪਾਰਟੀ ਨੇ ਮਹਾਂਦੋਸ਼ ਅਤੇ ਮੁਕੱਦਮੇ ਨਾਲ ਮੈਨੂੰ ਉਲਝਾਇਆ ਹੋਇਆ ਹੈ। ਜੇਕਰ ਮੈਨੂੰ ਉਲਝਾਇਆ ਹੋਇਆ ਨਾ ਹੁੰਦਾ ਤਾਂ ਮੈਂ ਅਮਰੀਕਾ-ਮੈਕਸੀਕੋ ਦੇ ਬਾਰਡਰ 'ਤੇ ਕੰਧ ਬਣਵਾ ਦੇਣੀ ਸੀ, ਜਿਹੜੀ ਸਾਡੇ ਦੇਸ਼ ਵਿੱਚ ਪ੍ਰਵਾਸੀਆਂ ਦਾ ਦਾਖਲਾ ਰੋਕਦੀ। ਇਹ ਪ੍ਰਵਾਸੀ ਤੁਹਾਡੀਆਂ ਨੌਕਰੀਆਂ ਖੋਹ ਰਹੇ ਹਨ, ਤਾਂ ਕਰਕੇ ਹੀ ਤੁਹਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਅਮਰੀਕਾ ਨੂੰ ਮਹਾਨ ਮੈਂ ਇਸ ਕਰਕੇ ਨਹੀਂ ਬਣਾ ਸਕਿਆ ਡੈਮੋਕਰੇਟ ਅਤੇ ਉਹਨਾਂ ਦਾ ਮਹਾਂਦੋਸ਼ ਮੇਰੇ ਰਾਹ ਦਾ ਰੋੜਾ ਬਣਿਆ ਹੋਇਆ ਹੈ।'' ਜਦੋਂ ਕਿ ਸਚਾਈ ਇਹ ਹੈ ਕਿ ਅਮਰੀਕਾ ਵਿੱਚ ਸਨਅਤੀ ਉਤਪਾਦਨ ਦਾ ਰੁਜ਼ਗਾਰ ਵਿੱਚ ਹਿੱਸਾ 1960 ਵਿੱਚ 28 ਫੀਸਦੀ ਸੀ, ਜਿਹੜਾ 2017 ਵਿੱਚ ਘਟ ਕੇ ਸਿਰਫ 8 ਫੀਸਦੀ ਰਹਿ ਗਿਆ ਹੈ। ਇਸੇ ਹੀ ਤਰ੍ਹਾਂ ਅਮਰੀਕਾ ਨੇ ਅਫਗਾਨਿਸਤਾਨ, ਇਰਾਕ ਅਤੇ ਸੀਰੀਆ ਆਦਿ 'ਤੇ ਹਮਲੇ ਕਰਕੇ ਤੇਲ ਭੰਡਾਰਾਂ 'ਤੇ ਕਬਜ਼ਿਆਂ ਰਾਹੀਂ ਜੋ ਕੁੱਝ ਹਾਸਲ ਕਰਨ ਦਾ ਭਰਮ ਪਾਲਿਆ ਸੀ, ਉਹ ਪੂਰਾ ਨਹੀਂ ਹੋ ਸਕਿਆ। ਅਰਬਾਂ-ਖਰਬਾਂ ਡਾਲਰ ਝੋਕ ਕੇ ਇਸ ਦੇ ਪੱਲੇ ਆਰਥਿਕ ਮੰਦਵਾੜਾ ਹੀ ਪਿਆ ਹੈ। ਪਰ ਟਰੰਪ ਲਈ ਅਜਿਹੇ ਮੁੱਦੇ ਚਰਚਾ ਦਾ ਵਿਸ਼ਾ ਨਹੀਂ ਹਨ। ਉਹ ਲੋਕਾਂ ਦੀਆਂ ਅਸਲ ਸਮੱਸਿਆਵਾਂ ਵੱਲ ਧਿਆਨ ਦੇਣ-ਦਿਵਾਉਣ ਦੀ ਥਾਂ ਹੋਰ ਹੋਰ ਸ਼ੁਰਲੀਆਂ ਛੱਡ ਕੇ ਧੂੜ ਵਿੱਚ ਟੱਟੂ ਛੱਡਣ ਲੱਗਿਆ ਹੋਇਆ ਹੈ। 
ਟਰੰਪ ਵੱਲੋਂ ਲੋਕਾਂ ਨੂੰ ਮੂਰਖ ਬਣਾਉਣ ਲਈ, ਝੂਠ ਬੋਲ ਕੇ ਜੋ ਕੁੱਝ ਕੀਤਾ ਜਾ ਰਿਹਾ ਹੈ, ਇਸ ਨੇ ਸਾਬਤ ਕਰ ਦਿੱਤਾ ਹੈ ਕਿ ਅਮਰੀਕੀ ਹਾਕਮ ਜਿਹੜੀ ਜਮਹੂਰੀਅਤ ਦੀ ਕਾਵਾਂਰੌਲੀ ਪਾ ਰਹੇ ਹਨ, ਉਹ ਅਸਲ ਵਿੱਚ ਜਮਹੂਰੀਅਤ ਨਹੀਂ ਹੈ ਸਗੋਂ ਲੁਟੇਰੇ ਟੋਲਿਆਂ ਦੀ ਤਾਨਾਸ਼ਾਹੀ ਹੈ, ਜਿਹੜੇ ਆਪਣੇ ਮੁਫਾਦਾਂ ਦੀ ਖਾਤਰ ਦੇਸ਼ ਦੇ ਆਮ ਲੋਕਾਂ ਨੂੰ ਤੇ ਅਮਰੀਕੀ ਸਦਨ ਨੂੰ ਠੁੱਠ ਵਿਖਾ ਸਕਦੇ ਹਨ। ਟਰੰਪ ਵਰਗੇ ਮਕਾਰ ਵਿਅਕਤੀ ਵੱਲੋਂ ਮਸ਼ਹੂਰੀ ਖੱਟਣ ਵਿੱਚ ਅਮਰੀਕਾ ਦੇ ਪ੍ਰਚਾਰ-ਪ੍ਰਸਾਰ ਮਾਧਿਅਮਾਂ ਦਾ ਬਹੁਤ ਵੱਡਾ ਰੋਲ ਹੈ ਜਿਹੜੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦੇ ਹੋਏ ਲੋਕਾਂ ਨੂੰ ਵਿਆਪਕ ਪੱਧਰ 'ਤੇ ਗੁੰਮਰਾਹ ਕਰਨ ਵਿੱਚ ਸਮਰੱਥ ਹੋ ਨਿੱਬੜਦੇ ਹਨ।

ਦੁਨੀਆਂ ਭਰ ਦੇ ਕਿਸਾਨ ਕਾਰਪੋਰੇਟ ਅਦਾਰਿਆਂ ਦੀ ਮਾਰ ਹੇਠ

ਦੁਨੀਆਂ ਭਰ ਦੇ ਕਿਸਾਨ ਕਾਰਪੋਰੇਟ ਅਦਾਰਿਆਂ ਦੀ ਮਾਰ ਹੇਠ 
ਅਮਰੀਕਾ ਵਿੱਚ ਖੇਤੀ ਨਾਲ ਜੁੜੇ ਇੱਕ ਵਕੀਲ ਨੇ ਟਵੀਟ ਕੀਤਾ ਕਿ ''ਭਾਵੇਂ ਹੁਣ ਮੈਂ ਵਕਾਲਤ ਕਰ ਰਿਹਾ ਹਾਂ, ਪਰ ਮੇਰਾ ਦਿਮਾਗ ਡੇਅਰੀ ਫਾਰਮ ਅਤੇ ਹੋਰ ਪੇਂਡੂ ਸਮੱਸਿਆਵਾਂ ਨਾਲ ਅੱਟਿਆ ਪਿਆ ਹੈ। ਮੇਰੇ ਇਲਾਕੇ ਦੇ ਲੰਮੇ ਸਮੇਂ ਤੋਂ ਖੇਤੀ ਕਰਨ ਵਾਲੇ ਕਿਸਾਨ, ਆਪਣੀਆਂ ਜ਼ਮੀਨਾਂ ਵੇਚ ਕੇ ਗੁਜਾਰਾ ਕਰਨ ਵਿੱਚ ਲੱਗੇ ਹੋਏ ਹਨ। ਇਸ ਸਭ ਕੁੱਝ ਕਿੱਧਰ ਨੂੰ ਜਾਵੇਗਾ? ਮੈਨੂੰ ਨਹੀਂ ਪਤਾ।'' 
ਜੇਕਰ ਅਮਰੀਕਾ ਵਰਗੇ ਦੇਸ਼ ਵਿੱਚ ਕਿਸਾਨੀ ਦੀ ਇਹ ਦਸ਼ਾ ਬਣੀ ਹੋਈ ਹੈ ਤਾਂ ਹਿੰਦੋਸਤਾਨ ਵਰਗੇ ਹੋਰਨਾਂ ਪਛੜੇ ਦੇਸ਼ਾਂ ਵਿੱਚ ਕਿਸਾਨੀ ਦੀ ਕੀ ਦੁਰਦਸ਼ਾ ਹੋਈ ਪਈ ਹੋਵੇਗੀ? ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅਜਿਹੇ ਮਾਮਲਿਆਂ 'ਤੇ ਗਹਿਗੱਚ ਵਿਚਾਰ-ਚਰਚਾ ਕਰਨੀ ਸਭਨਾਂ ਹੀ ਲੋਕ ਹਿੱਤੂ ਧਿਰਾਂ ਲਈ ਅਤਿ ਜ਼ਰੂਰੀ ਬਣ ਜਾਂਦੀ ਹੈ। ਹਿੰਦੋਸਤਾਨ ਵਰਗੇ ਦੇਸ਼ ਵਿੱਚ ਜਿੱਥੇ ਕਿਸਾਨਾਂ ਕੋਲ ਪ੍ਰਤੀ ਪਰਿਵਾਰ ਜ਼ਮੀਨ ਘੱਟ ਹੈ, ਉੱਥੇ ਤਾਂ ਕਿਸੇ ਨੂੰ ਇਹ ਲੱਗ ਸਕਦਾ ਹੈ ਕਿ ਇੱਥੇ ਛੋਟੀ ਖੇਤੀ ਘਾਟੇ ਦਾ ਸੌਦਾ ਹੈ, ਪਰ ਅਮਰੀਕਾ ਵਰਗੇ ਦੇਸ਼ ਵਿੱਚ ਜਿੱਥੇ ਪ੍ਰਤੀ ਕਿਸਾਨ ਪਰਿਵਾਰ ਜ਼ਮੀਨ ਦੀ ਮਾਲਕੀ 444 ਕਿੱਲੇ ਹੈ, ਉੱਥੋਂ ਦਾ ਕਿਸਾਨ ਘਾਟੇਵੰਦੀ ਹਾਲਤ ਤੋਂ ਅੱਗੇ ਕਰਜ਼ਈ ਬਣਿਆ ਹੋਵੇਗਾ ਇਹ ਭਾਰਤ ਵਿੱਚ ਬੈਠੇ ਆਮ ਬੰਦੇ ਲਈ ਸਮਝ ਤੋਂ ਪਰ੍ਹੇ ਦਾ ਮਾਮਲਾ ਜਾਪਦਾ ਹੈ। ਆਸਟਰੇਲੀਆ ਵਿੱਚ ਪ੍ਰਤੀ ਕਿਸਾਨ ਪਰਿਵਾਰ ਜ਼ਮੀਨ ਮਾਲਕੀ 10 ਹਜ਼ਾਰ ਕਿੱਲੇ ਤੋਂ ਉੱਪਰ (4331 ਹੈਕਟੇਅਰ) ਹੈ। ਪਰ ਇੱਥੇ ਵੀ ਆਮ ਕਿਸਾਨੀ ਘਾਟੇ ਵਿੱਚ ਜਾ ਰਹੀ ਹੈ। ਅਮਰੀਕਾ ਅਤੇ ਆਸਟਰੇਲੀਆ ਆਦਿ ਦੇਸ਼ਾਂ ਵਿੱਚ ਕਿਸਾਨੀ ਘਾਟੇ ਵਿੱਚ ਕਿਉਂ ਜਾਂਦੀ ਹੈ ਅਤੇ ਕਿਸਾਨ ਖੇਤੀਬਾੜੀ ਦਾ ਧੰਦਾ ਕਿਉਂ ਤਿਆਗ ਰਹੇ ਹਨ, ਇਹ ਗੱਲ ਆਮ ਬੰਦੇ ਦੇ ਸਮਝ ਵਿੱਚ ਆਉਣ ਵਾਲੀ ਨਹੀਂ ਜਾਪਦੀ। ਭਾਰਤ ਸਮੇਤ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਆਮ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਵਾਜਬ ਭਾਅ ਨਹੀਂ ਦਿੱਤੇ ਜਾਂਦੇ- ਉਹਨਾਂ ਨੂੰ ਉਹਨਾਂ ਦੀ ਕਮਾਈ ਤੋਂ ਵਾਂਝਾ ਰੱਖਿਆ ਜਾਂਦਾ ਹੈ। ਇਸ ਕਰਕੇ ਉਹ ਮੰਦਹਾਲੀ ਦੀ ਮਾਰ ਹੇਠ ਆਉਂਦੇ ਹਨ। 
ਅਮਰੀਕਾ ਵਿੱਚ ਆਮ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਧੱਕਿਆ ਜਾ ਰਿਹਾ ਹੈ। ਅਮਰੀਕਾ ਦੇ ਖੇਤੀ ਸਕੱਤਰ ਸੋਨੀ ਪਰਡਿਊ ਨੂੰ ਤਸਲੀਮ ਕਰਨਾ ਪਿਆ ਹੈ ਕਿ ''ਅਮਰੀਕਾ ਵਿੱਚ ਵੱਡੇ ਵਧਦੇ-ਫੁੱਲਦੇ ਜਾ ਰਹੇ ਹਨ ਜਦੋਂ ਕਿ ਛੋਟੇ ਸੁੰਗੜਦੇ ਜਾ ਰਹੇ ਹਨ।'' ਸੋਨੀ ਪਰਡਿਊ ਦੀ ਇਹ ਧਾਰਨਾ ਨਿਕਸਨ ਅਤੇ ਫੋਰਡ ਦੇ ਸਮਿਆਂ ਵਿੱਚ ਖੇਤੀ ਸਕੱਤਰ ਇਰਲ ਬੁੱਜ ਦੀ ਸੋਚ ਨਾਲ ਜਾ ਮਿਲਦੀ ਹੈ, ਜਿਸ ਨੇ ਆਖਿਆ ਸੀ, ''ਵੱਡੇ ਬਣੋ ਜਾਂ ਮਾਰੇ ਜਾਓ।'' ਦੁਨੀਆਂ ਭਰ ਵਿੱਚ ਲੋਕਾਂ ਦੇ ਅੰਨਦਾਤਿਆਂ ਨੂੰ ਘੱਟ ਕੀਮਤਾਂ ਦੇ ਕੇ ਖੂੰਜੇ ਲਾਇਆ ਜਾ ਰਿਹਾ ਹੈ। ਕਿਸਾਨੀ ਦਾ ਜੀਣਾ ਦੁਸ਼ਵਾਰ ਹੋਇਆ ਪਿਆ ਹੈ ਤੇ ਉਹ ਖੇਤੀ ਛੱਡ ਕੇ ਵਪਾਰ-ਕਾਰੋਬਾਰਾਂ ਵਿੱਚ ਵਗਾਰਾਂ ਕਰਨ ਲਈ ਧੱਕੀ ਗਈ ਹੈ। ਕਿਸਾਨੀ ਦਾ ਕੋਈ ਭਵਿੱਖ ਨਾ ਹੋਣ ਕਰਕੇ ਉਹ ਘੋਰ ਨਿਰਾਸ਼ਾ ਵਿੱਚ ਹੈ। 
ਅਮੀਰਾਂ ਨੂੰ ਹੋਰ ਅਮੀਰ ਕਰਨ ਦੀ ਨੀਤੀ ਦੁਨੀਆਂ ਭਰ ਦੇ ਕਿਸਾਨਾਂ 'ਤੇ ਮੜ੍ਹ ਕੇ ਕਾਰਪੋਰੇਟ ਵੱਡੇ ਅਦਾਰਿਆਂ ਨੂੰ ਮਾਲਾਮਾਲ ਕੀਤਾ ਜਾ ਰਿਹਾ ਹੈ। ਵਿਸ਼ਵ ਵਪਾਰ ਸੰਸਥਾ (ਡਬਲਿਊ.ਟੀ.ਓ.) ਅਤੇ ਖੇਤਰੀ ਸਹਿਯੋਗ (ਕੰਪਰੀਹੈਂਸਿਵ) ਆਰਥਿਕ ਹਿੱਸੇਦਾਰੀ (ਆਰ.ਸੀ.ਈ.ਪੀ.) ਸੰਧੀ ਰਾਹੀਂ ਅਜਿਹੀਆਂ ਨੀਤੀਆਂ ਘੜੀਆਂ ਅਤੇ ਮੜ੍ਹੀਆਂ ਜਾ ਰਹੀਆਂ ਹਨ, ਜਿਹਨਾਂ ਰਾਹੀਂ ਵੱਡੇ ਖੇਤੀ ਦੈਂਤ ਆਮ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਦਨਦਨਾਉਂਦੇ ਫਿਰਨਗੇ। ਖੇਤੀ ਮੰਡੀ ਵਿੱਚ ਅਜਿਹੇ ਖੇਤੀ ਦੈਂਤਾਂ ਨੂੰ ਮੁਕਾਬਲੇਬਾਜ਼ੀ ਦੀਆਂ ਖੁੱਲ੍ਹਾਂ ਦਿੱਤੀਆਂ ਜਾਣਗੀਆਂ। ਸਸਤੀਆਂ ਖੇਤੀ ਵਸਤਾਂ ਵਿੱਚ ਮੁਕਾਬਲੇਬਾਜ਼ੀ ਦੇ ਨਾਂ ਹੇਠ ਵੱਡੇ ਮਗਰਮੱਛਾਂ ਨੂੰ ਮੰਡੀ ਵਿੱਚ ਉਤਾਰਿਆ ਜਾਵੇਗਾ ਜਿੱਥੇ ਉਹ ਪਹਿਲਾਂ ਆਪਣਾ ਸਸਤਾ ਖੇਤੀ ਉਤਪਾਦ ਮੰਡੀਆਂ ਵਿੱਚ ਸੁੱਟ ਕੇ ਛੋਟੇ ਕਾਰੋਬਾਰੀਆਂ ਤੇ ਕਿਸਾਨਾਂ ਨੂੰ ਹੜੱਪ ਜਾਣਗੇ ਤੇ ਫੇਰ ਆਪਣੀਆਂ ਵਸਤਾਂ ਦੇ ਮਨਮਾਨੀ ਦੇ ਭਾਅ ਲਾ ਕੇ ਖਪਤਕਾਰਾਂ ਨੂੰ ਲੁੱਟਣਗੇ। ਖੇਤੀ ਪੈਦਾਵਾਰ ਰਾਹੀਂ ਦੁਨੀਆਂ ਦੇ ਕਰੋੜਾਂ ਕਿਸਾਨ ਪਰਿਵਾਰਾਂ ਨੂੰ ਖੇਤੀਬਾੜੀ ਅਤੇ ਖੇਤੀ ਕਾਰੋਬਾਰ ਵਿੱਚੋਂ ਬਾਹਰ ਧੱਕ ਕੇ ਖੁਦਕੁਸ਼ੀਆਂ ਕਰਨ ਦੀ ਹਾਲਤ ਵਿੱਚ ਧੱਕ ਦਿੱਤਾ ਜਾਵੇਗਾ। 
ਵੱਡੇ ਪੈਮਾਨੇ 'ਤੇ ਜਿਹੜੀ ਖੇਤੀ ਪੈਦਾਵਾਰ ਕਰਕੇ ਸਭ ਕੁੱਝ ਆਪਣੇ ਕਬਜ਼ੇ ਵਿੱਚ ਕਰਨ ਦੀ ਅਜਾਰੇਦਾਰੀ ਕੀਤੀ ਜਾਂਦੀ ਹੈ, ਉਸਦੀਆਂ ਕੁੱਝ ਕੁ ਉਦਾਹਰਨਾਂ ਚੀਨ ਤੇ ਆਸਟਰੇਲੀਆ ਵਿੱਚ ਵਿਖਾਈ ਦਿੱਤੀਆਂ ਹਨ। ਚੀਨ ਵਿੱਚ ਸਭ ਤੋਂ ਵੱਡਾ ਖੇਤੀ ਦਾ ਫਾਰਮ 2 ਕਰੋੜ 25 ਲੱਖ ਕਿੱਲੇ ਵਿੱਚ ਫੈਲਿਆ ਹੋਇਆ ਹੈ, ਜਿੱਥੇ 1 ਲੱਖ ਗਊਆਂ ਪਾਲ਼ੀਆਂ ਜਾਣੀਆਂ ਹਨ। ਦੂਸਰਾ ਵੱਡਾ ਖੇਤੀ ਫਾਰਮ ਵੀ ਚੀਨ ਵਿੱਚ ਹੀ ਬਣਾਇਆ ਜਾ ਰਿਹਾ ਹੈ, ਜਿਹੜਾ 1 ਕਰੋੜ 10 ਲੱਖ ਏਕੜ ਵਿੱਚ ਫੈਲਿਆ ਹੋਇਆ ਹੈ। ਇਹਨਾਂ ਤੋਂ ਪਿੱਛੋਂ ਦੇ 8 ਵੱਡੇ ਖੇਤੀ ਫਾਰਮ ਆਸਟਰੇਲੀਆ ਵਿੱਚ ਬਣਾਏ ਜਾ ਰਹੇ ਹਨ। ਆਰ.ਸੀ.ਈ.ਪੀ. ਰਾਹੀਂ ਅਜਿਹੇ ਹੀ ਵੱਡੇ ਫਾਰਮ ਭਾਰਤ ਵਿੱਚ ਕਾਇਮ ਕਰਨ ਦੇ ਮਨਸੂਬੇ ਪਾਲੇ ਜਾ ਰਹੇ ਹਨ, ਜਿੱਥੇ ਆਸਟਰੇਲੀਆ, ਨਿਊਜ਼ੀਲੈਂਡ ਅਤੇ ਚੀਨ ਤੋਂ ਸਸਤੇ ਦੁੱਧ ਪਦਾਰਥ (ਖੋਆ, ਦਹੀਂ, ਪਨੀਰ, ਮੱਖਣ ਤੇ ਘਿਓ ਆਦਿ) ਲਿਜਾ ਕੇ ਇੱਥੋਂ ਦੇ ਡੇਅਰੀ ਫਾਰਮ ਕਿੱਤੇ ਨਾਲ ਜੁੜੇ ਇੱਕ ਕਰੋੜ ਲੋਕਾਂ ਨੂੰ ਇਸ ਵਿੱਚੋਂ ਬਾਹਰ ਕੱਢ ਮਾਰਿਆ ਜਾਣਾ ਹੈ। ਪਰ ਭਾਰਤ ਵਿੱਚ ਪਹਿਲਾਂ ਤੋਂ ਫੁੱਟ ਰਹੇ ਕਿਸਾਨੀ ਰੋਹ-ਵਿਦਰੋਹ ਤੋਂ ਤ੍ਰਹਿੰਦੇ ਇੱਥੋਂ ਦੇ ਹਾਕਮਾਂ ਨੇ ਆਰ.ਸੀ.ਈ.ਪੀ. ਵਿੱਚ ਦਾਖਲ ਹੋਣ ਤੋਂ ਫਿਲਹਾਲ ਟਾਲਾ ਵੱਟਿਆ ਹੈ। 
ਅਮਰੀਕਾ ਦੀ ਆਮ ਕਿਸਾਨੀ ਦਾ ਸੰਕਟ ਭਾਰਤ ਦੇ ਕਿਸਾਨ ਸੰਕਟ ਨਾਲੋਂ ਵੀ ਕਿਤੇ ਵਧੇਰੇ ਗੰਭੀਰ ਹੈ। 'ਦੀ ਟ੍ਰਿਬਿਊਨ' 30 ਨਵੰਬਰ 2019 ਦੀ ਅਖਬਾਰ ਮੁਤਾਬਕ ਅੱਧੇ ਭਾਰਤ (17 ਸੂਬਿਆਂ) ਵਿੱਚ ਕਿਸਾਨਾਂ ਦੀ ਪ੍ਰਤੀ ਪਰਿਵਾਰ ਆਮਦਨ 20 ਹਜ਼ਾਰ ਰੁਪਏ ਹੈ, ਜਦੋਂ ਕਿ ਅਮਰੀਕਾ ਵਿੱਚ ਅੱਧੇ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਦੀ ਆਮਦਨ ਘਾਟੇ ਵੰਦੀ ਹਾਲਤ ਵਿੱਚ ਗਈ ਹੋਈ ਹੈ। ਅਮਰੀਕਾ ਦਾ ਕਿਸਾਨ ਨਿਰੋਲ ਸਰਕਾਰੀ ਸਬਸਿਡੀ 'ਤੇ ਦਿਨ ਕਟੀ ਕਰ ਰਿਹਾ ਹੈ। ਅਮਰੀਕਾ ਵਿੱਚ 91 ਫੀਸਦੀ ਕਿਸਾਨ ਤੇ ਖੇਤੀ ਕਾਮੇ ਸੰਕਟ ਮੂੰਹ ਆਏ ਹੋਏ ਹਨ। 87 ਫੀਸਦੀ ਕਿਸਾਨਾਂ ਨੂੰ ਲੱਗਦਾ ਹੈ ਕਿ ਜੋ ਹਾਲਤ ਬਣੀ ਪਈ ਹੈ, ਉਸਦੀ ਵਜਾਹ ਕਰਕੇ ਖੇਤੀ ਛੱਡਣੀ ਪਵੇਗੀ। 2019 ਵਿੱਚ ਅਮਰੀਕਾ ਵਿੱਚ ਕਿਸਾਨੀ ਦਾ ਖੇਤੀ ਕਰਜ਼ਾ 416 ਅਰਬ ਡਾਲਰ ਦਾ ਸੀ ਜੋ 1980 ਤੋਂ ਲੈ ਕੇ ਹੁਣ ਤੱਕ ਦੇ ਸਭਨਾਂ ਸਮਿਆਂ ਨਾਲੋਂ ਵਧੇਰੇ ਹੈ। ਆਮ ਅਮਰੀਕੀ ਲੋਕਾਂ ਵਿੱਚ ਮਹਿੰਗਾਈ ਦੀ ਮਾਰ ਨੂੰ ਘਟਾਉਣ ਲਈ ਖੇਤੀ ਪੈਦਾਵਾਰੀ ਵਸਤਾਂ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਅਮਰੀਕਾ ਵਿੱਚ ਕਿਸਾਨਾਂ ਵੱਲੋਂ ਪੈਦਾ ਕੀਤੇ ਪਿਆਜ਼ ਦੀ ਕੀਮਤ 30 ਸਾਲ ਪਹਿਲਾਂ ਵਾਲੀ ਹੈ ਅਤੇ ਅਨਾਜ ਦੇ ਭਾਅ 50 ਸਾਲ ਪਹਿਲਾਂ ਵਾਲੇ ਹਨ। 
ਵੱਖ ਵੱਖ ਸੰਸਥਾਵਾਂ ਅਨੁਸਾਰ ਭਾਰਤ ਵਿੱਚ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਮਦਨ 2000-01 ਤੋਂ 2016-17 ਦੇ ਡੇਢ ਦਹਾਕੇ ਦੌਰਾਨ 14 ਫੀਸਦੀ ਸਾਲਾਨਾ ਦੀ ਦਰ ਨਾਲ ਘਟੀ ਹੈ। ਜਿਸ  ਨਾਲ ਖਪਤਕਾਰਾਂ ਨੂੰ 25 ਫੀਸਦੀ  ਦਾ ਲਾਹਾ ਹੋਇਆ ਹੈ। ਇਸਦਾ ਸਾਰ ਤੱਤ ਇਹ ਹੈ ਕਿ ਖਪਤਕਾਰਾਂ ਲਈ ਹੋਈ ਮਹਿੰਗਾਈ ਦਾ ਬੋਝ ਕਿਸਾਨਾਂ ਸਿਰ ਸੁੱਟਿਆ ਗਿਆ ਹੈ। ਖੇਤੀ ਵਸਤਾਂ ਦੀਆਂ ਘਟਦੀਆਂ ਕੀਮਤਾਂ ਆਮ ਖਪਤਕਾਰਾਂ ਨੂੰ ਮਹਿੰਗਾਈ ਦਾ ਘੱਟ ਅਹਿਸਾਸ ਹੋਣ ਦਿੰਦੀਆਂ ਹਨ ਜਦੋਂ ਕਿ ਗੈਰ-ਖੇਤੀ ਵਸਤਾਂ ਦੀਆਂ ਕੀਮਤਾਂ ਕਈ ਕਈ ਗੁਣਾਂ ਵਧ ਗਈਆਂ ਹਨ। 
ਅਮਰੀਕਾ ਵਰਗੇ ਦੇਸ਼ਾਂ ਦੇ ਹਾਕਮਾਂ ਨੇ ਆਪਣੇ ਦੇਸ਼ ਦੀ ਕਿਸਾਨੀ ਨੂੰ ਖੇਤੀ ਪੈਦਾਵਾਰ ਵਿੱਚ ਲਾਈ ਰੱਖਣ ਲਈ ਭਾਰੀ ਸਬਸਿਡੀਆਂ ਦਿੱਤੀਆਂ ਹੋਈਆਂ ਹਨ, ਜਦੋਂ ਕਿ ਭਾਰਤ ਵਰਗੇ ਪਛੜੇ ਦੇਸ਼ਾਂ ਦੇ ਕਿਸਾਨਾਂ ਤੋਂ ਨਾਮੋ-ਨਿਹਾਦ ਸਬਸਿਡੀਆਂ ਵੀ ਖੋਹ ਕੇ ਉਹਨਾਂ ਨੂੰ ਕਰਜ਼ੇ, ਕੰਗਾਲੀ-ਮੰਦਹਾਲੀ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ, ਜਿੱਥੋਂ ਨਿਕਲਣ ਲਈ ਉਹ ਜਿੰਨਾ ਵਧੇਰੇ ਜ਼ੋਰ ਲਾਉਂਦੇ ਹਨ, ਓਨਾ ਵਧੇਰੇ ਤੇਜੀ ਨਾਲ ਉਹ ਹੇਠਾਂ ਹੀ ਹੇਠਾਂ ਗਰਕਦੇ ਜਾ ਰਹੇ ਹਨ। ਅਮਰੀਕਾ ਵਰਗੇ ਦੇਸ਼ ਵਿੱਚ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ 45 ਫੀਸਦੀ ਵਧੇਰੇ ਖੁਦਕੁਸ਼ੀਆਂ ਹੋ ਰਹੀਆਂ ਹਨ। 
ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਵਿੱਚ ਜਿੱਥੇ ਲੱਖਾਂ ਹੀ ਕਿਸਾਨ ਕਰਜ਼ਿਆਂ ਕਾਰਨ ਖੁੱਸ ਰਹੀ ਜ਼ਮੀਨ ਦੀ ਵਜਾਹ ਕਰਕੇ ਖੁਦਕੁਸ਼ੀਆਂ ਰਾਹੀਂ ਅਣਆਈ ਮੌਤ ਦੇ ਮੂੰਹ ਧੱਕੇ ਗਏ ਹਨ, ਉੱਥੇ ਲੋੜ ਤਾਂ ਇਸ ਗੱਲ ਦੀ ਬਣਦੀ ਹੈ ਕਿ ਜ਼ਮੀਨ ਦੀ ਕਾਣੀ ਵੰਡ ਖਤਮ ਕਰਕੇ ਖੇਤੀ ਕਰਨ ਲਈ ਚਾਹਵਾਨ ਕਿਰਤੀ-ਕਮਾਊ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਜਾਣ, ਖੇਤੀ ਦੀਆਂ ਲਾਗਤ ਵਸਤਾਂ ਘਟਾਈਆਂ ਜਾਣ, ਸਸਤੇ ਖੇਤੀ ਕਰਜ਼ੇ ਮੁਹੱਈਆ ਕੀਤੇ ਜਾਣ, ਵੱਡੇ ਦਲਾਲ ਸਨਅੱਤੀ ਅਤੇ ਜਾਗੀਰੂ ਘਰਾਣਿਆਂ 'ਤੇ ਟੈਕਸ ਲਾ ਕੇ ਛੋਟੀ ਖੇਤੀ ਕਰਨ ਵਾਲਿਆਂ ਨੂੰ ਸਬਸਿਡੀਆਂ ਦਿੱਤੀਆਂ ਜਾਣ ਪਰ ਭਾਰਤ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਹਾਕਮ ਜਮਾਤੀ ਆਗੂ ਸਾਮਰਾਜੀਆਂ ਦੇ ਹਿੱਤਾਂ ਦੀ ਪੂਰਤੀ ਲਈ ਤਰ੍ਹਾਂ ਤਰ੍ਹਾਂ ਦੀਆਂ ਨੀਤੀਆਂ ਘੜ ਰਹੇ ਹਨ। ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਦੀਆਂ ਕਾਰਪੋਰੇਟ ਨੀਤੀਆਂ ਦੇ ਖਿਲਾਫ ਭਾਰਤ ਸਮੇਤ ਪਛੜੇ ਦੇਸ਼ਾਂ ਦੇ ਕਿਸਾਨ ਹੀ ਸੰਘਰਸ਼ ਦੇ ਮੈਦਾਨ ਵਿੱਚ ਨਹੀਂ ਡਟੇ ਹੋਏ ਬਲਕਿ ਜਰਮਨੀ, ਹਾਲੈਂਡ, ਕੈਨੇਡਾ ਅਤੇ ਅਮਰੀਕਾ ਦੇ ਆਮ ਕਿਸਾਨ ਵੀ ਸੰਘਰਸ਼ਾਂ ਦੇ ਮੈਦਾਨ ਵਿੱਚ ਆ ਰਹੇ ਹਨ।

ਮਨਜੀਤ ਧਨੇਰ ਦੀ ਗੋਡੇਟੇਕੂ ਰਿਹਾਈ

ਮਨਜੀਤ ਧਨੇਰ ਦੀ ਗੋਡੇਟੇਕੂ ਰਿਹਾਈ
ਆਖਿਰ ਮਨਜੀਤ ਧਨੇਰ ਦੀ ਜੇਲ੍ਹ 'ਚੋਂ ਰਿਹਾਈ ਹੋ ਹੀ ਗਈ। ਉਸ ਨੂੰ ਜੇਲ੍ਹ ਵਿੱਚ ਡੱਕੀਂ ਰੱਖਣ ਦੇ ਸਰਕਾਰੀ ਬਹਾਨੇ ਇਸ ਤੋਂ ਵੱਧ ਨਹੀਂ ਚੱਲ ਸਕੇ। ਮਨਜੀਤ ਧਨੇਰ ਨੂੰ ਕਤਲ ਦੇ ਕੇਸ ਵਿੱਚ ਝੂਠਾ ਅਤੇ ਨਜਾਇਜ਼ ਫਸਾਇਆ ਗਿਆ ਸੀ। ਇਸਦੇ ਨਾਲ ਦੇ ਸਾਥੀ ਕਾਫੀ ਦੇਰ ਪਹਿਲਾਂ ਰਿਹਾਅ ਹੋ ਚੁੱਕੇ ਸਨ ਪਰ ਇਸਦਾ ਕੇਸ ਫਸਦਾ ਫਸਦਾ ਹੇਠਲੀਆਂ ਅਦਾਲਤਾਂ ਤੋਂ ਹੋਈਕਾਰਟ ਤੇ ਫੇਰ ਅਗਾਂਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਤੇ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਇਸਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਤੇ 30 ਨਵੰਬਰ ਤੱਕ ਮਨਜੀਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਫੁਰਮਾਨ ਚਾੜ੍ਹ ਦਿੱਤੇ। 
ਕਿਉਂਕਿ ਮਨਜੀਤ ਧਨੇਰ ਨੂੰ ਦਿੱਤੀ ਸਜ਼ਾ ਉੱਕਾ ਹੀ ਨਜਾਇਜ਼ ਸੀ, ਇਸ ਕਰਕੇ ਸਰਕਾਰੀ ਫਰੁਮਾਨਾਂ ਦੇ ਖਿਲਾਫ ਲੋਕਾਂ ਵਿੱਚ ਰੋਸ ਅਤੇ ਰੋਹ ਦਾ ਪੈਦਾ ਹੋਣਾ ਕੁਦਰਤੀ ਸੀ ਤੇ ਇਹ ਪੈਦਾ ਹੋਇਆ ਵੀ। ਮਨਜੀਤ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕਾਂ ਵੱਲੋਂ ਅਣਮਿਥੇ ਸਮੇਂ ਦੇ ਧਰਨੇ ਲਾ ਕੇ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਅਤੇ ਜਦੋਂ ਇਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤਾਂ ਬਾਅਦ ਵਿੱਚ ਵੀ ਆਮ ਲੋਕਾਂ ਵੱਲੋਂ ਮਨਜੀਤ ਦੀ ਰਿਹਾਈ ਲਈ ਦਿੱਤੇ ਧਰਨਿਆਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਂਦੀ ਰਹੀ। 
ਮਨਜੀਤ ਧਨੇਰ ਦੀ ਰਿਹਾਈ ਸਬੰਧੀ ਦਿੱਤੇ ਧਰਨਿਆਂ ਵਿੱਚ ਲੋਕਾਂ ਦੀ ਸ਼ਮੂਲੀਅਤ ਸਿਰਫ ਇਸ ਵਜਾਹ ਕਰਕੇ ਹੀ ਨਹੀਂ ਹੋਈ ਕਿ ਉਸ ਨੂੰ ਕਿਸ ਕੇਸ ਵਿੱਚ ਕਿਉਂ ਤੇ ਕਿਵੇਂ ਫਸਾਇਆ ਗਿਆ ਜਾਂ ਫੇਰ ਉਸ ਵੱਲੋਂ ਅਤੇ ਉਸਦੀ ਰਿਹਾਈ ਲਈ ਪੈਰਵਾਈ ਕਰ ਰਹੀਆਂ ਪ੍ਰਮੁੱਖ ਧਿਰਾਂ ਵੱਲੋਂ ਕਿਹੋ ਜਿਹੀ ਕਾਨੂੰਨੀ ਚਾਰਾਜੋਈ ਕੀਤੀ ਜਾਂ ਮਿੰਨਤਾਂ ਕੀਤੀਆਂ ਗਈਆਂ। ਬਲਕਿ ਲੋਕਾਂ ਨੇ ਮਨਜੀਤ ਦੀ ਰਿਹਾਈ ਲਈ ਆਪਮੁਹਾਰੇ ਤੌਰ 'ਤੇ ਇਹ ਪ੍ਰਭਾਵ ਲੈ ਕੇ ਸ਼ਮੂਲੀਅਤ ਕੀਤੀ ਕਿ ਲੋਕਾਂ ਦੀਆਂ ਧੀਆਂ-ਭੈਣਾਂ ਦੀ ਰਾਖੀ ਕਰਨ ਵਾਲੇ ਇੱਕ ਵਿਅਕਤੀ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਧੱਕੇਸ਼ਾਹੀ ਤੇ ਸੀਨਾਜੋਰੀ ਕੀਤੀ ਜਾ ਰਹੀ ਹੈ। ਇਸ ਕਰਕੇ ਆਮ ਮਜ਼ਦੂਰਾਂ, ਕਿਸਾਨਾਂ ਤੋਂ ਲੈ ਕੇ ਵਿਦਿਆਰਥੀਆਂ-ਨੌਜਵਾਨਾਂ ਤੇ ਜਮਹੂਰੀ, ਮੁਲਾਜ਼ਮ ਜਥੇਬੰਦੀਆਂ, ਤਰਕਸ਼ੀਲ ਧਿਰਾਂ ਇਨਸਾਫ ਪਸੰਦ ਜਥੇਬੰਦੀਆਂ,  ਔਰਤਾਂ,  ਨੌਜਵਾਨ ਲੜਕੀਆਂ ਤੋਂ ਲੈ ਕੇ ਬਜ਼ੁਰਗ ਅਵਸਥਾ ਵਿੱਚ ਪਹੁੰਚੀਆਂ ਔਰਤਾਂ ਨੇ ਭਰਵੀਂ ਤੇ ਰੋਹਲੀ ਸ਼ਮੂਲੀਅਤ ਕੀਤੀ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਲੋਕਾਂ ਵਿੱਚ ਟੁੰਬਵੇਂ ਬੋਲਾਂ ਅਤੇ ਜਜ਼ਬਾਤੀ ਅੰਦਾਜ਼ ਵਿੱਚ ਕੀਤੀਆਂ ਤਕਰੀਰਾਂ ਦਾ ਜ਼ਾਹਰਾ ਅਸਰ ਰੋਜ਼ ਰੋਜ਼ ਹੁੰਦਾ ਵਿਖਾਈ ਦਿੱਤਾ। 
ਮਨਜੀਤ ਦੀ ਰਿਹਾਈ ਉਪਰੰਤ ਭਾਵੇਂ ਉਸਨੂੰ ਉਸੇ ਹੀ ਰਾਤ ਉਸਦੇ ਘਰ ਪਹੁੰਚਾਇਆ ਜਾ ਸਕਦਾ ਸੀ, ਪਰ ਉਸਦੀ ਰਿਹਾਈ ਲਈ ਪੈਰਵਾਈ ਕਰਦੀਆਂ ਭਾਰੂ ਧਿਰਾਂ ਨੇ ਇਸ ਰਿਹਾਈ ਨੂੰ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਵਜੋਂ ਉਚਿਆਉਂਦੇ ਹੋਏ ਇਸ ਨੂੰ ਜਸ਼ਨਾਂ ਵਿੱਚ ਪ੍ਰਗਟਾਉਣ ਦੇ ਮਨਸ਼ੇ ਤਹਿਤ ਅਗਲੇ ਦਿਨ ਵੱਡਾ ਇਕੱਠਾ ਕਰਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਰਾਹਾਂ ਵਿੱਚ ਭੰਗੜੇ ਤੇ ਗਿੱਧੇ ਪਾਉਂਦੇ ਹੋਏ ਢੋਲ-ਵਾਜਿਆਂ ਦੀ ਤਾਲ 'ਤੇ ਝੂਮਦੇ ਹੋਏ ਮਨਜੀਤ ਨੂੰ ਉਸਦੇ ਘਰ ਪਹੁੰਚਾਉਣ ਦਾ ਪ੍ਰਪੰਚ ਰਚਿਆ। ਲੋਕਾਂ ਵਿੱਚ ਇਹ ਧਾਰਨਾ ਸਿਰਜਣ ਲਈ ਸਿਰੇ ਦਾ ਟਿੱਲ ਲਾਇਆ ਗਿਆ ਕਿ ਜਿਵੇਂ ਕਾਫਲੇ ਬੰਨ੍ਹ ਕੇ ਮਨਜੀਤ ਨੂੰ ਜੇਲ੍ਹ ਭੇਜਿਆ ਗਿਆ ਸੀ, ਉਸੇ ਤਰ੍ਹਾਂ ਦੇ ਕਾਫਲੇ ਵੱਲੋਂ 'ਲੋਕ ਤਾਕਤ' ਦੇ ਜ਼ਰੀਏ ਰਿਹਾਅ ਕਰਵਾਇਆ ਗਿਆ ਹੈ। ਇਹ ਇਸ ਜਮਹੂਰੀ ਨਿਜ਼ਾਮ ਵਿੱਚ ਲੋਕ ਤਾਕਤ ਦੀ ਵੱਡੀ ਜਿੱਤ ਹੈ ਤੇ ਲੋਕ ਇਸ ਪ੍ਰਬੰਧ ਵਿੱਚ ਸਿਰਫ ਜਨਤਕ ਲਾਮਬੰਦੀ ਕਰਕੇ ਹੀ ਸਭ ਤਰ੍ਹਾਂ ਦੇ ਮਸਲੇ ਹੱਲ ਕਰ ਸਕਦੀ ਹੈ ਤੇ ਇੱਥੋਂ ਦੀਆਂ ਹਕੂਮਤਾਂ ਲੋਕਾਂ ਨੂੰ ਸਭ ਤਰ੍ਹਾਂ ਦੇ ਜਮਹੂਰੀ ਹੱਕ ਮਾਨਣ ਦੇ ਮੌਕੇ ਦਿੰਦੀਆਂ ਹਨ ਅਤੇ ਲੋਕਾਂ ਦੀ ਇਹ 'ਤਾਕਤ' ਦਾ ਦਬਾਅ ਇੱਥੋਂ ਦੀਆਂ ਹਕੂਮਤਾਂ ਤੇ ਰਾਜ ਸਵਿਕਾਰਦੇ ਹਨ। ਇੱਥੇ ਦੀ ਹਕੂਮਤ ਹੱਕ ਮੰਗਦੇ ਲੋਕਾਂ 'ਤੇ ਕੋਈ ਧੱਕਾ ਨਹੀਂ ਕਰਦੀ ਬਲਕਿ ਜੇਲ੍ਹਾਂ ਅੱਗੇ ਵੀ ਧਰਨੇ ਦੇਣ ਦੇ ਮੌਕੇ ਦੇ ਕੇ ਜਮਹੂਰੀਅਤ ਦੀ ਝੰਡਾਬਰਦਾਰ ਬਣਦੀ ਹੈ, ਬੱਸ ਇਸ ਲਈ ਜੇਕਰ ਕੋਈ ਲੋੜ ਬਾਕੀ ਹੈ ਤਾਂ ਉਹ ਇਹ ਹੈ ਕਿ ਅਜਿਹੀ 'ਲੋਕ ਤਾਕਤ' ਉਸਾਰੀ ਤੇ ਵਧਾਈ ਜਾਵੇ ਤਾਂ ਕਿ ਲੋਕਾਂ ਦੇ ਹੋਰ ਸਭਨਾਂ ਤਰ੍ਹਾਂ ਦੇ ਮਸਲਿਆਂ ਨੂੰ ਪੁਰ-ਅਮਨ, ਸ਼ਾਂਤਮਈ ਤਰੀਕੇ ਨਾਲ ਹੱਲ ਕੀਤਾ/ਕਰਵਾਇਆ ਜਾ ਸਕਦਾ ਹੈ। 
ਗੋਡੇ ਟੇਕ ਕੇ ਹੋਈ ਰਿਹਾਈ
ਮਨਜੀਤ ਧਨੇਰ ਦੀ ਰਿਹਾਈ ਲੋਕ ਤਾਕਤ ਦੇ ਜ਼ਰੀਏ ਨਹੀਂ ਬਲਕਿ ਸ਼ਰਮਨਾਕ ਸ਼ਰਤਾਂ ਤਹਿਤ ਰਾਜ-ਭਾਗ ਅੱਗੇ ਗੋਡੇ ਟੇਕ ਕੇ ਹੋਈ ਹੈ। ਮਨਜੀਤ ਧਨੇਰ ਦੀ ਰਿਹਾਈ ਸਬੰਧੀ ਚੱਲੀ ਲਾਮਬੰਦੀ ਬਾਰੇ ਭਾਵੇਂ ਅਸੀਂ ਸੁਰਖ਼ ਰੇਖਾ ਦੇ ਪਿਛਲੇ ਅੰਕ ਵਿੱਚ ਵੀ ਕਾਫੀ ਕੁੱਝ ਲਿਖ ਚੁੱਕੇ ਹਾਂ ਕਿ ਇਸ ਰਿਹਾਈ ਬਾਰੇ ਮਨਜੀਤ ਧਨੇਰ ਵੱਲੋਂ ਖੁਦ ਅਤੇ ਇਸਦੀ ਅਗਵਾਈ ਕਰਦੀਆਂ ਧਿਰਾਂ ਵੱਲੋਂ ਕਿਸ ਤਰ੍ਹਾਂ ਦੇ ਘ੍ਰਿਣਤ ਮੁਆਫੀਨਾਮੇ ਪੇਸ਼ ਕੀਤੇ ਜਾ ਰਹੇ ਹਨ। ਮਨਜੀਤ ਧਨੇਰ ਨੇ ਕਿਸੇ ਵੀ ਕਤਲ ਦੀ ਵਾਰਦਾਤ ਵਿੱਚ ਹਿੱਸਾ ਨਹੀਂ ਸੀ ਲਿਆ ਨਾ ਹੀ ਉਸਦਾ ਕੋਈ ਕਸੂਰ ਸੀ ਉਸ ਨੂੰ ਹੇਠਲੀਆਂ-ਉੱਪਰਲੀਆਂ ਅਦਾਲਤਾਂ ਵੱਲੋਂ ਨਜਾਇਜ਼ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਨੂੰ ਰੱਦ ਕਰਵਾਉਣ ਲਈ ਸਭਨਾਂ ਹੀ ਇਨਕਲਾਬੀ-ਜਮਹੂਰੀ ਧਿਰਾਂ/ਸ਼ਕਤੀਆਂ ਨੂੰ ਆਪਣੇ ਵਿੱਤ ਅਤੇ ਸਮਰੱਥਾ ਮੁਤਾਬਕ ਜ਼ੋਰ ਲਾਉਣਾ ਚਾਹੀਦਾ ਸੀ ਤੇ ਉਹਨਾਂ ਨੇ ਲਾਇਆ ਵੀ ਪਰ ਜਦੋਂ ਮਨਜੀਤ ਧਨੇਰ ਵੱਲੋਂ ਕੋਈ ਗਲਤੀ ਕੀਤੀ ਹੀ ਨਹੀਂ ਗਈ ਤਾਂ ਫੇਰ ਮਨਜੀਤ ਧਨੇਰ ਵੱਲੋਂ ਰਾਜ-ਭਾਗ ਦੇ ਕਰਤੇ-ਧਰਤਿਆਂ ਅੱਗੇ ਕਿਸੇ ਵੀ ਹੋਰ ਤਰ੍ਹਾਂ ਦੇ ਮਿੰਨਤਾਂ-ਤਰਲੇ ਨਹੀਂ ਸਨ ਕੱਢਣੇ ਚਾਹੀਦੇ। ਹੱਕ-ਸੱਚ ਦੀ ਖਾਤਰ ਸੂਲੀ ਵੀ ਚੜ੍ਹਨਾ ਪੈਂਦਾ ਤਾਂ ਉਹ ਚੜ੍ਹ ਜਾਂਦਾ ਪਰ ਬਿਨਾ ਹੀ ਕੁੱਝ ਵੀ ਗਲਤ ਕੀਤੇ ਤੋਂ ਮੁਆਫੀਨਾਮਾ ਦੇਣਾ ਕਿਵੇਂ ਵੀ ਜਾਇਜ਼ ਨਹੀਂ ਸੀ ਠਹਿਰਾਇਆ ਜਾ ਸਕਦਾ। ਮਨਜੀਤ ਧਨੇਰ ਨੇ ਹਕੂਮਤ ਤੋਂ ਮੁਆਫੀ ਮੰਗੀ ਹੈ- ਅੰਗਰੇਜ਼ੀ ਲਫਜ਼ ਪਾਰਡਨ ਲਿਖਿਆ ਹੈ, ਜਿਸਦਾ ਮਤਲਬ ਹੀ ਕੀਤੀ ਹੋਈ ਗਲਤੀ ਨੂੰ ਸਵਿਕਾਰਦੇ ਹੋਏ ਉਸ ਦਾ ਡੂੰਘਾ ਅਹਿਸਾਸ ਕਰਦੇ ਹੋਏ ਮੰਗੀ ਗਈ ਮੁਆਫੀ ਹੁੰਦਾ ਹੈ ਜਾਂ ਫੇਰ ਕੀਤੇ ਗਏ ਪਾਪਾਂ ਦੀ ਭੁੱਲ ਬਖਸ਼ਾਉਣ ਦੀ ਕੀਤੀ ਗਈ ਅਰਜੋਈ ਹੁੰਦਾ ਹੈ। ਉਸ ਮੁਆਫੀਨਾਮੇ ਵਿੱਚ ਮਨਜੀਤ ਨੇ ਨਾ ਸਿਰਫ ਰਾਜਭਾਗ ਅੱਗੇ ਤਰਲੇ ਕੱਢੇ ਹਨ ਬਲਕਿ ਆਪਣੀਆਂ ਧੀਆਂ ਦੇ ਵਾਸਤੇ ਪਾਏ, ਪੁੱਤਰ ਦੇ ਕੱਟੇ ਹੋਏ ਹੱਥ ਨੂੰ ਵਿਖਾਉਂਦੇ ਹੋਏ ਰਾਹਤ ਦੀ ਭੀਖ ਮੰਗੀ ਹੈ। ਉਸਦੀ ਕਾਨੂੰਨੀ ਪੈਰਵਾਈ ਕਰਨ ਵਾਲਿਆਂ ਨੇ ਮਨਜੀਤ ਨੂੰ ਜੇਲ੍ਹ ਅਧਿਕਾਰੀਆਂ ਦਾ ਪੂਰਨ ਆਗਿਆਕਾਰੀ ਤੇ ਅਮਨ-ਪੁਜਾਰੀ ਬਣਾ ਕੇ ਪੇਸ਼ ਕੀਤਾ ਹੈ। ਜੇਲ੍ਹ ਅਧਿਕਾਰੀਆਂ ਨੂੰ ਬੀਬੇ-ਰਾਣੇ ਸਮਝਦੇ ਹੋਏ ਮਨਜੀਤ ਵੱਲੋਂ ਪੂਰਨ ਸਹਿਯੋਗ ਦਿੱਤਾ ਵਿਖਾਇਆ ਗਿਆ ਹੈ। ਜੇਲ੍ਹਾਂ ਨੂੰ ਬੁੱਚੜਖਾਨੇ ਨਹਂੀਂ, ਉੱਥੋਂ ਦੀ ਅਫਸਰਸ਼ਾਹੀ ਨੂੰ ਜਬਰ ਦੇ ਸੰਦ ਸਾਬਤ ਕਰਨ ਦੀ ਥਾਂ ਸਹਿਯੋਗੀ ਵਜੋਂ ਪੇਸ਼ ਕੀਤਾ ਗਿਆ ਹੈ। 
ਮਨਜੀਤ ਧਨੇਰ ਅਤੇ ਉਸਦੀ ਧਿਰ ਭਾਵੇਂ ਉਸਦੀ ਰਿਹਾਈ ਨੂੰ ਲੋਕ-ਤਾਕਤ ਦੀ ਜਿੱਤ ਬਣਾ ਕੇ ਜਿੰਨਾ ਮਰਜ਼ੀ ਪੇਸ਼ ਕਰੀ ਜਾਣ ਪਰ ਅੰਦਰਲਾ ਸੱਚ ਸਭੇ ਹੀ ਪਰਦੇ ਪਾੜ ਕੇ ਲੋਕਾਂ ਸਾਹਮਣੇ ਨਸ਼ਰ ਹੋ ਹੀ ਜਾਂਦਾ ਹੈ। ਮੁਆਫੀਨਾਮਾ ਸਿਰਫ ਮਨਜੀਤ ਧਨੇਰ ਨੇ ਹੀ ਪੇਸ਼ ਨਹੀਂ ਕੀਤਾ ਬਲਕਿ ਜਿਹੜੀਆਂ ਪ੍ਰਮੁੱਖ ਧਿਰਾਂ ਇਸ ਮੁਆਫੀਨਾਮੇ ਨੂੰ ਉੱਚ-ਅਧਿਕਾਰੀਆਂ ਅੱਗੇ ਲਿਜਾ ਕੇ ਅਰਜੋਈਆਂ ਕਰ ਰਹੀਆਂ ਹਨ, ਉਹ ਇੱਥੋਂ ਤੱਕ ਹੀ ਮਹਿਦੂਦ ਨਹੀਂ ਰਹੀਆਂ ਕਿ ਸਿਰਫ ਮਨਜੀਤ ਦੇ ਮੁਆਫੀਨਾਮੇ ਤੱਕ ਹੀ ਮਹਿਦੂਦ ਰਹਿਣ। ਮਨਜੀਤ ਧਨੇਰ ਦੇ ਵਕੀਲ ਤੇ ਪੈਰਵਾਈ ਕਰਨ ਵਾਲੇ ਇਸ ਤੋਂ ਵੀ ਕਿਤੇ ਅਗਾਂਹ ਜਾ ਕੇ ਮਨਜੀਤ ਧਨੇਰ ਦੇ ਲੜਕੇ ਅਤੇ ਬਲਾਤਕਾਰ ਦੀ ਸ਼ਿਕਾਰ ਹੋਈ ਲੜਕੀ ਕਿਰਨਜੀਤ ਕੌਰ ਦੀ ਮਾਂ ਤੋਂ ਮੁਆਫੀਨਾਮੇ ਦੀਆਂ ਅਰਜੋਈਆਂ ਕੀਤੀਆਂ ਗਈਆਂ ਹਨ। ਮਨਜੀਤ ਨੂੰ ਧਨੇਰ ਪਿੰਡ ਦੇ ਸਰਪੰਚ ਦੀ ਸੱਤਾ ਦੇ ਪੈਰਾਂ ਵਿੱਚ ਸੁੱਟਿਆ ਗਿਆ ਹੈ। ਮਨਜੀਤ ਧਨੇਰ ਦੇ ਲੜਕੇ ਕੋਲੋਂ ਉਸਦੇ ਅਪੰਗ ਹੋਣ ਦੀ ਅਰਜੀ ਲਿਖਵਾ ਕੇ ਮਨਜੀਤ ਧਨੇਰ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਕਿਰਨਜੀਤ ਕੌਰ ਦੀ ਮਾਤਾ ਕੋਲੋਂ ਲਿਖਵਾ ਕੇ ਦਾਵਾ ਕੀਤਾ ਗਿਆ ਹੈ ਕਿ ਮਨਜੀਤ ਬੇਕਸੂਰ ਹੈ, ਉਸ ਨੂੰ ਮੁਆਫ ਕੀਤਾ ਜਾਵੇ। ਪਿੰਡ ਦੇ ਸਰਪੰਚ ਨੇ ਇਹ ਲਿਖ ਕੇ ਦਿੱਤਾ ਹੈ ਕਿ ਮਨਜੀਤ ਨੇ ਕਿਸੇ ਵੀ ਗੁੰਡੇ-ਬਦਮਾਸ਼ ਨੂੰ ਕਦੇ ਕੋਈ ਉਂਗਲ ਤੱਕ ਨਹੀਂ ਲਾਈ। ਇਸਦਾ ਕਿਰਦਾਰ ਬੇਦਾਗ਼ ਹੈ। ਇਸ ਕਰਕੇ ਇਸ ਨੂੰ ਮੁਆਫ ਕੀਤਾ ਜਾਵੇ ਯਾਨੀ ਤੱਤ ਵਿੱਚ ਮਨਜੀਤ ਨੂੰ ਪੇਂਡੂ ਚੌਧਰੀਆਂ ਤੇ ਸੱਤਾ ਦੇ ਚਰਨਾਂ ਵਿੱਚ ਸੁੱਟ ਕੇ ਤਰਲੇ ਕਢਵਾਏ ਗਏ ਹਨ। 
ਮਨਜੀਤ ਧਨੇਰ, ਉਸਦੇ ਵਕੀਲਾਂ ਅਤੇ ਇਸ ਘੋਲ ਦੀ ਪੈਰਵਾਈ ਕਰਨ ਵਾਲੀਆਂ ਪ੍ਰਮੁੱਖ ਧਿਰਾਂ ਵੱਲੋਂ ਨਾ ਸਿਰਫ ਮੁਆਫੀਨਾਮੇ ਹਾਜ਼ਰ ਕਰਕੇ ਹਕੂਮਤ ਅੱਗੇ ਲੇਲ੍ਹਕੜੀਆਂ ਕੱਢੀਆਂ ਗਈਆਂ ਹਨ ਬਲਕਿ ਜੇਲ੍ਹ ਅੱਗੇ ਧਰਨੇ ਦੇ ਕੇ ਇੱਥੇ ਜਮਹੂਰੀਅਤ ਦੀ ਬਹਾਲੀ ਹੋਣ ਦੇ ਆਡੰਬਰ ਵੀ ਰਚੇ ਗਏ ਹਨ। ਜੇਲ੍ਹ ਵਿੱਚ ਮਨਜੀਤ ਧਨੇਰ ਨੂੰ ਹੋਰਨਾਂ ਕੈਦੀਆਂ ਵਾਂਗ ਮੁਸ਼ੱਕਤੀ ਮਿਥ ਕੇ ਕਿਸੇ ਕਿਸਮ ਦਾ ਕੋਈ ਸਖਤ ਕੰਮ ਨਹੀਂ ਦਿੱਤਾ ਗਿਆ ਬਲਕਿ ਆਮ ਕੈਦੀਆਂ ਨਾਲੋਂ ਵੱਖਰੀਆਂ ਅਤੇ ਵਧੇਰੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਭਾਰਤੀ ਹਾਕਮਾਂ ਵੱਲੋਂ ਜੇਲ੍ਹਾਂ ਨੂੰ 'ਸੁਧਾਰ ਘਰ' ਦਾ ਨਾਂ ਦੇ ਕੇ ਇਹਨਾਂ ਵਿੱਚ ਆਮ ਬੰਦਿਆਂ ਦੀ ਅਣਖ-ਗੈਰਤ ਵਾਲਾ ਕਣ ਮਾਰ ਕੇ ਉਹਨਾਂ ਨੂੰ ਪ੍ਰਬੰਧ ਦਾ ਤਾਬਿਆਦਾਰ ਬਣਾਇਆ ਜਾਂਦਾ ਹੈ, ਜਿਹੜੇ ਵੀ ਕੈਦੀ ਜੇਲ੍ਹ ਦੀ ਅਫਸਰਸ਼ਾਹੀ ਦੀਆਂ ਨਜ਼ਰਾਂ ਵਿੱਚ ''ਸਭ ਅੱਛਾ'' ਕਰਦੇ ਹਨ, ਉਹਨਾਂ ਦੀ ਇੱਕ ਅਰਸੇ ਬਾਅਦ ਰਿਹਾਈ ਹੋ ਜਾਂਦੀ ਹੈ, ਪਰ ਜਿਹੜੇ ਅਫਸਰਸ਼ਾਹੀ ਦੀ ਧੌਂਸਬਾਜ਼ੀ ਨੂੰ ਲਲਕਾਰਦੇ ਹਨ, ਉਹਨਾਂ ਦੇ ਰਜਿਸਟਰਾਂ ਵਿੱਚ ਲਾਲ ਲਕੀਰਾਂ ਲੱਗਦੀਆਂ ਲੱਗਦੀਆਂ ਕੈਦੀਆਂ ਨੂੰ ਜੇਲ੍ਹਾਂ ਵਿੱਚ ਹੀ ਸੜਨ-ਮਰਨ ਲਈ ਸੁੱਟ ਦਿੱਤਾ ਜਾਂਦਾ ਹੈ। 
ਮਾਓਵਾਦੀ ਪਾਰਟੀ ਦੇ ਆਗੂ ਕੋਬਾਦ ਗਾਂਧੀ ਵਰਗਿਆਂ ਨੂੰ ਕਿਸੇ ਵੱਲੋਂ ਛੁਡਵਾਏ ਜਾਣ ਦੇ ਖਤਰਾ ਮਹਿਸੂਸ ਕਰਦੇ ਹੋਏ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਰੇਲ ਗੱਡੀ ਰਾਹੀਂ ਪੇਸ਼ੀ 'ਤੇ ਲਿਜਾਂਦੇ ਨੂੰ ਰਾਹ ਵਿੱਚੋਂ ਹੀ ਉਤਾਰ ਕੇ ਮੁੜ ਹਵਾਈ ਜਹਾਜ਼ ਰਾਹੀਂ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਾਂ ਫੇਰ ਉਸ ਦੇ ਸਾਰੇ ਕੇਸ ਖਤਮ ਹੋ ਜਾਣ ਉਪਰੰਤ ਵੀ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਹੋਰਨਾਂ ਕੇਸਾਂ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ, ਪਰ ਮਨਜੀਤ ਧਨੇਰ ਦੀ ਰਿਹਾਈ ਲਈ ਜੇਲ੍ਹ  ਅੱਗੇ ਹੀ ਹਜ਼ਾਰਾਂ ਲੋਕਾਂ ਦੇ ਧਰਨੇ ਤੋਂ ਹਕੂਮਤ ਨੂੰ ਕੋਈ ਖਤਰਾ ਨਹੀਂ। ਇਸ ਨੂੰ ਬਰਨਾਲੇ ਦੀ ਇਸੇ ਹੀ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਧਰਨਾ ਲੱਗਿਆ ਹੋਇਆ ਹੈ- ਕਿਸੇ ਕਿਸਮ ਦੇ ਖਤਰੇ ਦੀ ਕੋਈ ਗੁੰਜਾਇਸ਼ ਨਾ ਮੰਨਦਿਆਂ ਉਸਦੀ ਜੇਲ੍ਹ ਬਦਲੀ ਨਹੀਂ ਕੀਤੀ ਜਾਂਦੀ। 
ਭਾਰਤੀ ਹਕੂਮਤ ਦਿਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐਨ. ਸਾਈਬਾਬਾ ਵਰਗੇ 90 ਫੀਸਦੀ ਅਪੰਗ ਵਿਅਕਤੀ ਨੂੰ ਚੋਰੀ ਦੇ ਕੇਸ ਵਿੱਚ ਫਸਾ ਕੇ ਦਿੱਲੀ ਤੋਂ ਨਾਗਰਪੁਰ ਲਿਜਾ ਕੇ ਅੰਡਾਕਾਰ ਸੈੱਲ ਵਿੱਚ ਗਲਣ-ਸੜਨ ਲਈ ਲਿਜਾ ਸੁੱਟਦੇ ਹਨ। ਕਿਸੇ ਵੀ ਕਿਸਮ ਦੀ ਕੋਈ ਬੁਨਿਆਦੀ ਸਹੂਲਤ ਮੁਹੱਈਆ ਨਹੀਂ ਕੀਤੀ ਜਾਂਦੀ। ਹੈਦਰਾਬਾਦ ਦੇ ਵਰਵਰਾ ਰਾਓ ਨੂੰ ਗੜ੍ਹਚਿਰੋਲੀ ਦੇ ਜੰਗਲਾਂ ਵਿੱਚ ਹੋਈ ਕਿਸੇ ਵਾਰਦਾਤ ਵਿੱਚ ਫਸਾ ਕੇ ਦੂਰ ਦਰਾਜ਼ ਦੀਆਂ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਜਾਂ ਅਰੁਨ ਫਰੇਰਾ, ਸੁਧਾ ਭਾਰਦਵਾਜ਼ ਤੇ ਆਨੰਦ ਤੇਲ ਤੁੰਬੜੇ ਵਰਗਿਆਂ ਨੂੰ ਬਿਨਾ ਕੋਈ ਦੋਸ਼ ਸਾਬਤ ਕੀਤੇ ਜੇਲ੍ਹਾਂ ਵਿੱਚ ਤੁੰਨਿਆ ਜਾ ਰਿਹਾ ਹੈ ਜਾਂ ਦੂਰ-ਦੁਰਾਡੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਜਿੱਥੇ ਹੋਰਨਾਂ ਇਨਕਲਾਬੀਆਂ ਨੂੰ ਬਿਨਾ ਕਿਸੇ ਦੋਸ਼ ਤੋਂ ਜੇਲ੍ਹਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ, ਉੱਥੇ ਮਨਜੀਤ ਧਨੇਰ ਨੂੰ ਸਿਖਰਲੀਆਂ ਅਦਾਲਤਾਂ ਵੱਲੋਂ ਦਿੱਤੀ ਸਜ਼ਾ ਉਪਰੰਤ ਛੱਡ ਦਿੱਤਾ ਗਿਆ ਹੈ। ਇਹ ਰਿਹਾਈ ਕਿਸੇ ਤਰ੍ਹਾਂ ਦੇ ਜਨਤਕ ਦਬਾਅ ਦੇ ਤਹਿਤ ਹੀ ਨਹੀਂ ਹੋਈ ਬਲਕਿ ਮਨਜੀਤ ਧਨੇਰ ਅਤੇ ਉਸਦੀ ਪੈਰਵਾਈ ਕਰਨ ਵਾਲੀਆਂ ਧਿਰਾਂ ਵੱਲੋਂ ਦਿੱਤੇ ਮੁਆਫੀਨਾਮੇ ਕਾਰਨ ਹੋਈ ਹੈ। ਇੱਥੋਂ ਦਾ ਰਾਜਭਾਗ ਚਾਹੁੰਦਾ ਹੈ ਕਿ ਇੱਥੋਂ ਦੇ ਕਰਾਂਤੀਕਾਰੀ ਉਸਦੇ ਚਰਨੀਂ ਡਿਗ ਕੇ ਜੇਕਰ ਮੁਆਫੀਆਂ ਮੰਗਦੇ ਹਨ ਤੇ ਤਰਲੇ ਕੱਢਦੇ ਹਨ ਤਾਂ ਉਹ ਇਹਨਾਂ ਨੂੰ ਮੁਆਫ ਕਰੇਗਾ ਹੀ ਕਿਉਂਕਿ ਰਾਜ ਇਹ ਸਾਬਤ ਕਰੇਗਾ ਕਿ ਜੇਕਰ ਲੋਕਾਂ ਦੇ ਵੱਡੇ ਆਗੂ ਅਖਵਾਉਂਦੇ ਉਸ ਅੱਗੇ ਜ਼ਿੰਦਗੀ ਦੀਆਂ ਲੇਲ੍ਹਕੜੀਆਂ ਕੱਢਦੇ ਹਨ ਤਾਂ ਫੇਰ ਉਹ ਹਰ ਐਰੇ-ਗੈਰੇ ਨੂੰ ਤਾਂ ਉਂਝ ਹੀ ਮਧੋਲ ਕੇ ਰੱਖ ਦੇਵੇਗਾ। ਰਾਜਭਾਗ ਨੂੰ ਇਹ ਪਤਾ ਹੈ ਕਿ ਲੋਕ ਹਿੱਤਾਂ ਖਾਤਰ ਲੜਨ-ਮਰਨ ਵਾਲੇ ਮਰ ਕੇ ਵੀ ਅਮਰ ਹੋ ਜਾਂਦੇ ਹਨ ਤੇ ਲੋਕਾਂ ਲਈ ਜੂਝਣ ਦੀ ਪ੍ਰੇਰਨਾ ਦਾ ਚਿੰਨ੍ਹ ਬਣ ਜਾਂਦੇ ਹਨ ਜਦੋਂ ਕਿ ਜ਼ਿੰਦਗੀ ਦੀ ਭੀਖ ਮੰਗਣ ਵਾਲੇ ਜਿਉਂਦੇ ਰਹਿ ਕੇ ਜਿੰਦਾ ਲਾਸ਼ਾਂ ਬਣਦੇ ਹਨ। ਤੇ ਇਹ ਜਿੰਦਾ ਲਾਸ਼ਾਂ ਜਿੰਨਾ ਗੰਦ ਫੈਲਾਉਂਦੀਆਂ ਹਨ, ਉਹਨਾਂ ਦੀ ਬਦਬੂ ਹਾਕਮਾਂ ਦੇ ਪੱਖ ਤੋਂ ਲੋਕਾਂ ਦੇ ਜੁਝਾਰੂਪਣ ਨੂੰ ਮਾਰਨ ਦਾ ਕੰਮ ਦਿੰਦੀ ਹੈ। ਮਨਜੀਤ ਧਨੇਰ ਦੇ ਖੁਦ ਅਤੇ ਉਸਦੀ ਪੈਰਵਾਈ ਕਰਨ ਵਾਲੀਆਂ ਪ੍ਰਮੁੱਖ ਧਿਰਾਂ ਨੇ ਲੋਕਾਂ ਨੂੰ ਧੋਖੇ ਅਤੇ ਹਨੇਰੇ ਵਿੱਚ ਰੱਖ ਕੇ ਜਿਹੜਾ ਦੰਭ ਰਚਿਆ ਹੈ, ਅਜਿਹਾ ਧੋਖਾ ਤੇ ਦੰਭ ਹਾਕਮ ਜਮਾਤਾਂ ਉੱਕਾ ਹੀ ਨਹੀਂ ਸਨ ਰਚ ਸਕਦੀਆਂ। 
ਜਿਸ ਰਾਜ ਪ੍ਰਬੰਧ ਨੇ ਝਲੂਰ ਪਿੰਡ ਦੇ ਦਲਿਤ ਪ੍ਰਵਾਰ ਦੀ ਮਾਤਾ ਗੁਰਦੇਵ ਕੌਰ ਦੀ ਲੱਤ ਵੱਢਣ ਉਪਰੰਤ ਸਹਿਕ ਸਹਿਕ ਕੇ ਮਰਨ ਲਈ ਮਜਬੂਰ ਕੀਤਾ ਹੋਵੇ, ਜਵਾਹਰਕੇ ਵਿੱਚ ਹੱਕ ਦੀ ਗੱਲ ਕਰਦੇ ਦਲਿਤਾਂ ਨੂੰ ਗੋਲੀਆਂ ਮਾਰੀਆਂ ਗਈਆਂ ਹੋਣ, ਧੀ ਨਾਲ ਬਲਾਤਕਾਰ ਰੋਕਣ ਵਾਲੇ ਬੰਤ ਸਿੰਘ ਝੱਬਰ ਦੀਆਂ ਲੱਤਾਂ-ਬਾਹਾਂ ਵੱਢ ਦਿੱਤੀਆਂ ਹੋਣ, ਖੰਨਾ-ਚਮਾਰਾ ਵਿੱਚ ਕਿਸਾਨਾਂ ਨੂੰ ਗੋਲੀਆਂ ਨਾਲ ਵਿੰਨ੍ਹਿਆ ਗਿਆ ਹੋਵੇ, ਆਬਾਦਕਾਰਾਂ ਨੂੰ ਹੱਕ ਦਿਵਾਉਣ ਵਾਲੇ ਸਾਧੂ ਸਿੰਘ ਤਖਤੂਪੁਰੇ ਨੂੰ ਬੁਰੀ ਤਰ੍ਹਾਂ ਕੋਹ ਕੇ ਸ਼ਹੀਦ ਕੀਤਾ ਗਿਆ ਹੋਵੇ, ਮੀਮਸਾ, ਕੁਠਾਲਾ ਆਦਿ ਪਿੰਡ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ  ਹੱਕ ਮੰਗਦੇ ਮਜ਼ਦੂਰ ਮਰਦਾਂ-ਔਰਤਾਂ ਦੇ ਸਿਰ ਪਾੜੇ ਗਏ ਹੋਣ, ਜਿਹਨਾਂ ਦੇ ਕਰਜ਼ੇ ਉਹਨਾਂ ਨੂੰ ਖੁਦਕੁਸ਼ੀਆਂ ਤੱਕ ਲੈ ਕੇ ਗਏ ਹੋਣ, ਭੋਤਨੇ ਪਿੰਡ ਵਿੱਚ ਇੱਕੋ ਹੀ ਪ੍ਰਵਾਰ ਦੀਆਂ ਚਾਰ ਪੀੜ੍ਹੀਆਂ ਵਿੱਚੋਂ ਪੰਜ ਕਿਸਾਨ ਖੁਦਕੁਸ਼ੀਆਂ ਕਰ ਗਏ ਹੋਣ, ਮਨਜੀਤ ਭੁੱਚੋ ਵਰਗੇ ਕਿਸਾਨ ਆਗੂ ਵੀ ਖੁਦਕੁਸ਼ੀਆਂ ਕਰ ਜਾਣ ਤਾਂ ਲੋੜ ਇਹ ਬਣਦੀ ਸੀ ਕਿ ਲੋਕਾਂ ਦੇ ਬੁਨਿਆਦੀ ਮਸਲਿਆਂ 'ਤੇ ਕੋਈ ਅਜਿਹੀ ਟਾਕਰਾ ਲਹਿਰ ਖੜ੍ਹੀ ਕੀਤੀ ਜਾਂਦੀ ਜਿਹੜੀ ਲੋਕਾਂ ਨੂੰ ਮਰਨ ਤੋਂ ਬਚਾਉਂਦੀ। ਪਰ ਮਨਜੀਤ ਧਨੇਰ ਦੇ ਕੇਸ ਦੀ ਪੈਰਵਾਈ ਕਰਨ ਵਾਲੀਆਂ ਧਿਰਾਂ ਇਹੋ ਜਿਹੇ ਮਸਲਿਆਂ ਤੋਂ ਟਾਲਾ ਵੱਟ ਕੇ ਹਾਕਮਾਂ ਨਾਲ ਰੱਸਾਕਸ਼ੀ ਦਾ ਦੋਸਤਾਨਾ ਮੈਚ ਖੇਡਦੀਆਂ ਹੋਈਆਂ ਮਹਿਜ਼ ਦਰਸ਼ਨੀ ਕਾਰਵਾਈਆਂ ਕਰਕੇ ਸਸਤੀ ਸ਼ੋਹਰਤ ਖੱਟਣ ਦੇ ਰਾਹ ਤੁਰ ਕੇ ਲੋਕਾਂ ਵਿੱਚ ਇਸ ਪ੍ਰਬੰਧ ਦੇ ਅੰਦਰ-ਅੰਦਰ ਹੀ ਕੋਈ ਅਸਲ ਇਨਸਾਫ ਹਾਸਲ ਹੋ ਜਾਣ ਦੇ ਭਰਮ ਪੈਦਾ ਕਰਨ ਵਿੱਚ ਕਾਮਯਾਬ ਹੋਈਆਂ ਹਨ। ਮਨਜੀਤ ਦੀ ਰਿਹਾਈ ਲੋਕਾਂ ਨਾਲ ਕੀਤੇ ਦੰਭ ਵਿੱਚੋਂ ਹੋਈ ਹੈ, ਹਾਕਮਾਂ ਦੀ ਤਾਬੇਦਾਰੀ ਵਿੱਚੋਂ ਹੋਈ ਹੈ। ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਛੱਡ ਕੇ, ਤਿਲ੍ਹਕਾਊ ਮਸਲੇ ਚੁੱਕਣ ਨਾਲ ਹੋਈ ਰਿਹਾਈ ਹੈ। 
ਇਸ ਪ੍ਰਬੰਧ ਵਿੱਚ ਲੋਕਾਂ ਦਾ ਕੋਈ ਵੀ ਬੁਨਿਆਦੀ ਮੁੱਦਾ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ਨੂੰ ਜ਼ਮੀਨਾਂ ਦਿਵਾਉਣ ਦਾ ਹੋਵੇ ਜਾਂ ਉਹਨਾਂ ਕੋਲੋਂ ਖੋਹੀਆਂ ਜਾਣ ਵਾਲੀਆਂ ਜ਼ਮੀਨਾਂ ਨੂੰ ਬਚਾਉਣ ਦਾ ਹੋਵੇ। ਕੋਈ ਵੀ ਬੁਨਿਆਦੀ ਮਸਲਾ ਸਥਾਨਕ ਜਾਂ ਉੱਪਰਲੀ ਕਿਸੇ ਸਤਾ ਨੂੰ ਚੁਣੌਤੀ ਦੇਣ ਦਾ ਹੋਵੇ ਜਾਂ ਫੇਰ ਸਾਮਰਾਜ ਦੀਆਂ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ 'ਤੇ ਕੋਈ ਕਰਾਰੀ ਸੱਟ ਮਾਰਨ ਦਾ ਹੋਵੇ, ਇੱਥੋਂ ਦਾ ਰਾਜਭਾਗ ਕਿਸੇ ਵੀ ਬੁਨਿਆਦੀ ਮਸਲੇ 'ਤੇ ਕੋਈ ਵੀ ਕਾਰਵਾਈ ਕਰਨ ਦੀ ਇਜਾਜਤ ਉੱਕਾ ਹੀ ਨਹੀਂ ਦਿੰਦਾ। ਥਾਂ ਥਾਂ 'ਤੇ ਇਸਦੀਆਂ ਉਦਾਹਰਨਾਂ ਪਹਿਲਾਂ ਵੀ ਵਿਖਾਈ ਦਿੱਤੀਆਂ ਹਨ ਤੇ ਹੁਣ ਵੀ ਵਿਖਾਈ ਦੇ ਰਹੀਆਂ ਹਨ। ਇਹ ਹਾਕਮਾਂ ਦੀ ਮਰਜੀ 'ਤੇ ਨਿਰਭਰ ਹੈ ਕਿ ਉਹਨਾਂ ਨੇ ਕਦੋਂ ਤੇ ਕਿੱਥੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਨੂੰ ਕੋਈ ਰੈਲੀ-ਧਰਨਾ ਮੁਜਾਹਰਾ ਕਰਨ ਦੇਣਾ ਹੈ ਜਾਂ ਨਹੀਂ ਕਰਨ ਦੇਣਾ। ਕਿਸਾਨਾਂ ਨੇ ਬਿਜਲੀ ਬੋਰਡ ਦੇ ਨਿੱਜੀਕਰਨ ਖਿਲਾਫ ਮੁਜਾਹਰਾ ਕੀਤਾ ਤੇ ਆਪਣੀ ਮਾੜੀ ਜਿਹੀ ਪੁੱਗਤ ਵਿਖਾਉਣ ਦੀ ਹਿੰਮਤ ਕੀਤੀ ਸੀ ਪ੍ਰਬੰਧ ਨੇ ਉਹਨਾਂ ਦੇ ਗੋਲੀਆਂ ਮਾਰ ਕੇ ਆਪਣੀ ਤਾਕਤ ਦੀ ਹਸਤੀ ਜ਼ਾਹਰ ਕੀਤੀ। ਕਦੇ ਬਠਿੰਡੇ ਤੇ ਕਦੇ ਨਿਓਰ-ਲਹਿਰੇ ਵਰਗੇ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਲੋਕਾਂ 'ਤੇ ਲਾਠੀਚਾਰਜ ਕਰਕੇ ਇਕੱਠੇ ਨਹੀਂ ਹੋਣ ਦਿੱਤਾ ਜਾਂਦਾ। ਹੱਕ ਮੰਗਦੇ ਅਧਿਆਪਕ ਮਰਦ-ਔਰਤ ਕਾਰਕੁੰਨਾਂ ਨੂੰ ਕਦੇ ਪਾਣੀ ਦੀਆਂ ਬੁਛਾੜਾਂ ਨਾਲ ਝੰਬਿਆ ਜਾਂਦਾ ਹੈ ਕਦੇ ਲਾਠੀਚਾਰਜ ਰਾਹੀਂ ਉਹਨਾਂ ਨੂੰ ਲਹੂ-ਲੁਹਾਣ ਕੀਤਾ ਜਾਂਦਾ ਹੈ। 
ਬੁਨਿਆਦੀ ਮਸਲੇ ਚੁੱਕਣ ਵਾਲੇ ਲੋਕਾਂ ਦੇ ਸਿਰ ਪਾੜੇ ਜਾ ਰਹੇ ਹਨ, ਲਹੂ ਵਹਾਇਆ ਜਾ ਰਿਹਾ ਹੈ, ਜੇਲ੍ਹਾਂ ਵਿੱਚ ਤੁੰਨ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਸਾਰੇ ਨੂੰ ਜੇਲ੍ਹ ਬਣਾ ਕੇ ਲੋਕਾਂ ਨੂੰ ਭੁੱਖਾਂ, ਦੁੱਖਾਂ, ਬਿਮਾਰੀਆਂ ਰਾਹੀਂ ਮਰਨ ਦੇ ਰਾਹ ਧੱਕਿਆ ਜਾ ਰਿਹਾ ਹੈ, ਕੈਦੀਆਂ ਨੂੰ ਹੋਰਨਾਂ ਸੂਬਿਆਂ ਵਿੱਚ ਦੂਰ-ਦੂਰਾਡੇ ਦੀਆਂ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਲੋਕਾਂ ਵਿੱਚ ਥਾਂ ਥਾਂ ਹਾਹਾਕਾਰ ਮੱਚੀ ਹੋਈ ਹੈ। ਅਜਿਹੇ ਮਸਲਿਆਂ 'ਤੇ ਜ਼ਰੂਰੀ ਬਣਦਾ ਹੈ ਕਿ ਕੋਈ ਨਾ ਕੋਈ ਪਾਏਦਾਰ ਟਾਕਰਾ ਲਹਿਰ ਖੜ੍ਹੀ ਕੀਤੀ ਜਾਵੇ ਪਰ ਮਨਜੀਤ ਧਨੇਰ ਦੀ ਰਿਹਾਈ ਸਬੰਧੀ ਪ੍ਰਮੁੱਖ ਧਿਰਾਂ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਛੱਡ ਕੇ ਤਿਲ੍ਹਕਾਊ ਮਸਲਿਆਂ ਨੂੰ ਚੁੱਕ ਕੇ ਲੋਕਾਂ ਨੂੰ ਧੋਖਾ ਦੇਣ ਦੇ ਦੰਭ ਕਰਨ ਦੇ ਆਡੰਬਰ ਵਿੱਚ ਗ੍ਰਸੀਆਂ ਹੋਈਆਂ ਹਨ ਅਤੇ ਹਾਕਮਾਂ ਦੀ ਸੇਵਾ ਕਰ ਰਹੀਆਂ ਹਨ।

ਪੰਚਾਇਤੀ ਜ਼ਮੀਨਾਂ ਕਾਰਪੋਰੇਟਾਂ ਹਵਾਲੇ ਕਰਨ ਦਾ ਕਾਨੂੰਨ

ਪੰਜਾਬ ਦੀ ਕਾਂਗਰਸ ਹਕੂਮਤ ਵੱਲੋਂ 
ਪੰਚਾਇਤੀ ਜ਼ਮੀਨਾਂ ਕਾਰਪੋਰੇਟਾਂ ਹਵਾਲੇ ਕਰਨ ਦਾ ਕਾਨੂੰਨ

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਹਕੂਮਤ ਨੇ ਪੰਚਾਇਤੀ ਜ਼ਮੀਨਾਂ ਕਾਰਪੋਰੇਟ ਮੱਗਰਮੱਛਾਂ ਹਵਾਲੇ ਕਰਨ ਦਾ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਕਾਨੂੰਨ ਦੇ ਤਹਿਤ ਲਾਗਲੇ ਪਿੰਡਾਂ ਦੀਆਂ ਪੰਚਾਇਤਾਂ ਦੀ ਜ਼ਮੀਨ ਇਕੱਠੀ ਕਰਨ ਲਈ ਇੱਕ ਜ਼ਮੀਨੀ-ਬੈਂਕ ਬਣਾਇਆ ਜਾਵੇਗਾ। ਇਹ ਜ਼ਮੀਨੀ ਬੈਂਕ ਸਬੰਧਤ ਪਿੰਡਾਂ ਦੀਆਂ ਪੰਚਾਇਤੀ, ਸ਼ਾਮਲਾਟੀ ਜਾਂ ਹੋਰਨਾਂ ਸਾਂਝੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਇੱਕ ਥਾਂ ਇਕੱਠੀਆਂ ਕਰੇਗੀ। ਯਾਨੀ ਇਹਨਾਂ ਪਿੰਡਾਂ ਦੀ ਮੁਰੱਬੇਬੰਦੀ ਕਰਕੇ ਇਹ ਜ਼ਮੀਨ ਇੱਕ ਥਾਂ ਇਕੱਠੀ ਕਰੇਗੀ। ਫੇਰ ਇਹ ਜ਼ਮੀਨ ਵੱਖ ਵੱਖ ਤਰ੍ਹਾਂ ਕਾਰਪੋਰੇਟ ਅਦਾਰਿਆਂ ਹਵਾਲੇ ਕੀਤੀ ਜਾਵੇਗੀ। 
ਲੋਕਾਂ ਦੀ ਸਾਂਝੀ ਥਾਂ ਕਿਸੇ ਹੋਰ ਦੇ ਹਵਾਲੇ ਕੀਤੀ ਜਾਵੇ ਤਾਂ ਇਸ ਸਬੰਧੀ ਕੋਈ ਨਾ ਕੋਈ ਹੋ-ਹੱਲਾ ਹੋ ਸਕਦਾ ਹੈ, ਇਸ ਕਰਕੇ ਇਹ ਕਾਰਜ ਸਰਕਾਰ ਵੱਲੋਂ ਪੰਚਾਇਤਾਂ ਰਾਹੀਂ ਮਤੇ ਪਾਸ ਕਰਕੇ ਕਰਵਾਇਆ ਜਾਵੇਗਾ। ਆਖਿਆ ਇਹ ਜਾਵੇਗਾ ਕਿ ਵੱਡੇ ਵਪਾਰਕ ਅਦਾਰਿਆਂ ਅਤੇ ਸਨਅੱਤਾਂ ਦੇ ਇਸ ਖੇਤਰ ਵਿੱਚ ਆਉਣ ਨਾਲ ਇਸ ਖੇਤਰ ਦੀ ਤਰੱਕੀ ਹੋਵੇਗੀ। ਕਾਰੋਬਾਰ ਵਧੇਗਾ। ਮਜ਼ਦੂਰਾਂ ਦੇ ਰੁਜ਼ਗਾਰ ਵਿੱਚ ਵਾਧਾ ਹੋਵੇਗਾ। ਬਾਕੀ ਦੀਆਂ ਜ਼ਮੀਨਾਂ ਦੇ ਭਾਅ ਵਧਣਗੇ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। 
ਪੰਜਾਬ ਦੀ ਧਰਤੀ ਦੁਨੀਆਂ ਦੀਆਂ ਸਭ ਤੋਂ ਵੱਧ ਉਪਜਾਊ ਜ਼ਮੀਨਾਂ ਵਿੱਚੋਂ ਇੱਕ ਜ਼ਮੀਨ ਹੈ। ਇੱਥੇ ਜ਼ਮੀਨ ਹੇਠਲਾ ਪਾਣੀ ਇੱਕ ਨਿਆਮਤ ਹੈ। ਗਰਮੀ-ਸਰਦੀ, ਬਰਸਾਤਾਂ ਗੱਲ ਕੀ ਕੁੱਲ ਵਾਤਾਵਰਣ ਮਨੁੱਖ ਦੇ ਰਹਿਣ ਵਾਲੀਆਂ ਵਧੀਆਂ ਥਾਵਾਂ ਵਿੱਚੋਂ ਇੱਕ ਹੈ। ਇਹੋ ਹੀ ਕਾਰਨ ਹੈ ਇੱਥੋਂ ਦੀ ਧਰਤੀ ਵਿੱਚ ਸਿੰਧ ਘਾਟੀ ਦੀ ਸਭਿਅਤਾ ਵਿਕਸਤ ਹੋਈ ਸੀ। ਇਹ ਧਰਤੀ ਦੁਨੀਆਂ ਦੀ ਸਭ ਤੋਂ ਸੰਘਣੀ ਵਸੋਂ ਵਾਲੀਆਂ ਥਾਵਾਂ ਵਿੱਚ ਸ਼ੁਮਾਰ ਹੁੰਦੀ ਹੈ। ਜਿੱਥੇ ਸੰਘਣੀ ਵਸੋਂ ਹੈ, ਉਥੇ ਵਪਾਰ ਦੇ ਵਧਣ ਦੀਆਂ ਗੁੰਜਾਇਸ਼ਾਂ ਅਤੇ ਸਸਤੀ ਕਿਰਤ ਸ਼ਕਤੀ ਹਾਸਲ ਹੋਣ ਦੀਆਂ ਗੁੰਜਾਇਸ਼ਾਂ ਹੁੰਦੀਆਂ ਹੀ ਹਨ। ਅਜਿਹੀਆਂ ਸਭਨਾਂ ਚੀਜ਼ਾਂ 'ਤੇ ਦੁਨੀਆਂ ਦੇ ਸਭ ਤੋਂ ਵੱਡੇ ਲੁਟੇਰਿਆਂ ਦੀ ਭੈਂਗੀ ਨਜ਼ਰ ਸਦਾ ਟਿਕੀ ਰਹੀ ਹੈ। ਇਹ ਧਰਤੀ ਹਿੰਦ ਦਾ ਸਿਰ ਮੰਨੀ ਜਾਂਦੀ ਹੈ, ਇਸ 'ਤੇ ਕੀਤਾ ਕਬਜ਼ਾ ਮਹਿਜ਼ ਜ਼ਮੀਨੀ ਜਾਂ ਆਰਥਿਕ ਕਬਜ਼ਾ ਹੀ ਨਹੀਂ ਸੀ ਹੁੰਦਾ ਬਲਕਿ ਇਸ ਦੀ ਹਿੰਦੋਸਤਾਨ ਵਿੱਚ ਸਿਆਸੀ ਅਤੇ ਯੁੱਧਨੀਤਕ ਮਹੱਤਤਾ ਵੀ ਬਣੀ ਰਹੀ ਹੈ। 
ਪੰਜਾਬ ਦੀ ਧਰਤੀ ਦੀ ਆਰਥਿਕ ਅਤੇ ਯੁੱਧਨੀਤਕ ਮਹੱਤਤਾ ਕਰਕੇ ਹੀ ਹੈ ਕਿ ਸਾਮਰਾਜੀਆਂ ਨੇ ਇਸ ਨੂੰ ਆਪਣੇ ਹੱਥਠੋਕਿਆਂ ਰਾਹੀਂ ਕਬਜ਼ੇ ਵਿੱਚ ਰੱਖਣ ਲਈ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਆਪਣੇ ਮੁਫਾਦਾਂ ਨੂੰ ਸਦੀਵੀਂ ਬਣਾਉਣ ਦੀਆਂ ਸਾਜਿਸ਼ਾਂ ਘੜੀਆਂ ਸਨ। ਪੰਜਾਬੀ ਕੌਮ ਦੁਨੀਆਂ ਦੀਆਂ ਵੱਡੀਆਂ ਕੌਮਾਂ ਵਿੱਚ ਸ਼ੁਮਾਰ ਹੁੰਦੀ ਹੈ। ਇਸ ਕਰਕੇ ਸਾਮਰਾਜੀਏ ਨਹੀਂ ਚਾਹੁੰਦੇ ਕਿ ਇਹ ਕੌਮ ਆਪਣੀ ਖੁਦਮੁਖਤਾਰੀ ਹਾਸਲ ਕਰਕੇ ਆਪਣੀ ਠੁੱਕ ਅਤੇ ਮੜਕ ਨਾਲ ਦੁਨੀਆਂ ਵਿੱਚ ਵਿਚਰੇ। 
ਭਾਰਤੀ ਰਾਜ ਦੇ ਕਬਜ਼ੇ ਹੇਠਲੀ ਪੰਜਾਬੀ ਕੌਮ ਨੂੰ ਇੱਥੋਂ ਦੇ ਹਿੰਦੂਤਵੀ ਹਾਕਮਾਂ ਨੇ ਦਬਾਅ ਕੇ ਰੱਖਣ ਲਈ ਅਨੇਕਾਂ ਤਰ੍ਹਾਂ ਦੇ ਹਰਬੇ ਵਰਤੇ। ਪਰ ਜਦੋਂ ਬੋਲੀ 'ਤੇ ਆਧਾਰਤ ਸੂਬਿਆਂ ਦੀ ਸਥਾਪਨਾ ਦੀ ਗੱਲ ਤੁਰੀ ਤਾਂ ਇੱਥੋਂ ਦੇ ਹਾਕਮ ਅਜਿਹਾ ਕਰਨ ਲਈ ਉੱਕਾ ਹੀ ਰਾਜੀ ਨਹੀਂ ਸਨ। ਪਰ ਜਦੋਂ ਲੋਕਾਂ ਦਾ ਗੁੱਸਾ ਅਤੇ ਰੋਹ ਵਧਦਾ ਗਿਆ ਤਾਂ ਇਹਨਾਂ ਨੇ ਪੂਰਬੀ ਪੰਜਾਬ ਦੇ ਵੀ ਅਨੇਕਾਂ ਟੋਟੇ ਕਰਕੇ ਇਸ ਨੂੰ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਆਦਿ ਵਿੱਚ ਵੰਡ ਦਿੱਤਾ ਅਤੇ ਕਿੰਨੇ ਹੀ ਪੰਜਾਬੀ ਬੋਲਦੇ ਇਲਾਕੇ ਰਾਜਸਥਾਨ ਦੇ ਹਵਾਲੇ ਕਰ ਦਿੱਤੇ ਗਏ। ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਵੱਡਾ ਹਿੱਸਾ ਬਾਹਰਲੇ ਸੂਬਿਆਂ ਨੂੰ ਦੇ ਦਿੱਤਾ ਗਿਆ। 
ਦੂਸਰੀ ਸੰਸਾਰ ਜੰਗ ਤੋਂ ਬਾਅਦ ਵਿੱਚ ਜਦੋਂ ਰੂਸ ਦੇ ਨਾਲ ਚੀਨ ਵੀ ਸਮਾਜਵਾਦੀ ਮੁਲਕ ਬਣ ਗਿਆ ਤਾਂ ਇਹਨਾਂ ਦੇਸ਼ਾਂ ਵਿੱਚ ਜ਼ਮੀਨਾਂ ਕਿਸਾਨਾਂ ਵਿੱਚ ਮੁਫਤ ਵਿੱਚ ਵੰਡ ਕੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ ਸੀ ਤਾਂ ਅਜਿਹੇ ਸਮੇਂ ਭਾਰਤ ਵਿੱਚ ਤਿਲੰਗਾਨਾ ਦਾ ਜ਼ਮੀਨੀ ਘੋਲ ਅਤੇ ਪੰਜਾਬ ਵਿੱਚ ਮੁਜਾਰਾ ਲਹਿਰ ਚੱਲ ਰਹੀ ਸੀ। ਲੋਕਾਂ ਦੇ ਵਧਦੇ ਟਾਕਰੇ ਸਨਮੁੱਖ ਇੱਥੋਂ ਦੇ ਹਾਕਮਾਂ ਨੇ ਕੁੱਝ ਨਾ ਕੁੱਝ ਜ਼ਮੀਨਾਂ ਸਾਂਝੀਆਂ ਰੱਖ ਕੇ ਇੱਥੋਂ ਦੇ ਬੇਜ਼ਮੀਨੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਪ੍ਰਪੰਚ ਰਚੇ ਸਨ। ਪੰਜਾਬ ਵਿੱਚ ਤਕਰੀਬਨ ਤੀਜਾ ਹਿੱਸਾ ਲੋਕ ਅਜਿਹੇ ਸਨ, ਜਿਹਨਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ ਸੀ। 1967 ਵਿੱਚ ਜਦੋਂ ਬੰਗਾਲ ਦੀ ਧਰਤੀ ਤੋਂ ਨਕਸਲਬਾੜੀ ਲਹਿਰ ਨੇ ''ਜ਼ਮੀਨ ਹਲਵਾਹਕ ਦੀ'' ਦਾ ਨਾਹਰਾ ਗੁੰਜਾਇਆ ਤਾਂ ਇਸ ਦੀ ਗੂੰਜ ਪੰਜਾਬ ਦੀ ਧਰਤੀ 'ਤੇ ਵੀ ਪਹੁੰਚੀ ਸੀ। ਮਾਨਸਾ ਜ਼ਿਲ੍ਹੇ ਦੇ ਭੀਖੀ-ਸਮਾਓ, ਸੰਗਰੂਰ ਜ਼ਿਲ੍ਹੇ ਦੇ ਕਿਲਾ ਹਕੀਮਾ ਅਤੇ ਰੋਪੜ ਦੇ ਬਿਰਲਾ ਬੀਜ ਫਾਰਮ 'ਤੇ ਕਬਜ਼ੇ ਕਰਕੇ ਇੱਥੋਂ ਦੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਣ ਲਈ ਹਥਿਆਰਬੰਦ ਟਾਕਰੇ ਜਥੇਬੰਦ ਕੀਤੇ ਗਏ,  ਜੋ ਅਸਫਲ ਰਹੇ। ਪਰ ਇਹਨਾਂ ਦਾ ਦਹਿਲ ਇੱਥੋਂ ਦੇ ਹਾਕਮਾਂ 'ਤੇ ਜ਼ਰੂਰ ਪਿਆ। ਪੰਜਾਬ ਵਿੱਚ ਵੀ ਸਾਢੇ ਸਤਾਰਾਂ ਏਕੜ ਦੀ ਹੱਦਬੰਦੀ ਕਰਨ ਦੇ ਵਿਖਾਵੇ ਕੀਤੇ ਗਏ। ਵਾਧੂ ਜ਼ਮੀਨਾਂ ਬੇਜ਼ਮੀਨੇ ਲੋਕਾਂ ਨੂੰ ਦੇਣ ਦੇ ਐਲਾਨ ਹੋਏ। ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਦੇ ਦੰਭ ਕੀਤੇ ਗਏ, ਜਿੱਥੇ ਬੇਜ਼ਮੀਨੇ ਲੋਕ ਵੱਧ ਸੰਘਰਸ਼ਸ਼ੀਲ ਸਨ, ਉੱਥੇ ਕਿਤੇ ਨਾ ਕਿਤੇ ਪਲਾਟਾਂ ਦੇ 'ਤੇ ਕਬਜ਼ੇ ਹੋ ਵੀ ਗਏ, ਬਾਕੀ ਵੱਡੇ ਹਿੱਸੇ ਨੂੰ ਇਹ ਵੀ ਹਾਸਲ ਨਾ ਹੋਏ। 
ਬਾਅਦ ਵਿੱਚ ਜਦੋਂ ਦੁਨੀਆਂ ਵਿੱਚ ਰੂਸ-ਚੀਨ ਵਰਗੇ ਦੇਸ਼ਾਂ ਵਿੱਚੋਂ ਕਿਰਤੀ ਲੋਕਾਂ ਦੀ ਸਰਦਾਰੀ ਵਾਲੇ ਰਾਜਾਂ ਦਾ ਖਾਤਮਾ ਹੋ ਗਿਆ ਅਤੇ ਹਿੰਦੋਸਤਾਨ ਵਿੱਚ ਨਕਸਲਬਾੜੀ ਲਹਿਰ ਟੁੱਟ-ਫੁੱਟ ਦਾ ਸ਼ਿਕਾਰ ਹੋ ਕੇ ਰਹਿ ਗਈ ਤਾਂ ਭਾਰਤੀ ਹਾਕਮਾਂ ਨੇ ਜਾਗੀਰਦਾਰਾਂ ਦੀ ਸਤਾਰਾਂ ਏਕੜ ਤੋਂ ਵਾਧੂ ਦੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਤਾਂ ਕੀ ਵੰਡਣੀ ਸੀ ਉਲਟਾ ਲੋਕਾਂ ਦੀ ਜੱਦੀ-ਪੁਸ਼ਤੀ ਜ਼ਮੀਨਾਂ 'ਤੇ ਕਬਜ਼ੇ ਕਰਨ ਦੇ ਵਰਤਣੇ ਸ਼ੁਰੂ ਕੀਤੇ। ਜਿੱਥੇ ਦੇਸ਼ ਦੇ ਹੋਰਨਾਂ ਖੇਤਰਾਂ ਵਿੱਚ ਸਨਅੱਤਾਂ, ਖਾਣਾਂ, ਖੇਤੀ ਉਤਪਾਦਨ ਵਧਾਉਣ ਦੇ ਨਾਂ ਹੇਠ ਡੈਮ ਆਦਿ ਬਣਾਉਣ ਲਈ ਲੋਕਾਂ ਦੀਆਂ ਜ਼ਮੀਨਾਂ ਦੱਬਣੀਆਂ ਸ਼ੁਰੂ ਕੀਤੀਆਂ ਉੱਥੇ ਪੰਜਾਬ ਵਿੱਚ ਹਰੇ ਇਨਕਲਾਬ ਦੇ ਨਾਂ 'ਤੇ ਲੋਕਾਂ 'ਤੇ ਸਾਮਰਾਜੀ ਲੁੱਟ-ਖੋਹ ਦਾ ਮਾਡਲ ਲੱਦ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਇੱਥੋਂ ਦੀ ਕਿਸਾਨੀ ਕਰਜ਼ਿਆਂ ਦੀ ਸ਼ਿਕਾਰ ਹੁੰਦੀ ਹੁੰਦੀ ਖੁਦਕੁਸ਼ੀਆਂ ਤੱਕ ਜਾ ਪਹੁੰਚੀ। ਪੰਜਾਬ ਵਿੱਚ ਤਕਰੀਬਨ ਸਾਰੀ ਹੀ ਕਿਸਾਨੀ ਦੀ ਜ਼ਮੀਨ ਅੱਜ ਜ਼ਮੀਨੀ ਲਿਮਟਾਂ ਰਾਹੀਂ ਚੁੱਕੇ ਕਰਜ਼ਿਆਂ ਨਾਲ ਬੈਂਕਾਂ ਦੇ ਕਬਜ਼ੇ ਵਿੱਚ ਜਾਂ ਫੇਰ ਸੂਦਖੋਰ-ਸ਼ਾਹੂਕਾਰਾਂ ਦੇ ਕਬਜ਼ੇ ਵਿੱਚ ਜਾ ਚੁੱਕੀ ਹੈ। ਦੇਖਣ ਨੂੰ ਪੰਜਾਬ ਦੀ ਜ਼ਮੀਨ 'ਤੇ ਕਬਜ਼ਾ ਕਿਸਾਨੀ ਦਾ ਹੈ ਪਰ ਤੱਤ ਪੱਖੋਂ ਇਹ ਜ਼ਮੀਨਾਂ ਕਿਸਾਨੀ ਹੱਥੋਂ ਨਿੱਕਲ ਚੁੱਕੀਆਂ ਹਨ। ਹੁਣ ਜਦੋਂ ਪੰਜਾਬ ਦੀ ਕਿਸਾਨੀ ਦੀ ਜ਼ਮੀਨ ਦੇ ਵੱਡੇ ਹਿੱਸੇ 'ਤੇ ਕਬਜ਼ਾ ਹੀ ਬੈਂਕਾਂ, ਸੂਦਖੋਰ-ਸ਼ਾਹੂਕਾਰਾਂ ਅਤੇ ਜਾਗੀਰਦਾਰਾਂ ਦਾ ਹੈ ਤਾਂ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਸਬੰਧਤ ਖਿੱਤਿਆਂ ਵਿੱਚ ਜ਼ਮੀਨਾਂ ਨੂੰ ਜ਼ਮੀਨੀ-ਬੈਂਕਾਂ ਰਾਹੀਂ ਮੁਰੱਬੇਬੰਦੀ ਕਰਕੇ ਇੱਕ ਥਾਂ ਇਕੱਠਾ ਕੀਤਾ ਜਾਵੇ। ਫੇਰ ਇਹ ਜ਼ਮੀਨਾਂ ਸਾਮਰਾਜੀ ਕਾਰਪੋਰੇਟ ਅਦਾਰਿਆਂ ਹਵਾਲੇ ਕੀਤੀਆਂ ਜਾਣ ਜਾਂ ਜਾਗੀਰਦਾਰਾਂ ਵੱਲੋਂ ਵੱਡੇ ਪੱਧਰ ਦੇ ਖੇਤੀ ਫਾਰਮ ਬਣਾ ਕੇ ਖੇਤੀ ਕੀਤੀ ਜਾਵੇ। ਜੇਕਰ ਪੰਜਾਬ ਵਿੱਚ ਵੱਡੇ ਖੇਤੀ ਫਾਰਮਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਜਾਂਦੀ ਹੈ ਤਾਂ ਛੋਟੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਦੀ ਹੈਸੀਅਤ ਹੀ ਨਹੀਂ ਰਹਿ ਜਾਣੀ ਕਿ ਉਹ ਵੱਡੇ ਖੇਤੀ ਕਾਰੋਬਾਰਾਂ ਦਾ ਮੁਕਾਬਲਾ ਕਰ ਜਾਣ। ਜਿਹਨਾਂ ਕੋਲ ਵੀ ਥੋੜ੍ਹੀ ਜਿੰਨੀ ਜ਼ਮੀਨ ਹੈ, ਉਹ ਆਖਰਕਾਰ ਉਹਨਾਂ ਹੱਥੋਂ ਖੋਹਣ ਦੇ ਹਰਬੇ ਵਰਤੇ ਜਾਣੇ ਹਨ। 
ਇਸ ਸਮੇਂ ਪੰਜਾਬ ਵਿੱਚ 1 ਲੱਖ 35 ਹਜ਼ਾਰ ਏਕੜ ਜ਼ਮੀਨ ਬੋਲੀ 'ਤੇ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾ ਦਹਿ-ਹਜ਼ਾਰਾਂ ਜ਼ਮੀਨ ਜੰਗਲਾਤ ਮਹਿਕਮੇ ਦੇ ਕਬਜ਼ੇ ਵਿੱਚ ਹੈ, ਜਿਸ ਨੂੰ ਦੱਬਣ ਦੇ ਯਤਨ ਕੀਤੇ ਜਾਣੇ ਹਨ। ਪੰਜਾਬ ਵਿੱਚ ਵੱਡੀਆਂ ਸੜਕਾਂ ਬਣਾਉਣ ਦੇ 10-15 ਸਾਲਾਂ ਦੇ ਅਰਸੇ ਵਿੱਚ ਇਹਨਾਂ ਦੁਆਲੇ ਲੱਗੇ ਜੰਗਲ ਨੂੰ ਖਤਮ ਕਰਕੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਚੁੱਕਿਆ ਹੈ। ਕੇਂਦਰ ਸਰਕਾਰ ਨੇ 2013 ਵਿੱਚ ਜ਼ਮੀਨ ਐਕੂਆਇਰ ਕਰਨ ਲਈ ਸਖਤ ਕਾਨੂੰਨ ਬਣਾਏ ਸਨ, ਜਿਹਨਾਂ ਦਾ ਲੋਕਾਂ ਵੱਲੋਂ ਤਿੱਖਾ ਵਿਰੋਧ ਹੋਇਆ ਸੀ, ਪਰ ਪੰਜਾਬ ਸਰਕਾਰ ਨੇ ਇਹ ਕਾਨੂੰਨ ਬਣਾ ਕੇ ਕਾਰਪੋਰੇਟਾਂ ਨੂੰ ਮਾਲਾਮਾਲ ਕਰਨ ਦਾ ਸੌਖਾ ਰਾਹ ਅਖਤਿਆਰ ਕੀਤਾ ਹੈ। ਕਾਂਗਰਸ ਸਰਕਾਰ ਨੂੰ ਪੰਜਾਬ ਦੇ ਵਿਕਾਸ ਦੇ ਰਾਹ ਦਾ ਰੋੜਾ ਆਖਣ ਵਾਲੇ ਅਕਾਲੀ ਦਲ ਦੇ ਨੇਤਾਵਾਂ ਨੇ ਵੀ ਇਸ ਕਾਨੂੰਨ ਦਾ ਕੋਈ ਵਿਰੋਧ ਨਹੀਂ ਕੀਤਾ। ਜ਼ਮੀਨ ਦੇ ਸਵਾਲ 'ਤੇ ਆਪਣੇ ਆਪ ਨੂੰ ਕਿਸਾਨ ਹਿੱਤੂ ਅਖਵਾਉਣ ਵਾਲੀਆਂ ਅਨੇਕਾਂ ਕਿਸਾਨ ਜਥੇਬੰਦੀਆਂ ਅਤੇ ਹਾਕਮ ਜਮਾਤੀ ਪਾਰਟੀਆਂ ਨੇ ਕੋਈ ਲਾਮਬੰਦੀ ਨਹੀਂ ਕੀਤੀ। ਕਿਉਂਕਿ ਇਹ ਸਾਰੇ ਇੱਕੋ ਹੀ ਥੈਲੀ ਦੇ ਚੱਟੇ-ਵੱਟੇ ਹਨ। 
ਪੰਚਾਇਤੀ ਜ਼ਮੀਨ ਸਰਕਾਰ ਦੀ ਜ਼ਮੀਨ ਨਹੀਂ ਹੈ, ਇਹ ਪਿੰਡਾਂ ਦੀ ਜ਼ਮੀਨ ਵਿੱਚੋਂ ਸਾਂਝੇ ਮਕਸਦਾਂ ਲਈ ਰੱਖੀ ਗਈ ਜ਼ਮੀਨ ਸੀ। ਇਸ ਜ਼ਮੀਨ ਦਾ ਤੀਜਾ ਹਿੱਸਾ ਬੇਜ਼ਮੀਨੇ ਲੋਕਾਂ ਦੀ ਵਰਤੋਂ ਲਈ ਰਾਖਵਾਂ ਕੀਤਾ ਹੋਇਆ ਸੀ। ਕਾਰਪੋਰੇਟ ਅਦਾਰਿਆਂ ਦੇ ਕਬਜ਼ੇ ਕਰਵਾਉਣ ਲਈ ਇਹਨਾਂ ਜ਼ਮੀਨ ਦੀ ਕੀਮਤ ਡੀ.ਸੀ. ਦਫਤਰਾਂ ਰਾਹੀਂ ਘੱਟ ਤੋਂ ਘੱਟ ਰੇਟਾਂ 'ਤੇ ਹਾਸਲ ਕੀਤੀ ਜਾਣੀ ਹੈ। ਕਾਬਜ਼ਕਾਰ ਕੁੱਲ ਰਕਮ ਦਾ ਚੌਥਾ ਹਿੱਸਾ ਦੇ ਕੇ ਬਾਕੀ ਦੀ ਰਾਸ਼ੀ 4 ਕਿਸ਼ਤਾਂ ਵਿੱਚ ਦੇਣੀ ਹੈ। ਇਹ ਰਾਸ਼ੀ ਦੋ ਸਾਲਾਂ ਬਾਅਦ ਦਿੱਤੀ ਜਾਣੀ ਹੈ। ਕਾਰਪੋਰੇਟਾਂ ਲਈ ਇਹ ਰਾਸ਼ੀ 10 ਫੀਸਦੀ ਦੇ ਸਸਤੇ ਵਿਆਜ 'ਤੇ ਦਿੱਤੀ ਜਾਣੀ ਹੈ। ਪਿੰਡਾਂ ਦੀ ਪੰਚਾਇਤੀ ਜ਼ਮੀਨ ਦੀ ਖਰੀਦੋ-ਫਰੋਖਤ ਲਈ ਗਰਾਮ ਸਭਾ ਦੇ 80 ਫੀਸਦੀ ਮੈਂਬਰਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੁੰਦੀ ਹੈ, ਪਰ ਪੰਜਾਬ ਸਰਕਾਰ ਨੇ ਇਹ ਅਧਿਕਾਰ ਗਰਾਮ ਸਭਾਵਾਂ ਨੂੰ ਦੇਣ ਦੀ ਪੰਚਾਇਤਾਂ ਨੂੰ ਦੇ ਦਿੱਤੇ ਹਨ, ਜਿੱਥੇ ਖਰੀਦਦਾਰ ਉੱਚ-ਅਫਸਰਸ਼ਾਹੀ ਰਾਹੀਂ ਪੰਚਾਂ-ਸਰਪੰਚਾਂ ਨੂੰ ਭ੍ਰਿਸ਼ਟ ਕਰਕੇ ਸਸਤੇ ਰੇਟ 'ਤੇ ਜ਼ਮੀਨਾਂ ਹਾਸਲ ਕਰ ਲੈਣਗੇ। ਪੰਜਾਬ ਹਕੂਮਤ ਵੱਲੋਂ ਰਾਜਪੁਰੇ ਲਾਗਲੇ ਸਿਹਰਾ, ਸੇਹਰੀ, ਆਕੜੀ, ਪਾਵੜਾ ਤੇ ਤਖਤੂਮਾਜਰਾ ਦੀ ਜ਼ਮੀਨ ਨੂੰ ਜ਼ਮੀਨੀ ਬੈਂਕ ਰਾਹੀਂ ਹਾਸਲ ਕਰਕੇ ਇੱਕ ਨਿੱਜੀ ਅਦਾਰੇ ਨੂੰ ਸੌਂਪਣ ਦੀ ਵਿਉਂਤ ਬਣਾਈ ਜਾ ਰਹੀ ਹੈ। 
ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ 'ਤੇ ਦਲਿਤ ਭਾਈਚਾਰੇ ਨੂੰ ਦੇਣ ਦਾ ਘੋਲ ਸੰਗਰੂਰ ਦੇ ਬੇਨੜਾ ਪਿੰਡ ਤੋਂ ਸ਼ੁਰੂ ਹੋਇਆ ਸੀ ਤੇ ਇੱਕ ਦਹਾਕੇ ਦੇ ਅੰਦਰ ਅੰਦਰ ਇਹ ਸੈਂਕੜੇ ਪਿੰਡਾਂ ਵਿੱਚ ਫੈਲ ਗਿਆ ਹੈ। ਥਾਂ ਥਾਂ 'ਤੇ ਦਲਿਤ ਭਾਈਚਾਰੇ ਨਾਲ ਸਬੰਧਤ ਮਰਦ, ਔਰਤਾਂ, ਨੌਜਵਾਨ ਮੁੰਡੇ-ਕੁੜੀਆਂ ਆਪਣੇ ਹਿੱਸੇ ਦੀ ਜ਼ਮੀਨ ਸਸਤੇ ਰੇਟਾਂ 'ਤੇ ਲੈਣ ਲਈ ਆਪਣੀ ਹੱਕ-ਜਤਾਈ ਕਰਦੇ ਆ ਰਹੇ ਹਨ। ਅਨੇਕਾਂ ਥਾਵਾਂ 'ਤੇ ਕਾਂਗਰਸੀ ਅਤੇ ਅਕਾਲੀ ਗੁੰਡਿਆਂ ਨੇ ਕਿਰਤੀ ਲੋਕਾਂ ਨੂੰ ਲਹੂ-ਲੁਹਾਣ ਕੀਤਾ ਹੈ, ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਉਹਨਾਂ ਦੇ ਸਬਰ-ਸਿਦਕ ਦੀ ਪਰਖs sਕੀਤੀ ਹੈ। ਹਾਕਮਾਂ ਨੂੰ ਭਰਮ ਸੀ ਕਿ ਸ਼ਾਇਦ ਲਾਠੀ-ਗੋਲੀ ਨਾਲ ਲੋਕਾਂ ਨੂੰ ਡਰਾ ਕੇ ਭਜਾ ਦਿੱਤਾ ਜਾਵੇਗਾ ਪਰ ਲੋਕਾਂ ਦਾ ਗੁੱਸਾ ਅਤੇ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। 
ਜ਼ਮੀਨ ਦਾ ਮਸਲਾ ਬੁਨਿਆਦੀ ਮਸਲਾ ਹੋਣ ਕਰਕੇ ਪੰਜਾਬ ਦੀ ਹਕੂਮਤ ਇਹ ਬਿਲਕੁੱਲ ਨਹੀਂ ਚਾਹੇਗੀ ਕਿ ਇੱਥੇ ਕਿਸੇ ਵੀ ਕਿਸਮ ਦਾ ਕੋਈ ਜ਼ਮੀਨੀ ਘੋਲ ਉੱਠੇ। ਜਦੋਂ ਲੋਕ ਇਸ ਮਸਲੇ 'ਤੇ ਕੋਈ ਸਰਗਰਮੀ ਕਰਨ ਤਾਂ ਉਹਨਾਂ ਨੂੰ ਟਰਕਾਅ ਕੇ ਖੱਜਲ-ਖੁਆਰੀਆਂ ਦੇ ਰਾਹ ਪਾਇਆ ਜਾਂਦਾ ਹੈ। ਅਦਾਲਤੀ ਚੱਕਰਾਂ ਵਿੱਚ ਪਾ ਕੇ ਉਹਨਾਂ ਦੀ ਤਾਕਤ ਨੂੰ ਖੇਰੂੰ ਖੇਰੁੰ ਕਰਨ ਦੇ ਹਰਬੇ ਵਰਤੇ ਜਾਂਦੇ ਹਨ। ਕੱਲ੍ਹ ਨੂੰ ਇਹ ਮਸਲਾ ਪੰਜਾਬ ਵਿੱਚ ਵਿਆਪਕ ਪੱਧਰ 'ਤੇ ਉੱਠੇ ਅਤੇ ਬੇਜ਼ਮੀਨ ਲੋਕ ਪੰਚਾਇਤੀ ਜ਼ਮੀਨਾਂ ਤੋਂ ਅੱਗੇ ਹਰ ਕਿਸਮ ਦੀ ਨਜ਼ੂਲ, ਸਰਕਾਰੀ ਅਤੇ ਜੰਗਲਾਤ ਮਹਿਕਮੇ ਦੀ ਜ਼ਮੀਨ 'ਤੇ ਕਬਜ਼ੇ ਕਰਨ ਦੀ ਮੰਗ ਨੂੰ ਚੁੱਕਣ ਅਤੇ ਫੇਰ ਗੈਰ-ਕਾਸ਼ਤਕਾਰਾਂ ਦੀਆਂ ਜ਼ਮੀਨਾਂ ਵੰਡਾਉਣ ਦੇ ਰਾਹ ਤੁਰਨ ਇਸ ਤੋਂ ਪਹਿਲਾਂ ਅਮਰਿੰਦਰ ਸਰਕਾਰ ਨੇ ਇਹ ਕਾਨੂੰਨ ਬਣਾ ਦਿੱਤਾ ਹੈ ਕਿ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਯਾਨੀ ਜਦੋਂ ਜ਼ਮੀਨ ਹੀ ਨਹੀਂ ਰਹੇਗੀ ਤਾਂ ਇਸ ਨੂੰ ਹਾਸਲ ਕਰਨ ਦਾ ਸਵਾਲ ਆਪਣੇ ਆਪ ਹੀ ਖਤਮ ਹੋ ਗਿਆ ਸਮਝ ਲਿਆ ਜਾਵੇਗਾ। 
ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਦਿਵਾਉਣ ਦਾ ਮਸਲਾ ਛੇਤੀ ਕਿਤੇ ਅਤੇ ਕਾਨੂੰਨੀ ਘੇਰਿਆਂ ਰਾਹੀਂ ਹੀ ਹੱਲ ਹੋਣ ਵਾਲਾ ਨਹੀਂ। ਝਾਰਖੰਡ ਵਿੱਚ ਵੀ ਉੱਥੋਂ ਦੀ ਭਾਜਪਾ ਹਕੂਮਤ ਨੇ ਜ਼ਮੀਨੀ ਬੈਂਕ ਬਣਾ ਕੇ ਲੋਕਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਨ ਦਾ ਕਾਨੂੰਨ ਬਣਾਇਆ ਸੀ। ਪਰ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੇ ਖਿਲਾਫ ਪੱਥਲਗੜ੍ਹੀ ਮੁਹਿੰਮ ਛੇੜ ਦਿੱਤੀ ਸੀ। ਯਾਨੀ ਸਰਕਾਰ ਵੱਲੋਂ ਜ਼ਮੀਨਾਂ ਹਾਸਲ ਕਰਨ ਲਈ ਗਰਾਮ ਸਭਾਵਾਂ ਦੇ 80 ਫੀਸਦੀ ਬਹੁਗਿਣਤੀ ਦੀ ਰਾਇ ਲੈਣ ਦੇ ਸੰਵਿਧਾਨਕ ਪੱਖ 'ਤੇ ਪਹਿਰਾ ਦੇਣ ਦੀ ਮੁਹਿੰਮ ਵਿੱਢ ਦਿੱਤੀ ਸੀ। ਹਕੂਮਤ ਨੇ ਇਸ ਮੁਹਿੰਮ ਨੂੰ ਨਕਸਲੀਆਂ ਵੱਲੋਂ ਵਿੱਢੀ ਹੋਣ ਦੇ ਦੋਸ਼ ਤਹਿਤ 19000 ਲੋਕਾਂ ਨੂੰ ਦੇਸ਼ ਧਰੋਹ ਦੇ ਕੇਸਾਂ ਵਿੱਚ ਕੈਦ ਕਰ ਲਿਆ ਸੀ।
ਪੰਜਾਬ ਦੇ ਬੇਜ਼ਮੀਨੇ ਲੋਕਾਂ ਅਤੇ ਥੁੜ੍ਹ-ਜ਼ਮੀਨੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ 1 ਲੱਖ 35 ਹਜ਼ਾਰ ਏਕੜ ਜ਼ਮੀਨ 'ਤੇ ਆਪਣਾ ਕਬਜ਼ਾ ਹਾਸਲ ਕਰਨ ਲਈ ਇਕੱਠੇ ਹੋ ਕੇ ਜੂਝਣ। ਇਸ ਦੀ ਖਾਤਰ ਪਿੰਡਾਂ ਦੀਆਂ ਪੰਚਾਇਤਾਂ 'ਤੇ ਕਾਬਜ਼ ਘੜੰਮ-ਚੌਧਰੀਆਂ ਨੂੰ ਬੇਵਸ ਕਰ ਦੇਣ ਕਿ ਉਹ ਜਾਂ ਤਾਂ ਇਹ ਜ਼ਮੀਨਾਂ ਉਹਨਾਂ ਵਿੱਚ ਵੰਡਣ ਦੇ ਮਤੇ ਪਾਉਣ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਲੋਕਾਂ ਦੀਆਂ ਜ਼ਮੀਨਾਂ ਲੁਟੇਰਿਆਂ ਦੇ ਹੱਥ ਸੌਂਪਣ ਵਾਲਿਆਂ ਦੇ ਘਰਾਂ-ਦਰਾਂ 'ਤੇ ਧਰਨੇ ਲਾ ਕੇ ਉਹਨਾਂ ਨੂੰ ਲੋਕਾਂ ਵਿੱਚੋਂ ਨਿਖੇੜਨ ਦੇ ਰਾਹ ਪੈਣ। ਇਸ ਦੇ ਨਾਲ ਹੀ ਜਦੋਂ ਵੀ ਜ਼ਮੀਨ ਅਤੇ ਪਿੰਡ ਦੀ ਸੱਤਾ ਵਰਗੇ ਕਿਸੇ ਬੁਨਿਆਦੀ ਮਸਲੇ ਨੂੰ ਹੱਥ ਲੈਣਾ ਹੁੰਦਾ ਹੈ ਤਾਂ ਇਹਦੀ ਸਿਰਫ ਮੰਗ ਕਰਨ ਨਾਲ ਹੱਲ ਨਹੀਂ ਹੋ ਜਾਣਾ ਹੁੰਦਾ ਬਲਕਿ ਇਹ ਦੀ ਖਾਤਰ ਤਕੜੀ ਲੋਕ-ਏਕਤਾ ਅਤੇ ਖਾੜਕੂ ਘੋਲਾਂ ਦੇ ਅਖਾੜੇ ਵਿੱਚ ਨਿੱਤਰਨਾ ਪੈਂਦਾ ਹੈ।

ਚੰਗਾਲੀਵਾਲਾ ਕਤਲ-ਕਾਂਡ ਜਾਗੀਰੂ ਜਬਰ ਦੀ ਨੰਗੀ-ਚਿੱਟੀ ਦਾਸਤਾਨ

ਚੰਗਾਲੀਵਾਲਾ ਕਤਲ-ਕਾਂਡ
ਜਾਗੀਰੂ ਜਬਰ ਦੀ ਨੰਗੀ-ਚਿੱਟੀ ਦਾਸਤਾਨ
''ਤੁਸੀਂ ਬੰਦਿਆਂ ਦੀ ਗੱਲ ਕਰਦੇ ਹੋ? ਉਹ ਤਾਂ ਬੇਜੁਬਾਨ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਨਹੀਂ ਬਖਸ਼ਦੇ।'' ਉਸਨੇ ਆਪਣਾ ਸੱਜਾ ਹੱਥ ਉੱਪਰ ਚੁੱਕਿਆ ਪਰ ਉਸਦੀ ਬਾਂਹ ਨੂੰ ਵਿੰਗਾ ਜੋ ਪਿਆ ਹੋਇਆ ਸੀ। ਬਾਂਹ ਉੱਪਰ ਉਸ ਨੇ ਆਪਣਾ ਨਾਂ ਗੁਰਮੁਖੀ ਵਿੱਚ ਖੁਦਵਾਇਆ ਹੋਇਆ ਸੀ। ਇਹ ਜਗਮੇਲ ਸਿੰਘ ਦੇ ਵੱਡੇ ਭਰਾ ਗੁਰਤੇਜ ਸਿੰਘ ਦੀ ਟੁੱਟੀ ਬਾਂਹ ਸੀ। ਉਹ ਉਸ ਨੂੰ ਉਦੋਂ ਤੱਕ ਕੁੱਟਦੇ ਰਹੇ ਸਨ, ਜਦੋਂ ਤੱਕ ਉਸਦੀ ਬਾਂਹ ਟੁੱਟ ਨਹੀਂ ਸੀ ਗਈ। ਬਾਅਦ ਵਿੱਚ ਉਹ ਉਸ ਨੂੰ ਉਸਾਰੀ ਅਧੀਨ ਇੱਕ ਗੰਦੇ ਚਲ਼ੇ ਕੋਲ ਤੜਫ ਕੇ ਮਰਨ ਲਈ ਸੁੱਟ ਗਏ। ਗੁਰਤੇਜ ਸਿੰਘ ਦੇ ਦੱਸਣ ਮੁਤਾਬਕ ਉਸਦਾ ਕਸੁਰ ਸਿਰਫ ਇਹ ਸੀ ਉਸਨੇ ਰਿੰਕੂ ਅਤੇ ਉਸਦੇ ਟੋਲੇ ਨੂੰ ਇਹ ਸਵਾਲ ਕਰ ਦਿੰਦਾ ਸੀ ਕਿ ਮੇਰੇ ਛੋਟੇ ਭਰਾ ਬਚਿੱਤਰ ਸਿੰਘ ਨੂੰ ਇੱਕ ਸਾਧੂ ਦੇ ਕਤਲ ਕੇਸ ਵਿੱਚ ਕਿਉਂ ਫਸਾਇਆ ਹੈ। ਇਸ ਸਾਧੂ ਦਾ ਡੇਰਾ ਉਹਨਾਂ ਦੇ ਖੇਤ ਵਿੱਚ ਸੀ। ਰਿੰਕੂ ਜਗਮੇਲ ਦੇ ਚਾਰ ਕਾਤਲਾਂ ਵਿੱਚੋਂ ਇੱਕ ਹੈ। ਬਚਿੱਤਰ ਸਿੰਘ ਇੱਕ ਸਾਲ ਬਾਅਦ ਸਾਧੂ ਦੇ ਕਤਲ ਕੇਸ ਵਿੱਚ ਬਰੀ ਹੋ ਗਿਆ ਸੀ। 
ਗੁਰਤੇਜ ਸਿੰਘ ਜਿਉਂਦਾ ਤਾਂ ਰਹਿ ਗਿਆ ਪਰ ਉਹ ਆਪਣੀ ਬਾਂਹ ਦਾ ਸਹੀ ਇਲਾਜ ਨਹੀਂ ਕਰਵਾ ਸਕਿਆ। ਉਸਦੀ ਵਿੰਗੀ ਟੇਢੀ ਬਾਂਹ ਛੇ ਦਹਾਕਿਆਂ ਦੇ ਉਹਨਾਂ ਜ਼ੁਲਮਾਂ ਦਾ ਇੱਕ ਹੋਰ ਸਬੂਤ ਬਣ ਗਈ, ਜਿਸ ਵਿੱਚ ਪੰਛੀਆਂ ਤੇ ਜਾਨਵਰਾਂ ਨੂੰ ਹੋਰ ਵਹਿਸ਼ੀਆਨਾ ਢੰਗ ਨਾਲ ਕਤਲ ਕੀਤਾ ਜਾਂਦਾ ਹੈ। ਗੁਰਵਿੰਦਰ ਸਿੰਘ ਅਜਿਹਾ ਹੀ ਇੱਕ ਜ਼ਾਲਮ ਵਿਅਕਤੀ ਸੀ। 
ਗੁਰਵਿੰਦਰ ਸਿੰਘ ਦੇ ਲਾਣੇ ਦੀ ਲਹਿਰਾ ਇਲਾਕੇ ਵਿੱਚ ਚਰਚਾ ਛਿੜੀ ਰਹਿੰਦੀ ਹੈ। ਪਰ ਜਗਮੇਲ ਸਿੰਘ ਦੇ ਕਤਲ ਨੇ ਉਹਨਾਂ ਦੇ ਘਿਨਾਉਣੇ ਕਾਰਿਆਂ ਨੂੰ ਹੋਰ ਉਘਾੜ ਦਿੱਤਾ। ਪੰਦਰਾਂ ਸਾਲ ਦੇ ਬੱਚਿਆਂ ਤੋਂ ਲੈ ਕੇ 70-80 ਸਾਲਾਂ ਨੂੰ ਢੁਕੇ ਬੰਦੇ ਗੁਰਵਿੰਦਰ ਸਿੰਘ ਦੀਆਂ ਗੱਲਾਂ ਕਰਦੇ ਹਨ, ਜੋ ਕੁੱਝ ਉਸਨੇ ਬਚਨ ਸਿੰਘ ਨਾਲ ਕੀਤਾ ਸੀ। 
ਬਚਨ ਸਿੰਘ ਅਤੇ ਗੁਰਵਿੰਦਰ ਸਿੰਘ ਦਾ ਵੈਰ ਪੈ ਗਿਆ ਸੀ। ਇੱਕ ਸ਼ਾਮੀ ਗੁਰਵਿੰਦਰ ਸਿੰਘ ਨੇ ਬਚਨ ਸਿੰਘ ਦੇ ਗੋਲੀ ਮਾਰੀ, ਉਸ ਨੂੰ ਆਪਣੇ ਖੇਤਾਂ ਵਿੱਚ ਲੈ ਗਿਆ ਅਤੇ ਉਸਦੇ ਜਿਉਂਦੇ ਦੀਆਂ ਲੱਤਾਂ-ਬਾਹਾਂ ਦੇ ਟੋਟੇ ਕਰ ਕਰ ਕੇ ਪਾਲਤੂ ਕੁੱਤਿਆਂ ਨੂੰ ਖੁਆਏ ਗਏ। ਕਈ ਦਿਨਾਂ ਬਾਅਦ ਉਸਦਾ ਕਰੰਗ ਨੇੜਲੀ ਡਰੇਨ ਵਿੱਚੋਂ ਮਿਲਿਆ। ਬਚਨ ਸਿੰਘ ਦਾ ਪਰਿਵਾਰ ਪਿੰਡ ਛੱਡ ਕੇ ਚਲਿਆ ਗਿਆ। ਜਮਹੂਰੀ ਹੱਕਾਂ ਦੀ ਜਥੇਬੰਦੀ ਦੇ ਕਾਰਕੁੰਨ ਨਾਮਦੇਵ ਨੇ ਦੱਸਿਆ ਕਿ ''ਬਚਨ ਸਿੰਘ ਦਾ ਪੁੱਤਰ ਮੇਰਾ ਹਮ-ਜਮਾਤੀ ਸੀ।'' ਨਾਮਦੇਵ ਲਾਗਲੇ ਪਿੰਡ ਭੁਟਾਲ ਦਾ ਰਹਿਣ ਵਾਲਾ ਹੈ। 
ਨਾਮਦੇਵ ਦੇ ਦੱਸਣ ਮੁਤਾਬਕ ਉਸ ਇਲਾਕੇ ਵਿੱਚ ਸਦੀਆਂ ਤੋਂ ਅੰਨ੍ਹੇ ਜਾਗੀਰੂ ਜਬਰ ਦਾ ਬੋਲਬਾਲਾ ਰਿਹਾ ਹੈ। ''ਇੱਥੇ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ: ਸਰਦਾਰ, ਜੱਟ ਤੇ ਦਲਿਤ। ਬਰਤਾਨਵੀ ਸਾਮਰਾਜੀ ਅਤੇ ਰਿਆਸਤੀ ਰਾਜਿਆਂ ਪ੍ਰਤੀ ਵਫਾ ਨਿਭਾਉਣ ਸਦਕਾ ਸਰਦਾਰਾਂ ਨੂੰ ਜ਼ਮੀਨ ਦੀਆਂ ਵੱਡੀਆਂ ਢੇਰੀਆਂ ਮਿਲੀਆਂ ਹੋਈਆਂ ਸਨ। ਦਲਿਤ ਸਰਦਾਰਾਂ ਹੱਥੋਂ ਸਭ ਤੋਂ ਵੱਧ ਪੀੜਤ ਸਨ, ਕਿਉਂਕਿ ਜਦੋਂ ਵੀ ਦਲਿਤ ਵੱਧ ਦਿਹਾੜੀ (ਤਨਖਾਹ) ਜਾਂ ਵੱਧ ਆਨਾਜ ਦੀ ਮੰਗ ਕਰਦੇ ਸਨ ਤਾਂ ਸਰਦਾਰ ਇਸ ਨੂੰ ਆਪਣੀ ਸੱਤਾ ਲਈ ਚੁਣੌਤੀ ਵਜੋਂ ਲੈਂਦੇ ਸਨ।'' 
ਇਲਾਕੇ ਦੇ ਬਹੁਤ ਸਾਰੇ ਸਰਦਾਰ ਪੁਲਸ ਦੇ ਸੂਹੀਆਂ ਦਾ ਕੰਮ ਕਰਦੇ ਸਨ। ਨਾਮਦੇਵ ਨੇ ਦੱਸਿਆ ਕਿ ''ਗੁਰਵਿੰਦਰ ਸਿੰਘ ਸਾਰੇ ਸੂਹੀਆਂ ਦਾ ਗੁਰੂ-ਘੰਟਾਲ ਸੀ। ਉਹ ਪਿੰਡਾਂ ਵਿੱਚ ਸ਼ਰਾਬ ਕੱਢਣ ਵਾਲੇ ਗਰੀਬਾਂ ਤੋਂ ਲੈ ਕੇ ਨਕਸਲਬਾੜੀ ਲਹਿਰ ਤੱਕ ਦੀ ਹਰ ਕਾਰਵਾਈ ਦੀ ਸੂਹ ਪੁਲਸ ਨੂੰ ਦਿੰਦਾ ਸੀ। ਉਹ ਇਲਾਕੇ ਦੇ ਹਰ ਕੇਸ ਵਿੱਚ ਪੁਲਸ ਦਾ ਗਵਾਹ ਬਣਦਾ ਸੀ।''
ਪੁਲਸ ਨਾਲ ਉੱਠਣ-ਬੈਠਣ ਹੋਣ ਕਰਕੇ ਉਸਦੇ ਲਾਣੇ ਨੂੰ ਲੱਗਦਾ ਸੀ ਕਿ ਕਾਨੂੰਨ ਉਹਨਾਂ ਦਾ ਕੁੱਝ ਨਹੀਂ ਵਿਗਾੜ ਸਕਦਾ। ਨਾ ਸਿਰਫ ਬੰਦੇ ਹੀ, ਪਸ਼ੂ ਵੀ ਉਹਨਾਂ ਦੀ ਮਾਰ ਤੋਂ ਨਾ ਬਚ ਸਕਦੇ। ਨਾਮਦੇਵ ਨੇ ਦੱਾਸਿਆ ਕਿ ਇੱਕ ਵਾਰ ਗੁਰਵਿੰਦਰ ਨੇ ਇੱਕ ਝੋਟੇ ਦੇ ਪਿਛਲੇ ਪਾਸੇ ਗੁਦਾ ਵਿੱਚ ਬੰਦੂਕ ਦੀ ਨਾਲੀ ਘੁਸੋ ਕੇ ਬੰਦੂਕ ਇਹ ਦੇਖਣ ਲਈ ਚਲਾ ਦਿੱਤੀ ਕਿ ਦੇਖੀਏ ਝੋਟਾ ਮਰਦਾ ਕਿਵੇਂ ਹੈ? ਛੇ ਦਹਾਕੇ ਪਿੱਛੋਂ ਤਕਰੀਬਨ ਹਰ ਕੋਈ ਇਹ ਕਹਾਣੀ ਵੀ ਸੁਣਾਉਂਦਾ ਹੈ। 
ਦਲਿਤਾਂ ਦੀਆਂ ਔਰਤਾਂ ਅਤੇ ਬੱਚਿਆਂ ਦੀ ਭੋਰਾ ਕਦਰ ਨਹੀਂ ਸੀ। ਨੇੜਲੇ ਪਿੰਡ ਖੋਖਰ ਦੇ ਬਿੱਕਰ ਸਿੰਘ ਨੇ ਇੱਕ ਹੋਰ ਕਹਾਈ ਦੱਸੀ, ''ਜਵਾਨੀ ਦੇ ਦਿਨਾਂ ਵਿੱਚ ਅਸੀਂ ਗੁਰਵਿੰਦਰ ਦੇ ਖੇਤਾਂ ਦੇ ਲਾਗੇ ਪਸ਼ੂ ਚਰਾਉਣ ਜਾਂਦੇ ਹੁੰਦੇ ਸੀ। ਉਸਦੇ ਲਗਾੜੇ ਅਕਸਰ ਹੀ ਉਹਨਾਂ ਦਲਿਤ ਔਰਤਾਂ ਨੂੰ ਖਿੱਚ ਲਿਜਾਂਦੇ ਸਨ ਜਿਹੜੀਆਂ ਸਾਗ ਤੋੜਨ ਜਾਂ ਕੱਠ-ਪੱਠੇ ਲੈਣ ਲਾਗਲੇ ਖੇਤਾਂ ਵਿੱਚ ਜਾਂਦੀਆਂ ਸਨ। ਉਹ ਡੰਗਰ-ਪਸ਼ੂਆਂ ਨੂੰ ਵੱਢਣ ਲਈ ਕੁੱਤੇ ਉਹਨਾਂ ਦੇ ਪਿੱਛੇ ਛੱਡਦੇ ਸਨ। ਉਹਨਾਂ ਦੀ ਦਹਿਸ਼ਤ ਐਨੀ ਸੀ ਕਿ ਨਾ ਬਲਾਤਕਾਰ ਦੀਆਂ ਸ਼ਿਕਾਰ ਅਤੇ ਨਾ ਹੀ ਕੋਈ ਗਵਾਹ ਇੱਕ ਵੀ ਲਫਜ਼ ਉਹਨਾਂ ਦੇ ਖਿਲਾਫ ਬੋਲਦਾ।''
ਬੱਚੇ ਵੀ ਉਹਨਾਂ ਦੇ ਜ਼ੁਲਮਾਂ ਤੋਂ ਨਾ ਬਚਦੇ। ਤਕਰੀਬਨ ਹਰ ਕੋਈ ਇਹ ਦੱਸਦਾ ਕਿ ਕਿਵੇਂ ਗੁਰਵਿੰਦਰ ਜਾਂ ਉਸਦੇ ਮੁੰਡੇ ਡੰਗਰ ਚਾਰਨ ਵਾਲੇ ਪਾਲੀਆਂ ਨੂੰ ਸਜ਼ਾਵਾਂ ਦਿੰਦੇ ਸਨ। ਉਹ ਪਾਲੀਆਂ ਨੂੰ ਡੰਗਰਾਂ ਦਾ ਗੋਹਾ ਖਾਣ ਲਈ ਮਜਬੂਰ ਕਰਦੇ ਸਨ ਜਾਂ ਟੋਕਰੇ ਥੱਲੇ ਤਾੜ ਕੇ ਉੱਪਰ ਪੱਥਰ ਰੱਖ ਕੇ ਤਸੀਹੇ ਦਿੰਦੇ। 
ਨਕਸਲੀ ਲਹਿਰ ਦੇ ਉਭਾਰ ਦਾ ਅਸਰ
ਇੱਕ ਪਾਸੇ ਜਿੱਥੇ ਗੁਰਵਿੰਦਰ ਦੀ ਵਹਿਸ਼ੀਅਤ ਆਪਣੀਆਂ ਸਿਖਰਾਂ ਛੋਹ ਰਹੀ ਸੀ ਤਾਂ ਦੂਜੇ ਪਾਸੇ ਪੱਛਮੀ ਬੰਗਾਲ ਦੇ ਛੋਟੇ ਜਿਹੇ ਪਿੰਡ ਨਕਸਲਬਾੜੀ ਵਿੱਚੋਂ ''ਜ਼ਮੀਨ ਹਲਵਾਹਕ ਦੀ'' ਦੇ ਨਾਅਰੇ ਨੇ 1960 ਵਿੱਚ ਲਹਿਰੇ ਦੀ ਜੁਆਨੀ ਦੇ ਇੱਕ ਹਿੱਸੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਸੀ। 
ਖੋਖਰ ਕਲਾਂ ਪਿੰਡ ਦਾ ਸ਼ਮਸ਼ੇਰ ਸਿੰਘ ਸ਼ੇਰੀ, ਚੰਗਾਲੀਵਾਲੇ ਦੇ ਸਰਦਾਰਾਂ ਦੀਆਂ ਘਿਨਾਉਣੀਆਂ ਕਰਤੂਤਾਂ ਦੀਆਂ ਕਹਾਣੀਆਂ ਸੁਣਦਾ ਜੁਆਨ ਹੋਇਆ ਸੀ। ਗੱਲ ਅੱਗੇ ਤੁਰਦੀ ਤੁਰਦੀ ਇੱਥੋਂ ਤੱਕ ਜਾ ਪਹੁੰਚੀ ਕਿ 4 ਅਪ੍ਰੈਲ 1971 ਦੀ ਸ਼ਾਮ ਨੂੰ ਸ਼ੇਰੀ ਦੇ ਹਥਿਆਰਬੰਦ ਟੋਲੇ ਨੇ ਲਹਿਰੇ ਅਤੇ ਚੰਗਾਲੀਵਾਲੇ ਵਿਚਕਾਰਲੀ ਡਰੇਨ ਦੇ ਕਿਨਾਰੇ ਗੁਰਵਿੰਦਰ ਸਿੰਘ 'ਤੇ ਹਮਲਾ ਕਰ ਦਿੱਤਾ। 
ਸਹਿਕਾਰੀ ਸਭਾ ਤੋਂ ਰਿਟਾਇਰ ਜਗਜੀਤ ਭੁਟਾਲ, ਜੋ ਹੁਣ ਨੇੜਲੇ ਪਿੰਡਾਂ ਵੱਲੋਂ ਬਣਾਏ ਲੋਕ ਚੇਤਨਾ ਮੰਚ ਦਾ ਕਾਰਕੁੰਨ ਹੈ, ਨੇ ਦੱਸਿਆ ਕਿ ਗੁਰਵਿੰਦਰ ਸਿੰਘ ਹਮੇਸ਼ਾਂ ਆਪਣੇ ਕੋਲ ਬੰਦੂਕ ਰੱਖਦਾ ਹੁੰਦਾ ਸੀ, ਪਰ ਉਸਦੀ ਇਹ ਹਿੰਮਤ ਨਹੀਂ ਪਈ ਕਿ ਉਹ ਰਵਾਇਤੀ ਹਥਿਆਰਾਂ ਨਾਲ ਲੈਸ ਨੌਜਵਾਨਾਂ 'ਤੇ ਗੋਲੀ ਚਲਾ ਸਕੇ। ਇਸ ਤਰ੍ਹਾਂ ਦੋ ਦਹਾਕਿਆਂ ਦੇ ਲੰਮੇ ਅੰਨ੍ਹੇ ਜ਼ੁਲਮ ਦਾ ਖਾਤਮਾ ਕਰ ਦਿੱਤਾ ਗਿਆ ਅਤੇ ਇਹ ਸੁਕੈਡ ਰਾਤ ਦੇ ਹਨੇਰੇ ਵਿੱਚ ''ਜਾਗੀਰਦਾਰੀ ਮੁਰਦਾਬਾਦ'' ਦੇ ਨਾਹਰੇ ਲਾਉਂਦਾ ਗੁਰਵਿੰਦਰ ਦੀ ਬਾਰਾਂ ਬੋਰ ਦੀ ਬੰਦੂਕ ਲੈ ਕੇ ਬਚ ਨਿਕਲਿਆ। 
ਜਗਜੀਤ ਸਿੰਘ ਨੇ ਦੱਸਿਆ, ''ਪਰ ਸ਼ੇਰੀ ਨੂੰ ਇਸ ਦੀ ਭਾਰੀ ਕੀਮਤ ਤਾਰਨੀ ਪਈ। ਉਸਦੀ ਜ਼ਮੀਨ ਜਬਤ ਕਰ ਲਈ ਗਈ, ਉਸਦੇ ਘਰ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ ਗਿਆ, ਉਸਦੇ ਭਰਾਵਾਂ ਅਤੇ ਘਰਵਾਲੀ ਨੂੰ ਹਫਤਿਆਂ ਬੱਧੀ ਤਸੀਹੇ ਦਿੱਤੇ ਗਏ, ਸਰਕਾਰ ਲਈ ਉਹ ਕੋਈ ''ਦੁਰਲੱਭ ਸ਼ੈਅ'' ਬਣਿਆ ਹੋਇਆ ਸੀ। । ਸ਼ੇਰੀ ਮੁੜ ਕੇ ਘਰ ਨਾ ਪਰਤਿਆ। ਚਾਰ ਦਹਾਕਿਆਂ ਬਾਅਦ, ਉਸਦੀ ਲਾਸ਼ ਲਾਲ ਝੰਡੇ ਵਿੱਚ ਲਿਪਟੀ ਉਦੋਂ ਵਾਪਸ ਆਈ, ਜਦੋਂ 2005 ਵਿੱਚ ਉਸਦੀ ਦਿਮਾਗੀ ਬੁਖਾਰ ਨਾਲ ਮੌਤ ਹੋ ਗਈ ਸੀ। ਉਹ ਪਾਬੰਦੀਸ਼ੁਧਾ ਜਥੇਬੰਦੀ ਸੀ.ਪੀ.ਆਈ.(ਮਾਓਵਾਦੀ) ਦੇ ਉੱਚਤਮ ਫੈਸਲੇ ਕਰਨ ਵਾਲੇ ਅਦਾਰੇ, ਪੋਲਿਟ ਬਿਊਰੋ ਦਾ ਮੈਂਬਰ ਸੀ।''
ਇਸ ਇਲਾਕੇ ਵਿੱਚ ਸ਼ੇਰੀ ਅਤੇ ਗੁਰਵਿੰਦਰ ਦੀਆਂ ਗੱਲਾਂ ਇੱਕੋ ਵੇਲੇ ਹੀ ਚੱਲਦੀਆਂ ਰਹਿੰਦੀਆਂ ਹਨ। ਫਰਕ ਇਹ ਹੈ ਕਿ ਹਰ ਸਾਲ 30 ਅਕਤੂਬਰ ਨੂੰ ਵਿਦਿਆਰਥੀ, ਕਿਸਾਨ, ਦਲਿਤ ਇਕੱਠੇ ਹੋ ਕੇ ਸ਼ੇਰੀ ਦੀ ਯਾਦਗਾਰ 'ਤੇ ਖੋਖਰ ਕਲਾਂ ਵਿੱਚ ਇੱਕਸੁਰ ਹੋ ਕੇ ਇਹ ਸਮੂਹ ਗਾਨ ਗਾਉਂਦੇ ਹਨ ਕਿ ''ਸ਼ੇਰੀ ਵਰਗੇ ਸ਼ੇਰ, ਧਰਤੀਏ ਜੰਮਦੀ ਰਹੀਂ।''
ਗੁਰਵਿੰਦਰ ਦੀ ਮੌਤ ਤੋਂ ਬਾਅਦ ਵਿੱਚ ਇਲਾਕੇ ਵਿੱਚ ਕਈ ਸਾਲਾਂ ਤੱਕ ਸ਼ਾਂਤੀ ਰਹੀ। 
ਉਸਦੇ ਪੁੱਤਰ ਨੇ ਵਹਿਸ਼ੀ ਕਾਰਵਾਈਆਂ ਨਹੀਂ ਸਨ ਕੀਤੀਆਂ। ਪਰ ਜਦੋਂ 1980ਵਿਆਂ ਵਿੱਚ ਨਕਸਲਬਾੜੀ ਲਹਿਰ ਉਤਰਾਅ ਵਿੱਚ ਚਲੀ ਗਈ ਤਾਂ ਭੁਟਾਲ ਦੇ ਦੱਸਣ ਮੁਤਾਬਕ ''ਜਗਮੇਲ ਦੇ ਕਤਲ ਦੀਆਂ ਜੜ੍ਹਾਂ ਇਨਸਾਫ ਲਈ ਲੜਾਈ ਨੂੰ ਲੱਗੇ ਧੱਕੇ ਵਿੱਚ ਪਈਆਂ ਹਨ। ਭਾਵੇਂ ਇਸ ਇਲਾਕੇ ਵਿੱਚ ਜਾਗੀਰਦਾਰੀ ਦੀ ਰਹਿੰਦ-ਖੂੰਹਦ ਹੀ ਬਾਕੀ ਹੈ, ਪਰ ਹੁਣ ਦੇ ਸਮਿਆਂ ਵਿੱਚ  ਤਾਕਤ ਉਹ ਵੱਡੇ ਸਿਆਸੀ ਆਗੂਆਂ ਕੋਲੋਂ ਹਾਸਲ ਕਰਦੇ ਹਨ।''
ਮੌਜੂਦਾ ਕੇਸ ਵਿੱਚ ਗੁਰਵਿੰਦਰ ਸਿੰਘ ਦਾ ਪੋਤਰਾ ਅਮਰਜੀਤ ਤੇ ਪੜ-ਪੋਤਰਾ ਰਿੰਕੂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਨਜ਼ਦੀਕ ਮੰਨੇ ਜਾਂਦੇ ਹਨ। ਗੁਰਵਿੰਦਰ ਸਿੰਘ ਰਾਜਿੰਦਰ ਕੌਰ ਭੱਠਲ ਦੇ ਸਹੁਰੇ ਦਾ ਭਰਾ ਸੀ। ਅਮਰਜੀਤ ਤੇ ਰਿੰਕੂ ਜਗਮੇਲ ਦੇ ਕਤਲ ਵਿੱਚ ਦੋਸ਼ੀ ਹਨ। 
ਕਾਰਕੁੰਨਾਂ ਨੇ ਸ਼ਰੇਆਮ ਆਖਿਆ ਕਿ ਭੱਠਲ ਦਾ ਭਤੀਜਾ ਹੈਰੀ ਕਾਤਲਾਂ ਦੀ ਪਿੱਠ ਥਾਪੜ ਰਿਹਾ ਹੈ। ਜਦੋਂ ਲੋਕਾਂ ਨੇ ਲਹਿਰੇ ਭੱਠਲ ਦੀ ਕੋਠੀ ਦਾ ਘੇਰਾਓ ਕੀਤਾ ਤਾਂ ਹੀ ਵਿਖਾਵਾਕਾਰੀਆਂ ਦੀਆਂ ਮੰਗਾਂ ਮੰਨੀਆਂ ਗਈਆਂ। ਭਾਵੇਂ ਕਿ ਭੱਠਲ ਅਜਿਹੇ ਦੋਸ਼ ਤੋਂ ਇਨਕਾਰ ਕਰਦੀ ਰਹੀ ਹੈ ਤੇ ਪੁਲਸ ਕੋਲੋਂ ਇਨਸਾਫ ਦਿਵਾਉਣ ਦੇ ਦਾਅਵੇ ਕਰਦੀ ਹੈ। 
ਜੇਕਰ ਗੁਰਵਿੰਦਰ ਦੀਆਂ ਕਰਤੂਤਾਂ ਪਿਛਲੀ ਪੀੜ੍ਹੀ ਵਿੱਚ ਚਰਚਾ ਦਾ ਵਿਸ਼ਾ ਰਹੀਆਂ ਸਨ ਤਾਂ ਨਵੀਂ ਪੀੜੀ ਉਸਦੀਆਂ ਅਗਲੀਆਂ ਪੀੜ੍ਹੀਆਂ ਦੇ ਜ਼ੁਲਮਾਂ ਨੂੰ ਵੇਖ ਰਹੀ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਕੁੱਤੇ ਵੀ ਅਮਰਜੀਤ ਦੇ ਘਰ ਅੱਗੇ ਭੌਂਕ ਨਹੀਂ ਸਨ ਸਕਦੇ, ਮੰਗਤੇ ਉਸਦਾ ਬੂਹਾ ਨਹੀਂ ਸਨ ਖੜਕਾ ਸਕਦੇ, ਬੇਜ਼ਮੀਨੇ ਲੋਕ ਉਸਦੇ ਖੇਤਾਂ ਵਿੱਚੋਂ ਸਾਗ ਜਾਂ ਕੱਖ-ਪੱਠਾ ਲਿਆਉਣ ਦੀ ਹਿੰਮਤ ਨਹੀਂ ਸਨ ਕਰ ਸਕਦੇ। ਉਸਦਾ ਪੁੱਤਰ ਰਿੰਕੂ ਟਰੈਕਟਰ 'ਤੇ ਗੰਦੇ ਗੀਤ ਲਾ ਕੇ ਮਜ਼ਦੂਰਾਂ ਦੇ ਵਿਹੜੇ ਵਿੱਚ ਗੇੜੇ ਦਿੰਦਾ ਰਹਿੰਦਾ ਸੀ।
ਪਿੰਡ ਦੇ ਇੱਕ ਬੰਦੇ ਨੇ ਦੱਸਿਆ ਕਿ ਘਮੰਤੂ ਕਬੀਲਿਆਂ ਦੀ ਇੱਕ ਔਰਤ ਅਮਰਜੀਤ ਦੇ ਖੇਤਾਂ ਵਿੱਚ ਸਾਗ ਲੈਣ ਚਲੀ ਗਈ। ਇਹ ਲੋਕ ਪਿੰਡ ਦੇ ਬਾਹਰ-ਵਾਰ ਡੇਰਾ ਲਾਈ ਬੈਠੇ ਸਨ। ਅਮਰਜੀਤ ਨੇ ਡਾਂਗ ਮਾਰ ਕੇ ਔਰਤ ਦਾ ਚੂਲਾ ਭੰਨ ਦਿੱਤਾ। ਉਹ ਚੁੱਪ-ਚੁਪੀਤੇ ਪਿੰਡ ਛੱਡ ਗਏ।
ਹੁਣੇ ਜਿਹੀ ਦੀ ਗੱਲ ਹੈ, ਇੱਕ ਸਾਧ ਰਿੰਕੂ ਦੇ ਘਰ ਆਟਾ ਮੰਗਣ ਗਿਆ। ਰਿੰਕੂ ਨੇ ਉਸਨੂੰ ਆਪਣੇ ਘਰੇ ਬੰਦ ਕਰਕੇ ਕੁਟਾਪਾ ਚਾੜ੍ਹ ਕੇ ''ਸਬਕ ਸਿਖਾਇਆ।'' ਸਾਧੂ ਆਪਣੀ ਜਾਨ ਬਚਾਉਣ ਲਈ ਭੱਜਿਆ। ਭੋਲਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਨੌਜਵਾਨ ਨੇ ਉਸਨੂੰ ਆਪਣੀ ਦੁਪਹੀਆ ਵਾਹਨ 'ਤੇ ਬਿਠਾ ਬਾਹਰ ਕੱਢਿਆ ਤੇ ਟਿਕਟ ਲੈ ਕੇ ਨੇੜਲੇ ਸ਼ਹਿਰ ਪਹੁੰਚਾਇਆ। 
ਚੰਗਾਲੀਵਾਲਾ ਦੇ ਕਬੂਤਰਾਂ ਦੀ ਉਡਾਰੀ ਲਾਉਣ ਵਾਲੇ ਦਲਿਤ ਨੌਜਵਾਨ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ਦੇ ਦਲਿਤਾਂ ਨੂੰ ਤਾਂ ਕਬੂਤਰਬਾਜੀ ਵਿਚੱ ਹਿੱਸਾ ਵੀ ਨਹੀਂ ਲੈਣ ਦਿੱਤਾ ਜਾਂਦਾ। ਉਸਨੇ ਦੱਸਿਆ ਕਿ ''ਮੇਰੇ ਕਬੂਤਰ ਉਹਨਾਂ ਦੇ ਕਬੂਤਰਾਂ ਨਾਲੋਂ ਕਿਤੇ ਵਧੇਰੇ ਚੰਗੇ ਨਿੱਬੜਦੇ ਹਨ। ਇੱਕ ਦਿਨ ਮੇਰੇ 26 ਕਬੂਤਰਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਕਾਰਾ ਰਿੰਕੂ ਨੇ ਕੀਤਾ ਸੀ।'' 
ਗੁਰਵਿੰਦਰ ਸਿੰਘ ਮੌਤ ਤੋਂ ਪੰਜ ਦਹਾਕੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਲਿਤ ਆਪਣੇ ਉੱਪਰ ਹੋਏ ਜ਼ੁਲਮਾਂ ਸਬੰਧੀ ਜੁਬਾਨ ਖੋਲ੍ਹਣ ਲੱਗੇ ਹਨ। ਹਰ ਕੋਈ ਨਵੀਂ ਕਹਾਣੀ ਦੱਸਦਾ ਹੈ... ਇੱਕ ਬੰਦੇ ਨੇ ਦੱਸਿਆ ਕਿ ਜੇ ਇਸ ਇਲਾਕੇ ਵਿੱਚ ਇਹ ਮਜ਼ਦੂਰਾਂ ਦੀਆਂ (ਖੱਬੇ-ਪੱਖੀ ਖਾੜਕੂ) ਜਥੇਬੰਦੀਆਂ ਨਾ ਹੁੰਦੀਆਂ ਤਾਂ ਜਗਮੇਲ ਦਾ ਕਤਲ ਵੀ ਦੱਬਿਆ ਹੀ ਰਹਿ ਜਾਣਾ ਸੀ...।'' (ਦੀ ਟ੍ਰਿਬਿਊਨ, 24 ਨਵੰਬਰ 2019)
ਦਲਿਤ, ਚੰਗਾਲੀਵਾਲਾ  ਕਾਂਡ ਅਤੇ ਜ਼ਮੀਨੀ ਸਵਾਲ
ਦਿਲ ਦਹਿਲਾ  ਦੇਣ ਵਾਲਾ ਕਾਂਡ ਜ਼ਿਲ੍ਹਾ ਸੰਗਰੂਰ 'ਚ ਲਹਿਰਾਗਾਗਾ ਦੇ ਨੇੜੇ ਪੈਂਦੇ ਪਿੰਡ ਚੰਗਾਲੀਵਾਲਾ ਵਿਖੇ ਵਾਪਰਿਆ। ਅਕਸਰ ਹੀ ਇਹੋ ਜਿਹੇ ਕਾਂਡਾਂ ਦਾ ਸ਼ਿਕਾਰ ਦਲਿਤ ਮਜ਼ਦੂਰ ਹੀ ਹੁੰਦੇ ਆਏ ਹਨ।  ਇਸ ਤੋਂ ਪਹਿਲਾਂ ਚਾਹੇ ਉਹ ਮੁਕਤਸਰ ਵਿਖੇ  ਜਵਾਹਰ ਕੇ ਕਾਂਡ, ਮਾਨਸਾ ਜ਼ਿਲ੍ਹੇ ਦਾ ਝੱਬਰ ਕਾਂਡ, ਜ਼ਿਲ੍ਹਾ ਸੰਗਰੂਰ ਦਾ ਜਲੂਰ ਕਾਂਡ ਤੇ 15 ਜੂਨ 2019 'ਚ ਵਾਪਰੇ ਮੀਮਸਾ ਕਾਂਡ, ਤੋਲਾਵਾਲ ਕਾਂਡ ਆਦਿ ਹੋਣ । ਇਹੋ ਜਿਹੇ ਕਾਂਡ ਇਸ ਕਰਕੇ ਵਾਪਰਦੇ ਹਨ ਕਿਉਂਕਿ ਦਲਿਤਾਂ ਕੋਲ ਜ਼ਮੀਨ ਦਾ ਟੁੱਕੜਾ ਤੱਕ ਵੀ ਨਹੀਂ ਹੈ  ਘਰ ਵੀ ਉਨ੍ਹਾਂ ਦੇ ਆਪਣੇ ਨਾਂਅ ਤੇ ਨਹੀਂ ਹਨ। ਕਰਜ਼ਾ ਵੀ ਬੈਂਕਾਂ ਤੋਂ ਲੈਣ ਲਈ ਗਰੰਟੀ ਦੀ ਜ਼ਰੂਰਤ ਪੈਂਦੀ ਹੈ। ਉਹ ਗਰੰਟੀ ਕਿਥੋਂ ਲੈਣ ਕੇ ਆਉਣ? ਇਸੇ ਲਈ ਗਰਜਾਂ ਦੇ ਮਾਰੇ ਕਿੱਧਰ ਜਾਣ? ਸਮਾਜਿਕ ਤੌਰ 'ਤੇ ਵੀ ਮਾਣ ਸਨਮਾਨ ਤੋਂ ਵਾਂਝੇ ਹਨ। ਇਸੇ ਕਰਕੇ ਹੀ ਦਾਬੇ ਦਾ ਸ਼ਿਕਾਰ ਆਪਣਾ ਮੂੰਹ ਨਹੀਂ ਖੋਲ੍ਹਦੇ। ਪੂਰੀ ਤਰ੍ਹਾਂ ਨਾਲ ਹੀਣ-ਭਾਵਨਾ ਦੇ ਸ਼ਿਕਾਰ ਹਨ। ਜਿੱਥੇ ਕਿਤੇ ਦਲਿਤ ਮਜ਼ਦੂਰ ਮਾਨ ਸਨਮਾਨ ਲਈ ਤੀਜੇ ਹਿੱਸੇ ਦੀ ਜ਼ਮੀਨ ਪ੍ਰਾਪਤ ਕਰਨ ਰਹੇ ਹਨ,ਉਥੇ ਪਿੰਡ ਦੇ ਧਨਾਢ ਚੌਧਰੀਆਂ, ਗੁੰਡਿਆਂ, ਸਿਆਸਤਦਾਨਾਂ, ਪੁਲਿਸਤੰਤਰ ਦਾ ਨਾਪਾਕ ਗੱਠਜੋੜ ਬਰਦਾਸ਼ਤ ਨਹੀਂ ਕਰਦਾ।  ਬੇਸ਼ੱਕ ਜ਼ਿੰਦਗੀ  ਜਿਉਣ ਦਾ ਹਰੇਕ ਨੂੰ ਬਰਾਬਰ ਹੱਕ ਹੈ। ਇਥੇ ਸੰਵਿਧਾਨ ਇਥੋਂ ਦੇ ਹਾਕਮਾਂ, ਕਾਰਪੋਰੇਟ ਘਰਾਣਿਆਂ ਲਈ ਮਹਿਜ਼ ਇੱਕ ਸ਼ੋਅ ਪੀਸ ਤੋਂ ਬਿਨ੍ਹਾਂ ਹੋਰ ਕੁੱਝ ਵੀ ਤਾਂ ਨਹੀਂ ਹੈ। ਸੰਵਿਧਾਨ ਪਾਸ਼ ਦੀ ਕਵਿਤਾ ਅਨੁਸਾਰ ''ਇਹ ਪੁਸਤਕ ਮਰ ਚੁੱਕੀ ਹੈ, ਇਹਨੂੰ ਨਾ ਪੜ੍ਹੋ''
ਪੰਜਾਬ ਜੋ ਪੂਰੇ ਭਾਰਤ ਵਿੱਚ ਵਿਕਸਿਤ ਸੂਬਿਆਂ ਦੀ ਸ਼੍ਰੇਣੀ ਵਿੱਚੋਂ ਭਾਵੇਂ ਮੂਹਰਲੀ ਕਤਾਰ 'ਚ ਗਿਣਿਆ ਜਾਂਦਾ ਹੈ। ਪਰ ਇਥੇ ਵੀ ਜਾਤੀ-ਪਾਤੀ ਦਾਬਾ ਮੌਜੂਦ ਹੈ, ਇਸ ਦਾ ਰੂਪ ਹੋਰਨਾਂ ਸੂਬਿਆਂ ਵਾਂਗ ਘਿਨਾਉਣਾ ਨਹੀਂ ਹੈ। ਪਰ ਇਥੇ ਵੀ ਅਤਿ ਘਿਨਾਉਣੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਚੰਗਾਲੀਵਾਲਾ ਪਿੰਡ ਵਿੱਚ ਕਿਵੇਂ ਇੱਕ ਦਲਿਤ ਤੇ ਜਬਰ ਦੀਆਂ ਹੱਦਾਂ ਟੱਪੀਆਂ ਗਈਆਂ, ਇਸ ਦੀ ਗਹਿਰੀ ਛਾਪ ਲੰਬਾ ਸਮਾਂ ਰਹੇਗੀ। ਦਲਿਤ ਮਜ਼ਦੂਰ ਨੂੰ ਬੰਨ ਕੇ ਬੇਇੰਤਹਾ   ਕੁਟਿਆ ਗਿਆ, ਭਾਵੇਂ ਉਸਦੀ ਚੀਕਾਂ ਦੀਆਂ ਆਵਾਜ਼ਾਂ ਦੂਰ-ਦੂਰ ਤੱਕ ਪਹੁੰਚਦੀਆਂ ਹਨ ਪਰ ਕਿਸੇ ਨੇ ਵੀ ਹਿੰਮਤ ਨਹੀਂ ਜੁਟਾਈ। ਜਨਤਾ ਵਿੱਚ ਇਸ ਸਰਦਾਰ ਪਰਿਵਾਰ ਦੀ ਪੂਰੀ ਦਹਿਸ਼ਤ ਹੈ। ਹੋਵੇ ਵੀ ਕਿਉਂ ਨਾ ਬੀਬੀ ਭੱਠਲ ਕਾਂਗਰਸੀ ਲੀਡਰ ਦੇ ਸਹੁਰੇ  ਪਰਿਵਾਰ ਵਿੱਚੋਂ ਜੋ ਹੋਏ। ਦਲਿਤ ਮਜ਼ਦੂਰ ਜਦੋਂ ਬੇਹੋਸ਼ ਹੋ ਜਾਂਦਾ, ਹੋਸ਼ ਆਉਣ ਤੇ ਪਾਣੀ ਮੰਗਦਾ ਤਾਂ ਪਿਸ਼ਾਬ ਪਿਲਾਇਆ ਜਾਂਦਾ। ਇਲਾਜ ਚੱਲਿਆ, ਪੀ.ਜੀ.ਆਈ. ਲੈ ਗਏ, ਇਹ ਗੱਲ ਇਹ ਵੀਡੀਓ ਦੇ ਵਾਇਰਲ ਹੋਣ ਨਾਲ ਸਾਹਮਣੇ ਆਈ। ਉਥੇ ਨਾਜ਼ੁਕ ਹਾਲਤ ਦੇ ਚਲਦਿਆਂ ਲੱਤਾਂ ਕੱਟਣੀਆਂ ਪਈਆਂ, ਕਿਉਂਕਿ ਤਸ਼ੱਦਦ ਢਾਹੁਣ ਵਾਲਿਆਂ ਨੇ  ਪਹਿਲਾਂ ਲੱਤਾਂ ਤੇ ਤੇਜ਼ਾਬ ਪਾਇਆ ਸੀ ਤੇ ਫਿਰ ਪਲਾਸ ਨਾਲ ਮਾਸ ਨੋਚਿਆ ਸੀ।  ਡਾਕਟਰਾਂ ਵੱਲੋਂ ਲੱਤਾਂ ਕੱਟਣ ਤੋਂ ਬਾਅਦ ਵੀ ਬਚਾਇਆ ਨਹੀਂ ਜਾ ਸਕਿਆ। ਮੌਤ ਤੋਂ ਬਾਅਦ ਇਲਾਕੇ ਲਹਿਰਾਗਾਗਾ ਵਿਖੇ ਲੋਕਾਂ ਦਾ ਰੋਹ ਜਵਾਲਾਮੁਖੀ ਦਾ ਰੂਪ ਧਾਰਨ ਕਰ ਗਿਆ। ਵੱਖੋ-ਵੱਖ ਜਥੇਬੰਦੀਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਤਿੱਖਾ ਸੰਘਰਸ਼ ਕੀਤਾ। ਭੱਠਲ ਦੀ ਕੋਠੀ ਦਾ ਘਿਰਾਓ ਵੀ ਕੀਤਾ ਗਿਆ। ਆਖਿਰਕਾਰ ਜਥੇਬੰਦੀਆਂ ਦੀ ਅਗਵਾਈ ਅਤੇ ਲੋਕਾਂ ਦੀ ਬੁਲੰਦ ਆਵਾਜ਼ ਨੇ  ਸਰਕਾਰ ਨੂੰ  ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਮਜਬੂਰ ਹੋਣਾ ਕੀਤਾ । ਦੋਸ਼ੀ ਫੜੇ ਜਾ ਚੁੱਕੇ ਹਨ। ਸੰਗੀਨ ਧਾਰਾਵਾਂ ਤਹਿਤ ਜੇਲ੍ਹੀਂ ਬੰਦ ਹਨ। ਵੈਸੇ ਦਲਿਤਾਂ ਨਾਲ  ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਹੀ ਨਹੀਂ ਆ ਪਾਉਂਦੀਆਂ। ਉਨ੍ਹਾਂ ਨਾਲ ਹੋਈ ਬੇਇਨਸਾਫ਼ੀ ਪਿੰਡਾਂ ਵਿੱਚ ਹੀ ਬਿਨਾਂ ਇਨਸਾਫ਼ ਮਿਲਿਆਂ ਦਫ਼ਨ ਹੋ ਜਾਂਦੀ ਹੈ।
ਗੁੰਡਾਗਰਦੀ ਨੂੰ ਨੱਥ ਪਾਉਣ ਲਈ ਮੂੰਹ ਤੋੜ ਜਵਾਬ ਦਿੱਤਾ ਜਾਵੇ
 ਮਈ 2006 ਵਿੱਚ ਰਿਹਾਇਸ਼ੀ ਪਲਾਟਾਂ ਲਈ ਜ਼ਮੀਨ ਕਬਜ਼ਾ ਅੰਦੋਲਨ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਚੱਲਿਆ ਜਿਸ ਵਿੱਚ ਸੈਂਕੜੇ ਦਲਿਤਾਂ ਨੇ ਜੇਲ੍ਹ ਯਾਤਰਾ ਕੀਤੀ। ਇਸ ਘੋਲ ਨੂੰ ਵੀ ਸਰਕਾਰ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਤੇ ਇਹ ਘੋਲ ਅੱਗੇ ਨਾ ਵਧ ਸਕਿਆ। ਅੱਗੇ ਜਾਕੇ ਪਿੰਡ ਬੇਨੜਾ ਵਿਖੇ 2008 ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਵਿੱਚ ਪਹਿਲੀ ਵਾਰ ਤੀਸਰੇ ਹਿੱਸੇ ਦੀ ਜ਼ਮੀਨ ਘੱਟ ਰੇਟ ਅਤੇ ਸਾਂਝੇ ਤੌਰ 'ਤੇ ਲੈਣ 'ਚ ਕਾਮਯਾਬੀ ਪ੍ਰਾਪਤ ਕੀਤੀ। ਪੰਜਾਬ ਵਿੱਚ ਪੇਡੂ ਦਲਿਤਾਂ ਦੇ ਘੋਲਾਂ ਦਾ ਅਗਾਜ਼ ਹੋਇਆ। ਜੂਨ 2013 'ਚ ਬਰਾਜ, 2014 ਵਿੱਚ ਬਲਦ ਕਲਾਂ, ਨਮੋਲ ਆਦਿ ਪਿੰਡਾਂ ਵਿੱਚ  ਤੀਜੇ ਹਿੱਸੇ ਦੀ ਜ਼ਮੀਨ ਪ੍ਰਾਪਤੀ ਦੀ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਗੱਲ ਕਰਨ ਵਾਲਾ ਸੰਘਰਸ਼ ਲਗਾਤਾਰਤਾ ਨਾਲ ਸੈਂਕੜੇ ਪਿੰਡਾਂ ਵਿੱਚ ਫੈਲਿਆ। ਤੀਸਰੇ ਹਿੱਸੇ ਦੀ ਜ਼ਮੀਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੇ ਦਲਿਤਾਂ ਤੇ ਕੁੱਝ ਹੱਦ ਤੱਕ ਸਵੈਮਾਣ ਪੈਦਾ ਕੀਤਾ। ਹੁਣ ਸਾਡੇ ਸਾਰਿਆਂ ਸਾਹਮਣੇ ਸਵਾਲ ਮੂੰਹ ਅੱਡੀ ਖੜ੍ਹਾ ਹੈ ਕਿ ਤੀਜੇ ਹਿੱਸੇ ਦੀ ਜ਼ਮੀਨ ਦੇ ਸੰਘਰਸ਼ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਅਤੇ ਦਲਿਤਾਂ ਤੇ ਹੋ ਰਹੇ ਜਬਰ ਨੂੰ ਕਿਵੇਂ ਠੱਲ ਪਾਈ ਜਾਵੇ। ਜ਼ਮੀਨੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਿਨ੍ਹਾਂ ਪਿੰਡਾਂ ਵਿੱਚ ਜ਼ਮੀਨਾਂ ਪ੍ਰਾਪਤ ਕੀਤੀਆਂ ਹੋਈਆਂ ਹਨ, ਉਨ੍ਹਾਂ ਪਿੰਡਾਂ ਵਿੱਚ ਦਲਿਤਾਂ ਮਜਦੂਰਾਂ ਦੀ ਵਿਸ਼ਾਲ ਲਾਮਬੰਦੀ ਕੀਤੀ ਜਾਵੇ। ਮਿਹਨਤਕਸ਼ ਕਿਸਾਨੀ ਨੂੰ ਵੀ ਲਾਮਬੰਦ ਕੀਤਾ ਜਾਵੇ, ਕਿਉਂਕਿ ਪੰਚਾਇਤੀ ਜ਼ਮੀਨ 'ਚੋਂ ਦੋ ਹਿੱਸਿਆਂ ਤੇ ਜਨਰਲ ਵਰਗ ਬੋਲੀ ਦੇ ਸਕਦਾ ਹੈ। ਮਜ਼ਦੂਰਾਂ-ਮਿਹਨਤਕਸ਼ ਕਿਸਾਨਾਂ ਦਾ ਮਜ਼ਬੂਤ ਗਠਜੋੜ ਉਸਾਰਿਆ ਜਾਵੇ। ਕਿਸਾਨ ਜੱਥੇਬੰਦੀਆਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਇਸ ਤੋਂ ਇਲਾਵਾ ਪਿੰਡ ਕਮੇਟੀਆਂ ਨੂੰ ਮਜ਼ਬੂਤ ਕੀਤਾ ਜਾਵੇ। ਗੁੰਡਾਗਰਦੀ ਨੂੰ ਨੱਥ ਪਾਉਣ ਲਈ ਮੂੰਹ ਤੋੜ ਜਵਾਬ ਦਿੱਤਾ ਜਾਵੇ।