Sunday, 5 January 2020

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਚੱਕਾ ਜਾਮ ਰਿਹਾ ਪੂਰਾ ਸਫ਼ਲ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੁਆਰਾ ਸ਼ਾਮਲਾਟ ਜ਼ਮੀਨਾਂ ਵੇਚਣ ਦੇ ਮਜ਼ਦੂਰ-ਕਿਸਾਨ ਵਿਰੋਧੀ ਫ਼ੈਸਲੇ ਖ਼ਿਲਾਫ਼ 14 ਤੋਂ 18 ਦਸੰਬਰ ਤੱਕ 
ਵੱਖ ਵੱਖ ਥਾਵਾਂ ਤੇ ਕੀਤਾ ਚੱਕਾ ਜਾਮ ਰਿਹਾ ਪੂਰਾ ਸਫ਼ਲ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੂੰ ਜਦੋਂ ਹੀ ਪੰਜਾਬ ਸਰਕਾਰ ਦੇ ਸਾਮਲਾਟ ਜ਼ਮੀਨਾਂ  ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਉਜਾੜਾ ਕਰੁ ਫੈਸਲੇ ਦਾ ਪਤਾ ਲੱਗਾ ਤਾਂ ਨਾਲ ਦੀ ਨਾਲ ਪਿੰਡਾਂ ਵਿੱਚ ਜ਼ੋਰਦਾਰ ਜਾਗ੍ਰਿਤੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਮੀਟਿੰਗਾਂ ਰੈਲੀਆਂ ਕਰਨੀਆਂ ਸ਼ੁਰੂ ਕਰਦੇ ਹੋਏ ਜਥੇਬੰਦੀ ਵੱਲੋਂ ਵੱਖੋ -ਵੱਖ ਥਾਵਾਂ ਤੇ ਚੱਕਾ ਜਾਮ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। 14 ਤੋਂ 18 ਦਸੰਬਰ ਤੱਕ ਸੰਗਰੂਰ ਅਤੇ ਜ਼ਿਲ੍ਹਾ ਮਾਨਸਾ ਚ ਚੱਕਾ ਜਾਮ ਦਾ ਤੈਅ ਕਰ ਲਿਆ ਗਿਆ। ਇਹ ਜਾਮ ਘਰਾਟ ਵਿਖੇ ਦਿੱਲੀ ਹਾਈਵੇ ਰੋਡ ਜਾਮ ਕਰਕੇ,ਧੂਰੀ ਵਿਖੇ ਸੰਗਰੂਰ-ਲੁਧਿਆਣਾ ਰੋਡ ਭੀਖੀ ਵਿਖੇ ਸੁਨਾਮ-ਭੀਖੀ-ਮਾਨਸਾ ਰੋਡ ਅਤੇ ਸੰਗਰੂਰ ਸ਼ਹਿਰ ਚ ਰੋਸ ਮਾਰਚ ਕਰਕੇ ਲਾਈਟਾਂ ਵਾਲਾ ਚੌਂਕ ਜਾਮ ਕੀਤਾ ਗਿਆ। ਇਨ੍ਹਾਂ ਸਾਰੀਆਂ ਥਾਵਾਂ ਤੇ ਵੱਖੋ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਗ ਪੱਤਰ ਲੈਂਦੇ ਹੋਏ ਪੰਜਾਬ ਸਰਕਾਰ ਤੱਕ ਪਹੰਚਾਉਣ ਦਾ ਭਰੋਸਾ ਦਿਵਾਇਆ। ਪੰਜਾਬ ਸਰਕਾਰ ਦਾ ਸ਼ਾਮਲਾਟ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਫੈਸਲਾ ਕਿਵੇਂ ਪਿੰਡਾਂ ਨੂੰ ਉਜਾੜਨ ਦਾ ਫੈਸਲਾ ਹੈ? ਇਸ 'ਤੇ ਝਾਤ ਪਾਉਣੀ ਜ਼ਰੂਰੀ ਹੈ ਤੱਦ ਹੀ ਇਹ ਉਜਾੜਾ ਕਰੂ ਫੈਸਲਾ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਸਾਬਿਤ ਹੋਵੇਗਾ  ਜੇਕਰ ਇਹ ਆਵਾਜ਼ ਪਿੰਡਾਂ ਦੀ ਸੱਥਾਂ ਵਿੱਚ ਚਰਚਾਵਾਂ ਦਾ ਹਿੱਸਾ ਬਣਦੀ ਹੈ।ਇਸੇ ਕੜੀ ਤਹਿਤ ਰੋਡ ਜਾਮ ਕੀਤੇ ਗਏ। 
ਪੰਜਾਬ ਸਰਕਾਰ ਦਾ ਸ਼ਾਮਲਾਟ ਜ਼ਮੀਨਾਂ ਨੂੰ ਵੇਚਣ ਦਾ ਫੈਸਲਾ ਅਸਲ ਵਿਚ ਵਿਕਾਸ ਦੇ ਨਾਂ ਤੇ ਵਿਨਾਸ਼ ਹੈ । ਪੰਜਾਬ 'ਚ 1 ਲੱਖ 57 ਹਜ਼ਾਰ ਏਕੜ ਸ਼ਾਮਲਾਟ ਜ਼ਮੀਨ ਹੈ ਜਿਸ ਵਿਚੋਂ 1 ਲੱਖ 35 ਹਜ਼ਾਰ ਏਕੜ ਦੀ ਬੋਲੀ ਹੁੰਦੀ ਹੈ ਤਕਰੀਬਨ 22 ਹਜ਼ਾਰ ਏਕੜ ਤੇ ਨਜਾਇਜ਼ ਕਬਜ਼ਾ ਹੈ । ਇਸ ਸਾਲ ਇਨ੍ਹਾਂ  ਜ਼ਮੀਨਾਂ ਤੋਂ 340 ਕਰੋੜ ਰੁਪਏ ਆਮਦਨ ਹੋਈ ਹੈ । ਦੇਖਿਆ ਜਾਵੇ ਤਾਂ ਜੋ ਪੰਜਾਬ ਸਰਕਾਰ ਸ਼ਾਮਲਾਟ ਜ਼ਮੀਨਾਂ ਨੂੰ ਖੋਹ ਕੇ  ਪਿੰਡਾਂ ਅੰਦਰ ਹੋ ਰਹੇ ਸਮੂਹਿਕ ਵਿਕਾਸ ਦਾ ਵਿਨਾਸ਼ ਕਰ ਰਹੀ ਹੈ ਕਿਉਂਕਿ 1964 ਚ ਬਣੇ ਪੰਚਾਇਤੀ ਰਾਜ ਐਕਟ ਤਹਿਤ ਇਹ ਜ਼ਮੀਨਾਂ  ਪਿੰਡਾਂ ਦੇ ਵਿਕਾਸ ਨਾਲ ਜੁੜ ਕੇ ਮਿਹਨਤਕਸ਼ ਕਿਸਾਨਾਂ ਅਤੇ ਦਲਿਤ ਮਜ਼ਦੂਰਾਂ ਦੇ ਰੁਜ਼ਗਾਰ ਦੇ ਸਾਧਨਾਂ ਚੋਂ ਇਕ ਸਾਧਨ ਹੈ । 1964 ਤੋਂ ਲੈ ਕੇ 2008 ਤੱਕ ਆਉਂਦੇ ਆਉਂਦੇ 44 ਸਾਲਾਂ ਦੇ ਲੰਮੇ ਸਮੇਂ ਤੱਕ ਦਲਿਤ ਮਜ਼ਦੂਰ ਸ਼ਾਮਲਾਟ ਜ਼ਮੀਨਾਂ ਦੇ ਤੀਜੇ ਹਿੱਸੇ ਤੋਂ ਬਿਲਕੁਲ ਵਾਂਝੇ ਰਹੇ ਦਲਿਤ ਮਜ਼ਦੂਰ ਮਹਿਜ਼ ਮੋਹਰਾ ਇਹ ਬਣਦੇ ਰਹੇ ਇਸ ਤਰ੍ਹਾਂ ਇਹ ਕਨੂੰਨ ਮਹਿਜ਼ ਕਾਗਜਾਂ ਦਾ ਸ਼ਿੰਗਾਰ  ਹੀ ਬਣਿਆ ਰਿਹਾ । ਪਰ 2008  ਬਾਅਦ   ਪਿੰਡ ਦੇ  ਬੇਨੜੇ ਦੇ ਮਜ਼ਦੂਰਾਂ ਨੇ ਸਾਂਝੇ ਤੌਰ 'ਤੇ ਜ਼ਮੀਨ ਲੈਣ ਲਈ ਸਾਢੇ ਪੰਜ ਮਹੀਨੇ ਤੋਂ ਵੱਧ ਸਮੇਂ ਤੱਕ ਸੰਘਰਸ਼ ਕੀਤਾ । ਇਸ ਤਰ੍ਹਾਂ ਇਹ ਮੁੱਢ ਬੰਨ੍ਹਿਆ ਗਿਆ ਅੱਗੇ ਜਾ ਕੇ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਪਿੰਡਾਂ ਚ ਫੈਲਿਆ ਅਤੇ ਕੁਝ ਹੱਦ ਤੱਕ ਦਲਿਤ ਮਜ਼ਦੂਰਾਂ ਦੀ ਚੇਤਨਾ ਦਾ ਵੀ ਹਿੱਸਾ ਬਣਿਆ ।  ਜਿਸ ਕਰਕੇ ਮਜ਼ਦੂਰ ਔਰਤਾਂ ਮਾਨ ਸਨਮਾਨ ਮਹਿਸੂਸ ਕਰਦੀਆਂ ਹਨ ਉਨ੍ਹਾਂ ਨੂੰ ਹੁਣ ਜਲੀਲ ਨਹੀਂ ਹੋਣਾ ਪੈਂਦਾ । ਜ਼ਮੀਨਾਂ ਮਿਲਣ ਨਾਲ ਕੁਝ ਹੱਦ ਤੱਕ ਔਰਤਾਂ ਨਾਲ ਹੁੰਦੇ ਸ਼ੋਸ਼ਣ ਵਿਚ ਵੀ ਕਮੀ ਆਈ ਹੈ । ਵੱਧ ਪਸ਼ੂ ਰੱਖਣ ਦਾ ਰੁਝਾਨ ਵੀ ਸਾਹਮਣੇ ਆਇਆ ਹੈ ਡੇਅਰੀਆਂ ਵਿੱਚ ਦੁੱਧ ਪਾਉਣਾ ਸ਼ੁਰੂ ਕੀਤਾ ਹੈ ।ਇਹ ਜ਼ਮੀਨਾਂ ਦਲਿਤ ਮਜ਼ਦੂਰਾਂ ਅਤੇ ਕਿਸਾਨਾਂ ਲਈ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਹਨ । ਇਹਨਾਂ ਜਮੀਨਾਂ ਨੂੰ ਖੋਹਣ ਤੋਂ ਭਾਵ 36 ਫੀਸਦੀ ਖੇਤੀ ਕਾਮਿਆਂ  (15.88 ਲੱਖ ਖੇਤ ਮਜ਼ਦੂਰਾਂ ਤੇ 19.35 ਲੱਖ ਕਿਸਾਨਾਂ) ਨੂੰ ਬੇਰੁਜ਼ਗਾਰੀ ਵੱਲ ਧੱਕਣਾ ਹੈ ਜਿਸ ਨਾਲ ਭਿਆਨਕ ਤਬਾਹੀ ਹੋਵੇਗੀ। 
ਹੁਣ ਵਿਕਾਸ ਦੀ ਗੱਲ ਪੰਜਾਬ ਸਰਕਾਰ ਅਨੁਸਾਰ ਦੇਖੀਏ ਤਾਂ ਇਹੋ ਪੰਜਾਬ ਸਰਕਾਰ ਦਾ ਪ੍ਰਧਾਨ ਸੁਨੀਲ ਜਾਖੜ ਦੋ ਸਾਲ ਪਹਿਲਾਂ ਕਹਿੰਦਾ ਹੈ ਕਿ ਪੰਜਾਬ 'ਚ 18 ਹਜ਼ਾਰ ਤੋਂ ਵਧੇਰੇ ਉਦਯੋਗ ਛੋਟੇ ਉਦਯੋਗ ਤਬਾਹ ਹੋ ਚੁੱਕੇ ਹਨ, ਬੇਰੁਜ਼ਗਾਰੀ ਚ ਵਾਧਾ ਹੋਇਆ ਹੈ। ਜਦੋਂ ਖੁਦ ਸੱਤਾ ਤੇ ਕਾਬਜ਼ ਸਰਕਾਰ ਪ੍ਰਧਾਨ ਦੇ ਬਿਆਨ ਹਨ ਤਾਂ ਇਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ।  ਸਰਕਾਰ  ਇਹ ਜਵਾਬ ਦੇਵੇ ਕਿ 2006ਚ ਟਰਾਈਡੈਂਟ ਕੰਪਨੀ ਨੇ ਧੌਲਾ, ਫਤਿਹਗੜ੍ਹ  ਛੰਨਾ , ਸੰਘੇੜਾ  ਤਿੰਨ ਪਿੰਡਾਂ ਤੋਂ ਏਕੜ ਜ਼ਮੀਨ ਐਕੁਆਇਰ ਕੀਤੀਆਂ ਸਨ , ਉਦੋਂ ਉਦਯੋਗ ਕਿਉਂ ਨਹੀਂ ਲੱਗਿਆ? ਇਸੇ ਤਰ੍ਹਾਂ ਜਿਹਨਾਂ ਜ਼ਿਲ੍ਹਾ ਮਾਨਸਾ ਥਰਮਲ ਪਲਾਂਟ ਦੇ ਨਾਂ ਹੇਠ ਪਿੰਡ ਗੋਬਿੰਦਗੜ੍ਹ ਤੋਂ  400 ਏਕੜ ਜ਼ਮੀਨ  ਜ਼ੋ ਅਕਵਾਇਰ ਕੀਤੀ ਉਸ ਤੇ ਕਿੰਨਾ ਕੁ ਰੁਜ਼ਗਾਰ ਦਿੱਤਾ ਹੈ? ਰੁਜ਼ਗਾਰ ਦੇ ਨਾਂਅ ਹੇਠ ਪਿੰਡਾਂ ਨੂੰ ਉਜਾੜਿਆ ਹੀ ਗਿਆ। ਅਸਲ ਵਿੱਚ ਰੁਜ਼ਗਾਰ ਖੁਸਣ ਨਾਲ  ਕਿਸਾਨਾਂ-ਮਜ਼ਦੂਰਾਂ ਦਾ ਹੀ ਉਜਾੜਾ ਨਹੀਂ ਹੁੰਦਾ ਸਗੋਂ ਪੂਰਾ ਪਿੰਡ ਇਕਾਈ ਦੇ ਤੌਰ ਤੇ ਉਜਾੜੇ ਦਾ ਸ਼ਿਕਾਰ ਹੋ ਜਾਂਦਾ ਹੈ । ਉਦਯੋਗਾਂ ਦੀ ਗੱਲ ਕਰ ਲਈਏ ਪਹਿਲਾ ਬਟਾਲਾ ਦੀ ਲੋਹਾ ਸਨਅਤ ਫਿਰ ਮੰਡੀ ਗੋਬਿੰਦਗੜ੍ਹ ਕਿਵੇਂ ਤਬਾਹ ਹੋਈਆਂ ਜੋ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ  ਲੁਧਿਆਣਾ, ਜਲੰਧਰ,  ਅੰਮ੍ਰਿਤਸਰ ਵੀ ਤਬਾਹੀ ਦੇ ਸ਼ਿਕਾਰ ਹੋ ਚੁੱਕੇ ਹਨ। ਜਦੋਂ ਪਹਿਲਾਂ ਹੀ ਉਦਯੋਗਾਂ ਦੇ ਲੱਗਣ ਦੇ ਨਾਂਅ ਹੇਠ ਧੋਖੇਬਾਜੀਆਂ ਹੋ ਚੁਕੀਆਂ ਹਨ। 
ਤਾਂ ਫਿਰ ਸ਼ਾਮਲਾਟ ਜ਼ਮੀਨਾਂ ਨੂੰ ਪੰਜਾਬ ਸਰਕਾਰ ਦੇ ਵੇਚਣ ਦੇ ਫ਼ੈਸਲੇ ਨੂੰ ਕਿਵੇਂ ਬਰਦਾਸ਼ਤ ਕਰਨਗੇ ਹੁਣ ਲੋਕ ਹੋਰ ਧੋਖਾ ਨਹੀਂ ਖਾਣਗੇ ਜ਼ਿਕਰਯੋਗ ਹੈ ਕਿ ਪੰਚਾਇਤੀ ਜ਼ਮੀਨਾਂ ਲੈਣ ਸਬੰਧੀ ਵੀ ਪੂਰਾ ਗੈਰ-ਜਮਹੂਰੀ ਤਰੀਕਾ ਅਪਣਾਇਆ ਗਿਆ ਹੈ ਪਿੰਡਾਂ ਦੇ ਅੰਦਰ ਜ਼ਮੀਨਾਂ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਗਰਾਮ ਸਭਾ ਦੇ 80% ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ ਜੇਕਰ ਸਹਿਮਤੀ ਨਹੀਂ ਮਿਲਦੀ, ਤਾਂ ਜ਼ਮੀਨਾਂ ਨਹੀਂ ਲਈਆਂ ਜਾ ਸਕਦਾ ਹੈ। ਜਿਨ੍ਹਾਂ ਹਾਕਮਾਂ ਨੇ ਖੁਦ ਕਾਨੂੰਨ ਦੀ ਪਾਲਣਾ ਕਰਨੀ ਹੁੰਦੀ ਹੈ ਉਹ ਖ਼ੁਦ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ । 
ਸਿਤਮ-ਜ਼ਰੀਫ਼ੀ ਦੀ ਹੱਦ ਦੇਖੋ ਜੋ ਇਹ ਜ਼ਮੀਨਾਂ ਸੌਂਪਣ ਦਾ ਲੋਕ ਵਿਰੋਧੀ ਪੇਂਡੂ   ਨੂੰ ਉਜਾੜਣ ਫੈਸਲਾ ਕੀਤਾ ਹੈ ਉਹ ਜ਼ਮੀਨਾਂ ਵੀ ਵੇਚਣ ਸਬੰਧੀ ਪਹਿਲਾਂ 25 % ਰਕਮ   ਅਦਾ ਕਰਨ ਤੋਂ ਬਾਅਦ ਪਿੰਡਾਂ ਦੀ ਸਾਮਲਾਟ ਜ਼ਮੀਨਾਂ ਦੀ ਰਜਿਸਟਰੀ ਕਾਰਪੋਰੇਟ ਘਰਾਣਿਆਂ ਦੇ ਨਾਂਅ ਤੇ ਕਰ ਦੇਣੀ ਹੈ, ਬਾਕੀ ਦੀ ਰਕਮ ਕਿਸ਼ਤਾਂ ਰਾਹੀਂ ਅਦਾ ਕਰਨੀ।  ਇਹਨਾ ਜਮੀਨਾ ਤੌ ਹੀ  ਦਸ-ਦਸ ਮਰਲੇ ਦੇ ਪਲਾਟ, ਰੂੜੀਆਂ ਲਈ ਥਾਂ ਮਿਲਣੀ ਹੈ। ਇਸੇ ਜ਼ਮੀਨ ਤੋਂ ਬੋਲੀ ਤੋਂ ਹੋਈ ਆਮਦਨ ਦੇ ਇੱਕ ਹਿੱਸੇ ਚੋਂ ਗਲੀਆਂ-ਨਾਲੀਆਂ, ਪਿੰਡਾਂ ਦੇ ਵਿਕਾਸ ਤੇ ਲਗਾਉਣਾ ਹੁੰਦਾ ਹੈ ,ਤਨਖਾਹਾਂ ਦਾ ਇਕ ਹਿੱਸਾ ਇਸ ਜ਼ਮੀਨ ਚੋਂ ਜਾਂਦਾ ਹੈ। ਜਦੋਂ ਦਲਿਤ ਮਜ਼ਦੂਰ ਇਹ ਜ਼ਮੀਨਾਂ 33 ਸਾਲਾਂ ਪਟੇ ਤੇ ਮੰਗਦੇ ਹਨ ਉਹ ਵੀ ਪੰਚਾਇਤਾਂ ਰਾਹੀਂ ਮਤੇ ਪਾਸ ਕਰਕੇ ਪਰ ਉਸ ਮਾਮਲੇ ਤੇ ਵੀ ਸਰਕਾਰ ਕਾਨੂੰਨ ਦੀਆਂ ਧਜੀਆਂ ਉਡਾਉਂਦੀ ਹੈ। ਗ੍ਰਾਮ ਸਭਾਵਾਂ ਦੀ ਤਾਕਤਾਂ ਨੂੰ ਵੀ ਮਿੱਟੀ-ਘੱਟੇ ਰੋਲ ਦਿੰਦੀ ਹੈ। ਕਹਿਣ ਤੋਂ ਇਸ ਜਮਾਤੀ ਰਾਜ ਪ੍ਰਬੰਧ ਅੰਦਰ ਆਮ ਲੋਕਾਂ ਵਾਸਤੇ ਕੋਈ ਜਮਹੂਰੀਅਤ ਲਈ ਥਾਂ ਨਹੀਂ ਰਹਿ ਗਈ। ਪੰਜਾਬ ਸਰਕਾਰ ਦੇ ਇਸ ਉਜਾੜਾ ਕਰੂ ਫੈਸਲੇ ਦਾ ਨੱਕ ਮੋੜਨ ਲਈ ਵਿਸ਼ਾਲ ਪੱਧਰ ਉਤੇ ਲਾਮਬੰਦੀ ਕਰਨੀ ਅਹਿਮ ਜ਼ਰੂਰੀ ਹੈ।

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪਿੰਡਾਂ ਵਿੱਚ ਰੈਲੀਆਂ

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ 
ਵੱਖੋ-ਵੱਖ ਪਿੰਡਾਂ ਵਿੱਚ ਕੀਤੀਆਂ ਰੈਲੀਆਂ, ਅਰਥੀਆਂ ਸਾੜੀਆਂ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ  ਵੱਲੋਂ ਨਾਗਰਿਕਤਾ ਕਾਨੂੰਨ ਤਹਿਤ ਜਾਮੀਆ ਮਿਲੀਆ ਯੂਨੀਵਰਸਿਟੀ ਅੰਦਰ ਪੁਲਿਸਤੰਤਰ ਦੁਆਰਾ ਬਿਨਾਂ ਵੀ.ਸੀ. ਤੋਂ ਪ੍ਰਵਾਨਗੀ ਲਏ ਧੱਕੇ ਨਾਲ ਦਾਖ਼ਲ ਹੋ ਕੇ ਅੰਨ੍ਹਾ ਜਬਰ ਢਾਹੁਣ ਇਕ ਵਿਦਿਆਰਥੀ ਨੂੰ ਮੌਤ ਦੇ ਘਾਟ ਉਤਾਰਨ ਅਤੇ ਕਈ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਸਖ਼ਤ ਜ਼ਖ਼ਮੀ ਕਰਨ ਖਿਲਾਫ ਰੈਲੀਆਂ ਦਾ ਜ਼ੋਰਦਾਰ ਸਿਲਸਿਲਾ ਚਲਾਇਆ ਗਿਆ। ਸੰਗਰੂਰ, ਲੌਂਗੋਵਾਲ ਸ਼ਹਿਰ ਚ ਸਰਕਾਰ ਦਾ ਪੁੱਤਲਾ ਫੂਕਿਆ, ਦੋ ਦਰਜਨ ਤੋਂ ਵਧੇਰੇ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਇਹ ਮੁਹਿੰਮ ਧੂਰੀ, ਸੰਗਰੂਰ, ਦਿੜ੍ਹਬਾ, ਸੁਨਾਮ, ਲੌਂਗੋਵਾਲ, ਚੀਮਾ ਅਤੇ ਮਾਨਸਾ ਦੇ ਭੀਖੀ ਬਲਾਕ ਦੇ ਨੇੜਲੇ ਪਿੰਡਾਂ 'ਚ ਚਲਾਈ ਗਈ। ਰੈਲੀਆਂ ਨੂੰ ਕ੍ਰਮਵਾਰ ਸੂਬਾ ਸਕੱਤਰ ਲਖਵੀਰ ਲੌਂਗੋਵਾਲ,  ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ, ਜ਼ਿਲ੍ਹਾ ਸਕੱਤਰ ਬਲਜੀਤ ਸਿੰਘ, ਜ਼ਿਲ੍ਹਾ ਆਗੂ ਬਿਮਲ ਕੌਰ, ਜ਼ਿਲ੍ਹਾ ਆਗੂ ਜਗਦੀਪ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਥੇ ਕੋਈ ਜਮਹੂਰੀਅਤ ਨਹੀਂ ਹੈ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ ਕਿ ਜਾਮੀਆ ਮਿਲੀਆ ਯੂਨੀਵਰਸਿਟੀ ਅੰਦਰ ਅੰਧ-ਰਾਸ਼ਟਰ ਦੇ ਨਾਂਅ 'ਤੇ ਪੁਲਿਸ ਦੇ ਭੇਸ 'ਚ ਕਈ ਆਰ.ਐਸ.ਐਸ. ਦੇ ਗੁੰਡੇ ਦਾਖ਼ਲ ਹੋਏ, ਜਿਨ੍ਹਾਂ ਪੁਲਿਸ ਨਾਲ ਮਿਲੀਭੁਗਤ ਕਰਕੇ ਵਿਦਿਆਰਥੀਆਂ/ਵਿਦਿਆਰਥਣਾਂ ਤੇ ਭਾਰੀ ਤਸ਼ੱਦਦ ਢਾਹਿਆ।
ਹਿੰਦੂ ਬ੍ਰਾਹਮਣੀ ਫਾਸ਼ੀਵਾਦੀ ਸਰਕਾਰ ਭਾਰਤ ਅੰਦਰ ਅਣ-ਐਲਾਨੀ ਅਮਰਜੈਂਸੀ ਵਰਗੇ ਹਾਲਾਤ ਬਣ ਚੁੱਕੇ ਹਨ।  ਇਥੇ ਹੱਕ ਮੰਗਣਾ ਵੀ ਗੁਨਾਹ ਹੋ ਗਿਆ ਹੈ। ਪਹਿਲਾਂ ਕਸ਼ਮੀਰ ਵਿੱਚ 370 ਧਾਰਾ ਅਤੇ 35-ਏ ਹਟਾ ਕੇ ਭਿਆਨਕ ਜ਼ੁਲਮ ਢਾਹਿਆ ਗਿਆ, ਘਰਾਂ ਅੰਦਰ ਨਜ਼ਰਬੰਦ ਕੀਤਾ ਗਿਆ, ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅੰਨਾ ਜ਼ੁਲਮ ਢਾਹਿਆ ਗਿਆ।ਉਥੇ ਅਜੇ ਵੀ ਲੋਕ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਭਾਰਤੀ ਸਰਕਾਰ ਨਾਗਰਿਕਤਾ ਕਾਨੂੰਨ ਲਿਆ ਕੇ ਧਾਰਮਿਕ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ  ਆਪਣਾ ਨਿਸ਼ਾਨਾ ਬਣਾ ਰਹੀ ਹੈ। ਕਹਿਣ ਨੂੰ ਇਥੋਂ ਦੇ ਸੰਵਿਧਾਨ ਅਨੁਸਾਰ ਸਾਰੇ ਧਰਮਾਂ ਲਈ ਬਰਾਬਰੀ ਹੈ,ਧਰਮ ਨਿਰਪੱਖ ਦੇਸ਼ ਅਖਵਾਉਂਦਾ ਹੈ। ਪਰ ਧਰਮ ਨਿਰਪੱਖਤਾ ਦੇ ਲੱਗੇ ਲੇਬਲ ਨੂੰ ਪੂਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ ਗਿਆ ਹੈ। ਕਹਿਣ ਨੂੰ ਵੱਡੀ ਜਮਹੂਰੀਅਤ ਲੀਰੋ-ਲੀਰ ਕਰ ਦਿੱਤੀ ਗਈ ਹੈ। ਮੋਦੀ ਹਕੂਮਤ ਜੋ ਕਹਿੰਦੇ ਹੈ ਬੱਸ ਉਹੀ ਕਾਨੂੰਨ ਹੈ, ਕਹਿਣ ਤੋਂ ਭਾਵ ਅਸਹਿਮਤੀਆਂ ਲਈ ਕੋਈ ਥਾਂ ਨਹੀਂ ਹੈ । ਅਯੁਧਿਆ ਦੇ ਮਾਮਲੇ ਤੇ ਜੋ ਹੋਇਆ ਕਿਸੇ ਤੋਂ ਛਿਪਿਆ ਨਹੀਂ ਹੈ। ਹਕੂਮਤ ਸ਼ਾਂਤੀ ਦੇ ਨਾਂਅ ਹੇਠ ਜ਼ੁਲਮ ਦੀਆਂ ਹੱਦਾਂ ਪਾਰ ਕਰ ਰਹੀ ਹੈ। ਭਾਰਤੀ ਸਰਕਾਰ ਫਿਰਕੂ ਆਧਾਰ ਤੇ ਵੰਡੀਆਂ ਪਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਸਾਰਾ ਕੁੱਝ ਉਦੋਂ ਹੀ ਹੁੰਦਾ ਹੈ ਜਦੋਂ ਸਰਕਾਰਾਂ ਕੋਲ ਲੋਕ ਨੂੰ ਦੇਣ ਲਈ ਕੁੱਝ ਵੀ ਨਾ ਰਹੇ। ਆਗੂਆਂ ਅਖੀਰ ਤੇ ਕਿਹਾ ਕਿ ਜੋ ਹਾਲਾਤ ਪੈਦਾ ਕਰ ਦਿੱਤੇ ਗਏ ਹਨ ਉਨ੍ਹਾਂ ਹਾਲਤਾਂ ਵਿੱਚ ਪੂਰੇ ਭਾਰਤ ਅੰਦਰ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਹਰੇਕ ਸੂਬੇ ਅੰਦਰ ਵਿਸ਼ਾਲ ਪੱਧਰ ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕੋਈ ਵੀ ਸੂਬਾ ਇਸ ਕਾਨੂੰਨ ਵਿਰੁੱਧ ਆਵਾਜ਼ ਬੁਲੰਦ ਤੋਂ ਅਛੂਤਾਂ ਨਹੀਂ ਰਿਹਾ ਹੈ।ਇਹ ਪ੍ਰਦਰਸ਼ਨ ਲਗਾਤਾਰ ਵੱਧ ਰਹੇ ਹਨ। ਪੰਜਾਬ ਅੰਦਰ ਵੀ ਨਾਗਰਿਕਤਾ ਕਾਨੂੰਨ ਖ਼ਿਲਾਫ਼ ਲਗਾਤਾਰ ਸੰਘਰਸ਼ ਹੋ ਰਹੇ ਹਨ ।

Saturday, 4 January 2020

ਸਾਥੀ ਦਰਸ਼ਨ ਕੂਹਲੀ ਨੂੰ ਯਾਦ ਕਰਦਿਆਂ.....

ਸਾਥੀ ਦਰਸ਼ਨ ਕੂਹਲੀ ਨੂੰ ਯਾਦ ਕਰਦਿਆਂ.....
ਸਾਥੀ ਦਰਸ਼ਨ ਕੂਹਲੀ 19 ਨਵੰਬਰ ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਪੰਜਾਬ ਦੀ ਨਕਸਲਬਾੜੀ ਲਹਿਰ ਵਿੱਚ ਉਸਦਾ ਉਭਰਵਾਂ ਨਾਂ ਰਿਹਾ ਹੈ। ਆਪਣੇ ਕੀਤੇ ਕੰਮਾਂ ਦੀ ਵਜਾਹ ਕਰਕੇ ਹੀ ਪਹਿਲੇ ਦੌਰਾਂ ਵਿੱਚ ਉਹ ਪਾਰਟੀ ਦੇ ਸੂਬਾਈ ਅਦਾਰਿਆਂ ਵਿੱਚ ਕੰਮ ਕਰਦਾ ਰਿਹਾ ਹੈ। 
ਆਪਣੀ ਚੜ੍ਹਦੀ ਜੁਆਨੀ ਵਿੱਚ ਉਹ ਲੁਧਿਆਣੇ ਗੁਰੂ ਨਾਨਕ ਪੌਲੀਟਿਕਨਿਕ ਕਾਲਜ ਵਿੱਚ ਦਾਖਲ ਹੋਇਆ। ਸ਼ੁਰੂ ਵਿੱਚ ਤਾਂ ਉਸ ਦੀ ਸੋਚ ਵੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਹੀ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਸੀ ਅਤੇ ਉਸਦਾ ਮਨੋਰਥ ਉੱਚ-ਤਕਨੀਕੀ ਸਿੱਖਿਆ ਹਾਸਲ ਕਰਕੇ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਸੀ। ਪਰ ਜਦੋਂ ਉਹ ਇਸ ਕਾਲਜ ਵਿੱਚ ਪੜ੍ਹ ਹੀ ਰਿਹਾ ਸੀ ਤਾਂ ਇਸ ਕਾਲਜ ਦੇ ਨਾਲ ਲੱਗਦੇ ਗੁਰੂ ਨਾਨਕ ਇੰਜਨੀਰਿੰਗ ਕਾਲਜ ਦੇ ਵਿਦਿਆਰਥੀਆਂ ਵਿੱਚ ਨਕਸਲਬਾੜੀ ਲਹਿਰ ਦਾ ਪ੍ਰਭਾਵ ਪੈ ਚੁੱਕਾ ਸੀ। ਉਂਝ ਇਸ ਕਾਲਜ ਦੇ ਅਨੇਕਾਂ ਪ੍ਰੋਫੈਸਰ ਵੀ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਏ ਹੋਏ ਸਨ ਤੇ ਉਹ ਵੀ ਵਿਦਿਆਰਥੀਆਂ ਵਿੱਚ ਇਨਕਲਾਬੀ ਸੋਚ ਦਾ ਸੰਚਾਰ ਕਰਦੇ ਰਹਿੰਦੇ ਸਨ। 
ਗੁਰੂ ਨਾਨਕ ਇੰਜਨੀਰਿੰਗ ਕਾਲਜ ਲੁਧਿਆਣਾ ਨਕਸਲਬਾੜੀ ਲਹਿਰ ਦੇ ਉਠਾਣ ਸਮੇਂ ਪੰਜਾਬ ਵਿੱਚ ਉੱਭਰਵਾਂ ਸਥਾਨ ਰੱਖਦਾ ਸੀ। ਨਕਸਲਬਾੜੀ ਲਹਿਰ ਨੂੰ ਪ੍ਰਣਾਏ ਇਸੇ ਕਾਲਜ ਵਿੱਚ ਤਿਆਰ ਹੋਏ ਸਾਥੀਆਂ ਵਿੱਚੋਂ ਸਾਥੀ ਬਖਸ਼ੀਸ਼ ਸਿੰਘ ਮੋਰਕਰੀਮਾ ਨਵਾਂ ਸ਼ਹਿਰ ਵਿੱਚ ਹੋਏ ਪੁਲਸ ਮੁਕਾਬਲੇ ਵਿੱਚ 6 ਪੁਲਸੀਆਂ ਨੂੰ ਨਾਲ ਲੈ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ। ਸਾਥੀ ਸ਼ਿਵ ਲਾਲ ਧੂਰੀ ਨੇ ਵੀ ਸ਼ਹਾਦਤ ਹਾਸਲ ਕੀਤੀ ਸੀ। ਹੋਰ ਵੀ ਅਨੇਕਾਂ ਸਾਥੀ ਲਹਿਰ ਵਿੱਚ ਆਪਣੇ ਵਿੱਤ ਅਤੇ ਸਮਰੱਥਾ ਮੁਤਾਬਕ ਹਿੱਸਾ ਪਾ ਰਹੇ ਸਨ। ਸਾਥੀ ਦਰਸ਼ਨ ਕੂਹਲੀ ਨੂੰ ਜਦੋਂ ਗਿਆਨ ਹੋਇਆ ਕਿ ਨਕਸਲਬਾੜੀ ਲਹਿਰ ਦੇ ਰਾਹ 'ਤੇ ਚੱਲ ਕੇ ਹੀ ਸਾਡੇ ਲੋਕਾਂ ਦੀ ਮੁਕਤੀ ਹੋਣੀ ਹੈ ਤਾਂ ਉਹ ਇਸ ਵਿੱਚ ਕੁੱਦ ਪਿਆ। ਸੁਣਨ ਵਿੱਚ ਤਾਂ ਇਹ ਵੀ ਆਇਆ ਸੀ ਕਿ ਜਦੋਂ ਪਾਰਟੀ ਵੱਲੋਂ ਦੁਸ਼ਮਣ ਦੇ ਸਫਾਏ ਦੀ ਲੀਹ ਅਖਤਿਆਰ ਕੀਤੀ ਗਈ ਸੀ ਤਾਂ ਲੁਧਿਆਣੇ ਥਾਣੇਦਾਰ ਨੂੰ ਕਤਲ ਕਰਨ ਦੀ ਕਾਰਵਾਈ ਵਿੱਚ ਸਾਥੀ ਦਰਸ਼ਨ ਕੂਹਲੀ ਵੀ ਸ਼ਾਮਲ ਸੀ। 
ਬਾਅਦ ਵਿੱਚ ਇਹ ਸਾਥੀ ਸੀ.ਪੀ.ਆਈ.(ਐਮ.ਐਲ.) ਪੰਜਾਬ ਹਿਮਾਚਲ ਸੂਬਾਈ ਕਮੇਟੀ ਵਿੱਚ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕਰਦਾ ਰਿਹਾ। ਇਸ ਸਾਥੀ ਵਿੱਚ ਲੋਕਾਂ ਨੂੰ ਆਪਣੀ ਬੋਲੀ ਸ਼ੈਲੀ ਵਿੱਚ ਕੀਲ ਲੈਣ ਦੀ ਸਮਰੱਥਾ ਸੀ। ਇਸ ਦੀ ਫੁਰਤੀ, ਸਮਰਪਣ ਅਤੇ ਸਮਝ ਨੇ ਅਨੇਕਾਂ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਕਲਾਵੇ ਵਿੱਚ ਲਿਆ। ਸ਼ਹੀਦ ਸਾਥੀ ਚਰਨ ਸਿੰਘ ਮਾਣੂੰਕੇ ਵਰਗੇ ਸਾਥੀ ਵੀ ਇਸ ਦੀ ਕਾਰਗੁਜਾਰੀ ਤੋਂ ਪ੍ਰਭਾਵਤ ਸਨ। ਇਸ ਸਾਥੀ ਦੀ ਅਗਵਾਈ ਵਿੱਚ ਸਾਥੀ ਬੰਤ ਸਿੰਘ ਰਾਜੇਆਣਾ ਦੇ ਇਲਾਕੇ ਦੇ ਅਨੇਕਾਂ ਹੀ ਕਾਲਜਾਂ ਦੇ ਵਿਦਿਆਰਥੀ ਅਤੇ ਪਿੰਡਾਂ ਦੇ ਨੌਜਵਾਨ ਨਕਸਲਬਾੜੀ ਲਹਿਰ ਵਿੱਚ ਕੰਮ ਕਰਦੇ ਰਹੇ। 
ਸਾਥੀ ਦਰਸ਼ਨ ਕੂਹਲੀ ਜਦੋਂ ਪਹਿਲਾਂ ਪਹਿਲਾਂ ਨਕਸਲਬਾੜੀ ਲਹਿਰ ਵਿੱਚ ਤੁਰਿਆ ਸੀ ਤਾਂ ਪੁਲਸ ਇਸ ਦੀ ਭਾਲ ਵਿੱਚ ਥਾਂ ਥਾਂ ਛਾਪੇ ਮਾਰਦੀ ਰਹੀ। ਸਾਥੀ ਦਰਸ਼ਨ ਕੂਹਲੀ ਦੇ ਨਾਲ ਸਾਥੀ ਤਰਸੇਮ ਬਾਵਾ, ਕਾਮਰੇਡ ਰੌਣਕ ਸਿੰਘ ਚੜੀ, ਹਰਭਜਨ ਹਲਵਾਰਵੀ, ਕਾਮਰੇਡ ਅਮਰ ਸਿੰਘ ਅੱਚਰਵਾਲ, ਕਾਮਰੇਡ ਦਰਸ਼ਨ ਖਟਕੜ ਵਰਗੇ ਅਨੇਕਾਂ ਸਾਥੀ ਇਕੱਠੇ ਕੰਮ ਕਰਦੇ ਰਹੇ।
ਬਾਅਦ ਜਦੋਂ ਇਹ ਸਾਥੀ ਸੱਤਿਆ ਨਰੈਣ ਦੀ ਲੀਹ ਨਾਲ ਸਹਿਮਤ ਹੋ ਕੇ ਚੋਣਾਂ ਲੜਨ ਦੇ ਰਾਹ ਪੈ ਚੁੱਕਾ ਸੀ। Àਸ ਸਮੇਂ ਇਸ ਦੇ ਖਿਲਾਫ ਕੂਹਲੀ ਪਿੰਡ ਵਿੱਚ ਨਾਹਰੇ ਵੀ ਲਿਖੇ ਜਾਂਦੇ ਰਹੇ ਕਿ ''ਘਰਾਂ ਵਾਲਿਆਂ ਤਸੀਹੇ ਝੱਲੇ- ਨਕਲੀ ਨਕਸਲੀ ਘਰਾਂ ਨੂੰ ਚੱਲੇ।'' ਬਾਅਦ ਵਿੱਚ ਭਾਵੇਂ ਦਰਸ਼ਨ ਕੂਹਲੀ ਸਤਿਆਨਰੈਣ ਗਰੁੱਪ ਨੂੰ ਛੱਡ ਵੀ ਗਿਆ ਸੀ। ਇਸ ਸਾਥੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਕਿਸਾਨ ਜਥੇਬੰਦੀ ਵਿੱਚ ਕਾਫੀ ਕੰਮ ਕੀਤਾ। ਇਸ ਨੇ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਚਮਨ ਲਾਲ ਨਾਲ ਮਿਲ ਕੇ ''ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ'' ਕਿਤਾਬ ਛਪਵਾ ਕੇ ਜੋ ਕੰਮ ਕੀਤਾ ਉਹ ਮਿਸਾਲੀ ਆਖਿਆ ਜਾ ਸਕਦਾ ਹੈ। ੦-੦

ਸਾਥੀ ਸੁਖਦੇਵ ਸਿੰਘ ਰਾਏਪੁਰ ਡੱਬਾ ਸ਼ਰਧਾਂਜਲੀ ਸਮਾਗਮ

ਰਾਏਪੁਰ ਡੱਬਾ ਸ਼ਰਧਾਂਜਲੀ ਸਮਾਗਮ
ਸਾਥੀ ਸੁਖਦੇਵ ਸਿੰਘ ਨੂੰ ਉਸਦੀ ਸੋਚ ਨਾਲੋਂ ਵੱਖ ਕਰਨ ਦੇ ਯਤਨ

3 ਨਵੰਬਰ ਨੂੰ ਰਾਏਪੁਰ ਡੱਬਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਇੱਕ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਪਾਰਟੀਆਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦਾ ਜੁੰਮਾ ਅਮੋਲਕ ਸਿੰਘ ਪ੍ਰਧਾਨ ਪੰਜਾਬ ਲੋਕ ਸਭਿਆਚਾਰਕ ਮੰਚ ਨੇ ਸਾਂਭਿਆ ਹੋਇਆ ਸੀ। ਇਕੱਠ ਸੈਂਕੜਿਆਂ ਦੀ ਗਿਣਤੀ ਵਿੱਚ ਸੀ। ਲੋਕੀਂ ਦੂਰੋਂ ਨੇੜਿਉਂ ਆਏ ਹੋਏ ਸਨ। ਪਿੰਡ ਦੇ ਗੁਰਦੁਆਰੇ ਵਿੱਚ ਜਿਸ ਥਾਂ ਇਹ ਸਮਾਗਮ ਹੋਇਆ ਉੱਥੇ ਸੁਖਦੇਵ ਦੀਆਂ ਕੱਦਾਵਰ ਫੋਟੋਆਂ ਲੱਗੀਆਂ ਹੋਈਆਂ ਸਨ ਅਤੇ ਇਸ ਦਿਨ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਲੇਖ ਦੀਆਂ ਕਟਿੰਗਾਂ ਥਾਂ ਥਾਂ ਲੱਗੀਆਂ ਹੋਈਆਂ ਸਨ। 
ਇਸ ਸਮਾਗਮ ਵਿੱਚ ਜਿਹੜੇ ਬੁਲਾਰੇ ਬੁਲਾਏ ਗਏ ਉਹਨਾਂ ਵਿੱਚੋਂ ਅਨੇਕਾਂ ਹੀ ਅਜਿਹੇ ਸਨ, ਜਿਹਨਾਂ ਦਾ ਸਾਥੀ ਸੁਖਦੇਵ ਦੀ ਜ਼ਿੰਦਗੀ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਸੀ ਰਿਹਾ। ਬੋਲਣ ਵਿੱਚ ਮੁਹਾਰਤ ਰੱਖਣ ਵਾਲੇ ਅਜਿਹੇ ਬੁਲਾਰੇ ਸਨ, ਜਿਹੜੇ ਘੰਟਿਆਂਬੱਧੀ ਭਾਸ਼ਣ ਦੇ ਸਕਦੇ ਸਨ, ਪਰ ਜਦੋਂ ਉਹ ਹਕੀਕਤ ਨਾਲੋਂ ਟੁੱਟੇ ਹੋਏ ਸਨ ਤਾਂ ਹਵਾਲੇ ਗਲਤ ਦੇਈ ਜਾ ਰਹੇ ਸਨ ਜਿਵੇਂ ਜੋਗਿੰਦਰ ਸਿੰਘ ਉਗਰਾਹਾਂ, ਡਾ. ਪ੍ਰਮਿੰਦਰ ਸਿੰਘ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਪਤਨੀ ਮਨਜੀਤ ਔਲਖ ਆਦਿ ਸੁਖਦੇਵ ਦੀ ਮੌਤ ਦਾ ਕਾਰਨ ਉਸਦੇ ਹੋਏ ਐਕਸੀਡੈਂਟ ਦੀ ਥਾਂ ਦਿਮਾਗੀ ਬਿਮਾਰੀ ਦੱਸੀ ਜਾ ਰਹੇ ਸਨ ਤੇ ਇਸ ਲਈ ਦੋਸ਼ੀ ਦਵਾ ਸਨਅੱਤ ਨੂੰ ਠਹਿਰਾਈ ਜਾ ਰਹੇ ਸਨ। ਲੋਕ ਮੋਰਚਾ ਪੰਜਾਬ ਦੇ ਸਕੱਤਰ ਵਜੋਂ ਜਗਮੇਲ ਸਿੰਘ ਬੁਲਾਇਆ ਗਿਆ, ਜਿਸ ਦਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ 'ਤੇ ਲੱਗਾ ਰਿਹਾ ਜਿਵੇਂ ਕਿਤੇ ਸੁਖਦੇਵ ਸਿੰਘ ਇਸ ਸਮੇਂ ਲੋਕ ਮੋਰਚੇ ਦਾ ਉਹੋ ਜਿਹਾ ਹੀ ਵਰਕਰ ਹੋਵੇ ਜਿਹੋ ਜਿਹਾ ਉਹ ਸ਼ੁਰੂਆਤ ਦੇ ਪੰਜ-ਚਾਰ ਸਾਲਾਂ ਵਿੱਚ ਰਿਹਾ ਸੀ। 
ਸਟੇਜ ਸਕੱਤਰ ਦੇ ਤੌਰ 'ਤੇ ਅਮੋਲਕ ਸਿੰਘ ਨੇ ਆਪਣੇ ਆਪ ਨੂੰ ਸੁਖਦੇਵ ਦੇ ਪਰਿਵਾਰਕ ਮੈਂਬਰ ਦੇ ਤੌਰ 'ਤੇ ਪੇਸ਼ ਹੁੰਦੇ ਹੋਏ ਬੁਲਾਰਿਆਂ ਦੀ ਜਿਹੜੀ ਚੋਣ ਕੀਤੀ, ਉਸਦਾ ਮਨੋਰਥ ਇਹ ਸੀ ਕਿ ਕੋਈ ਬੁਲਾਰਾ ਅਜਿਹਾ ਨਹੀਂ ਬੋਲਣ ਦੇਣਾ, ਜਿਹੜਾ ਸੁਖਦੇਵ ਸਿੰਘ ਦੀ ਅਸਲ ਜ਼ਿੰਦਗੀ, ਅਸਲ ਸੋਚ ਅਤੇ ਅਸਲ ਅਮਲ ਨੂੰ ਬਿਆਨ ਕਰ ਸਕਦਾ ਹੋਵੇ। ਐਨਾ ਹੀ ਨਹੀਂ ਉਸਦਾ ਸੁਚੇਤ ਯਤਨ ਸੀ ਕਿ ਉਪਰੋਕਤ ਪੱਖਾਂ 'ਤੇ ਨਿਰਖ ਰੱਖਣ ਵਾਲੇ ਕਿਸੇ ਵਿਅਕਤੀ ਦੀ ਸ਼ਮੂਲੀਅਤ ਦਾ ਜ਼ਿਕਰ ਤੱਕ ਵੀ ਨਹੀਂ ਕਰਨਾ। ਜਦੋਂ ਕਿ ਦੂਸਰੇ ਪਾਸੇ ਉਸਨੇ ਪਿੰਡ ਦੇ ਅਨੇਕਾਂ ਵਿਅਕਤੀਆਂ, ਰਿਸ਼ਤੇਦਾਰਾਂ ਤੇ ਦੂਰੋਂ-ਨੇੜਿਉਂ ਪਹੁੰਚੇ ਆਮ ਲੋਕਾਂ ਦੇ ਨਾਵਾਂ ਦੀ ਲੰਬੀ ਸੂਚੀ ਪੜ੍ਹ ਕੇ ਸੁਣਾਈ। ਖੁਦ ਆਪ ਸਟੇਜ ਸਕੱਤਰ ਤੋਂ ਵੱਖ ਰੂਪਾਂ ਵਿੱਚ ਅਨੇਕਾਂ ਵਾਰੀ ਕਈ ਬੁਲਾਰਿਆਂ ਜਿੰਨਾ ਸਮਾਂ ਲੈ ਜਾਂਦਾ ਰਿਹਾ। ਜਿਹੜਾ ਕਹਿੰਦੇ ਸੀ ਕਿ ਅੱਧੇ ਪੌਣੇ ਘੰਟੇ ਵਿੱਚ ਸਮਾਗਮ ਖਤਮ ਕੀਤਾ ਜਾਣਾ ਹੈ, ਉਹ ਡੇਢ ਘੰਟੇ ਤੱਕ ਲਮਕਾਇਆ ਗਿਆ। ਯਾਨੀ ਇਹ ਕੋਈ ਭੋਗ ਸਮਾਗਮ ਹੋਣ ਦੀ ਥਾਂ ਇੱਕ ਸਿਆਸੀ ਕਾਨਰਫੰਰਸ ਬਣਾਇਆ ਗਿਆ। 
ਵੱਖ ਵੱਖ ਬੁਲਾਰਿਆਂ ਨੇ ਸੁਖਦੇਵ ਸਿੰਘ ਨੂੰ ਇੱਕ ਚੰਗਾ ਇਨਸਾਨ ਆਖਦੇ ਹੋਏ ਉਸਦੀ ਸੋਚ 'ਤੇ ਪਹਿਰਾ ਦੇਣ ਦੀਆਂ ਗੱਲਾਂ ਕੀਤੀਆਂ। ਭਾਵੇਂ ਆਮ ਬੁਲਾਰਿਆਂ ਵੱਲੋਂ ਅਜਿਹਾ ਕਹਿਣਾ ਚੰਗਾ ਹੀ ਹੈ ਪਰ ਜਦੋਂ ਖਾਸ ਬੁਲਾਰਿਆਂ ਵਜੋਂ ਬੋਲਣ ਦੀ ਗੱਲ ਆਉਂਦੀ ਹੈ ਤਾਂ ਦੱਸਿਆ ਇਹ ਜਾਣਾ ਬਣਦਾ ਸੀ ਕਿ ਉਹ ਚੰਗਾ ਬੰਦਾ ਬਣਿਆ ਕਿਵੇਂ ਸੀ? ਜੇਕਰ ਸੁਖਦੇਵ ਨੇ ਸਿਰਫ ਆਪਣਾ ਕੈਰੀਅਰ ਹੀ ਬਣਾਉਣਾ ਹੁੰਦਾ ਤਾਂ ਉਹ ਚਾਰ-ਪੰਜ ਦਹਾਕੇ ਪਹਿਲਾਂ ਇੰਗਲੈਂਡ-ਕੈਨੇਡਾ ਆਦਿ ਵਿੱਚ ਜਾ ਕੇ ਪੱਕਾ ਸ਼ਹਿਰੀ ਬਣਿਆ ਹੁੰਦਾ, ਪਰ ਉਸਨੇ ਭਾਰਤੀ ਲੋਕਾਂ ਵਿੱਚ ਰਹਿ ਕੇ ਇਹਨਾਂ ਦੀ ਜ਼ਿੰਦਗੀ ਸੁਧਾਰਨ ਦੇ ਉਪਰਾਲੇ ਕੀਤੇ। ਸੁਖਦੇਵ ਸਿੰਘ ਨੂੰ ਚੰਗੀ ਸਿੱਖਿਆ ਉਸਦੇ ਘਰ ਵਿੱਚੋਂ ਵੀ ਮਿਲੀ। ਇਸੇ ਪਿੰਡ ਦੇ ਸਰਪੰਚ ਹਰਬੰਸ ਸਿੰਘ ਪਹਿਲਵਾਨ ਸੰਸਾਰ ਪ੍ਰਸਿੱਧ ਵਿਅਕਤੀ ਸਨ। ਉਹ ਵੀ ਕਮਿਊਨਿਸਟ ਵਿਚਾਰਾਂ ਨੂੰ ਉਚਿਆਉਂਦੇ ਸਨ। ਪਿੰਡ ਵਿੱਚ ਇਹਨਾਂ ਨਾਲੋਂ ਵੀ ਵੱਧ ਚਰਚਿਤ ਸਖਸ਼ੀਅਤ ਸਨ ਭਾਈ ਰਤਨ ਸਿੰਘ ਰਾਏਪੁਰ ਡੱਬਾ, ਜਿਹੜੇ ਇੱਕ ਸਦੀ ਪਹਿਲਾਂ ਗ਼ਦਰ ਪਾਰਟੀ ਵਿੱਚੋਂ ਕਮਿਊਨਿਸਟ ਬਣ ਕੇ ਦੂਸਰੀ ਕੌਮਾਂਤਰੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਕਾਮਰੇਡ ਲੈਨਿਨ ਅਤੇ ਸਟਾਲਿਨ ਹੋਰਾਂ ਨਾਲ ਵਿਚਰਦੇ ਰਹੇ। ਭਾਈ ਰਤਨ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਅੰਗਰੇਜ਼ ਸਾਮਰਾਜੀਆਂ ਖਿਲਾਫ ਜੂਝਦੇ ਹੋਏ ਕਮਿਊਨਿਸਟ ਕਾਜ਼ ਲਈ ਅਰਪਤ ਕੀਤੀ ਸੀ। ਸੁਖਦੇਵ ਸਿੰਘ ਨੂੰ ਕਮਿਊਨਿਸਟ ਵਿਚਾਰਾਂ ਦੀ ਅਸਲ ਪਾਣ ਕਾਮਰੇਡ ਦਰਸ਼ਨ ਸਿੰਘ ਦੁਸਾਂਝ ਨੇ ਚਾੜ੍ਹੀ ਸੀ। ਚੜ੍ਹਦੀ ਜਵਾਨੀ ਨੂੰ ਕਾਇਲ ਕਰਨਾ ਸੌਖਾ ਨਹੀਂ ਹੁੰਦਾ ਪਰ ਇਸ ਇਲਾਕੇ ਵਿੱਚ ਕੰਮ ਕਰਦਾ ਸਾਥੀ ਦਰਸ਼ਨ ਦੁਸਾਂਝ ਅਜਿਹੀ ਵਿਸ਼ੇਸ਼ ਮੁਹਾਰਤ ਰੱਖਦਾ ਸੀ। ਫੇਰ ਅਗਾਂਹ ਵੀ ਇਸਦੀ ਲਗਾਤਾਰਤਾ  ਬਣੀ ਰਹਿਣੀ ਚਾਹੀਦੀ ਹੁੰਦੀ ਹੈ ਤੇ ਜਦੋਂ ਕਿਸੇ ਸਾਥੀ ਨੇ ਕਮਿਊਨਿਸਟ ਵਿਚਰਾਧਾਰਾ ਅਤੇ ਸਿਆਸਤ ਨੂੰ ਅਪਣਾ ਲਿਆ ਹੋਵੇ ਤਾਂ ਅੱਗੇ ਉਸ ਲਈ ਕਿਸੇ ਨਾ ਕਿਸੇ ਜਥੇਬੰਦਕ ਬਣਤਰ ਵਿੱਚ ਫਿੱਟ ਹੋ ਕੇ ਆਪਣੇ ਵੱਲੋਂ ਕੀਤੇ ਜਾਣ ਵਾਲੇ ਅਮਲ ਵਿੱਚ ਪੁਖਤਗੀ ਲਿਆਉਣੀ ਹੁੰਦੀ ਹੈ। ਸੁਖਦੇਵ ਸਿੰਘ ਜਿੱਥੇ ਪਹਿਲੇ ਸਮਿਆਂ ਵਿੱਚ ਸੀ.ਪੀ.ਆਈ.(ਐਮ.ਐਲ.) ਦੀ ਪੰਜਾਬ ਹਿਮਾਚਲ ਸੂਬਾ ਕਮੇਟੀ ਦੇ ਜਬਤ ਵਿੱਚ ਰਿਹਾ ਤਾਂ ਇਸ ਪਾਰਟੀ ਦੀ ਭਾਰੂ ਲੀਡਰਸ਼ਿੱਪ ਵੱਲੋਂ ਜਦੋਂ ਚੋਣਾ ਦਾ ਰਾਹ ਅਖਤਿਆਰ ਕਰਕੇ ਹਾਕਮਾਂ ਜਮਾਤਾਂ ਦੇ ਚਰਨੀ ਜਾ ਲੱਗੇ। ਸੁਖਦੇਵ ਨੇ ਇਸ ਨੂੰ ਰੱਦ ਕੀਤਾ ਤੇ ਸੀ.ਟੀ., ਸੀ.ਪੀ.ਆਈ.(ਐਮ.ਐਲ.) ਵਿੱਚ ਸ਼ਾਮਲ ਹੋਇਆ। ਡੇਢ ਦਹਾਕੇ ਤੋਂ ਵੱਧ ਸਮਾਂ ਸੀ.ਟੀ., ਸੀ.ਪੀ.ਆਈ.(ਐਮ.ਐਲ.) ਵਿੱਚ ਰਹਿਣ ਉਪਰੰਤ ਜਦੋਂ ਇਹ ਜਥੇਬੰਦੀ ਨਾਗੀ ਰੈਡੀ ਗਰੁੱਪ ਨਾਲ ਏਕਤਾ ਕਰ ਗਈ ਤਾਂ ਇਸ ਨੂੰ ਆਸ ਸੀ ਕਿ ਸ਼ਾਇਦ ਨਾਗੀ ਰੈਡੀ ਗਰੁੱਪ ਵਾਲੇ ਸਾਥੀ ਸੀ.ਟੀ. ਵਾਲਿਆਂ ਵਰਗੇ ਬਣ ਜਾਣਗੇ, ਪਰ ਜਦੋਂ ਉਸਨੇ ਦੇਖਿਆ ਕਿ ਸੀ.ਟੀ. ਗਰੁੱਪ ਵਾਲਿਆਂ ਦਾ ਵੱਡਾ ਹਿੱਸਾ ਹੀ ਨਾਗਾ ਰੈਡੀ ਗਰੁੱਪ ਵਰਗਾ ਬਣ ਗਿਆ ਤਾਂ ਉਸਨੇ ਇਸ ਜਥੇਬੰਦੀ ਨੂੰ ਛੱਡ ਕੇ ਭਾਰਤ ਵਿੱਚ ਚੱਲਦੀ ਨਕਸਲਬਾੜੀ (ਮਾਓਵਾਦੀ) ਲਹਿਰ ਦਾ ਝੰਡਾ ਬੁਲੰਦ ਕੀਤਾ। ਮਾਓਵਾਦੀ ਸੋਚ ਤੇ ਅਮਲ ਦਾ ਝੰਡਾ ਬੁਲੰਦ ਰੱਖਣ ਵਾਸਤੇ ਭਾਵੇਂ ਸਾਥੀ ਸੁਖਦੇਵ ਨੂੰ ਅਨੇਕਾਂ ਤਰ੍ਹਾਂ ਦੀਆਂ ਪਰਿਵਾਰਕ ਅਤੇ ਸਿਆਸੀ ਮੁਸ਼ਕਲਾਂ ਦਾ ਸਾਮਹਣਾ ਕਰਨਾ ਪਿਆ ਪਰ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਿਆਂ ਤੱਕ ਇਸੇ ਸੋਚ 'ਤੇ ਡਟਿਆ ਰਿਹਾ ਤੇ ਵਿੱਤ ਮੁਤਾਬਕ ਅਮਲ ਕਰਦਾ ਰਿਹਾ। 
ਅਮੋਲਕ ਸਿੰਘ ਵੱਲੋਂ ਪੰਜਾਬੀ ਟ੍ਰਿਬਿਊਨ ਵਿੱਚ ਲਿਖੇ ਲੇਖ ਦੀ ਪੇਸ਼ਕਾਰੀ ਵਿੱਚ ਸਿਰਫ ਇਹ ਦਰਸਾਇਆ ਗਿਆ ਹੈ ਕਿ ਜਿਵੇਂ ਕਿਤੇ ਆਪਣੀ ਜ਼ਿੰਦਗੀ ਦੇ ਆਖਰੀ 15 ਸਾਲਾਂ ਵਿੱਚ ਸੁਖਦੇਵ ਸਿੰਘ ਸਿਰਫ ਤੇ ਸਿਰਫ ਪਹਿਲਵਾਨੀ ਦੇ ਖੇਤਰ ਵਿੱਚ ਕੋਚਿੰਗ ਜਾਂ ਕੁਮੈਂਟਰੀ ਹੀ ਕਰਦਾ ਰਿਹਾ ਹੋਵੇ। ਇਸੇ ਹੀ ਤਰ੍ਹਾਂ ਉਸਦੇ ਸ਼ਰਧਾਂਜਲੀ ਸਮਾਗਮ ਵਿੱਚ ਬਹੁਤੇ ਬੁਲਾਰਿਆਂ ਨੇ ਇਹ ਉਭਾਰਿਆ ਜਿਵੇਂ ਕਿਤੇ ਉਹ ਸਿਰਫ ਲੋਕ ਮੋਰਚਾ ਪੰਜਾਬ ਵਰਗੀਆਂ ਖੁੱਲ੍ਹੀਆਂ, ਜਨਤਕ, ਕਾਨੂੰਨੀ ਜਥੇਬੰਦੀਆਂ ਵਿੱਚ ਹੀ ਕੰਮ ਕਰਦਾ ਰਿਹਾ ਹੋਵੇ। ਪਰ ਸਾਥੀ ਸੁਖਦੇਵ ਨਾ ਪਹਿਲਾਂ ਸਿਰਫ ਜਨਤਕ, ਕਾਨੂੰਨੀ ਤੇ ਖੁੱਲ੍ਹੀਆਂ ਜਥੇਬੰਦੀਆਂ ਵਿੱਚ ਕੰਮ ਕਰਨ ਵਿੱਚ ਮਹਿਦੂਦ ਸੀ ਤੇ ਨਾ ਹੀ ਬਾਅਦ ਦੇ ਸਮੇਂ ਵਿੱਚ। ਉਸ ਲਈ ਨਕਸਲਬਾੜੀ ਦੇ ਝੰਡਾਬਰਦਾਰ ਬਣਨਾ ਤੇ ਬਣੇ ਰਹਿਣਾ ਮੁੱਖ ਕਾਰਜ ਸੀ। ਇਸਦੀ ਖਾਤਰ ਉਸਦੀ ਜ਼ਿੰਦਗੀ ਦਾ ਬਹੁਤ ਸਮਾਂ ਤੇ ਸ਼ਕਤੀ ਖਰਚ ਹੁੰਦੇ ਰਹੇ। ਭਾਵੇਂ ਸੀ.ਪੀ.ਆਈ.(ਐਮ.ਐਲ.) ਨਿਊਡੈਮੋਕਰੇਸੀ ਦੇ ਸੂਬਾ ਕਮੇਟੀ ਮੈਂਬਰ ਅਜਮੇਰ ਸਿੰਘ ਸਮਰਾ ਵੱਲੋਂ ਇਹ ਦੱਸਿਆ ਗਿਆ ਕਿ ਸੁਖਦੇਵ ਸਿੰਘ ਇਨਕਲਾਬੀ ਸਾਹਿਤ ਵੰਡਦਾ ਹੁੰਦਾ ਸੀ ਤਾਂ ਜਿਹੜਾ ਸਾਹਿਤ ਉਹ ਵੰਡਦਾ ਸੀ ਉਹ ਸੁਰਖ਼ ਰੇਖਾ ਵੱਲੋਂ ਪ੍ਰਚਾਰੀ-ਪ੍ਰਸਾਰੀ ਜਾ ਰਹੀ ਸਮਝ ਸੀ। ਦਹਾਕਿਆਂ ਬੱਧੀ ਸਾਥੀ ਸੁਖਦੇਵ ਨੇ ਇਸ ਸਮਝ ਨੂੰ ਲੋਕਾਂ ਦੇ ਦਰਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਬਾਅਦ ਵਿੱਚ ਉਹ ਤਕਰੀਬਨ ਡੇਢ ਦਹਾਕਾ ਜਿਹੜਾ ਜ਼ਾਹਰਾ ਰੂਪ ਵਿੱਚ ਪਹਿਲਵਾਨੀ ਦੇ ਖੇਤਰ ਵਿੱਚ ਵਿਚਰਦਾ ਰਿਹਾ, ਇਹ ਮਹਿਜ਼ ਪਹਿਲਵਾਨੀ ਦਾ ਖੇਤਰ ਹੀ ਨਹੀਂ ਸੀ ਬਲਕਿ ਉਸਦੇ ਨਾਲ ਹੀ ਉਸਦੀ ਜ਼ਿੰਦਗੀ ਦਾ ਇਹ ਗੁੱਝਾ ਪੱਖ ਵੀ ਸੀ, ਜਿਸ ਤਹਿਤ ਉਸਨੇ ਆਪਣੇ ਵਿੱਤ ਤੇ ਸਮਰੱਥਾ ਮੁਤਾਬਕ ਮਾਓਵਾਦੀ ਲਹਿਰ ਨੂੰ ਉਚਿਆਇਆ।
ਅਨੇਕਾਂ ਬੁਲਾਰਿਆਂ ਨੇ ਸੁਖਦੇਵ ਸਿੰਘ ਦੀ ਸੋਚ ਨੂੰ ਬੁਲੰਦ ਰੱਖਣ ਦੇ ਵਚਨ ਦਿੱਤੇ ਹਨ, ਪਰ ਜਦੋਂ ਹਕੀਕੀ ਤੌਰ 'ਤੇ ਕਿਸੇ ਇੱਕ ਵੱਲੋਂ ਵੀ ਇਹ ਦੱਸਿਆ ਤੱਕ ਹੀ ਨਹੀਂ ਗਿਆ ਕਿ ਉਸਦੀ ਵਿਚਾਰਧਾਰਾ ਮਾਓਵਾਦੀ ਵਿਚਾਰਧਾਰਾ ਸੀ ਤਾਂ ਉਸਦੀ ਸੋਚ ਨੂੰ ਉਚਿਆਉਣ ਦੀ ਵਿਧੀ ਮਾਓਵਾਦੀ ਨਾ ਹੋ ਕੇ ਕੋਈ ਹੋਰ ਬਣਨ ਦੀ ਧਾਰਨਾ ਉੱਭਰਦੀ ਹੈ। ਸੁਖਦੇਵ ਦੀ ਸਮੁੱਚੀ ਜ਼ਿੰਦਗੀ ਨੂੰ ਸਿਰਫ ਕੁੱਝ ਨਾ ਕੁੱਝ ਜ਼ਾਹਰਾ ਤੇ ਸੀਮਤ ਪੱਖਾਂ ਤੱਕ ਸਿਮਟਾਉਣ ਦੀ ਧਾਰਨਾ ਨੂੰ ਉਭਾਰਿਆ ਗਿਆ ਹੈ। ਜਿਵੇਂ ਕਿਸੇ ਵੀ ਦਰਖਤ ਦੀਆਂ ਸਿਰਫ ਟਹਿਣੀਆਂ, ਪੱਤੇ ਅਤੇ ਫੁੱਲ-ਫਲ ਹੀ ਨਹੀਂ ਹੁੰਦੇ ਬਲਕਿ ਉਸਦਾ ਤਣਾ-ਜੜ੍ਹਾਂ ਡੂੰਘਾਈ ਤੱਕ ਦੀ ਪਹੁੰਚ ਵੀ ਹੁੰਦੀ ਹੈ, ਉਸੇ ਹੀ ਤਰ੍ਹਾਂ ਸੁਖਦੇਵ ਦੀ ਜ਼ਾਹਰਾ ਜ਼ਿੰਦਗੀ ਤੋਂ ਇਲਾਵਾ ਅਨੇਕਾਂ ਗੁਪਤ ਪੱਖ ਵੀ ਸਨ, ਜਿਹਨਾਂ ਦਾ ਅਨੇਕਾਂ ਬੁਲਾਰਿਆਂ ਨੂੰ ਪਤਾ ਸੀ, ਪਰ ਉਹ ਬੋਲੇ ਹੀ ਨਹੀਂ। ਪਰ ਜਿਹੜੇ ਇਹਨਾਂ ਪੱਖਾਂ 'ਤੇ ਭਰਵੇਂ ਰੂਪ ਵਿੱਚ ਵਿਆਖਿਆ ਕਰ ਸਕਦੇ ਸਨ- ਉਹਨਾਂ ਨੂੰ ਇਸ ਸਟੇਜ ਤੋਂ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਨਾਲ ਇਸ ਸ਼ਰਧਾਂਜਲੀ ਸਮਾਗਮ ਵਿੱਚ ਸਾਥੀ ਸੁਖਦੇਵ ਸਿੰਘ ਕੋਲੋਂ ਉਸਦਾ ਕਮਿਊਨਿਸਟ ਇਨਕਲਾਬੀ ਵਿਰਸਾ ਖੋਹਣ ਦਾ ਯਤਨ ਕੀਤਾ ਗਿਆ ਹੈ, ਪਰ ਜਿਹਨਾਂ ਨੂੰ ਸੁਖਦੇਵ ਪ੍ਰਤੀ ਖਾਸ ਲਗਾਓ ਸੀ ਉਹ ਸੁਖਦੇਵ ਦੇ ਕਾਜ ਨੂੰ ਹੋਰ ਅੱਗੇ ਲਿਜਾਣ ਲਈ ਪਹਿਲਾਂ ਨਾਲੋਂ ਕਿਤੇ ਵਧੇਰੇ ਤਿੱਖ ਅਤੇ ਤੱਦੀ ਨੂੰ ਅਖਤਿਆਰ ਕਰਕੇ ਡਟੇ ਰਹਿਣਗੇ। 
੦-੦

ਦੱਧਾਹੂਰ- ਬੀਬੀ ਗੁਰਦੇਵ ਕੌਰ ਨੂੰ ਸ਼ਰਧਾਂਜਲੀਆਂ

ਸ਼ਹੀਦ ਸਾਥੀ ਟਹਿਲ ਸਿੰਘ ਦੱਧਾਹੂਰ ਦੀ ਜੀਵਨ-ਸਾਥਣ ਬੀਬੀ ਗੁਰਦੇਵ ਕੌਰ ਨੂੰ ਸ਼ਰਧਾਂਜਲੀਆਂ
20 ਦਸੰਬਰ 2019 ਨੂੰ ਬੀਬੀ ਗੁਰਦੇਵ ਕੌਰ ਦਾ ਸ਼ਰਧਾਂਜਲੀ ਸਮਾਗਮ ਪਿੰਡ ਦੱਧਾਹੂਰ ਜ਼ਿਲ੍ਹਾ ਬਰਨਾਲਾ ਵਿਖੇ  ਕੀਤਾ ਗਿਆ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਾਥੀ ਟਹਿਲ ਸਿੰਘ ਨੂੰ ਪਿੰਡ ਦੇ ਗੁੰਡਿਆਂ ਨੇ 1979 ਵਿੱਚ ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਵਿੱਚ ਹੁਣ ਤੱਕ 40 ਸਾਲ ਇਸ ਬੀਬੀ ਨੇ ਸਾਥੀ ਟਹਿਲ ਸਿੰਘ ਅਤੇ ਪਿਆਰਾ ਸਿੰਘ ਦੱਧਾਹੂਰ ਹੋਰਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ, ਅਤਿ ਦੀਆਂ ਮੁਸ਼ਕਲ ਹਾਲਤਾਂ ਵਿੱਚ ਜੀਵਨ ਬਤੀਤ ਕੀਤਾ। ਸਾਥੀ  ਟਹਿਲ ਸਿੰਘ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਵਿੱਚ ਪਰਿਵਾਰ ਦੀ ਭਾਰੀ ਕਬੀਲਦਾਰੀ ਨੂੰ ਸਿਰੇ ਚਾੜ੍ਹਨ ਲਈ ਬੀਬੀ ਗੁਰਦੇਵ ਕੌਰ ਨੇ ਆਪਣੇ ਸਬਰ ਅਤੇ ਸਿਰੜ ਤੋਂ ਕੰਮ ਲੈਂਦੇ ਹੋਏ, ਹਰ ਔਖੇ ਤੋਂ ਔਖਾ ਕੰਮ ਕੀਤਾ। ਉਹਨਾਂ ਨੇ ਕਬੀਲਦਾਰੀ ਨੂੰ ਸਿਰੇ ਚਾੜ੍ਹਨ ਲਈ ਲੋਕਾਂ ਦੇ ਘਰਾਂ ਵਿੱਚ ਗੋਹਾ-ਕੂੜਾ, ਸਫਾਈ ਕਰਨ ਤੋਂ ਲੈ ਕੇ ਖੇਤੀ ਦੇ ਅਨੇਕਾਂ ਕੰਮ ਕੀਤੇ। ਲੋਕੀ ਇਸ ਦੀ ਕਮਾਈ ਨੂੰ ਧੰਨ ਮੰਨਦੇ ਸਨ ਕਿ ਬੀਬੀ ਗੁਰਦੇਵ ਕੌਰ ਨੇ ਘਰ ਦੀਆਂ ਕਿੰਨੀਆਂ ਹੀ ਦੁਸ਼ਵਾਰੀਆਂ ਨੂੰ ਆਪਣੇ ਤਨ-ਮਨ 'ਤੇ ਝੱਲਿਆ ਪਰ ਉਸ ਨੇ ਕਿਸੇ ਦੇ ਅੱਗੇ ਜ਼ਿੰਦਗੀ ਦੀ ਭੀਖ ਨਹੀਂ ਸੀ ਮੰਗੀ। 
ਸ਼ਰਧਾਂਜਲੀ ਸਮਾਗਮ ਵਿੱਚ ਚਰਨ ਸਿੰਘ ਰਾਏਕੋਟ ਨੇ ਸਾਥੀ ਟਹਿਲ ਸਿੰਘ ਦੀ ਸ਼ਹਾਦਤ ਉਪਰੰਤ ਇਸ ਪਰਿਵਾਰ ਵੱਲੋਂ ਹੁਣ ਤੱਕ ਝੱਲੇ ਦੁੱਖਾਂ, ਕਸ਼ਟਾਂ, ਤਿਆਗ, ਕੁਰਬਾਨੀਆਂ ਦਾ ਸ਼ਿੱਦਤ ਭਰਿਆ ਵਰਨਣ ਕੀਤਾ। ਇਸ ਪਰਿਵਾਰ ਨਾਲ ਅਤੇ ਇਸ ਪਿੰਡ ਨਾਲ ਜੋ ਕੁੱਝ ਹੋਇਆ ਬੀਤਿਆ ਉਸ ਦੀ ਵਿਸਥਾਰਤ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਨਕਸਲਬਾੜੀ ਲਹਿਰ ਦੇ ਉਭਾਰ ਸਮੇਂ ਪੁਲਸ ਮੁਖੀ ਅਸ਼ਵਨੀ ਕੁਮਾਰ ਨੇ ਸਾਰੇ ਪਿੰਡ 'ਤੇ ਕਹਿਰ ਢਾਹਿਆ ਸੀ। ਲੋਕਾਂ ਦੇ ਡੰਗਰ-ਪਸ਼ੂ ਖੋਲ੍ਹ ਕੇ ਖੇਤਾਂ ਵਿੱਚ ਛੱਡ ਦਿੱਤੇ ਸਨ। ਲੋਕਾਂ ਦਾ ਅੰਨ੍ਹੇਵਾਹ ਕੁਟਾਪਾ ਕੀਤਾ ਗਿਆ, ਪਿੰਡ ਦੀਆਂ ਔਰਤਾਂ ਨੂੰ ਚੋਣਵੇ ਜਬਰ ਦਾ ਨਿਸ਼ਾਨਾ ਬਣਾਇਆ ਗਿਆ। 
ਬੀਬੀ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਥੀ ਨਾਜ਼ਰ ਸਿੰਘ ਬੋਪਾਰਾਏ ਐਕਟਿੰਗ ਸੰਪਾਦਕ ਸੁਰਖ਼ ਰੇਖਾ, ਹਰਭਗਵਾਨ ਭੀਖੀ, ਸੁਰਿੰਦਰ ਸਿੰਘ  ਜਲਾਲਦੀਵਾਲ ਆਦਿ ਬੁਲਾਰਿਆਂ ਨੇ ਆਖਿਆ ਕਿ ਬੀਬੀ ਗੁਰਦੇਵ ਕੌਰ ਨੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਜਿਹਨਾਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦਾ ਟਾਕਰਾ ਕੀਤਾ ਉਹਨਾਂ ਦਾ ਟਾਕਰਾ ਕਰਨ ਦੀ ਹਿੰਮਤ ਇਸ ਬੀਬੀ ਨੂੰ ਸਾਥੀ ਪਿਆਰਾ ਸਿੰਘ ਅਤੇ ਟਹਿਲ ਸਿੰਘ ਦੱਧਾਹੂਰ ਦੇ ਵਿਚਾਰਾਂ ਅਤੇ ਸਾਥ ਵਿੱਚੋਂ ਮਿਲੀ ਸੀ। ਉਹ ਸਾਥੀ ਅੱਜ ਤੋਂ ਕੋਈ ਪੰਜਾਹ ਸਾਲ ਪਹਿਲਾਂ ਸਾਡੇ ਕਿਰਤੀ ਕਮਾਊ ਲੋਕਾਂ ਦੀ ਹੋਣੀ ਨੂੰ ਵਧੀਆ ਬਣਾਉਣ ਦੀ ਖਾਤਰ ਜੂਝੇ ਸਨ। ਉਹਨਾਂ ਨੇ ਆਪਣੇ ਸਮਿਆਂ ਵਿੱਚ ਇਹ ਸਿੱਟਾ ਕੱਢਿਆ ਸੀ ਕਿ ਜਦੋਂ ਤੱਕ ਸਮਾਜ ਵਿੱਚ ਜ਼ਮੀਨ ਦੀ ਕਾਣੀ ਵੰਡ ਖਤਮ ਨਹੀਂ ਕੀਤੀ ਜਾਂਦੀ ਸਾਡੇ ਕਿਰਤੀ-ਕਮਾਊ ਲੋਕਾਂ ਦੀ ਤਕਦੀਰ ਨਹੀਂ ਬਦਲ ਸਕਦੀ। ਉਹਨਾਂ ਨੂੰ ਪਤਾ ਸੀ ਕਿ ਜਦੋਂ ਜ਼ਮੀਨ ਦੀ ਜੰਗ ਲੜੀ ਜਾਣੀ ਹੈ ਤਾਂ ਇਸ ਵਿੱਚ ਸਿਆਸੀ ਸੱਤਾ ਨੇ ਦਖਲ ਦੇ ਕੇ ਇਸ ਜੰਗ ਨੂੰ ਖਤਮ ਕਰਨ ਲਈ ਤਾਣ ਲਾਉਣਾ ਹੈ। ''ਜ਼ਮੀਨ ਹਲਵਾਹਕ ਦੀ'' ਅਤੇ ''ਸਿਆਸੀ ਸੱਤਾ ਲੋਕਾਂ ਦੇ ਹੱਥ'' ਦੇਣ ਦੀ ਸਮਝ ਲੈ ਕੇ ਸਾਥੀਆਂ ਨੇ ਲੋਕਾਂ ਵਿੱਚ ਆਪਣੇ ਵਿਚਾਰ ਰੱਖੇ ਅਤੇ ਇਸ ਮਕਸਦ ਨੂੰ ਅਮਲੀ ਤੌਰ 'ਤੇ ਪੂਰਾ ਕਰਨ ਲਈ ਸਾਰਾ ਹੀ ਤਾਣ ਲਾਉਂਦੇ ਹੋਏ ਸ਼ਹੀਦੀ ਜਾਮ ਪੀ ਗਏ। ਉਹਨਾਂ ਦੱਸਿਆ ਕਿ ਭਾਵੇਂ ਇਸ ਖੇਤਰ ਵਿੱਚ ਇਹ ਲਹਿਰ ਉਸ ਤਰ੍ਹਾਂ ਦੀ ਨਹੀਂ ਰਹੀ ਪਰ ਇਹ ਲਹਿਰ ਅੱਜ ਵੀ ਮੱਧ ਭਾਰਤ ਵਿੱਚ ਚੱਲ ਰਹੀ ਹੈ। ਉੱਥੇ ਲੋਕਾਂ ਨੂੰ ਜਲ, ਜੰਗਲ, ਜ਼ਮੀਨ ਦੇ ਮਾਲਕ ਬਣਾਇਆ ਜਾ ਰਿਹਾ ਹੈ। ਹਕੂਮਤ ਨੇ ਭਾਵੇਂ ਜਬਰ ਤਿੱਖਾ ਕੀਤਾ ਹੈ, ਪਰ ਫੇਰ ਵੀ ਲਹਿਰ ਦੀ ਲਗਾਤਾਰਤਾ ਬਣੀ ਹੋਈ ਹੈ। ਇਹ ਇਸ ਲਹਿਰ ਦੀ ਤਕੜਾਈ ਹੈ ਕਿ ਪੰਜ ਦਹਾਕਿਆਂ ਉਪਰੰਤ ਵੀ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਚਾੜ੍ਹ ਕੇ ਇਸ ਨੂੰ ਕੁਚਲਿਆ ਨਹੀਂ ਜਾ ਸਕਿਆ। 
ਬੁਲਾਰਿਆਂ ਨੇ ਜ਼ਮੀਨ ਦੀ ਜਿਸ ਕਾਣੀ ਵੰਡ ਨੂੰ ਖਤਮ ਕਰਨ ਲਈ ਸਾਥੀ ਪਿਆਰਾ ਸਿੰਘ ਅਤੇ ਟਹਿਲ ਸਿੰਘ ਜੂਝਦੇ ਰਹੇ, ਉਹ ਕਾਣੀ ਵੰਡ ਅੱਜ ਵੀ ਜਾਰੀ ਹੈ। ਐਨਾ ਹੀ ਨਹੀਂ ਜਦੋਂ ਭਾਰਤੀ ਸੰਵਿਧਾਨ ਵਿਚਲੇ ਕਾਨੂੰਨਾਂ ਦੇ ਮੁਤਾਬਕ ਹੀ ਝਲੂਰ, ਬਾਲਦ ਕਲਾਂ, ਮੀਮਸਾ, ਕੁਠਾਲਾ ਆਦਿ ਵਿੱਚ ਲੋਕ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਮੰਗ ਕਰਦੇ ਹਨ ਤਾਂ ਉਹਨਾਂ 'ਤੇ ਨਾ ਸਿਰਫ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ, ਉਹਨਾਂ ਦੇ ਸਿਰ ਪਾੜੇ ਜਾਂਦੇ ਹਨ ਬਲਕਿ ਉਹਨਾਂ ਨੂੰ ਜਾਨੋ ਮਾਰਨ ਤੱਕ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਜੇਕਰ ਕੋਈ ਬੰਤ ਸਿੰਘ ਝੱਬਰ ਵਰਗਾ ਕਿਰਤੀ ਬੰਦਾ ਆਪਣੀ ਧੀ ਦੀ ਆਣ-ਇੱਜਤ ਦੀ ਰਾਖੀ ਦੀ ਹਿੰਮਤ ਵਿਖਾਉਂਦਾ ਹੈ, ਤਾਂ ਗੁੰਡਿਆਂ ਵੱਲੋਂ ਹਮਲੇ ਕਰਕੇ ਉਸਦੇ ਹੱਥ ਤੇ ਪੈਰ ਵੱਢ ਦਿੱਤੇ ਜਾਂਦੇ ਸਨ। ਆਪਣਾ ਹੱਕ ਮੰਗਣ ਵਾਲੇ ਚੰਗਾਲੀਵਾਲ ਦੇ ਜਗਮੇਲ ਸਿੰਘ ਵਰਗਿਆਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। 
ਬੁਲਾਰਿਆਂ ਨੇ ਦੇਸ਼ ਦੇ ਹਾਕਮਾਂ ਵੱਲੋਂ ਨਾਗਰਿਕਤਾ ਸੋਧ ਐਕਟ, ਨਾਗਰਿਕਾਂ ਦੇ ਕੌਮੀ ਰਜਿਸਟਰ ਵਰਗੇ ਕਾਲੇ ਕਾਨੂੰਨਾਂ ਦੇ ਗੁੱਝੇ ਮਨਸ਼ਿਆਂ ਨੂੰ ਦੱਸਦੇ ਹੋਏ ਆਖਿਆ ਕਿ ਇਹਨਾਂ ਤਹਿਤ ਦੇਸ਼ ਦੇ ਲੋਕਾਂ ਨੂੰ ਧਰਮਾਂ 'ਤੇ ਆਧਾਰਤ ਵੰਡ ਕੇ ਅਤੇ ਆਪਣੀ ਨਾਗਰਿਕਤਾ ਦਾ ਸਬੂਤ ਨਾ ਦੇ ਸਕਣ ਦੀ ਹਾਲਤ ਵਿੱਚ ਫੜ ਫ਼ੜ ਕੇ ਜੇਲ੍ਹਾਂ ਵਿੱਚ ਸੁੱਟਣਾ ਹੈ ਅਤੇ ਉਹਨਾਂ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਜਬਤ ਕਰਨਾ ਹੈ। ਇਹਨਾਂ ਕਾਨੂੰਨਾਂ ਦਾ ਮਨੋਰਥ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਖਾਸ ਕਰਕੇ ਆਪਣੀ ਮਾਰ ਹੇਠ ਲਿਆਉਣਾ ਹੈ, ਉਹਨਾਂ ਈਨ ਮਨਵਾ ਕੇ ਜਾਂ ਤਾਂ ਹਿੰਦੂ ਧਰਮ ਮਨਵਾਉਣਾ ਹੈ ਜਾਂ ਫੇਰ ਤਸੀਹਾ ਕੇਂਦਰਾਂ ਵਿੱਚ ਮਰਨ ਲਈ ਸੁੱਟਣਾ ਹੈ  ਤੇ ਕੁੱਟ ਕੁੱਟ ਕੇ ਉਹਨਾਂ ਨੂੰ ਪਾਕਿਸਤਾਨ ਜਾਂ ਬੰਗਲਾਦੇਸ਼ ਵਿੱਚ ਧੱਕਣਾ ਹੈ। 
ਇਸ ਹੀ ਤਰ੍ਹਾਂ ਬੁਲਾਰਿਆਂ ਨੇ ਵਧਦੀ ਮਹਿੰਗਾਈ, ਭੁੱਖਮਰੀ, ਬਿਮਾਰੀਆਂ ਅਤੇ ਵਧਦੀ ਬੇਰੁਜ਼ਗਾਰੀ ਨਾਲ ਵਧ ਰਹੀਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਅਤੇ ਇਹਨਾਂ ਤੋਂ ਨਿਯਾਤ ਪਾਉਣ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਆਖਿਆ ਕਿ ਸ਼ਹੀਦਾਂ ਦੇ ਰਾਹ 'ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ, ਇਹੀ ਬੀਬੀ ਗੁਰਦੇਵ ਕੌਰ ਨੂੰ ਸੱਚੀ ਸ਼ਰਧਾਂਜਲੀ ਹੈ। ੦-੦

ਕਵੀ ਇਉਂ ਵੀ ਸੋਚਦਾ ਹੈ

ਕਵੀ ਇਉਂ ਵੀ ਸੋਚਦਾ ਹੈ
.........ਅਜਿਹਾ ਨਹੀਂ ਹੈ ਕਿ ਦੁਸ਼ਮਣ ਜਮਾਤ ਬਹੁਤ ਤਾਕਤਵਰ ਹੈ। ਸਾਧਨਾਂ 'ਤੇ ਕਬਜ਼ਾ ਹੋਣ ਕਾਰਣ ਇਸ ਜਮਾਤ ਕੋਲ ਤਾਕਤ ਹੈ ਅਤੇ ਇਸ ਕੋਲੋਂ ਸਾਧਨ ਖੋਹਣ ਜਾਂ ਉਹਨਾਂ ਨੂੰ ਤਹਿਸ-ਨਹਿਸ ਕਰਨ ਨਾਲ ਹੀ ਇਹ ਜਮਾਤ ਆਨੇ ਵਾਲੀ ਥਾਂ ਆ ਸਕਦੀ ਹੈ। ਅੱਜ ਅਸੀਂ ਸਾਰੇ ਲੋਕ ਹਾਕਮ ਜਮਾਤ ਦੀ ਤਾਨਾਸ਼ਾਹੀ ਦਾ ਸ਼ਿਕਾਰ ਹੋ ਰਹੇ ਹਾਂ। ਜਿਹੜੇ ਸਮਝਦੇ ਹਨ ਕਿ ਉਹ ਇਸ ਢਾਂਚੇ ਵਿੱਚ ਸੁਰੱਖਿਅਤ ਹਨ, ਉਹਨਾਂ ਦਾ ਵਹਿਮ ਹੈ। 
.........ਗੱਲ ਸਾਡੀ ਸਮਝ ਦੀ ਹੈ ਕਿ ਸਾਡੇ ਹੱਕ ਕੀ ਹਨ ਅਤੇ ਫ਼ਰਜ਼ ਕੀ ਹਨ। ਜਦੋਂ ਤੱਕ ਹੱਕ ਨਹੀਂ ਮਿਲਦੇ, ਫ਼ਰਜ਼ ਅਦਾ ਕੀਤੇ ਹੀ ਨਹੀਂ ਜਾ ਸਕਦੇ। ਜੇ ਅਸੀਂ ਬਗੈਰ ਹੱਕ ਲਏ ਫ਼ਰਜ਼ ਅਦਾ ਕਰਨ ਦਾ ਦਾਅਵਾ ਕਰਦੇ ਆਪਣੇ ਆਪ ਨੂੰ ਅਧਿਆਤਮਕ ਪੁਰਖ ਸਮਝਣ ਦੇ ਧੋਖੇ ਦਾ ਸ਼ਿਕਾਰ ਹੁੰਦੇ ਹਾਂ ਤਾਂ ਅਸੀਂ ਮੂਰਖ ਹਾਂ ਅਤੇ ਸਾਡੀ ਮੂਰਖਤਾ ਦੇ ਸਿਰ ਚੜ੍ਹਕੇ ਮੋਦੀ ਜਿਹੇ ਗੁੰਡੇ ਬਦਮਾਸ਼ ਰਾਜ ਕਰਦੇ ਹਨ। .....ਪੈਸੇ ਦੀ ਅੰਨ੍ਹੀਂ ਦੌੜ ਵਿੱਚ ਸ਼ਾਮਿਲ ਅਸੀਂ ਆਪਣੇ ਹੀ ਧੁਰੇ ਦੁਆਲ਼ੇ ਚੱਕਰ ਕੱਢ ਰਹੇ ਹਾਂ ਅਤੇ ਇਵੇਂ ਹੀ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਾਂ। ਉਹਨਾਂ ਉੱਤੇ ਇਹ ਬਣਿਆ ਬਣਾਇਆ ਲੁੱਟ ਦਾ ਸਿਸਟਮ ਥੋਪ ਰਹੇ ਹਾਂ ਜਿਸ ਦਾ ਖਮਿਆਜਾ ਯੂਨਿਵਰਸਿਟੀਆਂ, ਕਾਲਜਾਂ, ਸਕੂਲਾਂ ਵਿੱਚ ਪੜ੍ਹਦੇ ਸਾਡੇ ਧੀ-ਪੁੱਤ ਭੁਗਤ ਰਹੇ ਹਨ।
......ਪੰਜਾਬ ਵਿੱਚ ਇੱਕ ਅਖਾਣ ਆਮ ਵਰਤਿਆ ਜਾਂਦਾ ਸੀ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਅਹਿਮਦ ਸ਼ਾਹ ਅਬਦਾਲੀ ਆਪਣੇ ਸਮੇਂ ਦਾ ਸਭ ਤੋਂ ਤਾਕਤਵਰ ਬਾਦਸ਼ਾਹ ਮੰਨਿਆ ਜਾਂਦਾ ਸੀ ਅਤੇ ਉਸ ਨੇ ਅਫਗਾਨਿਸਤਾਨ ਤੋਂ ਫ਼ੌਜਾਂ ਚਾੜ੍ਹ ਕੇ ਦਿੱਲੀ ਤੱਕ ਲੁੱਟ ਕੀਤੀ ਅਤੇ ਹਰ ਥਾਂ ਲੁੱਟ ਕਰਦਾ ਗਿਆ। ਇਸੇ ਲਈ ਇਹ ਅਖਾਣ ਲੋਕ ਧਾਰਾ ਦਾ ਹਿੱਸਾ ਬਣਿਆ ਹੈ ਕਿ ਜੋ ਖਾ-ਪੀ ਲਿਆ ਉਹੀ ਸਾਡਾ ਹੈ, ਬਾਕੀ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਖੋਹ ਕੇ ਲੈ ਜਾਣਾ ਹੈ। ਅੱਜ ਅਹਿਮਦ ਸ਼ਾਹ ਦੀ ਥਾਂ ਮੋਦੀ-ਸ਼ਾਹ ਹਨ। ਪਰ ਉਦੋਂ ਅਹਿਮਦ ਸ਼ਾਹ ਨੂੰ ਨਾਨੀ ਚੇਤੇ ਕਰਵਾਉਣ ਵਾਲੇ ਵੀ ਪੰਜਾਬੀ ਸਿੱਖ ਹੀ ਸਨ, ਜਿਹਨਾਂ ਨੇ ਉਸ ਕੋਲੋਂ ਲੁੱਟਿਆ ਹੋਇਆ ਮਾਲ ਅਸਬਾਬ ਖੋਹ ਕੇ ਅਪਣੀ ਬਹਾਦਰੀ ਦਾ ਡੰਕਾ ਹੀ ਨਹੀਂ ਵਜਾਇਆ, ਸਗੋਂ ਵਿਉਂਤਬੱਧ ਤਰੀਕੇ ਨਾਲ ਅਪਣਾ ਸਿੱਕਾ ਵੀ ਚਲਾਇਆ। ਇਹ ਇੱਕ ਇਨਕਲਾਬੀ ਪ੍ਰਾਪਤੀ ਸੀ ਕਿ ਜਿਹਨਾਂ ਕੋਲ ਰਾਜ-ਭਾਗ ਦਾ ਇੱਕ ਕਿਣਕਾ ਵੀ ਨਹੀਂ ਸੀ ਅਤੇ ਜਿਹੜੇ ਰਾਜ ਕਰਨਾ ਜਾਣਦੇ ਵੀ ਨਹੀਂ ਸਨ, ਉਹਨਾਂ ਕਿਵੇਂ ਗੁਰੀਲਾ ਹਮਲਿਆਂ ਨਾਲ ਆਪਣੇ ਆਪ ਨੂੰ ਪ੍ਰੀਭਾਸ਼ਿਤ ਅਤੇ ਸਥਾਪਿਤ ਵੀ ਕੀਤਾ ਸੀ। ਉਹਨਾਂ ਨੇ ਜ਼ਾਬਰ ਹਕੂਮਤ ਨੂੰ ਟੱਕਰ ਦਿੱਤੀ ਅਤੇ ਇਨਕਲਾਬ ਦਾ ਝੰਡਾ ਬੁਲੰਦ ਕੀਤਾ। ਅੱਜ ਵੀ ਸਮਾਂ ਉਹੋ ਜਿਹਾ ਹੈ ਅਤੇ ਚੁਣੌਤੀਆਂ ਵੀ ਉਹੋ ਜਿਹੀਆਂ ਹਨ ਅਤੇ ਭੌਤਿਕ ਹਾਲਤਾਂ ਵੀ ਕੋਈ ਬਹੁਤੀਆਂ ਵੱਖਰੀਆਂ ਨਹੀਂ। ਅਜਿਹਾ ਵੀ ਨਹੀਂ ਹੈ ਕਿ ਅੱਜ ਪੰਜਾਬ ਵਿੱਚ ਅਜਿਹੇ ਲੋਕ ਨਾ ਹੋਣ ਜੋ ਘਰ-ਬਾਰ ਤਿਆਗ ਕੇ ਇਨਕਲਾਬ ਦੀ ਤਿਆਰੀ ਵਿੱਚ ਲੱਗੇ ਹੋਣ। ਬਹੁਤ ਲੋਕ ਹਨ ਜੋ ਸੜਕਾਂ ਤੇ ਸਰਕਾਰ ਨਾਲ ਸਿੱਧੀ ਟੱਕਰ ਲੈ ਕੇ ਪੁਲਿਸ ਜ਼ਬਰ ਦਾ ਸ਼ਿਕਾਰ ਹੋ ਰਹੇ ਹਨ, ਜੇਲ੍ਹਾਂ ਕੱਟ ਰਹੇ ਹਨ, ਹੱਕਾਂ ਲਈ ਲੜ ਰਹੇ ਹਨ। 
......ਲੋਕਾਂ ਨੇ ਹਥਿਆਰਬੰਦ ਘੋਲਾਂ ਦੀ ਚੜ੍ਹਤ ਦੌਰਾਨ ਸੰਘਰਸ਼ਾਂ 'ਤੇ ਟੇਕ ਰੱਖ ਕੇ ਵੱਡੀਆਂ ਜਿੱਤਾਂ ਵੀ ਹਾਸਲ ਕੀਤੀਆਂ ਅਤੇ ਸੰਘਰਸ਼ ਨੂੰ ਨਵੀ ਦਿਸ਼ਾ ਵੀ ਪ੍ਰਦਾਨ ਕੀਤੀ। ਇਸ ਸਭ ਦਾ ਅਧਿਐਨ ਕਰਦਿਆਂ ਚੇਅਰਮੈਨ ਮਾਓ ਦੀਆਂ ਯੁੱਧਨੀਤੀ ਬਾਰੇ ਲਿਖਤਾਂ ਸਾਹਮਣੇ ਆਉਂਦੀਆਂ ਹਨ ਜਿਸ ਅਨੁਸਾਰ ਮੌਕਾ ਵੇਖ ਕੇ ਪੈਂਤੜਾ ਬਦਲਣ ਦੀ ਗੱਲ ਆਖੀ ਗਈ ਹੈ। ਲਮਕਵੇਂ ਲੋਕ ਯੁੱਧ ਵਿੱਚ ਬਹੁਤੀ ਵਾਰ ਦਾਅਪੇਚ ਬਦਲਣੇ ਪੈਂਦੇ ਹਨ। ਜਦੋਂ ਦੁਸ਼ਮਣ ਅਪਣੇ ਨਾਲੋਂ ਤਾਕਤਵਰ ਹੋਵੇ ਅਤੇ ਪੂਰੀ ਸਮਰੱਥਾ ਨਾਲ ਹਮਲਾਵਰ ਹੋਵੇ, ਉਦੋਂ ਸਾਨੂੰ ਉਸ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਸਾਡੀ ਸਮਰੱਥਾ ਦਾ ਸਹੀ ਅੰਦਾਜ਼ਾ ਨਾ ਲਗਾ ਸਕੇ ਅਤੇ ਜਦੋਂ ਦੁਸ਼ਮਣ ਅਵੇਸਲਾ ਹੋ ਜਾਵੇ ਤਾਂ ਉਸ 'ਤੇ ਚੀਤੇ ਵਾਂਗ ਵਾਰ ਕਰਨਾ ਚਾਹੀਦਾ ਹੈ। 
.......ਅੱਜ ਫਿਰ ਹਾਲਾਤ ਉਹੀ ਬਣ ਚੁੱਕੇ ਹਨ, ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਸੰਘਰਸ਼ ਦੀ ਦਿਸ਼ਾ ਬਦਲਣ ਦਾ ਢੁੱਕਵਾਂ ਸਮਾਂ ਹੈ, ਜ਼ਿੰਦਾਬਾਦ-ਮੁਰਦਾਬਾਦ ਦੇ ਨਾਅਰੇ ਆਪਣਾ ਆਧਾਰ ਗੁਆਉਂਦੇ ਪ੍ਰਤੀਤ ਹੋ ਰਹੇ ਹਨ। ਲੋਕ ਸੰਘਰਸ਼ ਇੱਕ ਰੁਟੀਨ ਦਾ ਹਿੱਸਾ ਬਣਦੇ ਜਾਪ ਰਹੇ ਹਨ ਅਤੇ ਹੁਣ ਮੁੜ ਤੋਂ ਸੰਘਰਸ਼ ਦਾ ਪੈਂਤੜਾ ਬਦਲਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। 
.......ਅਸੀਂ ਸਰਕਾਰੀ ਨੀਤੀਆਂ ਖ਼ਿਲਾਫ਼ ਜੱਥੇਬੰਦਕ ਸੰਘਰਸ਼ ਕਰਦੇ ਤਾਂ ਚੰਗੇ ਲੱਗਦੇ ਹਾਂ, ਪਰ ਨਿੱਕੀਆਂ-ਮੋਟੀਆਂ ਆਪਹੁਦਰੀਆਂ ਵਿਰੁੱਧ ਵੀ ਜੇ ਸਾਨੂੰ ਝੰਡੇ ਵਿੱਚ ਡੰਡਾ ਪਾਉਣਾ ਪੈਂਦਾ ਹੈ ਤਾਂ ਸਾਨੂੰ ਅਪਣੀ ਦਸ਼ਾ ਅਤੇ ਦਿਸ਼ਾs sਦੀ ਪੜਚੋਲ ਕਰਨੀ ਪਵੇਗੀ ਕਿ ਅਸੀਂ ਕਿਤੇ ਆਪਣੇ ਇਨਕਲਾਬੀ ਖ਼ਾਸੇ ਨੂੰ ਵਿਸਾਰ ਤਾਂ ਨਹੀਂ ਰਹੇ? ਕੀ ਅਸੀਂ ਏਨੇ ਕਮਜ਼ੋਰ ਹੋ ਗਏ ਹਾਂ ਕਿ ਸਾਨੂੰ ਆਪਣੇ ਨਾਲ ਹੁੰਦੀ ਨਿੱਕੀ ਮੋਟੀ ਵਧੀਕੀ ਲਈ ਪ੍ਰਸ਼ਾਸਨ ਅੱਗੇ, ਪੁਲਿਸ ਅੱਗੇ ਲੇਲ੍ਹੜੀਆਂ ਕੱਢਣੀਆਂ ਪੈ ਰਹੀਆਂ ਹਨ? ਸਾਡੀ ਗ੍ਰਿਫ਼ਤਾਰੀ ਉਦੋਂ ਹੀ ਸਾਡੀ ਪ੍ਰਾਪਤੀ ਗਿਣੀ ਜਾਵੇਗੀ ਜੇ ਅਸੀਂ ''ਕੁੱਝ” ਕੀਤਾ ਹੋਵੇ ਜਾਂ ਕਰਨ ਦਾ ਵਿਉਂਤਿਆ ਹੋਵੇ। ਜੇ ਸਰਕਾਰ ਸਾਨੂੰ ਖ਼ੁਆਰ ਕਰਨ ਲਈ ਹੀ ਧੂਹੀ ਫ਼ਿਰਦੀ ਹੈ ਤਾਂ ਇਹ ਸਰਕਾਰ ਦੀ ਪ੍ਰਾਪਤੀ ਹੈ, ਸਾਡੀ ਪ੍ਰਾਪਤੀ ਨਹੀਂ। ਸਾਨੂੰ ਪਤਾ ਹੈ ਦੁਸ਼ਮਣ ਜਮਾਤ ਦਾ ਕਿਹੜਾ ਅੰਗ ਕਮਜ਼ੋਰ ਹੈ, ਪਰ ਅਸੀਂ ਉਸ 'ਤੇ ਹੱਲਾ ਬੋਲਣ ਦੀ ਬਜਾਏ ਵਕਤ ਲੰਘਾਉਣ ਵਿੱਚ ਯਕੀਨ ਰੱਖਣ ਲੱਗ ਪਏ ਹਾਂ ਅਤੇ ਸਰਕਾਰ ਦੇ ਸਾਊ ਪੁੱਤ ਬਣਕੇ ਵਿਚਰ ਰਹੇ ਹਾਂ। ਬਹੁਤੀਆਂ ਇਨਕਲਾਬੀ ਅਖਵਾਉਂਦੀਆਂ ਜੱਥੇਬੰਦੀਆਂ ਦਾ ਆਖਣਾ ਹੈ ਕਿ ਉਹਨਾਂ ਨਾਲ ਨਵੀਂ ਪੀੜ੍ਹੀ ਜੁੜ ਨਹੀਂ ਰਹੀ। ਇਸ ਗੱਲ ਦੀ ਪੜਚੋਲ ਕਿਉਂ ਨਹੀਂ ਕੀਤੀ ਜਾ ਰਹੀ ਕਿ ਨਵੀਂ ਪੀੜ੍ਹੀ ਜੁੜ ਕਿਉਂ ਨਹੀਂ ਰਹੀ, ਕੀ ਅਸੀਂ ਉਹਨਾਂ ਦੀ ਅਗਵਾਈ ਕਰਨ ਦੇ ਲਾਇਕ ਹਾਂ? 
......ਅਜਿਹੀਆਂ ਬਹੁਤ ਗੱਲਾਂ ਹਨ ਜੋ ਬਹੁਤੇ ਲੋਕਾਂ ਦੇ ਜ਼ਿਹਨ ਵਿੱਚ ਖ਼ੌਰੂ ਪਾਉਂਦੀਆਂ ਹਨ ਅਤੇ ਉਮੀਦ ਦੀ ਇੱਕੋ-ਇੱਕ ਕਿਰਨ ਨੌਜਵਾਨਾਂ ਵਿੱਚ ਨਜ਼ਰ ਆਉਂਦੀ ਹੈ ਅਤੇ ਨੌਜਵਾਨਾਂ ਨੂੰ ਅਗਵਾਈ ਦੇਣ ਵਾਲੀ ਲੀਡਰਸ਼ਿਪ ਸਾਡੇ ਕੋਲ ਹੈ ਨਹੀਂ ਜਾਂ ਅਵੇਸਲ਼ੀ ਹੈ। ਜੋ ਅੱਜ ਜਾਮੀਆ ਮਿਲੀਆ ਯੂਨਿਵਰਸਿਟੀ ਵਿੱਚ ਹੋਇਆ ਹੈ ਉਹ ਕੱਲ੍ਹ ਨੂੰ ਸਾਡੇ ਕਾਲਜਾਂ, ਸਕੂਲਾਂ, ਪਿੰਡਾਂ ਕਸਬਿਆਂ ਵਿੱਚ ਆਮ ਵਾਪਰੇਗਾ। ਫ਼ਾਸ਼ੀ ਹੱਲੇ ਤੇਜ਼ ਹੋ ਰਹੇ ਹਨ ਅਤੇ ਇਹਨਾਂ ਦਾ ਨੱਕ ਭੰਨਣ ਲਈ ਸਾਡੇ ਕੋਲ ਜੇ ਕੋਈ ਕਮੀ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਇੱਛਾ ਸ਼ਕਤੀ ਦੀ ਕਮੀ ਹੈ। ਲੋਹਾ ਗਰਮ ਹੈ ਅਤੇ ਅਸੀਂ ਸਿਰਫ਼ ਸੱਟ ਹੀ ਮਾਰਨੀ ਹੈ।
(ਸੁਰਜੀਤ 'ਗੱਗ' ਦੀ ਲੰਮੀ ਲਿਖਤ 'ਚੋਂ)

''ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ-ਸੰਗ'' 'ਤੇ ਛਿੜੀ ਚਰਚਾ

''ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ-ਸੰਗ'' 'ਤੇ ਛਿੜੀ ਚਰਚਾ
ਪੰਜਾਬ ਦੀ ਵਿਦਿਆਰਥੀ  ਲਹਿਰ 'ਤੇ ਭਰਵੀਂ ਝਾਤ

ਸੱਤਰਵਿਆਂ (1971-80) ਦੌਰਾਨ ਪੰਜਾਬ ਦੇ ਵਿਦਿਆਰਥੀਆਂ ਵਿੱਚ  ਪੰਜਾਬ ਸਟੂਡੈਂਟਸ ਯੂਨੀਅਨ ਦੀ ਬਹੁਤ ਚੜ੍ਹਤ ਸੀ। ਚਾਹੇ ਇਸ ਸਮੇਂ ਹੋਰ ਖੱਬੇ-ਪੱਖੀ ਜਥੇਬੰਦੀਆਂ ਜਿਵੇਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੀ ਵਿਦਿਅਕ ਅਦਾਰਿਆਂ ਵਿੱਚ ਚੰਗਾ ਪ੍ਰਭਾਵ ਰੱਖਦੀਆਂ ਸਨ, ਪਰ 1972 ਦੇ ਮੋਗਾ ਗੋਲੀ ਕਾਂਡ ਤੋਂ ਬਾਅਦ ਆਮ ਵਿਦਿਆਰਥੀਆਂ ਵਿੱਚ ਪੀ.ਐੱਸ.ਯੂ .ਦਾ ਦਬਦਬਾ ਸਥਾਪਤ ਹੋ ਗਿਆ ਅਤੇ ਦੂਸਰੀਆਂ ਦੋਵੇਂ ਜਥੇਬੰਦੀਆਂ ਦਾ ਪ੍ਰਭਾਵ ਖੇਤਰ ਸੀਮਤ ਹੋ ਗਿਆ। ਪੀ.ਐੱਸ.ਯੂ. ਨਕਸਲੀ ਲਹਿਰ ਤੋਂ ਪ੍ਰਭਾਵਿਤ ਹੋਣ ਕਰਕੇ ਵੱਧ ਖਾੜਕੂ ਪੈਂਤੜੇ ਅਪਨਾਉਂਦੀ ਸੀ ਅਤੇ ਪੰਜਾਬ ਦੀ ਜਵਾਨੀ ਅਕਸਰ ਹੀ ਗਰਮ ਸਿਆਸਤ ਨੂੰ ਵੱਧ ਹੁੰਗਾਰਾ ਭਰਦੀ ਹੈ। ਸੋ ਵਿਦਿਆਰਥੀਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਭਾਵ ਵਧਦਾ ਗਿਆ। ਜਦ ਕੋਈ ਜਥੇਬੰਦੀ ਆਪਣੇ ਵਰਗ ਵਿੱਚ ਹਰਮਨਪਿਆਰੀ ਵੀ ਹੋਵੇ ਅਤੇ ਲਗਾਤਾਰ ਤਿੱਖੇ ਸੰਘਰਸ਼ ਵੀ ਲੜ ਰਹੀ ਹੋਵੇ ਤਾਂ ਉਸ ਦੇ ਆਗੂਆਂ ਦੀ ਸਿਖਲਾਈ, ਢਲਾਈ, ਚੇਤਨਤਾ ਅਤੇ ਤਜਰਬੇਕਾਰੀ ਤਿੱਖੀ ਚਾਲ ਨਾਲ ਵਿਕਸਿਤ ਹੁੰਦੀ ਹੈ। ਇਸੇ ਕਰਕੇ ਪੀ.ਐੱਸ.ਯੂ. ਦੀ ਉਸ ਸਮੇਂ ਦੀਆਂ ਆਗੂ ਟੀਮਾਂ ਵਿੱਚ ਵੱਡੀ ਗਿਣਤੀ ਅਜਿਹੇ ਕਾਰਕੁੰਨਾਂ ਸੀ, ਜੋ ਵਿਦਿਆਰਥੀਆਂ ਵਾਲਾ ਹੱਲਾ-ਗੁੱਲਾ ਕਰਨ ਤੋਂ ਬਹੁਤ ਅੱਗੇ ਨਿਕਲ ਕੇ ਵਿਚਾਰਧਾਰਕ ਤੌਰ ਤੇ ਸੂਝਵਾਨ ਅਤੇ ਜਥੇਬੰਦਕ ਕੰਮਾਂ ਵਿੱਚ ਪੱਕੇ ਹੋ ਚੁੱਕੇ ਸਨ।
ਪੀ.ਐੱਸ.ਯੂ . ਚਾਹੇ ਮੋਟੇ ਤੌਰ 'ਤੇ ਕਮਿਊਨਿਸਟ ਇਨਕਲਾਬੀ ਸਿਆਸਤ ਦੀ ਅਗਵਾਈ ਵਿੱਚ ਚਲਦੀ ਸੀ, ਪਰ ਨਕਸਲੀ ਲਹਿਰ ਵਿੱਚ ਫੁੱਟ ਪੈਣ ਉਪਰੰਤ ਜਿਵੇਂ ਕਮਿਊਨਿਸਟ ਇਨਕਲਾਬੀਆਂ ਦੇ ਵੱਖ-ਵੱਖ ਸਿਆਸੀ ਧੜੇ ਕੰਮ ਕਰ ਰਹੇ ਸਨ, ਉਸ ਦੇ ਅਨੁਸਾਰੀ ਹੀ ਪੀ.ਐੱਸ.ਯੂ , ਵਿੱਚ ਤਿੰਨ ਧਿਰਾਂ ਕੰਮ ਕਰ ਰਹੀਆਂ ਸਨ-ਪ੍ਰਿਥੀਪਾਲ ਰੰਧਾਵਾ ਵਾਲੀ ਧਿਰ , ਬਿੱਕਰ ਕੰਮੇਆਣਾ ਵਾਲੀ ਧਿਰ ਅਤੇ ਬਲਵਾਨ-ਸੁਖਦੇਵ ਪਾਂਧੀ ਵਾਲੀ ਧਿਰ। ਬਾਅਦ ਵਿੱਚ ਇਹ ਧਿਰਾਂ ਇੱਕ ਜਥੇਬੰਦਕ ਢਾਂਚੇ ਵਿੱਚ ਨਾ ਰਹਿ ਕੇ ਅੱਡ-ਅੱਡ ਜਥੇਬੰਦੀਆਂ ਵਜੋਂ ਕੰਮ ਕਰਨ ਲੱਗੀਆਂ। ਇਨ੍ਹਾਂ ਵਿੱਚੋਂ ਹਰੇਕ ਨੇ ਆਪਣਾ ਨਾਂਅ ਪੀ.ਐੱਸ.ਯੂ. ਹੀ ਰੱਖਿਆ, ਪਰ ਵੱਖਰੀ ਪਛਾਣ ਲਈ ਇਨ੍ਹਾਂ ਨਾਲ ਮੁੱਖ ਆਗੂਆਂ ਦੇ ਨਾਂਅ ਜੁੜ ਗਏ ਅਤੇ ਜਿਵੇਂ ਪੀ.ਐੱਸ.ਯੂ. ਰੰਧਾਵਾ ਅਤੇ ਪੀ.ਐੱਸ.ਯੂ. (ਪਾਂਧੀ) ਆਦਿ।        s 
sਇਨ੍ਹਾਂ ਵਿੱਚੋਂ ਇੱਕ ਧਿਰ ਦੇ ਮੁੱਖ ਆਗੂ ਰਹੇ ਸੁਖਦੇਵ ਪਾਂਧੀ ਵੱਲੋਂ ਉਸ ਦੌਰ ਦੀ ਪੀ.ਐੱਸ.ਯੂ. ਦੇ ਸੰਘਰਸ਼ਾਂ, ਅਨੁਭਵਾਂ ਅਤੇ ਜਥੇਬੰਦੀ ਦੇ ਅੰਦਰਲੇ ਅਤੇ ਬਾਹਰਲੇ ਟਕਰਾਵਾਂ ਦੀ ਕਹਾਣੀ ਨੂੰ ਇਸ ਪੁਸਤਕ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਸੁਭਾਵਿਕ ਹੈ ਕਿ ਲਿਖਣ ਵਾਲਾ ਆਪਣੀ ਧਿਰ ਦੀ ਸਮਝ ਅਤੇ ਪੈਂਤੜਿਆਂ ਨੂੰ ਠੀਕ ਠਹਿਰਾਵੇਗਾ ਅਤੇ ਸੁਖਦੇਵ ਪਾਧੀ ਵੀ ਆਪਣੇ ਪੱਖ ਨੂੰ ਕਾਫੀ ਮਜ਼ਬੂਤੀ ਨਾਲ ਪੇਸ਼ ਕਰਦਾ ਹੋਇਆ ਪਾਠਕ ਨੂੰ ਆਪਣੀ ਗੱਲ ਜਚਾਉਣ ਵਿੱਚ ਕਾਫੀ ਸਫਲ ਵੀ ਹੁੰਦਾ ਹੈ। ਇਹ ਪੁਸਤਕ ਜਿਸ ਮਹੱਤਵਪੂਰਨ ਮੁੱਦੇ ਨੂੰ ਉਭਾਰਦੀ ਹੈ, ਉਹ ਹੈ ਸਿਆਸੀ ਧਿਰ ਅਤੇ ਕਿਸੇ ਜਨਤਕ ਜਥੇਬੰਦੀ ਵਿਚਲੇ ਸੰਬੰਧਾਂ ਬਾਰੇ। ਜੇ ਕਿਸੇ ਜਥੇਬੰਦੀ ਨੂੰ ਕੋਈ ਸਿਆਸੀ ਵਿਚਾਰਧਾਰਕ ਸੇਧ ਪ੍ਰਾਪਤ ਨਹੀਂ ਤਾਂ ਵਿਦਿਆਰਥੀਆਂ/ਨੌਜਵਾਨਾਂ ਵਿੱਚ ਉਹ ਨਿਰੋਲ ਹੁੱਲੜਬਾਜ਼ੀ ਜਾਂ ਕੁੱਝ ਉੱਭਰਦੇ ਆਗੂਆਂ ਦੀ ਲੀਡਰੀ ਦੀ ਭੁੱਖ ਪੂਰੀ ਕਰਨ ਦਾ ਸੰਦ ਜਾਂ ਹੋਰ ਚੰਗੇ-ਮਾੜੇ ਕੰਮਾਂ ਦੀ ਢਾਲ ਬਣ ਕੇ ਰਹਿ ਜਾਵੇਗੀ, ਜਿਵੇਂ ਗੈਂਗਸਟਰਾਂ ਦੇ ਗਰੁੱਪ ਹੁੰਦੇ ਹਨ। ਇਸੇ ਤਰ੍ਹਾਂ ਸਿਆਸੀ ਸੇਧ ਤੋਂ ਵਿਹੂਣੀਆਂ ਮੁਲਾਜ਼ਮਾਂ,. ਕਿਸਾਨਾਂ, ਮਜ਼ਦੂਰਾਂ ਦੀਆਂ ਜਥੇਬੰਦੀਆਂ ਸਮਾਜ ਦੇ ਵਡੇਰੇ ਹਿੱਤਾਂ ਦਾ ਖਿਆਲ ਕੀਤੇ ਬਿਨਾ ਕੇਵਲ ਆਪਣੇ ਤਬਕੇ ਦੇ ਆਰਥਿਕ ਹਿੱਤਾਂ ਦੀ ਪੂਰਤੀ ਦਾ ਸਾਧਨ ਬਣ ਕੇ ਹੀ ਰਹਿ ਜਾਂਦੀਆਂ ਹਨ ਅਤੇ ਨਾ ਹੀ ਇਹ ਗਲਤ ਸਮਾਜਿਕ , ਰਾਜਨੀਤਕ ਪ੍ਰਬੰਧ ਨੂੰ ਬਦਲਣ ਵਿੱਚ ਕੋਈ ਰੋਲ ਨਿਭਾਉਂਦੀਆਂ ਹਨ। ਸੋ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਸਿਆਸੀ ਵਿਚਾਰਧਾਰਕ ਸੇਧ ਦੇਣ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ, ਚਾਹੇ ਕੁਝ ਲੋਕਾਂ ਵੱਲੋਂ ਇਹ ਗੱਲ ਉਭਾਰੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਸਿਆਸਤ ਤੋਂ ਨਿਰਲੇਪ ਰਹਿ ਕੇ ਕੇਵਲ ਆਪਣੀ ਸਿੱਖਿਆ ਗ੍ਰਹਿਣ ਕਰਨ ਤੱਕ ਸੀਮਿਤ ਰਹਿਣਾ ਚਾਹੀਦਾ ਹੈ, ਪਰ ਰਾਜਨੀਤਕ ਖੇਤਰ ਵਿੱਚ ਵਿਦਿਆਰਥੀਆਂ ਦੇ ਮਹੱਤਵ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ, ਕਿਉਂਕਿ ਵਿਦਿਆਰਥੀ ਜੀਵਨ ਦੌਰਾਨ ਵਿਅਕਤੀ ਵਿੱਚ ਜੋਸ਼ ਵੀ ਹੁੰਦਾ ਹੈ ਅਤੇ ਜਜ਼ਬਾ ਵੀ। ਕੁਝ ਆਦਰਸ਼ ਵੀ ਹੁੰਦੇ ਹਨ ਅਤੇ ਚੀਜ਼ਾਂ ਨੂੰ ਨਵੇਂ ਨਜ਼ਰੀਏ ਤੋਂ ਵੇਖਣ ਦਾ ਰੁਝਾਨ ਵੀ ਹੁੰਦਾ ਹੈ। ਇਸ ਤੋਂ ਬਿਨਾਂ ਉਹ ਸਮਾਜ ਦਾ ਅੰਗ ਹੋਣ ਨਾਤੇ ਸਮਾਜਿਕ ਅਤੇ ਆਰਥਿਕ ਚੋਭਾਂ ਨੂੰ ਮਹਿਸੂਸ ਵੀ ਕਰਦਾ ਹੈ, ਪਰ ਦੂਜੇ ਪਾਸੇ ਘਰੇਲੂ ਜ਼ਿੰਮੇਵਾਰੀਆਂ ਅਤੇ ਕਿੱਤੇ ਦੇ ਬੰਧਨਾਂ ਤੋਂ ਕਾਫੀ ਹੱਦ ਤੱਕ ਆਜ਼ਾਦ ਵੀ ਹੁੰਦਾ ਹੈ। ਸੋ ਨਾ ਵਿਦਿਆਰਥੀ ਅਤੇ ਨਾ ਹੀ ਵਿਦਿਆਰਥੀ ਜਥੇਬੰਦੀਆਂ ਸਿਆਸਤ ਤੋਂ ਨਿਰਲੇਪ ਹੋ ਸਕਦੀਆਂ ਹਨ, ਪਰ ਕਿਸੇ ਵੀ ਜਨਤਕ ਜਥੇਬੰਦੀ ਨੂੰ ਸਿਆਸੀ ਸੇਧ ਦੇਣ ਦਾ ਮਾਮਲਾ ਸਿੱਧ ਪੱਧਰਾ ਨਹੀਂ ਹੁੰਦਾ। ਇੱਕ ਪਾਸੇ ਜਥੇਬੰਦੀ ਨੂੰ ਆਪਣੀਆਂ ਸਿਆਸੀ ਲੋੜਾਂ ਅਨੁਸਾਰ ਵਰਤਣ ਦਾ ਰੁਝਾਨ ਹੁੰਦਾ ਹੈ, ਦੂਸਰੇ ਪਾਸੇ ਸਾਧਾਰਨ ਮੈਂਬਰਾਂ ਦੀਆਂ ਇਛਾਵਾਂ ਅਨੁਸਾਰ ਉਨ੍ਹਾਂ ਦੇ ਪੱਧਰ 'ਤੇ ਡਿੱਗ ਕੇ ਜਾਂ ਹਾਲਤਾਂ ਦੇ ਵਹਿਣ ਵਿੱਚ ਵਹਿ ਕੇ ਆਪ-ਮੁਹਾਰੇ ਚੱਲਣ ਦਾ ਰੁਝਾਨ ਹੁੰਦਾ ਹੈ। ਇਹ ਦੋਵੇਂ ਰੁਝਾਨ ਹੀ ਜਥੇਬੰਦੀ ਲਈ ਹਾਨੀਕਾਰਕ ਹੁੰਦੇ ਹਨ। ਇਹ ਮਾਮਲਾ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ, ਜਦ ਇੱਕ ਜਥੇਬੰਦੀ ਨੂੰ ਕਈ ਸਿਆਸੀ ਧਿਰਾਂ ਆਪੋ-ਆਪਣੀ ਸਮਝ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਨ। ਪੰਜਾਬ ਸਟੂਡੈਂਟਸ ਯੂਨੀਅਨ ਨਾਲ ਵੀ ਅਜਿਹਾ ਹੀ ਵਾਪਰ ਰਿਹਾ ਸੀ। ਇਸ ਵਿੱਚ ਨਕਸਲੀ ਸਿਆਸਤ ਨਾਲ ਸੰਬੰਧਤ ਤਿੰਨ ਗਰੁੱਪ ਦਖਲਅੰਦਾਜ਼ੀ ਕਰ ਰਹੇ ਸਨ, ਜਿਨ੍ਹਾਂ ਨੂੰ ਨਾਗਾਰੈਡੀਏ, ਸਤਿਆ ਨਰੇਣ ਗਰੁੱਪ ਅਤੇ ਚਾਰੂ ਗਰੁੱਪ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਪੀ.ਐੱਸ.ਯੂ. ਵਿੱਚ ਸੁਖਦੇਵ ਪਾਂਧੀ ਵਾਲੀ ਧਿਰ ਨੂੰ ਜਿਹੜਾ ਗਰੁੱਪ ਅਗਵਾਈ ਦਿੰਦਾ ਸੀ, ਉਸ ਨੂੰ ਚਾਰੂ ਗਰੁੱਪ ਕਿਹਾ ਜਾਂਦਾ ਸੀ। ਇਸ ਪ੍ਰਸੰਗ ਵਿੱਚ ਸੁਖਦੇਵ ਪਾਂਧੀ ਦੂਜੀਆਂ ਦੋਹਾਂ ਧਿਰਾਂ (ਰੰਧਾਵਾ ਅਤੇ ਬਿੱਕਰ) ਉੱਤੇ ਦੋਸ਼ ਲਾਉਂਦਾ ਹੈ ਕਿ ਉਨ੍ਹਾਂ ਨੂੰ ਅਗਵਾਈ ਦੇਣ ਵਾਲੇ ਸਿਆਸੀ ਗਰੁੱਪ ਪੀ.ਐੱਸ.ਯੂ. ਨੂੰ ਆਪਣੀ 'ਜੇਬੀ ਜਥੇਬੰਦੀ ਬਣਾ ਕੇ ਚਲਾਉਣ ਦੀ ਕੋਸ਼ਿਸ਼ ਕਰਦੇ ਸਨ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕੁਝ ਸਮੇਂ ਬਾਅਦ (1974-75 ਦੌਰਾਨ ਇੱਕ ਤੋਂ ਤਿੰਨ ਪੰਜਾਬ ਸਟੂਡੈਂਟਸ ਯੂਨੀਅਨਾਂ ਬਣ ਗਈਆਂ। ਇਨ੍ਹਾਂ ਤਿੰਨਾਂ ਨੂੰ ਹੀ ਪੀ.ਐੱਸ.ਯੂ . ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਅਤੇ ਜਿਨ੍ਹਾਂ ਦੀ ਪਛਾਣ ਉਨ੍ਹਾਂ ਦੇ ਮੁੱਖ ਆਗੂ ਦੇ ਨਾਂਅ ਤੋਂ ਹੀ ਆਉਂਦੀ ਸੀ। ਸਪੱਸ਼ਟ ਹੈ ਕਿ ਇਸ ਫੁੱਟ ਦਾ ਕਾਰਨ ਵਿਦਿਆਰਥੀ ਆਗੂ ਨਹੀਂ ਸਨ, ਸਗੋਂ ਇਸ ਲਈ ਉਨ੍ਹਾਂ ਨੂੰ ਸੇਧ ਦੇਣ ਵਾਲੇ ਸਿਆਸੀ ਗਰੁੱਪ ਜ਼ਿੰਮੇਵਾਰ ਸਨ। ਪੁਸਤਕ ਵਿੱਚ ਇਸ ਵਿਸ਼ੇ ਉਪਰ ਹੋਈ ਸਾਰੀ ਵਿਚਾਰ ਚਰਚਾ ਵਿੱਚੋਂ ਦਰੁਸਤ ਸਿੱਟਾ ਇਹ ਨਿਕਲਦਾ ਹੈ ਕਿ ਸਿਆਸੀ ਜਥੇਬੰਦੀਆਂ ਨੂੰ ਆਪਣੇ ਪ੍ਰਭਾਵ ਹੇਠਲੇ ਜਨਤਕ ਕਾਰਕੁੰਨਾਂ ਨੂੰ ਵਿਚਾਰਧਾਰਕ ਸੂਝ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸੰਘਰਸ਼ ਦੇ ਢੰਗਾਂ ਬਾਰੇ ਆਪਣੀ ਸਮਝ ਅਨੁਸਾਰ ਸਿਖਲਾਈ ਦੇਣੀ ਚਾਹੀਦੀ ਹੈ, ਪਰ ਸਮੁੱਚੀ ਜਥੇਬੰਦੀ ਨੂੰ ਆਪਣੀ ਸਿਆਸੀ ਜਥੇਬੰਦੀ ਨਾਲ ਬੰਨ੍ਹ ਕੇ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜਿਸ ਸਿਆਸੀ ਗਰੁੱਪ ਦੇ ਪ੍ਰਭਾਵ ਹੇਠਲੇ ਜਨਤਕ ਕਾਰਕੁੰਨਾਂ ਦੀ ਵੱਖ-ਵੱਖ ਮਸਲਿਆਂ ਪ੍ਰਤੀ ਪਹੁੰਚ ਅਤੇ ਕੰਮ-ਢੰਗ ਵਧੀਆ ਹੋਵੇਗਾ, ਉਹ ਆਪੇ ਵੱਧ ਮਕਬੂਲ ਹੋ ਜਾਣਗੇ, ਦੂਸਰੇ ਨੁੱਕਰੇ ਲੱਗ ਜਾਣਗੇ, ਪਰ ਲੇਖਕ ਅਨੁਸਾਰ ਇਸ ਦੀ ਬਜਾਏ ਜਥੇਬੰਦੀ ਵਿੱਚ ਵੱਖਰੀ ਸੋਚ ਵਾਲਿਆਂ ਨੂੰ ਨੁੱਕਰੇ ਲਾਉਣ ਲਈ ਸਿਆਸੀ ਹਦਾਇਤਾਂ ਤਹਿਤ ਗੈਰਜਮਹੂਰੀ ਢੰਗ ਵਰਤੇ ਜਾਂਦੇ ਸਨ।
ਉਸ ਅਨੁਸਾਰ ਕੁਝ ਗਰੁੱਪਾਂ ਵੱਲੋਂ ਆਪਣੇ ਕਾਰਕੁੰਨਾਂ ਲਈ ਸਾਰਾ ਕੁਝ ਉਪਰੋਂ ਪੱਕਿਆ-ਪਕਾਇਆ ਪਰੋਸਿਆ ਜਾਂਦਾ ਸੀ ਅਤੇ ਬਾਕੀਆਂ ਉਪਰ ਉਹੀ ਠੋਸਿਆ ਜਾਂਦਾ ਸੀ, ਜਿਸ ਦੇ ਸਿੱਟੇ ਜਥੇਬੰਦੀ ਲਈ ਮਾੜੇ ਨਿਕਲਦੇ ਸਨ। ਸੁਖਦੇਵ ਪਾਂਧੀ ਇਸ ਸਾਰੇ ਮੁੱਦੇ ਬਾਰੇ ਆਪਣੀ ਸਮਝ ਇਨ੍ਹਾਂ ਸ਼ਬਦਾਂ ਵਿੱਚ ਪੇਸ਼ ਕਰਦਾ ਹੈ-”ਇਹ ਇਨਕਲਾਬੀ ਜਮਹੂਰੀ ਲਹਿਰ ਦੀਆਂ ਸਿਆਸੀ ਧਿਰਾਂ ਲਈ ਕਵਰਡ (ਢਕੀ ਹੋਈ) ਜਥੇਬੰਦੀ ਸੀ। ਇਸ ਦੇ ਇਸ ਚੱਲਣ ਢੰਗ ਨੂੰ ਹੋਰ ਵੀ ਵਧੀਆ ਅਤੇ ਵਿਦਿਆਰਥੀ ਕੇਂਦਰਤ ਕਰਨ ਦੀ ਲੋੜ ਸੀ।
ਇਹ ਪੈਂਤੜਾ ਜਦੋਂ ਇਨਕਲਾਬੀ ਸ਼ਕਤੀਆਂ ਖਿੰਡਾਅ-ਮੁਖੀ ਹਾਲਤ ਵਿੱਚ ਹੋਣ, ਹੋਰ ਵੀ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋੜ ਨੂੰ ਉਭਾਰਦਾ ਸੀ। ਇਉਂ ਕੀਤਿਆਂ ਅਸੀਂ ਇੱਕ-ਦੂਜੇ ਦੇ ਨੇੜੇ ਆ ਸਕਦੇ ਸਾਂ। ਸਿੱਖਣ-ਸਿਖਾਉਣ ਅਤੇ ਬਹਿਸ-ਮੁਬਾਹਿਸੇ ਦਾ ਇੱਕ ਅਜਿਹਾ ਮਾਹੌਲ ਸਿਰਜਿਆ ਜਾ ਸਕਦਾ ਸੀ, ਜਿਹੜਾ ਜਨਤਕ ਅਤੇ ਕਵਰਡ ਜਥੇਬੰਦੀਆਂ ਨੂੰ ਚਲਾਉਣ ਲਈ ਜ਼ਰੂਰੀ ਅਤੇ ਲੋੜੀਂਦਾ ਸੀ।” (ਸਫਾ-86), ਪਰ ਅਜਿਹਾ ਹੁੰਦਾ ਨਹੀਂ ਰਿਹਾ, ਜਿਸ ਦਾ ਸਿੱਟਾ ਫੁੱਟਾਂ ਅਤੇ ਆਪਸੀ ਸੰਘਰਸ਼ ਵਿੱਚ ਤਾਕਤ ਵਿਅਰਥ ਗੁਆਉਣ ਵਿੱਚ ਨਿਕਲਦਾ ਰਿਹਾ।
ਜਿੱਥੋਂ ਤੱਕ ਅਮਲੀ ਕੰਮ ਦਾ ਸਵਾਲ ਹੈ, ਪੀ ਐੱਸ ਯੂ . ਦੇ ਤਿੰਨਾਂ ਗਰੁੱਪਾਂ ਵਿੱਚ ਸਿਫਤੀ ਫਰਕ ਤਾਂ ਨਹੀਂ ਸੀ, ਪਰ ਛੋਟੇ-ਛੋਟੇ ਮਿਕਦਾਰੀ ਫਰਕ ਸਨ। ਮੇਰੀ ਆਪਣੀ ਯਾਦਾਸ਼ਤ ਅਨੁਸਾਰ ਉਸ ਸਮੇਂ ਦੀ ਸਾਰੀ ਪੀ ਐੱਸ.ਯੂ. ਵੱਲੋਂ ਬਹੁਤ ਵਾਰ ਆਪਣੇ ਮੁਜ਼ਾਹਰੇ ਡਾਂਗਾਂ ਹੱਥਾਂ ਵਿੱਚ ਲੈ ਕੇ ਕੀਤੇ ਜਾਂਦੇ ਸਨ, ਜਿਸ ਦਾ ਜ਼ਿਕਰ ਪਾਂਧੀ ਵੱਲੋਂ ਵੀ ਕੀਤਾ ਗਿਆ ਹੈ। ਇਨ੍ਹਾਂ ਡਾਂਗਾਂ ਵਾਲੇ ਮੁਜ਼ਾਹਰਿਆਂ ਬਾਰੇ ਪੀ.ਐੱਸ.ਯੂ. ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਪੰਜਾਬ ਦੀ ਜਵਾਨੀ ਦੇ ਹੱਥਾਂ ਵਿੱਚ ਡਾਂਗਾਂ ਹੋਣ, ਦਿਲਾਂ ਵਿੱਚ ਰੋਹ ਹੋਵੇ, ਫਿਰ ਉਸ ਨੂੰ ਜ਼ਬਤ ਵਿੱਚ ਰੱਖਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਪਰ ਉਸ ਸਮੇਂ ਪੀ ਐੱਸ. ਯੂ. ਦੀ ਲੀਡਰਸ਼ਿਪ ਐਨੀ ਕੁ ਸਮਰੱਥ ਸੀ ਕਿ ਇਹ ਮੁਜ਼ਾਹਰੇ ਆਮ ਕਰਕੇ ਜ਼ਬਤ ਵਿੱਚ ਹੀ ਰੱਖੇ ਜਾਂਦੇ ਸਨ, ਪਰ ਗੁੰਡੇ ਅਨਸਰਾਂ ਨਾਲ ਨਜਿੱਠਣ ਸਮੇਂ ਸੁਖਦੇਵ ਪਾਂਧੀ ਗੁੰਡਿਆਂ ਦੀ ਕਾਰਵਾਈ ਦਾ ਜਵਾਬ ਉਸੇ ਭਾਸ਼ਾ ਵਿੱਚ ਦੇਣ ਦਾ ਹਾਮੀ ਹੈ, ਭਾਵ ਡਾਂਗ ਸੋਟੀ ਨਾਲ ਨਜਿੱਠਣ ਵਿੱਚ। ਉਸ ਮੁਤਾਬਿਕ ਦੂਸਰਾ ਗਰੁੱਪ ਗੁੰਡਾਗਰਦੀ ਦੀਆਂ ਘਟਨਾਵਾਂ ਖਿਲਾਫ਼ ਪ੍ਰਚਾਰ ਕਰਕੇ “ਪਰਦਾਚਾਕ ਕਰਨ ਉੱਤੇ ਵੱਧ ਜ਼ੋਰ ਦਿੰਦਾ ਸੀ, ਜਿਸ ਦਾ ਗੁੰਡਿਆਂ ਉੱਤੇ ਕੋਈ ਖਾਸ ਅਸਰ ਨਹੀਂ ਹੁੰਦਾ ਸੀ ਅਤੇ ਨਾ ਹੀ ਆਮ ਵਿਦਿਆਰਥੀ ਪ੍ਰਭਾਵਿਤ ਹੁੰਦੇ ਸਨ। ਕਿਵੇਂ ਵੀ ਹੋਵੇ, ਇਹ ਜਾਣੀ-ਪਛਾਣੀ ਸਚਾਈ ਹੈ ਕਿ ਉਸ ਸਮੇਂ ਗੁੰਡਾ ਅਨਸਰ ਪੀ ਐੱਸ ਯੂ. ਤੋਂ ਕੰਨ ਭੰਨਦੇ ਸਨ। ਸੁਖਦੇਵ ਪਾਂਧੀ ਚਾਹੇ ਵਿਦਿਆਰਥੀ ਲਹਿਰ ਦਾ ਆਗੂ ਸੀ, ਪਰ ਸਟੇਟ ਤੋਂ ਇਹ ਲੁਕਿਆ ਹੋਇਆ ਨਹੀਂ ਹੁੰਦਾ ਕਿ ਅਜਿਹੇ ਵਿਦਿਆਰਥੀ ਆਗੂਆਂ ਦੇ ਅਸਲ ਸਰੋਕਾਰ ਇਨਕਲਾਬੀ ਸਿਆਸਤ ਨਾਲ ਜਾ ਜੁੜਦੇ ਹਨ, ਸੋ ਹੱਥ ਆਉਣ ਉੱਤੇ ਪੁਲਸ ਵੱਲੋਂ ਇਨ੍ਹਾਂ ਉੱਤੇ ਬੇਤਹਾਸ਼ਾ ਜਬਰ ਕੀਤਾ ਜਾਂਦਾ ਸੀ ਤੇ ਸੁਖਦੇਵ ਪਾਂਧੀ ਵੀ ਇਸ ਤਸ਼ੱਦਦ ਦਾ ਸ਼ਿਕਾਰ ਹੁੰਦਾ ਰਿਹਾ, ਚਾਹੇ ਇਹ ਤਸ਼ੱਦਦ ਉਸ ਨੂੰ ਉਸ ਦੇ ਰਾਹ ਤੋਂ ਥਿੜਕਾਅ ਨਹੀਂ ਸਕਿਆ।
ਦੋ ਸੌ ਸਫ਼ਿਆਂ ਦੀ ਇਸ ਪੁਸਤਕ ਵਿੱਚ ਪਾਂਧੀ ਹੋਰਾਂ ਦੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਪੀ ਐੱਸ ਯੂ . ਵੱਲੋਂ ਲੜੇ ਗਏ ਸੰਘਰਸ਼ਾਂ, ਮੀਟਿੰਗਾਂ/ਇਜਲਾਸਾਂ ਦੀਆਂ ਕਾਰਵਾਈਆਂ, ਜੇਲ੍ਹ ਯਾਤਰਾਵਾਂ, ਪੁਲਸ/ਪ੍ਰਸ਼ਾਸਨ/ਗੁੰਡਾ ਅਨਸਰਾਂ ਨਾਲ ਟਕਰਾਅ ਆਦਿ ਦੇ ਕਾਫੀ ਵੇਰਵੇ ਹਨ, ਜੋ ਉਸ ਦੌਰ ਵਿੱਚ ਵਿਦਿਆਰਥੀ ਰਹੇ ਪਾਠਕਾਂ ਲਈ ਦਿਲਚਸਪੀ ਦਾ ਬਾਇਸ ਹਨ, ਪਰ ਕਿਸੇ ਵੀ ਪੁਸਤਕ ਦੀ ਮਹੱਤਤਾ ਇਸ ਗੱਲ ਵਿੱਚ ਹੁੰਦੀ ਹੈ ਕਿ ਪਾਠਕ ਉਸ ਨੂੰ ਪੜ੍ਹ ਕੇ ਕੀ ਸਿੱਖਦਾ ਹੈ ਜਾਂ ਪੁਸਤਕ ਕਿਸ ਗੱਲ ਬਾਰੇ ਸੋਚਣ-ਵਿਚਾਰਨ ਦਾ ਸਾਧਨ ਬਣਦੀ ਹੈ। ਜਿਵੇਂ ਪਹਿਲਾਂ ਵੀ ਜ਼ਿਕਰ ਹੋਇਆ ਹੈ, ਇਸ ਪੱਖੋਂ ਪੁਸਤਕ ਦਾ ਕੇਂਦਰੀ ਨੁਕਤਾ ਸਿਆਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵਿਚਲੇ ਰਿਸ਼ਤੇ ਬਾਰੇ ਹੈ ਅਤੇ ਲੇਖਕ ਪੁਸਤਕ ਦਾ ਅੰਤ ਵੀ ਇਸ ਸਿਰਲੇਖ ਵਾਲੇ ਚੈਪਟਰ ਨਾਲ ਕਰਦਾ ਹੈ-ਜਨਤਕ ਜਥੇਬੰਦੀਆਂ ਨੂੰ ਸਿਆਸੀ ਵਿੰਗ ਬਣਾਉਣ ਦੀਆਂ ਸਮਝਾਂ ਦੇ ਨੁਕਸਾਨ।
ਅੱਜ ਸੰਸਾਰ ਦੀਆਂ ਬਦਲੀਆਂ ਹਾਲਤਾਂ ਵਿੱਚ ਚਾਹੇ ਇਨਕਲਾਬੀ ਸਿਆਸਤ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਮੁੜ ਵਿਚਾਰਨ ਦੀ ਲੋੜ ਹੈ, ਬਹੁਤ ਸਾਰੀਆਂ ਨੀਤੀਆਂ ਅਤੇ ਲੜਨ ਦੇ ਢੰਗ ਅਪ੍ਰਸੰਗਿਕ ਹੋ ਗਏ ਹਨ, ਪਰ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਅਤੇ ਉਨ੍ਹਾਂ ਤੱਕ ਸਿਆਸੀ ਸਮਝ ਲਿਜਾਣ ਦਾ ਢੰਗ-ਤਰੀਕਾ ਕੀ ਹੋਵੇ, ਇਹ ਮੁੱਦਾ ਅੱਜ ਵੀ ਮਹੱਤਵਪੂਰਨ ਹੈ। ਇਸ ਸੰਬੰਧੀ ਪਿਛਲੇ ਤਜਰਬਿਆਂ ਵਿੱਚੋਂ ਬਹੁਤ ਕੁਝ ਸਿੱਖਿਆ-ਸਮਝਿਆ ਜਾ ਸਕਦਾ ਹੈ। ਇਸ ਪ੍ਰਸੰਗ ਵਿੱਚ ਇਹ ਪੁਸਤਕ ਕਾਫੀ ਮਹੱਤਵਪੂਰਨ ਗੱਲਾਂ ਪੇਸ਼ ਕਰਦੀ ਹੈ। 
-ਰਾਜਪਾਲ ਸਿੰਘ, 
ਨਵਾਂ ਜ਼ਮਾਨਾ 7 ਦਸੰਬਰ, 2019