Saturday, 4 January 2020

ਸਾਥੀ ਦਰਸ਼ਨ ਕੂਹਲੀ ਨੂੰ ਯਾਦ ਕਰਦਿਆਂ.....

ਸਾਥੀ ਦਰਸ਼ਨ ਕੂਹਲੀ ਨੂੰ ਯਾਦ ਕਰਦਿਆਂ.....
ਸਾਥੀ ਦਰਸ਼ਨ ਕੂਹਲੀ 19 ਨਵੰਬਰ ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਪੰਜਾਬ ਦੀ ਨਕਸਲਬਾੜੀ ਲਹਿਰ ਵਿੱਚ ਉਸਦਾ ਉਭਰਵਾਂ ਨਾਂ ਰਿਹਾ ਹੈ। ਆਪਣੇ ਕੀਤੇ ਕੰਮਾਂ ਦੀ ਵਜਾਹ ਕਰਕੇ ਹੀ ਪਹਿਲੇ ਦੌਰਾਂ ਵਿੱਚ ਉਹ ਪਾਰਟੀ ਦੇ ਸੂਬਾਈ ਅਦਾਰਿਆਂ ਵਿੱਚ ਕੰਮ ਕਰਦਾ ਰਿਹਾ ਹੈ। 
ਆਪਣੀ ਚੜ੍ਹਦੀ ਜੁਆਨੀ ਵਿੱਚ ਉਹ ਲੁਧਿਆਣੇ ਗੁਰੂ ਨਾਨਕ ਪੌਲੀਟਿਕਨਿਕ ਕਾਲਜ ਵਿੱਚ ਦਾਖਲ ਹੋਇਆ। ਸ਼ੁਰੂ ਵਿੱਚ ਤਾਂ ਉਸ ਦੀ ਸੋਚ ਵੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਹੀ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਸੀ ਅਤੇ ਉਸਦਾ ਮਨੋਰਥ ਉੱਚ-ਤਕਨੀਕੀ ਸਿੱਖਿਆ ਹਾਸਲ ਕਰਕੇ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਸੀ। ਪਰ ਜਦੋਂ ਉਹ ਇਸ ਕਾਲਜ ਵਿੱਚ ਪੜ੍ਹ ਹੀ ਰਿਹਾ ਸੀ ਤਾਂ ਇਸ ਕਾਲਜ ਦੇ ਨਾਲ ਲੱਗਦੇ ਗੁਰੂ ਨਾਨਕ ਇੰਜਨੀਰਿੰਗ ਕਾਲਜ ਦੇ ਵਿਦਿਆਰਥੀਆਂ ਵਿੱਚ ਨਕਸਲਬਾੜੀ ਲਹਿਰ ਦਾ ਪ੍ਰਭਾਵ ਪੈ ਚੁੱਕਾ ਸੀ। ਉਂਝ ਇਸ ਕਾਲਜ ਦੇ ਅਨੇਕਾਂ ਪ੍ਰੋਫੈਸਰ ਵੀ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਏ ਹੋਏ ਸਨ ਤੇ ਉਹ ਵੀ ਵਿਦਿਆਰਥੀਆਂ ਵਿੱਚ ਇਨਕਲਾਬੀ ਸੋਚ ਦਾ ਸੰਚਾਰ ਕਰਦੇ ਰਹਿੰਦੇ ਸਨ। 
ਗੁਰੂ ਨਾਨਕ ਇੰਜਨੀਰਿੰਗ ਕਾਲਜ ਲੁਧਿਆਣਾ ਨਕਸਲਬਾੜੀ ਲਹਿਰ ਦੇ ਉਠਾਣ ਸਮੇਂ ਪੰਜਾਬ ਵਿੱਚ ਉੱਭਰਵਾਂ ਸਥਾਨ ਰੱਖਦਾ ਸੀ। ਨਕਸਲਬਾੜੀ ਲਹਿਰ ਨੂੰ ਪ੍ਰਣਾਏ ਇਸੇ ਕਾਲਜ ਵਿੱਚ ਤਿਆਰ ਹੋਏ ਸਾਥੀਆਂ ਵਿੱਚੋਂ ਸਾਥੀ ਬਖਸ਼ੀਸ਼ ਸਿੰਘ ਮੋਰਕਰੀਮਾ ਨਵਾਂ ਸ਼ਹਿਰ ਵਿੱਚ ਹੋਏ ਪੁਲਸ ਮੁਕਾਬਲੇ ਵਿੱਚ 6 ਪੁਲਸੀਆਂ ਨੂੰ ਨਾਲ ਲੈ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ। ਸਾਥੀ ਸ਼ਿਵ ਲਾਲ ਧੂਰੀ ਨੇ ਵੀ ਸ਼ਹਾਦਤ ਹਾਸਲ ਕੀਤੀ ਸੀ। ਹੋਰ ਵੀ ਅਨੇਕਾਂ ਸਾਥੀ ਲਹਿਰ ਵਿੱਚ ਆਪਣੇ ਵਿੱਤ ਅਤੇ ਸਮਰੱਥਾ ਮੁਤਾਬਕ ਹਿੱਸਾ ਪਾ ਰਹੇ ਸਨ। ਸਾਥੀ ਦਰਸ਼ਨ ਕੂਹਲੀ ਨੂੰ ਜਦੋਂ ਗਿਆਨ ਹੋਇਆ ਕਿ ਨਕਸਲਬਾੜੀ ਲਹਿਰ ਦੇ ਰਾਹ 'ਤੇ ਚੱਲ ਕੇ ਹੀ ਸਾਡੇ ਲੋਕਾਂ ਦੀ ਮੁਕਤੀ ਹੋਣੀ ਹੈ ਤਾਂ ਉਹ ਇਸ ਵਿੱਚ ਕੁੱਦ ਪਿਆ। ਸੁਣਨ ਵਿੱਚ ਤਾਂ ਇਹ ਵੀ ਆਇਆ ਸੀ ਕਿ ਜਦੋਂ ਪਾਰਟੀ ਵੱਲੋਂ ਦੁਸ਼ਮਣ ਦੇ ਸਫਾਏ ਦੀ ਲੀਹ ਅਖਤਿਆਰ ਕੀਤੀ ਗਈ ਸੀ ਤਾਂ ਲੁਧਿਆਣੇ ਥਾਣੇਦਾਰ ਨੂੰ ਕਤਲ ਕਰਨ ਦੀ ਕਾਰਵਾਈ ਵਿੱਚ ਸਾਥੀ ਦਰਸ਼ਨ ਕੂਹਲੀ ਵੀ ਸ਼ਾਮਲ ਸੀ। 
ਬਾਅਦ ਵਿੱਚ ਇਹ ਸਾਥੀ ਸੀ.ਪੀ.ਆਈ.(ਐਮ.ਐਲ.) ਪੰਜਾਬ ਹਿਮਾਚਲ ਸੂਬਾਈ ਕਮੇਟੀ ਵਿੱਚ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕਰਦਾ ਰਿਹਾ। ਇਸ ਸਾਥੀ ਵਿੱਚ ਲੋਕਾਂ ਨੂੰ ਆਪਣੀ ਬੋਲੀ ਸ਼ੈਲੀ ਵਿੱਚ ਕੀਲ ਲੈਣ ਦੀ ਸਮਰੱਥਾ ਸੀ। ਇਸ ਦੀ ਫੁਰਤੀ, ਸਮਰਪਣ ਅਤੇ ਸਮਝ ਨੇ ਅਨੇਕਾਂ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਕਲਾਵੇ ਵਿੱਚ ਲਿਆ। ਸ਼ਹੀਦ ਸਾਥੀ ਚਰਨ ਸਿੰਘ ਮਾਣੂੰਕੇ ਵਰਗੇ ਸਾਥੀ ਵੀ ਇਸ ਦੀ ਕਾਰਗੁਜਾਰੀ ਤੋਂ ਪ੍ਰਭਾਵਤ ਸਨ। ਇਸ ਸਾਥੀ ਦੀ ਅਗਵਾਈ ਵਿੱਚ ਸਾਥੀ ਬੰਤ ਸਿੰਘ ਰਾਜੇਆਣਾ ਦੇ ਇਲਾਕੇ ਦੇ ਅਨੇਕਾਂ ਹੀ ਕਾਲਜਾਂ ਦੇ ਵਿਦਿਆਰਥੀ ਅਤੇ ਪਿੰਡਾਂ ਦੇ ਨੌਜਵਾਨ ਨਕਸਲਬਾੜੀ ਲਹਿਰ ਵਿੱਚ ਕੰਮ ਕਰਦੇ ਰਹੇ। 
ਸਾਥੀ ਦਰਸ਼ਨ ਕੂਹਲੀ ਜਦੋਂ ਪਹਿਲਾਂ ਪਹਿਲਾਂ ਨਕਸਲਬਾੜੀ ਲਹਿਰ ਵਿੱਚ ਤੁਰਿਆ ਸੀ ਤਾਂ ਪੁਲਸ ਇਸ ਦੀ ਭਾਲ ਵਿੱਚ ਥਾਂ ਥਾਂ ਛਾਪੇ ਮਾਰਦੀ ਰਹੀ। ਸਾਥੀ ਦਰਸ਼ਨ ਕੂਹਲੀ ਦੇ ਨਾਲ ਸਾਥੀ ਤਰਸੇਮ ਬਾਵਾ, ਕਾਮਰੇਡ ਰੌਣਕ ਸਿੰਘ ਚੜੀ, ਹਰਭਜਨ ਹਲਵਾਰਵੀ, ਕਾਮਰੇਡ ਅਮਰ ਸਿੰਘ ਅੱਚਰਵਾਲ, ਕਾਮਰੇਡ ਦਰਸ਼ਨ ਖਟਕੜ ਵਰਗੇ ਅਨੇਕਾਂ ਸਾਥੀ ਇਕੱਠੇ ਕੰਮ ਕਰਦੇ ਰਹੇ।
ਬਾਅਦ ਜਦੋਂ ਇਹ ਸਾਥੀ ਸੱਤਿਆ ਨਰੈਣ ਦੀ ਲੀਹ ਨਾਲ ਸਹਿਮਤ ਹੋ ਕੇ ਚੋਣਾਂ ਲੜਨ ਦੇ ਰਾਹ ਪੈ ਚੁੱਕਾ ਸੀ। Àਸ ਸਮੇਂ ਇਸ ਦੇ ਖਿਲਾਫ ਕੂਹਲੀ ਪਿੰਡ ਵਿੱਚ ਨਾਹਰੇ ਵੀ ਲਿਖੇ ਜਾਂਦੇ ਰਹੇ ਕਿ ''ਘਰਾਂ ਵਾਲਿਆਂ ਤਸੀਹੇ ਝੱਲੇ- ਨਕਲੀ ਨਕਸਲੀ ਘਰਾਂ ਨੂੰ ਚੱਲੇ।'' ਬਾਅਦ ਵਿੱਚ ਭਾਵੇਂ ਦਰਸ਼ਨ ਕੂਹਲੀ ਸਤਿਆਨਰੈਣ ਗਰੁੱਪ ਨੂੰ ਛੱਡ ਵੀ ਗਿਆ ਸੀ। ਇਸ ਸਾਥੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਕਿਸਾਨ ਜਥੇਬੰਦੀ ਵਿੱਚ ਕਾਫੀ ਕੰਮ ਕੀਤਾ। ਇਸ ਨੇ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਚਮਨ ਲਾਲ ਨਾਲ ਮਿਲ ਕੇ ''ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ'' ਕਿਤਾਬ ਛਪਵਾ ਕੇ ਜੋ ਕੰਮ ਕੀਤਾ ਉਹ ਮਿਸਾਲੀ ਆਖਿਆ ਜਾ ਸਕਦਾ ਹੈ। ੦-੦

No comments:

Post a Comment