Saturday, 4 January 2020

ਸਾਥੀ ਸੁਖਦੇਵ ਸਿੰਘ ਰਾਏਪੁਰ ਡੱਬਾ ਸ਼ਰਧਾਂਜਲੀ ਸਮਾਗਮ

ਰਾਏਪੁਰ ਡੱਬਾ ਸ਼ਰਧਾਂਜਲੀ ਸਮਾਗਮ
ਸਾਥੀ ਸੁਖਦੇਵ ਸਿੰਘ ਨੂੰ ਉਸਦੀ ਸੋਚ ਨਾਲੋਂ ਵੱਖ ਕਰਨ ਦੇ ਯਤਨ

3 ਨਵੰਬਰ ਨੂੰ ਰਾਏਪੁਰ ਡੱਬਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਇੱਕ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਪਾਰਟੀਆਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦਾ ਜੁੰਮਾ ਅਮੋਲਕ ਸਿੰਘ ਪ੍ਰਧਾਨ ਪੰਜਾਬ ਲੋਕ ਸਭਿਆਚਾਰਕ ਮੰਚ ਨੇ ਸਾਂਭਿਆ ਹੋਇਆ ਸੀ। ਇਕੱਠ ਸੈਂਕੜਿਆਂ ਦੀ ਗਿਣਤੀ ਵਿੱਚ ਸੀ। ਲੋਕੀਂ ਦੂਰੋਂ ਨੇੜਿਉਂ ਆਏ ਹੋਏ ਸਨ। ਪਿੰਡ ਦੇ ਗੁਰਦੁਆਰੇ ਵਿੱਚ ਜਿਸ ਥਾਂ ਇਹ ਸਮਾਗਮ ਹੋਇਆ ਉੱਥੇ ਸੁਖਦੇਵ ਦੀਆਂ ਕੱਦਾਵਰ ਫੋਟੋਆਂ ਲੱਗੀਆਂ ਹੋਈਆਂ ਸਨ ਅਤੇ ਇਸ ਦਿਨ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਲੇਖ ਦੀਆਂ ਕਟਿੰਗਾਂ ਥਾਂ ਥਾਂ ਲੱਗੀਆਂ ਹੋਈਆਂ ਸਨ। 
ਇਸ ਸਮਾਗਮ ਵਿੱਚ ਜਿਹੜੇ ਬੁਲਾਰੇ ਬੁਲਾਏ ਗਏ ਉਹਨਾਂ ਵਿੱਚੋਂ ਅਨੇਕਾਂ ਹੀ ਅਜਿਹੇ ਸਨ, ਜਿਹਨਾਂ ਦਾ ਸਾਥੀ ਸੁਖਦੇਵ ਦੀ ਜ਼ਿੰਦਗੀ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਸੀ ਰਿਹਾ। ਬੋਲਣ ਵਿੱਚ ਮੁਹਾਰਤ ਰੱਖਣ ਵਾਲੇ ਅਜਿਹੇ ਬੁਲਾਰੇ ਸਨ, ਜਿਹੜੇ ਘੰਟਿਆਂਬੱਧੀ ਭਾਸ਼ਣ ਦੇ ਸਕਦੇ ਸਨ, ਪਰ ਜਦੋਂ ਉਹ ਹਕੀਕਤ ਨਾਲੋਂ ਟੁੱਟੇ ਹੋਏ ਸਨ ਤਾਂ ਹਵਾਲੇ ਗਲਤ ਦੇਈ ਜਾ ਰਹੇ ਸਨ ਜਿਵੇਂ ਜੋਗਿੰਦਰ ਸਿੰਘ ਉਗਰਾਹਾਂ, ਡਾ. ਪ੍ਰਮਿੰਦਰ ਸਿੰਘ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਪਤਨੀ ਮਨਜੀਤ ਔਲਖ ਆਦਿ ਸੁਖਦੇਵ ਦੀ ਮੌਤ ਦਾ ਕਾਰਨ ਉਸਦੇ ਹੋਏ ਐਕਸੀਡੈਂਟ ਦੀ ਥਾਂ ਦਿਮਾਗੀ ਬਿਮਾਰੀ ਦੱਸੀ ਜਾ ਰਹੇ ਸਨ ਤੇ ਇਸ ਲਈ ਦੋਸ਼ੀ ਦਵਾ ਸਨਅੱਤ ਨੂੰ ਠਹਿਰਾਈ ਜਾ ਰਹੇ ਸਨ। ਲੋਕ ਮੋਰਚਾ ਪੰਜਾਬ ਦੇ ਸਕੱਤਰ ਵਜੋਂ ਜਗਮੇਲ ਸਿੰਘ ਬੁਲਾਇਆ ਗਿਆ, ਜਿਸ ਦਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ 'ਤੇ ਲੱਗਾ ਰਿਹਾ ਜਿਵੇਂ ਕਿਤੇ ਸੁਖਦੇਵ ਸਿੰਘ ਇਸ ਸਮੇਂ ਲੋਕ ਮੋਰਚੇ ਦਾ ਉਹੋ ਜਿਹਾ ਹੀ ਵਰਕਰ ਹੋਵੇ ਜਿਹੋ ਜਿਹਾ ਉਹ ਸ਼ੁਰੂਆਤ ਦੇ ਪੰਜ-ਚਾਰ ਸਾਲਾਂ ਵਿੱਚ ਰਿਹਾ ਸੀ। 
ਸਟੇਜ ਸਕੱਤਰ ਦੇ ਤੌਰ 'ਤੇ ਅਮੋਲਕ ਸਿੰਘ ਨੇ ਆਪਣੇ ਆਪ ਨੂੰ ਸੁਖਦੇਵ ਦੇ ਪਰਿਵਾਰਕ ਮੈਂਬਰ ਦੇ ਤੌਰ 'ਤੇ ਪੇਸ਼ ਹੁੰਦੇ ਹੋਏ ਬੁਲਾਰਿਆਂ ਦੀ ਜਿਹੜੀ ਚੋਣ ਕੀਤੀ, ਉਸਦਾ ਮਨੋਰਥ ਇਹ ਸੀ ਕਿ ਕੋਈ ਬੁਲਾਰਾ ਅਜਿਹਾ ਨਹੀਂ ਬੋਲਣ ਦੇਣਾ, ਜਿਹੜਾ ਸੁਖਦੇਵ ਸਿੰਘ ਦੀ ਅਸਲ ਜ਼ਿੰਦਗੀ, ਅਸਲ ਸੋਚ ਅਤੇ ਅਸਲ ਅਮਲ ਨੂੰ ਬਿਆਨ ਕਰ ਸਕਦਾ ਹੋਵੇ। ਐਨਾ ਹੀ ਨਹੀਂ ਉਸਦਾ ਸੁਚੇਤ ਯਤਨ ਸੀ ਕਿ ਉਪਰੋਕਤ ਪੱਖਾਂ 'ਤੇ ਨਿਰਖ ਰੱਖਣ ਵਾਲੇ ਕਿਸੇ ਵਿਅਕਤੀ ਦੀ ਸ਼ਮੂਲੀਅਤ ਦਾ ਜ਼ਿਕਰ ਤੱਕ ਵੀ ਨਹੀਂ ਕਰਨਾ। ਜਦੋਂ ਕਿ ਦੂਸਰੇ ਪਾਸੇ ਉਸਨੇ ਪਿੰਡ ਦੇ ਅਨੇਕਾਂ ਵਿਅਕਤੀਆਂ, ਰਿਸ਼ਤੇਦਾਰਾਂ ਤੇ ਦੂਰੋਂ-ਨੇੜਿਉਂ ਪਹੁੰਚੇ ਆਮ ਲੋਕਾਂ ਦੇ ਨਾਵਾਂ ਦੀ ਲੰਬੀ ਸੂਚੀ ਪੜ੍ਹ ਕੇ ਸੁਣਾਈ। ਖੁਦ ਆਪ ਸਟੇਜ ਸਕੱਤਰ ਤੋਂ ਵੱਖ ਰੂਪਾਂ ਵਿੱਚ ਅਨੇਕਾਂ ਵਾਰੀ ਕਈ ਬੁਲਾਰਿਆਂ ਜਿੰਨਾ ਸਮਾਂ ਲੈ ਜਾਂਦਾ ਰਿਹਾ। ਜਿਹੜਾ ਕਹਿੰਦੇ ਸੀ ਕਿ ਅੱਧੇ ਪੌਣੇ ਘੰਟੇ ਵਿੱਚ ਸਮਾਗਮ ਖਤਮ ਕੀਤਾ ਜਾਣਾ ਹੈ, ਉਹ ਡੇਢ ਘੰਟੇ ਤੱਕ ਲਮਕਾਇਆ ਗਿਆ। ਯਾਨੀ ਇਹ ਕੋਈ ਭੋਗ ਸਮਾਗਮ ਹੋਣ ਦੀ ਥਾਂ ਇੱਕ ਸਿਆਸੀ ਕਾਨਰਫੰਰਸ ਬਣਾਇਆ ਗਿਆ। 
ਵੱਖ ਵੱਖ ਬੁਲਾਰਿਆਂ ਨੇ ਸੁਖਦੇਵ ਸਿੰਘ ਨੂੰ ਇੱਕ ਚੰਗਾ ਇਨਸਾਨ ਆਖਦੇ ਹੋਏ ਉਸਦੀ ਸੋਚ 'ਤੇ ਪਹਿਰਾ ਦੇਣ ਦੀਆਂ ਗੱਲਾਂ ਕੀਤੀਆਂ। ਭਾਵੇਂ ਆਮ ਬੁਲਾਰਿਆਂ ਵੱਲੋਂ ਅਜਿਹਾ ਕਹਿਣਾ ਚੰਗਾ ਹੀ ਹੈ ਪਰ ਜਦੋਂ ਖਾਸ ਬੁਲਾਰਿਆਂ ਵਜੋਂ ਬੋਲਣ ਦੀ ਗੱਲ ਆਉਂਦੀ ਹੈ ਤਾਂ ਦੱਸਿਆ ਇਹ ਜਾਣਾ ਬਣਦਾ ਸੀ ਕਿ ਉਹ ਚੰਗਾ ਬੰਦਾ ਬਣਿਆ ਕਿਵੇਂ ਸੀ? ਜੇਕਰ ਸੁਖਦੇਵ ਨੇ ਸਿਰਫ ਆਪਣਾ ਕੈਰੀਅਰ ਹੀ ਬਣਾਉਣਾ ਹੁੰਦਾ ਤਾਂ ਉਹ ਚਾਰ-ਪੰਜ ਦਹਾਕੇ ਪਹਿਲਾਂ ਇੰਗਲੈਂਡ-ਕੈਨੇਡਾ ਆਦਿ ਵਿੱਚ ਜਾ ਕੇ ਪੱਕਾ ਸ਼ਹਿਰੀ ਬਣਿਆ ਹੁੰਦਾ, ਪਰ ਉਸਨੇ ਭਾਰਤੀ ਲੋਕਾਂ ਵਿੱਚ ਰਹਿ ਕੇ ਇਹਨਾਂ ਦੀ ਜ਼ਿੰਦਗੀ ਸੁਧਾਰਨ ਦੇ ਉਪਰਾਲੇ ਕੀਤੇ। ਸੁਖਦੇਵ ਸਿੰਘ ਨੂੰ ਚੰਗੀ ਸਿੱਖਿਆ ਉਸਦੇ ਘਰ ਵਿੱਚੋਂ ਵੀ ਮਿਲੀ। ਇਸੇ ਪਿੰਡ ਦੇ ਸਰਪੰਚ ਹਰਬੰਸ ਸਿੰਘ ਪਹਿਲਵਾਨ ਸੰਸਾਰ ਪ੍ਰਸਿੱਧ ਵਿਅਕਤੀ ਸਨ। ਉਹ ਵੀ ਕਮਿਊਨਿਸਟ ਵਿਚਾਰਾਂ ਨੂੰ ਉਚਿਆਉਂਦੇ ਸਨ। ਪਿੰਡ ਵਿੱਚ ਇਹਨਾਂ ਨਾਲੋਂ ਵੀ ਵੱਧ ਚਰਚਿਤ ਸਖਸ਼ੀਅਤ ਸਨ ਭਾਈ ਰਤਨ ਸਿੰਘ ਰਾਏਪੁਰ ਡੱਬਾ, ਜਿਹੜੇ ਇੱਕ ਸਦੀ ਪਹਿਲਾਂ ਗ਼ਦਰ ਪਾਰਟੀ ਵਿੱਚੋਂ ਕਮਿਊਨਿਸਟ ਬਣ ਕੇ ਦੂਸਰੀ ਕੌਮਾਂਤਰੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਕਾਮਰੇਡ ਲੈਨਿਨ ਅਤੇ ਸਟਾਲਿਨ ਹੋਰਾਂ ਨਾਲ ਵਿਚਰਦੇ ਰਹੇ। ਭਾਈ ਰਤਨ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਅੰਗਰੇਜ਼ ਸਾਮਰਾਜੀਆਂ ਖਿਲਾਫ ਜੂਝਦੇ ਹੋਏ ਕਮਿਊਨਿਸਟ ਕਾਜ਼ ਲਈ ਅਰਪਤ ਕੀਤੀ ਸੀ। ਸੁਖਦੇਵ ਸਿੰਘ ਨੂੰ ਕਮਿਊਨਿਸਟ ਵਿਚਾਰਾਂ ਦੀ ਅਸਲ ਪਾਣ ਕਾਮਰੇਡ ਦਰਸ਼ਨ ਸਿੰਘ ਦੁਸਾਂਝ ਨੇ ਚਾੜ੍ਹੀ ਸੀ। ਚੜ੍ਹਦੀ ਜਵਾਨੀ ਨੂੰ ਕਾਇਲ ਕਰਨਾ ਸੌਖਾ ਨਹੀਂ ਹੁੰਦਾ ਪਰ ਇਸ ਇਲਾਕੇ ਵਿੱਚ ਕੰਮ ਕਰਦਾ ਸਾਥੀ ਦਰਸ਼ਨ ਦੁਸਾਂਝ ਅਜਿਹੀ ਵਿਸ਼ੇਸ਼ ਮੁਹਾਰਤ ਰੱਖਦਾ ਸੀ। ਫੇਰ ਅਗਾਂਹ ਵੀ ਇਸਦੀ ਲਗਾਤਾਰਤਾ  ਬਣੀ ਰਹਿਣੀ ਚਾਹੀਦੀ ਹੁੰਦੀ ਹੈ ਤੇ ਜਦੋਂ ਕਿਸੇ ਸਾਥੀ ਨੇ ਕਮਿਊਨਿਸਟ ਵਿਚਰਾਧਾਰਾ ਅਤੇ ਸਿਆਸਤ ਨੂੰ ਅਪਣਾ ਲਿਆ ਹੋਵੇ ਤਾਂ ਅੱਗੇ ਉਸ ਲਈ ਕਿਸੇ ਨਾ ਕਿਸੇ ਜਥੇਬੰਦਕ ਬਣਤਰ ਵਿੱਚ ਫਿੱਟ ਹੋ ਕੇ ਆਪਣੇ ਵੱਲੋਂ ਕੀਤੇ ਜਾਣ ਵਾਲੇ ਅਮਲ ਵਿੱਚ ਪੁਖਤਗੀ ਲਿਆਉਣੀ ਹੁੰਦੀ ਹੈ। ਸੁਖਦੇਵ ਸਿੰਘ ਜਿੱਥੇ ਪਹਿਲੇ ਸਮਿਆਂ ਵਿੱਚ ਸੀ.ਪੀ.ਆਈ.(ਐਮ.ਐਲ.) ਦੀ ਪੰਜਾਬ ਹਿਮਾਚਲ ਸੂਬਾ ਕਮੇਟੀ ਦੇ ਜਬਤ ਵਿੱਚ ਰਿਹਾ ਤਾਂ ਇਸ ਪਾਰਟੀ ਦੀ ਭਾਰੂ ਲੀਡਰਸ਼ਿੱਪ ਵੱਲੋਂ ਜਦੋਂ ਚੋਣਾ ਦਾ ਰਾਹ ਅਖਤਿਆਰ ਕਰਕੇ ਹਾਕਮਾਂ ਜਮਾਤਾਂ ਦੇ ਚਰਨੀ ਜਾ ਲੱਗੇ। ਸੁਖਦੇਵ ਨੇ ਇਸ ਨੂੰ ਰੱਦ ਕੀਤਾ ਤੇ ਸੀ.ਟੀ., ਸੀ.ਪੀ.ਆਈ.(ਐਮ.ਐਲ.) ਵਿੱਚ ਸ਼ਾਮਲ ਹੋਇਆ। ਡੇਢ ਦਹਾਕੇ ਤੋਂ ਵੱਧ ਸਮਾਂ ਸੀ.ਟੀ., ਸੀ.ਪੀ.ਆਈ.(ਐਮ.ਐਲ.) ਵਿੱਚ ਰਹਿਣ ਉਪਰੰਤ ਜਦੋਂ ਇਹ ਜਥੇਬੰਦੀ ਨਾਗੀ ਰੈਡੀ ਗਰੁੱਪ ਨਾਲ ਏਕਤਾ ਕਰ ਗਈ ਤਾਂ ਇਸ ਨੂੰ ਆਸ ਸੀ ਕਿ ਸ਼ਾਇਦ ਨਾਗੀ ਰੈਡੀ ਗਰੁੱਪ ਵਾਲੇ ਸਾਥੀ ਸੀ.ਟੀ. ਵਾਲਿਆਂ ਵਰਗੇ ਬਣ ਜਾਣਗੇ, ਪਰ ਜਦੋਂ ਉਸਨੇ ਦੇਖਿਆ ਕਿ ਸੀ.ਟੀ. ਗਰੁੱਪ ਵਾਲਿਆਂ ਦਾ ਵੱਡਾ ਹਿੱਸਾ ਹੀ ਨਾਗਾ ਰੈਡੀ ਗਰੁੱਪ ਵਰਗਾ ਬਣ ਗਿਆ ਤਾਂ ਉਸਨੇ ਇਸ ਜਥੇਬੰਦੀ ਨੂੰ ਛੱਡ ਕੇ ਭਾਰਤ ਵਿੱਚ ਚੱਲਦੀ ਨਕਸਲਬਾੜੀ (ਮਾਓਵਾਦੀ) ਲਹਿਰ ਦਾ ਝੰਡਾ ਬੁਲੰਦ ਕੀਤਾ। ਮਾਓਵਾਦੀ ਸੋਚ ਤੇ ਅਮਲ ਦਾ ਝੰਡਾ ਬੁਲੰਦ ਰੱਖਣ ਵਾਸਤੇ ਭਾਵੇਂ ਸਾਥੀ ਸੁਖਦੇਵ ਨੂੰ ਅਨੇਕਾਂ ਤਰ੍ਹਾਂ ਦੀਆਂ ਪਰਿਵਾਰਕ ਅਤੇ ਸਿਆਸੀ ਮੁਸ਼ਕਲਾਂ ਦਾ ਸਾਮਹਣਾ ਕਰਨਾ ਪਿਆ ਪਰ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਿਆਂ ਤੱਕ ਇਸੇ ਸੋਚ 'ਤੇ ਡਟਿਆ ਰਿਹਾ ਤੇ ਵਿੱਤ ਮੁਤਾਬਕ ਅਮਲ ਕਰਦਾ ਰਿਹਾ। 
ਅਮੋਲਕ ਸਿੰਘ ਵੱਲੋਂ ਪੰਜਾਬੀ ਟ੍ਰਿਬਿਊਨ ਵਿੱਚ ਲਿਖੇ ਲੇਖ ਦੀ ਪੇਸ਼ਕਾਰੀ ਵਿੱਚ ਸਿਰਫ ਇਹ ਦਰਸਾਇਆ ਗਿਆ ਹੈ ਕਿ ਜਿਵੇਂ ਕਿਤੇ ਆਪਣੀ ਜ਼ਿੰਦਗੀ ਦੇ ਆਖਰੀ 15 ਸਾਲਾਂ ਵਿੱਚ ਸੁਖਦੇਵ ਸਿੰਘ ਸਿਰਫ ਤੇ ਸਿਰਫ ਪਹਿਲਵਾਨੀ ਦੇ ਖੇਤਰ ਵਿੱਚ ਕੋਚਿੰਗ ਜਾਂ ਕੁਮੈਂਟਰੀ ਹੀ ਕਰਦਾ ਰਿਹਾ ਹੋਵੇ। ਇਸੇ ਹੀ ਤਰ੍ਹਾਂ ਉਸਦੇ ਸ਼ਰਧਾਂਜਲੀ ਸਮਾਗਮ ਵਿੱਚ ਬਹੁਤੇ ਬੁਲਾਰਿਆਂ ਨੇ ਇਹ ਉਭਾਰਿਆ ਜਿਵੇਂ ਕਿਤੇ ਉਹ ਸਿਰਫ ਲੋਕ ਮੋਰਚਾ ਪੰਜਾਬ ਵਰਗੀਆਂ ਖੁੱਲ੍ਹੀਆਂ, ਜਨਤਕ, ਕਾਨੂੰਨੀ ਜਥੇਬੰਦੀਆਂ ਵਿੱਚ ਹੀ ਕੰਮ ਕਰਦਾ ਰਿਹਾ ਹੋਵੇ। ਪਰ ਸਾਥੀ ਸੁਖਦੇਵ ਨਾ ਪਹਿਲਾਂ ਸਿਰਫ ਜਨਤਕ, ਕਾਨੂੰਨੀ ਤੇ ਖੁੱਲ੍ਹੀਆਂ ਜਥੇਬੰਦੀਆਂ ਵਿੱਚ ਕੰਮ ਕਰਨ ਵਿੱਚ ਮਹਿਦੂਦ ਸੀ ਤੇ ਨਾ ਹੀ ਬਾਅਦ ਦੇ ਸਮੇਂ ਵਿੱਚ। ਉਸ ਲਈ ਨਕਸਲਬਾੜੀ ਦੇ ਝੰਡਾਬਰਦਾਰ ਬਣਨਾ ਤੇ ਬਣੇ ਰਹਿਣਾ ਮੁੱਖ ਕਾਰਜ ਸੀ। ਇਸਦੀ ਖਾਤਰ ਉਸਦੀ ਜ਼ਿੰਦਗੀ ਦਾ ਬਹੁਤ ਸਮਾਂ ਤੇ ਸ਼ਕਤੀ ਖਰਚ ਹੁੰਦੇ ਰਹੇ। ਭਾਵੇਂ ਸੀ.ਪੀ.ਆਈ.(ਐਮ.ਐਲ.) ਨਿਊਡੈਮੋਕਰੇਸੀ ਦੇ ਸੂਬਾ ਕਮੇਟੀ ਮੈਂਬਰ ਅਜਮੇਰ ਸਿੰਘ ਸਮਰਾ ਵੱਲੋਂ ਇਹ ਦੱਸਿਆ ਗਿਆ ਕਿ ਸੁਖਦੇਵ ਸਿੰਘ ਇਨਕਲਾਬੀ ਸਾਹਿਤ ਵੰਡਦਾ ਹੁੰਦਾ ਸੀ ਤਾਂ ਜਿਹੜਾ ਸਾਹਿਤ ਉਹ ਵੰਡਦਾ ਸੀ ਉਹ ਸੁਰਖ਼ ਰੇਖਾ ਵੱਲੋਂ ਪ੍ਰਚਾਰੀ-ਪ੍ਰਸਾਰੀ ਜਾ ਰਹੀ ਸਮਝ ਸੀ। ਦਹਾਕਿਆਂ ਬੱਧੀ ਸਾਥੀ ਸੁਖਦੇਵ ਨੇ ਇਸ ਸਮਝ ਨੂੰ ਲੋਕਾਂ ਦੇ ਦਰਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਬਾਅਦ ਵਿੱਚ ਉਹ ਤਕਰੀਬਨ ਡੇਢ ਦਹਾਕਾ ਜਿਹੜਾ ਜ਼ਾਹਰਾ ਰੂਪ ਵਿੱਚ ਪਹਿਲਵਾਨੀ ਦੇ ਖੇਤਰ ਵਿੱਚ ਵਿਚਰਦਾ ਰਿਹਾ, ਇਹ ਮਹਿਜ਼ ਪਹਿਲਵਾਨੀ ਦਾ ਖੇਤਰ ਹੀ ਨਹੀਂ ਸੀ ਬਲਕਿ ਉਸਦੇ ਨਾਲ ਹੀ ਉਸਦੀ ਜ਼ਿੰਦਗੀ ਦਾ ਇਹ ਗੁੱਝਾ ਪੱਖ ਵੀ ਸੀ, ਜਿਸ ਤਹਿਤ ਉਸਨੇ ਆਪਣੇ ਵਿੱਤ ਤੇ ਸਮਰੱਥਾ ਮੁਤਾਬਕ ਮਾਓਵਾਦੀ ਲਹਿਰ ਨੂੰ ਉਚਿਆਇਆ।
ਅਨੇਕਾਂ ਬੁਲਾਰਿਆਂ ਨੇ ਸੁਖਦੇਵ ਸਿੰਘ ਦੀ ਸੋਚ ਨੂੰ ਬੁਲੰਦ ਰੱਖਣ ਦੇ ਵਚਨ ਦਿੱਤੇ ਹਨ, ਪਰ ਜਦੋਂ ਹਕੀਕੀ ਤੌਰ 'ਤੇ ਕਿਸੇ ਇੱਕ ਵੱਲੋਂ ਵੀ ਇਹ ਦੱਸਿਆ ਤੱਕ ਹੀ ਨਹੀਂ ਗਿਆ ਕਿ ਉਸਦੀ ਵਿਚਾਰਧਾਰਾ ਮਾਓਵਾਦੀ ਵਿਚਾਰਧਾਰਾ ਸੀ ਤਾਂ ਉਸਦੀ ਸੋਚ ਨੂੰ ਉਚਿਆਉਣ ਦੀ ਵਿਧੀ ਮਾਓਵਾਦੀ ਨਾ ਹੋ ਕੇ ਕੋਈ ਹੋਰ ਬਣਨ ਦੀ ਧਾਰਨਾ ਉੱਭਰਦੀ ਹੈ। ਸੁਖਦੇਵ ਦੀ ਸਮੁੱਚੀ ਜ਼ਿੰਦਗੀ ਨੂੰ ਸਿਰਫ ਕੁੱਝ ਨਾ ਕੁੱਝ ਜ਼ਾਹਰਾ ਤੇ ਸੀਮਤ ਪੱਖਾਂ ਤੱਕ ਸਿਮਟਾਉਣ ਦੀ ਧਾਰਨਾ ਨੂੰ ਉਭਾਰਿਆ ਗਿਆ ਹੈ। ਜਿਵੇਂ ਕਿਸੇ ਵੀ ਦਰਖਤ ਦੀਆਂ ਸਿਰਫ ਟਹਿਣੀਆਂ, ਪੱਤੇ ਅਤੇ ਫੁੱਲ-ਫਲ ਹੀ ਨਹੀਂ ਹੁੰਦੇ ਬਲਕਿ ਉਸਦਾ ਤਣਾ-ਜੜ੍ਹਾਂ ਡੂੰਘਾਈ ਤੱਕ ਦੀ ਪਹੁੰਚ ਵੀ ਹੁੰਦੀ ਹੈ, ਉਸੇ ਹੀ ਤਰ੍ਹਾਂ ਸੁਖਦੇਵ ਦੀ ਜ਼ਾਹਰਾ ਜ਼ਿੰਦਗੀ ਤੋਂ ਇਲਾਵਾ ਅਨੇਕਾਂ ਗੁਪਤ ਪੱਖ ਵੀ ਸਨ, ਜਿਹਨਾਂ ਦਾ ਅਨੇਕਾਂ ਬੁਲਾਰਿਆਂ ਨੂੰ ਪਤਾ ਸੀ, ਪਰ ਉਹ ਬੋਲੇ ਹੀ ਨਹੀਂ। ਪਰ ਜਿਹੜੇ ਇਹਨਾਂ ਪੱਖਾਂ 'ਤੇ ਭਰਵੇਂ ਰੂਪ ਵਿੱਚ ਵਿਆਖਿਆ ਕਰ ਸਕਦੇ ਸਨ- ਉਹਨਾਂ ਨੂੰ ਇਸ ਸਟੇਜ ਤੋਂ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਨਾਲ ਇਸ ਸ਼ਰਧਾਂਜਲੀ ਸਮਾਗਮ ਵਿੱਚ ਸਾਥੀ ਸੁਖਦੇਵ ਸਿੰਘ ਕੋਲੋਂ ਉਸਦਾ ਕਮਿਊਨਿਸਟ ਇਨਕਲਾਬੀ ਵਿਰਸਾ ਖੋਹਣ ਦਾ ਯਤਨ ਕੀਤਾ ਗਿਆ ਹੈ, ਪਰ ਜਿਹਨਾਂ ਨੂੰ ਸੁਖਦੇਵ ਪ੍ਰਤੀ ਖਾਸ ਲਗਾਓ ਸੀ ਉਹ ਸੁਖਦੇਵ ਦੇ ਕਾਜ ਨੂੰ ਹੋਰ ਅੱਗੇ ਲਿਜਾਣ ਲਈ ਪਹਿਲਾਂ ਨਾਲੋਂ ਕਿਤੇ ਵਧੇਰੇ ਤਿੱਖ ਅਤੇ ਤੱਦੀ ਨੂੰ ਅਖਤਿਆਰ ਕਰਕੇ ਡਟੇ ਰਹਿਣਗੇ। 
੦-੦

No comments:

Post a Comment