Saturday, 4 January 2020

ਦਾਂਤੇਵਾੜਾ ਵਿੱਚ ਆਦਿਵਾਸੀਆਂ ਦਾ ਵਿਰੋਧ ਪ੍ਰਦਰਸ਼ਨ

ਦਾਂਤੇਵਾੜਾ ਵਿੱਚ ਆਦਿਵਾਸੀਆਂ ਦਾ ਵਿਰੋਧ ਪ੍ਰਦਰਸ਼ਨ
''ਬੇਗੁਨਾਹਾਂ ਨੂੰ ਰਿਹਾਅ ਕਰੋ ਜਾਂ ਫੇਰ ਸਾਨੂੰ ਵੀ ਗ੍ਰਿਫਤਾਰ ਕਰੋ'' 
ਛੱਤੀਸਗੜ੍ਹ ਦੀ ਕਾਂਗਰਸ ਹਕੂਮਤ ਨੇ ਚੋਣਾਂ ਵੇਲੇ ਆਦਿਵਾਸੀਆਂ ਨਾਲ ਵਆਦਾ ਕੀਤਾ ਸੀ ਕਿ ਵੱਖ ਵੱਖ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਆਦਿਵਾਸੀਆਂ ਦੇ ਮਾਮਲਿਆਂ ਦਾ ਨਿਬੇੜਾ ਕਰਕੇ ਉਹਨਾਂ ਨੂੰ ਰਿਹਾਅ ਕੀਤਾ ਜਾਵੇਗਾ। ਐਤਵਾਰ ਨੂੰ ਸਰਕਾਰ ਨੂੰ ਉਸਦਾ ਵਾਅਦਾ ਯਾਦ ਕਰਵਾਉਣ ਲਈ ਆਦਿਵਾਸੀ ਇਕੱਠੇ ਹੋਏ। ਦਾਂਤੇਵਾੜਾ ਦੇ ਪਲਵਰ ਵਿੱਚ  ਇੱਕ ਇਕੱਤਰਤਾ ਹੋਈ। ਉਥੇ ਪੇਂਡੂਆਂ ਨੇ ਸਰਕਾਰ ਨੂੰ ਇਸ ਸਬੰਧੀ ਜਲਦੀ ਤੋਂ ਜਲਦੀ ਫੈਸਲਾ ਲੈਣ ਲਈ ਕਿਹਾ। 
ਦਾਂਤੇਵਾੜਾ, ਸੁਕਮਾ, ਬੀਜਾਪੁਰ ਦੇ ਹਜ਼ਾਰਾਂ ਪੇਂਡੂਆਂ ਨੇ ਪੈਦਲ ਮਾਰਚ ਕਰਕੇ ਪਾਲਵਰ ਦੇ ਬਾਜ਼ਾਰਾਂ ਵਿੱਚ ਪਹੁੰਚੇ। ਇੱਥੇ ਇੱਕ ਮੁਜਾਹਰਾ ਕਰਨ ਦਾ ਐਲਾਨ ਕੀਤਾ, ਪਰ ਨਗਰ ਪਾਲਿਕਾ ਦੀਆਂ ਚੋਣਾਂ ਕਾਰਨ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਮੁਜਾਹਰਾਕਾਰੀ ਬਾਜ਼ਾਰ ਵਿੱਚ ਡਟੇ ਰਹੇ। ਸਮਾਜਿਕ ਕਾਰਕੁੰਨ ਸੋਨੀ ਸੋਰੀ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਰਹੀ ਹੈ, ਪੇਂਡੂਆਂ ਦਾ ਇਹ ਅੰਦੋਲਨ ਤਿੰਨ ਦਿਨਾਂ ਤੱਕ ਜਾਰੀ ਰਹੇਗਾ। 
(ਦੈਨਿਕ ਭਾਸਕਰ, 1 ਦਸੰਬਰ, 2019)
ਜੇਲ੍ਹਾਂ ਵਿੱਚ ਬੰਦ ਆਦਿਵਾਸੀਆਂ ਦੀ ਰਿਹਾਈ ਸਬੰਧੀ ਮੁਜਾਹਰੇ ਵਿੱਚ 
ਦੋ ਵਿਧਾਇਕ ਪਹੁੰਚੇ
ਬਕੁਲਵਾਰ- ਜੇਲ੍ਹਾਂ ਵਿੱਚ ਨਕਸਲੀ ਮਾਮਲਿਆਂ ਨਾਲ ਸਬੰਧਤ ਬੰਦ ਨਿਰਦੋਸ਼ ਆਦਿਵਾਸੀਆਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਬੁੱਧਵਾਰ ਨੂੰ ਆਦਿਵਾਸੀਆਂ ਨੇ ਇੱਕ ਵੱਡਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦਾ ਅਸਰ ਇਹ ਪਿਆ ਕਿ ਸਰਕਾਰ ਵੱਲੋਂ ਦੋ ਵਿਧਾਇਕਾਂ ਨੂੰ ਆਉਣਾ ਪਿਆ, ਉਹਨਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ਵਿਸ਼ੇ 'ਤੇ  ਖੁਦ ਵਿਚਾਰ ਕਰ ਰਹੀ ਹੈ। ਅੰਦੋਲਨ ਕਰ ਰਹੇ ਆਦਿਵਾਸੀਆਂ ਨਾਲ 22 ਅਕਤੂਬਰ ਨੂੰ ਸੀ.ਐਮ. ਭੁਪੇਸ਼ ਬਘੇਲ ਖੁਦ ਗੱਲ ਕਰਨਗੇ। ਇਸ ਤੋਂ ਪਹਿਲਾਂ ਤਕਰੀਬਨ 3 ਹਜ਼ਾਰ ਆਦਿਵਾਸੀ ਪਾਲਵਰ ਵਿੱਚ ਇਕੱਠੇ ਹੋਏ ਸਨ। ਇਸ ਤੋਂ ਬਾਅਦ ਵਿੱਚ ਪੈਦਲ ਮਾਰਚ ਕਰਦੇ ਹੋਏ ਤਕਰੀਬਨ 5 ਕਿਲੋਮੀਟਰ ਦੂਰ ਕੂਆਂਕੋਂਡਾ ਪਹੁੰਚੇ। 
ਕੂਆਂਕੋਂਡਾ ਵਿਖੇ ਦੁਪਹਿਰ 12 ਵਜੇ ਸਭਾ ਦੀ ਸ਼ੁਰੂਆਤ ਹੋਈ। ਪਹਿਲੇ ਬੁਲਾਰੇ ਦੇ ਤੌਰ 'ਤੇ ਸਮਾਜਿਕ ਕਾਰਕੁੰਨ ਸੋਨੀ ਸੋਰੀ ਨੇ ਸੰਬੋਧਨ ਕਰਦੇ ਹੋਏ ਕਿਹਾ, ਸਾਡੇ ਨਿਰਦੋਸ਼ ਭਾਈ-ਭੈਣਾਂ, ਜਿਹਨਾਂ ਨੂੰ ਨਕਸਲੀ ਮਾਮਲਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ, ਉਹਨਾਂ ਦੀ ਰਿਹਾਈ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ। ਇਹਨਾਂ ਤੋਂ ਬਿਨਾ ਸਾਡੀਆਂ 7 ਮੰਗਾਂ ਹੋਰ ਵੀ ਹਨ, ਜਿਹਨਾਂ ਨੂੰ ਫੌਰੀ ਲਾਗੂ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਵੱਖ ਵੱਖ ਪਿੰਡਾਂ ਦੇ ਆਏ ਹੋਏ ਸਰਪੰਚਾਂ ਨੇ ਆਪਣੀ ਗੱਲ ਰੱਖੀ। ਇਸ ਤੋਂ ਬਾਅਦ ਲੋਕਾਂ ਨੇ ਅਚਾਨਕ ਹੀ ਇਹ ਮੰਗ ਰੱਖ ਦਿੱਤੀ ਕਿ ਧਰਨੇ ਵਾਲੀ ਥਾਂ 'ਤੇ ਆਬਕਾਰੀ ਮੰਤਰੀ ਕਵਾਸੀ ਲਖਮਾ ਨੂੰ ਬੁਲਾਇਆ ਜਾਵੇ ਅਤੇ ਸਰਕਾਰ ਨਾਲ ਸਾਡੀ ਗੱਲ ਕਰਵਾਈ ਜਾਵੇ। ਅੰਦੋਲਨਕਾਰੀਆਂ ਦੀ ਮੰਗ ਦੇ ਮੱਦੇਨਜ਼ਰ ਸਰਕਾਰ ਵੱਲੋਂ ਵਿਧਾਇਕ ਦੇਵਤੀ ਕਰਮਾ ਅਤੇ ਵਿਕਰਮ ਮੰਡਾਵੀ ਪਹੁੰਚੇ। ਦੋਵੇਂ ਪੱਖਾਂ ਵਿੱਚ ਸਹਿਮਤੀ ਹੋਣ ਤੋਂ ਬਾਅਦ ਦੁਪਹਿਰ 3 ਵਜੇ ਅੰਦੋਲਨ ਸਮਾਪਤ ਕੀਤਾ ਗਿਆ। ਪਹਿਲਾਂ ਇਹ ਸਮਾਗਮ 4 ਵਜੇ ਤੱਕ ਜਾਰੀ ਰੱਖਣ ਦਾ ਵਿਚਾਰ ਸੀ। 
ਇਸ ਅੰਦੋਲਨ ਕਾਰਨ ਸੁਰੱਖਿਆ ਦੇ ਵੱਡੇ ਇੰਤਜ਼ਾਮ ਕੀਤੇ ਗਏ ਸਨ। ਭੀੜ 'ਤੇ ਕਾਬੂ ਰੱਖਣ ਲਈ ਡਰੋਨ ਕੈਮਰਿਆਂ ਦੀ ਮੱਦਦ ਲਈ ਗਈ। ਅੰਦੋਲਨ ਖਤਮ ਹੋਣ ਤੋਂ ਬਾਅਦ ਸੋਨੀ ਸੋਰੀ ਅਤੇ ਸੁਬੀਤਾ, ਹਿਡਮੇ ਨੇ ਕਿਹਾ ਅਸੀਂ ਸਰਕਾਰ ਨਾਲ ਇੱਕ ਵਾਰੀ ਫੇਰ ਗੱਲਬਾਤ ਕਰਾਂਗੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਇੱਕ ਵਾਰ ਫੇਰ ਵੱਡਾ ਅੰਦੋਲਨ ਕੀਤਾ ਜਾਵੇਗਾ।             (ਦੈਨਿਕ ਭਾਸਕਰ, 10 ਅਕਤੂਬਰ, 2019)
ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਪੁਲਸ ਚੌਕੀ ਦੇ ਖਿਲਾਫ 
ਆਦਿਵਾਸੀਆਂ ਵੱਲੋਂ ਰਵਾਇਤੀ ਹਥਿਆਰਾਂ ਨਾਲ ਮੁਜਾਹਰਾ
12 ਨਵੰਬਰ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਵਿਖੇ ਸੈਂਕੜੇ ਲੋਕਾਂ ਨੇ ਪੁਲਸ ਚੌਕੀ ਸਥਾਪਤ ਕਰਨ ਦੇ ਖਿਲਾਫ ਧਰਨਾ ਦਿੱਤਾ। ਪੁਲਸ ਮੁਜਾਹਰਾਕਾਰੀਆਂ ਉੱਪਰ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਹਨਾਂ ਨਾਲ ਇੱਕ ਵਿਅਕਤੀ ਜਖਮੀ ਹੋ ਗਿਆ। ਅਧਿਕਾਰੀਆਂ ਵੱਲੋਂ ਪੋਟੱਲੀ ਪਿੰਡ ਵਿੱਚ ਨਵੀਂ ਪੁਲਸ ਚੌਕੀ ਬਣਾਈ ਜਾ ਰਹੀ ਸੀ। ਬਸਤਰ ਰੇਂਜ ਦੇ ਆਈ.ਜੀ. ਪੁਲਸ ਸੁੰਦਰ ਰਾਜ ਨੇ ਦੱਸਿਆ ਕਿ ''ਸੂਬੇ ਦੀ ਰਾਜਧਾਨੀ ਰਾਏਪੁਰ ਤੋਂ ਸਾਢੇ ਤਿੰਨ ਸੌ ਕਿਲੋਮੀਟਰ ਦੂਰ ਦਾਂਤੇਵਾੜਾ ਦਾ ਇਹ ਇਲਾਕਾ ਮਾਓਵਾਦੀਆਂ ਦੇ ਯੁੱਧਨੀਤਕ ਖੇਤਰ ਵਿੱਚ ਪੈਂਦਾ ਹੈ। ਪੋਟੱਲੀ ਅਰਨਪੁਰ ਪੁਲਸ ਥਾਣੇ ਤੋਂ 10 ਕਿਲੋਮੀਟਰ ਦੂਰ ਸੰਘਣੇ ਜੰਗਲਾਂ ਵਿੱਚ ਸਥਿਤ ਹੈ।''
ਆਈ.ਜੀ. ਨੇ ਦੱਸਿਆ ਕਿ ''ਇਸ ਕੈਂਪ ਵਿੱਚ ਛੱਤੀਸਗੜ੍ਹ ਆਰਮਡ ਫੋਰਸ ਅਤੇ ਡਿਸਟ੍ਰਿਕਟ ਰਿਜ਼ਰਵ ਗਾਰਡ ਦੇ ਅਮਲੇ ਨੂੰ ਤਾਇਨਾਤ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਪੇਂਡੂ ਇਸ ਕੈਂਪ ਦੇ ਅੱਗੇ ਇਕੱਠੇ ਹੋ ਗਏ, ਉਹ ਅਧਿਕਾਰੀਆਂ ਦੇ ਵਾਰ ਵਾਰ ਕਹਿਣ ਉਪਰੰਤ ਵੀ ਉੱਥੇ ਡਟੇ ਰਹੇ, ਜਿਸ ਕਰਕੇ ਪੁਲਸ ਨੇ ਹਵਾਈ ਫਾਇਰਿੰਗ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਹਾਲਤ ਕਾਬੂ ਹੇਠ ਸ਼ਾਂਤਮਈ ਹੈ, ਇਉਂ ਲੱਗਦਾ ਹੈ ਕਿ ਨਕਸਲੀ ਇਸ ਗੱਲੋਂ ਔਖੇ ਹਨ ਕਿ ਉਹਨਾਂ ਦੇ ਗੜ੍ਹ ਵਿੱਚ ਇਹ ਕੈਂਪ ਕਿਉਂ ਸਥਾਪਤ ਕੀਤਾ ਜਾ ਰਿਹਾ ਹੈ। ਇਸ ਕਰਕੇ ਉਹ ਕਬਾਇਲੀ ਲੋਕਾਂ ਨੂੰ ਭੜਕਾਅ ਰਹੇ ਹਨ। ਇਹ ਕੈਂਪ ਨਕਸਲ ਵਿਰੋਧੀ ਅਪ੍ਰੇਸ਼ਨ ਚਲਾਉਣ ਲਈ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਇਲਾਕੇ ਵਿੱਚ ਵਿਕਾਸ ਕਾਰਜ ਹੋ ਸਕਣ।''
ਇਸ ਤੋਂ ਪਹਿਲਾਂ ਦਾਂਤੇਵਾੜਾ ਦਾ ਕੁਲੈਕਟਰ ਤੋਪੇਸ਼ਵਰ ਵਰਮਾ ਅਤੇ ਸੁਪਰਡੈਂਟ ਪੁਲਸ ਅਭੀਸ਼ੇਖ ਪੱਲਵਾ ਇਸ ਕੈਂਪ ਦਾ ਦੌਰਾ ਕਰਕੇ ਗਏ ਸਨ ਅਤੇ ਪੇਂਡੂ ਲੋਕਾਂ ਨੂੰ ਮਿਲ ਕੇ ਗਏ ਸਨ, ਜਿਹਨਾਂ ਨੇ ਇਸ ਇਲਾਕੇ ਵਿੱਚ ਨਵਾਂ ਕੈਂਪ ਸਥਾਪਤ ਕਰਨ 'ਤੇ ਨਰਾਜ਼ਗੀ ਪ੍ਰਗਟ ਕੀਤੀ ਸੀ। ਪੱਲਵਾ ਨੇ ਦੱਸਿਆ ਕਿ ''ਪੇਂਡੂਆਂ ਨੇ ਦਾਅਵਾ ਕੀਤਾ ਕਿ ਉਹ ਪੁਲਸ ਹਮਲੇ ਦੀ ਮਾਰ ਹੇਠ ਆਉਣਗੇ, ਉਹਨਾਂ ਨੂੰ ਪੁਲਸ ਵਧੀਕੀਆਂ ਝੱਲਣੀਆਂ ਪੈਣਗੀਆਂ। ਅਸੀਂ ਪੇਂਡੂਆਂ ਨੂੰ ਵਿਸ਼ਵਾਸ਼ ਦੁਆਇਆ ਹੈ ਕਿ ਉਹਨਾਂ ਨੂੰ ਨਕਸਲੀਆਂ ਤੋਂ ਸੁਰੱਖਿਆ ਦੇਣ ਦੀ ਖਾਤਰ ਇਹ ਕੈਂਪ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਇਲਾਕੇ ਵਿੱਚ ਬਿਨਾ ਕਿਸੇ ਗੜਬੜ ਤੋਂ ਵਿਕਾਸ ਕਾਰਜ ਹੋ ਸਕਣ। ਅਸੀਂ ਉਹਨਾਂ ਨੂੰ ਵਿਸ਼ਵਾਸ਼ ਦੁਆਇਆ ਹੈ ਕਿ ਉਹਨਾਂ ਨਾਲ ਕੋਈ ਵਧੀਕੀ ਨਹੀਂ ਹੋਵੇਗੀ। ਉਸ ਨੇ ਦੱਸਿਆ ਕਿ ਡਿਸਟ੍ਰਿਕਟ ਰਿਜ਼ਰਵ ਗਾਰਡ ਵਿੱਚ ਔਰਤ ਕਮਾਂਡੋਜ਼ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਕਿ ਇਲਾਕੇ ਵਿੱਚ ਉਹਨਾਂ ਦੀਆਂ ਔਰਤਾਂ ਨਾਲ ਹੋਏ ਕਿਸੇ ਵੀ ਦੁਰਵਿਵਹਾਰ ਦੀ ਸ਼ਿਕਾਇਤ ਕੀਤੀ ਜਾ ਸਕੇ। ਜਦੋਂ ਕੁਲੈਕਟਰ ਅਤੇ ਮੈਂ ਉਸ ਪਿੰਡ ਵਿੱਚੋਂ ਵਾਪਸ ਆਏ ਤਾਂ ਵੱਡੀ ਗਿਣਤੀ ਵਿੱਚ ਪੇਂਡੂ ਤੀਰ-ਕਮਾਨਾਂ, ਕੁਹਾੜੀਆਂ ਅਤੇ ਤੇਜ਼ ਧਾਰ ਹਥਿਆਰਾਂ ਨਾਲ ਨਿਕਲ ਆਏ ਅਤੇ ਕੈਂਪ ਵੱਲ ਵਧਣ ਲੱਗੇ। ਸਿੱਟੇ ਵਜੋਂ ਸੁਰੱਖਿਆ ਅਮਲੇ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਕੀਤੀ।'' (ਪੀ.ਟੀ.ਆਈ.)

ਹੁਸਨਰ ਦੇ ਦਲਿਤ ਸੰਘਰਸ਼ ਦੇ ਮੈਦਾਨ 'ਚ

ਹੁਸਨਰ ਦੇ ਦਲਿਤ ਸੰਘਰਸ਼ ਦੇ ਮੈਦਾਨ 'ਚ
30 ਸਤੰਬਰ ਨੂੰ ਪਿੰਡ ਹੁਸਨਰ ਵਿੱਚ ਦਲਿਤਾਂ 'ਤੇ ਹੋ ਰਹੇ ਤਸ਼ੱਦਦ ਖ਼ਿਲਾਫ਼ ਪਿੰਡ ਵਾਸੀਆਂ ਨੇ 'ਦਿਹਾਤੀ ਮਜ਼ਦੂਰ ਸਭਾ' ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਕਾਰਵਾਈ ਲਈ ਡੀ.ਸੀ. ਨੂੰ ਮੰਗ ਪੱਤਰ ਦਿੱਤਾ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ ਤੇ ਜ਼ਿਲ੍ਹਾ ਆਗੂ ਲਖਬੀਰ ਤਖਤਮਲਾਣਾ, ਹਰਪਾਲ ਸਿੰਘ ਸੰਗੂਧੌਨ ਹੋਰਾਂ ਨੇ ਕਿਹਾ ਕਿ ਪਿੰਡ 'ਚ ਗੁਰਦੁਆਰਾ ਬਾਬਾ ਜੀਵਨ ਸਿੰਘ ਤੇ ਦਲਿਤ ਅਬਾਦੀ ਵਿਚਾਲੇ ਪਿੰਡ ਦੇ ਕੁਝ ਜ਼ੋਰਾਵਰਾਂ ਵੱਲੋਂ ਹੱਡਾਰੋੜੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਹੋਏ ਟਕਰਾ 'ਚ ਇਕ ਦਲਿਤ ਵਿਦਿਆਰਥਣ ਜ਼ਖਮੀ ਹੋ ਗਈ ਸੀ। ਇਸ ਸਬੰਧੀ ਗਿਦੜਬਾਹਾ ਪੁਲੀਸ ਵੱਲੋਂ ਜੋ ਕੇਸ ਦਰਜ ਕੀਤਾ ਗਿਆ ਉਸ ਵਿੱਚ ਐਸ.ਸੀ.ਐਸ.ਟੀ. ਤਹਿਤ 5 ਵਿਅਕਤੀਆਂ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਪਰ 23 ਦਿਨ ਮਗਰੋਂ ਵੀ ਕੋਈ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਟਹਿਲ ਸਿੰਘ ਹੁਸਨਰ, ਰਾਣੀ ਕੌਰ, ਸਿਮਰਨ ਕੌਰ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਧਨਾਢ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਹੋਕਾ ਦੇ ਕੇ ਦਲਿਤਾਂ ਦਾ ਬਾਈਕਾਟ ਕਰ ਦਿੱਤਾ ਤੇ ਖੇਤਾਂ ਵਿੱਚੋਂ ਘਾਹ ਖੋਤਣ ਗਈ ਇਕ ਦਲਿਤ ਔਰਤ ਨੂੰ ਖੇਤ ਦੇ ਮਾਲਕ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਗਿਦੜਬਾਹਾ ਪੁਲੀਸ ਨੂੰ ਇਤਲਾਹ ਦੇਣ ਦੇ ਬਾਵਜੂਦ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਧੱਕੇਸ਼ਾਹੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਥਾਣਾ ਗਿੱਦੜਬਾਹਾ ਦੇ ਐਸਐਚਓ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਹੈ।

ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਨੇ ਲਹੂ-ਵੀਟਵਾਂ ਸੰਘਰਸ਼ ਕੀਤਾ

ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਨੇ ਜਨਤਕ ਸਿੱਖਿਆ ਦੀ ਰਾਖੀ ਲਈ 
ਲਹੂ-ਵੀਟਵਾਂ ਸੰਘਰਸ਼ ਕਰਕੇ ਕੇਂਦਰੀ ਹਕੂਮਤ ਦਾ ਭਰਮ ਕੀਤਾ ਚਕਨਾਚੂਰ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲ ਮਾਰਚ ਕਰਨਾ ਚਾਹੁੰਦੇ ਸਨ, ਜਿੱਥੇ ਉਪ-ਰਾਸ਼ਟਰਪਤੀ ਵੈਂਕੱਈਆ ਨਾਇਡੂ ਇੱਕ ਆਡੀਟੋਰੀਅਮ ਵਿੱਚ ਯੂਨੀਵਰਸਿਟੀ ਦੇ ਕੈਨਵੋਕਸ਼ਨ ਨੂੰ ਸੰਬੋਧਨ ਕਰ ਰਹੇ ਸਨ। ਪ੍ਰਸਾਸ਼ਨ ਨੇ 3 ਕਿਲੋਮੀਟਰ ਦੂਰ ਤੋਂ ਫਾਟਕ ਬੰਦ ਕਰ ਦਿੱਤੇ। ਸਵੇਰ ਤੋਂ ਸ਼ੁਰੂ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੰਸਥਾ ਦੇ ਅੰਦਰ ਅਤੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਤ ਕੀਤੇ ਹੋਏ ਸਨ। ਸਾਢੇ ਗਿਆਰਾਂ ਵਜੇ ਵਿਦਿਆਰਥੀਆਂ ਨੇ ਬੈਰੀਕੇਡ ਤੋੜ ਕੇ ਆਡੀਟੋਰੀਅਮ ਵੱਲ ਮਾਰਚ ਕੀਤਾ। ਇਸੇ ਦੌਰਾਨ ਕੇਂਦਰੀ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਕ ਵਿਦਿਆਰਥੀਆਂ ਦੇ ਘੇਰਾਓ ਵਿੱਚ ਆ ਜਾਂਦੇ ਹਨ ਤੇ ਵਿਦਿਆਰਥੀਆਂ ਨੇ ਬਾਹਰੋਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ। ਅੰਦਰੋਂ ਕਿਸੇ ਨੂੰ ਬਾਹਰ ਨਹੀਂ ਆਉਣ ਦਿੱਤਾ। ਕੇਂਦਰੀ ਮੰਤਰੀ ਨਿਸ਼ਾਕ ਨੂੰ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। 
ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ 999 ਫੀਸਦੀ ਫੀਸਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਣ, ਡ੍ਰੈਸ ਕੋਡ ਨਾਲ ਸਬੰਧਤ ਨਵੇਂ ਨਿਯਮਾਂ ਦੇ ਖਿਲਾਫ ਹੋਸਟਲ ਦੇ ਨਵੇਂ ਘੜੇ ਨਿਯਮਾਂ ਨੂੰ ਮੰਨਣ ਤੋਂ ਇਨਕਾਰੀ ਸਨ। ਉਹਨਾਂ ਦੀ ਅਗਲੀ ਮੰਗ ਵੀ.ਸੀ. ਜਗਦੀਸ਼ ਕੁਮਾਰ ਨੂੰ ਬਰਖਾਸਤ ਕਰਵਾਉਣ ਦੀ ਵੀ ਜੁੜ ਚੁੱਕੀ ਸੀ। 
ਕੇਂਦਰੀ ਹਕੂਮਤ ਨੇ ਪੂਰੇ ਦੇਸ਼ ਵਿੱਚ ਭਗਵਾਂਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਸੱਤਾ ਦੇ ਹਰ ਅਦਾਰੇ ਵਿੱਚ ਆਰ.ਐਸ.ਐਸ. ਦੇ ਸ਼ਿਵਰਾਂ ਵਿੱਚ ਲਾਠੀਮਾਰਚ ਕਰ ਚੁੱਕੇ ਲੋਕਾਂ ਨੂੰ ਤਾਇਨਾਤ ਕੀਤਾ ਹੈ। ਇਹ ਨੀਤੀ ਯੂਨੀਵਰਸਿਟੀਆਂ ਵਿੱਚ ਵੀ ਲਾਗੂ ਕੀਤੀ ਗਈ, ਜਿਸ ਤਹਿਤ ਉਹਨਾਂ ਦੇ ਇਹ ਚਾਟੜੇ ਆਪਣੀ ਭਗਵਾਂਕਰਨ ਕਰਨ ਦੀ ਨੀਤੀ ਤਹਿਤ ਚੱਲ ਕੇ ਸਿੱਖਿਆ ਦਾ ਭਗਵਾਂਕਰਨ ਕਰਨ ਲਈ ਇਹਨਾਂ ਵਿਦਿਅਕ ਅਦਾਰਿਆਂ ਵਿੱਚ ਫੀਸਾਂ ਵਿੱਚ ਵਾਧਾ ਕਰਕੇ ਗਰੀਬੀ ਰੇਖਾ ਤੋਂ ਹੇਠਲੇ 40 ਫੀਸਦੀ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਕਰਨ, ਉਹਨਾਂ ਤੇ ਕੱਪੜੇ ਪਹਿਨਣ ਤੇ ਪਾਬੰਦੀ ਲਾਉਣਾ ਕਿ ਕਿਹੜੇ ਕੱਪੜੇ ਪਹਿਨਣੇ ਹਨ, ਕਿਹੜੇ ਨਹੀਂ ਪਹਿਨਣੇ, ਹੋਸਟਲ ਵਿੱਚ ਖਾਣਾ ਖਾਣ ਦੇ ਲਈ ਵੀ ਨਵੀਆਂ ਸ਼ਰਤਾਂ/ਨਿਯਮ ਤਹਿ ਕੀਤੇ ਸਨ। 
ਹਿੰਦੂਤਵੀ ਹਾਕਮਾਂ ਨੇ ਬੇਸ਼ੱਕ ਇਸ ਯੂਨੀਵਰਸਿਟੀ ਵਿੱਚ ਆਪਣੇ ਨੇੜਲਾ ਅਮਲਾ-ਫੈਲਾ ਤਾਇਨਾਤ ਕੀਤਾ ਹੋਇਆ ਹੈ, ਪਰ ਇਸ ਵਾਰੀ ਫੇਰ ਇਸ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਚੋਣ ਖੱਬੇਪੱਖੀਆਂ ਨੇ ਜਿੱਤੀ ਸੀ, ਜਿਸ ਕਰਕੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿੱਚ ਰੋੜ ਵਾਂਗ ਚੁਭਦੇ ਸਨ। ਇਹੀ ਵਜਾਹ ਹੈ ਕਿ ਅਧਿਕਾਰੀਆਂ ਨੇ ਜੇ.ਐਨ.ਯੂ. ਨੂੰ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਸੀ, ਕਿਉਂਕਿ 2016 ਦੇ ਚੱਲੇ ਸੰਘਰਸ਼ ਤੋਂ ਬਾਅਦ ਜੇ.ਐਨ.ਯੂ. ਦੇ ਵਿਦਿਆਰਥੀਆਂ ਨੂੰ ਈਨ ਮਨਵਾਉਣਾ ਚਾਹੁੰਦੇ ਸਨ। 28 ਅਕਤੂਬਰ ਨੂੰ ਯੂਨੀਵਰਸਿਟੀ ਮੈਨੇਜਮੈਂਟ ਨੇ ਇਹ ਨਵੀਆਂ ਨੀਤੀਆਂ ਪਾਸ ਕਰਕੇ ਲਾਗੂ ਕਰ ਦਿੱਤੀਆਂ ਸਨ। ਵਿਦਿਆਰਥੀਆਂ ਵਿੱਚ ਇੱਕਦਮ ਰੋਹ ਪੈਦਾ ਹੋਇਆ ਜੋ ਵਧਦਾ ਵਧਦਾ ਤਿੱਖਾ ਹੋ ਕੇ ਉਪ-ਰਾਸ਼ਟਰਪਤੀ ਸਮੇਤ ਕੇਂਦਰੀ ਹਕੂਮਤ ਦੇ ਨਾਸੀਂ ਧੂੰਆਂ ਕੱਢਣ ਲੱਗਾ। 
ਕੇਂਦਰੀ ਹਕੂਮਤ ਨੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਲਈ ਜਬਰ ਦਾ ਹਰ ਹੱਥਕੰਡਾ ਵਰਤਿਆ। ਉਹਨਾਂ ਨੇ ਘੋਲ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ। ਵਿਦਿਆਰਥੀ ਜਥੇਬੰਦੀ ਨੇ ਹਾਕਮਾਂ ਦੇ ਹਰ ਤਰ੍ਹਾਂ ਦੇ ਜਬਰ ਨੂੰ ਸਹਾਰ ਕੇ, ਹਰ ਚਾਲ ਨੂੰ ਨਾਕਾਮ ਹੀ ਨਹੀਂ ਕੀਤਾ ਸਗੋਂ ਆਪਣੀ ਇਸ ਲੜਾਈ ਨੂੰ ਜਨਤਕ ਸਿੱਖਿਆ ਦੀ ਰਾਖੀ ਲਈ ਸੰਘਰਸ਼ ਵਿੱਚ ਬਦਲ ਕੇ ਏਸ਼ੀਆ, ਅਫੀਰਕਾ, ਉੱਤਰੀ ਅਮਰੀਕਾ, ਯੂਰਪ, ਅਤੇ ਆਸਟਰੇਲੀਆ— ਗੱਲ ਕੀ ਦੁਨੀਆਂ ਭਰ ਦੇ ਅਕਾਦਮਿਕ ਭਾਈਚਾਰੇ ਵੱਲੋਂ ਸਮਰਥਨ ਹਾਸਲ ਕੀਤਾ ਹੈ। 2000 ਤੋਂ ਵੱਧ ਦੀ ਗਿਣਤੀ ਵਿੱਚ ਸੰਘਰਸ਼ ਵਿੱਚ ਖੂਨ ਡੋਲਦੇ ਰਹੇ ਸਨ। 150 ਯੂਨੀਵਰਸਿਟੀਆਂ ਨੇ ਇਸ ਘੋਲ ਦੀ ਹਮਾਇਤ ਕੀਤੀ। ਕੇਂਦਰੀ ਹਕੂਮਤ ਨੂੰ ਗੋਡਣੀਆਂ ਪਰਨੇ ਕਰਕੇ ਆਪਣੀਆਂ ਮੰਗਾਂ ਮਨਵਾਈਆਂ ਗਈਆਂ ਤੇ ਜੇ ਕੋਈ ਵੀ ਮੰਨੀ ਹੋਈ ਮੰਗ ਨੂੰ ਲਾਗੂ ਕਰਨ ਤੋਂ ਯੂਨੀਵਰਸਿਟੀ ਮੈਨੇਜਮੈਂਟ ਨੇ ਆਨਾਕਾਨੀ ਕੀਤੀ ਤਾਂ ਭਵਿੱਖ ਵਿੱਚ ਇਸ ਤੋਂ ਵੱਧ ਤਿੱਖੇ ਰੂਪ ਵਿੱਚ ਅੰਦੋਲਨ ਸ਼ੁਰੂ ਕਰਨ ਦੀ ਸੁਣਵਾਈ ਕਰਕੇ ਜਿੱਤ ਦੇ ਜਸ਼ਨ ਮਨਾਏ।  ੦-੦

ਸ਼ਹੀਦ ਮਾਤਾ ਗੁਰਦੇਵ ਕੌਰ ਝਲੂਰ ਦੀ ਯਾਦ ਵਿੱਚ ਲਾਇਬਰੇਰੀ ਦਾ ਉਦਘਾਟਨ।

ਸ਼ਹੀਦ ਮਾਤਾ ਗੁਰਦੇਵ ਕੌਰ ਝਲੂਰ ਦੀ ਯਾਦ ਵਿੱਚ ਲਾਇਬਰੇਰੀ ਦਾ ਉਦਘਾਟਨ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆਰੰਭੀ ਗਈ ਜ਼ਮੀਨ ਪ੍ਰਾਪਤੀ ਮੁਹਿੰਮ ਦੌਰਾਨ ਸ਼ਹੀਦ ਹੋਏ ਮਾਤਾ ਗੁਰਦੇਵ ਕੌਰ ਦੀ ਯਾਦ ਵਿੱਚ ਪਿੰਡ ਝਲੂਰ ਵਿਖੇ ਬਣਾਈ ਗਈ ਲਾਇਬ੍ਰੇਰੀ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਮਾਤਾ ਗੁਰਦੇਵ ਕੌਰ ਯਾਦ ਵਿੱਚ ਉਸਾਰੀ ਗਈ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਇੰਗਲੈਂਡ ਤੋਂ ਰਤਨਪਾਲ ਮਹਿਮੀ, ਸੱਤਿਆ ਮਹਿਮੀ, ਨਿਰਮਲ ਸੌਂਧੀ, ਅਮਰਜੀਤ ਸੌਂਧੀ, ਜਸਪਾਲ ਸੰਧੂ ਉਚੇਚੇ ਤੌਰ 'ਤੇ ਪਹੁੰਚੇ। ਲਾਇਬ੍ਰੇਰੀ ਲਈ ਇੰਗਲੈਂਡ ਤੋਂ ਜਸਪਾਲ ਸਿੰਘ ਸੰਧੂ ਵਲੋਂ ਲਾਇਬਰੇਰੀ ਲਈ ਪੰਜ ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਗਿਆ। ਹਾਲੈਂਡ ਵਾਸੀ ਹਰਮੇਸ਼ ਲਾਲ ਮੁਠੱਡਾ ਵਲੋਂ, ਨਿਰਮਲ ਸੌਂਧੀ ਰਾਹੀਂ ਪੰਜ ਹਜ਼ਾਰ ਰੁਪਏ ਲਾਇਬ੍ਰੇਰੀ ਲਈ ਸਹਿਯੋਗ ਰਾਸ਼ੀ ਵਜੋਂ ਦਿੱਤੇ ਗਏ।
ਇਸ ਮੌਕੇ ਮਾਤਾ ਗੁਰਦੇਵ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਰਤਨਪਾਲ ਮਹਿਮੀ ਨੇ ਲਾਇਬਰੇਰੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ 'ਤੇ ਜ਼ੋਰ ਦਿੱਤਾ ਗਿਆ ਅਤੇ ਪੁਸਤਕਾਂ ਦੇ ਮਹੱਤਵ ਬਾਰੇ ਚਾਨਣਾ ਪਾਇਆ ਗਿਆ।
ਨਿਰਮਲ ਸੌਂਧੀ ਨੇ ਭਵਿੱਖ ਵਿੱਚ ਵੀ ਦਲਿਤਾਂ, ਮਜ਼ਦੂਰਾਂ ਦੇ ਹੱਕ ਵਿੱਚ ਖੜ੍ਹਨ ਦਾ ਵਾਅਦਾ ਕਰਦਿਆਂ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਸਾਥੀ ਨਾਜ਼ਰ ਸਿੰਘ ਬੋਪਾਰਾਏ, ਸਾਥੀ ਹਰਬੰਸ ਹੀਓਂ, ਲੋਕ ਕਵੀ ਸੁਰਜੀਤ ਗੱਗ, ਪ੍ਰਵਾਜ਼ ਰੰਗਮੰਚ ਫਗਵਾੜਾ ਤੋਂ ਰੰਗਕਰਮੀ ਬਲਵਿੰਦਰ ਪ੍ਰੀਤ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ। 
ਸ਼ੋਕ ਸਮਾਚਾਰ
-ਇਨਕਲਾਬੀ ਲਹਿਰ ਦੇ ਸਮਰਥਕ ਕੁਲਦੀਪ (ਵਿੱਕੀ) ਕਾਦੀਆਂ ਦੀ ਜੀਵਨ ਸਾਥਣ ਕਸ਼ਮੀਰ ਕੌਰ ਕੈਂਸਰ ਦੀ ਬਿਮਾਰੀ ਨਾਲ ਬੇਵਕਤੀ ਵਿਛੋੜਾ ਦੇ ਗਏ।
-ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਆਗੂ ਮਾਸਟਰ ਗੁਰਚਰਨ ਸਿੰਘ ਟਾਹਲੀ ਦੇ ਛੋਟੇ ਭਰਾ ਹਰਚਰਨ ਸਿੰਘ ਅਚਾਨਕ ਸਦੀਵੀਂ ਵਿਛੋੜਾ ਦੇ ਗਏ। 
(ਅਦਾਰਾ ਸੁਰਖ਼ ਰੇਖਾ ਇਹਨਾਂ ਸਾਥੀਆਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੋਇਆ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।)

ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੀਆਂ ਕੁੱਝ ਸਰਗਰਮੀਆਂ

ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੀਆਂ ਕੁੱਝ ਸਰਗਰਮੀਆਂ
ਕੇਂਦਰ ਦੀ ਹਿੰਦੂਤਵੀ ਬ੍ਰਹਮਣਵਾਦੀ ਫਾਸ਼ੀਵਾਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਪੀ.ਆਰ.ਐੱਸ.ਯੂ. ਅਤੇ ਨੌਜਵਾਨ ਭਾਰਤ ਸਭਾ (ਪੰਜਾਬ) ਵੱਲੋਂ ਜ਼ਿਲ੍ਹਾ ਸੰਗਰੂਰ, ਪਟਿਆਲਾ, ਮੋਗਾ, ਫਿਰੋਜ਼ਪੁਰ ਅਤੇ ਮਾਨਸਾ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ, ਪਿੰਡਾਂ ਅਤੇ ਸ਼ਹਿਰਾਂ ਅੰਦਰ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਹਨਾਂ ਪ੍ਰਦਰਸ਼ਨਾਂ ਦੌਰਾਨ ਪੀ.ਆਰ.ਐੱਸ.ਯੂ. ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਪ੍ਰੈੱਸ ਸਕੱਤਰ ਮਨਜੀਤ ਸਿੰਘ, ਸੂਬਾ ਆਗੂ ਗੁਰਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਸਭਾ ਦੇ ਆਗੂ ਪ੍ਰਗਟ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮੁਸਲਿਮ ਵਿਰੋਧੀ ਅਤੇ ਹਿਟਲਰ ਦੀਆਂ ਪੈੜਾਂ 'ਤੇ ਚੱਲ ਰਹੀ ਹੈ। ਨਾਗਰਿਕ ਸੋਧ ਕਾਨੂੰਨ ਅਤੇ ਐਨ.ਆਰ.ਸੀ. ਦਾ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵੱਡੀ ਗਿਣਤੀ 'ਚ ਲੋਕ ਵਿਰੋਧ ਕਰ ਰਹੇ ਹਨ, ਆਸਾਮ ਸਮੇਤ ਭਾਰਤ ਦੇ ਕਈ ਹੋਰਨਾਂ ਹਿੱਸਿਆ ਵਿੱਚ ਕਰਫਿਊ ਲਾਕੇ ਲੋਕਾਂ ਦੀ ਜੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦਿਆਰਥੀ ਵੀ ਇਸ ਖ਼ਿਲਾਫ਼ ਵੱਡੀ ਗਿਣਤੀ ਵਿੱਚ ਵਿਰੋਧ ਕਰ ਰਹੇ ਹਨ। ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ  ਲਾਇਬਰੇਰੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ, ਹੋਸਟਲਾਂ ਵਿਚਲੇ ਵਿਦਿਆਰਥੀਆਂ ਨੂੰ ਅਤੇ ਬਾਥਰੂਮਾਂ ਵਿਚ ਗਏ ਵਿਦਿਆਰਥੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਇਸਦੇ ਲਈ ਗੋਲ਼ੀ, ਲਾਠੀ ਤੇ ਅੱਥਰੂ ਗੈਸ ਤੱਕ ਸਭ ਸਾਧਨ ਵਰਤੇ ਗਏ। 
ਵਿਦਿਆਰਥੀਆਂ ਨੇ ਇਸਨੂੰ ਕੇਂਦਰ ਸਰਕਾਰ ਦੀ ਹਿਟਲਰੀ ਚਾਲ ਦੱਸਦਿਆਂ ਕਿਹਾ ਕਿ ਇਸਦੇ ਸਹਾਰੇ ਭਾਰਤ ਇੱਕ ਸੌ ਪੱਚੀ ਕਰੋੜ ਲੋਕਾਂ ਨੂੰ ਲਾਇਨਾਂ ਵਿੱਚ ਖੜ੍ਹੇ ਕਰਕੇ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਆਖਿਆ ਜਾਣਾ ਹੈ ਅਤੇ ਨਾ ਹੋਣ ਦੀ ਸੂਰਤ ਵਿੱਚ ਡਿਟੈਨਸ਼ਨ ਸੈਂਟਰ ਉਸਾਰੇ ਜਾ ਰਹੇ ਹਨ ਜਿਨ੍ਹਾਂ ਵਿੱਚ ਨਾਗਰਿਕਤਾ ਸਾਬਤ ਨਾ ਕਰ ਸਕਣ ਵਾਲੇ ਲੋਕਾਂ ਨੂੰ ਰੱਖਿਆ ਜਾਣਾ ਹੈ, ਸੁਭਾਵਕ ਇਸਦਾ ਨਿਸ਼ਾਨਾ ਮੁਸਲਿਮ ਹੀ ਬਣਨਗੇ ਤੇ ਆਸਾਮ ਵਿੱਚ ਅਜਿਹੇ ਸੈਂਟਰ ਪਹਿਲਾਂ ਉਸਾਰੇ ਹੋਏ ਹਨ, ਨਵੇਂ ਹੋਰ ਉਸਾਰੇ ਜਾ ਰਹੇ ਹਨ ਤੇ ਗ੍ਰਹਿ ਮੰਤਰੀ ਦੇ ਸ਼ਬਦਾ ਵਿੱਚ ਪੂਰੇ ਭਾਰਤ ਵਿੱਚ ਅਜਿਹੇ ਸੈਂਟਰ ਉਸਾਰੇ ਜਾਣਗੇ।
ਸੋ ਅਸੀਂ ਸਮੂਹ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਹਿੰਦੂਤਵ ਫਾਸ਼ੀਵਾਦੀ ਹਕੂਮਤ ਦੇ ਵਿਦਿਆਰਥੀਆਂ ਅਤੇ ਮੁਸਲਿਮ ਲੋਕਾਂ 'ਤੇ ਕੀਤੇ ਹਮਲੇ ਨੂੰ ਠੱਲ ਪਾਉਣ ਲਈ ਸੰਘਰਸ਼ਾਂ ਦਾ ਰਾਹ ਅਪਣਾਉਣ।
ਇਸੇ ਤਰ੍ਹਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ਵਜੋਂ ਸੰਗਰੂਰ ਦੇ ਰਣਬੀਰ ਕਾਲਜ, ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਆਈ.ਟੀ.ਆਈ. ਸੁਨਾਮ, ਆਈ.ਟੀ.ਆਈ. ਲੜਕੀਆਂ ਸੰਗਰੂਰ ਆਦਿ ਸੰਸਥਾਵਾਂ ਅੰਦਰ ਰੈਲੀਆਂ ਕੀਤੀਆਂ ਗਈਆਂ ਅਤੇ ਹੈਦਰਾਬਾਦ ਵਿੱਚ 26 ਸਾਲਾ ਪ੍ਰਿਯੰਕਾ ਰੈਡੀ ਨਾਲ ਹੋਏ ਬਲਾਤਕਾਰ ਦੇ ਰੋਸ ਵਜੋਂ ਸੰਗਰੂਰ, ਪਟਿਆਲਾ, ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸੰਸਥਾਵਾਂ ਜਿਹਨਾਂ ਵਿੱਚ ਰਣਬੀਰ ਕਾਲਜ, ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਮਸਤੂਆਣਾ ਸਾਹਿਬ ਕਾਲਜ,ਆਈ ਟੀ ਆਈ ਸੁਨਾਮ, ਸਰਕਾਰੀ ਕਾਲਜ ਮੋਹਨਕੇ ਅਤੇ ਜ਼ਿਲੇ ਦੇ ਪਿੰਡਾਂ  ਅਤੇ ਸ਼ਹਿਰਾਂ ਅੰਦਰ ਰੈਲੀਆਂ ਅਤੇ ਮੋਮਬੱਤੀ ਮਾਰਚ ਕੀਤੇ ਗਏ, ਜਿਹਨਾਂ ਵਿੱਚ ਲੌਂਗੋਵਾਲ, ਸੰਗਰੂਰ, ਮਾਲੇਰਕੋਟਲਾ, ਗੁਰੂ ਹਰਸਹਾਏ, ਨਮੋਲ, ਖੀਵਾ, ਖਡਿਆਲ, ਬੰਦੀਵਾਲਾ (ਫਿਰੋਜ਼ਪੁਰ), ਗੁੱਦੜਢੰਡੀ। ਮਾਨਸਾ ਵਿਖੇ ਦਸਤਕ ਆਰਟ ਅਤੇ ਪੀ.ਆਰ.ਐੱਸ.ਯੂ. ਵੱਲੋਂ ਗੁਰੂ ਹਰਸਹਾਏ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਾਂਝੇ ਤੌਰ 'ਤੇ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਂਝਾ ਵਿਦਿਆਰਥੀ ਮੋਰਚਾ ਵੱਲੋਂ ਜਿਨ੍ਹਾਂ ਵਿੱਚ ਪੀਆਰਐੱਸਯੂ, ਪੀ.ਐੱਸ.ਯੂ., ਡੀ.ਐੱਸ.ਓ., ਪੀ.ਐੱਸ.ਯੂ. (ਲ),ਐੱਸ.ਐੱਫ.ਆਈ., ਏ.ਆਈ.ਐੱਸ.ਐਫ. ਵਿਦਿਆਰਥੀ ਜੱਥੇਬੰਦੀਆਂ ਸ਼ਾਮਿਲ ਹਨ। ਮੋਰਚੇ ਵੱਲੋਂ ਲਾਇਬ੍ਰੇਰੀ ਨੂੰ  24 ਘੰਟੇ ਖੋਲ੍ਹਣ ਦੀ ਮੰਗ ਨੂੰ ਲੈਕੇ ਸੰਘਰਸ਼ ਕੀਤਾ ਗਿਆ। ਇਸ ਸੰਘਰਸ ਨੇ ਯੂਨੀਵਰਸਿਟੀ ਅਥਾਰਟੀ ਨੇ ਮੰਨਿਆ ਕਿ ਲਾਇਬ੍ਰੇਰੀ ਨੂੰ 24 ਘੰਟੇ ਖੋਲਿਆ ਜਾਵੇਗਾ, ਲਾਇਬ੍ਰੇਰੀ ਦਾ ਕੈਟਾਲੌਗ ਆਨਲਾਈਨ ਕੀਤਾ ਜਾਵੇਗਾ, ਲੋੜਵੰਦ ਵਿਦਿਆਰਥੀਆਂ ਨੂੰ 100/- ਪ੍ਰਤੀ ਘੰਟਾ ਪਾਰਟ ਟਾਈਮ ਕੰਮ ਦਿੱਤਾ ਜਾਵੇਗਾ।
ਸੰਗਰੂਰ ਸ਼ਹਿਰ  ਅੰਦਰ ਸਤੰਬਰ ਮਹੀਨੇ  ਦੇ ਪਹਿਲੇ ਹਫਤੇ ਤੋਂ ਆਪਣੀ ਰੁਜ਼ਗਾਰ ਪ੍ਰਾਪਤੀ ਲਈ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਤੇ ਈਟੀਟੀ  ਅਧਿਆਪਕਾਂ  ਦੇ ਸੰਘਰਸ਼ ਵਿੱਚ ਪੀਆਰਐੱਸਯੂ ਅਤੇ ਨੌਜਵਾਨ ਭਾਰਤ ਸਭਾ (ਪੰਜਾਬ) ਸ਼ੁਰੂ ਤੋਂ ਲੈਕੇ ਸੰਘਰਸ਼ ਵਿੱਚ ਸ਼ਾਮਲ ਰਹੀ ਹੈ।ਇਹ ਅਧਿਆਪਕ ਕਈ ਵਾਰ ਸਰਕਾਰ ਦੇ ਜਬਰ ਦਾ ਸਾਹਮਣਾ ਕਰ ਚੁੱਕੇ ਹਨ।ਇਸ ਜਫਰ ਦੇ ਖਿਲਾਫ ਦੋਵੇਂ ਜੱਥੇਬੰਦੀਆਂ ਵੱਲੋਂ ਸੰਸਥਾਵਾਂ ਦੇ ਅੰਦਰ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ ਗਈਆਂ ਅਤੇ ਪੁਤਲੇ ਫੂਕੇ ਗਏ। ਇਹਨਾਂ ਰੈਲੀਆਂ ਦੌਰਾਨ ਪੀ.ਆਰ.ਐੱਸ.ਯੂ. ਦੇ ਪ੍ਰਧਾਨ ਰਸ਼ਪਿੰਦਰ ਜਿੰਮੀ, ਪ੍ਰੈੱਸ ਸਕੱਤਰ ਮਨਜੀਤ ਨਮੋਲ, ਸੂਬਾ ਆਗੂ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਪਾਰਸਦੀਪ ਸਿੰਘ ਅਤੇ ਸਭਾ ਦੇ ਆਗੂ ਪ੍ਰਗਟ ਕਾਲਾਝਾੜ ਨੇ ਸੰਬੋਧਨ ਕੀਤਾ।
ਲਹਿਰਾਗਾਗਾ ਦੇ ਨਜ਼ਦੀਕ ਪਿੰਡ ਚੰਗਾਲੀਵਾਲਾ ਵਿਖੇ  ਇੱਕ ਦਲਿਤ ਮਜ਼ਦੂਰ ਜਗਮੇਲ ਸਿੰਘ ਦੀ ਪਿੰਡ ਦੇ ਚੌਧਰੀ ਦੁਆਰਾ ਬੜੇ ਹੀ ਕਰੂਰਤਾ ਨਾਲ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਜਗਮੇਲ ਅਤੇ ਉਸਦੇ ਕਾਤਲ ਦਾ ਪੈਸਿਆਂ ਦੇ ਲੈਣ-ਦੇਣ ਕਾਰਨ ਕਾਫੀ ਸਮਾਂ ਪਹਿਲਾਂ ਝਗੜਾ ਹੋ ਗਿਆ ਸੀ, ਜਿਸਦਾ ਸਮਝੌਤਾ ਹੋ ਗਿਆ ਸੀ। ਜਗਮੇਲ ਸਿੰਘ ਪਿੰਡ ਦੇ ਇਸ ਉੱਚ ਜਾਤੀ ਦੇ ਵਿਅਕਤੀ ਘਰ ਕੰਮ ਕਰਦਾ ਸੀ। ਦੀਵਾਲੀ ਵਾਲੇ ਦਿਨ ਕਿਸੇ ਪੁਰਾਣੀ ਰੰਜਿਸ਼ ਨੂੰ ਲੈਕੇ ਜਗਮੇਲ ਸਿੰਘ ਨੂੰ ਪਿੰਡ ਦੇ ਚੌਧਰੀ ਨੇ ਉਸ ਨੂੰ ਪਿੰਡ ਚੋ ਲੱਭਕੇ ਆਪਣੇ ਘਰ ਲਿਆਂਦਾ ਗਿਆ, ਜਿੱਥੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਜਗਮੇਲ ਦੀਆਂ ਲੱਤਾਂ ਦਾ ਪਲਾਸ ਨਾਲ ਮਾਸ ਨੋਚਿਆ ਗਿਆ ਅਤੇ ਉਸਨੂੰ ਪਾਣੀ ਮੰਗਣ ਤੇ ਪਿਸ਼ਾਬ ਪਿਲਾਇਆ ਗਿਆ।ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜਗਮੇਲ ਦੀ ਮੌਤ ਹੋ ਗਈ। ਇਸ ਸੰਘਰਸ ਦੌਰਾਨ ਪੀ.ਆਰ.ਐੱਸ.ਯੂ. ਅਤੇ ਨੌਜਵਾਨ ਭਾਰਤ ਸਭਾ (ਪੰਜਾਬ) ਸਾਰਾ ਸਮਾਂ ਹੀ ਉੱਥੇ ਰਹੀਆਂ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ। ਦੋਸ਼ੀਆਂ ਨੂੰ ਬਚਾਉਣ ਲਈ ਰਜਿੰਦਰ ਕੌਰ ਭੱਠਲ ਅਤੇ ਪਰਮਿੰਦਰ ਸਿੰਘ ਢੀਂਡਸਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ,ਪਰ ਲੋਕ ਸ਼ਕਤੀ ਅੱਗੇ ਉਨ੍ਹਾਂ ਨੂੰ ਝੁੱਕਣਾ ਪਿਆ। ਪਰਿਵਾਰ ਨੂੰ ਮੁਆਵਜ਼ੇ ਵਜੋਂ ਸਵਾ ਇੱਕੀ ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਸੇਵਾਦਾਰ ਦੀ ਨੌਕਰੀ ਦਿਵਾਈ। ਸੰਘਰਸ਼ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੀ.ਐੱਸ.ਯੂ.(ਲ), ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਦਿ ਜੱਥੇਬੰਦੀਆਂ ਸ਼ਾਮਿਲ ਰਹੀਆਂ।
ਇਸ ਸੰਘਰਸ਼ ਸੰਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੀ.ਆਰ.ਐੱਸ.ਯੂ. ਵੱਲੋਂ ਪੈਨਲ ਚਰਚਾ ਚੰਗਾਲੀਵਾਲਾ ਕਾਂਡ ਕੀਤੀ ਗਈ। ਜਿਸ ਵਿੱਚ ਉੱਘੇ ਪੱਤਰਕਾਰ ਹਮੀਰ ਸਿੰਘ, ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਜਤਿੰਦਰ ਸਿੰਘ, ਕੇ.ਪੀ.ਐੱਮ.ਯੂ. ਦੇ ਸੂਬਾ ਸਕੱਤਰ ਲਖਵੀਰ ਲੌਂਗੋਵਾਲ ਅਤੇ ਨੌਜਵਾਨ ਸਭਾ ਦੇ ਪ੍ਰਗਟ ਕਾਲਾਝਾੜ ਨੇ ਹਿੱਸਾ ਲਿਆ।ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਯੂਨੀਵਰਸਿਟੀ ਆਗੂ ਅਲਕਾ ਨੇ ਨਿਭਾਈ।
ਨਵੰਬਰ1984 ਦੇ ਸਿੱਖ ਕਤਲੇਆਮ ਦੇ ਵਿਰੋਧ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਂਝਾ ਵਿਦਿਆਰਥੀ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਪੀ.ਆਰ.ਐੱਸ.ਯੂ. ਦੀ ਆਗੂ ਸੰਦੀਪ ਕੌਰ ਨੇ ਸੰਬੋਧਨ ਕੀਤਾ।
ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀਆਂ ਤਿੰਨ ਵਿਦਿਆਰਥੀਆਂ ਨਾਲ ਪੀ.ਆਰ.ਟੀ.ਸੀ. ਬੱਸ ਕੰਡਕਟਰ ਦੁਆਰਾ ਬਦਤਮੀਜ਼ੀ ਕੀਤੀ ਗਈ।ਜਿਸ ਤੋਂ ਬਾਅਦ ਲੜਕੀਆਂ ਨੇ ਪੀ.ਆਰ.ਐੱਸ.ਯੂ. ਨਾਲ ਸੰਪਰਕ ਕੀਤਾ। ਅਗਲੇ ਦਿਨ ਕਾਲਜ ਦੀਆਂ ਵਿਦਿਆਰਥਣਾਂ ਦੀ ਮੀਟਿੰਗ ਕੀਤੀ ਗਈ।ਇਸ ਦੌਰਾਨ ਪੰਜਾਬ  ਸਟੂਡੈਂਟਸ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਲੋਕ ਸੰਘਰਸ਼ ਕਮੇਟੀ ਵੀ ਪਹੁੰਚੀ। ਜੱਥੇਬੰਦੀਆਂ ਨੇ ਇਕੱਠੇ ਹੋਕੇ ਬੱਸ ਕੰਡਕਟਰ ਤੋਂ ਲਿਖਤੀ ਮਾਫੀ ਮੰਗਵਾਈ।
ਭਾਰਤੀ ਆਜ਼ਾਦੀ ਲਹਿਰ ਦੌਰਾਨ ਮਹੱਤਵਪੂਰਨ ਰੋਲ ਨਿਭਾਉਣ ਵਾਲੀ ਗ਼ਦਰ ਲਹਿਰ ਦੇ ਯੋਧਿਆਂ ਦੀ ਯਾਦ ਅੰਦਰ ਹਰ ਸਾਲ ਜਲੰਧਰ ਵਿੱਚ ਇੱਕ ਨਵੰਬਰ ਨੂੰ ਮੇਲਾ ਗ਼ਦਰੀ ਬਾਬਿਆਂ ਦਾ ਲਗਦਾ ਹੈ।ਇਸ ਮੇਲੇ ਉੱਪਰ ਪੀ.ਆਰ.ਐੱਸ.ਯੂ. ਅਤੇ ਨੌਜਵਾਨ ਭਾਰਤ ਸਭਾ ਪੰਜਾਬ ਹਰ ਸਾਲ ਵੱਡੀ ਗਿਣਤੀ ਵਿੱਚ ਨੋਜਵਾਨਾਂ ਅਤੇ ਵਿਦਿਆਰਥੀਆਂ ਨੂੰ ਮੇਲੇ ਉੱਪਰ ਲੈਕੇ ਜਾਂਦੀ ਹੈ। ਸਾਰੇ ਸਫਰ ਦੌਰਾਨ ਟ੍ਰੇਨ ਦੇ ਅੰਦਰ ਲੋਕ ਪੱਖੀ ਗੀਤ ਗਾਏ ਜਾਂਦੇ ਹਨ ਅਤੇ ਜੱਥੇਬੰਦੀ ਲਈ ਫੰਡ ਇਕੱਠਾ ਕੀਤਾ ਜਾਂਦਾ ਹੈ।
-ਮਨਜੀਤ ਸਿੰਘ

ਅਰੁੰਧਤੀ ਰਾਏ ਵਿਰੁੱਧ ਸੰਗੀਨ ਧਾਰਾਵਾਂ ਲਾਉਣ ਦੀ ਸ਼ਿਕਾਇਤ ਦਰਜ

ਅਰੁੰਧਤੀ ਰਾਏ ਵਿਰੁੱਧ ਸੰਗੀਨ ਧਾਰਾਵਾਂ ਲਾਉਣ ਦੀ ਸ਼ਿਕਾਇਤ ਦਰਜ
ਆਲਮੀ ਤੌਰ 'ਤੇ ਚਰਚਿਤ ਲੇਖਿਕਾ ਅਰੁੰਧਤੀ ਰਾਏ ਦੇ ਖ਼ਿਲਾਫ਼ ਦਿੱਲੀ ਦੇ ਤਿਲਕ ਨਗਰ ਥਾਣੇ ਵਿਚ ਇਕ ਸ਼ਿਕਾਇਤ ਦਰਜ ਕਰਾਈ ਗਈ ਹੈ। ਸੁਪਰੀਮ ਕੋਰਟ ਦੇ ਵਕੀਲ ਰਾਜੀਵ ਕੁਮਾਰ ਰੰਜਨ ਨੇ ਸ਼ਿਕਾਇਤ ਕੀਤੀ ਕਿ ਅਰੁੰਧਤੀ ਰਾਏ ਨੇ 25 ਦਸੰਬਰ ਨੂੰ ਦਿੱਲੀ ਯੂਨੀਵਰਸਿਟੀ ਵਿਚ ਆਯੋਜਤ ਇਕ ਸਭਾ ਵਿਚ ਭਾਸ਼ਣ ਦੇ ਕੇ ਲੋਕਾਂ ਨੂੰ ਐੱਨ.ਪੀ.ਆਰ. ਵਿਰੁੱਧ ਭੜਕਾਇਆ। ਦਰਅਸਲ, ਅਰੁੰਧਤੀ ਰਾਏ ਨੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਉੱਪਰ ਵਿਅੰਗ ਕਰਦਿਆਂ ਸਿਵਲ ਨਾਫ਼ੁਰਮਾਨੀ ਦਾ ਸੱਦਾ ਦਿੱਤਾ ਸੀ। ਉਸ ਨੇ ਕਿਹਾ ਸੀ ਕਿ 22 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਭਾਸ਼ਣ ਦਿੰਦਿਆਂ ਐੱਨ.ਆਰ.ਸੀ. ਅਤੇ ਨਜ਼ਰਬੰਦੀ ਕੈਂਪਾਂ ਬਾਰੇ ਸ਼ਰੇਆਮ ਝੂਠ ਬੋਲਿਆ। ਇਸ ਪ੍ਰਸੰਗ ਵਿਚ ਅਰੁੰਧਤੀ ਰਾਏ ਨੇ ਕਿਹਾ ਕਿ ਜਦੋਂ ਸਰਕਾਰੀ ਅਧਿਕਾਰੀ ਤੁਹਾਡੇ ਘਰਾਂ ਵਿਚ ਆਉਣ ਤਾਂ ਉਹਨਾਂ ਨੂੰ ਆਪਣੇ ਨਾਂ “ਬਿੱਲਾ-ਰੰਗਾ” ਅਤੇ ਰਿਹਾਇਸ਼ ਦਾ ਪਤਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਪਤਾ ਲਿਖਵਾ ਕੇ ਇਸ ਤਰ੍ਹਾਂ ਦੀਆਂ ਹਾਸੋਹੀਣੀਆਂ ਜਾਣਕਾਰੀਆਂ ਦਿਓ।
ਸੰਘੀ ਵਕੀਲ ਨੇ ਸ਼ਿਕਾਇਤ ਦੇ ਅਧਾਰ 'ਤੇ ਅਰੁੰਧਤੀ ਰਾਏ ਦੇ ਖ਼ਿਲਾਫ਼ ਸੰਗੀਨ ਧਾਰਾਵਾਂ 295 ਏ, (ਭਾਵਨਾਵਾਂ ਨੁੰ ਜਾਣਬੁੱਝ ਕੇ ਠੇਸ ਪਹੁੰਚਾਉਣ ਦਾ ਜੁਰਮ) 504 (ਅਮਨ ਭੰਗ ਕਰਨ ਲਈ ਜਾਣਬੁਝ ਕੇ ਉਕਸਾਊ ਕਾਰਵਾਈ ਕਰਨ), 153 (ਦੰਗੇ ਭੜਕਾਉਣ ਲਈ ਭਾਈਚਾਰਿਆਂ ਵਿਚਕਾਰ ਨਫ਼ਰਤ ਪੈਦਾ ਕਰਨ) ਅਤੇ 120ਬੀ (ਕ੍ਰਿਮੀਨਲ ਸਾਜਿਸ਼) ਲਗਾ ਕੇ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਪੁਲਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਕੇ ਕਾਰਵਾਈ ਅੱਗੇ ਤੋਰਨ ਬਾਰੇ ਸੋਚਿਆ ਜਾਵੇਗਾ। ਬਹੁਤ ਸਾਰੇ ਟੀ.ਵੀ. ਚੈਨਲਾਂ ਵੱਲੋਂ ਅਰੁੰਧਤੀ ਰਾਏ ਦੇ ਭਾਸ਼ਣ ਨੂੰ ਸਹੀ ਅਰਥਾਂ ਵਿਚ ਪੇਸ਼ ਕਰਨ ਦੀ ਬਜਾਏ ਉਸ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਤਾਂ ਜੁ ਉਸ ਦੇ ਖ਼ਿਲਾਫ਼ ਭੜਕਾਊ ਮਾਹੌਲ ਬਣਾਇਆ ਜਾ ਸਕੇ। ਸੰਘ ਦੀ ਟਰੌਲ ਆਰਮੀ ਅਤੇ ਹੋਰ ਹਿੰਦੂ ਰਾਸ਼ਟਰਵਾਦੀ ਅਰੁੰਧਤੀ ਰਾਏ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਭਾਜਪਾ ਦੇ ਆਗੂ ਸੁਬਰਾਮਨੀਅਮ ਸਵਾਮੀ ਨੇ ਵੀ ਅਰੁੰਧਤੀ ਰਾਏ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਾ ਬਿਆਨ ਦਿੱਤਾ ਹੈ। ਇਹ ਮੋਦੀ ਰਾਜ ਵਿਚ ਫਾਸ਼ੀਵਾਦੀ ਜ਼ੁਬਾਨੀਬੰਦੀ ਦੀ ਇਕ ਹੋਰ ਮਿਸਾਲ ਹੈ। 0-0

ਫਰੀਦਕੋਟ 'ਚ ਰਾਜਿੰਦਰ ਸਿੰਘ 'ਤੇ ਕਾਤਲਾਨਾ ਹਮਲਾ

ਫਰੀਦਕੋਟ 'ਚ ਰਾਜਿੰਦਰ ਸਿੰਘ 'ਤੇ ਕਾਤਲਾਨਾ ਹਮਲਾ
ਸਿਆਸੀ-ਗੁੰਡਾ ਗੱਠਜੋੜ ਭੰਨਣ ਲਈ ਲੋਕ-ਤਾਕਤ ਦੀ ਉਸਾਰੀ ਕਰੋ

ਬੀਤੀ 29 ਦਸੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਤੇ ਫਰੀਦਕੋਟ ਜੇਲ੍ਹ ਵਿੱਚ ਜਾਨਲੇਵਾ ਹਮਲਾ ਕੀਤਾ ਗਿਆ। ਇਹ ਹਮਲਾ ਕੋਈ ਵਿਅਕਤੀਗਤ ਹਮਲਾ ਨਹੀਂ ਮੰਨਿਆ ਜਾ ਸਕਦਾ। ਇਹ ਹਮਲਾ ਪੰਜਾਬ ਦੀ ਇਨਕਲਾਬੀ ਲਹਿਰ 'ਤੇ ਪੰਜਾਬ ਸਰਕਾਰ ਦੇ ਸਿਆਸੀ-ਗੁੰਡਾ ਗੱਠਜੋੜ ਵਲੋਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਰੀਦਕੋਟ ਪ੍ਰਸ਼ਾਸਨ ਲਈ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਲੜਿਆ ਜਾ ਰਿਹਾ 'ਜਿਣਸੀ ਜ਼ਬਰ ਵਿਰੋਧੀ ਘੋਲ' ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ। ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਲੜਕੀ ਨਾਲ ਉਸ ਦੇ ਮਾਤਹਿੱਤ ਡਾਕਟਰ ਵਲੋਂ ਸਿਰਫ਼ ਜਿਣਸੀ ਛੇੜਛਾੜ ਹੀ ਨਹੀਂ ਕੀਤੀ ਗਈ, ਉਸ ਦੇ ਭਵਿੱਖ ਨੂੰ ਤਬਾਹ ਕਰਨ ਲਈ ਕੁਚੱਜੀਆਂ ਚਾਲਾਂ ਵੀ ਚੱਲੀਆਂ ਗਈਆਂ। ਉਸ ਨੂੰ ਇੰਟਰਵਿਊ ਵਿੱਚ ਜਾਣਬੁੱਝ ਕੇ ਅਜਿਹੇ ਸਵਾਲ ਉਸੇ ਦੋਸ਼ੀ ਡਾਕਟਰ ਵਲੋਂ ਪੁੱਛੇ ਗਏ ਜਿਹਨਾਂ ਦਾ ਸਬੰਧ ਕਾਮੁਕਤਾ ਨਾਲ ਜਾ ਜੁੜਦਾ ਹੈ ਅਤੇ ਉਸ ਨੂੰ ਹਰ ਕਦਮ 'ਤੇ ਜ਼ਲੀਲ ਕੀਤਾ ਜਾਣ ਲੱਗ ਪਿਆ, ਜਿਸ ਕਾਰਣ ਉਸ ਨੂੰ ਆਪਣੀ ਸ਼ਿਕਾਇਤ ਲੈ ਕੇ ਸੀਨੀਅਰ ਅਧਿਕਾਰੀਆਂ ਕੋਲ ਜਾਣਾ ਪਿਆ, ਜਿੱਥੇ ਕਿ ਉਸ ਦੀ ਸੁਣਵਾਈ ਕਰਨ ਦੀ ਥਾਂ ਉਸ ਨੂੰ ਹੋਰ ਜ਼ਲੀਲ ਕੀਤਾ ਗਿਆ। ਅੰਤ ਪੀੜਿਤ ਮਹਿਲਾ ਡਾਕਟਰ ਵਲੋਂ ਆਪਣੀ ਆਵਾਜ਼ ਪ੍ਰਸ਼ਾਸਨ ਦੇ ਬੋਲ਼ੇ ਕੰਨਾਂ ਤੱਕ ਪਹੁੰਚਾਉਣ ਲਈ ਅੰਦੋਲਨ ਦਾ ਸਹਾਰਾ ਲੈਣਾ ਪਿਆ, ਜਿਸ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਕਰ ਰਿਹਾ ਸੀ।
ਰਜਿੰਦਰ ਸਿੰਘ ਦੀ ਅਗਵਾਈ ਵਿੱਚ ਪਹਿਲਾਂ ਵੀ ਫਰੀਦਕੋਟ ਪ੍ਰਸ਼ਾਸਨ ਖ਼ਿਲਾਫ਼ 'ਜਿਣਸੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ' ਵਲੋਂ ਜ਼ਬਰਦਸਤ ਘੋਲ ਲੜੇ ਗਏ, ਜਿਸ ਤੋਂ ਘਬਰਾ ਕੇ ਫਰੀਦਕੋਟ ਪ੍ਰਸ਼ਾਸਨ ਨੇ ਰਜਿੰਦਰ ਸਿੰਘ ਨੂੰ ਝੂਠੇ ਮੁਕੱਦਮੇ ਵਿੱਚ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।  ਜਿੱਥੇ ਉਸ ਉੱਤੇ ਜਾਨਲੇਵਾ ਹਮਲਾ ਕਰਵਾਇਆ ਗਿਆ ਹੈ।
ਪਹਿਲਾਂ ਰਾਜਿੰਦਰ ਸਿੰਘ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਅਤੇ ਫੇਰ ਜੇਲ੍ਹ ਵਿੱਚ ਉਸ ਉੱਪਰ ਘਾਤਕ ਹਮਲਾ ਹੋਣਾ ਇਹ ਸਾਬਤ ਕਰਦਾ ਹੈ ਕਿ ਫਰੀਦਕੋਟ ਦੀ ਸਿਆਸੀ-ਆਰਥਿਕ ਹੈਸੀਅਤ ਵਿੱਚ ਭਾਰੂ ਅਨਸਰਾਂ ਨੂੰ ਇਹ ਗੱਲ ਉੱਕਾ ਹੀ ਪ੍ਰਵਾਨ ਨਹੀਂ ਕਿ ਕੋਈ ਨੌਜਵਾਨ ਉੱਠ ਕੇ ਉਹਨਾਂ ਨੂੰ ਕੋਈ ਚੁਣੌਤੀ ਦੇ ਜਾਵੇ ਅਤੇ ਉਹ ਇਸਦੀਆਂ ਦਲੀਲਾਂ ਅੱਗੇ ਲਾਜੁਆਬ ਹੋ ਕੇ ਰਹਿ ਜਾਣ। ਰਾਜਿੰਦਰ ਸਿੰਘ ਕੋਈ ਇਕੱਲਾ-ਇਕਹਿਰਾ ਵਿਅਕਤੀ ਨਹੀਂ ਹੈ ਬਲਕਿ ਉਹ ਕਿਸੇ ਜਥੇਬੰਦੀ ਦਾ ਨੁਮਾਇੰਦਾ ਹੈ, ਇਹ ਹਮਲਾ ਕਿਸੇ ਵਿਅਕਤੀ 'ਤੇ ਨਹੀਂ ਬਲਕਿ ਉਸ ਦੀ ਅਗਵਾਈ ਵਾਲੀ ਜਥੇਬੰਦੀ 'ਤੇ ਹਮਲਾ ਹੈ। ਇਸ ਕਰਕੇ ਇਸ ਮਾਮਲੇ ਨੂੰ ਨਿੱਖੜਵੇਂ ਤੇ ਇਕੱਲੇ-ਇਕਹਿਰੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ। ਕੁੱਲ ਮਾਮਲੇ ਵਿੱਚ ਰਾਜਿੰਦਰ ਸਿੰਘ ਦਾ ਕੋਈ ਨਿੱਜੀ ਹਿੱਤ ਵੀ ਨਹੀਂ ਹੈ। ਇਸ ਉੱਪਰ ਹਮਲਾ ਨਿਸ਼ਾਨ ਸਿੰਘ ਦੇ ਗਰੋਹ ਵੱਲੋਂ ਹੀ ਕਰਵਾਇਆ ਗਿਆ ਹਮਲਾ ਨਹੀਂ ਬਲਕਿ ਇਸ ਮਾਮਲੇ ਵਿੱਚ ਫਰੀਦਕੋਟ ਦੀ ਸੱਤਾ ਵਿੱਚ ਭਾਰੂ ਬੈਠੇ ਕਾਂਗਰਸੀ ਅਤੇ ਅਕਾਲੀ ਸਿਆਸਤਦਾਨਾਂ ਨੂੰ ਰਾਜਿੰਦਰ ਵਰਗੇ ਨੌਜਵਾਨ ਆਗੂ ਦੀ ਚੜ੍ਹਤ ਅੱਖ ਦਾ ਰੋੜ ਬਣ ਕੇ ਰੜਕ ਰਹੀ ਹੈ। ਇਹ ਆਪਣੀ ਦਹਿਸ਼ਤ ਅਤੇ ਗੁੰਡਾ ਸ਼ਕਤੀ ਰਾਹੀਂ ਇਸ ਨੂੰ ਡਰਾ ਧਮਕਾ ਆਪਣੇ ਰਸਤੇ ਵਿੱਚੋਂ ਲਾਂਭੇ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਨਾਲ ਗੁੰਡਾਗਰਦੀ ਵਿਰੋਧੀ ਰਾਜਿੰਦਰ ਸਿੰਘ ਦੀ ਜਥੇਬੰਦੀ ਵੱਲੋਂ ਲੜਿਆ ਜਾ ਰਿਹਾ ਘੋਲ ਮਹਿਜ਼ ਉਸਦੀ ਜਥੇਬੰਦੀ ਦਾ ਘੋਲ ਨਹੀਂ ਬਣ ਜਾਂਦਾ ਬਲਕਿ ਉਹਨਾਂ ਸਭਨਾਂ ਹੀ ਖਰੀਆਂ ਇਨਕਲਾਬੀ-ਜਮਹੂਰੀ ਅਤੇ ਇਨਸਾਫਪਸੰਦ ਜਥੇਬੰਦੀਆਂ ਦੇ ਸਾਂਝੇ ਸਰੋਕਾਰ ਦਾ ਮਾਮਲਾ ਬਣਦਾ ਹੈ, ਜਿਹੜੀ ਵੀ ਇਸ ਗੰਦੇ, ਗਲ਼ੇ-ਸੜੇ ਪ੍ਰਬੰਧ ਨੂੰ ਮੂਲੋਂ ਮੁੱਢੋਂ ਬਦਲਣ ਲਈ ਸੰਘਰਸ਼ਸ਼ੀਲ ਹਨ। 
ਫਰੀਦਕੋਟ ਸਮੇਤ ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਅਕਾਲੀ ਜਾਂ ਕਾਂਗਰਸੀ ਸਿਆਸਤਦਾਨਾਂ ਨੇ ਆਪਣੀ ਦਹਿਸ਼ਤ ਨਿਸ਼ਾਨ ਸਿੰਘ ਗੁੰਡਾ ਗਰੋਹਾਂ ਅਤੇ ਪੁਲਸੀ ਧਾੜਾਂ ਦੇ ਸਿਰ 'ਤੇ ਜਮਾਈ ਹੋਈ ਹੈ। ਨਿਸ਼ਾਨ ਦੀ ਜ਼ਮੀਨ ਦੀ ਨਿਲਾਮੀ ਹੋਣ ਸਮੇਂ ਸਾਰੇ ਫਰੀਦਕੋਟ ਵਿੱਚੋਂ ਕੋਈ ਇੱਕ ਵੀ ਬੰਦਾ ਖਰੀਦਦਾਰ ਨਹੀਂ ਸੀ ਬਣ ਸਕਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਜੇਲ੍ਹ ਵਿੱਚ ਹੋਣ ਉਪਰੰਤ ਅਜੇ ਵੀ ਕਿੰਨੀ ਦਹਿਸ਼ਤ ਹੈ। ਅਜਿਹੇ ਗੁੰਡਿਆਂ ਦੀ ਦਹਿਸ਼ਤ ਨੂੰ ਚਕਨਾਚੂਰ ਕਰਨ ਲਈ ਲੋਕਾਂ ਨੂੰ ਆਪਣੀ ਸਵੈ-ਰਾਖੀ ਦੀ ਤਾਕਤ ਕਾਇਮ ਕਰਨੀ ਅਣਸਰਦੀ ਲੋੜ ਬਣੀ ਖੜ੍ਹੀ ਹੈ। ਜੇਕਰ ਅਜਿਹੀ ਲੋਕ-ਤਾਕਤ ਨਹੀਂ ਉਸਾਰੀ ਜਾਂਦੀ ਤਾਂ ਆਉਣ ਵਾਲੇ ਸਮੇਂ ਰਾਜਿੰਦਰ ਸਮੇਤ ਹੋਰਨਾਂ 'ਤੇ ਵੀ ਹਮਲੇ ਹੋਣ ਦਾ ਖਦਸ਼ਾ ਬਣਿਆ ਰਹੇਗਾ। 0-0