Saturday, 4 January 2020

ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੀਆਂ ਕੁੱਝ ਸਰਗਰਮੀਆਂ

ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੀਆਂ ਕੁੱਝ ਸਰਗਰਮੀਆਂ
ਕੇਂਦਰ ਦੀ ਹਿੰਦੂਤਵੀ ਬ੍ਰਹਮਣਵਾਦੀ ਫਾਸ਼ੀਵਾਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਪੀ.ਆਰ.ਐੱਸ.ਯੂ. ਅਤੇ ਨੌਜਵਾਨ ਭਾਰਤ ਸਭਾ (ਪੰਜਾਬ) ਵੱਲੋਂ ਜ਼ਿਲ੍ਹਾ ਸੰਗਰੂਰ, ਪਟਿਆਲਾ, ਮੋਗਾ, ਫਿਰੋਜ਼ਪੁਰ ਅਤੇ ਮਾਨਸਾ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ, ਪਿੰਡਾਂ ਅਤੇ ਸ਼ਹਿਰਾਂ ਅੰਦਰ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਹਨਾਂ ਪ੍ਰਦਰਸ਼ਨਾਂ ਦੌਰਾਨ ਪੀ.ਆਰ.ਐੱਸ.ਯੂ. ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਪ੍ਰੈੱਸ ਸਕੱਤਰ ਮਨਜੀਤ ਸਿੰਘ, ਸੂਬਾ ਆਗੂ ਗੁਰਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਸਭਾ ਦੇ ਆਗੂ ਪ੍ਰਗਟ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮੁਸਲਿਮ ਵਿਰੋਧੀ ਅਤੇ ਹਿਟਲਰ ਦੀਆਂ ਪੈੜਾਂ 'ਤੇ ਚੱਲ ਰਹੀ ਹੈ। ਨਾਗਰਿਕ ਸੋਧ ਕਾਨੂੰਨ ਅਤੇ ਐਨ.ਆਰ.ਸੀ. ਦਾ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵੱਡੀ ਗਿਣਤੀ 'ਚ ਲੋਕ ਵਿਰੋਧ ਕਰ ਰਹੇ ਹਨ, ਆਸਾਮ ਸਮੇਤ ਭਾਰਤ ਦੇ ਕਈ ਹੋਰਨਾਂ ਹਿੱਸਿਆ ਵਿੱਚ ਕਰਫਿਊ ਲਾਕੇ ਲੋਕਾਂ ਦੀ ਜੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦਿਆਰਥੀ ਵੀ ਇਸ ਖ਼ਿਲਾਫ਼ ਵੱਡੀ ਗਿਣਤੀ ਵਿੱਚ ਵਿਰੋਧ ਕਰ ਰਹੇ ਹਨ। ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ  ਲਾਇਬਰੇਰੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ, ਹੋਸਟਲਾਂ ਵਿਚਲੇ ਵਿਦਿਆਰਥੀਆਂ ਨੂੰ ਅਤੇ ਬਾਥਰੂਮਾਂ ਵਿਚ ਗਏ ਵਿਦਿਆਰਥੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਇਸਦੇ ਲਈ ਗੋਲ਼ੀ, ਲਾਠੀ ਤੇ ਅੱਥਰੂ ਗੈਸ ਤੱਕ ਸਭ ਸਾਧਨ ਵਰਤੇ ਗਏ। 
ਵਿਦਿਆਰਥੀਆਂ ਨੇ ਇਸਨੂੰ ਕੇਂਦਰ ਸਰਕਾਰ ਦੀ ਹਿਟਲਰੀ ਚਾਲ ਦੱਸਦਿਆਂ ਕਿਹਾ ਕਿ ਇਸਦੇ ਸਹਾਰੇ ਭਾਰਤ ਇੱਕ ਸੌ ਪੱਚੀ ਕਰੋੜ ਲੋਕਾਂ ਨੂੰ ਲਾਇਨਾਂ ਵਿੱਚ ਖੜ੍ਹੇ ਕਰਕੇ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਆਖਿਆ ਜਾਣਾ ਹੈ ਅਤੇ ਨਾ ਹੋਣ ਦੀ ਸੂਰਤ ਵਿੱਚ ਡਿਟੈਨਸ਼ਨ ਸੈਂਟਰ ਉਸਾਰੇ ਜਾ ਰਹੇ ਹਨ ਜਿਨ੍ਹਾਂ ਵਿੱਚ ਨਾਗਰਿਕਤਾ ਸਾਬਤ ਨਾ ਕਰ ਸਕਣ ਵਾਲੇ ਲੋਕਾਂ ਨੂੰ ਰੱਖਿਆ ਜਾਣਾ ਹੈ, ਸੁਭਾਵਕ ਇਸਦਾ ਨਿਸ਼ਾਨਾ ਮੁਸਲਿਮ ਹੀ ਬਣਨਗੇ ਤੇ ਆਸਾਮ ਵਿੱਚ ਅਜਿਹੇ ਸੈਂਟਰ ਪਹਿਲਾਂ ਉਸਾਰੇ ਹੋਏ ਹਨ, ਨਵੇਂ ਹੋਰ ਉਸਾਰੇ ਜਾ ਰਹੇ ਹਨ ਤੇ ਗ੍ਰਹਿ ਮੰਤਰੀ ਦੇ ਸ਼ਬਦਾ ਵਿੱਚ ਪੂਰੇ ਭਾਰਤ ਵਿੱਚ ਅਜਿਹੇ ਸੈਂਟਰ ਉਸਾਰੇ ਜਾਣਗੇ।
ਸੋ ਅਸੀਂ ਸਮੂਹ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਹਿੰਦੂਤਵ ਫਾਸ਼ੀਵਾਦੀ ਹਕੂਮਤ ਦੇ ਵਿਦਿਆਰਥੀਆਂ ਅਤੇ ਮੁਸਲਿਮ ਲੋਕਾਂ 'ਤੇ ਕੀਤੇ ਹਮਲੇ ਨੂੰ ਠੱਲ ਪਾਉਣ ਲਈ ਸੰਘਰਸ਼ਾਂ ਦਾ ਰਾਹ ਅਪਣਾਉਣ।
ਇਸੇ ਤਰ੍ਹਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ਵਜੋਂ ਸੰਗਰੂਰ ਦੇ ਰਣਬੀਰ ਕਾਲਜ, ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਆਈ.ਟੀ.ਆਈ. ਸੁਨਾਮ, ਆਈ.ਟੀ.ਆਈ. ਲੜਕੀਆਂ ਸੰਗਰੂਰ ਆਦਿ ਸੰਸਥਾਵਾਂ ਅੰਦਰ ਰੈਲੀਆਂ ਕੀਤੀਆਂ ਗਈਆਂ ਅਤੇ ਹੈਦਰਾਬਾਦ ਵਿੱਚ 26 ਸਾਲਾ ਪ੍ਰਿਯੰਕਾ ਰੈਡੀ ਨਾਲ ਹੋਏ ਬਲਾਤਕਾਰ ਦੇ ਰੋਸ ਵਜੋਂ ਸੰਗਰੂਰ, ਪਟਿਆਲਾ, ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸੰਸਥਾਵਾਂ ਜਿਹਨਾਂ ਵਿੱਚ ਰਣਬੀਰ ਕਾਲਜ, ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਮਸਤੂਆਣਾ ਸਾਹਿਬ ਕਾਲਜ,ਆਈ ਟੀ ਆਈ ਸੁਨਾਮ, ਸਰਕਾਰੀ ਕਾਲਜ ਮੋਹਨਕੇ ਅਤੇ ਜ਼ਿਲੇ ਦੇ ਪਿੰਡਾਂ  ਅਤੇ ਸ਼ਹਿਰਾਂ ਅੰਦਰ ਰੈਲੀਆਂ ਅਤੇ ਮੋਮਬੱਤੀ ਮਾਰਚ ਕੀਤੇ ਗਏ, ਜਿਹਨਾਂ ਵਿੱਚ ਲੌਂਗੋਵਾਲ, ਸੰਗਰੂਰ, ਮਾਲੇਰਕੋਟਲਾ, ਗੁਰੂ ਹਰਸਹਾਏ, ਨਮੋਲ, ਖੀਵਾ, ਖਡਿਆਲ, ਬੰਦੀਵਾਲਾ (ਫਿਰੋਜ਼ਪੁਰ), ਗੁੱਦੜਢੰਡੀ। ਮਾਨਸਾ ਵਿਖੇ ਦਸਤਕ ਆਰਟ ਅਤੇ ਪੀ.ਆਰ.ਐੱਸ.ਯੂ. ਵੱਲੋਂ ਗੁਰੂ ਹਰਸਹਾਏ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਾਂਝੇ ਤੌਰ 'ਤੇ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਂਝਾ ਵਿਦਿਆਰਥੀ ਮੋਰਚਾ ਵੱਲੋਂ ਜਿਨ੍ਹਾਂ ਵਿੱਚ ਪੀਆਰਐੱਸਯੂ, ਪੀ.ਐੱਸ.ਯੂ., ਡੀ.ਐੱਸ.ਓ., ਪੀ.ਐੱਸ.ਯੂ. (ਲ),ਐੱਸ.ਐੱਫ.ਆਈ., ਏ.ਆਈ.ਐੱਸ.ਐਫ. ਵਿਦਿਆਰਥੀ ਜੱਥੇਬੰਦੀਆਂ ਸ਼ਾਮਿਲ ਹਨ। ਮੋਰਚੇ ਵੱਲੋਂ ਲਾਇਬ੍ਰੇਰੀ ਨੂੰ  24 ਘੰਟੇ ਖੋਲ੍ਹਣ ਦੀ ਮੰਗ ਨੂੰ ਲੈਕੇ ਸੰਘਰਸ਼ ਕੀਤਾ ਗਿਆ। ਇਸ ਸੰਘਰਸ ਨੇ ਯੂਨੀਵਰਸਿਟੀ ਅਥਾਰਟੀ ਨੇ ਮੰਨਿਆ ਕਿ ਲਾਇਬ੍ਰੇਰੀ ਨੂੰ 24 ਘੰਟੇ ਖੋਲਿਆ ਜਾਵੇਗਾ, ਲਾਇਬ੍ਰੇਰੀ ਦਾ ਕੈਟਾਲੌਗ ਆਨਲਾਈਨ ਕੀਤਾ ਜਾਵੇਗਾ, ਲੋੜਵੰਦ ਵਿਦਿਆਰਥੀਆਂ ਨੂੰ 100/- ਪ੍ਰਤੀ ਘੰਟਾ ਪਾਰਟ ਟਾਈਮ ਕੰਮ ਦਿੱਤਾ ਜਾਵੇਗਾ।
ਸੰਗਰੂਰ ਸ਼ਹਿਰ  ਅੰਦਰ ਸਤੰਬਰ ਮਹੀਨੇ  ਦੇ ਪਹਿਲੇ ਹਫਤੇ ਤੋਂ ਆਪਣੀ ਰੁਜ਼ਗਾਰ ਪ੍ਰਾਪਤੀ ਲਈ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਤੇ ਈਟੀਟੀ  ਅਧਿਆਪਕਾਂ  ਦੇ ਸੰਘਰਸ਼ ਵਿੱਚ ਪੀਆਰਐੱਸਯੂ ਅਤੇ ਨੌਜਵਾਨ ਭਾਰਤ ਸਭਾ (ਪੰਜਾਬ) ਸ਼ੁਰੂ ਤੋਂ ਲੈਕੇ ਸੰਘਰਸ਼ ਵਿੱਚ ਸ਼ਾਮਲ ਰਹੀ ਹੈ।ਇਹ ਅਧਿਆਪਕ ਕਈ ਵਾਰ ਸਰਕਾਰ ਦੇ ਜਬਰ ਦਾ ਸਾਹਮਣਾ ਕਰ ਚੁੱਕੇ ਹਨ।ਇਸ ਜਫਰ ਦੇ ਖਿਲਾਫ ਦੋਵੇਂ ਜੱਥੇਬੰਦੀਆਂ ਵੱਲੋਂ ਸੰਸਥਾਵਾਂ ਦੇ ਅੰਦਰ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ ਗਈਆਂ ਅਤੇ ਪੁਤਲੇ ਫੂਕੇ ਗਏ। ਇਹਨਾਂ ਰੈਲੀਆਂ ਦੌਰਾਨ ਪੀ.ਆਰ.ਐੱਸ.ਯੂ. ਦੇ ਪ੍ਰਧਾਨ ਰਸ਼ਪਿੰਦਰ ਜਿੰਮੀ, ਪ੍ਰੈੱਸ ਸਕੱਤਰ ਮਨਜੀਤ ਨਮੋਲ, ਸੂਬਾ ਆਗੂ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਪਾਰਸਦੀਪ ਸਿੰਘ ਅਤੇ ਸਭਾ ਦੇ ਆਗੂ ਪ੍ਰਗਟ ਕਾਲਾਝਾੜ ਨੇ ਸੰਬੋਧਨ ਕੀਤਾ।
ਲਹਿਰਾਗਾਗਾ ਦੇ ਨਜ਼ਦੀਕ ਪਿੰਡ ਚੰਗਾਲੀਵਾਲਾ ਵਿਖੇ  ਇੱਕ ਦਲਿਤ ਮਜ਼ਦੂਰ ਜਗਮੇਲ ਸਿੰਘ ਦੀ ਪਿੰਡ ਦੇ ਚੌਧਰੀ ਦੁਆਰਾ ਬੜੇ ਹੀ ਕਰੂਰਤਾ ਨਾਲ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਜਗਮੇਲ ਅਤੇ ਉਸਦੇ ਕਾਤਲ ਦਾ ਪੈਸਿਆਂ ਦੇ ਲੈਣ-ਦੇਣ ਕਾਰਨ ਕਾਫੀ ਸਮਾਂ ਪਹਿਲਾਂ ਝਗੜਾ ਹੋ ਗਿਆ ਸੀ, ਜਿਸਦਾ ਸਮਝੌਤਾ ਹੋ ਗਿਆ ਸੀ। ਜਗਮੇਲ ਸਿੰਘ ਪਿੰਡ ਦੇ ਇਸ ਉੱਚ ਜਾਤੀ ਦੇ ਵਿਅਕਤੀ ਘਰ ਕੰਮ ਕਰਦਾ ਸੀ। ਦੀਵਾਲੀ ਵਾਲੇ ਦਿਨ ਕਿਸੇ ਪੁਰਾਣੀ ਰੰਜਿਸ਼ ਨੂੰ ਲੈਕੇ ਜਗਮੇਲ ਸਿੰਘ ਨੂੰ ਪਿੰਡ ਦੇ ਚੌਧਰੀ ਨੇ ਉਸ ਨੂੰ ਪਿੰਡ ਚੋ ਲੱਭਕੇ ਆਪਣੇ ਘਰ ਲਿਆਂਦਾ ਗਿਆ, ਜਿੱਥੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਜਗਮੇਲ ਦੀਆਂ ਲੱਤਾਂ ਦਾ ਪਲਾਸ ਨਾਲ ਮਾਸ ਨੋਚਿਆ ਗਿਆ ਅਤੇ ਉਸਨੂੰ ਪਾਣੀ ਮੰਗਣ ਤੇ ਪਿਸ਼ਾਬ ਪਿਲਾਇਆ ਗਿਆ।ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜਗਮੇਲ ਦੀ ਮੌਤ ਹੋ ਗਈ। ਇਸ ਸੰਘਰਸ ਦੌਰਾਨ ਪੀ.ਆਰ.ਐੱਸ.ਯੂ. ਅਤੇ ਨੌਜਵਾਨ ਭਾਰਤ ਸਭਾ (ਪੰਜਾਬ) ਸਾਰਾ ਸਮਾਂ ਹੀ ਉੱਥੇ ਰਹੀਆਂ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ। ਦੋਸ਼ੀਆਂ ਨੂੰ ਬਚਾਉਣ ਲਈ ਰਜਿੰਦਰ ਕੌਰ ਭੱਠਲ ਅਤੇ ਪਰਮਿੰਦਰ ਸਿੰਘ ਢੀਂਡਸਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ,ਪਰ ਲੋਕ ਸ਼ਕਤੀ ਅੱਗੇ ਉਨ੍ਹਾਂ ਨੂੰ ਝੁੱਕਣਾ ਪਿਆ। ਪਰਿਵਾਰ ਨੂੰ ਮੁਆਵਜ਼ੇ ਵਜੋਂ ਸਵਾ ਇੱਕੀ ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਸੇਵਾਦਾਰ ਦੀ ਨੌਕਰੀ ਦਿਵਾਈ। ਸੰਘਰਸ਼ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੀ.ਐੱਸ.ਯੂ.(ਲ), ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਦਿ ਜੱਥੇਬੰਦੀਆਂ ਸ਼ਾਮਿਲ ਰਹੀਆਂ।
ਇਸ ਸੰਘਰਸ਼ ਸੰਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੀ.ਆਰ.ਐੱਸ.ਯੂ. ਵੱਲੋਂ ਪੈਨਲ ਚਰਚਾ ਚੰਗਾਲੀਵਾਲਾ ਕਾਂਡ ਕੀਤੀ ਗਈ। ਜਿਸ ਵਿੱਚ ਉੱਘੇ ਪੱਤਰਕਾਰ ਹਮੀਰ ਸਿੰਘ, ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਜਤਿੰਦਰ ਸਿੰਘ, ਕੇ.ਪੀ.ਐੱਮ.ਯੂ. ਦੇ ਸੂਬਾ ਸਕੱਤਰ ਲਖਵੀਰ ਲੌਂਗੋਵਾਲ ਅਤੇ ਨੌਜਵਾਨ ਸਭਾ ਦੇ ਪ੍ਰਗਟ ਕਾਲਾਝਾੜ ਨੇ ਹਿੱਸਾ ਲਿਆ।ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਯੂਨੀਵਰਸਿਟੀ ਆਗੂ ਅਲਕਾ ਨੇ ਨਿਭਾਈ।
ਨਵੰਬਰ1984 ਦੇ ਸਿੱਖ ਕਤਲੇਆਮ ਦੇ ਵਿਰੋਧ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਂਝਾ ਵਿਦਿਆਰਥੀ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਪੀ.ਆਰ.ਐੱਸ.ਯੂ. ਦੀ ਆਗੂ ਸੰਦੀਪ ਕੌਰ ਨੇ ਸੰਬੋਧਨ ਕੀਤਾ।
ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀਆਂ ਤਿੰਨ ਵਿਦਿਆਰਥੀਆਂ ਨਾਲ ਪੀ.ਆਰ.ਟੀ.ਸੀ. ਬੱਸ ਕੰਡਕਟਰ ਦੁਆਰਾ ਬਦਤਮੀਜ਼ੀ ਕੀਤੀ ਗਈ।ਜਿਸ ਤੋਂ ਬਾਅਦ ਲੜਕੀਆਂ ਨੇ ਪੀ.ਆਰ.ਐੱਸ.ਯੂ. ਨਾਲ ਸੰਪਰਕ ਕੀਤਾ। ਅਗਲੇ ਦਿਨ ਕਾਲਜ ਦੀਆਂ ਵਿਦਿਆਰਥਣਾਂ ਦੀ ਮੀਟਿੰਗ ਕੀਤੀ ਗਈ।ਇਸ ਦੌਰਾਨ ਪੰਜਾਬ  ਸਟੂਡੈਂਟਸ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਲੋਕ ਸੰਘਰਸ਼ ਕਮੇਟੀ ਵੀ ਪਹੁੰਚੀ। ਜੱਥੇਬੰਦੀਆਂ ਨੇ ਇਕੱਠੇ ਹੋਕੇ ਬੱਸ ਕੰਡਕਟਰ ਤੋਂ ਲਿਖਤੀ ਮਾਫੀ ਮੰਗਵਾਈ।
ਭਾਰਤੀ ਆਜ਼ਾਦੀ ਲਹਿਰ ਦੌਰਾਨ ਮਹੱਤਵਪੂਰਨ ਰੋਲ ਨਿਭਾਉਣ ਵਾਲੀ ਗ਼ਦਰ ਲਹਿਰ ਦੇ ਯੋਧਿਆਂ ਦੀ ਯਾਦ ਅੰਦਰ ਹਰ ਸਾਲ ਜਲੰਧਰ ਵਿੱਚ ਇੱਕ ਨਵੰਬਰ ਨੂੰ ਮੇਲਾ ਗ਼ਦਰੀ ਬਾਬਿਆਂ ਦਾ ਲਗਦਾ ਹੈ।ਇਸ ਮੇਲੇ ਉੱਪਰ ਪੀ.ਆਰ.ਐੱਸ.ਯੂ. ਅਤੇ ਨੌਜਵਾਨ ਭਾਰਤ ਸਭਾ ਪੰਜਾਬ ਹਰ ਸਾਲ ਵੱਡੀ ਗਿਣਤੀ ਵਿੱਚ ਨੋਜਵਾਨਾਂ ਅਤੇ ਵਿਦਿਆਰਥੀਆਂ ਨੂੰ ਮੇਲੇ ਉੱਪਰ ਲੈਕੇ ਜਾਂਦੀ ਹੈ। ਸਾਰੇ ਸਫਰ ਦੌਰਾਨ ਟ੍ਰੇਨ ਦੇ ਅੰਦਰ ਲੋਕ ਪੱਖੀ ਗੀਤ ਗਾਏ ਜਾਂਦੇ ਹਨ ਅਤੇ ਜੱਥੇਬੰਦੀ ਲਈ ਫੰਡ ਇਕੱਠਾ ਕੀਤਾ ਜਾਂਦਾ ਹੈ।
-ਮਨਜੀਤ ਸਿੰਘ

No comments:

Post a Comment