Saturday, 4 January 2020

ਅਰੁੰਧਤੀ ਰਾਏ ਵਿਰੁੱਧ ਸੰਗੀਨ ਧਾਰਾਵਾਂ ਲਾਉਣ ਦੀ ਸ਼ਿਕਾਇਤ ਦਰਜ

ਅਰੁੰਧਤੀ ਰਾਏ ਵਿਰੁੱਧ ਸੰਗੀਨ ਧਾਰਾਵਾਂ ਲਾਉਣ ਦੀ ਸ਼ਿਕਾਇਤ ਦਰਜ
ਆਲਮੀ ਤੌਰ 'ਤੇ ਚਰਚਿਤ ਲੇਖਿਕਾ ਅਰੁੰਧਤੀ ਰਾਏ ਦੇ ਖ਼ਿਲਾਫ਼ ਦਿੱਲੀ ਦੇ ਤਿਲਕ ਨਗਰ ਥਾਣੇ ਵਿਚ ਇਕ ਸ਼ਿਕਾਇਤ ਦਰਜ ਕਰਾਈ ਗਈ ਹੈ। ਸੁਪਰੀਮ ਕੋਰਟ ਦੇ ਵਕੀਲ ਰਾਜੀਵ ਕੁਮਾਰ ਰੰਜਨ ਨੇ ਸ਼ਿਕਾਇਤ ਕੀਤੀ ਕਿ ਅਰੁੰਧਤੀ ਰਾਏ ਨੇ 25 ਦਸੰਬਰ ਨੂੰ ਦਿੱਲੀ ਯੂਨੀਵਰਸਿਟੀ ਵਿਚ ਆਯੋਜਤ ਇਕ ਸਭਾ ਵਿਚ ਭਾਸ਼ਣ ਦੇ ਕੇ ਲੋਕਾਂ ਨੂੰ ਐੱਨ.ਪੀ.ਆਰ. ਵਿਰੁੱਧ ਭੜਕਾਇਆ। ਦਰਅਸਲ, ਅਰੁੰਧਤੀ ਰਾਏ ਨੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਉੱਪਰ ਵਿਅੰਗ ਕਰਦਿਆਂ ਸਿਵਲ ਨਾਫ਼ੁਰਮਾਨੀ ਦਾ ਸੱਦਾ ਦਿੱਤਾ ਸੀ। ਉਸ ਨੇ ਕਿਹਾ ਸੀ ਕਿ 22 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਭਾਸ਼ਣ ਦਿੰਦਿਆਂ ਐੱਨ.ਆਰ.ਸੀ. ਅਤੇ ਨਜ਼ਰਬੰਦੀ ਕੈਂਪਾਂ ਬਾਰੇ ਸ਼ਰੇਆਮ ਝੂਠ ਬੋਲਿਆ। ਇਸ ਪ੍ਰਸੰਗ ਵਿਚ ਅਰੁੰਧਤੀ ਰਾਏ ਨੇ ਕਿਹਾ ਕਿ ਜਦੋਂ ਸਰਕਾਰੀ ਅਧਿਕਾਰੀ ਤੁਹਾਡੇ ਘਰਾਂ ਵਿਚ ਆਉਣ ਤਾਂ ਉਹਨਾਂ ਨੂੰ ਆਪਣੇ ਨਾਂ “ਬਿੱਲਾ-ਰੰਗਾ” ਅਤੇ ਰਿਹਾਇਸ਼ ਦਾ ਪਤਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਪਤਾ ਲਿਖਵਾ ਕੇ ਇਸ ਤਰ੍ਹਾਂ ਦੀਆਂ ਹਾਸੋਹੀਣੀਆਂ ਜਾਣਕਾਰੀਆਂ ਦਿਓ।
ਸੰਘੀ ਵਕੀਲ ਨੇ ਸ਼ਿਕਾਇਤ ਦੇ ਅਧਾਰ 'ਤੇ ਅਰੁੰਧਤੀ ਰਾਏ ਦੇ ਖ਼ਿਲਾਫ਼ ਸੰਗੀਨ ਧਾਰਾਵਾਂ 295 ਏ, (ਭਾਵਨਾਵਾਂ ਨੁੰ ਜਾਣਬੁੱਝ ਕੇ ਠੇਸ ਪਹੁੰਚਾਉਣ ਦਾ ਜੁਰਮ) 504 (ਅਮਨ ਭੰਗ ਕਰਨ ਲਈ ਜਾਣਬੁਝ ਕੇ ਉਕਸਾਊ ਕਾਰਵਾਈ ਕਰਨ), 153 (ਦੰਗੇ ਭੜਕਾਉਣ ਲਈ ਭਾਈਚਾਰਿਆਂ ਵਿਚਕਾਰ ਨਫ਼ਰਤ ਪੈਦਾ ਕਰਨ) ਅਤੇ 120ਬੀ (ਕ੍ਰਿਮੀਨਲ ਸਾਜਿਸ਼) ਲਗਾ ਕੇ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਪੁਲਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਕੇ ਕਾਰਵਾਈ ਅੱਗੇ ਤੋਰਨ ਬਾਰੇ ਸੋਚਿਆ ਜਾਵੇਗਾ। ਬਹੁਤ ਸਾਰੇ ਟੀ.ਵੀ. ਚੈਨਲਾਂ ਵੱਲੋਂ ਅਰੁੰਧਤੀ ਰਾਏ ਦੇ ਭਾਸ਼ਣ ਨੂੰ ਸਹੀ ਅਰਥਾਂ ਵਿਚ ਪੇਸ਼ ਕਰਨ ਦੀ ਬਜਾਏ ਉਸ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਤਾਂ ਜੁ ਉਸ ਦੇ ਖ਼ਿਲਾਫ਼ ਭੜਕਾਊ ਮਾਹੌਲ ਬਣਾਇਆ ਜਾ ਸਕੇ। ਸੰਘ ਦੀ ਟਰੌਲ ਆਰਮੀ ਅਤੇ ਹੋਰ ਹਿੰਦੂ ਰਾਸ਼ਟਰਵਾਦੀ ਅਰੁੰਧਤੀ ਰਾਏ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਭਾਜਪਾ ਦੇ ਆਗੂ ਸੁਬਰਾਮਨੀਅਮ ਸਵਾਮੀ ਨੇ ਵੀ ਅਰੁੰਧਤੀ ਰਾਏ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਾ ਬਿਆਨ ਦਿੱਤਾ ਹੈ। ਇਹ ਮੋਦੀ ਰਾਜ ਵਿਚ ਫਾਸ਼ੀਵਾਦੀ ਜ਼ੁਬਾਨੀਬੰਦੀ ਦੀ ਇਕ ਹੋਰ ਮਿਸਾਲ ਹੈ। 0-0

No comments:

Post a Comment