Saturday, 4 January 2020

ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਨੇ ਲਹੂ-ਵੀਟਵਾਂ ਸੰਘਰਸ਼ ਕੀਤਾ

ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਨੇ ਜਨਤਕ ਸਿੱਖਿਆ ਦੀ ਰਾਖੀ ਲਈ 
ਲਹੂ-ਵੀਟਵਾਂ ਸੰਘਰਸ਼ ਕਰਕੇ ਕੇਂਦਰੀ ਹਕੂਮਤ ਦਾ ਭਰਮ ਕੀਤਾ ਚਕਨਾਚੂਰ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲ ਮਾਰਚ ਕਰਨਾ ਚਾਹੁੰਦੇ ਸਨ, ਜਿੱਥੇ ਉਪ-ਰਾਸ਼ਟਰਪਤੀ ਵੈਂਕੱਈਆ ਨਾਇਡੂ ਇੱਕ ਆਡੀਟੋਰੀਅਮ ਵਿੱਚ ਯੂਨੀਵਰਸਿਟੀ ਦੇ ਕੈਨਵੋਕਸ਼ਨ ਨੂੰ ਸੰਬੋਧਨ ਕਰ ਰਹੇ ਸਨ। ਪ੍ਰਸਾਸ਼ਨ ਨੇ 3 ਕਿਲੋਮੀਟਰ ਦੂਰ ਤੋਂ ਫਾਟਕ ਬੰਦ ਕਰ ਦਿੱਤੇ। ਸਵੇਰ ਤੋਂ ਸ਼ੁਰੂ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੰਸਥਾ ਦੇ ਅੰਦਰ ਅਤੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਤ ਕੀਤੇ ਹੋਏ ਸਨ। ਸਾਢੇ ਗਿਆਰਾਂ ਵਜੇ ਵਿਦਿਆਰਥੀਆਂ ਨੇ ਬੈਰੀਕੇਡ ਤੋੜ ਕੇ ਆਡੀਟੋਰੀਅਮ ਵੱਲ ਮਾਰਚ ਕੀਤਾ। ਇਸੇ ਦੌਰਾਨ ਕੇਂਦਰੀ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਕ ਵਿਦਿਆਰਥੀਆਂ ਦੇ ਘੇਰਾਓ ਵਿੱਚ ਆ ਜਾਂਦੇ ਹਨ ਤੇ ਵਿਦਿਆਰਥੀਆਂ ਨੇ ਬਾਹਰੋਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ। ਅੰਦਰੋਂ ਕਿਸੇ ਨੂੰ ਬਾਹਰ ਨਹੀਂ ਆਉਣ ਦਿੱਤਾ। ਕੇਂਦਰੀ ਮੰਤਰੀ ਨਿਸ਼ਾਕ ਨੂੰ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। 
ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ 999 ਫੀਸਦੀ ਫੀਸਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਣ, ਡ੍ਰੈਸ ਕੋਡ ਨਾਲ ਸਬੰਧਤ ਨਵੇਂ ਨਿਯਮਾਂ ਦੇ ਖਿਲਾਫ ਹੋਸਟਲ ਦੇ ਨਵੇਂ ਘੜੇ ਨਿਯਮਾਂ ਨੂੰ ਮੰਨਣ ਤੋਂ ਇਨਕਾਰੀ ਸਨ। ਉਹਨਾਂ ਦੀ ਅਗਲੀ ਮੰਗ ਵੀ.ਸੀ. ਜਗਦੀਸ਼ ਕੁਮਾਰ ਨੂੰ ਬਰਖਾਸਤ ਕਰਵਾਉਣ ਦੀ ਵੀ ਜੁੜ ਚੁੱਕੀ ਸੀ। 
ਕੇਂਦਰੀ ਹਕੂਮਤ ਨੇ ਪੂਰੇ ਦੇਸ਼ ਵਿੱਚ ਭਗਵਾਂਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਸੱਤਾ ਦੇ ਹਰ ਅਦਾਰੇ ਵਿੱਚ ਆਰ.ਐਸ.ਐਸ. ਦੇ ਸ਼ਿਵਰਾਂ ਵਿੱਚ ਲਾਠੀਮਾਰਚ ਕਰ ਚੁੱਕੇ ਲੋਕਾਂ ਨੂੰ ਤਾਇਨਾਤ ਕੀਤਾ ਹੈ। ਇਹ ਨੀਤੀ ਯੂਨੀਵਰਸਿਟੀਆਂ ਵਿੱਚ ਵੀ ਲਾਗੂ ਕੀਤੀ ਗਈ, ਜਿਸ ਤਹਿਤ ਉਹਨਾਂ ਦੇ ਇਹ ਚਾਟੜੇ ਆਪਣੀ ਭਗਵਾਂਕਰਨ ਕਰਨ ਦੀ ਨੀਤੀ ਤਹਿਤ ਚੱਲ ਕੇ ਸਿੱਖਿਆ ਦਾ ਭਗਵਾਂਕਰਨ ਕਰਨ ਲਈ ਇਹਨਾਂ ਵਿਦਿਅਕ ਅਦਾਰਿਆਂ ਵਿੱਚ ਫੀਸਾਂ ਵਿੱਚ ਵਾਧਾ ਕਰਕੇ ਗਰੀਬੀ ਰੇਖਾ ਤੋਂ ਹੇਠਲੇ 40 ਫੀਸਦੀ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਕਰਨ, ਉਹਨਾਂ ਤੇ ਕੱਪੜੇ ਪਹਿਨਣ ਤੇ ਪਾਬੰਦੀ ਲਾਉਣਾ ਕਿ ਕਿਹੜੇ ਕੱਪੜੇ ਪਹਿਨਣੇ ਹਨ, ਕਿਹੜੇ ਨਹੀਂ ਪਹਿਨਣੇ, ਹੋਸਟਲ ਵਿੱਚ ਖਾਣਾ ਖਾਣ ਦੇ ਲਈ ਵੀ ਨਵੀਆਂ ਸ਼ਰਤਾਂ/ਨਿਯਮ ਤਹਿ ਕੀਤੇ ਸਨ। 
ਹਿੰਦੂਤਵੀ ਹਾਕਮਾਂ ਨੇ ਬੇਸ਼ੱਕ ਇਸ ਯੂਨੀਵਰਸਿਟੀ ਵਿੱਚ ਆਪਣੇ ਨੇੜਲਾ ਅਮਲਾ-ਫੈਲਾ ਤਾਇਨਾਤ ਕੀਤਾ ਹੋਇਆ ਹੈ, ਪਰ ਇਸ ਵਾਰੀ ਫੇਰ ਇਸ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਚੋਣ ਖੱਬੇਪੱਖੀਆਂ ਨੇ ਜਿੱਤੀ ਸੀ, ਜਿਸ ਕਰਕੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿੱਚ ਰੋੜ ਵਾਂਗ ਚੁਭਦੇ ਸਨ। ਇਹੀ ਵਜਾਹ ਹੈ ਕਿ ਅਧਿਕਾਰੀਆਂ ਨੇ ਜੇ.ਐਨ.ਯੂ. ਨੂੰ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਸੀ, ਕਿਉਂਕਿ 2016 ਦੇ ਚੱਲੇ ਸੰਘਰਸ਼ ਤੋਂ ਬਾਅਦ ਜੇ.ਐਨ.ਯੂ. ਦੇ ਵਿਦਿਆਰਥੀਆਂ ਨੂੰ ਈਨ ਮਨਵਾਉਣਾ ਚਾਹੁੰਦੇ ਸਨ। 28 ਅਕਤੂਬਰ ਨੂੰ ਯੂਨੀਵਰਸਿਟੀ ਮੈਨੇਜਮੈਂਟ ਨੇ ਇਹ ਨਵੀਆਂ ਨੀਤੀਆਂ ਪਾਸ ਕਰਕੇ ਲਾਗੂ ਕਰ ਦਿੱਤੀਆਂ ਸਨ। ਵਿਦਿਆਰਥੀਆਂ ਵਿੱਚ ਇੱਕਦਮ ਰੋਹ ਪੈਦਾ ਹੋਇਆ ਜੋ ਵਧਦਾ ਵਧਦਾ ਤਿੱਖਾ ਹੋ ਕੇ ਉਪ-ਰਾਸ਼ਟਰਪਤੀ ਸਮੇਤ ਕੇਂਦਰੀ ਹਕੂਮਤ ਦੇ ਨਾਸੀਂ ਧੂੰਆਂ ਕੱਢਣ ਲੱਗਾ। 
ਕੇਂਦਰੀ ਹਕੂਮਤ ਨੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਲਈ ਜਬਰ ਦਾ ਹਰ ਹੱਥਕੰਡਾ ਵਰਤਿਆ। ਉਹਨਾਂ ਨੇ ਘੋਲ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ। ਵਿਦਿਆਰਥੀ ਜਥੇਬੰਦੀ ਨੇ ਹਾਕਮਾਂ ਦੇ ਹਰ ਤਰ੍ਹਾਂ ਦੇ ਜਬਰ ਨੂੰ ਸਹਾਰ ਕੇ, ਹਰ ਚਾਲ ਨੂੰ ਨਾਕਾਮ ਹੀ ਨਹੀਂ ਕੀਤਾ ਸਗੋਂ ਆਪਣੀ ਇਸ ਲੜਾਈ ਨੂੰ ਜਨਤਕ ਸਿੱਖਿਆ ਦੀ ਰਾਖੀ ਲਈ ਸੰਘਰਸ਼ ਵਿੱਚ ਬਦਲ ਕੇ ਏਸ਼ੀਆ, ਅਫੀਰਕਾ, ਉੱਤਰੀ ਅਮਰੀਕਾ, ਯੂਰਪ, ਅਤੇ ਆਸਟਰੇਲੀਆ— ਗੱਲ ਕੀ ਦੁਨੀਆਂ ਭਰ ਦੇ ਅਕਾਦਮਿਕ ਭਾਈਚਾਰੇ ਵੱਲੋਂ ਸਮਰਥਨ ਹਾਸਲ ਕੀਤਾ ਹੈ। 2000 ਤੋਂ ਵੱਧ ਦੀ ਗਿਣਤੀ ਵਿੱਚ ਸੰਘਰਸ਼ ਵਿੱਚ ਖੂਨ ਡੋਲਦੇ ਰਹੇ ਸਨ। 150 ਯੂਨੀਵਰਸਿਟੀਆਂ ਨੇ ਇਸ ਘੋਲ ਦੀ ਹਮਾਇਤ ਕੀਤੀ। ਕੇਂਦਰੀ ਹਕੂਮਤ ਨੂੰ ਗੋਡਣੀਆਂ ਪਰਨੇ ਕਰਕੇ ਆਪਣੀਆਂ ਮੰਗਾਂ ਮਨਵਾਈਆਂ ਗਈਆਂ ਤੇ ਜੇ ਕੋਈ ਵੀ ਮੰਨੀ ਹੋਈ ਮੰਗ ਨੂੰ ਲਾਗੂ ਕਰਨ ਤੋਂ ਯੂਨੀਵਰਸਿਟੀ ਮੈਨੇਜਮੈਂਟ ਨੇ ਆਨਾਕਾਨੀ ਕੀਤੀ ਤਾਂ ਭਵਿੱਖ ਵਿੱਚ ਇਸ ਤੋਂ ਵੱਧ ਤਿੱਖੇ ਰੂਪ ਵਿੱਚ ਅੰਦੋਲਨ ਸ਼ੁਰੂ ਕਰਨ ਦੀ ਸੁਣਵਾਈ ਕਰਕੇ ਜਿੱਤ ਦੇ ਜਸ਼ਨ ਮਨਾਏ।  ੦-੦

No comments:

Post a Comment