Saturday, 4 January 2020

ਹੁਸਨਰ ਦੇ ਦਲਿਤ ਸੰਘਰਸ਼ ਦੇ ਮੈਦਾਨ 'ਚ

ਹੁਸਨਰ ਦੇ ਦਲਿਤ ਸੰਘਰਸ਼ ਦੇ ਮੈਦਾਨ 'ਚ
30 ਸਤੰਬਰ ਨੂੰ ਪਿੰਡ ਹੁਸਨਰ ਵਿੱਚ ਦਲਿਤਾਂ 'ਤੇ ਹੋ ਰਹੇ ਤਸ਼ੱਦਦ ਖ਼ਿਲਾਫ਼ ਪਿੰਡ ਵਾਸੀਆਂ ਨੇ 'ਦਿਹਾਤੀ ਮਜ਼ਦੂਰ ਸਭਾ' ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਕਾਰਵਾਈ ਲਈ ਡੀ.ਸੀ. ਨੂੰ ਮੰਗ ਪੱਤਰ ਦਿੱਤਾ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ ਤੇ ਜ਼ਿਲ੍ਹਾ ਆਗੂ ਲਖਬੀਰ ਤਖਤਮਲਾਣਾ, ਹਰਪਾਲ ਸਿੰਘ ਸੰਗੂਧੌਨ ਹੋਰਾਂ ਨੇ ਕਿਹਾ ਕਿ ਪਿੰਡ 'ਚ ਗੁਰਦੁਆਰਾ ਬਾਬਾ ਜੀਵਨ ਸਿੰਘ ਤੇ ਦਲਿਤ ਅਬਾਦੀ ਵਿਚਾਲੇ ਪਿੰਡ ਦੇ ਕੁਝ ਜ਼ੋਰਾਵਰਾਂ ਵੱਲੋਂ ਹੱਡਾਰੋੜੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਹੋਏ ਟਕਰਾ 'ਚ ਇਕ ਦਲਿਤ ਵਿਦਿਆਰਥਣ ਜ਼ਖਮੀ ਹੋ ਗਈ ਸੀ। ਇਸ ਸਬੰਧੀ ਗਿਦੜਬਾਹਾ ਪੁਲੀਸ ਵੱਲੋਂ ਜੋ ਕੇਸ ਦਰਜ ਕੀਤਾ ਗਿਆ ਉਸ ਵਿੱਚ ਐਸ.ਸੀ.ਐਸ.ਟੀ. ਤਹਿਤ 5 ਵਿਅਕਤੀਆਂ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਪਰ 23 ਦਿਨ ਮਗਰੋਂ ਵੀ ਕੋਈ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਟਹਿਲ ਸਿੰਘ ਹੁਸਨਰ, ਰਾਣੀ ਕੌਰ, ਸਿਮਰਨ ਕੌਰ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਧਨਾਢ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਹੋਕਾ ਦੇ ਕੇ ਦਲਿਤਾਂ ਦਾ ਬਾਈਕਾਟ ਕਰ ਦਿੱਤਾ ਤੇ ਖੇਤਾਂ ਵਿੱਚੋਂ ਘਾਹ ਖੋਤਣ ਗਈ ਇਕ ਦਲਿਤ ਔਰਤ ਨੂੰ ਖੇਤ ਦੇ ਮਾਲਕ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਗਿਦੜਬਾਹਾ ਪੁਲੀਸ ਨੂੰ ਇਤਲਾਹ ਦੇਣ ਦੇ ਬਾਵਜੂਦ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਧੱਕੇਸ਼ਾਹੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਥਾਣਾ ਗਿੱਦੜਬਾਹਾ ਦੇ ਐਸਐਚਓ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਹੈ।

No comments:

Post a Comment