Friday, 3 May 2019

ਜੱਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੀ ਮੁਆਫੀ ਦੀ ਮੰਗ ਪਿੱਛੇ ਛੁਪੇ ਦੇਸ਼-ਧਰੋਹੀ ਮਕਸਦਾਂ ਨੂੰ ਪਛਾਣੋ

ਜੱਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੀ ਮੁਆਫੀ ਦੀ ਮੰਗ ਪਿੱਛੇ ਛੁਪੇ 
ਦੇਸ਼-ਧਰੋਹੀ ਮਕਸਦਾਂ ਨੂੰ ਪਛਾਣੋ

-ਨਵਜੋਤ
ਕੁੱਝ ਹਾਕਮ ਜਮਾਤੀ ਸਿਆਸੀ ਹਲਕਿਆਂ, ਬੁਰਜੂਆ ਉਦਾਰਵਾਦੀ ਬੁੱਧੀਜੀਵੀਆਂ, ਵਿਦੇਸ਼ਾਂ ਵਿੱਚ ਰਹਿੰਦੇ ਕੁੱਝ ਵਿਅਕਤੀਆਂ ਅਤੇ ਕੁੱਝ ਪੱਤਰਕਾਰਾਂ ਵੱਲੋਂ ਇਹ ਮੰਗ ਉਭਾਰੀ ਜਾ ਰਹੀ ਹੈ ਕਿ ਬਰਤਾਨੀਆ ਦੀ ਮੌਜੂਦਾ ਸਰਕਾਰ ਵੱਲੋਂ ਜੱਲ੍ਹਿਆਂਵਾਲੇ ਬਾਗ ਵਿੱਚ ਕੀਤੇ ਕਤਲੇਆਮ ਦੀ ਮੁਆਫੀ ਮੰਗਣੀ ਚਾਹੀਦੀ ਹੈ। ਕਿਸੇ ਹੱਦ ਤੱਕ ਇਸ ਦਬਾਅ ਨੂੰ ਹੁੰਗਾਰਾ ਦਿੰਦਿਆਂ, ਬਰਤਾਨਵੀਂ ਪ੍ਰਧਾਨ ਮੰਤਰੀ ਥਰੇਸਾ ਮੇਅ ਵੱਲੋਂ ਪਿਛਲੇ ਦਿਨੀਂ ਪਾਰਲੀਮੈਂਟ (ਹਾਊਸ ਆਫ ਕਾਮਨਜ਼) ਵਿੱਚ ਬੜੇ ਹੀ ਬੋਚਵੇਂ ਢੰਗ ਨਾਲ ਕਿਹਾ ਹੈ ਕਿ ਇਹ ਕਤਲੇਆਮ ਬਰਤਾਨਵੀ ਇਤਿਹਾਸ 'ਤੇ ਇੱਕ ''ਸ਼ਰਮਨਾਕ ਧੱਬਾ'' ਹੈ। ਪਰ ਉਸ ਵੱਲੋਂ ਮੁਆਫੀ ਨਹੀਂ ਮੰਗੀ ਗਈ। ਇਸ ਨੂੰ ਕੁੱਝ ਹਲਕਿਆਂ ਵੱਲੋਂ ਗੈਰ-ਤਸੱਲੀਬਖਸ਼ ਸਮਝਦਿਆਂ, ਫਿਰ ਮੁਆਫੀ ਮੰਗਣ ਦੀ ਮੰਗ ਉਭਾਰੀ ਜਾ ਰਹੀ ਹੈ। 
ਬਰਤਾਨਵੀ ਪ੍ਰਧਾਨ ਮੰਤਰੀ ਦੇ ਬਿਆਨ ਦਾ ਮਤਲਬ ਹੈ ਕਿ ਬਰਤਾਨਵੀ ਹਕੂਮਤ ਡਾਇਰ ਵੱਲੋਂ ਨਿਹੱਥੇ ਲੋਕਾਂ ਦੇ ਇਕੱਠ 'ਤੇ ਗੋਲੀ ਚਲਾਉਣ ਅਤੇ ਕਤਲੇਆਮ ਰਚਾਉਣ ਦੇ ਇਸ ਵਿਸ਼ੇਸ਼ ਕਦਮ ਨੂੰ ਤਾਂ ਨਾਮੁਨਾਸਿਬ ਕਹਿ ਸਕਦੀ ਹੈ। ਹੁਣ ਸੋਚਦਿਆਂ ਇਹ ਕਹਿ ਸਕਦੀ ਹੈ ਕਿ ਉਸ ਵਕਤ ਹਾਲਤ ਨੂੰ ਨਜਿੱਠਣ ਲਈ ਅਜਿਹਾ ਕਦਮ ਉਠਾਉਣ ਤੋਂ ਬਚਿਆ ਜਾ ਸਕਦਾ ਸੀ ਅਤੇ ਹੋਰ ਬਦਲਵੇਂ ਕਦਮ ਉਠਾਉਣ ਦੀਆਂ ਗੁੰਜਾਇਸ਼ਾਂ ਬਾਰੇ ਸੋਚਿਆ ਜਾ ਸਕਦਾ ਸੀ। ਪਰ ਇਸ ਕਦਮ ਪਿੱਛੇ ਕੰਮ ਕਰਦੀ ਬਸਤੀਵਾਦੀ ਬਰਤਾਨਵੀਂ ਹਾਕਮਾਂ ਦੀ ਡੰਡੇ ਦੇ ਜ਼ੋਰ ਭਾਰਤ ਨੂੰ ਗੁਲਾਮ ਬਸਤੀ ਬਣਾਉਣ ਅਤੇ ਫਿਰ ਬਸਤੀਵਾਦੀ ਗੁਲਾਮੀ ਦੇ ਜੂਲੇ ਨੂੰ ਵਗਾਹ ਮਾਰਨ ਲਈ ਉੱਠਦੇ ਬਾਗੀ ਲੋਕ ਉਭਾਰ ਨੂੰ ਡੰਡੇ ਦੇ ਜ਼ੋਰ ਕੁਚਲ ਸੁੱਟਣ ਦੀ ਨੀਤੀ ਦਾ ਖੰਡਨ ਕਰਨ ਅਤੇ ਇਸ 'ਤੇ ਮੁਆਫੀ ਮੰਗਣ ਲਈ ਕਦਾਚਿਤ ਤਿਆਰ ਨਹੀਂ ਹੈ। ਪ੍ਰਧਾਨ ਮੰਤਰੀ ਮੇਅ ਦੇ ਬਿਆਨ ਪਿੱਛੇ ਕੰਮ ਕਰਦਾ ਲੁਕਵਾਂ ਤਰਕ ਇਹ ਹੈ ਕਿ ਬਰਤਾਨੀਆ ਵੱਲੋਂ ਡੰਡੇ ਦੇ ਜ਼ੋਰ (ਫੌਜੀ ਮਾਰਧਾੜ) ਨਾਲ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਕਈ ਦਰਜ਼ਨ ਮੁਲਕਾਂ ਨੂੰ ਆਪਣੀਆਂ ਬਸਤੀਆਂ/ਅਰਧ ਬਸਤੀਆਂ ਬਣਾਉਂਦਿਆਂ ਹੀ ਇੱਕ ਵਿਸ਼ਾਲ ਬਸਤੀਵਾਦੀ ਸਾਮਰਾਜ (ਐਮਪਾਈਰ) ਉਸਾਰਿਆ ਗਿਆ ਸੀ। ਇਹਨਾਂ ਬਸਤੀਆਂ/ਅਰਧ ਬਸਤੀਆਂ ਨੂੰ ਸੈਂਕੜੇ ਸਾਲ ਲੁੱਟਣ-ਕੁੱਟਣ ਰਾਹੀਂ ਹੀ ਬਰਤਾਨੀਆ ਸਭ ਤੋਂ ਵੱਧ ਸ਼ਕਤੀਸ਼ਾਲੀ ਸਾਮਰਾਜੀ ਤਾਕਤ ਵਜੋਂ ਉੱਭਰਿਆ ਸੀ। ਉਹ ਅੱਜ ਵੀ ਇੱਕ ਸਾਮਰਾਜੀ ਤਾਕਤ ਹੈ। ਚਾਹੇ ਸਾਮਰਾਜੀ ਖੇਮੇ ਵਿੱਚ ਉਸਦਾ ਪਹਿਲਾਂ ਵਾਲਾ ਰੁਤਬਾ ਬਰਕਰਾਰ ਨਹੀਂ ਰਿਹਾ, ਉਹ ਅੱਜ ਵੀ ਨਵ-ਬਸਤੀਆਨਾ ਲੁੱਟ-ਖੋਹ ਅਤੇ ਦਾਬੇ ਦੇ ਬਲਬੂਤੇ ਪਛੜੇ ਮੁਲਕਾਂ ਦੀ ਕਿਰਤ, ਜ਼ਮੀਨ-ਜਾਇਦਾਦ ਅਤੇ ਕੁਦਰਤੀ ਦੌਲਤ-ਖਜ਼ਾਨਿਆਂ ਨੂੰ ਚੂੰਡਣ ਦੇ ਰਾਹ 'ਤੇ ਚੱਲ ਰਿਹਾ ਹੈ। ਉਹ ਅੱਜ ਵੀ ਅਮਰੀਕੀ-ਸਾਮਰਾਜੀ ਮਹਾਂ ਤਾਕਤ ਦੀ ਅਗਵਾਈ ਹੇਠਲੇ ਸਾਮਰਾਜੀ ਗੁੱਟ ਵੱਲੋਂ ਪਛੜੇ ਮੁਲਕਾਂ (ਅਫਗਾਨਿਸਤਾਨ, ਇਰਾਕ, ਸੀਰੀਆ, ਲਿਬੀਆ ਆਦਿ) 'ਤੇ ਵਿੱਢੀ ਫੌਜੀ ਹਮਲੇ ਅਤੇ ਮਾਰਧਾੜ ਦੀ ਧਾੜਵੀ ਮੁਹਿੰਮ ਵਿੱਚ ਸ਼ਾਮਲ ਹੈ। 
ਸੋ ਕਹਿਣ ਦਾ ਮਤਲਬ ਹੈ ਕਿ ਉੱਨੀਵੀਂ ਸਦੀ ਦੇ ਅੰਤ ਤੱਕ ਇੱਕ ਬਸਤੀਵਾਦੀ ਤਾਕਤ ਵਜੋਂ ਅਤੇ ਵੀਹਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਇੱਕ ਸਾਮਰਾਜੀ ਤਾਕਤ ਵਜੋਂ ਬਰਤਾਨੀਆ ਦਾ ਇਤਿਹਾਸ ਪਛੜੇ ਮੁਲਕਾਂ ਨੂੰ ਡੰਡੇ ਦੇ ਜ਼ੋਰ ਪਹਿਲਾਂ ਬਸਤੀਵਾਦੀ/ਅਰਧ ਬਸਤੀਵਾਦੀ ਅਤੇ ਫਿਰ ਨਵ-ਬਸਤੀਵਾਦੀ ਅਧੀਨਗੀ ਹੇਠ ਰੱਖਣ ਦਾ ਇਤਿਹਾਸ ਹੈ। ਪਛੜੇ ਮੁਲਕਾਂ ਨੂੰ ਰੱਜ ਕੇ ਲੁੱਟ-ਕੁੱਟਣ ਦਾ ਇਤਿਹਾਸ ਹੈ। ਇਸ ਅਧੀਨਗੀ ਦੇ ਜੂਲੇ ਨੂੰ ਵਗਾਹ ਮਾਰਨ ਲਈ ਉੱਠਦੀ ਜਨਤਾ 'ਤੇ ਕਾਲੇ ਕਾਨੂੰਨ ਮੜ੍ਹਨ, ਜੇਲ੍ਹਾਂ ਵਿੱਚ ਤਾੜਨ, ਫਾਂਸੀਆਂ 'ਤੇ ਚਾੜ੍ਹਨ ਅਤੇ ਗੋਲੀਆਂ ਨਾਲ ਭੁੰਨਣ ਰਾਹੀਂ ਲਾਸ਼ਾਂ ਦੇ ਢੇਰ ਵਿਛਾਉਣ ਦਾ ਇਤਿਹਾਸ ਹੈ। ਬਰਤਾਨਵੀ ਸਾਮਰਾਜੀ ਹਾਕਮਾਂ ਨੂੰ ਆਪਣੇ ਇਸ ਇਤਿਹਾਸ 'ਤੇ ਫਖ਼ਰ ਹੈ। ਉਹਨਾਂ ਆਪਣੀ ਬਸਤੀਵਾਦੀ ਅਤੇ ਸਾਮਰਾਜੀ ਮਾਰਧਾੜ ਦੇ ਕਾਲੇ ਕਾਰਨਾਮਿਆਂ ਅਤੇ ਮਾਰਧਾੜ ਦੀ ਨੀਤੀ ਤੇ ਦਸਤੂਰ 'ਤੇ ਨਾਂ ਹੀ ਕੋਈ ਸ਼ਰਮ ਹੈ, ਨਾ ਹੀ ਕੋਈ ਅਫਸੋਸ ਹੈ। ਉਹ ਆਪਣੇ ਇਹਨਾਂ ਕਾਰਨਾਮਿਆਂ ਬਾਰੇ ਕਦੀ ਵੀ ਮੁਆਫੀ ਨਹੀਂ ਮੰਗ ਸਕਦੇ। 
ਜੱਲ੍ਹਿਆਂਵਾਲਾ ਦੇ ਸਾਕੇ ਬਾਰੇ ਮੁਆਫੀ ਦੀ ਮੰਗ ਕਿਉਂ? 
ਮੁੱਖ ਤੌਰ 'ਤੇ ਜਿਹਨਾਂ ਹਾਕਮ ਜਮਾਤੀ ਸਿਆਸੀ ਤੇ ਬੁੱਧੀਜੀਵੀ ਹਲਕਿਆਂ ਵਿਚੋਂ ਮੁਆਫੀ ਦੀ ਮੰਗ ਉੱਭਰ ਰਹੀ ਹੈ, ਉਹਨਾਂ ਨੂੰ ਭਲੀਭਾਂਤ ਇਹ ਪਤਾ ਹੈ ਕਿ ਬਰਤਾਨਵੀ ਹਾਕਮਾਂ ਵੱਲੋਂ ਇਸ ਕਤਲੇਆਮ ਬਾਰੇ ਮੁਆਫੀ ਮੰਗਣ ਦੀ ਗੁੰਜਾਇਸ਼ ਨਹੀਂ ਹੈ। ਜੇ ਫਿਰ ਵੀ ਉਹਨਾਂ ਵੱਲੋਂ ਇਹ ਮੰਗ ਉਭਾਰੀ ਜਾ ਰਹੀ ਹੈ, ਤਾਂ ਇਸਦਾ ਇੱਕ ਮਕਸਦ ਇਹ ਮੱਤ ਉਭਾਰਨਾ ਹੈ ਕਿ 1947 ਤੋਂ ਪਹਿਲਾਂ ਭਾਰਤ ਬਰਤਾਨੀਆ ਦੀ ਇੱਕ ਬਸਤੀ ਸੀ। ਹੁਣ ਭਾਰਤ ਇੱਕ ਆਜ਼ਾਦ ਦੇਸ਼ ਹੈ। ਦੋਵਾਂ ਮੁਲਕਾਂ ਵਿੱਚ ਬਰਾਬਰਤਾ ਅਤੇ ਪ੍ਰਸਪਰ ਸਹਿਯੋਗ 'ਤੇ ਆਧਾਰਤ ਰਿਸ਼ਤਾ ਵਿਕਸਤ ਕਰਨ ਦੇ ਮਾਮਲੇ ਵਿੱਚ ਬਰਤਾਨਵੀਂ ਹਕੂਮਤ ਵੱਲੋਂ ਬਸਤੀਵਾਦੀ ਦੌਰ ਵਿੱਚ ਜੱਲ੍ਹਿਆਂਵਾਲਾ ਬਾਗ ਵਰਗੇ ਕਤਲੇਆਮ ਅਜੇ ਵੀ ਖਟਾਸ ਘੋਲ ਰਹੇ ਹਨ। ਜੇ ਬਰਤਾਨਵੀਂ ਹਕੂਮਤ ਹੁਣ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਸੌਵੀਂ ਵਰ੍ਹੇ ਗੰਢ 'ਤੇ ਮੁਆਫੀ ਮੰਗ ਲਵੇ ਤਾਂ ਇਹ ਖਟਾਸ ਘਟਾਈ ਤੇ ਦੂਰ ਕੀਤੀ ਜਾ ਸਕਦੀ ਹੈ ਅਤੇ ਆਪਸੀ ਰਿਸ਼ਤਾ ਹੋਰ ਸੁਖਾਵਾਂ ਤੇ ਵਧੀਆ ਬਣਾਇਆ ਜਾ ਸਕਦਾ ਹੈ। ਦੂਜਾ ਮਕਸਦ ਹੈ- ਬਸਤੀਵਾਦੀ ਦੌਰ ਵਿੱਚ ਬਰਤਾਨਵੀਂ ਜਾਬਰ ਹਾਕਮਾਂ ਵੱਲੋਂ ਮੁਲਕ ਦੀ ਮੁਕਤੀ ਲਈ ਲੜਦੇ ਲੋਕਾਂ 'ਤੇ ਢਾਹੇ ਨਾ ਭੁੱਲਣਯੋਗ ਅਤੇ ਨਾ-ਮੁਆਫੀਯੋਗ ਜ਼ੁਲਮਾਂ ਅਤੇ ਰਚਾਏ ਅਣਗਿਣਤ ਕਤਲੇਆਮਾਂ ਨੂੰ ਮੁਆਫੀ ਦੇਣ ਯੋਗ ਸਮਝਦਿਆਂ, ਇਹਨਾਂ 'ਤੇ ਮਿੱਟੀ ਪਾਉਣ ਦੀ ਪਹੁੰਚ ਅਖਤਿਆਰ ਕਰਨਾ ਹੈ। ਇਉਂ, ਇੱਕ ਸਾਮਰਾਜੀ ਬਸਤੀਵਾਦੀ ਤਾਕਤ ਅਤੇ ਬਸਤੀ (ਭਾਰਤ) ਦੇ ਲੋਕਾਂ ਦਰਮਿਆਨ ਬੁਨਿਆਦੀ ਅਤੇ ਦੁਸ਼ਮਣਾਨਾ ਟਕਰਾਅ ਦੇ ਰਿਸ਼ਤੇ ਨੂੰ ਉਘਾੜਦੀ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਸਮੇਤ ਮੁਲਕ ਦੇ ਲੱਖਾਂ ਸ਼ਹੀਦਾਂ ਵੱਲੋਂ ਵਾਹੀ ਖ਼ੂਨ ਦੀ ਲਕੀਰ 'ਤੇ ਮਿੱਟੀ ਪਾਉਣਾ ਹੈ। ਤੀਜਾ ਮਕਸਦ- ਅੱਜ ਭਾਰਤ ਨੂੰ ਇੱਕ ਆਜ਼ਾਦ ਮੁਲਕ ਵਜੋਂ ਪੇਸ਼ ਕਰਦਿਆਂ, ਅੱਜ ਵੀ ਬਰਤਾਨੀਆ ਸਮੇਤ ਸੰਸਾਰ ਸਾਮਰਾਜ ਨਾਲ ਭਾਰਤ ਦੇ ਨਵ-ਬਸਤੀਵਾਦੀ ਅਧੀਨਗੀ ਹੇਠ ਹੋਣ ਦੀ ਹਕੀਕਤ 'ਤੇ ਪਰਦਾਪੋਸ਼ੀ ਕਰਨਾ ਹੈ। ਅੱਜ ਵੀ ਸਾਮਰਾਜੀਆਂ ਅਤੇ ਉਹਨਾਂ ਦੀਆਂ ਦਲਾਲ ਹਾਕਮ ਜਮਾਤਾਂ ਦੇ ਆਪਾਸ਼ਾਹ ਰਾਜ ਵੱਲੋਂ ਸਾਮਰਾਜੀ-ਜਾਗੀਰੂ ਲੁੱਟ-ਖੋਹ ਨੂੰ ਬਰਕਰਾਰ ਰੱਖਣ ਲਈ ਮੁਲਕ ਅੰਦਰ ਲੋਕਾਂ 'ਤੇ ਢਾਹੇ ਜਾ ਰਹੇ ਜਬਰੋ-ਜ਼ੁਲਮ, ਮਾਰਧਾੜ ਤੇ ਕਤਲੋਗਾਰਦ ਦੀ ਮੁਹਿੰਮ 'ਤੇ ਪਰਦਾ ਪਾਉਣਾ ਹੈ। 
ਕੌਮੀ ਮੁਕਤੀ ਦੇ ਸ਼ਾਨਦਾਰ ਇਤਿਹਾਸ ਨੂੰ ਬੁਲੰਦ ਕਰੋ
ਸੋ, ਸਾਮਰਾਜੀ ਹਲਕਿਆਂ ਅਤੇ ਭਾਰਤ ਦੇ ਹਾਕਮ ਜਮਾਤੀ ਸਿਆਸੀ ਹਿੱਸਿਆਂ ਵੱਲੋਂ ਉਭਾਰੀ ਜਾ ਰਹੀ ਮੁਆਫੀ ਦੀ ਮੰਗ ਪਿੱਛੇ ਲੋਕ ਦੁਸ਼ਮਣ ਅਤੇ ਦੇਸ਼ ਧਰੋਹੀ ਮਕਸਦ ਛੁਪੇ ਹੋਏ ਹਨ। ਮੁਲਕ ਦੇ ਮਿਹਨਤਕਸ਼ ਲੋਕਾਂ ਵਾਸਤੇ ਅਜਿਹੀ ਮੰਗ ਦਾ ਨਾ ਸਿਰਫ ਕੋਈ ਆਧਾਰ ਨਹੀਂ ਹੈ, ਸਗੋਂ ਉਹਨਾਂ ਨੂੰ ਇਸ ਮੰਗ ਪਿੱਛੇ ਛੁਪੇ ਲੋਕ ਦੋਖੀ ਮਕਸਦਾਂ ਨੂੰ ਬੁੱਝਦਿਆਂ, ਇਹਨਾਂ ਨੂੰ ਨੰਗਾ ਕਰਨਾ ਚਾਹੀਦਾ ਹੈ। 
ਇਸਦੇ ਐਨ ਉਲਟ, ਸਭਨਾਂ ਕਮਿਊਨਿਸਟ ਇਨਕਲਾਬੀ, ਸਭਨਾਂ ਇਨਕਲਾਬੀ ਜਮਹੂਰੀ ਅਤੇ ਦੋਸ਼ਭਗਤ ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਭਾਰਤ ਦੇ ਲੋਕਾਂ ਵੱਲੋਂ ਮੁਲਕ ਨੂੰ ਬਸਤੀਵਾਦੀ ਸਾਮਰਾਜ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਨ ਲਈ ਲੜੇ ਸ਼ਾਨਾਂਮੱਤੇ ਸੰਗਰਾਮ ਦੌਰਾਨ ਸਿਦਕਦਿਲੀ ਨਾਲ ਜਬਰ-ਤਸ਼ੱਦਦ ਮੂਹਰੇ ਸਾਬਤਕਦਮ ਰਹਿਣ, ਹੱਸ ਹੱਸ ਕੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਣ ਅਤੇ ਹਿੱਕਾਂ ਵਿੱਚ ਗੋਲੀਆਂ ਖਾ ਕੇ ਸ਼ਹਾਦਤੀ ਜਾਮ ਪੀਣ ਦੇ ਉਹਨਾਂ ਅਣਗਿਣਤ ਕਾਬਲੇਫਖਰ ਸ਼ਾਨਾਂਮੱਤੇ ਕਾਰਨਾਮਿਆਂ ਨੂੰ ਬੁਲੰਦ ਕਰਦਿਆਂ, ਐਲਾਨ ਕਰਨਾ ਚਾਹੀਦਾ ਹੈ ਕਿ ਅੰਗਰੇਜ਼ ਹਾਕਮਾਂ ਵੱਲੋਂ ਰਚੇ ਜਬਰ-ਜ਼ੁਲਮ ਦੇ ਕਾਂਡ ਨਾਮੁਆਫੀਯੋਗ ਗੁਨਾਹ ਹਨ। ਇਹਨਾਂ ਬੱਜਰ ਗੁਨਾਹਾਂ ਦੀ ਸਜ਼ਾ ਭਾਰਤ 'ਤੇ ਸਾਮਰਾਜ ਦੇ ਨਵ-ਬਸਤੀਆਨਾ ਗਲਬੇ ਦਾ ਮੁਕੰਮਲ ਫਸਤਾ ਵੱਢਣ ਅਤੇ ਉਸਦੀਆਂ ਦਲਾਲ ਹਾਕਮ ਜਮਾਤਾਂ ਦੇ ਰਾਜ ਭਾਗ ਦਾ ਭੋਗ ਪਾਉਣ ਲਈ ਲੜੀ ਜਾ ਰਹੀ ਇਨਕਲਾਬੀ ਜੰਗ ਰਾਹੀਂ ਦਿੱਤੀ ਜਾਵੇਗੀ। ਜੰਗ, ਜਿਹੜੀ 1947 ਤੋਂ ਪਹਿਲਾਂ ਬਸਤੀਵਾਦ, ਰਜਵਾੜਾਸ਼ਾਹੀ-ਜਾਗੀਰਦਾਰੀ ਖਿਲਾਫ ਲੜੀ ਗਈ ਸੀ, ਜਿਹੜੀ ਅੱਜ ਵੀ ਜਾਰੀ ਹੈ, ਜੋ ਸਾਮਰਾਜ ਅਤੇ ਉਸਦੀਆਂ ਚਾਟੜੀਆਂ ਹਾਕਮ ਜਮਾਤਾਂ ਦੇ ਪਿਛਾਖੜੀ ਰਾਜਭਾਗ ਨੂੰ ਮੌਤ ਕੰਬਣੀਆਂ ਛੇੜ ਰਹੀ ਹੈ। ੦-੦

ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸੌਵੀਂ ਬਰਸੀ 'ਤੇ ਸਿਜਦਾ

ਇਨਕਲਾਬ-ਜ਼ਿੰਦਾਬਾਦ!     ਲੋਕ ਸੰਗਰਾਮ ਮੰਚ-ਜ਼ਿੰਦਾਬਾਦ!!
ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸੌਵੀਂ ਬਰਸੀ 'ਤੇ ਸਿਜਦਾ ਕਰਨ ਲਈ
ਖਰੀ ਆਜ਼ਾਦੀ ਅਤੇ ਜਮਹੂਰੀਅਤ ਲਈ ਜੰਗ ਨੂੰ ਪਰਚੰਡ ਕਰੋ

13 ਅਪ੍ਰੈਲ 2019 ਨੂੰ ਜੱਲ੍ਹਿਆਂਵਾਲਾ ਬਾਗ ਦੇ ਘੱਲੂਘਾਰੇ ਦੀ ਸੌਵੀਂ ਬਰਸੀ ਹੈ। 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜੱਲ੍ਹਿਆਂਵਾਲਾ ਬਾਗ ਵਿਖੇ ਲੋਕਾਂ ਵੱਲੋਂ ਇੱਕ ਵੱਡਾ ਜਨਤਕ ਇਕੱਠਾ ਕੀਤਾ ਗਿਆ ਸੀ, ਜਿਸਦਾ ਮਕਸਦ ਬਸਤੀਵਾਦੀ ਅੰਗਰੇਜ਼ ਹਾਕਮਾਂ ਵੱਲੋਂ ਲਿਆਂਦੇ ਜਾ ਰਹੇ ''ਰੋਲਟ ਐਕਟ'' ਦੇ ਨਾਂ ਨਾਲ ਜਾਣੇ ਜਾਂਦੇ ਕਾਲੇ ਕਾਨੂੰਨ ਦਾਵਿਰੋਧ ਕਰਨਾ ਸੀ। ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਦੇ ਹੁਕਮਾਂ 'ਤੇ ਬਰਗੇਡੀਅਰ ਜਨਰਲ ਡਾਇਰ ਦੀ ਅਗਵਾਈ ਹੇਠ ਇੱਕ ਹਥਿਆਰਬੰਦ ਫੌਜੀ ਦਸਤੇ ਵੱਲੋਂ ਨਿਹੱਥੇ ਲੋਕਾਂ ਦੇ ਇਕੱਠ 'ਤੇ ਗੋਲੀਆਂ ਦੀ ਵਾਛੜ ਕੀਤੀ ਗਈ, ਜਿਸਦੇ ਸਿੱਟੇ ਵਜੋਂ ਸਰਕਾਰੀ ਰਿਕਾਰਡ ਮੁਤਾਬਿਕ 379 ਵਿਅਕਤੀ ਮਾਰੇ ਗਏ ਅਤੇ 1000 ਵਿਅਕਤੀ ਜਖ਼ਮੀ ਹੋ ਗਏ। ਕੁੱਝ ਹੋਰ ਅੰਦਾਜ਼ਿਆਂ ਮੁਤਾਬਕ ਮੌਤ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਤਕਰੀਬਨ 1000 ਸੀ ਅਤੇ ਜਖ਼ਮੀ ਹੋਣ ਵਾਲਿਆਂ ਦੀ ਗਿਣਤੀ 3000 ਤੋਂ ਵੱਧ ਸੀ। ਬਸਤੀਵਾਦੀ ਅੰਗਰੇਜ਼ ਹਾਕਮਾਂ ਵੱਲੋਂ ਮੁਲਕ ਦੇ ਲੋਕਾਂ ਦਾ ਰਚਾਇਆ ਗਿਆ ਇਹ ਕਤਲੇਆਮ ਨਾ ਪਹਿਲਾ ਸੀ ਅਤੇ ਨਾ ਹੀ ਆਖਰੀ। ਉਹਨਾਂ ਵੱਲੋਂ ਇਸ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਬਸਤੀਵਾਦੀ ਸਾਮਰਾਜੀ ਰਾਜ ਦਾ ਫਸਤਾ ਵੱਢਣ ਦੀ ਮੰਗ ਨੂੰ ਲੈ ਕੇ ਉੱਠਦੇ ਜਨਤਕ ਉਭਾਰਾਂ ਨੂੰ ਦਰੜ ਸੁੱਟਣ ਲਈ ਅਨੇਕਾਂ ਕਤਲੇਆਮ ਰਚੇ ਗਏ। 
ਇਹ ਘੱਲੂਘਾਰਾ ਕਿਉਂ ਕੀਤਾ ਗਿਆ?
ਇਹ ਘੱਲੂਘਾਰਾ ਉਸ ਹਾਲਤ ਵਿੱਚ ਕੀਤਾ ਗਿਆ, ਜਦੋਂ 1915 ਵਿੱਚ ਗ਼ਦਰ ਪਾਰਟੀ ਦੀ ਅਗਵਾਈ ਵਿੱਚ ਜਥੇਬੰਦ ਕੀਤਾ ਗਿਆ ਹਥਿਆਰਬੰਦ ਗ਼ਦਰ ਚਾਹੇ ਬਸਤੀਵਾਦੀ ਰਾਜ ਵੱਲੋਂ ਕੁਚਲ ਦਿੱਤਾ ਗਿਆ ਸੀ, ਪਰ ਹਥਿਆਰਬੰਦ ਵਿਦਰੋਹ ਦੇ ਸਿਰ ਚੁੱਕਣ ਦਾ ਹਊਆ ਅੰਗਰੇਜ਼ ਹਾਕਮਾਂ ਦੇ ਸਿਰ ਮੰਡਰਾ ਰਿਹਾ ਸੀ। ਗ਼ਦਰੀ ਸੂਰਬੀਰਾਂ ਦੀਆਂ ਹੱਸ ਹੱਸ ਕੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਕੇ ਦਿੱਤੀਆਂ ਸ਼ਹਾਦਤਾਂ ਅਤੇ ਕਾਲੇ ਪਾਣੀਆਂ ਦੀਆਂ ਕਾਲ ਕੋਠੜੀਆਂ ਵਿੱਚ ਤਸੀਹਿਆਂ ਸਾਹਮਣੇ ਅਡੋਲ ਚਿੱਤ ਸਿਦਕਦਿਲੀ ਦੀਆਂ ਮਿਸਾਲਾਂ ਲੋਕਾਂ ਲਈ ਸੰਗਰਾਮੀ ਪ੍ਰੇਰਨਾ ਸਰੋਤ ਬਣ ਰਹੀਆਂ ਸਨ। ਇਹ ਹਾਲਤ ਦਾ ਇੱਕ ਪੱਖ ਸੀ। ਹਾਲਤ ਦਾ ਦੂਜਾ ਪੱਖ ਇਹ ਸੀ ਕਿ ਬਰਤਾਨਵੀ ਸਾਮਰਾਜੀਆਂ ਵੱਲੋਂ ਭਾਰਤ ਦੇ ਬਸਤੀਵਾਦੀ ਰਾਜ ਨੂੰ ਪਹਿਲੀ ਸੰਸਾਰ ਜੰਗ ਵਿੱਚ ਧੂਹਣ ਕਰਕੇ ਮੁਲਕ ਨੂੰ ਸਾਮਰਾਜੀ ਜੰਗ ਦੇ ਤਬਾਹਕੁੰਨ ਅਸਰਾਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਸੀ। ਕਮਾਊ ਲੋਕਾਂ ਨੂੰ ਜਬਰੀ ਭਰਤੀ ਰਾਹੀਂ ਨਿਹੱਕੀ ਜੰਗ ਦਾ ਚਾਰਾ ਬਣਾਉਣ, ਹਜ਼ਾਰਾਂ ਫੌਜੀਆਂ ਦੀਆਂ ਮੌਤਾਂ, ਲੋਕਾਂ 'ਤੇ ਜੰਗੀ ਖਰਚਿਆਂ ਦਾ ਲੱਦਿਆ ਜਾ ਰਿਹਾ ਬੋਝ, ਲੱਕ-ਤੋੜ ਮਾਲੀਆ, ਪੈਦਾਵਾਰ ਦੀਆਂ ਕੀਮਤਾਂ ਨੂੰ ਥੱਲੇ ਡੇਗਣ, ਅੰਨ੍ਹੀਂ ਜਾਗੀਰੂ ਅਤੇ ਸੂਦਖੋਰੀ ਲੁੱਟ-ਖੋਹ ਆਦਿ ਜਿਹੀਆਂ ਅਲਾਮਤਾਂ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੋਰਨਾਂ ਮਿਹਨਤਕਸ਼ ਤਬਕਿਆਂ ਵਿੱਚ ਤਿੱਖੀ ਅਤੇ ਵਿਆਪਕ ਬੇਚੈਨੀ, ਗੁੱਸੇ ਅਤੇ ਲੜਾਕੂ ਰੌਂਅ ਦੇ ਪਸਾਰੇ ਨੂੰ ਵੇਗ ਮੁਹੱਈਆ ਕਰ ਰਹੀਆਂ ਸਨ। ਤੀਜਾ ਪੱਖ— ਅਕਤੂਬਰ 1917 ਨੂੰ ਰੂਸ ਵਿੱਚ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਸੰਸਾਰ ਵਿੱਚ ਪਹਿਲੇ ਸਮਾਜਵਾਦੀ ਰਾਜ ਦਾ ਸੂਰਜ ਉਦੇ ਹੋ ਗਿਆ ਸੀ। ਇਸ ਯੁੱਗ-ਪਲਟਾਊ ਘਟਨਾ-ਵਿਕਾਸ ਨੇ ਸੰਸਾਰ ਭਰ ਦੀ ਮਜ਼ਦੂਰ ਜਮਾਤ, ਸਾਮਰਾਜੀ ਅਧੀਨਗੀ ਤੇ ਲੁੱਟ-ਖੋਹ ਦਾ ਸ਼ਿਕਾਰ ਪਛੜੇ ਮੁਲਕਾਂ ਦੇ ਦੱਬੇ-ਕੁਚਲੇ ਲੋਕਾਂ ਅਤੇ ਕੌਮਾਂ ਵਿੱਚ ਸਾਮਰਾਜ-ਵਿਰੋਧੀ ਜਾਗਰਤੀ ਦੇ ਇੱਕ ਨਵੇਂ ਦੌਰ ਦਾ ਆਰੰਭ ਕਰ ਦਿੱਤਾ ਸੀ। ਨਤੀਜੇ ਵਜੋਂ ਸੰਸਾਰ ਅੰਦਰ ਜਿੱਥੇ ਪੂੰਜੀਵਾਦੀ ਮੁਲਕਾਂ ਵਿੱਚ ਮਜ਼ਦੂਰ ਜਮਾਤ ਦੀ ਸਮਾਜਵਾਦੀ ਲਹਿਰ ਦਾ ਤਰਥੱਲਪਾਊ ਉਭਾਰ ਸ਼ੁਰੂ ਹੋ ਗਿਆ ਸੀ, ਉੱਥੇ ਪਛੜੇ ਮੁਲਕਾਂ ਵਿੱਚ ਸਾਮਰਾਜੀ ਬਸਤੀਵਾਦੀ ਦਾਬੇ ਅਤੇ ਲੁੱਟ ਦਾ ਫਸਤਾ ਵੱਢਣ ਵੱਲ ਸੇਧਤ ਕੌਮੀ ਮੁਕਤੀ ਲਹਿਰਾਂ ਦੀ ਉਠਾਣ ਤੂਫਾਨੀ ਸ਼ਕਲ ਅਖਤਿਆਰ ਕਰ ਰਹੀ ਸੀ। ਦੁਨੀਆਂ ਭਰਦੇ ਮਜ਼ਦੂਰਾਂ, ਦੱਬੇ-ਕੁਚਲੇ ਲੋਕਾਂ ਅਤੇ ਕੌਮਾਂ ਦਾ ਇਹ ਸਾਮਰਾਜ ਵਿਰੋਧੀ ਉਭਾਰ ਅਤੇ ਇਸਦੇ ਕਾਫਲਿਆਂ ਵਿੱਚੋਂ ਗੂੰਜਦਾ ''ਦੁਨੀਆਂ ਭਰ ਦੇ ਮਜ਼ਦੂਰੋ ਅਤੇ ਦੱਬੇ-ਕੁਚਲੇ ਲੋਕੋ ਇੱਕ ਹੋ ਜਾਓ'' ਦਾ ਨਾਹਰਾ ਭਾਰਤੀ ਲੋਕਾਂ ਦੀ ਸਾਮਰਾਜੀ ਵਸਤੀਵਾਦ ਤੋਂ ਮੁਕਤੀ ਦੀ ਮਘਦੀ ਤਾਂਘ ਨੂੰ ਝੋਕਾ ਲਾਉਣ ਦਾ ਕੰਮ ਕਰ ਰਿਹਾ ਸੀ। 
ਉਪਰੋਕਤ ਹਾਲਤ ਮੁਲਕ ਭਰ ਅੰਦਰ ਅੰਗਰੇਜ਼ੀ ਰਾਜ ਖਿਲਾਫ ਨਫਰਤ ਅਤੇ ਰੋਹ ਨਾਲ ਭਰੇ ਪੀਤੇ ਲੋਕਾਂ ਨੂੰ ਕੋਮੀ ਮੁਕਤੀ ਸੰਗਰਾਮ ਦੇ ਪਿੜ ਅੰਦਰ ਆਪ-ਮੁਹਾਰੇ ਧੂਹੇ ਜਾਣ ਦਾ ਆਦਾਰ ਬਣ ਰਹੀ ਸੀ। ਮੁਲਕ ਦੇ ਕੋਨੇ ਕੋਨੇ ਵਿੱਚ ਅੰਗਰੇਜ਼ੀ ਰਾਜ ਖਿਲਾਫ ਸੁਲਘ ਰਹੇ ਰੋਹ ਦੀਆਂ ਚੰਗਿਆੜੀਆਂ ਭਖ ਉੱਠਣ ਦਾ ਸਿਲਸਿਲਾ ਜ਼ੋਰ ਫੜ ਰਿਹਾ ਸੀ। ਹਿੰਸਕ ਅਤੇ ਗੈਰ-ਹਿੰਸਕ ਜਨਤਕ ਸਰਗਰਮੀਆਂ ਦਾ ਵਰਤਾਰਾ ਜ਼ੋਰ ਫੜ ਰਿਹਾ ਸੀ। ਪੰਜਾਬ ਅਤੇ ਬੰਗਾਲ ਇਹਨਾਂ ਸਰਗਰਮੀਆਂ ਦਾ ਉੱਭਰਵਾਂ ਅਖਾੜਾ ਬਣ ਰਹੇ ਸਨ। ਮੁਲਕ-ਵਿਆਪੀ ਉੱਥਲ-ਪੁਥਲ ਦੀ ਸ਼ਕਲ ਅਖਤਿਆਰ ਕਰ ਰਿਹਾ ਇਹ ਵਰਤਾਰਾ ਭਾਰਤ ਦੀ ਬਸਤੀਵਾਦੀ-ਸਾਮਰਾਜ ਵਿਰੋਧੀ ਅਤੇ ਜਾਗੀਰਦਾਰੀ ਵਿਰੋਧੀ ਕੌਮੀ ਮੁਕਤੀ ਲਹਿਰ ਦਾ ਪੈੜਾ ਬੰਨ੍ਹ ਰਿਹਾ ਸੀ। ਅੰਗਰੇਜ਼ ਹਾਕਮਾਂ ਨੂੰ ਇਸ ਵਰਤਾਰੇ ਵਿੱਚੋਂ ਸ਼ਕਲ ਅਖਤਿਆਰ ਕਰ ਰਹੇ ਇੱਕ ਹੋਰ ''ਅਕਤੂਬਰ ਇਨਕਲਾਬ'' ਦਾ ਪ੍ਰੇਤ-ਝਾਊਲਾ ਪੈ ਰਿਹਾ ਸੀ। ਜਿਸ ਨੇ ਨਾ ਸਿਰਫ ਮੁਲਕ ਅੰਦਰ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲ ਰਜਵਾੜਾਸ਼ਾਹੀ-ਜਾਗੀਰਦਾਰੀ ਅਤੇ ਦਲਾਲ ਸਰਮਾਏਦਾਰੀ ਲਈ ਮੌਤ ਦੀ ਘੰਟੀ ਹੋਣਾ ਸੀ, ਸਗੋਂ ਸੰਸਾਰ ਪੱਧਰ 'ਤੇ ਸਾਮਰਾਜ ਨੂੰ ਮੌਤ ਦਾ ਧੁੜਕੂ ਲਾ ਰਹੇ ਰੂਸ ਦੇ ਸਮਾਜਵਾਦੀ ਇਨਕਾਲਬ ਤੋਂ ਬਾਅਦ ਸਾਮਰਾਜ ਲਈ ਇੱਕ ਹੋਰ ਚੁਣੌਤੀ ਬਣਦਾ ਸੰਸਾਰ ਇਨਕਲਾਬ ਦਾ ਕਿਲਾ ਹੋਣਾ ਸੀ। 
ਰੋਲਟ ਐਕਟ— ਅੰਗਰੇਜ਼ ਹਾਕਮਾਂ ਦੀਆਂ ਪੇਸ਼ਬੰਦੀਆਂ ਦਾ ਹਿੱਸਾ
ਸੋ, ਅੰਗਰੇਜ਼ ਹਾਕਮਾਂ ਲਈ ਮੁਲਕ ਅੰਦਰ ਬਣ ਰਹੀ ਉਥਲ-ਪੁਥਲ ਵਾਲੀ ਹਾਲਤ ਨੂੰ ਨਜਿੱਠਣ ਦਾ ਮਾਮਲਾ ਸਹੇ ਦੀ ਹੀ ਨਹੀਂ, ਪਹੇ ਦੀ ਵੀ ਗੱਲ ਸੀ, ਯਾਨੀ ਮੌਜੂਦਾ ਜਨਤਕ ਉਭਾਰ ਦੇ ਜ਼ੋਰ ਫੜ ਰਹੇ ਵਰਤਾਰੇ ਨੂੰ ਠੱਲ੍ਹ ਪਾਉਣ ਦੇ ਨਾਲ ਹੀ ਸਿਰ ਚੁੱਕ ਰਹੇ ਇਨਕਲਾਬ ਦੇ ਖਤਰੇ ਤੋਂ ਵੀ ਸੁਰਖਰੂ ਹੋਣ ਦੀ ਗੱਲ ਸੀ। ਇਸ ਵਾਸਤੇ ਸ਼ਾਤਰ ਅੰਗਰੇਜ਼ ਹਾਕਮਾਂ ਵੱਲੋਂ ਦੋ ਧਾਰੀ ਨੀਤੀ ਅਖਤਿਆਰ ਕੀਤੀ ਗਈ। ਜਿੱਥੇ ਹਿੰਸਕ ਅਤੇ ਗੈਰ-ਹਿੰਸਕ ਜਨਤਕ ਵਿਦਰੋਹ ਦੇ ਵਰਤਾਰੇ ਨੂੰ ਬੇਕਿਰਕ ਜਬਰ-ਤਸ਼ੱਦਦ ਰਾਹੀਂ ਕੁਚਲਣ ਦਾ ਢੰਗ ਅਪਣਾਇਆ ਗਿਆ, ਉੱਥੇ ਮੁਲਕ ਭਰ ਦੀਆਂ ਕੌਮੀਅਤਾਂ ਦੇ ਬਸਤੀਵਾਦੀ ਵਿਰੋਧੀ ਅਤੇ ਮੁਲਕ ਵਿਆਪੀ ਏਕੇ ਨੂੰ ਫਿਰਕੂ ਲੀਹਾਂ 'ਤੇ ਵੰਡਣ, ਵਿਸ਼ੇਸ਼ ਕਰਕੇ ਮੁਲਕ ਭਰ ਵਿੱਚ ਮੁਕਾਬਲਤਨ ਸਭ ਤੋਂ ਵੱਧ ਵਿਕਸਤ ਪੰਜਾਬੀ ਕੌਮ ਅਤੇ ਬੰਗਲਾ ਕੌਮ ਨੂੰ ਫਿਰਕੂ ਆਧਾਰ 'ਤੇ ਵੰਡਣ ਅਤੇ ਕੌਮੀ ਮੁਕਤੀ ਲਹਿਰ ਨੂੰ ਲੀਹੋਂ ਲਾਹੁਣ ਲਈ ਧਰਮ-ਆਧਾਰਤ ਕੌਮ ਦੇ ਸੰਕਲਪ ਅਨੁਸਾਰ ਘੜੇ ''ਦੋ ਕੌਮਾਂ ਦੇ ਸਿਧਾਂਤ'' ਨੂੰ ਉਭਾਰਨ ਦਾ ਬੀੜਾ ਚੁੱਕਿਆ ਗਿਆ। ''ਦੋ ਕੌਮਾਂ ਦੇ ਸਿਧਾਂਤ'' ਦੇ ਘਾੜਤਕਾਰੇ ਵਜੋਂ ਵੀਰ ਦਮੋਦਰ ਸਾਵਰਕਰ ਨੂੰ ਥਾਪੜਾ ਦਿੱਤਾ ਗਿਆ। ਸਾਵਰਕਰ ਅੰਗਰੇਜ਼ ਰਾਜ ਖਿਲਾਫ ਹਿੰਸਕ ਕਾਰਵਾਈਆਂ ਜਥੇਬੰਦ ਕਰਨ ਦੇ ਦੋਸ਼ ਹੇਠ ਅੰਡੇਮਾਨ-ਨਿਕੋਬਾਰ ਦੀ ਸੈਲੂਲਰ ਜੇਲ੍ਹ ਵਿੱਚ ਬੰਦ ਸੀ। ਇੱਥੇ ਸਾਵਰਕਰ ਵੱਲੋਂ ਅੰਗਰੇਜ਼ੀ ਹਾਕਮਾਂ ਅੱਗੇ ਗੋਡੇ ਟੇਕਦਿਆਂ, ਚਾਰ ਵਾਰ ਲਿਖਤੀ ਮੁਆਫੀ ਮੰਗੀ ਗਈ ਅਤੇ ਅੰਗਰੇਜ਼ੀ ਰਾਜ ਪ੍ਰਤੀ ਵਫਾਦਾਰ ਰਹਿਣ ਦਾ ਅਹਿਦਨਾਮਾ ਦਿੱਤਾ ਗਿਆ। ਜਿਸ ਨੂੰ ਮਨਜੂਰ ਕਰਦਿਆਂ ਅੰਗਰੇਜ਼ ਹਾਕਮਾਂ ਵੱਲੋਂ ਉਸ ਨੂੰ ''ਦੋ ਕੌਮਾਂ ਦੇ ਸਿਧਾਂਤ'' ਅਤੇ ''ਹਿੰਦੂਤਵ'' ਦੇ ਸਿਧਾਂਤਕਾਰ ਵਜੋਂ ਸ਼ਿੰਗਾਰਦਿਆਂ, ਜੇਲ੍ਹ ਤੋਂ ਮੁਕਤ ਕਰ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆ ਕੇ ਉਹ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਸਜ ਗਿਆ ਅਤੇ ਫਿਰ ਮੂੰਜੇ ਤੇ ਡਾ. ਹੈਡਗੇਵਾਰ ਨਾਲ ਰਲ ਕੇ 1925 ਵਿੱਚ ਫਿਰਕੂ-ਫਾਸ਼ੀ ਜਥੇਬੰਦੀ ਆਰ.ਐਸ.ਐਸ. ਦੀ ਨੀਂਹ ਰੱਖੀ ਗਈ। ਇਉਂ, ਅੰਗਰੇਜ਼ ਹਾਕਮਾਂ ਵੱਲੋਂ ਨਾ ਸਿਰਫ ਮੁਲਕ ਅੰਦਰ ਬਸਤੀਵਾਦੀ ਸਾਮਰਾਜ ਵਿਰੋਧੀ ਜਨਤਕ ਲਹਿਰ ਨੂੰ ਫਿਰਕੂ ਲੀਹਾਂ 'ਤੇ ਵੰਡਣ ਦਾ ਪੱਤਾ ਚੱਲਿਆ ਗਿਆ, ਸਗੋਂ ਪੰਜਾਬੀ ਅਤੇ ਬੰਗਲਾ ਕੌਮਾਂ ਨੂੰ ਫਿਰਕੂ ਵੰਡ ਦੇ ਰਾਹ ਧੱਕਣ ਦੀ ਵੀ ਨੀਂਹ ਰੱਖ ਦਿੱਤੀ ਗਈ। 
ਇਸ ਦੋ-ਧਾਰੀ ਨੀਤੀ ਦੇ ਅੰਗ ਵਜੋਂ ਅੰਨ੍ਹੇ ਜਬਰ-ਤਸ਼ੱਦਦ ਨੂੰ ਆਪਣੀ ਫੌਰੀ ਟੇਕ ਬਣਾਉਂਦਿਆਂ, ਇਸ ਨੂੰ ਕਾਨੂੰਨੀ ਵਾਜਬੀਅਤ ਮੁਹੱਈਆ ਕਰਨ ਲਈ ਜਸਟਿਸ ਰੋਲਟ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ, ਜਿਸ ਵੱਲੋਂ ਇੱਕ ਕਾਲੇ ਕਾਨੂੰਨ ''ਅਰਾਜਿਕਤਾ ਅਤੇ ਇਨਕਲਾਬੀ ਜੁਰਮਾਂ ਸੰਬਧੀ ਬਿੱਲ'' ਦਾ ਮਸੌਦਾ ਤਿਆਰ ਕੀਤਾ ਗਿਆ, ਜਿਸ ਨੇ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਦੀ ਪ੍ਰਵਾਨਗੀ ਨਾਲ 18 ਮਾਰਚ 1919 ਨੂੰ ਕਾਨੂੰਨ ਦਾ ਰੂਪ ਧਾਰਿਆ। ਇਹੀ ਬਦਨਾਮ ਕਾਨੂੰਨ ''ਰੋਲਟ ਐਕਟ'' ਦੇ ਨਾਂ ਨਾਲ ਜਾਣਿਆ ਗਿਆ। 
ਰੋਲਟ ਐਕਟ ਖਿਲਾਫ 
ਮੁਲਕ ਵਿਆਪੀ ਰੋਸ ਉਭਾਰ
ਇਹ ਕਾਲਾ ਕਾਨੂੰਨ ਅੰਗਰੇਜ਼ ਹਕੂਮਤ ਨੂੰ ਬੇਲਗਾਮ ਤਾਕਤਾਂ ਨਾਲ ਲੈਸ ਕਰਦਾ ਸੀ। ਇਹ ਕੌਮੀ ਮੁਕਤੀ ਅਤੇ ਆਜ਼ਾਦੀ ਲਈ ਲੜਨ ਵਾਲਿਆਂ 'ਤੇ ਦੇਸ਼ਧਰੋਹ ਦੇ ਮੁਕੱਦਮੇ ਮੜ੍ਹਨ, ਉਹਨਾਂ 'ਤੇ ਵਿਸ਼ੇਸ਼ ਅਦਾਲਤਾਂ 'ਚ ਮੁਕੱਦਮੇ ਚਲਾਉਣ, ਮੁਕੱਦਮਿਆਂ ਦੀ ਕਾਰਵਾਈ ਗੁਪਤ ਰੱਖਣ, ਦੋਸ਼ੀਆਂ ਦੇ ਵਕੀਲਾਂ ਵੱਲੋਂ ਗਵਾਹਾਂ ਨੂੰ ਸੁਆਲ ਕਰਨ ਦੀ ਮਨਾਹੀ ਕਰਨ, ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਅਤੇ ਕੋਈ ਕਿਤਬਾਚਾ/ਹੱਥ ਪਰਚਾ ਛਾਪਣ 'ਤੇ ਬਿਨਾ ਮੁਕੱਦਮਾ ਚਲਾਏ ਦੋ ਸਾਲ ਲਈ ਜੇਲ੍ਹ ਵਿੱਚ ਬੰਦ ਕਰਨ ਵਰਗੇ ਜਾਬਰ ਕਦਮਾਂ ਨੂੰ ਕਾਨੂੰਨੀ ਜਾਮਾ ਮੁਹੱਈਆ ਕਰਦਾ ਸੀ। 
ਇਸ ਕਰਕੇ ਜਿਉਂ ਹੀ ਰੋਲਟ ਬਿੱਲ 'ਤੇ ਲੈਜਿਸਲੇਟਿਵ ਕੌਂਸਲ ਵਿੱਚ ਬਹਿਸ ਸ਼ੁਰੂ ਹੋਈ, ਤਾਂ ਇਸਨੇ ਪਹਿਲਾਂ ਹੀ ਆਪ ਮੁਹਾਰੇ ਫੁੱਟ ਰਹੇ ਜਨਤਕ ਰੋਹ ਨੂੰ ਚੁਆਤੀ ਲਾਉਣ ਦਾ ਕੰਮ ਕੀਤਾ। ਜਿਸ ਕਰਕੇ, ਜ਼ਾਲਮ ਅੰਗਰੇਜ਼ੀ ਰਾਜ ਖਿਲਾਫ ਗੈਰ-ਹਿੰਸਕ ਅਤੇ ਹਿੰਸਕ ਕਾਰਵਾਈਆਂ ਭਬੂਕੇ ਵਾਂਗ ਫੈਲਣ ਲੱਗ ਪਈਆਂ। ਲਾਹੌਰ, ਅੰਮ੍ਰਿਤਸਰ, ਸਰਗੋਧਾ, ਲਾਇਲਪੁਰ, ਜਲੰਧਰ, ਬਟਾਲਾ, ਗੁਰਦਾਸਪੁਰ ਆਦਿ ਪੰਜਾਬ ਦੇ ਸ਼ਹਿਰ ਜਨਤਕ ਰੋਹ ਦੀ ਲਲਕਾਰ ਨਾਲ ਗੂੰਜ ਉੱਠੇ। ਮੁਲਕ ਭਰ ਦੇ ਛੋਟੇ ਵੱਡੇ ਸ਼ਹਿਰਾਂ ਵਿੱਚ ਰੋਹ ਭਰੇ ਰੋਸ ਮੁਜਾਹਰਿਆਂ ਦਾ ਤਾਂਤਾ ਲੱਗ ਗਿਆ। ਕਈ ਥਾਵਾਂ 'ਤੇ ਲੋਕਾਂ ਵੱਲੋਂ ਬਸਤੀਵਾਦੀ ਰਾਜ ਦਾ ਪ੍ਰਤੀਕ ਬਣਦੀਆਂ ਸਰਕਾਰੀ ਇਮਾਰਤਾਂ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਉਂਦਿਆਂ ਅਗਨ ਭੇਟ ਕਰ ਦਿੱਤਾ ਗਿਆ। 
ਮਹਾਤਮਾ ਗਾਂਧੀ ਵੱਲੋਂ ਇਸ ਫੁੱਟ ਰਹੇ ਲੋਕ ਵਿਦਰੋਹ ਦੇ ਲਾਵੇ 'ਤੇ ਠੰਢਾ ਛਿੜਕਣ ਅਤੇ ਇਸ ਨੂੰ ਲੀਹੋਂ ਲਾਹੁਣ ਲਈ ਸ਼ਾਂਤਮਈ ਸੱਤਿਆਗ੍ਰਹਿ ਕਰਨ ਅਤੇ ਫਿਰ 30 ਮਾਰਚ ਨੂੰ ਪੁਰਅਮਨ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ। ਪਰ ਗਾਂਧੀ ਅਤੇ ਕਾਂਗਰਸੀ ਆਗੂਆਂ ਦੀਆਂ ਲੋਕਾਂ ਨੂੰ ਸ਼ਾਂਤੀ ਦੇ ਦੰਭੀ 'ਮੰਤਰ' ਨਾਲ ਕੀਲਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੋਕ ਰੋਹ ਦਾ ਲਾਵਾ ਅੰਗਰੇਜ਼ ਹਾਕਮਾਂ ਖਿਲਾਫ ਆਪ ਮੁਹਾਰੇ ਵਹਿ ਤੁਰਿਆ। ਅੰਮ੍ਰਿਤਸਰ ਵਿੱਚ ਮੁਜਾਹਰਾਕਾਰੀਆਂ ਵੱਲੋਂ ਬੈਂਕ, ਡਾਕਖਾਨੇ ਅਤੇ ਰੇਲਵੇ ਸਟੇਸ਼ਨ 'ਤੇ ਹਮਲਾ ਕਰ ਦਿੱਤਾ ਗਿਆ। ਪੰਜ ਅੰਗਰੇਜ਼ ਅਫਸਰਾਂ ਨੂੰ ਮਾਰ ਦਿੱਤਾ ਗਿਆ। 10 ਅਤੇ 13 ਅਪ੍ਰੈਲ ਨੂੰ ਲਾਹੌਰ ਵਿੱਚ ਅੰਗਰੇਜ਼ੀ ਪ੍ਰਸਾਸ਼ਨ ਠੱਪ ਹੋ ਕੇ ਰਹਿ ਗਿਆ। 11 ਅਪ੍ਰੈਲ ਨੂੰ ਬਾਦਸ਼ਾਹੀ ਮਸਜਿਦ ਵਿੱਚ 35000 ਮੁਸਲਿਮ, ਹਿੰਦੂ ਅਤੇ ਸਿੱਖ ਜਨਤਾ ਦੇ ਇਕੱਠ ਨੇ ਅੰਗਰੇਜ਼ ਹਾਕਮਾਂ ਨੂੰ ਵੰਗਾਰਿਆ। ਸਰਗੋਧਾ, ਗੁਜਰਾਂਵਾਲਾ ਅਤੇ ਆਲੇ-ਦੁਆਲੇ ਦੇ ਪਿੰਡਾਂ ਅੰਦਰ ਲੋਕਾਂ ਵੱਲੋਂ ਅੰਗਰੇਜ਼ ਹਾਕਮਾਂ ਤੋਂ ਨਾਬਰੀ ਦਾ ਜ਼ੋਰਦਾਰ ਮੁਜਾਹਰਾ ਕਰਦਿਆਂ, ਉਹਨਾਂ ਨੂੰ ਕੰਬਣੀਆਂ ਛੇੜ ਦਿੱਤੀਆਂ ਗਈਆਂ। 
ਬਸਤੀਵਾਦੀ ਹਾਕਮਾਂ ਵੱਲੋਂ ਦਿਨੋਂ-ਦਿਨ ਵਿਰਾਟ ਸ਼ਕਲ ਅਖਤਿਆਰ ਕਰ ਰਹੇ ਜਨਤਕ ਨਾਬਰੀ ਅਤੇ ਵਿਦਰੋਹ ਦੇ ਇਸ ਭਾਂਬੜ ਨੂੰ ਬੁਝਾਉਣ ਲਈ ਆਪਣੇ ਹਥਿਆਰਬੰਦ ਦਸਤਿਆਂ ਦੀਆਂ ਵਾਂਗਾਂ ਖੁੱਲ੍ਹੀਆਂ ਛੱਡ ਦਿੱਤੀਆਂ ਗਈਆਂ। ਧੜਾ-ਧੜ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਕਈ ਸ਼ਹਿਰਾਂ ਵਿੱਚ ਮਾਰਸ਼ਲ ਲਾਅ ਮੜ੍ਹ ਦਿੱਤਾ ਗਿਆ। ਗੁਜਰਾਂਵਾਲਾ ਅਤੇ ਆਸ-ਪਾਸ ਦੇ ਪਿੰਡਾਂ 'ਤੇ ਹਵਾਈ ਬੰਬਾਰੀ ਨਾਲ 12 ਵਿਅਕਤੀਆਂ ਨੂੰ ਮਾਰ ਦਿੱਤਾ ਗਿਆ ਅਤੇ ਦਰਜ਼ਨਾਂ ਨੂੰ ਜਖ਼ਮੀ ਕਰ ਦਿੱਤਾ ਗਿਆ। ਪਰ ਸਭ ਤੋਂ ਵੱਡਾ ਅਤੇ ਭਿਆਨਕ ਕਤਲੇਆਮ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ਵਿਖੇ ਰਚਾਇਆ ਗਿਆ।
ਬਸਤੀਵਾਦੀ ਰਾਜ 'ਤੇ 
ਅਖੌਤੀ ਆਜ਼ਾਦੀ ਦਾ ਫੱਟਾ
ਜੱਲ੍ਹਿਆਂਵਾਲਾ ਬਾਗ ਵਿਖੇ ਕੀਤੇ ਘੱਲੂਘਾਰੇ ਤੋਂ ਬਾਅਦ ਪੰਜਾਬ ਅਤੇ ਮੁਲਕ ਭਰ ਅੰਦਰ ਅੰਗਰੇਜ਼ ਹਾਕਮਾਂ ਵੱਲੋਂ ਆਪਣੇ ਬਸਤੀਵਾਦੀ ਰਾਜ-ਭਾਗ ਦੀ ਉਮਰ ਲੰਬੀ ਕਰਨ ਲਈ ਬੇਇੰਤਹਾ ਜਬਰ-ਤਸ਼ੱਦਦ ਅਤੇ ਕਤਲੋਗਾਰਦ ਦਾ ਸਿਲਸਿਲਾ ਜਾਰੀ ਰਿਹਾ। ਅਖੀਰ ਇੱਕ ਪਾਸੇ ਭਾਰਤੀ ਲੋਕਾਂਦੇ ਅਣਲਿਫ ਸਾਮਰਾਜ-ਵਿਰੋਧੀ ਹਿੰਸਕ ਅਤੇ ਗੈਰ-ਹਿੰਸਕ ਜਨਤਕ ਸੰਗਰਾਮ ਦਾ ਸੇਕ ਨਾ ਝੱਲਦਿਆਂ ਅਤੇ ਕੌਮਾਂਤਰੀ ਪੱਧਰ 'ਤੇ ਬਣੀ ਗੈਰ-ਸਾਜਗਾਰ ਹਾਲਤ ਨੂੰ ਬੁੱਝਦਿਆਂ, ਉਹਨਾਂ ਨੂੰ ਭਾਰਤ ਨੂੰ ਅਖੌਤੀ ਆਜ਼ਾਦੀ ਦੇਣ ਦਾ ਅਡੰਬਰ ਰਚਣ ਲਈ ਮਜਬੂਰ ਹੋਣਾ ਪਿਆ। ਬਸਤੀਵਾਦੀ ਰਾਜ ਭਾਗ ਦੀ ਥਾਂ ਅਖੌਤੀ ਆਜ਼ਾਦ ਭਾਰਤ ਦੇ ਗਣਤੰਤਰ ਦਾ ਫੱਟਾ ਲਾ ਦਿੱਤਾ ਗਿਆ। ਯੂਨੀਅਨ ਜੈਕ (ਬਰਤਾਨੀਆ ਦਾ ਝੰਡਾ) ਦੀ ਥਾਂ 'ਤੇ ਤਿਰੰਗਾ ਲਹਿਰਾ ਦਿੱਤਾ ਗਿਆ। ਪਰ ਸਾਮਰਾਜ ਦੀ ਅਧੀਨਗੀ ਅਤੇ ਲੁੱਟ-ਖੋਹ ਦਾ ਜੂਲਾ ਬਰਕਰਾਰ ਰਿਹਾ। ਸਾਮਰਾਜੀਆਂ ਦੇ ਭਾਈਵਾਲ ਦਲਾਲ ਸਰਮਾਏਦਾਰ ਕਾਰਪੋਰੇਟਾਂ ਅਤੇ ਜਾਗੀਰਦਾਰੀ ਦੀ ਲੁੱਟ-ਖੋਹ ਕਾਇਮ ਰਹੀ। ਸਾਮਰਾਜੀਆਂ, ਦਲਾਲ ਸਰਮਾਏਦਾਰਾਂ ਅਤੇ ਜਾਗੀਰਦਾਰਾਂ, ਦਲਾਲ ਹਾਕਮ ਜਮਾਤੀ ਸਿਆਸੀ ਜੁੰਡਲੀਆਂ ਅਤੇ ਅਫਸਰਸ਼ਾਹੀ ਵੱਲੋਂ ਲੋਕਾਂ 'ਤੇ ਪਾਈ ਦਾਬੇ ਅਤੇ ਲੁੱਟ ਦੀ ਕਾਠੀ ਨੂੰ ਵਗਾਹ ਮਾਰਨ ਲਈ ਅਹੁਲਦੀ ਮਿਹਨਤਕਸ਼ ਲੋਕਾਈ ਨੂੰ ਝੰਬ ਸੁੱਟਣ ਲਈ ਬਸਤੀਵਾਦੀ ਅੰਗਰੇਜ਼ ਹਾਕਮਾਂ ਵੱਲੋਂ ਉਸਾਰਿਆ ਗਿਆ ਪਿਛਾਖੜੀ ਆਪਾਸ਼ਾਹ ਰਾਜ ਤੱਤ ਰੂਪ ਵਿੱਚ ਬਰਕਰਾਰ ਰਿਹਾ। ਅੱਜ ਵੀ ਭਾਰਤੀ ਰਾਜ ਦਾ ਥੰਮ੍ਹ ਬਣਦੀਆਂ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਸਮੇਤ ਪੁਲਸ, ਕਾਨੂੰਨ, ਕਚਹਿਰੀਆਂ ਅਤੇ ਜੇਲ੍ਹਾਂ ਆਦਿ ਨਾ ਸਿਰਫ ਬਸਤੀਵਾਦੀ ਸਮੇਂ ਦੀ ਇਤਿਹਾਸਕ ਵਿਰਾਸਤ ਨੂੰ ਲੈ ਕੇ ਚੱਲ ਰਹੀਆਂ ਹਨ, ਸਗੋਂ ਇਸ ਦੇਸ਼-ਵਿਰੋਧੀ ਪਿਛਾਖੜੀ ਵਿਰਾਸਤ ਦੇ ਕਲੰਕ 'ਤੇ ਫਖਰ ਮਹਿਸੂਸ ਕਰਦਿਆਂ, ਉਸਦੀ ਜੈ ਜੈਕਾਰ ਵੀ ਕੀਤੀ ਜਾ ਰਹੀ ਹੈ।
ਜਬਰ-ਤਸ਼ੱਦਦ ਦਾ 
ਬਸਤੀਵਾਦੀ ਦਸਤੂਰ ਨਿਰਵਿਘਨ ਜਾਰੀ
ਨਕਲੀ ਆਜ਼ਾਦੀ ਅਤੇ ਜਮਹੂਰੀਅਤ ਦੇ ਗਿਲਾਫ ਨਾਲ ਸ਼ਿੰਗਾਰਿਆ ਗਿਆ ਇਹ ਬਸਤੀਵਾਦੀ ਵਿਰਾਸਤੀ ਰਾਜ ਹੀ ਹੈ, ਜਿਸ ਵੱਲੋਂ ਹੱਕੀ ਲੜਾਈ ਦੇ ਰਾਹ ਪੈਂਦੇ ਮੁਲਕ ਦੇ ਲੋਕਾਂ ਨੂੰ ਕੁਚਲ ਸੁੱਟਣ ਲਈ 15 ਅਗਸਤ 1947 ਤੋਂ ਲੈ ਕੇ ਅੱਜ ਤੱਕ ਉਹੀ ਨਾਦਰਸ਼ਾਹੀ ਢੰਗ ਅਪਣਾਇਆ ਜਾ ਰਿਹਾ ਹੈ, ਜਿਹੜਾ ਅੰਗਰੇਜ਼ ਹਾਕਮਾਂ ਵੱਲੋਂ ਅਪਣਾਇਆ ਗਿਆ ਸੀ। ਅੱਜ ਵੀ ਰੋਲਟ ਐਕਟ ਤੋਂ ਵੱਧ ਜਾਬਰ ਕਾਲੇ ਕਾਨੂੰਨ ਮੁਲਕ ਦੇ ਲੋਕਾਂ ਦੀ ਸੰਘੀ ਘੁੱਟਣ ਲਈ ਠੋਸੇ ਹੋਏ ਹਨ। ਅੱਜ ਵੀ ਕਸ਼ਮੀਰ ਅਤੇ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀ ਖੁਦਮੁਖਤਿਆਰੀ ਅਤੇ ਆਜ਼ਾਦੀ ਲਈ ਲੜਦੀਆਂ ਲਹਿਰਾਂ ਨੂੰ ਕੁਚਲਣ ਲਈ ਹਥਿਆਰਬੰਦ ਧਾੜਾਂ ਚਾੜ੍ਹੀਆਂ ਹੋਈਆਂ ਹਨ। ਛੱਤੀਸਗੜ੍ਹ, ਝਾਰਖੰਡ, ਉੜੀਸ਼ਾ, ਤਿਲੰਗਾਨਾ, ਆਂਧਰਾ ਆਦਿ ਸੂਬਿਆਂ ਵਿੱਚ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਵਿੱਚ ਜੂਝ ਰਹੀ ਹਥਿਆਰਬੰਦ ਜ਼ਰੱਈ ਲਹਿਰ ਨੂੰ ਦਰੜਨ ਲਈ ''ਅਪ੍ਰੇਸ਼ਨ ਗਰੀਨ ਹੰਟ'' ਦੇ ਨਾਂ ਹੇਠ ਫੌਜੀ ਹੱਲਾ ਵਿੱਢਿਆ ਹੋਇਆ ਹੈ। ਹਥਿਆਰਬੰਦ ਫੌਜੀ ਤਾਕਤਾਂ ਵੱਲੋਂ ਲੋਕਾਂ ਦੀ ਮਾਰਧਾੜ, ਜਬਰੋ-ਜ਼ੁਲਮ ਅਤੇ ਔਰਤਾਂ ਦੇ ਬਲਾਤਕਾਰ ਤੇ ਬੇਪਤੀ ਨੂੰ ਵਾਜਬੀਅਤ ਬਖਸ਼ਣ ਲਈ ਅਫਸਪਾ ਨਾਂ ਦਾ ਕਾਲਾ ਕਾਨੂੰਨ ਮੜ੍ਹਿਆ ਹੋਇਆ ਹੈ। ਇਨਕਲਾਬੀ ਜਮਹੂਰੀ, ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ ਘੁਲਾਟੀਆਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੀ ਸੰਘੀ ਘੁੱਟਣ ਅਤੇ ਜੇਲ੍ਹਾਂ ਵਿੱਚ ਤਾੜਨ ਲਈ ਯੂ.ਏ.ਪੀ.ਏ. ਅਤੇ ਟਾਡਾ ਵਰਗੇ ਕਾਲੇ ਕਾਨੂੰਨਾਂ ਨੂੰ ਮੜ੍ਹ ਰੱਖਿਆ ਹੈ। ਇਉਂ ਭਾਰਤੀ ਰਾਜ-ਭਾਗ ਅਤੇ ਇਸਦੇ ਕਰਤਿਆਂ-ਧਰਤਿਆਂ ਵੱਲੋਂ ਨਾ ਸਿਰਫ ਬਰਤਾਨਵੀ ਬਸਤੀਵਾਦੀ ਰਾਜ ਅਤੇ ਅੰਨ੍ਹੇ ਜਬਰ-ਤਸ਼ੱਦਦ ਦੇ ਦਸਤੂਰ ਨੂੰ ਹਰ ਸ਼ਕਲ ਵਿੱਚ ਨਿਰਵਿਘਨ ਜਾਰੀ ਰੱਖਿਆ ਜਾ ਰਿਹਾ ਹੈ, ਸਗੋਂ ਇਸ ਨੂੰ ਹੋਰ ਵੀ ਖੂੰਖਾਰ ਢੰਗ ਨਾਲ ਲਾਗੂ ਕਰਦਿਆਂ, ਸਾਮਰਾਜੀਆਂ ਪ੍ਰਤੀ ਆਪਣੀ ਵਫਾਦਾਰੀ ਅਤੇ ਦਲਾਲਪੁਣੇ 'ਤੇ ਖਰਾ ਉੱਤਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। 
ਖਰੀ ਆਜ਼ਾਦੀ ਅਤੇ ਜਮਹੂਰੀਅਤ ਲਈ ਸੰਗਰਾਮ ਤੇਜ ਕਰੋ
ਮਿਹਨਤਕਸ਼ ਲੋਕੋ,
ਚਾਹੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦ ਹਨ, ਚਾਹੇ ਅੰਗਰੇਜ਼ ਹਾਕਮਾਂ ਵੱਲੋਂ ਰਚਾਏ ਹੋਰ ਅਨੇਕਾਂ ਸਾਕਿਆਂ ਦੇ ਸ਼ਹੀਦ ਹਨ, ਚਾਹੇ ਫਾਂਸੀਆਂ 'ਤੇ ਚਾੜ੍ਹਦਿਆਂ ਅਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਅਕਹਿ ਤਸੀਹਿਆਂ ਰਾਹੀਂ ਕੀਤੇ ਅਣਗਿਣਤ ਸ਼ਹੀਦ ਹਨ, ਸਭਨਾਂ ਵੱਲੋਂ ਬਰਤਾਨਵੀ ਬਸਤੀਵਾਦੀ ਰਾਜਭਾਗ ਦਾ ਭੋਗ ਪਾਉਂਦਿਆਂ, ਇੱਕ ਆਜ਼ਾਦ ਅਤੇ ਜਮਹੂਰੀ ਰਾਜਭਾਗ ਸਥਾਪਤ ਕਰਨ ਦੇ ਸੁਪਨੇ ਤੇ ਤਾਂਘ ਨੂੰ ਪਾਲਿਆ ਗਿਆ ਸੀ। ਉਹਨਾਂ ਦੀ ਇਹ ਤਾਂਘ ਤੇ ਸੁਪਨਾ ਅੱਜ ਵੀ ਅਧੂਰਾ ਹੈ। ਅੱਜ ਵੀ ਮੁਲਕ ਦੇ ਲੋਕਾਂ ਦੀ ਕਿਰਤ ਕਮਾਈ, ਜ਼ਮੀਨ-ਜਾਇਦਾਦ ਅਤੇ ਦੌਲਤ-ਖਜ਼ਾਨਿਆਂ ਨੂੰ ਸਾਮਰਾਜੀਆਂ, ਦਲਾਲ ਸਰਮਾਏਦਾਰਾਂ, ਜਾਗੀਰਦਾਰਾਂ, ਦਲਾਲ ਹਾਕਮ ਜਮਾਤੀ ਸਿਆਸੀ ਟੋਲਿਆਂ ਅਤੇ ਅਫਸਰਸ਼ਾਹੀ ਦੇ ਜੋਕ ਲਾਣੇ ਵੱਲੋਂ ਦੋਹੀਂ ਹੱਥੀਂ ਚੂੰਡਿਆ ਜਾ ਰਿਹਾ ਹੈ। ਇਸ ਲੁੱਟ-ਖੋਹ ਅਤੇ ਦਾਬੇ ਖਿਲਾਫ ਉੱਠਦੀ ਹਰ ਆਵਾਜ਼ ਅਤੇ ਵਿਦਰੋਹੀ ਉਠਾਣ ਨੂੰ ਖ਼ੂਨ ਵਿੱਚ ਡੁਬੋਣ ਲਈ ਜਬਰ ਜ਼ੁਲਮ ਦਾ ਝੱਖੜ ਝੁਲਾਇਆ ਜਾ ਰਿਹਾ ਹੈ। 
ਇੱਥੇ ਹੀ ਬੱਸ ਨਹੀਂ, ਮੋਦੀ ਹਕੂਮਤ ਵੱਲੋਂ ਪਹਿਲੀਆਂ ਸਭ ਹਕੂਮਤਾਂ ਦੇ ਰਿਕਾਰਡ ਨੂੰ ਮਾਤ ਪਾਉਂਦਿਆਂ, ਘੱਟਗਿਣਤੀਆਂ, ਦਲਿਤਾਂ, ਔਰਤਾਂ ਅਤੇ ਸੰਗਰਾਮੀ ਜਨਤਾ 'ਤੇ ਹਿੰਦੂਤਵੀ ਫਿਰਕੂ-ਫਾਸ਼ੀ ਜਬਰ ਦਾ ਕੁਹਾੜਾ ਤੇਜ ਕੀਤਾ ਜਾ ਰਿਹਾ ਹੈ। ਫਿਰਕੂ-ਫਾਸ਼ੀ ਜਥੇਬੰਦੀ ਆਰ.ਐਸ.ਐਸ. ਅਤੇ ਸਾਮਰਾਜੀ ਅਤੇ ਭਾਰਤੀ ਦਲਾਲ ਕਾਰਪੋਰੇਟ ਲਾਣੇ ਵੱਲੋਂ ਸ਼ਿੰਗਾਰੀ ਮੋਦੀ ਹਕੂਮਤ ਜਬਰ-ਜ਼ੁਲਮ ਦੀਆਂ ਸਭ ਹੱਦਾਂ-ਬੰਨੇ ਪਾਰ ਕਰਦਿਆਂ, ਉਸ ਹਰ ਆਵਾਜ਼ ਨੂੰ ਕਬਰਾਂ ਵਿੱਚ ਦਫਨਾਉਣ 'ਤੇ ਉਤਾਰੂ ਹੈ, ਜਿਹੜੀ ਵੀ ਜੋਕ ਲਾਣੇ ਦੀ ਲੁੱਟ-ਖੋਹ ਖਿਲਾਫ ਵਿਰੋਧ ਅਤੇ ਟਾਕਰੇ ਦੇ ਰਾਹ ਪੈਂਦੀ ਹੈ ਅਤੇ ਹਿੰਦੂਤਵੀ ਫਿਰਕੂ-ਫਾਸ਼ੀ ਲਾਣੇ ਦੀਆਂ ਘੱਟਗਿਣਤੀਆਂ, ਦਲਿਤਾਂ, ਔਰਤਾਂ, ਆਦਿਵਾਸੀਆਂ ਅਤੇ ਕੌਮੀਅਤਾਂ ਖਿਲਾਫ ਸੇਧੀਆਂ ਕਾਰਵਾਈਆਂ ਅਤੇ ਰੂੜ੍ਹੀਵਾਦੀ ਤੇ ਫਿਰਕੂ-ਫਾਸ਼ੀ ਵਿਚਾਰਧਾਰਾ ਖਿਲਾਫ ਡਟਣ ਦੀ ਜੁਰਅੱਤ ਕਰਦੀ ਹੈ। 
ਆਓ, ਬਸਤੀਵਾਦੀ ਸਾਮਰਾਜ ਦੀ ਵਿਰਾਸਤ ਪਿਛਾਖੜੀ ਆਪਾਸ਼ਾਹ ਰਾਜ ਅਤੇ ਇਸਦੀ ਪਹਿਰੇਦਾਰੀ ਹੇਠ ਜਾਰੀ ਸਾਮਰਾਜੀ ਅਤੇ ਭਾਰਤੀ ਦਲਾਲ ਲਾਣੇ ਦੀ ਲੁੱਟ-ਖੋਹ ਅਤੇ ਦਾਬੇ ਖਿਲਾਫ ਮਘ-ਭਖ ਰਹੀ ਇਨਕਲਾਬੀ ਜੰਗ ਨੂੰ ਹੋਰ ਪ੍ਰਚੰਡ ਕਰੀਏ। ਆਓ, ਭਾਰਤੀ ਹਾਕਮਾਂ ਵੱਲੋਂ ਮੜ੍ਹੇ ਸਭਨਾਂ ਕਾਲੇ ਕਾਨੂੰਨਾਂ ਅਤੇ ''ਅੱਤਵਾਦ, ਵੱਖਵਾਦ'' ਅਤੇ ''ਦਹਿਸ਼ਤਵਾਦ'' ਨੂੰ ਕੁਚਲਣ ਦੇ ਨਾਂ ਹੇਠ ਵਿੱਢੇ ਫੌਜੀ ਹੱਲੇ ਖਿਲਾਫ ਮੈਦਾਨ ਵਿੱਚ ਨਿੱਤਰੀਏ ਅਤੇ ਦੇਸੀ-ਵਿਦੇਸ਼ੀ ਕਾਰਪੋਰੇਟ ਲਾਣੇ ਦੀ ਕਠਪੁਤਲੀ ਮੋਦੀ ਹਕੂਮਤ ਦੀਆਂ ਮੁਲਕ 'ਤੇ ਫਿਰਕੂ-ਫਾਸ਼ੀਵਾਦ ਮੜ੍ਹਨ ਦੀਆਂ ਕੋਸ਼ਿਸ਼ਾਂ ਵਿਰੁੱਧ ਡਟੀਏ। ਆਓ, ਕਮਾਊ ਲੋਕਾਂ ਦੇ ਵੱਖ ਵੱਖ ਤਬਕਿਆਂ ਵਿਸ਼ੇਸ਼ ਕਰਕੇ ਕਿਸਾਨੀ ਨੂੰ ਜ਼ਮੀਨ ਦੀ ਕਾਣੀ-ਵੰਡ ਨੂੰ ਖਤਮ ਕਰਨ ਵੱਲ ਸੇਧਤ ਇਨਕਲਾਬੀ ਜ਼ਰੱਈ ਜੰਗ ਲਈ ਉਭਾਰਨ ਦੇ ਯਤਨਾਂ ਨੂੰ ਜਰਬਾਂ ਦਿੰਦਿਆਂ, ਹਕੀਕੀ ਆਜ਼ਾਦੀ, ਜਮਹੂਰੀਅਤ ਅਤੇ ਖੁਸ਼ਹਾਲੀ ਦੇ ਪਹਿਰੇਦਾਰ ਲੋਕ-ਰਾਜ ਸਿਰਜਣ ਦੇ ਰਾਹ ਅੱਗੇ ਵਧੀਏ। ਇਹੀ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਸਮੇਤ ਹੋਰਨਾਂ ਸਭਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 
ਵੱਲੋਂ: 
ਸੂਬਾ ਕਮੇਟੀ,
ਲੋਕ ਸੰਗਰਾਮ ਮੰਚ
ਪ੍ਰਕਾਸ਼ਕ: ਤਾਰਾ ਸਿੰਘ, ਸੁਖਵਿੰਦਰ ਕੌਰ

ਮਿਤੀ: 7 ਅਪ੍ਰੈਲ, 2019

''ਸੁਰਖ਼ ਲੀਹ'' ਦੇ ਸਿਧਾਂਤਕਾਰਾਂ ਦੀ ਜਾਹਲਸਾਜ਼ੀ

''ਸੁਰਖ਼ ਲੀਹ'' ਦੇ ਸਿਧਾਂਤਕਾਰਾਂ ਵੱਲੋਂ ਬੀ.ਕੇ.ਯੂ. (ਉਗਰਾਹਾਂ) ਦੀਆਂ ਸਫਾਂ ਵਿੱਚ ਖੁਦਕੁਸ਼ੀਆਂ ਦੇ ਘਟਨਾਕਰਮ ਦੀ
ਅਸਲ ਵਜਾਹ 'ਤੇ ਪਰਦਾ ਪਾਉਣ ਦੀ ਜਾਹਲਸਾਜ਼ੀ
-ਸਮਰ
ਫਰਵਰੀ 2019 ਨੂੰ ਮਨਜੀਤ ਸਿੰਘ ਭੁੱਚੋ ਖੁਰਦ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਦੇ ਪ੍ਰਧਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ। ਇਸ ਮੰਦਭਾਗੀ ਘਟਨਾ 'ਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਵੱਲੋਂ ਕੀਤੀ ਆਪਣੀ ਟਿੱਪਣੀ ਵਿੱਚ ਇਹ ਸੁਆਲ ਉਠਾਇਆ ਗਿਆ ਸੀ ਕਿ ਜਿਹੜੀ ਯੂਨੀਅਨ ਕਿਸਾਨਾਂ ਨੂੰ ਚੇਤਨ ਕਰਨ ਦਾ ਦਾਅਵਾ ਕਰਦੀ ਹੈ, ਜੇ ਉਸ ਜਥੇਬੰਦੀ ਦਾ ਮਨਜੀਤ ਸਿੰਘ ਵਰਗਾ ਆਗੂ ਖੁਦਕੁਸ਼ੀ ਕਰਨ ਦਾ ਰਾਹ ਚੁਣਦਾ ਹੈ, ਤਾਂ ਇਹ ਗੰਭੀਰ ਗੌਰ-ਫਿਕਰ ਦਾ ਮਾਮਲਾ ਬਣਦਾ ਹੈ। ''ਸੁਰਖ਼ ਲੀਹ'' ਦੇ ਮਾਰਚ-ਅਪ੍ਰੈਲ ਅੰਕ ਵਿੱਚ ਸਵਰਾਜਬੀਰ ਦੀ ਇਸ ਸੁਆਲੀਆ ਟਿੱਪਣੀ ਦਾ ਜਵਾਬ ਦਿੰਦਿਆਂ, ਇੱਕ ਤਾਂ ਮਨਜੀਤ ਸਿੰਘ ਦੀ ਖੁਦਕੁਸ਼ੀ ਨੂੰ ਹੋਰਨਾਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਵਾਂਗ ਇੱਕ ਆਮ ਘਟਨਾ ਬਣਾ ਕੇ ਪੇਸ਼ ਕੀਤਾ ਗਿਆ ਹੈ। ਯਾਨੀ ਕਿਹਾ ਗਿਆ ਹੈ ਕਿ ਇੱਕ ਕਿਸਾਨ ਆਗੂ ਵੱਲੋਂ ਕੀਤੀ ਖੁਦਕੁਸ਼ੀ ਅਤੇ ਇੱਕ ਸਾਧਾਰਾਨ ਕਿਸਾਨ ਵੱਲੋਂ ਕੀਤੀ ਖੁਦਕੁਸ਼ੀ ਵਿੱਚ ਕੋਈ ਵਿਸ਼ੇਸ਼ ਫਰਕ ਨਹੀਂ ਹੈ। ਮਨਜੀਤ ਸਿੰਘ ਦੀ ਖੁਦਕੁਸ਼ੀ ਸਿਰਫ ਇਹੋ ਦਿਖਾਉਂਦੀ ਹੈ ਕਿ ਕਿਸਾਨੀ ਦਾ ਸੰਕਟ ਕਿਸ ਹੱਦ ਤੱਕ ਗੰਭੀਰ ਹੋ ਗਿਆ ਹੈ। ਦੂਜਾ- ਇਸ ਘਟਨਾ ਨੂੰ ਬੀ.ਕੇ.ਯੂ. (ਉਗਰਾਹਾਂ) ਨਾਲ ਜੋੜ ਕੇ ਬਿਆਨਣ ਤੇ ਪੇਸ਼ ਕਰਨ ਦੀ ਬਜਾਇ ਪੰਜਾਬ ਵਿੱਚ ਕੰਮ ਕਰ ਰਹੀਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀ ਹਾਲਤ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਇਉਂ ਬੜੀ ਚਲਾਕੀ ਨਾਲ ਇਸ ਘਟਨਾ (ਅਤੇ ਹੋਰ ਅਜਿਹੀਆਂ ਘਟਨਾਵਾਂ) ਲਈ ਬੀ.ਕੇ.ਯੂ. (ਉਗਰਾਹਾਂ) ਵੱਲ ਉੱਠ ਰਹੀਆਂ ਉਂਗਲਾਂ ਤੋਂ ਪਾਠਕਾਂ ਦਾ ਧਿਆਨ ਪਾਸੇ ਤਿਲ੍ਹਕਾਉਣ ਲਈ ਤਿੰਘਿਆ ਗਿਆ ਹੈ। 
''ਸੁਰਖ਼ ਲੀਹ'' ਦੀ ਇਸ ਸ਼ਾਤਰਾਨਾ ਪੇਸ਼ਕਾਰੀ 'ਤੇ ਚਰਚਾ ਕਰਨ ਤੋਂ ਪਹਿਲਾਂ ਕਾਬਲੇ-ਗੌਰ ਗੱਲ ਇਹ ਹੈ ਕਿ ਬੀ.ਕੇ.ਯੂ. (ਉਗਰਾਹਾਂ) ਦਾ ਮਨਜੀਤ ਸਿੰਘ ਕੋਈ ਪਹਿਲਾ ਤੇ ਇੱਕੋ ਇੱਕ ਆਗੂ ਨਹੀਂ ਹੈ, ਜਿਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਜੇ ਖੁਦਕੁਸ਼ੀ ਕਰਨ ਵਾਲਾ ਉਹ ਪਹਿਲਾ ਤੇ ਇੱਕੋ ਇੱਕ ਆਗੂ ਕਾਰਕੁੰਨ ਹੁੰਦਾ ਤਾਂ ਇਸ ਨੂੰ ਇੱਕ ਮੰਦਭਾਗੀ ਘਟਨਾ ਸਮਝਦਿਆਂ ਵੀ, ਕਿਸੇ ਗੰਭੀਰ ਵਿਚਾਰ ਚਰਚਾ ਦਾ ਵਿਸ਼ਾ ਨਾ  ਸਮਝ ਕੇ ਅਣਗੌਲਿਆਂ ਕੀਤਾ ਜਾ ਸਕਦਾ ਸੀ। ਪਰ ਇਹ ਘਟਨਾ ਇਸ ਜਥੇਬੰਦੀ ਅੰਦਰ ਪਹਿਲਾਂ ਵਾਪਰੀਆਂ ਖੁਦਕੁਸ਼ੀਆਂ ਦੀ ਗਿਣਤੀ ਵਿੱਚ ਜਮ੍ਹਾਂ ਹੋਈ ਘਟਨਾ ਹੈ। ਇਸ ਤੋਂ ਪਹਿਲਾਂ ਇਸ ਜਥੇਬੰਦੀ ਦੇ ਬਠਿੰਡਾ ਜ਼ਿਲ੍ਹੇ ਦੇ ਖਜ਼ਾਨਚੀ ਨੱਥਾ ਸਿੰਘ, ਸੰਗਰੂਰ ਬਲਾਕ ਕਮੇਟੀ ਮੈਂਬਰ ਨਿਰਮਲ ਸਿੰਘ ਅਤੇ ਸੰਗਤ ਬਲਾਕ ਦੇ ਇੱਕ ਅਹੁਦੇਦਾਰ ਸਮੇਤ ਕਈ ਕਾਰਕੁੰਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ। ਇਸੇ ਜਥੇਬੰਦੀ ਵੱਲੋਂ ਬਠਿੰਡਾ ਵਿਖੇ ਦਿੱਤੇ 50 ਰੋਜ਼ਾ ਦਿਨ-ਰਾਤ ਦੇ ਧਰਨੇ ਦੌਰਾਨ ਇੱਕ ਕਿਸਾਨ ਕੁਲਦੀਪ ਸਿੰਘ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ ਕੀਤੀ ਗਈ ਸੀ ਅਤੇ ਇਸ ਕਿਸਾਨ ਜਥੇਬੰਦੀ ਵੱਲੋਂ ਚੰਡੀਗੜ੍ਹ ਨੂੰ ਜਾ ਰਹੇ ਕਾਫਲੇ ਨੂੰ ਰੋਕਣ 'ਤੇ ਘਰਾਚੋਂ (ਸੰਗਰੂਰ) ਵਿਖੇ ਲਾਏ ਧਰਨੇ ਵਿੱਚ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਮੰਦਹਾਲੀ ਅਤੇ ਜ਼ਰੱਈ ਸੰਕਟ ਦੀ ਝੰਬੀ ਕਿਸਾਨੀ ਅੰਦਰ ਪਸਰ ਰਹੇ ਖੁਦਕੁਸ਼ੀਆਂ ਦੇ ਵਰਤਾਰੇ ਨੇ ਉਸ ਜਥੇਬੰਦੀ ਦੀਆਂ ਆਗੂ ਸਫਾਂ ਤੱਕ ਨੂੰ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਹੜੀ ਆਪਣੇ ਆਪ ਨੂੰ ਪੰਜਾਬ ਅੰਦਰ ਕਿਸਾਨੀ ਨੂੰ ਦਰੁਸਤ ਸੇਧ ਤੇ ਨੀਤੀਆਂ ਦੀ ਅਗਵਾਈ ਹੇਠ ਜਥੇਬੰਦ ਕਰਨ ਵਾਲੀ ਸਭ ਤੋਂ ਵੱਧ ਵਿਸ਼ਾਲ ਜਨਤਕ-ਆਧਾਰ, ਸਭ ਤੋਂ ਵੱਧ ਜੁਝਾਰ, ਲੜਾਕੂ, ਸੰਗਰਾਮੀ ਸਿਫਤਾਂ ਤੇ ਰਵਾਇਤਾਂ ਅਤੇ ਹੰਢੀ-ਵਰਤੀ ਸਮਰਥਾਵਾਨ ਲੀਡਰਸ਼ਿੱਪ ਦੀ ਮਾਲਕ ਇੱਕ ਸਿਰਮੌਰ ਜਥੇਬੰਦੀ ਵਜੋਂ ਵਡਿਆਉਂਦੀ ਹੈ। ਜਿਹੜੀ ਵਰ੍ਹਿਆਂ ਤੋਂ ਕਿਸਾਨੀ ਅੰਦਰ ਲਗਾਤਾਰ ਇਨਕਲਾਬੀ ਬਦਲ ਪੇਸ਼ ਕਰਨ, ਸਾਮਰਾਜ-ਵਿਰੋਧੀ ਅਤੇ ਜਾਗੀਰਦਾਰੀ ਵਿਰੋਧੀ ਚੇਤਨਾ ਦੀ ਜਾਗ ਲਾਉਣ ਅਤੇ ਕਿਸਾਨਾਂ ਅੰਦਰ ਚੇਤਨਾ ਨੂੰ ਉਗਾਸਾ ਦਿੰਦਿਆਂ ਇਨਕਲਾਬੀ ਜ਼ਰੱਈ ਲਹਿਰ ਦੀ ਸੇਧ ਵਿੱਚ ਕਦਮ-ਵਧਾਰਾ ਕਰਨ ਦੇ ਦਾਅਵੇ ਕਰਦੀ ਹੈ। ਅਜਿਹੀਆਂ ਸਿਫਤਾਂ ਦੀ ਮਾਲਕ ਕਿਸਾਨ ਜਥੇਬੰਦੀ ਦੀਆਂ ਆਗੂ ਸਫਾਂ ਦਾ ਖੁਦਕੁਸ਼ੀਆਂ ਦੇ ਵਰਤਾਰੇ ਦੀ ਲਪੇਟ ਵਿੱਚ ਆਉਣ ਦੀ ਠੋਸ ਵਜਾਹ ਕੀ ਹੈ। ਸਵਰਾਜਬੀਰ ਹੋਰਾਂ ਵੱਲੋਂ ਇਸੇ ਵਜਾਹ ਵੱਲ ਰਮਜ਼ੀਆ ਸੈਨਤ ਕੀਤੀ ਗਈ ਸੀ, ਸ਼ਾਇਦ ਉਹਨਾਂ ਨੂੰ ਉਮੀਦ ਸੀ ਕਿ ਇਸ 'ਤੇ ਨਾ ਸਿਰਫ ਬੀ.ਕੇ.ਯੂ. (ਉਗਰਾਹਾਂ) ਦੀ ਲੀਡਰਸ਼ਿੱਪ ਗੌਰ ਕਰੇਗੀ,  ਸਗੋਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹੋਰ ਮੰਚ/ਵਿਅਕਤੀ ਵੀ ਸੋਚ-ਵਿਚਾਰ ਕਰਨਗੇ। ਪਰ ਉਸ ਲੀਡਰਸ਼ਿੱਪ ਨੇ ਕੋਈ ਗੌਰ ਤਾਂ ਕੀ ਫੁਰਮਾਉਣੀ ਸੀ, ਉਲਟਾ ਉਸ ਜਥੇਬੰਦੀ ਦੀ ਵਕਾਲਤ ਕਰਦੀ ''ਸੁਰਖ਼ ਲੀਹ'' ਨੇ ਮੂਹਰੇ ਹੋ ਕੇ ਇਸ ਘਟਨਾਕਰਮ ਦੀ ਬਣਦੀ ਅਸਲ ਵਜਾਹ ਨੂੰ ਲਫਾਜ਼ੀ ਜਾਹਲਸਾਜ਼ੀ ਨਾਲ ਕੱਜਣ ਅਤੇ ਪਾਠਕਾਂ ਦਾ ਧਿਆਨ ਪਾਸੇ ਤਿਲ੍ਹਕਾਉਣ ਲਈ ਜ਼ੋਰ ਮਾਰਿਆ ਹੈ। 
''ਸੁਰਖ ਲੀਹ'' ਦੇ ਲਫਾਜ਼ੀ ਜਾਲ 'ਚੋਂ ਉੱਭਰਦੇ ਨੁਕਤੇ
ਉਸਦੀ ਲੰਮੀ-ਚੌੜੀ ਵਿਆਖਿਆ ਵਿੱਚੋਂ ਸੰਖੇਪ ਵਿੱਚ ਇਹ ਨੁਕਤੇ ਧਿਆਨਯੋਗ ਹਨ: (À) ਬੀ.ਕੇ.ਯੂ. (ਉਗਰਾਹਾਂ) ਵੱਲੋਂ ਲੜੇ ਜਾਂਦੇ ਸੰਘਰਸ਼ ਨਿਗੂਣੀਆਂ ਤੇ ਵਕਤੀ ਰਾਹਤ ਮੰਗਾਂ ਮੰਨਾਉਣ ਲਈ ਲੜੇ ਜਾਂਦੇ ਹਨ; (ਅ) ਇਹ ਸੰਘਰਸ਼ ਅਜੇ ਜ਼ਿੰਦਗੀ ਬਦਲ ਜਾਣ ਦੀ ਆਸ ਬੰਨ੍ਹਾਉਣ ਜੋਗੇ ਨਹੀਂ ਹਨ; (Â) ਇਹ ਸੰਘਰਸ਼ ਅਜੇ ਸੀਮਤ ਚੇਤਨਾ ਦਾ ਸੰਚਾਰ ਕਰਨ ਦੇ ਹੀ ਸਮਰੱਥ ਹਨ; (ਸ) ਇਹ ਜਨਤਕ ਸਰਗਰਮੀ (ਯਾਨੀ ਸੰਘਰਸ਼- ਲੇਖਕ) ਵੱਖ ਵੱਖ ਆਗੂ ਕਾਰਕੁੰਨਾਂ ਲਈ ਵਿਅਕਤੀਗਤ ਪ੍ਰਸੰਗਾਂ, ਮਾਣ-ਤਾਣ, ਜਾਤੀ ਵਕਾਰ ਦਾ ਕਾਰਨ ਬਣਦੀ ਹੈ। ਇੱਕ ਖਾਸ ਹਿੱਸੇ ਵਿੱਚ ਸਮਾਜਿਕ ਮਾਣ-ਸਨਮਾਨ ਅਤੇ ਅਸਰ-ਰਸੂਖ ਦੇ ਪਸਾਰੇ ਦਾ ਸਾਧਨ ਵੀ ਬਣਦੀ ਹੈ। ਅਜਿਹੇ ਪ੍ਰੇਰਨਾ-ਸਰੋਤ ਨਾਲ ਹੋ ਰਹੀ ਸਰਗਰਮੀ ਨੂੰ ਸਮੁਹਿਕ ਹਿੱਤਾਂ ਲਈ ਆਪਾ ਵਾਰਨ ਦੀ ਚੇਤਨਾ ਤਹਿਤ ਹੋ ਰਹੀ ਸਰਗਰਮੀ ਨਾਲ ਰਲ਼ਗੱਡ ਨਹੀਂ ਕਰਨਾ ਚਾਹੀਦਾ। ਸਗੋਂ ਅਜਿਹਾ ਪ੍ਰੇਰਨਾ ਸਰੋਤ ਸੰਬੰਧਤ ਵਿਅਕਤੀ ਅੰਦਰ ਨਿੱਕ-ਬੁਰਜੂਆ ਵਿਅਕਤੀਵਾਦੀ ਰੁਚੀਆਂ ਅਤੇ ਸੰਸਕਾਰਾਂ ਦੇ ਧਾਰਨੀ ਹੋਣ ਦੀ ਤਸਵੀਰ ਉਘਾੜਦਾ ਹੈ। ਅਜਿਹੇ ਪ੍ਰੇਰਨਾ ਸਰੋਤ ਨਾਲ ਸਰਗਰਮੀ ਕਰ ਰਿਹਾ ਕੋਈ ਵਿਅਕਤੀ ਸਾਧਾਰਨ ਲੋਕਾਈ ਨਾਲੋਂ ਵਿਚਾਰਾਂ ਦੇ ਪੱਖ ਤੋਂ ਬਹੁਤ ਵੱਖਰਾ ਨਹੀਂ ਹੁੰਦਾ; (ਹ) ਅੰਸ਼ਿਕ ਮੰਗਾਂ 'ਤੇ ਸਰਗਰਮ ਤਬਕਾਤੀ ਜਥੇਬੰਦੀ ਵਿਚਲੀ ਚੇਤਨਾ ਨੂੰ ਕਮਿਊਨਿਸਟ ਚੇਤਨਾ ਨਾਲ ਰਲ਼ਗੱਡ ਨਹੀਂ ਕਰਨਾ ਚਾਹੀਦਾ ਹੈ ਅਤੇ ਉਸ ਨਿਗੂਣੀ ਤੇ ਸੀਮਤ ਚੇਤਨਾ ਦੇ ਆਸਰੇ ਹੀ ਜ਼ਿੰਦਗੀ ਵਿੱਚ ਦਰਪੇਸ਼ ਗੁੰਝਲਦਾਰ ਸੁਆਲਾਂ ਨਾਲ ਭਿੜ ਸਕਣ ਤੇ ਸਾਬਤਕਦਮੀ ਨਿਕਲ ਜਾਣ ਦੇ ਸਮਰੱਥ ਹੋਣ ਦਾ ਭੁਲੇਖਾ ਨਹੀਂ ਖਾਣਾ ਚਾਹੀਦਾ ਯਾਨੀ ਬੀ.ਕੇ.ਯੂ. (ਉਗਰਾਹਾਂ) ਵੱਲੋਂ ਦਿੱਤੀ ਜਾ ਰਹੀ ਨਿਗੂਣੀ ਤੇ ਸੀਮਤ ਚੇਤਨਾ ਆਗੂ ਕਾਰਕੁੰਨਾਂ ਦੀਆਂ ਖੁਦਕੁਸ਼ੀਆਂ ਨੂੰ ਨਹੀਂ ਰੋਕ ਸਕਦੀ; (ਕ) ਇਹ ਸਿਰਫ ਕਮਿਊਨਿਸਟ ਚੇਤਨਾ ਤੇ ਨਜ਼ਰੀਆ ਹੀ ਹੈ, ਜਿਸ ਜ਼ਰੀਏ ਇਹਨਾਂ ਖੁਦਕੁਸ਼ੀਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਹ ਕਮਿਊਨਿਸਟ ਚੇਤਨਾ ਤੇ ਨਜ਼ਰੀਆ ਜਨਤਕ ਜਥੇਬੰਦੀਆਂ ਅੰਦਰ ਬਾਹਰੋਂ ਅਰਥਾਤ ਕਮਿਊਨਿਸਟ ਜਥੇਬੰਦੀ ਵੱਲੋਂ ਹੀ ਦਾਖਲ ਕੀਤਾ ਜਾ ਸਕਦਾ ਹੇ। 
ਉਪਰੋਕਤ ਨੁਕਤੇ ਬਿਆਨਦਿਆਂ ''ਸੁਰਖ਼ ਲੀਹ'' ਦੇ ਸਿਧਾਂਤਕਾਰਾਂ ਵੱਲੋਂ ਇਹ ਧਾਰਨਾ ਪੇਸ਼ ਕੀਤੀ ਜਾ ਰਹੀ ਹੈ ਕਿ ਸਿਰਫ ਤੇ ਸਿਰਫ ਕਮਿਊਨਿਸਟ ਚੇਤਨਾ ਤੇ ਨਜ਼ਰੀਆ ਹੀ ਹੈ, ਜਿਸਦੇ ਬਲਬੂਤੇ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਹੈ। ਇਹ ਸਿਰਫ ਤੇ ਸਿਰਫ ਕਮਿਊਨਿਸਟ ਹੀ ਹਨ, ਜਿਹੜੇ ਗੁੰਝਲਦਾਰ ਹਾਲਤ ਨਾਲ ਭਿੜਦਿਆਂ, ਸਾਬਤਕਦਮ ਰਹਿੰਦੇ ਹਨ ਅਤੇ ਖੁਦਕੁਸ਼ੀਆਂ ਦੇ ਵਿਚਾਰ ਤੋਂ ਮੁਕਤ ਰਹਿੰਦੇ ਹਨ। ਜਿਹੜੇ ਵੀ ਲੋਕ ਅਤੇ ਲੋਕ ਆਗੂ ਕਮਿਊਨਿਸਟ ਚੇਤਨਾ ਅਤੇ ਨਜ਼ਰੀਏ ਨਾਲ ਲੈਸ ਨਹੀਂ ਹੋਣਗੇ, ਉਹਨਾਂ ਅੰਦਰ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਇਹਨਾਂ ਮੁਤਾਬਕ ਜਦੋਂ ਬੀ.ਕੇ.ਯੂ. (ਉਗਰਾਹਾਂ) ਕਮਿਊਨਿਸਟ ਚੇਤਨਾ ਤੇ ਨਜ਼ਰੀਆ ਮੁਹੱਈਆ ਕਰਨ ਦਾ ਸਾਧਨ ਹੀ ਨਹੀਂ ਬਣ ਸਕਦੀ, ਫਿਰ ਜੇ ਉਸਦਾ ਕੋਈ ਆਗੂ ਜਾਂ ਮੈਂਬਰ ਖੁਦਕੁਸ਼ੀ ਕਰ ਜਾਂਦਾ ਹੈ, ਤਾਂ ਇਸ ਵਿੱਚ ਉਸਦਾ ਕੀ ਕਸੂਰ ਹੈ? ਅਜਿਹੀਆਂ ਖੁਦਕੁਸ਼ੀਆਂ ਲਈ ਜਥੇਬੰਦੀ ਨੂੰ ਭੋਰਾ ਭਰ ਵੀ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। 
ਬੀ.ਕੇ.ਯੂ. (ਉਗਰਾਹਾਂ) ਨੂੰ ਖੁਦਕੁਸ਼ੀਆਂ ਦੇ ਘਟਨਾਕਰਮ ਲਈ ਕਿਸੇ ਵੀ ਜਵਾਬਦੇਹੀ ਤੋਂ ਮੁਕਤ ਕਰਨ ਲਈ ਇਹਨਾਂ ਸਿਧਾਂਤਕਾਰਾਂ ਵੱਲੋਂ ਉਭਾਰੀ ਜਾ ਰਹੀ ਇਹ ਧਾਰਨਾ ਨਾ ਸਿਰਫ ਗਲਤ ਅਤੇ ਗੈਰ-ਮਾਰਕਸੀ ਹੈ, ਸਗੋਂ ਸਿਰੇ ਦੀ ਨਿਰਾਸ਼ਾਵਾਦੀ ਹੈ ਜਿਹੜੀ ਲਾਚਾਰਪੁਣੇ ਅਤੇ ਨਿਤਾਣੇ ਪੁਣੇ ਦੇ ਢਾਹੂ ਵਿਚਾਰਾਂ ਦਾ ਛੱਟਾ ਦਿੰਦੀ ਹੈ। ਇਸ ਧਾਰਨਾ ਮੁਤਾਬਕ ਜਦੋਂ ਤੱਕ ਕਿਸਾਨ ਜਥੇਬੰਦੀ ਦੇ ਸਭਨਾਂ ਆਗੂ ਕਾਰੁਕੰਨਾਂ ਅਤੇ ਮੈਂਬਰਾਂ ਵੱਲੋਂ ਕਮਿਊਨਿਸਟ (ਪਦਾਰਥਵਾਦੀ) ਨਜ਼ਰੀਆ ਨਹੀਂ ਅਪਣਾਇਆ ਜਾਂਦਾ, ਉਦੋਂ ਤੱਕ ਇਸ ਅੰਦਰ ਖੁਦਕੁਸ਼ੀਆਂ ਦੇ ਘਟਨਾਕਰਮ ਨੂੰ ਠੱਲ੍ਹ ਪਾਉਣਾ ਕਿਸਾਨ ਜਥੇਬੰਦੀ ਦੇ ਵਸ ਦੀ ਗੱਲ ਨਹੀਂ। ਉਦੋਂ ਤੱਕ ਕਿਸਾਨ ਜਥੇਬੰਦੀ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਦੇ ਮਾਮਲੇ ਵਿੱਚ ਨਿਤਾਣੇਪੁਣੇ ਅਤੇ ਲਾਚਾਰਪੁਣੇ ਦੀ ਹਾਲਤ ਵਿੱਚ ਰਹੇਗੀ। 
ਇੱਥੇ ''ਸੁਰਖ਼ ਲੀਹ'' ਦੇ ਸਿਧਾਂਤਕਾਰ ਇਹ ਭੁੱਲ ਜਾਂਦੇ ਹਨ ਕਿ ਕਮਿਊਨਿਸਟ ਵਿਚਾਰਧਾਰਾ ਤੇ ਨਜ਼ਰੀਆ ਕਮਿਊਨਿਸਟ ਪਾਰਟੀ ਦਾ ਹੁੰਦਾ ਹੈ, ਉਸਦੇ ਮੈਂਬਰਾਂ ਦਾ ਹੁੰਦਾ ਹੈ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਨਤਕ ਜਥੇਬੰਦੀਆਂ ਅੰਦਰ ਕੰਮ ਕਰਦੇ ਕਮਿਊਨਿਸਟ ਪਾਰਟੀ ਮੈਂਬਰਾਂ ਦਾ ਹੁੰਦਾ ਹੈ। ਪਰ ਜਨਤਕ ਜਥੇਬੰਦੀਆਂ ਵੱਲੋਂ ਆਪਣੇ ਇਨਕਲਾਬੀ ਵਿਕਾਸ ਦੇ ਕਿਸੇ ਵੀ ਪੱਧਰ 'ਤੇ ਕਮਿਊਨਿਸਟ ਵਿਚਾਰਧਾਰਾ ਅਤੇ ਨਜ਼ਰੀਏ ਨੂੰ ਨਾ ਅਪਣਾਇਆ ਜਾ ਸਕਦਾ ਹੈ, ਅਤੇ ਨਾ ਹੀ ਇਹਨਾਂ ਜਥੇਬੰਦੀਆਂ 'ਤੇ ਠੋਸਿਆ ਜਾ ਸਕਦਾ ਹੈ। ਨਾ ਹੀ ਇਉਂ ਕਰਨਾ ਕਮਿਊਨਿਸਟ ਪਾਰਟੀ ਦਾ ਮਕਸਦ ਹੁੰਦਾ ਹੈ। ਉਸਦਾ ਇਉਂ ਕਰਨ ਦਾ ਮਕਸਦ ਇਹਨਾਂ ਜਥੇਬੰਦੀਆਂ ਦੀ ਮੁਕਾਬਲਤਨ ਵਿਕਸਤ ਪਰਤ ਨੂੰ ਆਪਣੀ ਵਿਚਾਰਧਾਰਾ ਦੇ ਅਸਰ ਹੇਠ ਲਿਆਉਂਦਿਆਂ, ਇਸਦੇ ਵੱਧ ਤੋਂ ਵੱਧ ਹਿੱਸਿਆਂ ਨੂੰ ਪਾਰਟੀ ਦੇ ਘੇਰੇ ਅੰਦਰ ਲਿਆਉਣਾ ਹੁੰਦਾ ਹੈ। ਇਸ ਤਰ੍ਹਾਂ, ਇੱਕ ਹੱਥ ਪਾਰਟੀ ਉਸਾਰੀ ਦੇ ਅਮਲ ਨੂੰ ਅੱਗੇ ਵਧਾਉਣਾ ਅਤੇ ਦੂਜੇ ਹੱਥ ਇਹਨਾਂ ਜਥੇਬੰਦੀਆਂ ਅੰਦਰ ਸਿਆਸੀ ਅਗਵਾਈ ਜਤਲਾਉਣ ਲਈ ਬਿਹਤਰ ਹਾਲਤ ਸਿਰਜਣੀ ਹੁੰਦਾ ਹੈ। ਇਹ ਯਤਨ ਕਰਨ ਦੇ ਬਾਵਜੂਦ ਨਵ-ਜਮਹੂਰੀ ਇਨਕਲਾਬ ਦੇ ਸਮੁੱਚੇ ਪੜਾਅ ਦੌਰਾਨ ਇਹਨਾਂ ਜਨਤਕ ਜਥੇਬੰਦੀਆਂ ਅੰਦਰ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦੀ ਨਫਰੀ ਘੱਟ-ਸੰਮਤੀ ਵਿੱਚ ਰਹਿੰਦੀ ਹੈ। ਉਦੋਂ ਵੀ ਜਦੋਂ ਇਹਨਾਂ ਜਨਤਕ ਜਥੇਬੰਦੀਆਂ 'ਤੇ ਕਮਿਊਨਿਸਟ ਪਾਰਟੀ ਦੀ ਇਨਕਲਾਬੀ ਸਿਆਸੀ ਅਗਵਾਈ ਸਥਾਪਤ ਹੋ ਜਾਂਦੀ ਹੈ। ਇਹਨਾਂ ਸਿਧਾਂਤਕਾਰਾਂ ਦੀ ਗੈਰ-ਮਾਰਕਸੀ ਧਾਰਨਾ ਮੁਤਾਬਕ ਇਹਨਾਂ ਜਨਤਕ ਜਥੇਬੰਦੀਆਂ ਦੀ ਬਹੁਗਿਣਤੀ ਮੈਂਬਰਸ਼ਿੱਪ ਕਮਿਊਨਿਸਟ ਨਜ਼ਰੀਏ ਤੋਂ ਕੋਰੀ ਹੋਣ ਕਰਕੇ ਖੁਦਕੁਸ਼ੀਆਂ ਦੀ ਸ਼ਿਕਾਰ ਹੁੰਦੀ ਰਹੇਗੀ। 
ਕਿਸਾਨਾਂ-ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀ ਅਸਲ ਵਜਾਹ 
ਜਦੋਂ ਕੋਈ ਵਿਅਕਤੀ ਜ਼ਿੰਦਗੀ ਦੇ ਕਿਸੇ ਗੰਭੀਰ ਸੰਕਟ (ਆਰਥਿਕ, ਸਿਆਸੀ, ਸਮਾਜਿਕ-ਸਭਿਆਚਾਰਕ ਸੰਕਟ) ਦੀ ਘੁੰਮਣਘੇਰੀ ਵਿੱਚ ਘਿਰਿਆ ਹੁੰਦਾ ਹੈ। ਜਦੋਂ ਤੱਕ ਇਸ ਘੁੰਮਣਘੇਰੀ 'ਚੋਂ ਨਿਕਲਣ ਦੀਆਂ ਗੁੰਜਾਇਸ਼ਾਂ ਦਿਖਾਈ ਦਿੰਦੀਆਂ ਹਨ ਤਾਂ ਉਹ ਇਸ ਵਿੱਚੋਂ ਨਿਕਲਣ ਲਈ ਹੱਥ-ਪੱਲਾ ਮਾਰਦਾ ਹੈ, ਪਰ ਜਦੋਂ ਇਹ ਗੁੰਜਾਇਸ਼ਾਂ ਖਤਮ ਹੋ ਜਾਂਦੀਆਂ ਹਨ ਅਤੇ ਉਸ ਨੂੰ ਇਸ ਘੁੰਮਣਘੇਰੀ ਵਿੱਚੋਂ ਨਿਕਲਣ ਲਈ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ ਤਾਂ ਉਹ ਸਿਰੇ ਦੇ ਨਿਤਾਣੇਪਣ, ਬੇਵਸੀ ਅਤੇ ਨਿਰਾਸ਼ਾ ਦੀ ਹਨੇਰੀ ਖੱਡ ਵਿੱਚ ਜਾ ਡਿੱਗਦਾ ਹੈ। ਇਸ ਸਿਰੇ ਦੀ ਦੁਖਦਾਇਕ ਅਤੇ ਅਸਹਿ ਹਾਲਤ ਤੋਂ ਛੁਟਕਾਰਾ ਪਾਉਣ ਲਈ ਉਹ ਖੁਦਕੁਸ਼ੀ ਕਰਨ ਦੀ ਚੋਣ ਕਰਦਾ ਹੈ। ਜੇ ਉਸ ਵਿਅਕਤੀ ਸਾਹਮਣੇ ਸੰਕਟ ਵਿੱਚੋਂ ਨਿਕਲਣ ਲਈ ਨਾ ਸਿਰਫ ਗੁੰਜਾਇਸ਼ਾਂ ਉਭਾਰੀਆਂ ਜਾਣ, ਸਗੋਂ ਇਹਨਾਂ ਨੂੰ ਅਮਲ ਵਿੱਚ ਸਾਕਾਰਣਯੋਗ ਹੋਣ ਦਾ ਭਰੋਸਾ ਜਗਾਇਆ ਅਤੇ ਬੰਨ੍ਹਾਇਆ ਜਾਵੇ, ਤਾਂ ਉਹ ਲਾਜ਼ਮੀ ਹੀ ਨਿਤਾਣੇਪਣ ਅਤੇ ਨਿਰਾਸ਼ਾ ਦੀ ਖੱਡ ਵਿੱਚ ਡਿੱਗਣ ਅਤੇ ਖੁਦਕੁਸ਼ੀ ਦੇ ਰਾਹ ਪੈਣ ਦੀ ਬਜਾਇ ਸੰਕਟ ਵਿੱਚੋਂ ਨਿਕਲਣ ਦੀਆਂ ਗੁੰਜਾਇਸ਼ਾਂ ਨੂੰ ਸਾਕਾਰ ਕਰਨ ਯਾਨੀ ਸੰਕਟ ਦਾ ਹੱਲ (ਬਦਲ) ਲੱਭਣ ਲਈ ਜੱਦੋਜਹਿਦ ਦੇ ਰਾਹ ਪੈਣ ਦੀ ਚੋਣ ਕਰੇਗਾ। 
ਇਹੀ ਗੱਲ ਵਿਰਾਟ ਸੰਕਟ ਮੂੰਹ ਆਏ ਕਿਸਾਨਾਂ (ਅਤੇ ਖੇਤ ਮਜ਼ਦੂਰਾਂ) 'ਤੇ ਵੀ ਲਾਗੂ ਹੁੰਦੀ ਹੈ। ਲਗਾਤਾਰ ਗਹਿਰੇ ਹੁੰਦੇ ਜਾ ਰਹੇ ਜ਼ਰੱਈ ਸੰਕਟ ਦੀ ਝੰਬੀ ਕਿਸਾਨੀ ਇਸ ਨਰਕ-ਕੁੰਡ ਵਰਗੀ ਹਾਲਤ ਵਿਚੋਂ ਨਿਕਲਣ ਲਈ ਬੁਰੀ ਤਰ੍ਹਾਂ ਛਟਪਟਾ ਰਹੀ ਹੈ। ਇਸ ਹਾਲਤ ਵਿੱਚੋਂ ਨਿਕਲਣ ਲਈ ਉਹ ਸਾਰਥਿਕ ਹੀਲਿਆਂ-ਵਸੀਲਿਆਂ ਦੀ ਤਲਾਸ਼ ਵਿੱਚ ਹੱਥ-ਪੈਰ ਮਾਰਦੀ ਹੈ। ਇਸ ਹਾਲਤ ਵਿੱਚ ਇੱਕ ਤਿਣਕੇ ਦਾ ਸਹਾਰਾ ਵੀ ਉਸ ਅੰਦਰ ਜ਼ਿੰਦਗੀ ਦੇ ਚੰਗੇਰੇ-ਰੁੱਖ ਕਰਵਟ ਲੈਣ ਦੀ ਆਸ  ਜਗਾਉਂਦਾ ਹੈ। ਇਸ ਆਸ ਨੂੰ ਲੈ ਕੇ ਕਿਸਾਨ ਉਹਨਾਂ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਵੱਲ ਮੂੰਹ ਕਰਦੇ ਹਨ। ਇਹਨਾਂ ਜਥੇਬੰਦੀਆਂ ਦੀਆਂ ਘੋਲ ਸਰਗਰਮੀਆਂ ਵਿੱਚ ਸ਼ਾਮਲ ਹੁੰਦੇ ਹਨ। ਆਪਣੇ ਭੁੱਖੇ-ਤਿਹਾਏ ਢਿੱਡਾਂ ਨੂੰ ਗੰਢਾਂ ਦੇ ਕੇ ਵੀ ਬੀ.ਕੇ.ਯੂ. (ਉਗਰਾਹਾਂ) ਵਰਗੀ ਜਥੇਬੰਦੀ ਦੀਆਂ ਗੋਲਕਾਂ ਭਰਦੇ ਹਨ ਅਤੇ ਉਹਨਾਂ ਦੰ ਲੰਗਰਾਂ ਨੂੰ ਰੰਗ-ਭਾਗ ਲਾਉਂਦੇ ਹਨ। ਪਰ ਜਦੋਂ ਉਹ ਅਜਿਹੀਆਂ ਜਥੇਬੰਦੀਆਂ ਦੇ ਵਰ੍ਹਿਆਂਬੱਧੀ ਅਮਲ ਨੂੰ ਖੁਦ ਹੰਢਾਉਂਦਿਆਂ, ਆਪਣੇ ਮਨ-ਮਸਤਕਾਂ ਅੰਦਰ ਹੰਘਾਲਦੇ ਹਨ, ਤਾਂ ਉਹਨਾਂ ਦੇ ਮੱਥੇ ਇਹ ਕੌੜੀ ਹਕੀਕਤ ਆ ਵੱਜਦੀ ਹੈ ਕਿ ਇਹਨਾਂ ਜਥੇਬੰਦੀਆਂ ਕੋਲ ਕਿਸਾਨੀ ਨੂੰ ਭਿਆਨਕ ਸੰਕਟ ਤੋਂ ਮੁਕਤ ਕਰਨ ਦਾ ਕੋਈ ਦਰੁਸਤ ਰਾਹ ਨਹੀਂ ਹੈ। ਇਹ ਜਥੇਬੰਦੀਆਂ ਸੰਕਟ ਦੇ ਜਬਾੜ੍ਹਿਆਂ ਵਿੱਚ ਆਈ ਕਿਸਾਨੀ ਲਈ ਦਰੁਸਤ ਇਨਕਲਾਬੀ ਬਦਲ ਤੇ ਰਾਹ ਪੇਸ਼ ਕਰਨ, ਉਭਾਰਨ ਅਤੇ ਅਭਿਆਸ ਵਿੱਚ ਕਦਮ-ਬ-ਕਦਮ ਲਾਗੂ ਕਰਦਿਆਂ, ਸਥਾਪਤ ਕਰਦੇ ਜਾਣ ਦਾ ਅਮਲ ਚਲਾਉਣ ਪੱਖੋਂ ਨਾਕਾਮ ਤੇ ਆਹਰੀ ਸਾਬਤ ਹੋ ਚੁੱਕੀਆਂ ਹਨ। ਇਥੇ ਇਨਕਲਾਬੀ ਬਦਲ ਦਾ ਮਤਲਬ ਹੈ- ਕਿਸਾਨ ਲਹਿਰ ਨੂੰ ਜ਼ਮੀਨ ਦੀ ਕਾਣੀ-ਵੰਡ ਨੂੰ ਖਤਮ ਕਰਨ ਲਈ ਜਾਗੀਰਦਾਰੀ ਦਾ ਫਸਤਾ ਵੱਢਣ, ਸੂਦਖੋਰ ਕਰਜ਼ਾ-ਪ੍ਰਬੰਧ ਨੂੰ ਜੜ੍ਹੋਂ ਪੁੱਟਣ ਅਤੇ ਮੁਲਕ 'ਤੇ ਸਾਮਰਾਜੀ ਅਧੀਨਗੀ ਤੇ ਲੁੱਟ-ਖੋਹ ਦੇ ਜੂਲੇ ਨੂੰ ਵਗਾਹ ਮਾਰਨ ਦੇ ਠੋਸ ਪ੍ਰੋਗਰਾਮ ਦੁਆਲੇ ਜਥੇਬੰਦ ਕਰਨਾ ਅਤੇ ਇਨਕਲਾਬੀ ਰਾਹ ਦਾ ਮਤਲਬ ਹੈ- ਕਿਸਾਨ ਲਹਿਰ ਨੂੰ ਹਾਕਮ ਜਮਾਤੀ ਕਾਨੂੰਨਾਂ ਅਤੇ ਫੁਰਮਾਨਾਂ ਦੀਆਂ ਲਛਮਣ-ਰੇਖਾਵਾਂ ਤੋਂ ਮੁਕਤ ਕਰਦਿਆਂ, ਖਾੜਕੂ ਅਤੇ ਭੇੜੂ ਸੰਘਰਸ਼ਾਂ ਦੀ ਦਿਸ਼ਾ ਵਿੱਚ ਅੱਗੇ ਵਧਾਉਣਾ। ਇਉਂ, ਹੀ ਕਿਸਾਨ ਲਹਿਰ ਨੂੰ ਇਨਕਲਾਬੀ ਜ਼ਰੱਈ ਲਹਿਰ ਦੇ ਪੜਾਅ ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਪਰ ਬੀ.ਕੇ.ਯੂ. (ਉਗਰਾਹਾਂ) ਵਰਗੀ ਵੱਡੇ ਜਨਤਕ ਆਧਾਰ ਦਾ ਦਾਅਵਾ ਕਰਨ ਵਾਲੀ ਕਿਸਾਨ ਜਥੇਬੰਦੀ ਵੱਲੋਂ ਕਦੀ-ਕਦਾਈਂ ਵਿਸ਼ੇਸ਼ ਕਰਕੇ ਪਾਰਲੀਮਾਨੀ ਅਤੇ ਵਿਧਾਨ ਸਭਾਈ ਚੋਣਾਂ ਮੌਕੇ ਅਖੌਤੀ ਇਨਕਲਾਬੀ ਬਦਲ ਉਭਾਰਨ ਦੀ ਰਸਮ ਤਾਂ ਅਦਾ ਕੀਤੀ ਜਾਂਦੀ ਹੈ, ਪਰ ਇਸ ਨੂੰ ਸਾਕਾਰ ਕਰਨ ਲਈ ਜ਼ੋਰਦਾਰ ਯਤਨ ਜੁਟਾਉਣ ਦੀ ਬਜਾਇ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਅਮਲ ਵਿੱਚ ਹੁੰਦਾ ਕੀ ਹੈ- ਵਾਰ ਵਾਰ ਉਹੀ ਅੰਸ਼ਿਕ ਤੇ ਨਿਗੂਣੀਆਂ ਰਾਹਤ ਮੰਗਾਂ ਅਤੇ ਇਹਨਾਂ ਮੰਗਾਂ ਨੂੰ ਲੈ ਕੇ ਮੁਕੰਮਲ ਸ਼ਾਂਤਮਈ ਅਤੇ ਕਾਨੂੰਨੀ ਲਛਮਣ ਰੇਖਾਵਾਂ ਅੰਦਰ ਤੱਕ ਸੀਮਤ ਕਨਵੈਨਸ਼ਨਾਂ, ਧਰਨਿਆਂ ਤੇ ਵਿਖਾਵਿਆਂ ਦੇ ਦੁਹਰਾਓ ਦਾ ਗੈਰ-ਉਪਜਾਊ ਤੇ ਉਕਤਾਊ ਸਿਲਸਿਲਾ। ਇਹ ਸਿਲਸਿਲਾ ਕਿਸਾਨ ਲੀਡਰਸ਼ਿੱਪ ਦੀ ਕਹਿਣੀ ਅਤੇ ਕਰਨੀ ਅੰਦਰਲੇ ਪਾੜੇ ਦੀ ਅਸਲੀਅਤ ਨੂੰ ਉਘਾੜਦਾ ਹੈ। ਕਿਸਾਨਾਂ ਅੰਦਰ ਬੇਉਮੀਦੀ ਅਤੇ ਨਿਰਾਸ਼ਾ ਦੇ ਅਹਿਸਾਸ ਦੇ ਸਿਰ ਚੁੱਕਣ ਅਤੇ ਪਸਰਦੇ ਜਾਣ ਦਾ ਸਬੱਬ ਬਣਦਾ ਹੈ। ਉਹਨਾਂ ਅੰਦਰ ਅਜਿਹੀ ਜਥੇਬੰਦੀ ਦਾ ਲੜ ਫੜ ਕੇ ਸੰਕਟ ਰੂਪੀ ਭਵ-ਸਾਗਰ ਤਰ ਜਾਣ ਦਾ ਭਰਮ ਟੁੱਟ ਖਿੰਡ ਜਾਂਦਾ ਹੈ। ਸਿੱਟੇ ਵਜੋਂ ਉਹਨਾਂ ਅੰਦਰ ਬੇਉਮੀਦੀ ਅਤੇ ਨਿਰਾਸ਼ਾ ਦਾ ਹਨੇਰਾ ਹੋਰ ਗਹਿਰਾ ਹੁੰਦਾ ਜਾਂਦਾ ਹੈ ਅਤੇ ਉਹ ਇਸ ਤੋਂ ਛੁਟਕਾਰਾ ਪਾਉਣ ਲਈ ਖੁਦਕੁਸ਼ੀ ਦੀ ਚੋਣ ਕਰਨ ਵੱਲ ਮੁੜਦੇ ਹਨ। 
ਬੀ.ਕੇ.ਯੂ. (ਉਗਰਾਹਾਂ) ਇੱਕ ਕਾਨੂੰਨਵਾਦੀ-ਸੁਧਾਰਵਾਦੀ ਜਥੇਬੰਦੀ ਹੈ
ਇਸ ਅਸਲੀਅਤ ਨੂੰ ਖੁਦ ''ਸੁਰਖ਼ ਲੀਹ'' ਦੇ ਸੋਧਵਾਦੀ-ਸੁਧਾਰਵਾਦੀ ਸਿਧਾਂਤਕਾਰ ਵੀ ਸਵੀਕਾਰਦੇ ਹਨ। ਉਹਨਾਂ ਵੱਲੋਂ ਆਪਣੀ ਲਿਖਤ ਵਿੱਚ ਸੰਕਟ ਮੂੰਹ ਆਈ ਕਿਸਾਨੀ ਲਈ ਇਨਕਲਾਬੀ ਜਮਹੂਰੀ ਬਦਲ ਦੀ ਲੋੜ ਦਾ ਜ਼ਿਕਰ ਕਰਨ ਤੋਂ ਜਾਣਬੁੱਝ ਕੇ ਇਸ ਲਈ ਟਾਲਾ ਵੱਟਿਆ ਹੈ, ਤਾਂ ਕਿ ਬੀ.ਕੇ.ਯੂ. (ਉਗਰਾਹਾਂ) ਦੇ ਇਸ ਪੱਖੋਂ ਮੁਕੰਮਲ ਨਾਕਾਰੇਪਣ 'ਤੇ ਮਿੱਟੀ ਪਾਈ ਜਾ ਸਕੇ, ਪਰ ਅਜਿਹਾ ਕਰਕੇ ਉਹਨਾਂ ਵੱਲੋਂ ਇਹ ਪ੍ਰਵਾਨ ਕਰ ਲਿਆ ਗਿਆ ਹੈ ਕਿ ਇਹ ਜਥੇਬੰਦੀ ਕਿਸਾਨਾਂ ਅੰਦਰ ਇਨਕਲਾਬੀ ਜਮਹੂਰੀ ਬਦਲ ਉਭਾਰਨ, ਇਸ ਨੂੰ ਅਭਿਆਸ ਵਿੱਚ ਸਾਕਾਰ ਕਰਨ ਅਤੇ ਸਥਾਪਤ ਕਰਨ ਦਾ ਅਮਲ ਤੋਰਨ ਦੇ ਮਾਮਲੇ ਵਿੱਚ ਨਕਾਰਾ ਸਾਬਤ ਹੋ ਚੁੱਕੀ ਹੈ। 
ਇਸ ਤੋਂ ਅੱਗੇ ਇਹਨਾਂ ''ਸਿਧਾਂਤਕਾਰਾਂ'' ਵੱਲੋਂ ਇਹ ਇਕਬਾਲ ਕਰ ਲਿਆ ਗਿਆ ਹੈ ਕਿ ਇਹ ਜਥੇਬੰਦੀ ਨਿਗੂਣੀਆਂ ਰਾਹਤ ਮੰਗਾਂ 'ਤੇ ਸਰਗਰਮੀ ਕਰਨ ਤੱਕ ਸੀਮਤ ਰਹਿ ਰਹੀ ਹੈ। ਇਹ ਸੰਘਰਸ਼ ਸਰਗਰਮੀ ਕਿਸਾਨਾਂ ਦੀ ਨਰਕੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਲਿਆਉਣ ਦੀ ਉਮੀਦ ਨਹੀਂ ਜਗਾਉਂਦੀ। ਇਹ ਸੰਘਰਸ਼ ਅਜੇ ਸੀਮਤ ਚੇਤਨਾ ਦਾ ਸੰਚਾਰ ਕਰਨ ਦੇ ਹੀ ਸਮੱਰਥ ਹਨ। ਅਜਿਹੇ ਸੰਘਰਸ਼ ਇਸ ਜਥੇਬੰਦੀ ਅੰਦਰ ਨਿੱਕ-ਬੁਰਜੂਆ ਵਿਅਕਤੀਵਾਦੀ ਰੁਚੀਆਂ ਅਤੇ ਸੰਸਕਾਰਾਂ ਦੇ ਧਾਰਨੀ ਅਜਿਹੇ ਆਗੂ ਕਾਰਕੁੰਨਾਂ ਨੂੰ ਮੂਹਰੇ ਲਿਆਉਂਦੇ ਹਨ, ਜਿਹਨਾਂ ਦਾ ਪ੍ਰੇਰਨਾ ਸਰੋਤ ਵਿਅਕਤੀਗਤ ਮਾਣ-ਸਨਮਾਣ ਅਤੇ ਚੌਧਰ-ਭੁੱਖ ਹੁੰਦੀ ਹੈ। ਜਿਸ ਜਥੇਬੰਦੀ ਤੇ ਇਸਦੇ ਚੌਧਰ-ਭੁੱਖੇ ਆਗੂ ਕਾਰਕੁੰਨਾਂ ਦਾ ਕਿਸਾਨਾਂ ਦੀ ਮੌਜੂਦਾ ਸੰਕਟਗ੍ਰਸਤ ਹਾਲਤ ਦੇ ਇਨਕਲਾਬੀ ਬਦਲ ਨਾਲ ਨਾ ਕੋਈ ਸਰੋਕਾਰ ਹੈ ਅਤੇ ਨਾ ਹੀ ਇਹ ਇਨਕਲਾਬੀ ਬਦਲ ਉਹਨਾਂ ਦੀ ਸਰਗਰਮੀ ਦਾ ਪ੍ਰੇਰਨਾ ਸਰੋਤ ਹੈ— ਅਜਿਹੀ ਜਥੇਬੰਦੀ ਇੱਕ ਕਾਨੂੰਨਵਾਦੀ-ਸੁਧਾਰਵਾਦੀ ਜਥੇਬੰਦੀ ਤੋਂ ਸਿਵਾਏ ਹੋਰ ਕੁੱਝ ਹੋ ਹੀ ਨਹੀਂ ਸਕਦੀ। 
''ਸੁਰਖ਼ ਲੀਹ'' ਦੇ ''ਸਿਧਾਂਤਕਾਰ'' ਜਦੋਂ ਜਨਤਕ ਜਥੇਬੰਦੀਆਂ ਅੰਦਰ ਬਾਹਰੋਂ ਕਮਿਊਨਿਸਟ ਚੇਤਨਾ ਤੇ ਨਜ਼ਰੀਆ ਦਾਖਲ ਕਰਨ ਦੀ ਗੱਲ ਕਰਦੇ ਹਨ ਤਾਂ ਉਹ ਇਹ ਭੁੱਲ ਜਾਂਦੇ ਹਨ ਕਿ ਕਾਨੂੰਨਵਾਦੀ-ਸੁਧਾਰਵਾਦੀ ਵਿਹੁ-ਚੱਕਰ ਵਿੱਚ ਘਿਰੀਆਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਵਿੱਚ ਕਮਿਊਨਿਸਟ ਚੇਤਨਾ ਤੇ ਨਜ਼ਰੀਆ ਦਾਖਲ ਕਰਨ ਦੀਆਂ ਗੁੰਜਾਇਸ਼ਾਂ ਵੀ ਨਿਗੂਣੀਆਂ ਹੀ ਹੁੰਦੀਆਂ ਹਨ। ਇਹ ਸਿਰਫ ਤੇ ਸਿਰਫ ਕਿਸਾਨੀ ਅੰਦਰ ਇਨਕਲਾਬੀ ਜਮਹੂਰੀ ਬਦਲ ਨੂੰ ਉਭਾਰਨ, ਲਾਗੂ ਕਰਨ ਅਤੇ ਸਥਾਪਤ ਕਰਨ ਦਾ ਚਲਾਇਆ ਜਾਣ ਵਾਲਾ ਅਮਲ ਹੀ ਹੈ, ਜਿਸ ਨਾਲ ਜੋੜ ਕੇ ਕਮਿਊਨਿਸਟ ਚੇਤਨਾ ਅਤੇ ਨਜ਼ਰੀਆ ਦਾਖਲ ਕੀਤਾ ਜਾ ਸਕਦਾ ਹੈ। ਇਹ ਕਿਸਾਨੀ ਅੰਦਰ ਇਨਕਲਾਬੀ ਬਦਲ ਉਭਾਰਨ ਅਤੇ ਉਸਾਰਨ ਅਰਥਾਤ ਇਨਕਲਾਬੀ ਜ਼ਰੱਈ ਲਹਿਰ ਉਸਾਰਨ ਦੇ ਅਮਲ ਵਿੱਚ ਆਉਂਦੇ ਮੋੜਾਂ-ਘੋੜਾਂ ਅਤੇ ਉਤਰਾਵਾਂ-ਚੜ੍ਹਾਵਾਂ ਨਾਲ ਜੁੜ ਕੇ ਅੱਗੇ ਵਧਦਾ ਹੈ। ਜੇ ਇਨਕਲਾਬੀ ਜ਼ਰੱਈ ਲਹਿਰ ਉਸਾਰੀ ਦੀ ਪੇਸ਼ਕਦਮੀ ਤੇ ਵਿਕਾਸ ਨਾਲ ਜੁੜ ਕੇ ਕਿਸਾਨੀ ਅੰਦਰ ਪਾਰਟੀ ਘੇਰੇ ਦੇ ਪਸਾਰੇ ਤੇ ਵਿਕਾਸ ਦਾ ਅਮਲ ਅਗੇ ਵੱਧਦਾ ਹੈ ਤਾਂ ਇਨਕਲਾਬੀ ਜ਼ਰੱਈ ਲਹਿਰ ਨੂੰ ਪਛਾੜ ਅਤੇ ਪਿਛਲਮੋੜੇ ਦੇ ਅਮਲ ਨਾਲ ਜੁੜ ਕੇ ਪਾਰਟੀ ਘੇਰੇ ਦੇਵਿਕਾਸ ਨੂੰ ਢਾਹ ਲੱਗਦੀ ਹੈ ਅਤੇ ਇਹ ਸੁੰਗੜਦਾ ਹੈ। ਪਰ ਜੇ ਕੋਈ ਕਿਸਾਨ ਜਥੇਬੰਦੀ ਇਨਕਲਾਬੀ ਜਮਹੂਰੀ ਬਦਲ ਉਸਾਰੀ ਦੇ ਰਾਹ 'ਤੇ ਮੁਢਲੇ ਕਦਮ ਪੁੱਟਣ ਤੋਂ ਆਹਰੀ ਹੈ ਅਤੇ ਕਾਨੂੰਨਵਾਦੀ-ਸੁਧਾਰਵਾਦੀ ਵਿਹੁ-ਚੱਕਰ ਵਿੱਚ ਘਿਰੀ ਹੋਈ ਹੈ, ਉਸ ਜਥੇਬੰਦੀ ਵੱਲੋਂ ਕੀਤੀਆਂ ਜਾਂਦੀਆਂ ਸਰਗਰਮੀਆਂ ਕਮਿਊਨਿਸਟ ਚੇਤਨਾ ਅਤੇ ਨਜ਼ਰੀਆ ਦਾਖਲ ਕਰਨ ਦਾ ਘੱਟੋ ਘੱਟ ਅਸਰਦਾਰ ਸਾਮਾ ਵੀ ਨਹੀਂ ਬਣ ਸਕਦੀਆਂ।
ਡੀ.ਵੀ. ਰਾਓ-ਨਾਗਾ ਰੈਡੀ ਮਾਰਕਾ ਸੋਧਵਾਦੀ ਲੀਹ ਦਾ ਸੰਕਟ
ਡੀ.ਵੀ. ਰਾਓ-ਨਾਗੀਰੈਡੀ ਸੋਧਵਾਦੀ-ਸੁਧਾਰਵਾਦੀ ਲੀਹ ਦਾ ਇੱਕ ਅਹਿਮ ਨੁਕਤਾ ਇਹ ਹੈ ਕਿ ਜਦੋਂ ਤੱਕ ਮੁਲਕ ਪੱਧਰੀ ਕਮਿਊਨਿਸਟ ਪਾਰਟੀ, ਇਸਦੀ ਅਗਵਾਈ ਹੇਠ ਮੁਲਕ-ਵਿਆਪੀ ਜਨਤਕ ਲਹਿਰ ਅਤੇ ਸਾਂਝਾ ਮੋਰਚਾ ਹੋਂਦ ਵਿੱਚ ਨਹੀਂ ਆਉਂਦੇ, ਉਦੋਂ ਤੱਕ ਹਥਿਆਰਬੰਦ ਇਨਕਲਾਬੀ ਜ਼ਰੱਈ ਲਹਿਰ ਦੀ ਸ਼ਕਲ ਵਿੱਚ ਇਨਕਲਾਬੀ ਬਦਲ ਦੀ ਉਸਾਰੀ ਕਰਨ ਦੇ ਅਮਲ ਦੀ ਸ਼ੁਰੂਆਤ ਨਹੀਂ ਕੀਤੀ ਜਾ ਸਕਦੀ। ਮੁਲਕ ਪੱਧਰ ਦੀ ਪਾਰਟੀ ਉਸਾਰਨ ਦੇ ਅਮਲ ਅਤੇ ਮੁਲਕ-ਵਿਆਪੀ ਜਨਤਕ ਲਹਿਰ ਉਸਾਰੀ ਦੇ ਅਮਲ ਨੇ ਇੱਕ-ਦੂਜੇ ਦੇ ਪੂਰਕ ਬਣਦਿਆਂ ਪ੍ਰਸਪਰ ਅੰਤਰਕਰਮ ਵਿੱਚ ਅੱਗੇ ਵਧਣਾ ਹੈ। ਇਹਨਾਂ ਦੋਵਾਂ ਪੱਖਾਂ ਦੀ ਉਸਾਰੀ ਵਿੱਚੋਂ ਮੁਲਕ-ਪੱਧਰੀ ਪਾਰਟੀ ਉਸਾਰੀ ਦਾ ਕਾਰਜ ਕੇਂਦਰੀ ਅਹਿਮੀਅਤ ਰੱਖਦਾ ਹੈ। ਮੁਲਕ ਪੱਧਰੀ ਪਾਰਟੀ ਉਸਾਰੀ ਅਤੇ ਇਸਦੀ ਅਗਵਾਈ ਹੇਠ ਮੁਲਕ-ਵਿਆਪੀ ਜਨਤਕ ਲਹਿਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸਾਂਝਾ ਮੋਰਚਾ ਵਜੂਦ ਧਾਰੇਗਾ। ਇਹਨਾਂ ਤਿੰਨਾਂ ਅਮਲਾਂ- ਪਾਰਟੀ ਉਸਾਰੀ ਦੇ ਅਮਲ, ਜਨਤਕ ਲਹਿਰ ਉਸਾਰੀ ਦੇ ਅਮਲ ਅਤੇ ਸਾਂਝਾ ਮੋਰਚਾ ਉਸਾਰੀ ਦੇ ਅਮਲ ਦੇ ਸਿਰੇ ਲੱਗਣ ਤੋਂ ਬਾਅਦ ਇਨਕਲਾਬੀ ਜ਼ਰੱਈ ਲਹਿਰ ਦੀ ਉਸਾਰੀ ਦੇ ਅਮਲ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਸੋਧਵਾਦੀ ਸਮਝ ਪ੍ਰੋਲੇਤਾਰੀ ਰਹਿਬਰ ਮਾਓ-ਜ਼ੇ-ਤੁੰਗ ਵੱਲੋਂ ਪੇਸ਼ ਪਾਰਟੀ ਉਸਾਰੀ ਦੇ ਅਮਲ, ਹਥਿਆਰਬੰਦ ਘੋਲ ਦੇ ਅਮਲ ਅਤੇ ਸਾਂਝੇ ਮੋਰਚੇ ਦੀ ਉਸਾਰੀ ਦੇ ਅਮਲ ਦਾ ਪ੍ਰਸਪਰ ਅੰਤਰ-ਕਰਮ, ਇੱਕ-ਦੂਜੇ ਨਾਲ ਜੜੁੱਤ ਰੂਪ ਵਿੱਚ ਅਤੇ ਇੱਕ-ਦੂਜੇ ਦੇ ਪੂਰਕ ਬਣਦਿਆਂ, ਚੱਲਦੇ ਅਟੁੱਟ ਅਤੇ ਸਾਲਮ ਵਿਕਾਸ ਦੇ ਮਾਰਕਸੀ ਸੰਕਲਪ ਦੀ ਮੁਤਬਾਦਲ ਸਮਝ ਵਜੋਂ ਪੇਸ਼ ਕੀਤੀ ਗਈ ਹੈ। 
ਇਸ ਸੋਧਵਾਦੀ ਸਮਝ ਮੁਤਾਬਕ ਉਦੋਂ ਤੱਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਸਿਰਫ ਅੰਸ਼ਿਕ ਮੰਗਾਂ 'ਤੇ ਉਭਾਰਿਆ ਤੇ ਜਥੇਬੰਦ ਕੀਤਾ ਜਾਵੇਗਾ ਅਤੇ ਅੰਸ਼ਿਕ ਤੇ ਨਿਗੂਣੀਆਂ ਰਾਹਤ ਮੰਗਾਂ 'ਤੇ ਪੁਰਅਮਨ ਸਰਗਰਮੀਆਂ ਦੀਆਂ ਵਲਗਣਾਂ ਤੱਕ ਸੀਮਤ ਕਿਸਾਨ ਲਹਿਰ ਦੀ ਉਸਾਰੀ ਕੀਤੀ ਜਾਵੇਗੀ। ਇਸ ਕਿਸਾਨ ਲਹਿਰ ਅੰਦਰ ਕਮਿਊਨਿਸਟ-ਵਿਚਾਰਧਾਰਾ ਦਾਖਲ ਕੀਤੀ ਜਾਵੇਗੀ ਅਤੇ ਵੱਧ ਤੋਂ ਕਿਸਾਨਾਂ ਨੂੰ ਕਮਿਊਨਿਸਟ ਵਿਚਾਰਧਾਰਾ ਅਤੇ ਨਜ਼ਰੀਏ ਦੀ ਜਾਗ ਲਾਈ ਜਾਵੇਗੀ। ਇਉਂ, ਕਮਿਊਨਿਸਟ ਜਥੇਬੰਦੀ ਦੀ ਉਸਾਰੀ ਕਰਦਿਆਂ, ਪਾਰਟੀ ਮੁੜ-ਜਥੇਬੰਦ ਕੀਤੀ ਜਾਵੇਗੀ। 
ਇਹੀ ਸੋਧਵਾਦੀ-ਸੁਧਾਰਵਾਦੀ ਸਮਝ ਹੈ, ਜਿਹੜੀ ਬੀ.ਕੇ.ਯੂ. (ਉਗਰਾਹਾਂ) ਅੰਦਰ ਖੁਦਕੁਸ਼ੀਆਂ ਦੇ ਸ਼ੁਰੂ ਹੋਏ ਘਟਨਾਕਰਮ ਦੀ ਸ਼ਕਲ ਵਿੱਚ ਸਿਰ ਚੁੱਕ ਰਹੇ ਸੰਕਟ ਵਜੋਂ ਸਾਹਮਣੇ ਆ ਰਹੀ ਹੈ। ਜਿਹੜੀ ਕਿਸਾਨ ਜਥੇਬੰਦੀ ਨਾ ਸਿਰਫ ਕਿਸਾਨੀ ਅੰਦਰ ਜ਼ੋਰ ਫੜ ਰਹੇ ਖੁਦਕੁਸ਼ੀਆਂ ਦੇ ਵਰਤਾਰੇ ਸਨਮੁੱਖ ਬੇਵੱਸ ਤੇ ਨਿਤਾਣੀ ਸਾਬਤ ਹੋ ਰਹੀ ਹੈ, ਸਗੋਂ ਆਪਣੀਆਂ ਆਗੂ ਸਫਾਂ ਅੰਦਰ ਸਿਰ ਚੁੱਕ ਰਹੇ ਖੁਦਕੁਸ਼ੀਆਂ ਦੇ ਘਟਨਾਕਰਮ ਦੀ ਲਪੇਟ ਵਿਚ ਆ ਗਈ ਹੈ, ਉਸ ਜਥੇਬੰਦੀ ਅਤੇ ਚੌਧਰ-ਭੁੱਖ ਦੇ ਪ੍ਰੇਰਨਾ ਸਰੋਤ ਨਾਲ ਸਰਗਰਮੀ ਕਰਦੀਆਂ ਉਸਦੀਆਂ ਆਗੂ ਸਫਾਂ ਦੀ ਅਗਵਾਈ ਹੇਠਲੀ ਕਿਸਾਨ ਲਹਿਰ ਕਮਿਊਨਿਸਟ ਚੇਤਨਾ ਅਤੇ ਨਜ਼ਰੀਏ ਦਾ ਛੱਟਾ ਦੇਣ ਲਈ ਕਿਹੋ ਜਿਹੀ ਜ਼ਰਖੇਜ਼ ਭੋਇੰ ਮੁਹੱਈਆ ਕਰਦੀ ਹੈ, ਇਸਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। 
ਡੀ.ਵੀ. ਰਾਓ-ਨਾਗਾ ਰੈਡੀ ਮਾਰਕਾ ਸੋਧਵਾਦੀ-ਸੁਧਾਰਵਾਦੀ ਲੀਹ ਦਾ ਤੱਤ ਤੇ ''ਕੇਂਦਰੀ ਕਾਰਜ'' ਭੁਲੇਖੇ ਵਸ ਇਸਦੀ ਕੀਲ ਅੰਦਰ ਆਈਆਂ ਸਫਾਂ ਦੇ ਇਨਕਲਾਬੀ ਤੰਤ ਅਤੇ ਲੜਾਕੂ ਕਣ ਨੂੰ ਮਾਰਨਾ ਅਤੇ ਉਹਨਾਂ ਨੂੰ ਸਿਆਸੀ ਖੁਦਕੁਸ਼ੀਆਂਦੇ ਰਾਹ ਪਾਉਣਾ ਹੈ। ਇਉਂ, ਸਿਆਸੀ ਤੌਰ 'ਤੇ ਗੈਰ-ਸਰਗਰਮੀ ਤੇ ਨਿਰਾਸ਼ਾ ਦੇ ਆਲਮ ਵਿੱਚ ਸੁੱਟਣਾ ਹੈ। ਜਿਹਨਾਂ ਜਿਹਨਾਂ ਸੂਬਿਆਂ ਵਿੱਚ ਹੋਣਹਾਰ ਇਨਕਲਾਬੀ ਨੌਜਵਾਨਾਂ ਵੱਲੋਂ ਇਸ ਸੋਧਵਾਦੀ-ਸੁਧਾਰਵਾਦੀ ਲੀਹ ਦਾ ਪੱਲਾ ਫੜਿਆ ਗਿਆ, ਉੱਥੇ ਹੀ ਸੈਂਕੜੇ ਨੌਜਵਾਨਾਂ ਦੀ ਲਟ ਲਟ ਬਲਦੀ ਇਨਕਲਾਬੀ ਤਾਂਘ ਤੇ ਭਾਵਨਾ ਅਤੇ ਜੁਝਾਰੂ ਤੱਤਪਰਤਾ ਦੀ ਫੂਕ ਕੱਢਦਿਆਂ, ਉਹਨਾਂ ਨੂੰ ਇਸ ਪਿਛਾਂਹਖਿੱਚੂ ਨਿਜ਼ਾਮ ਦੀ ਬੁੱਕਲ ਵਿੱਚ ਧੱਕ ਦਿੱਤਾ ਗਿਆ। ਪੰਜਾਬ ਅੰਦਰ ਇਸ ਸੋਧਵਾਦੀ-ਸੁਧਾਰਵਾਦੀ ਲੀਹ ਦੇ ਅਸਰ ਹੇਠ ਆ ਕੇ ਆਪਾ-ਵਾਰੂ ਭਾਵਨਾ ਨਾਲ ਇਨਕਲਾਬ ਦੀ ਬੇਦੀ 'ਤੇ ਕੁਰਬਾਨ ਹੋਣ ਲਈ ਨਿੱਤਰੇ ਕਈ ਦਰਜ਼ਨ ਨੌਜਵਾਨਾਂ ਨੂੰ ਇਸ ਲੀਹ ਵੱਲੋਂ ਸਿਆਸੀ ਖੁਦਕੁਸ਼ੀਆਂ ਦੀ ਪਟੜੀ 'ਤੇ ਚਾੜ੍ਹਿਆ ਗਿਆ ਹੈ। ਇਹਨਾਂ ਹੋਣਹਾਰ ਨੌਜਵਾਨਾਂ ਵਿੱਚ ਕਈ ਅਜਿਹੇ ਸ਼ਾਮਲ ਹਨ, ਜਿਹਨਾਂ ਵੱਲੋਂ ਘੋਰ ਨਿਰਾਸ਼ਾ ਦੇ ਆਲਮ ਵਿੱਚ ਧੱਸਦਿਆਂ, ਸਰੀਰਕ ਤੌਰ 'ਤੇ ਖੁਦਕੁਸ਼ੀਆਂ ਰਾਹੀਂ ਆਪਣੀ ਜੀਵਨ-ਲੀਲਾ ਨੂੰ ਖਤਮ ਕਰ ਲਿਆ ਗਿਆ ਹੈ। 
ਸੋ, ਜਿਹੜੀ ਸੋਧਵਾਦੀ-ਸੁਧਾਰਵਾਦੀ ਲੀਹ ਦਾ ਕਾਰਜ ਹੀ ਹੋਣਹਾਰ ਨੌਜਵਾਨਾਂ ਅਤੇ ਕਾਰਕੁੰਨਾਂ ਨੂੰ ਸਿਆਸੀ ਖੁਦਕੁਸ਼ੀਆਂ ਅਤੇ ਸਰੀਰਕ ਤੌਰ 'ਤੇ ਖੁਦਕੁਸ਼ੀਆਂ ਦੇ ਤਬਾਹਕੁੰਨ ਰਾਹ 'ਤੇ ਧੱਕਣਾ ਹੈ, ਉਸ ਲੀਹ ਦੀ ਪੈਰਵਾਈ ਕਰ ਰਹੇ ''ਸੁਰਖ਼ ਲੀਹ'' ਵਰਗੇ ਪਰਚੇ ਦੇ ਦੰਭੀ ਸਿਧਾਂਤਾਕਰਾਂ ਦੇ ਪੈਰੋਕਾਰ ਅਤੇ ਇਸ ਪਰਚੇ ਰਾਹੀਂ ਕਿਸਾਨਾਂ, ਖੇਤ ਮਜ਼ਦੂਰਾਂ ਵਿੱਚ ਸਮਾਪਤਾਵਾਦੀ, ਕਾਨੂੰਨਵਾਦੀ-ਸੁਧਾਰਵਾਦੀ ਸਮਝ ਦਾ ਛੱਟਾ ਦਿੰਦੇ ਆਗੂਆਂ ਦੀ ਅਗਵਾਈ ਹੇਠਲੀ ਕਿਸਾਨ ਲਹਿਰ ਦਾ ਢਹਿੰਦੀਆਂ ਕਲਾਂ ਵਿੱਚ ਧਸਦੇ ਜਾਣ ਅਤੇ ਖੁਦਕੁਸ਼ੀਆਂ ਦੇ ਵਰਤਾਰੇ ਸਨਮੁੱਖ ਬੇਵਸ ਤੇ ਨਿਤਾਣੇ ਹੋ ਨਿੱਬੜਨ ਦੇ ਅਮਲ ਨੂੰ ਕੋਈ ਨਹੀਂ ਰੋਕ ਸਕਦਾ। 

ਬਸਤਰ ਵਿੱਚ ਟਾਟਿਆਂ ਵੱਲੋਂ ਕਿਸਾਨਾਂ ਦੀ ਦੱਬੀ ਜ਼ਮੀਨ ਮਾਓਵਾਦੀਆਂ ਨੇ ਵਾਪਸ ਕਰਵਾਈ

ਬਸਤਰ ਵਿੱਚ ਟਾਟਿਆਂ ਵੱਲੋਂ ਕਿਸਾਨਾਂ ਦੀ ਦੱਬੀ ਜ਼ਮੀਨ ਮਾਓਵਾਦੀਆਂ ਨੇ ਵਾਪਸ ਕਰਵਾਈ
ਸੰਨ 2005 ਵਿੱਚ ਬੀ.ਜੇ.ਪੀ. ਹਕੂਮਤ ਨੇ ਟਾਟਿਆਂ ਨਾਲ ਬਸਤਰ ਜ਼ਿਲ੍ਹੇ ਦੇ ਲੋਹਾਂਦੀਗੁਡਾ ਇਲਾਕੇ ਵਿੱਚ 19500 ਕਰੋੜ ਰਪੁਏ ਦੀ ਲਾਗਤ ਨਾਲ ਇੱਕ ਸਟੀਲ ਪਲਾਂਟ ਲਾਉਣ ਵਾਸਤੇ ਇੱਕ ਸਮਝੌਤਾ ਕਰਕੇ 4400 ਏਕੜ ਜ਼ਮੀਨ ਹਥਿਆਉਣੀ ਚਾਹੀ। ਸੰਨ 2008 ਵਿੱਚ 10 ਪਿੰਡਾਂ ਦੀ 1764 ਏਕੜ ਜ਼ਮੀਨ ਖੋਹੀ ਗਈ, ਜਿਹਨਾਂ ਵਿੱਚ ਲੋਹਾਂਦੀਗੁਡਾ, ਚਿੰਦਗਾਉਂ, ਕੁਮਹਾਲੀ, ਬੇਲੀਆਪਾਲ, ਬੰਦਾਜੀ, ਦਾਵਜੋਤ, ਬਾੜੇਜਾਰੋੜਾ, ਬੇਲਾਰ, ਸਿਰਸੀਗੁਡਾ ਅਤੇ ਤਾਕਰਾਗੁਡਾ ਸ਼ਾਮਲ ਸਨ। ਇਸ ਸਮੇਂ ਪਿੰਡਾਂ ਦੇ ਕਿਸਾਨਾਂ ਵਿੱਚ ਵਿਆਪਕ ਵਿਰੋਧ ਖੜ੍ਹਾ ਹੋਣ ਲੱਗਿਆ। ਕਿਸਾਨ ਜ਼ਮੀਨ ਖੋਹੇ ਜਾਣ ਨੂੰ ਸਰਾਸਰ ਧੱਕਾ ਅਤੇ ਲੁੱਟ-ਖੋਹ ਸਮਝਦੇ ਸਨ। 1707 ਕਿਸਾਨਾਂ ਵਿੱਚੋਂ 542 ਕਿਸਾਨਾਂ ਨੇ ਜ਼ਮੀਨ ਦੇ ਪੈਸੇ ਵੀ ਨਹੀਂ ਸਨ ਚੁੱਕੇ। ਪਰ ਸਰਕਾਰ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਕੇ ਸੁਰਖਰੂ ਹੋ ਜਾਣਾ ਚਾਹੁੰਦੀ ਸੀ। ਅਤੇ ਪੁਲਸੀ ਤੇ ਫੌਜੀ ਬਲਾਂ ਦੇ ਜ਼ੋਰ ਇੱਥੇ ਸਟੀਲ ਪਲਾਂਟ ਚਾਲੂ ਕਰਵਾਉਣਾ ਚਾਹੁੰਦੀ ਸੀ। 
2016 ਤੱਕ ਵੀ ਸਰਕਾਰ ਸਾਰੀ ਜ਼ਮੀਨ 'ਤੇ ਮੁਕੰਮਲ ਕੰਟਰੋਲ ਨਹੀਂ ਸੀ ਕਰ ਸਕੀ, ਕਿਉਂਕਿ ਇਸ ਇਲਾਕੇ ਵਿੱਚ ਜਿੱਥੇ ਆਮ ਕਿਸਾਨਾਂ ਵੱਲੋਂ ਰੈਲੀਆਂ-ਮੁਜਾਹਰੇ ਕਰਕੇ ਵਿਰੋਧ ਪ੍ਰਗਟਾਇਆ ਜਾ ਰਿਹਾ ਸੀ, ਉੱਥੇ ਮਾਓਵਾਦੀ ਪਾਰਟੀ ਵੱਲੋਂ ਲੋਕਾਂ ਨੂੰ ਫੌਜੀ ਬਲਾਂ ਦਾ ਹਥਿਆਰਬੰਦ ਟਾਕਰਾ ਕਰਨ ਦੇ ਸੱਦੇ ਦਿੱਤੇ ਗਏ ਸਨ। ਅਤੇ ਜਦੋਂ ਕਦੇ ਵੀ ਫੌਜੀ ਬਲ, ਅਧਿਕਾਰੀ ਜਾਂ ਟਾਟਾ ਸਟੀਲ ਵਾਲਿਆਂ ਦੇ ਵਾਹਨ ਇਸ ਇਲਾਕੇ ਵਿੱਚ ਆਉਂਦੇ ਤਾਂ ਹਥਿਆਰਬੰਦ ਟਾਕਰੇ ਰਾਹੀਂ ਉਹਨਾਂ ਦੇ ਮੂੰਹ ਮੋੜ ਦਿੱਤੇ ਜਾਂਦੇ। 
ਜਦੋਂ 10 ਸਾਲਾਂ ਤੱਕ ਦੇ ਅਰਸੇ ਦੌਰਾਨ ਵੀ ਭਾਜਪਾ ਹਕੂਮਤ ਟਾਟਿਆਂ ਵਾਸਤੇ ਕਿਸਾਨਾਂ ਤੋਂ ਸਾਰੀ ਜ਼ਮੀਨ ਖਾਲੀ ਨਾ ਕਰਵਾ ਸਕੀ ਅਤੇ ਜਿਹੜੀ ਖਾਲੀ ਕਰਵਾਈ ਸੀ, ਉਸ ਵਿੱਚ ਖੁਦਾਈ ਚਾਲੂ ਨਾ ਕਰਵਾ ਸਕੀ ਤਾਂ ਇਸ ਸਮੇਂ ਕਾਂਗਰਸ ਪਾਰਟੀ ਨੇ ਸੂਬਾਈ ਚੋਣਾਂ ਮੌਕੇ ਲੋਕਾਂ ਦੇ ਰੋਹ ਨੂੰ ਆਪਣੇ ਵੋਟ ਬਕਸ਼ੇ ਵਿੱਚ ਢਾਲਣ ਦੇ ਯਤਨ ਵਜੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਕਿਸਾਨਾਂ ਤੋਂ ਖੋਹੀ ਗਈ ਜਿਹੜੀ ਜ਼ਮੀਨ 5 ਸਾਲਾਂ ਤੱਕ ਕਿਸੇ ਵਰਤੋਂ ਵਿੱਚ ਨਹੀਂ ਲਿਆਂਦੀ ਜਾ ਸਕੀ, ਉਹ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਕਿਸਾਨਾਂ ਕੋਲੋਂ ਖੋਹੀ ਗਈ ਜ਼ਮੀਨ ਵਿੱਚ ਜਦੋਂ ਟਾਟਿਆਂ ਨੂੰ ਪਤਾ ਲੱਗਿਆ ਕਿ ਖੁਦਾਈ ਅਤੇ ਉਤਪਾਦਨ ਦਾ ਕੰਮ ਨਹੀਂ ਚਲਾਇਆ ਜਾ ਸਕਦਾ ਤਾਂ ਉਹਨਾਂ ਇੱਥੋਂ ਵਾਪਸ ਜਾਣ ਵਿੱਚ ਹੀ ਆਪਣੀ ਭਲਾਈ ਸਮਝੀ। ਭਾਜਪਾ ਹਕੂਮਤ ਕਿਸਾਨਾਂ ਤੋਂ ਖੋਹੀ ਗਈ ਜ਼ਮੀਨ ਨੂੰ ਇੱਕ ਬੈਂਕ ਬਣਾ ਕੇ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦੀ ਸੀ, ਪਰ ਕਾਂਗਰਸ ਪਾਰਟੀ ਇਸ ਮਾਮਲੇ ਵਿੱਚ ਉਸ ਉੱਤੇ ਭਾਰੂ ਪੈ ਗਈ ਤੇ ਛੱਤੀਸਗੜ੍ਹ ਵਿੱਚੋਂ ਇਸ ਵਾਰ ਭਾਜਪਾ ਹਕੂਮਤ ਦਾ ਬੋਰੀਆ ਬਿਸਤਰਾ ਗੋਲ ਹੋ ਗਿਆ। ਬਸਤਰ ਵਿੱਚ ਖੋਹੀ ਜ਼ਮੀਨ ਸਬੰਧੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਬਘੇਲ ਸਿੰਘ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਹੀ 4400 ਏਕੜ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਮੀਡੀਆ ਸਲਾਹਕਾਰ ਨੇ ਆਖਿਆ ਕਿ ''ਇਸ ਵਿੱਚੋਂ ਇਹ ਵੀ ਪਤਾ ਲੱਗਦਾ ਹੈ ਕਿ ਨਵੀਂ ਕਾਂਗਰਸ ਹਕੂਮਤ ਨਕਸਲਵਾਦ ਨੂੰ ਖਤਮ ਕਰਨ ਲਈ ਕਿਹੋ ਜਿਹੀਆਂ ਨੀਤੀਆਂ ਅਤੇ ਦਾਅਪੇਚ ਅਖਤਿਆਰ ਕਰ ਰਹੀ ਹੈ।'' 

ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਵਿਸ਼ਾਲ ਕਿਸਾਨ-ਮਜ਼ਦੂਰ ਕਾਨਫਰੰਸ ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਪੰਜਾਬ 'ਚ ਸ਼ਾਮਲ ਹੋਣ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਵਿਸ਼ਾਲ ਕਿਸਾਨ-ਮਜ਼ਦੂਰ ਕਾਨਫਰੰਸ
ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਪੰਜਾਬ 'ਚ ਸ਼ਾਮਲ ਹੋਣ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਦਾਣਾ ਮੰਡੀ ਫਤਿਹਗੜ੍ਹ ਚੂੜੀਆਂ ਵਿੱਚ ਵਿਸ਼ਾਲ ਕਿਸਾਨ-ਮਜ਼ਦੂਰ ਕਾਨਫਰੰਸ ਕਰਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਜ਼ਿਲ੍ਹੇ ਦੇ ਬਲਾਕ ਫਤਿਹਗੜ੍ਹ ਚੂੜੀਆਂ ਅਤੇ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਦਰਜ਼ਨਾਂ ਪਿੰਡਾਂ ਤੋਂ ਭਾਰੀ ਗਿਣਤੀ ਵਿੱਚ ਪੁੱਜੇ ਕਿਸਾਨਾਂ-ਮਜ਼ਦੂਰਾਂ ਨੇ ਸਭ ਤੋਂ ਪਹਿਲਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ, ਹਰਜੀਤ ਸਿੰਘ ਵਹੀਲਾ, ਹਰਜੀਤ ਸਿੰਘ ਪੰਨਵਾਂ ਬਲਵਿੰਦਰ ਸਿੰਘ ਢਪੱਈ ਅਤੇ ਕਰਨਲ ਨਿਸ਼ਾਨ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਚੱਲੀ ਕਾਰਵਾਈ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਫਤਿਹਗੜ੍ਹ ਚੂੜੀਆਂ ਨੇ ਸੰਬੋਧਨ ਕਰਦਿਆਂ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਬੀ.ਕੇ.ਯੂ. ਉਗਰਾਹਾਂ ਦੀ ਲੀਡਰਸ਼ਿੱਪ ਨੇ ਜਥੇਬੰਦੀ ਨੂੰ ਇੱਕ ਵਿਚਾਰ, ਇੱਕ ਪਾਰਟੀ ਦੀ ਹੱਥਠੋਕਾ ਤੇ ਜੇਬੀ ਜਥੇਬੰਦੀ ਬਣਾ ਧਰਿਆ ਸੀ। ਸਭ ਅਸੂਲਾਂ ਨੂੰ ਛਿੱਕੇ 'ਤੇ ਟੰਗ ਕੇ ਯੂਨੀਅਨ ਲਈ ਸਭ ਕੁੱਝ ਨਿਸ਼ਾਵਰ ਕਰਨ ਵਾਲੇ ਮੋਢੀ ਆਗੂਆਂ ਦੀਆਂ ਮੈਂਬਰਸ਼ਿੱਪਾਂ ਖਾਰਜ ਕੀਤੀਆਂ ਗਈਆਂ ਅਤੇ ਸੰਵਿਧਾਨ, ਜਮਹੂਰੀਅਤ ਤੇ ਜਨਤਕ ਜਥੇਬੰਦੀ ਵਿੱਚ ਅੱਡ ਅੱਡ ਵਿਚਾਰਾਂ ਅਤੇ ਇੱਕ ਅਮਲ ਦੀ ਝੂਠੀ ਮੁਹਾਰਨੀ ਪੜ੍ਹਨ ਵਾਲੀ ਲੀਡਰਸ਼ਿੱਪ ਸਭ ਅਸੂਲਾਂ ਤੋਂ ਭੱਜ ਖਲੋਤੀ ਜਦੋਂ ਵਿਧਾਨਕ ਤੇ ਜਮਹੂਰੀ ਤਰੀਕੇ ਨਾਲ ਚੁਣੇ ਗਏ ਦੋ ਬਲਾਕਾਂ ਦੇ 28 ਪਿੰਡਾਂ ਨੂੰ ਮਾਨਤਾ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤੇ ਸਿਰਫ ਤਿੰਨ ਪਿੰਡਾਂ ਤੱਕ ਸੀਮਤ ਰਹਿ ਗਏ। ਅਖੌਤੀ ਜ਼ਿਲ੍ਹਾ ਪ੍ਰਧਾਨ ਦੀ ਪਿੱਠ ਥਾਪੜੀ ਹੋਰ ਤਾਂ ਹੋਰ ਉਸ ਵੱਲੋਂ ਡੇਢ ਲੱਖ ਰੁਪਏ ਦੇ ਹਿਸਾਬ ਦੇਣ ਦੇ ਮਾਮਲੇ 'ਤੇ ਵੀ ਕਲੀਨ ਚਿੱਟ ਦੇ ਦਿੱਤੀ ਗਈ। ਇਸ ਸਾਰੇ ਵਰਤਾਰੇ ਦੇ ਖਿਲਾਫ ਜ਼ਿਲ੍ਹਾ ਕਮੇਟੀ ਵੱਲੋਂ ਸੂਬਾ ਕਮੇਟੀ ਦੇ ਨਾਂ ਖੁੱਲ੍ਹੀ ਚਿੱਠੀ 10 ਹਜ਼ਾਰ ਦੀ ਗਿਣਤੀ ਵਿੱਚ ਛਾਪ ਕੇ ਵੰਡੀ ਗਈ। ਸੂਬਾ ਕਮੇਟੀ ਆਪਣੀ ਗਲਤੀ ਨੂੰ ਦਰੁਸਤ ਕਰਨ ਦੀ ਬਜਾਇ ਗੱਡੀਆਂ ਵਿੱਚ ਸਵਾਰ ਹੋ ਕੇ ਜ਼ਿਲ੍ਹਾ ਕਮੇਟੀ ਦੇ ਦੂਸਰੇ ਮੈਂਬਰਾਂ ਦੇ ਘਰੇ ਗੇੜੇ ਮਾਰਦੀ ਰਹੀ ਅਤੇ ਅਹੁਦਿਆਂ ਦਾ ਲਾਲਚ ਦਿੰਦੀ ਰਹੀ, ਜਿਸ ਨੂੰ ਆਗੂਆਂ ਨੇ ਬੁਰੀ ਤਰ੍ਹਾਂ ਦੁਰਕਾਰ ਦਿੱਤਾ। ਸੂਬਾ ਕਮੇਟੀ ਵੱਲੋਂ ਸੂਬਾ ਇਜਲਾਸ ਵੀ ਕਾਡਰ ਤੋਂ ਚੋਰੀ ਹੀ ਕਰ ਮਾਰਿਆ। ਅਜਿਹੀ ਹਾਲਤ ਵਿੱਚ ਜ਼ਿਲ੍ਹਾ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਉਸਾਰ ਕੇ ਸਮੁਹ ਜ਼ਿਲ੍ਹਾ ਆਗੂਆਂ ਤੇ ਕਿਸਾਨਾਂ ਵੱਲੋਂ ਸੂਬਾ ਕਮੇਟੀ ਦੇ ਦੰਭ ਨੂੰ ਨੰਗਾ ਕੀਤਾ ਗਿਆ ਤੇ ਸਾਂਝੇ ਕਿਸਾਨੀ ਸੰਘਰਸ਼ਾਂ ਤੇ ਹੋਰ ਸਰਗਰਮੀਆਂ ਦਾ ਮੁੱਢ ਬੰਨ੍ਹਿਆ। ਸਮੂਹ ਆਗੂਆਂ ਅਤੇ ਸਫਾਂ ਦੀ ਰਜ਼ਾ ਅਨੁਸਾਰ ਕਿਸਾਨ ਹਿੱਤਾਂ ਲਈ ਪ੍ਰਤੀਬੱਧ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਪਟਵਾਰ ਯੂਨੀਅਨ ਦੇ ਸੂਬਾਈ ਆਗੂ ਨੇ ਕਿਸਾਨਾਂ ਨੂੰ ਵੋਟ ਪਾਰਟੀਆਂ ਤੋਂ ਸਾਵਧਾਨ ਕੀਤਾ। ਮਾਸਟਰ ਗੁਰਚਰਨ ਸਿੰਘ ਟਾਹਲੀ ਨੇ ਕਿਸਾਨਾਂ ਨੂੰ ਸਿਰੜੀ ਜਥੇਬੰਦੀ ਉਸਾਰਨ ਦਾ ਸੱਦਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਸਾਨ ਲਹਿਰ ਦੇ ਇਤਿਹਾਸ 'ਤੇ ਰੌਸ਼ਨੀ ਪਾਈ। ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਮੌਜੂਦਾ ਹਾਲਤ ਵਿੱਚ ਲੋਕਾਂ ਤੇ ਕਿਸਾਨਾਂ ਦੇ ਦਰਦ ਬਾਰੇ ਵਿਸਥਾਰ ਵਿੱਚ ਦੱਸਿਆ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਵੰਤ ਸਿੰਘ ਮੱਖੂ ਨੇ ਆ ਰਹੀਆਂ ਚੋਣਾਂ ਤੇ ਹਾਕਮਾਂ ਦੇ ਪਾਖੰਡ ਦਾ ਪਰਦਾਫਾਸ਼ ਕੀਤਾ। ਕਾਨਫਰੰਸ ਨੂੰ ਬਲਵਿੰਦਰ ਸਿੰਘ ਢਪੱਈ, ਬਲਜਿੰਦਰ ਸਿੰਘ ਖੋਖਰ, ਤਰਸੇਮ ਸਿੰਘ ਬਾਲੋਵਾਲੀ, ਰਣਜੀਤ ਸਿੰਘ ਖਜ਼ਾਨੇਕੋਟ, ਜਸਬੀਰ ਸਿੰਘ ਬੱਲ, ਅਜੀਤ ਸਿੰਘ ਭਰਥ, ਲਖਵਿੰਦਰ ਸਿੰਘ ਵਿਠੱਵਾਂ, ਕਸ਼ਮੀਰ ਸਿੰਘ ਮਠੋਲਾ, ਸੂਬੇਦਾਰ ਹਰਪਾਲ ਸਿੰਘ ਸੁੰਤਲ, ਮਜ਼ਦੁਰ ਆਗੂ ਕਰਮ ਸਿੰਘ ਆਦਿ ਨੇ ਸੰਬੋਧਨ ਕੀਤਾ। 

ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਜਲੰਧਰ ਵਿੱਚ ਸਾਂਝੀ ਕਨਵੈਨਸ਼ਨ

ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ
ਜਲੰਧਰ ਵਿੱਚ ਸਾਂਝੀ ਕਨਵੈਨਸ਼ਨ

ਲੋਕ ਸੰਗਰਾਮ ਮੰਚ, ਇਨਕਲਾਬੀ ਲੋਕ ਮੋਰਚਾ ਅਤੇ ਸੀ.ਪੀ.ਆਈ. (ਮ.ਲ.), ਨਿਊਡੈਮੋਕਰੇਸੀ ਵੱਲੋਂ ਸਾਂਝੇ ਤੌਰ 'ਤੇ 9 ਅਪ੍ਰੈਲ ਨੂੰ ਦੇਸ਼ ਭਗਤ ਜਲੰਧਰ ਵਿਖੇ ਜੱਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਸਬੰਧੀ ਇੱਕ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ। ਮਿਥੇ ਕੋਟੇ ਅਨੁਸਾਰ ਸਾਰਿਆਂ ਨੇ ਸ਼ਮੂਲੀਅਤ ਕਰਨ ਦੇ ਯਤਨ ਕੀਤੇ। ਇਕੱਠ ਇੱਕ ਹਜ਼ਾਰ ਤੋਂ ਉੱਪਰ ਸੀ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਅਜਮੇਰ ਸਿੰਘ, ਕਾਮਰੇਡ ਸੁਖਵਿੰਦਰ ਕੌਰ ਅਤੇ ਕਾਮਰੇਡ ਸਤਵੰਤ ਸਿੰਘ ਲਾਲੀ ਸਨ। ਸਭ ਤੋਂ ਪਹਿਲਾਂ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ 2 ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। 
ਪਹਿਲਾ ਬੁਲਾਰਾ ਇਨਕਲਾਬੀ ਲੋਕ ਮੋਰਚੇ ਦਾ ਸੂਬਾ ਪ੍ਰਧਾਨ ਕਾਮਰੇਡ ਲਾਲ ਸਿੰਘ ਗੋਲੇਵਾਲਾ ਸੀ। ਉਸਨੇ 13 ਅਪ੍ਰੈਲ 1919 ਵਿੱਚ ਜੱਲ੍ਹਿਆਂਵਾਲੇ ਬਾਗ ਵਿੱਚ ਵਾਪਰੀ ਘਟਨਾ ਬਾਰੇ ਵਿਸਥਾਰੀ ਭਾਸ਼ਣ ਦਿੱਤਾ। ਦੂਸਰਾ ਬੁਲਾਰਾ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦਾ ਸੂਬਾ ਪ੍ਰਧਾਨ ਕਾਮਰੇਡ ਤਾਰਾ ਸਿੰਘ ਮੋਗਾ ਸੀ। ਉਸਨੇ ਉਸ ਸਮੇਂ ਦੇ ਆਰਥਿਕ ਅਤੇ ਸਿਆਸੀ ਕਾਰਨਾਂ 'ਤੇ ਬੋਲਦਿਆਂ ਕਿਹਾ ਕਿ ਅੱਜ ਵੀ ਜੱਲ੍ਹਿਆਂਵਾਲੇ ਬਾਗ ਵਰਗੇ ਸਾਕੇ ਵਾਪਰ ਰਹੇ ਹਨ ਅਤੇ ਕਾਲੇ ਕਾਨੂੰਨ ਵੀ ਬਣਾਏ ਜਾ ਰਹੇ ਹਨ। ਉਸਨੇ ਕੌਮੀ ਮੁਕਤੀ ਲਹਿਰਾਂ ਅਤੇ ਇਨਕਲਾਬੀ ਲਹਿਰ 'ਤੇ ਵਿੱਢੇ ਜਬਰ ਦੀ ਗੱਲ ਕਰਦਿਆਂ ਕੀਤੇ ਜਾ ਰਹੇ ਟਾਕਰੇ ਦੀ ਗੱਲ ਵੀ ਉਭਾਰੀ। ਲੋਕ ਲਹਿਰ ਟਾਕਰਾ ਕਰਦੀ ਹੋਈ ਅੱਗੇ ਵਧ ਰਹੀ ਹੈ। 
ਤੀਸਰਾ ਬੁਲਾਰਾ ਸੀ.ਪੀ.ਆਈ.(ਮ.ਲ.) ਨਿਊਡੈਮੋਕਰੇਸੀ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਖਟਕੜ ਸਨ। ਉਹਨਾਂ ਨੇ ਬਾਰੀਕੀ ਨਾਲ ਸਾਮਰਾਜ ਵੱਲੋਂ ਹੁੰਦੀ ਲੁੱਟ 'ਤੇ ਚਾਨਣਾ ਪਾਇਆ। ਸਾਮਰਾਜ ਨੂੰ ਹਰਾਉਣ ਅਤੇ ਕਾਣੀ ਵੰਡ ਨੂੰ ਦੂਰ ਕਰਵਾਉਣਾ ਇਨਕਲਾਬੀ ਲਹਿਰ ਦਾ ਮਕਸਦ ਹੈ। ਦਰਸ਼ਕਾਂ ਨੇ ਬੁਲਾਰਿਆਂ ਦੇ ਵਿਚਾਰਾਂ ਨੂੰ ਗਹੁ ਨਾਲ ਸੁਣਿਆ। 
ਕਨਵੈਨਸ਼ਨ ਦੀ ਸਮਾਪਤੀ ਪਿੱਛੋਂ ਕੰਪਨੀ ਬਾਗ ਤੱਕ ਮੁਜਾਹਰਾ ਕੀਤਾ ਗਿਆ ਅਤੇ ਉਥੋਂ ਵਾਪਸ ਮੁੜ ਕੇ ਦੇਸ਼ ਭਗਤ ਯਾਦਗਾਰ ਹਾਲ ਕੋਲ ਆ ਕੇ ਖਤਮ ਕੀਤਾ। ਮੁਜਾਹਰਾਕਾਰੀਆਂ ਨੇ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਅਤੇ ਬੈਨਰ ਚੁੱਕੇ ਹੋਏ ਸਨ। ਕੁੱਝ ਵਿਦਿਆਰਥੀਆਂ ਨੇ ਹੱਥ ਤਖਤੀਆਂ ਵੀ ਉਠਾਈਆਂ ਹੋਈਆਂ ਸਨ। ਤਿੰਨੋਂ ਧਿਰਾਂ ਨੇ ਜ਼ੋਰ ਲਾ ਕੇ ਇਸ ਕਨਵੈਨਸ਼ਨ ਅਤੇ ਮੁਜਾਹਰੇ ਨੂੰ ਸਫਲ ਕੀਤਾ। 
ਲੋਕ ਸੰਗਰਾਮ ਮੰਚ ਦੀ ਅਗਵਾਈ ਹੇਠ
ਅੰਮ੍ਰਿਤਸਰ ਵਿਖੇ ਰੈਲੀ ਅਤੇ ਮੁਜਾਹਰਾ
11 ਅਪ੍ਰੈਲ ਨੂੰ ਅੰਮ੍ਰਿਤਸਰ ਵਿੱਚ ਦਫਾ 144 ਲਾ ਕੇ ਇਕੱਠੇ ਹੋਣ 'ਤੇ ਪਾਬੰਦੀ ਲਾਈ ਹੋਈ ਸੀ। ਲੋਕ ਸੰਗਰਾਮ ਮੰਚ ਪੰਜਾਬ ਦੇ ਸਾਥੀ ਬਠਿੰਡਾ, ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਹੋਏ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਗੁਰਦਾਸਪੁਰ) ਅਤੇ ਅੰਮ੍ਰਿਤਸਰ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਪੂਰੀ ਟਿੱਲ ਲਾਈ। ਗੁਰਦੁਆਰਾ ਬਾਬਾ ਫੂਲਾ ਸਿੰਘ ਦੇ ਨੇੜੇ ਨਗਰ ਨਿਗਮ ਦਫਤਰ ਵਿੱਚ 12 ਵਜੇ ਦੇ ਕਰੀਬ ਲੋਕੀਂ ਇਕੱਠੇ ਹੋਣੇ ਸ਼ੁਰੂ ਹੋ ਗਏ। 
ਦਫਾ ਚੁਤਾਲੀ ਪੈਰਾਂ ਹੇਠ ਰੋਲੀ
ਨਗਰ ਨਿਗਮ ਅੰਮ੍ਰਿਤਸਰ ਵਿਖੇ ਰੈਲੀ ਕੀਤੀ ਗਈ। ਸਟੇਜ ਸੰਚਾਲਨ ਲੋਕ ਸੰਗਰਾਮ ਮੰਚ ਪੰਜਾਬ ਦੀ ਜਨਰਲ ਸਕੱਤਰ ਵੱਲੋਂ ਕੀਤਾ ਗਿਆ। ਲੋਕ ਸੰਗਰਾਮ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਮੱਖੂ, ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਸੁਰਿੰਦਰਪਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਰੈਲੀ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ 13 ਅਪ੍ਰੈਲ 1919 ਨੂੰ ਵਾਪਰੀ ਘਟਨਾ ਦਾ ਵਿਸਥਾਰ ਕੀਤਾ। ਉਹਨਾਂ ਕਿਹਾ ਕਿ ਅੱਜ ਵੀ ਜੱਲ੍ਹਿਆਂਵਾਲਾ ਬਾਗ ਵਰਗੇ ਕਾਂਡ ਵਾਪਰ ਰਹੇ ਹਨ ਅਤੇ ਕਾਲੇ ਕਾਨੂੰਨਾਂ ਦੀ ਲੜੀ ਹਾਲੇ ਵੀ ਬਣਨੋਂ ਬੰਦ ਨਹੀਂ ਹੋਈ। ਮਾਸਟਰ ਜਸਦੇਵ ਸਿੰਘ ਲਲਤੋਂ ਨੇ ਜੱਲ੍ਹਿਆਂਵਾਲੇ ਬਾਗ ਨਾਲ ਸਬੰਧਤ ਕਈ ਕਵੀਸ਼ਰੀਆਂ ਪੇਸ਼ ਕੀਤੀਆਂ। 
ਨਗਰ ਨਿਗਮ ਦਫਤਰ ਤੋਂ ਜੱਲ੍ਹਿਆਂਵਾਲਾ ਬਾਗ ਦੀ ਸ਼ਹੀਦੀ ਸਮਾਰਕ ਤੱਕ ਰੋਹ ਭਰਪੂਰ ਮਾਰਚ ਕੀਤਾ ਗਿਆ। ਵਰਕਰਾਂ ਨੇ ਮੰਚ ਅਤੇ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਤੇ ਮਾਟੋ ਚੁੱਕੇ ਹੋਏ ਸਨ। ਗਰਮੀ ਦੇ ਬਾਵਜੂਦ ਰੋਹ ਭਰਪੂਰ ਨਾਹਰੇ ਮਾਰਦਾ ਇਹ ਮਾਰਚ ਜੱਲ੍ਹਿਆਂਵਾਲੇ ਬਾਗ ਦੀ ਸਮਾਰਕ ਅੱਗੇ ਪੁੱਜਾ। ਜਿੱਥੇ ਜੱਲ੍ਹਿਆਂਵਾਲੇ ਬਾਗ ਕਾਂਡ ਦੇ ਸ਼ਹੀਦਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਅਖੀਰ ਵਿੱਚ ਲੋਕ ਸੰਗਰਾਮ ਮੰਚ ਦੀ ਜਨਰਲ ਸਕੱਤਰ ਨੇ ਇਸ ਰੈਲੀ ਅਤੇ ਮਾਰਚ ਵਿੱਚ ਸ਼ਾਮਲ ਹੋਈਆਂ ਜਥੇਬੰਦੀਆਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ। ਮੰਚ ਵੱਲੋਂ ਉਲੀਕੀ ਇਹ ਸਰਗਰਮੀ ਸਫਲ ਹੋ ਨਿੱਬੜੀ। 

ਲੋਕ ਸੰਗਰਾਮ ਮੰਚ ਲੋਕ ਸੰਗਰਾਮ ਮੰਚ

ਫਾਸ਼ੀਵਾਦੀ ਹਿੰਦੂਤਵੀ ਏਜੰਡੇ 'ਤੇ ਨਿਸ਼ਾਨਾ ਸੇਧਦਿਆਂ
23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚਲੋਕ ਸੰਗਰਾਮ ਮੰਚ 
ਲੋਕ ਸੰਗਰਾਮ ਮੰਚ ਦੀ ਸੂਬਾ ਕਮੇਟੀ ਨੇ ਸਰਬ-ਭਾਰਤ ਫਾਸ਼ੀਵਾਦ ਵਿਰੋਧੀ ਫੋਰਮ ਦੇ ਸੱਦੇ ਨੂੰ ਲਾਗੂ ਕਰਦਿਆਂ ਫਾਸ਼ੀਵਾਦੀ ਹਿੰਦੂਤਵੀ ਏਜੰਡੇ 'ਤੇ ਨਿਸ਼ਾਨਾ ਸੇਧਦਿਆਂ ਪੰਜਾਬ ਵਿੱਚ 23 ਮਾਰਚ ਦੀਆਂ ਕਾਨਫਰੰਸਾਂ ਅਤੇ ਨਾਟਕਾਂ ਦੇ ਪ੍ਰੋਗਰਾਮ ਕਰਨ ਦਾ ਫੈਸਲਾ ਲਿਆ ਅਤੇ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਉਣ ਦਾ ਤਹਿ ਕੀਤਾ ਗਿਆ। 
2000 ਦੀ ਗਿਣਤੀ ਵਿੱਚ ਇੱਕ ਕੰਧ ਪੋਸਟਰ ਜਾਰੀ ਕੀਤਾ ਗਿਆ ਅਤੇ 20 ਹਜ਼ਾਰ ਦੀ ਗਿਣਤੀ ਵਿੱਚ ਇੱਕ ਹੱਥ ਪਰਚਾ ਜਾਰੀ ਕੀਤਾ ਗਿਆ। ਇਹ ਲਿਖਤੀ ਸਮੱਗਰੀ ਬਹੁਤ ਅਗੇਤੀ ਫਰਵਰੀ ਦੇ ਦੂਸਰੇ ਹਫਤੇ ਦੇ ਸ਼ੁਰੂ ਵਿੱਚ ਪ੍ਰਕਾਸ਼ਤ ਕੀਤੀ ਗਈ। 
ਲੋਕ ਸੰਗਰਾਮ ਮੰਚ (ਪੰਜਾਬ) ਇਲਾਕਾ ਕਮੇਟੀ ਰਾਮਪੁਰਾ-ਫੂਲ ਅਧੀਨ 3 ਸਮਾਗਮ ਤਹਿ ਕੀਤੇ ਗਏ। ਪਹਿਲਾ ਸਮਾਗਮ ਫੂਲ ਪਿੰਡ ਵਿੱਚ 10 ਮਾਰਚ ਨੂੰ ਕਾਨਫਰੰਸ ਅਤੇ ਨਾਟਕਾ ਦਾ ਤਹਿ ਕੀਤਾ ਗਿਆ। ਦੂਸਰਾ ਸਮਾਗਮ 16 ਮਾਰਚ ਨੂੰ ਪਿੰਡ ਰਾਮਪੁਰਾ ਵਿਖੇ ਕਾਨਫਰੰਸ ਅਤੇ ਨਾਟਕਾਂ ਦਾ ਤਹਿ ਕੀਤਾ ਗਿਆ। ਤੀਸਰਾ ਸਮਾਮਗ 30 ਮਾਰਚ ਨੂੰ ਬੁਢਲਾਡਾ ਸ਼ਹਿਰ ਵਿੱਚ ਕਰਨ ਦਾ ਫੈਸਲਾ ਲਿਆ। 
ਲੋਕ ਸੰਗਰਾਮ ਮੰਚ (ਪੰਜਾਬ) ਇਲਾਕਾ ਕਮੇਟੀ ਮੋਗਾ-ਜ਼ੀਰਾ ਨੇ ਆਪਣੇ ਖੇਤਰ ਵਿੱਚ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਕਾਨਫਰੰਸ ਅਤੇ ਡਰਾਮਿਆਂ ਦਾ ਸਿਰਫ ਇੋਕ ਪ੍ਰੋਗਰਾਮ ਕਰਨ ਦਾ ਤਹਿ ਕੀਤਾ। 
ਰਾਮਪੁਰਾ-ਫੂਲ ਇਲਾਕਾ ਕਮੇਟੀ ਨੇ ਫੂਲ, ਰਾਮਪੁਰਾ, ਬੁਢਲਾਡਾ ਅਤੇ ਨੇੜਲੇ ਪਿੰਡਾਂ ਵਿੱਚ ਮੁਹਿੰਮ ਕੇਂਦਰਤ ਕੀਤੀ। ਮੋਗਾ-ਜ਼ੀਰਾ ਇਲਾਕਾ ਕਮੇਟੀ ਨੇ ਪੁਰਾਣੇ ਪ੍ਰਭਾਵ ਵਾਲੇ ਪਿੰਡਾਂ ਤੋਂ ਇਲਾਵਾ ਨਵੇਂ ਸ਼ਹਿਰੀ ਕੇਂਦਰਾਂ ਵਿੱਚ ਵੀ ਲੀਫਲੈਟ ਵੰਡ ਕੇ ਪ੍ਰਚਾਰ ਪ੍ਰਾਪੇਗੰਡਾ ਕੀਤਾ। ਧਰਮਕੋਟ, ਕੋਟ ਈਸੇ ਖਾਂ, ਮੱਲਾਂਵਾਲਾ, ਤਲਵੰਡੀ ਭਾਈ ਅਤੇ ਮੁੱਦਕੀ ਸ਼ਹਿਰ ਵਿੱਚ ਪ੍ਰਚਾਰ ਕੀਤਾ। ਮੋਗਾ, ਜ਼ੀਰਾ ਅਤੇ ਫਿਰੋਜ਼ਪੁਰ ਪਿਛਲੇ ਸਾਲਾਂ ਦੀ ਤਰ੍ਹਾਂ ਫਿਰ ਪ੍ਰਚਾਰ ਕੀਤਾ ਗਿਆ। ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਾ ਵਿੱਚ ਸਾਰੀ ਕਿਸਾਨ ਜਥੇਬੰਦੀ ਬੀ.ਕੇ.ਯੂ. (ਕ੍ਰਾਂਤੀਕਾਰੀ) ਨੇ ਆਪਣੇ ਨਵੇਂ ਯੂਨਿਟਾਂ ਦੀ ਚੋਣ ਕੀਤੀ। ਉਹਨਾਂ ਪਿੰਡਾਂ ਵਿੱਚ ਹੋਏ ਵੱਡੇ ਇਕੱਠਾਂ ਵਿੱਚ 23 ਮਾਰਚ ਨੂੰ ਹੁਸੈਨੀਵਾਲਾ ਪੁੱਜਣ ਦਾ ਸੱਦਾ ਦਿੱਤਾ ਗਿਆ। 
ਰਾਮਪੁਰਾ-ਫੂਲ ਇਲਾਕਾ ਕਮੇਟੀ ਦੇ ਸਮਾਗਮ
ਪਹਿਲ ਸਮਾਗਮ ਪਿੰਡ ਫੂਲ ਵਿੱਚ ਕੀਤਾ ਗਿਆ। ਇਸ ਪਿੰਡ ਵਿੱਚ ਬੀ.ਕੇ.ਯੂ. (ਕ੍ਰਾਂਤੀਕਾਰੀ) ਦਾ ਕਾਫੀ ਪ੍ਰਭਾਵ ਹੈ। ਇਸ ਪਿੰਡ ਦੇ ਅਨੇਕਾਂ ਘੋਲ ਲੜੇ ਗਏ ਅਤੇ ਜੇਤੁ ਵੀ ਹੋਏ ਸਨ। ਮੰਚ ਨੇ ਉਹਨਾਂ ਘੋਲਾਂ ਵਿੱਚ ਹਮੇਸ਼ਾਂ ਹਮਾਇਤ ਕੀਤੀ ਹੈ। ਪ੍ਰੋਗਰਾਮ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਲੋਕ ਸੰਗਰਾਮ ਮੰਚ (ਪੰਜਾਬ) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ੇ ਸੂਬਾ ਪ੍ਰਧਾਨ ਸੁਰਜੀਤ ਫੂਲ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਵੰਤ ਮੱਖੂ ਨੇ ਸੰਬੋਧਨ ਕੀਤਾ। 
ਦੂਸਰਾ ਸਮਾਗਮ ਪਿੰਡ ਰਾਮਪੁਰਾ ਵਿਖੇ ਕੀਤਾ ਗਿਆ। ਇਹ ਸਮਾਗਮ ਮਜ਼ਦੂਰਾਂ ਦੀ ਧਰਮਸ਼ਾਲਾ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਦੀ ਵਿਲੱਖਣਤਾ ਇਹ ਸੀ ਕਿ ਵੱਡੀ ਗਿਣਤੀ ਵਿੱਚ ਮਜ਼ਦੂਰ ਔਰਤਾਂ ਅਤੇ ਮਰਦ ਸ਼ਾਮਲ ਹੋਏ। ਹਾਜ਼ਰ ਲੋਕਾਂ ਨੇ ਪੂਰੇ ਪ੍ਰੋਗਰਾਮ ਨੂੰ ਨੀਝ ਨਾਲ ਸੁਣਿਆ। ਲੋਕ ਸੰਗਰਾਮ ਮੰਚ (ਪੰਜਾਬ) ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਇਲਾਕੇ ਪੱਧਰੇ ਆਗੂ ਕੁਲਵੰਤ ਸੇਲਵਰਾ ਨੇ ਕਾਨਫਰੰਸ ਵਿੱਚ ਸੰਬੋਧਨ ਕੀਤਾ। ਪਟਿਆਲਾ ਦੀ ਨਾਟਕ ਟੀਮ ਨੇ ਇਨਕਲਾਬੀ-ਸਿੱਖਿਆਦਾਇਕ ਨਾਟਕ ਪੇਸ਼ ਕੀਤੇ। 
ਤੀਸਰਾ ਸਮਾਗਮ ਬੁਢਲਾਡੇ ਰੱਖੀ ਕਨਵੈਨਸ਼ਨ ਸੀ। ਪ੍ਰੋਗਰਾਮ ਨੂੰ ਸਫਲ ਕਰਨ ਲਈ ਅੱਗੇ ਲੱਗੀ ਇਲਾਕਾ ਟੀਮ ਪੂਰੀ ਉਤਸ਼ਾਹ ਵਿੱਚ ਸੀ। ਨਵਾਂ ਇਲਾਕਾ ਹੋਣ ਦੇ ਬਾਵਜੂਦ ਕਨਵੈਨਸ਼ਨ ਪੂਰੀ ਤਰ੍ਹਾਂ ਸਫਲ ਸੀ। ਲੋਕ ਸੰਗਰਾਮ ਮੰਚ (ਪੰਜਾਬ) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਮੱਖੂ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜਨਰਲ ਸਕੱਤਰ ਬਲਦੇਵ ਜ਼ੀਰਾ ਅਤੇ ਸੂਬਾ ਪ੍ਰਧਾਨ ਸੁਰਜੀਤ ਫੂਲ ਨੇ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਹਾਜ਼ਰੀਨ ਲੋਕਾਂ ਨੇ ਬੁਲਾਰਿਆਂ ਤੋਂ ਬਹੁਤ ਕੁੱਝ ਸਿੱਖਿਆ। ਉਹਨਾਂ ਨੇ ਸਿੱਖਿਆ ਵੀ ਅਤੇ ਇਲਾਕੇ ਵਿੱਚ ਜਥੇਬੰਦੀ ਦਾ ਪਸਾਰਾ ਕਰਨ ਲਈ ਕਾਡਰ ਸਰਗਰਮ ਵੀ ਹੋਇਆ। 
੦-੦
23 ਮਾਰਚ ਨੂੰ ਹੁਸੈਨੀਵਾਲਾ ਸਮਾਗਮ ਦਾ ਸੱਦਾ
ਛੋਟੀਆਂ ਲੜਾਈਆਂ ਲੜਦੇ ਹੋਏ ਵੱਡੀ ਲੜਾਈ ਦੀ ਤਿਆਰੀ ਕਰੋ
ਮੋਗਾ-ਜ਼ੀਰਾ ਇਕਾਈ ਨੇ ਇਸ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਸਫਲ ਕੀਤੇ। ਇਸ ਸਮਾਗਮ ਦੀਆਂ ਕਈ ਵਿਸ਼ੇਸ਼ਤਾਈਆਂ ਸਨ। ਪਹਿਲੀ ਵਿਸ਼ੇਸ਼ਤਾ ਇਹ ਸੀ ਕਿ ਮੋਗਾ-ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਇਕਾਈਆਂ ਨਵੀਆਂ ਬਣਾਈਆਂ ਗਈਆਂ ਸਨ। ਸਮਾਗਮ ਵਿੱਚ ਬਹੁਤ ਸਾਰੇ ਲੋਕ ਪਹਿਲੀ ਵਾਰ ਆਏ ਸਨ। ਦੂਸਰੀ ਵਿਸ਼ੇਸ਼ਤਾਈ ਇਹ ਸੀ ਕਿ ਪਿਛਲੇ ਸਾਲਾਂ ਦੇ ਇਕੱਠਾਂ ਨਾਲੋਂ ਗਿਣਤੀ ਦੁੱਗਣੀ ਸੀ। ਤੀਸਰੀ ਵਿਸ਼ੇਸਤਾਈ ਇਹ ਸੀ ਕਿ ਲੋਕਾਂ ਨੇ ਪੰਡਾਲ ਵਿੱਚ ਬੈਠ ਕੇ ਨਾਟਕ ਦੇਖੇ ਅਤੇ ਬੁਲਾਰੇ ਗੁਣੇ। ਪ੍ਰਭਾਵ ਇੰਝ ਪੈ ਰਿਹਾ ਸੀ ਜਿਵੇਂ ਜਾਬਤਾਬੱਧ ਫੋਰਸਾਂ ਬੈਠੀਆਂ ਹੋਣ। ਚੌਥੀ ਵਿਸ਼ੇਸ਼ਤਾਈ ਇਹ ਸੀ ਕਿ ਇਸ ਵਾਰ ਬਾਰਡਰ 'ਤੇ ਝੰਡਾ ਰਸਮ ਦੇਖਣ ਲਈ ਇੱਕ ਵੀ ਸਾਥੀ ਨਹੀਂ ਗਿਆ ਕਿਉਂਕਿ ਸਟੇਜ ਤੋਂ ਰੋਕ ਲਾਈ ਸੀ। 
ਲੋਕ ਸੰਗਰਾਮ ਮੰਚ (ਪੰਜਾਬ) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਨੇ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਨਿਵਾ ਕੇ ਸ਼ਰਧਾਂਜਲੀ ਭੇਟ ਕੀਤੀ। ਲੋਕ ਸੰਗਰਾਮ ਮੰਚ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਵੰਤ ਮੱਖੂ ਨੇ ਸੰਬੋਧਨ ਕੀਤਾ। ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਸਟੇਜ ਸੰਚਾਲਨ ਕੀਤਾ ਅਤੇ ਮੋਗਾ-ਜ਼ੀਰਾ ਇਕਾਈ ਦੇ ਮੰਚ ?ਆਗੂ ਰਵਾਇਤ ਸਿੰਘ ਨੇ ਕਾਨਫਰੰਸ ਵਿੱਚ ਨਾਹਰਿਆਂ ਨਾਲ ਮਤੇ ਪਾਸ ਕਰਵਾਏ। ਬਲਜੀਤ ਮੋਗਾ ਦੀ ਨਾਟਕ ਟੀਮ ਨੇ ''ਮੈਂ ਫਿਰ ਆਵਾਂਗਾ'' ਅਤੇ ''ਮਿਰਜ਼ਾ'' ਨਾਟਕ ਪੇਸ਼ ਕੀਤੇ। ਗੁਰਮੀਤ ਜੱਜ ਦੀ ਟੀਮ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਬਾਅਦ ਵਿੱਚ ਸ਼ਹੀਦਾਂ ਦੀ ਯਾਦਗਾਰ ਤੱਕ ਰੋਹ ਭਰਪੂਰ ਮੁਜਾਹਰਾ ਕਰਕੇ ਯਾਦਗਾਰ ਨੇੜੇ ਰੈਲੀ ਕੀਤੀ। ਮੰਚ ਦੀ ਸਕੱਤਰ ਜਨਰਲ ਨੇ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ। 
ਸਾਰੇ ਥਾਵਾਂ 'ਤੇ ਬੁਲਾਰਿਆਂ ਨੇ ਇਹੀ ਉਭਾਰਿਆ ਕਿ ਭਗਤ ਸਿੰਘ ਅਤੇ ਉਸਦੇ ਸਾਥੀ ਜਿਹੋ ਜਿਹੀ ਆਜ਼ਾਦੀ, ਲੁੱਟ-ਰਹਿਤ ਸਮਾਜ- ਚਾਹੁੰਦੇ ਸਨ, ਉਹ ਨਹੀਂ ਆਈ। ਉਹਨਾਂ ਦਾ ਸੁਪਨਾ ਅਜੇ ਅਧੂਰਾ ਹੈ। ਭਗਤ ਸਿੰਘ ਹੋਰਾਂ ਨੇ ਸਾਮਰਾਜ ਨਾਲ ਜੋ ਟੱਕਰ ਲਈ ਸੀ, ਉਹ ਟੱਕਰ ਉਸਦੇ ਵਾਰਸਾਂ ਨੂੰ ਜਾਰੀ ਰੱਖਣੀ ਚਾਹੀਦੀ ਹੈ। ਭਾਰਤ ਦੀ ਸੱਤਾ 'ਤੇ ਬਿਰਾਜਮਾਨ ਬੀ.ਜੇ.ਪੀ./ਆਰ.ਐਸ.ਐਸ. ਫਾਸ਼ੀਵਾਦੀ ਹਿੰਦੂਤਵ ਦੇ ਅਜੰਡੇ 'ਤੇ ਕੰਮ ਕਰ ਰਹੇ ਹਨ। ਉਹ ਦੋ ਕੌਮਾਂ ਦੀ ਥਿਊਰੀ ਨੂੰ ਮੰਨਦੇ ਤੇ ਲਾਗੂ ਕਰਨ ਚਾਹੁੰਦੇ ਹਨ। ਜਦੋਂ ਕਿ ਭਾਰਤ ਤਾਂ ਕੌਮਾਂ ਦੀ ਜੇਲ੍ਹ ਹੈ। ਉਹ ਭਾਰਤ 'ਤੇ ਮਨੂੰ ਸਿਮਰਤੀ ਨੂੰ ਸੰਵਿਧਾਨ ਦੇ ਤੌਰ 'ਤੇ ਠੋਸ ਕੇ ਹਿੰਦੂਤਵੀ ਫਾਸ਼ੀ ਰਾਜ ਸਥਾਪਤ ਕਰਨਾ ਚਾਹੁੰਦੇ ਹਨ। ਇਸ ਲਈ ਫਾਸ਼ੀਵਾਦੀ ਹਿੰਦੂਤਵ ਵਿਰੁੱਧ ਸੰਘਰਸ਼ ਕਰਨਾ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਹੋਵੇਗੀ। 
ਮੰਚ ਦੇ ਆਗੂਆਂ ਨੇ ਪਾਰਲੀਮਾਨੀ ਚੋਣਾਂ ਸਬੰਧੀ ਆਪਣੀ ਨੀਤੀ ਪੇਸ਼ ਕਰਦਿਆਂ ਕਿਹਾ ਕਿ ਵੋਟਾਂ ਨਾਲ ਤਾਜ ਬਦਲਦੇ ਹਨ- ਰਾਜ ਨਹੀਂ ਬਦਲਦੇ। ਰਾਜ ਬਦਲਣ ਲਈ ਹੇਠਲੀ ਉੱਤੇ ਕਰਨੀ ਪੈਣੀ ਹੈ। ਤਿੰਨ ਪਹਾੜ ਸਾਮਰਾਜ, ਜਾਗੀਰਦਾਰੀ ਅਤੇ ਨੌਕਰਸ਼ਾਹ ਸਰਮਾਏਦਾਰੀ ਦੇ ਖਾਤਮੇ ਨਾਲ ਹੀ ਸੱਤਾ ਹਾਸਲ ਹੋਣੀ ਹੈ। ਮੌਜੂਦਾ ਚੋਣਾਂ, ਲੁੱਟ ਲਈ ਕਿਹੜਾ ਧੜਾ ਅੱਗੇ ਆਵੇ- ਇਹ ਹੀ ਤਹਿ ਕਰਦੀਆਂ ਹਨ। ਇਸ ਲਈ ਵੋਟ ਸਿਸਟਮ ਦਾ ਬਾਈਕਾਟ ਕਰਕੇ ਜਥੇਬੰਦੀਆਂ ਦੀ ਮਜਬੂਤੀ ਲਈ ਕੰਮ ਕਰਨਾ ਚਾਹੀਦਾ ਹੈ। 
ਲੀਡਰਸ਼ਿੱਪ ਨੂੰ ਜਥੇਬੰਦੀਆਂ ਦੇ ਹੋਏ ਪਸਾਰੇ ਨੂੰ ਪੱਕੇ ਪੈਰੀਂ ਕਰਨਾ ਚਾਹੀਦਾ ਹੈ ਅਤੇ ਛੋਟੀਆਂ ਛੋਟੀਆਂ ਲੜਾਈਆਂ ਵਿੱਚ ਕਾਡਰ ਨੂੰ ਪਾ ਕੇ ਛੋਟੀਆਂ ਛੋਟੀਆਂ ਜਿੱਤਾਂ ਹਾਸਲ ਕਰਕੇ- ਵੱਡੀ ਲੜਾਈ ਲਈ ਤਿਆਰ ਕਰਨਾ ਚਾਹੀਦਾ ਹੈ।