Friday, 3 May 2019

ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਵਿਸ਼ਾਲ ਕਿਸਾਨ-ਮਜ਼ਦੂਰ ਕਾਨਫਰੰਸ ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਪੰਜਾਬ 'ਚ ਸ਼ਾਮਲ ਹੋਣ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਵਿਸ਼ਾਲ ਕਿਸਾਨ-ਮਜ਼ਦੂਰ ਕਾਨਫਰੰਸ
ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਪੰਜਾਬ 'ਚ ਸ਼ਾਮਲ ਹੋਣ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਦਾਣਾ ਮੰਡੀ ਫਤਿਹਗੜ੍ਹ ਚੂੜੀਆਂ ਵਿੱਚ ਵਿਸ਼ਾਲ ਕਿਸਾਨ-ਮਜ਼ਦੂਰ ਕਾਨਫਰੰਸ ਕਰਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਜ਼ਿਲ੍ਹੇ ਦੇ ਬਲਾਕ ਫਤਿਹਗੜ੍ਹ ਚੂੜੀਆਂ ਅਤੇ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਦਰਜ਼ਨਾਂ ਪਿੰਡਾਂ ਤੋਂ ਭਾਰੀ ਗਿਣਤੀ ਵਿੱਚ ਪੁੱਜੇ ਕਿਸਾਨਾਂ-ਮਜ਼ਦੂਰਾਂ ਨੇ ਸਭ ਤੋਂ ਪਹਿਲਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ, ਹਰਜੀਤ ਸਿੰਘ ਵਹੀਲਾ, ਹਰਜੀਤ ਸਿੰਘ ਪੰਨਵਾਂ ਬਲਵਿੰਦਰ ਸਿੰਘ ਢਪੱਈ ਅਤੇ ਕਰਨਲ ਨਿਸ਼ਾਨ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਚੱਲੀ ਕਾਰਵਾਈ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਫਤਿਹਗੜ੍ਹ ਚੂੜੀਆਂ ਨੇ ਸੰਬੋਧਨ ਕਰਦਿਆਂ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਬੀ.ਕੇ.ਯੂ. ਉਗਰਾਹਾਂ ਦੀ ਲੀਡਰਸ਼ਿੱਪ ਨੇ ਜਥੇਬੰਦੀ ਨੂੰ ਇੱਕ ਵਿਚਾਰ, ਇੱਕ ਪਾਰਟੀ ਦੀ ਹੱਥਠੋਕਾ ਤੇ ਜੇਬੀ ਜਥੇਬੰਦੀ ਬਣਾ ਧਰਿਆ ਸੀ। ਸਭ ਅਸੂਲਾਂ ਨੂੰ ਛਿੱਕੇ 'ਤੇ ਟੰਗ ਕੇ ਯੂਨੀਅਨ ਲਈ ਸਭ ਕੁੱਝ ਨਿਸ਼ਾਵਰ ਕਰਨ ਵਾਲੇ ਮੋਢੀ ਆਗੂਆਂ ਦੀਆਂ ਮੈਂਬਰਸ਼ਿੱਪਾਂ ਖਾਰਜ ਕੀਤੀਆਂ ਗਈਆਂ ਅਤੇ ਸੰਵਿਧਾਨ, ਜਮਹੂਰੀਅਤ ਤੇ ਜਨਤਕ ਜਥੇਬੰਦੀ ਵਿੱਚ ਅੱਡ ਅੱਡ ਵਿਚਾਰਾਂ ਅਤੇ ਇੱਕ ਅਮਲ ਦੀ ਝੂਠੀ ਮੁਹਾਰਨੀ ਪੜ੍ਹਨ ਵਾਲੀ ਲੀਡਰਸ਼ਿੱਪ ਸਭ ਅਸੂਲਾਂ ਤੋਂ ਭੱਜ ਖਲੋਤੀ ਜਦੋਂ ਵਿਧਾਨਕ ਤੇ ਜਮਹੂਰੀ ਤਰੀਕੇ ਨਾਲ ਚੁਣੇ ਗਏ ਦੋ ਬਲਾਕਾਂ ਦੇ 28 ਪਿੰਡਾਂ ਨੂੰ ਮਾਨਤਾ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤੇ ਸਿਰਫ ਤਿੰਨ ਪਿੰਡਾਂ ਤੱਕ ਸੀਮਤ ਰਹਿ ਗਏ। ਅਖੌਤੀ ਜ਼ਿਲ੍ਹਾ ਪ੍ਰਧਾਨ ਦੀ ਪਿੱਠ ਥਾਪੜੀ ਹੋਰ ਤਾਂ ਹੋਰ ਉਸ ਵੱਲੋਂ ਡੇਢ ਲੱਖ ਰੁਪਏ ਦੇ ਹਿਸਾਬ ਦੇਣ ਦੇ ਮਾਮਲੇ 'ਤੇ ਵੀ ਕਲੀਨ ਚਿੱਟ ਦੇ ਦਿੱਤੀ ਗਈ। ਇਸ ਸਾਰੇ ਵਰਤਾਰੇ ਦੇ ਖਿਲਾਫ ਜ਼ਿਲ੍ਹਾ ਕਮੇਟੀ ਵੱਲੋਂ ਸੂਬਾ ਕਮੇਟੀ ਦੇ ਨਾਂ ਖੁੱਲ੍ਹੀ ਚਿੱਠੀ 10 ਹਜ਼ਾਰ ਦੀ ਗਿਣਤੀ ਵਿੱਚ ਛਾਪ ਕੇ ਵੰਡੀ ਗਈ। ਸੂਬਾ ਕਮੇਟੀ ਆਪਣੀ ਗਲਤੀ ਨੂੰ ਦਰੁਸਤ ਕਰਨ ਦੀ ਬਜਾਇ ਗੱਡੀਆਂ ਵਿੱਚ ਸਵਾਰ ਹੋ ਕੇ ਜ਼ਿਲ੍ਹਾ ਕਮੇਟੀ ਦੇ ਦੂਸਰੇ ਮੈਂਬਰਾਂ ਦੇ ਘਰੇ ਗੇੜੇ ਮਾਰਦੀ ਰਹੀ ਅਤੇ ਅਹੁਦਿਆਂ ਦਾ ਲਾਲਚ ਦਿੰਦੀ ਰਹੀ, ਜਿਸ ਨੂੰ ਆਗੂਆਂ ਨੇ ਬੁਰੀ ਤਰ੍ਹਾਂ ਦੁਰਕਾਰ ਦਿੱਤਾ। ਸੂਬਾ ਕਮੇਟੀ ਵੱਲੋਂ ਸੂਬਾ ਇਜਲਾਸ ਵੀ ਕਾਡਰ ਤੋਂ ਚੋਰੀ ਹੀ ਕਰ ਮਾਰਿਆ। ਅਜਿਹੀ ਹਾਲਤ ਵਿੱਚ ਜ਼ਿਲ੍ਹਾ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਉਸਾਰ ਕੇ ਸਮੁਹ ਜ਼ਿਲ੍ਹਾ ਆਗੂਆਂ ਤੇ ਕਿਸਾਨਾਂ ਵੱਲੋਂ ਸੂਬਾ ਕਮੇਟੀ ਦੇ ਦੰਭ ਨੂੰ ਨੰਗਾ ਕੀਤਾ ਗਿਆ ਤੇ ਸਾਂਝੇ ਕਿਸਾਨੀ ਸੰਘਰਸ਼ਾਂ ਤੇ ਹੋਰ ਸਰਗਰਮੀਆਂ ਦਾ ਮੁੱਢ ਬੰਨ੍ਹਿਆ। ਸਮੂਹ ਆਗੂਆਂ ਅਤੇ ਸਫਾਂ ਦੀ ਰਜ਼ਾ ਅਨੁਸਾਰ ਕਿਸਾਨ ਹਿੱਤਾਂ ਲਈ ਪ੍ਰਤੀਬੱਧ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਪਟਵਾਰ ਯੂਨੀਅਨ ਦੇ ਸੂਬਾਈ ਆਗੂ ਨੇ ਕਿਸਾਨਾਂ ਨੂੰ ਵੋਟ ਪਾਰਟੀਆਂ ਤੋਂ ਸਾਵਧਾਨ ਕੀਤਾ। ਮਾਸਟਰ ਗੁਰਚਰਨ ਸਿੰਘ ਟਾਹਲੀ ਨੇ ਕਿਸਾਨਾਂ ਨੂੰ ਸਿਰੜੀ ਜਥੇਬੰਦੀ ਉਸਾਰਨ ਦਾ ਸੱਦਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਸਾਨ ਲਹਿਰ ਦੇ ਇਤਿਹਾਸ 'ਤੇ ਰੌਸ਼ਨੀ ਪਾਈ। ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਮੌਜੂਦਾ ਹਾਲਤ ਵਿੱਚ ਲੋਕਾਂ ਤੇ ਕਿਸਾਨਾਂ ਦੇ ਦਰਦ ਬਾਰੇ ਵਿਸਥਾਰ ਵਿੱਚ ਦੱਸਿਆ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਵੰਤ ਸਿੰਘ ਮੱਖੂ ਨੇ ਆ ਰਹੀਆਂ ਚੋਣਾਂ ਤੇ ਹਾਕਮਾਂ ਦੇ ਪਾਖੰਡ ਦਾ ਪਰਦਾਫਾਸ਼ ਕੀਤਾ। ਕਾਨਫਰੰਸ ਨੂੰ ਬਲਵਿੰਦਰ ਸਿੰਘ ਢਪੱਈ, ਬਲਜਿੰਦਰ ਸਿੰਘ ਖੋਖਰ, ਤਰਸੇਮ ਸਿੰਘ ਬਾਲੋਵਾਲੀ, ਰਣਜੀਤ ਸਿੰਘ ਖਜ਼ਾਨੇਕੋਟ, ਜਸਬੀਰ ਸਿੰਘ ਬੱਲ, ਅਜੀਤ ਸਿੰਘ ਭਰਥ, ਲਖਵਿੰਦਰ ਸਿੰਘ ਵਿਠੱਵਾਂ, ਕਸ਼ਮੀਰ ਸਿੰਘ ਮਠੋਲਾ, ਸੂਬੇਦਾਰ ਹਰਪਾਲ ਸਿੰਘ ਸੁੰਤਲ, ਮਜ਼ਦੁਰ ਆਗੂ ਕਰਮ ਸਿੰਘ ਆਦਿ ਨੇ ਸੰਬੋਧਨ ਕੀਤਾ। 

No comments:

Post a Comment