Monday, 30 March 2020

ਜਸਵੰਤ ਕੰਵਲ ਨੂੰ ਸ਼ਰਧਾਂਜਲੀ

ਜਸਵੰਤ ਕੰਵਲ ਨੂੰ ਸ਼ਰਧਾਂਜਲੀ
ਪੰਜਾਬੀ ਦੇ ਮਸ਼ਹੂਰ ਨਾਵਲਕਾਰ ਜਸਵੰਤ ਸਿੰਘ ਕੰਵਲ 100 ਸਾਲ ਦੀ ਜ਼ਿੰਦਗੀ ਭੋਗ ਕੇ 1 ਫਰਵਰੀ 2020 ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਹਨਾਂ ਨੇ ਢੁੱਡੀਕੇ ਪਿੰਡ ਦੀ ਜਿਸ ਜ਼ਮੀਨ 'ਚੋਂ ਜਨਮ ਧਾਰਿਆ, ਇਹ ਭੋਇੰ ਗ਼ਦਰੀ ਬਾਬਿਆਂ ਦੇ ਖ਼ੂਨ ਪਸੀਨੇ ਨਾਲ ਤਰੋ-ਤਾਜ਼ਾ ਹੋਈ ਪਈ ਸੀ। ਅਣ-ਵੰਡੇ ਹਿੰਦੋਸਤਾਨ ਵਿੱਚ ਕਿਸੇ ਵੇਲੇ ਕਾਂਗਰਸ ਪਾਰਟੀ ਦੇ ਉੱਚ-ਕੋਟੀ ਦੇ ਆਗੂ ਲਾਲਾ ਲਾਜਪਤ ਰਾਇ ਵੀ ਇਸੇ ਹੀ ਮਿੱਟੀ 'ਚੋਂ ਉਪਜੇ ਸਨ। ਜਿਸ ਵੇਲੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲਾ ਲਾਜਪਤ ਰਾਇ ਸ਼ਹੀਦ ਹੋਏ ਉਸ ਸਮੇਂ ਜਸਵੰਤ ਸਿੰਘ ਕੰਵਲ ਬਚਪਨੇ ਤੋਂ ਜਵਾਨੀ ਵੱਲ ਕਦਮ ਵਧਾ ਰਹੇ ਸਨ। ਸ਼ਹੀਦ ਭਗਤ ਸਿੰਘ ਹੋਰਾਂ ਨੇ ਜਦੋਂ ਲਾਲਾ ਲਾਜਪਤ ਰਾਇ ਦੀ ਕੁਰਬਾਨੀ ਦਾ ਬਦਲਾ ਅੰਗਰੇਜ਼ ਅਫਸਰ ਦੀ ਹੱਕ ਵਿੱਚ ਗੋਲੀਆਂ ਠੋਕ ਕੇ ਲਿਆ ਤਾਂ ਉਦੋਂ ਲਾਏ ''ਇਨਕਲਾਬ ਜ਼ਿੰਦਾਬਾਦ'' ਦੇ ਨਾਹਰੇ ਦੀ ਗੂੰਜ ਜਸਵੰਤ ਸਿੰਘ ਕੰਨਾਂ ਵਿੱਚ ਵੀ ਪਈ। ਜਗਰਾਉਂ ਵਿਖੇ ਲਾਲਾ ਲਾਜਪਤ ਰਾਇ ਦੀ ਰਿਹਾਇਸ਼ ਸੀ, ਨਾਨਕੇ ਘਰ ਉਹਨਾਂ ਦੇ ਢੁੱਡੀਕੇ ਵਿਖੇ ਸਨ।  ਸ਼ਹੀਦ ਭਗਤ ਸਿੰਘ ਹੋਰਾਂ ਦੀ ਸ਼ਹਾਦਤ ਅਤੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਜਸਵੰਤ ਕੰਵਲ ਹੋਰਾਂ ਦੇ ਪਿੰਡਾਂ ਵਿੱਚ ਆਮ ਹੀ ਪ੍ਰਚੱਲਤ ਸਨ। ਜਸਵੰਤ ਸਿੰਘ ਚੜ੍ਹਦੀ ਜਵਾਨੀ ਵਿੱਚ ਹੀ ਲਿਖਣਾ ਸੁਰੂ ਕਰ ਦਿੱਤਾ ਸੀ ਅਤੇ ਪੌਣੀ ਸਦੀ ਕਰਾਂਤੀਕਾਰੀ ਲੇਖਣੀ ਦੇ ਲੇਖੇ ਲਾਈ। 
ਜਿਵੇਂ ਕਹਿੰਦੇ ਹਨ ਕਿ ਕਿਸੇ ਵਿਅਕਤੀ ਦੀ ਕਦਰ ਉਸਦੇ ਕੀਤੇ ਹੋਏ ਕੰਮਾਂ ਵਿੱਚੋਂ ਹੁੰਦੀ ਹੈ। ਕੰਮਾਂ ਵਿੱਚੋਂ ਵੀ ਉਹਨਾਂ ਕੰਮਾਂ ਵਿੱਚੋਂ ਕਦਰ ਬਣਦੀ ਹੈ ਜੋ ਕਿਸੇ ਵਿਅਕਤੀ ਨੇ ਪਰ-ਉਪਕਾਰ ਲਈ ਕੀਤੇ ਹੋਣ ਅਤੇ ਪਰ-ਉਪਕਾਰ ਵਿੱਚ ਕਿਸੇ ਲੋਟੂ ਢਾਂਚੇ ਦੇ ਸੀਮਤ ਜਿਹੇ ਘੇਰੇ ਵਿੱਚ ਹੀ ਨਾ ਕੀਤੇ ਹੋਣ ਬਲਕਿ ਅਜਿਹੇ ਢਾਂਚੇ ਨੂੰ ਤੋੜਨ ਲਈ ਕੀਤੇ ਕਾਰਜ ਵੱਧ ਮਹੱਤਤਾ ਰੱਖਦੇ ਹਨ। ਜਸਵੰਤ ਕੰਵਲ ਨੇ ਆਪਣੀ ਜ਼ਿੰਦਗੀ ਦੇ ਆਲੇ-ਦੁਆਲੇ ਲੋਕਾਂ ਵੱਲੋਂ ਲੜੇ ਜਾ ਰਹੇ ਸੰਘਰਸ਼ਾਂ ਵਿੱਚ ਪੂਰੀ ਤਰ੍ਹਾਂ ਖੁਭ ਕੇ, ਇਹਨਾਂ ਦੇ ਸੰਚਾਲਕਾਂ ਦੇ ਅੰਤਰੀਵ ਮਨਾਂ ਨੂੰ ਪੜ੍ਹ-ਸਮਝ ਕੇ ਆਪਣੀ ਲੇਖਣੀ ਨੂੰ ਅੰਜ਼ਾਮ ੀਦਿੰਦਾ ਸੀ। ਜਸਵੰਤ ਕੰਵਲ ਨੇ ਜਿੱਥੇ ਅੰਗਰੇਜ਼ ਸਾਮਰਾਜੀਆਂ ਦੇ ਖਿਲਾਫ ਚੱਲਦੇ ਕੌਮੀ-ਮੁਕਤੀ ਸੰਘਰਸ਼ਾਂ ਨੂੰ ਨੇੜਿਉਂ ਤੱਕਿਆ, ਉਥੇ ਉਸ ਨੇ ਦੇਸ਼ ਦੀ ਵੰਡ, ਖਾਸ ਕਰਕੇ ਪੰਜਾਬ ਦੀ ਵੰਡ ਦਾ ਦਰਦ ਵੀ ਆਪਣੇ ਸੀਨੇ ਹੰਢਾਇਆ। 
ਜਸਵੰਤ ਸਿੰਘ ਕੰਵਲ ਨੇ ਭਰ ਜਵਾਨੀ ਵਿੱਚ ਸੰਸਾਰ ਕਮਿਊਨਿਸਟ ਲਹਿਰ ਨੂੰ ਬੁਲੰਦੀਆਂ ਵੱਲ ਜਾਂਦੇ ਆਪਣੇ ਅੱਖੀਂ ਤੱਕਿਆ। ਦੂਸਰੀ ਸੰਸਾਰ ਜੰਗ ਵਿੱਚ ਰੂਸੀ ਕਮਿਊਨਿਸਟਾਂ ਵੱਲੋਂ ਫਾਸ਼ੀਵਾਦ ਦੇ ਖਿਲਾਫ ਕੀਤੀਆਂ ਬੇਮਿਸਾਲ ਕੁਰਬਾਨੀਆਂ ਨੂੰ ਜਾਣਿਆ। ਉਸ ਨੇ ਆਪਣੀਆਂ ਅੱਖਾਂ ਨਾਲ ਚੀਨ ਦੀ ਧਰਤੀ 'ਤੇ ਇਨਕਲਾਬ ਦੇ ਝੂਲਦੇ ਝੰਡਿਆਂ ਨੂੰ ਤੱਕਿਆ। ਬਾਅਦ ਵਿੱਚ ਪੂਰਬੀ ਯੂਰਪ, ਵੀਅਤਨਾਮ, ਲਾਊਸ, ਕੋਰੀਆ, ਕੰਬੋਡੀਆ ਅਤੇ ਕਿਊਬਾ ਵਰਗੇ ਦੇਸ਼ਾਂ ਦੇ ਇਨਕਲਾਬਾਂ ਵਿੱਚ ਹੁੰਦੀ ਕਾਇਆਪਲਟੀ ਨਾਲ ਮਨੁੱਖਤਾ ਦੀ ਜ਼ਿੰਦਗੀ ਦੀ ਸਾਰਥਿਕਤਾ ਨੂੰ ਨਿਹਾਰਿਆ। 
ਅੰਗਰੇਜ਼ਾਂ ਦੇ ਹਿੰਦੋਸਤਾਨ ਛੱਡਣ ਮੌਕੇ ਜਿੱਥੇ ਦੱਖਣੀ ਭਾਰਤ ਵਿੱਚ ਤਿਲੰਗਾਨਾ ਦੀ ਲਹਿਰ ਚੜ੍ਹਤ ਵੱਲ ਨੂੰ ਜਾ ਰਹੀ ਸੀ ਤਾਂ ਇਧਰ ਪੰਜਾਬ ਵਿੱਚ ਵੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਮੁਜਾਰਾ ਲਹਿਰ ਹਥਿਆਰਬੰਦ ਹੋ ਕੇ ਜਾਗੀਰਦਾਰਾਂ ਕੋਲੋਂ ਜ਼ਮੀਨਾਂ ਖੋਹ ਕੇ ਮੁਜਾਰਿਆਂ ਵਿੱਚ ਵੰਡ ਰਹੀ ਸੀ। ਜਦੋਂ ਵੀ ਕੋਈ ਕਰਾਂਤੀਕਾਰੀ ਲਹਿਰ ਸਿਖਰਾਂ ਵੱਲੋਂ ਨੂੰ ਵਧ ਰਹੀ ਹੋਵੇ ਤਾਂ ਉਹ ਨਾ ਸਿਰਫ ਆਰਥਿਕ ਤੇ ਸਮਾਜੀ-ਸਿਆਸੀ ਜ਼ਿੰਦਗੀ ਦੇ ਨਵੇਂ ਆਜ਼ਾਮ ਸਿਰਜਦੀ ਹੈ ਬਲਕਿ ਸਭਿਆਚਾਰ ਦੇ ਖੇਤਰ ਵਿੱਚ ਆਪਣੇ ਜਲਬੇ ਅਤੇ ਜਲੌਅ ਵਿਖਾਉਂਦੀ ਹੈ। ਜਸਵੰਤ ਸਿੰਘ ਕੰਵਲ ਦਾ ਨਾਵਲ ''ਰਾਤ ਬਾਕੀ ਹੈ'' ਜਿੱਥੇ ਤਿਲੰਗਾਨਾ ਅਤੇ ਮੁਜਾਰਾ ਲਹਿਰ ਦੇ ਉਠਾਣ ਦਾ ਪ੍ਰਤੀਕ ਹੈ, ਉੱਥੇ ਇਸ ਨੇ ਆਪਣੇ ਸਮਿਆਂ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਵਿੱਚ ਜ਼ਿੰਦਗੀ ਵਿੱਚ ਕੁੱਝ ਕਰ ਗੁਜ਼ਰਨ ਦੀ ਤਾਕਤ, ਦ੍ਰਿੜ੍ਹਤਾ ਅਤੇ ਤਾਂਘ ਭਰੀ ਸੀ। ਇਸੇ ਤਰ੍ਹਾਂ ਜਦੋਂ ਬਾਅਦ ਵਿੱਚ 1967 ਪੱਛਮੀ ਬੰਗਾਲ ਦੀ ਧਰਤੀ 'ਤੇ ਨਕਸਲਬਾੜੀ ਦੀ ਧਰਤੀ ਤੋਂ ''ਬਸੰਤ ਦੀ ਗਰਜ'' ਫੁੱਟੀ ਤਾਂ ਉਸਨੇ ਪੰਜਾਬ ਦੀ ਧਰਤੀ 'ਤੇ ਜਿਹੜੇ ਰੰਗ ਵਿਖਾਏ, ਉਹ ਜਸਵੰਤ ਕੰਵਲ ਦੇ ਨਾਵਲ ''ਲਹੂ ਦੀ ਲੋਅ'' ਵਿੱਚੋਂ ਸਾਫ ਸਾਫ ਵੇਖੇ ਜਾ ਸਕਦੇ ਹਨ। 
ਜਸਵੰਤ ਕੰਵਲ ਨੇ ਆਪਣੇ ਸਮਿਆਂ ਵਿੱਚ ਜਿੱਥੇ ਜਾਗੀਰੂ ਸਮਾਜ ਦੀਆਂ ਘਟੀਆ ਕਦਰਾਂ-ਕੀਮਤਾਂ ਦੇ ਖਿਲਾਫ ਲਿਖਦਾ ਰਿਹਾ, ਉੱਥੇ ਉਸਨੇ ਪਿਆਰ-ਮੁਹੱਬਤ, ਭਾਈਚਾਰੇ ਅਤੇ ਲੋਕਤਾ ਦੇ ਪੱਖ ਤੋਂ ਵੱਖ ਵੱਖ ਵਰਤਾਰਿਆਂ ਨੂੰ ਆਪਣੀਆਂ ਕਿਰਤਾਂ ਵਿੱਚ ਚਿਤਵਿਆ। ਜਸਵੰਤ ਕੰਵਲ ਨੇ ਕਿਸੇ ਵੀ ਉਸ ਵਿਅਕਤੀ, ਸੰਸਥਾ ਜਾਂ ਜਥੇਬੰਦੀ ਦੀ ਸੂਰਮਤਾਈ ਨੂੰ ਉਭਾਰਨ ਦਾ ਯਤਨ ਕੀਤਾ ਜਿਹੜੀ ਭਾਰਤੀ ਰਾਜ ਪ੍ਰਬੰਧ ਜਾਂ ਇੱਥੋਂ ਦੀ ਹਕੂਮਤ ਦੇ ਖਿਲਾਫ ਬਗਾਵਤ ਦੇ ਰਾਹ ਪੈਂਦੀ ਹੋਵੇ। 
ਜਸਵੰਤ ਕੰਵਲ ਪੰਜਾਬੀ ਸਾਹਿਤ ਵਿੱਚ ਇੱਕ ਹਸਤਾਖਰ ਹੈ- ਉਸਦਾ ਨਾਂ ਪੰਜਾਬੀ ਸਾਹਿਤ-ਸਭਿਆਚਾਰ  ਵਿੱਚ ਚਿਰਾਂ ਤੱਕ ਚਰਚਿਤ ਰਹੇਗਾ। ਜਿਹਨਾਂ ਵੀ ਪੰਜਾਬੀ ਨੌਜਵਾਨਾਂ ਵਿੱਚ ਸਮਾਜ ਪ੍ਰਤੀ ਕੁੱਝ ਕਰ ਗੁਜ਼ਰਨ ਦੀ ਤਾਂਘ ਫੁੱਟਦੀ ਰਹੇਗੀ, ਜਸਵੰਤ ਕੰਵਲ ਦੀਆਂ ਲਿਖਤਾਂ ਉਹਨਾਂ ਵਿੱਚ ਧੁਖਦੀ ਅੱਗ ਨੂੰ ਭਾਂਬੜਾਂ ਵਿੱਚ ਬਦਲਣ ਲਈ ਸਹਾਈ ਹੁੰਦੀਆਂ ਰਹਿਣਗੀਆਂ। ਅਦਾਰਾ ਸੁਰਖ਼ ਰੇਖਾ ਜਸਵੰਤ ਕੰਵਲ ਨੂੰ ਉਸਦੀ ਇਨਕਲਾਬੀ ਕਰਨੀ ਰਾਹੀਂ ਯਾਦ ਕਰਦਾ ਹੋਇਆ ਸ਼ਰਧਾ ਦੇ ਸੁਮਨ ਭੇਟ ਕਰਦਾ ਹੈ ਅਤੇ ਆਪਣੇ ਤੌਰ 'ਤੇ ਉਸਦੀ ''ਰਾਤ ਬਾਕੀ ਹੈ'' ਨੂੰ ਚਾਨਣ ਵਿੱਚ ਬਦਲਣ ਲਈ ''ਲਹੂ ਦੀ ਲੋਅ'' ਵੰਡਣ ਵਿੱਚ ਯਤਨਸ਼ੀਲ ਰਹੇਗਾ। 

No comments:

Post a Comment