Monday, 30 March 2020

'ਸੁਰਖ਼ ਲੀਹ' ਅਤੇ 'ਲਾਲ ਪਰਚਮ' ਨੇ ਮਨਜੀਤ ਧਨੇਰ ਦੀ ਗੋਡੇ ਟੇਕੂ ਰਿਹਾਈ ਦੇ ਗੋਗੇ ਗਾਏ

'ਸੁਰਖ਼ ਲੀਹ' ਅਤੇ 'ਲਾਲ ਪਰਚਮ' ਨੇ
ਮਨਜੀਤ ਧਨੇਰ ਦੀ ਗੋਡੇ ਟੇਕੂ ਰਿਹਾਈ ਦੇ ਗੋਗੇ ਗਾਏ

'ਲਾਲ ਪਰਚਮ' ਜਨਵਰੀ 2020 ਅਤੇ 'ਸੁਰਖ਼ ਲੀਹ' ਨੇ ਜਨਵਰੀ-ਫਰਵਰੀ 2020 ਦੇ ਅੰਕ ਵਿੱਚ ਮਨਜੀਤ ਧਨੇਰ ਦੀ ਗੋਡੇ ਟੇਕੂ ਰਿਹਾਈ ਦੇ ਗੋਗੇ ਗਾਏ ਹਨ। 'ਲਾਲ ਪਰਚਮ' ਨੇ 'ਸੁਰਖ਼ ਲੀਹ' ਦੇ ਸੰਪਾਦਕ ਦਾ ਇਹ ਲੇਖ ਆਪਣੇ ਅੰਕ ਵਿੱਚ ਵੀ ਛਾਪਿਆ ਹੈ। ਉੱਨੀ-ਇੱਕੀ ਦੇ ਫਰਕ ਨਾਲ ਦੋਵਾਂ ਹੀ ਪੇਪਰਾਂ ਦਾ ਸਾਰ-ਤੱਤ ਇੱਕੋ ਹੀ ਹੈ, ਪਰ ਲਾਲ ਪਰਚਮ ਨੇ ਮਨਜੀਤ ਧਨੇਰ ਦੀ ਰਿਹਾਈ ਨੂੰ ਕੁੱਝ ਵਧੇਰੇ ਅਤੇ ਵਿਸਥਾਰ ਵਿੱਚ ਛਾਪਿਆ ਹੈ। ਸੁਰਖ਼ ਰੇਖਾ ਨੇ ਆਪਣੇ ਪਿਛਲੇ ਦੋ ਅੰਕਾਂ ਵਿੱਚ ਮਨਜੀਤ ਧਨੇਰ ਦੀ ਗੋਡੇ ਟੇਕੂ ਰਿਹਾਈ ਦੇ ਪਾਜ ਨੂੰ ਉਘਾੜਿਆ ਸੀ ਅਤੇ ਮਨਜੀਤ ਧਨੇਰ ਨੂੰ ਦਿੱਤੀ ਨਿਹੱਕੀ ਸਜ਼ਾ ਰੱਦ ਕਰਵਾਉਣ ਦੇ ਪੱਖ ਤੋਂ ਲੋਕਾਂ ਦੀ ਆਪ-ਮੁਹਾਰੀ ਤੇ ਕਿਸੇ ਹੱਦ ਤੱਕ ਜਥੇਬੰਦ ਸ਼ਮੂਲੀਅਤ ਨੂੰ ਉਚਿਆਇਆ ਸੀ ਕਿ ਜਦੋਂ ਮਨਜੀਤ ਧਨੇਰ ਕਿਸੇ ਕੇਸ ਵਿੱਚ ਸ਼ਾਮਲ ਹੀ ਨਹੀਂ ਸੀ ਤਾਂ ਇਸ ਨੂੰ ਦਿੱਤੀ ਸਜ਼ਾ ਰੱਦ ਕਰਵਾਈ ਜਾਣੀ ਚਾਹੀਦੀ ਹੈ। ਜੇਕਰ ਇਹ ਸਜ਼ਾ ਰੱਦ ਨਹੀਂ ਹੁੰਦੀ ਤਾਂ ਜਾਬਰਾਂ ਦੇ ਜਬਰ ਨੂੰ ਸਿਦਕ ਨਾਲ ਝੱਲਣ ਦੇ ਰਾਹ ਦੀ ਵਜਾਹਤ ਕੀਤੀ ਗਈ ਸੀ। ਪਰ ਮਨਜੀਤ ਧਨੇਰ ਦੀ ਰਿਹਾਈ ਦੀ ਮੰਗ ਕਰਨ ਵਾਲੀਆਂ ਪ੍ਰਮੁੱਖ ਧਿਰਾਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦੀ ਥਾਂ ਹਾਕਮਾਂ ਅੱਗੇ ਮੁਆਫੀਨਾਮੇ, ਮਿੰਨਤਾਂ, ਤਰਲਿਆਂ ਦਾ ਰਾਹ ਅਖਤਿਆਰ ਕਰਦੇ ਹੋਏ ਲੇਲਕੜ੍ਹੀਆਂ ਕੱਢਣ ਤੱਕ ਪਹੁੰਚ ਗਈਆਂ। ਇਹਨਾਂ ਧਿਰਾਂ ਨੇ ਅੰਦਰੋਂ ਮੰਗੀ ਮੁਆਫੀ ਹੈ, ਬਾਹਰ ਸਜ਼ਾ ਨੂੰ ਰੱਦ ਕਰਵਾਉਣ ਦਾ ਵਿਖਾਵਾ ਕਰਦੇ ਹੋਏ ਇਸ ਘੋਲ ਦੇ ਗੋਗੇ ਗਾਏ ਹਨ। 
'ਲਾਲ ਪਰਚਮ ਨੇ ਸਫਾ 27 'ਤੇ ਇਸ ਘੋਲ ਦੇ ਸੋਹਲੇ ਗਾਉਂਦੇ ਹੋਏ ਲਿਖਿਆ ਹੈ, ''ਮਨਜੀਤ ਧਨੇਰ ਦੀ ਸਜ਼ਾ ਰੱਦ''। ਅਗਾਂਹ ਸਫਾ 28 'ਤੇ ਲਿਖਿਆ ਹੈ, ''ਮਨਜੀਤ ਧਨੇਰ ਰਿਹਾਅ ਕਰਵਾ ਕੇ ਰਹਾਂਗੇ'' ਦੀ ''ਰੋਹਲੀ ਗਰਜ਼'' ਨੇ ''ਹਾਕਮਾਂ ਨੂੰ'' ''ਤਰੇਲੀਆਂ'' ਲਿਆ ਦਿੱਤੀਆਂ। ''ਕਰੋੜਾਂ ਰੁਪਏ ਦੇ ਬੱਜਟ ਵਾਲੇ ਇਸ ਸੰਘਰਸ਼'' ਦੇ ''ਜਲੌਅ ਅੱਗੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪਿਆ।'' ''ਇਸ ਮਿਸਾਲੀ ਸਾਂਝੇ ਘੋਲ ਨੇ ਲੋਕ ਲਹਿਰ ਉੱਤੇ ਹਕੂਮਤ ਵੱਲੋਂ ਕੀਤੇ ਜਾ ਰਹੇ ਹੱਲਿਆਂ ਦਾ ਮੂੰਹ ਤੋੜ ਜੁਆਬ ਦੇਣ ਦਾ ਰਾਹ ਪੱਧਰਾ ਕੀਤਾ ਹੈ।'' ਮਨਜੀਤ ਧਨੇਰ ਦੀ ਗੋਡੇ ਟੇਕੂ ਰਿਹਾਈ ਨੂੰ ''ਜਾਨ ਹੂਲਵੇਂ ਸੰਘਰਸ਼ਾਂ'' ਦੀ ਸੰਗਿਆ ਦਿੰਦੇ ਹੋਏ ਸਫਾ 39 'ਤੇ ਲਿਖਿਆ ਹੈ ਕਿ ''ਹਜ਼ਾਰਾਂ ਦੇ ਇਕੱਠ'' ਦੀ ਤਾਕਤ ਦੇ ਨਸ਼ੇ ਨੇ ਜੋ ''ਖੁਮਾਰੀ'' ਬਖਸ਼ੀ ਹੈ, ਉਹ ''ਸਦੀਵੀ'' ਹੈ। ਇਸ ਸੰਘਰਸ਼ ਨੇ ''ਨਵੇਂ ਕੀਰਤੀਮਾਨ ਸਥਾਪਤ'' ਕਰਕੇ ''ਅਲੰਕਾਰੀ ਸਕੂਨ'' ਬਖਸ਼ਿਆ ਹੈ। ਉਪਰੋਕਤ ਹਵਾਲੇ ਲਿਖਣ ਵਾਲੇ ਲੇਖਕ ਨੂੰ ''ਇਹ ਘੋਲ ਇਤਿਹਾਸਕ'' ਜਾਪਦਾ ਹੈ, ਜਿਸਨੇ ''ਢਿੱਲੇ-ਮੱਠੇ ਕਾਰਕੁੰਨਾਂ ਵਿੱਚ ਬਿਜਲੀ ਜਿਹੀ ਫੁਰਤੀ'' ਭਰੀ ਹੈ, ਜਿਸਦੇ ''ਜਲੌਅ'' ਨਾਲ ''ਪੂਰੀ ਕਾਇਨਾਤ ਅਸ਼ ਅਸ਼ ਕਰ ਉੱਠੀ'' ਹੈ ਅਤੇ ਉਸ ਮੁਤਾਬਕ ਮਨਜੀਤ ਧਨੇਰ ''ਧਰੂ'' ਤਾਰਾ ਬਣ ਗਿਆ ਹੈ। ਇਹ ਘੋਲ ''ਲਾਲ ਕਿਲੇ 'ਤੇ ਕਿਰਤੀਆਂ ਦਾ ਲਾਲ'' ਝੰਡਾ ਲਹਿਰਾਉਣ ਦਾ ਪ੍ਰਤੀਕ ਹੋ ਕੇ ''ਜ਼ਿੰਦਗੀ ਦੀ ਚਾਲ, ਜ਼ਿੰਦਗੀ ਦੀ ਟੌਹਰ'' ਅਤੇ ''ਜ਼ਿੰਦਗੀ ਦੀ ਸ਼ਾਨ'' ਦਾ ''ਸੁਨੇਹਾ'' ਦੇ ਗਿਆ ਹੈ।
'ਸੁਰਖ਼ ਲੀਹ' ਦੇ ਸੰਪਾਦਕ ਅਨੁਸਾਰ ''ਮਨਜੀਤ ਧਨੇਰ ਦੀ ਜੇਲ੍ਹ 'ਚੋਂ ਰਿਹਾਈ'' ''ਲੋਕਾਂ ਦੀ ਬਹੁਤ ਹੀ ਅਹਿਮ ਪ੍ਰਾਪਤੀ ਹੈ'' ਜਿਸ ਦੀਆਂ ''ਮੁਬਾਰਕਾਂ ਸਾਂਝੀਆਂ ਕਰਨ'' 'ਤੇ ਉਹ ''ਫਖਰ ਮਹਿਸੂਸ'' ਕਰਦੇ ਹਨ। ਇਸ ਨੂੰ ''ਸਕੂਨਦਾਇਕ'' ''ਮਹਿਸੂਸ'' ਕਰਦੇ ਹੋਏ ''ਮਾਣਮੱਤੀ ਪ੍ਰਾਪਤੀ'' ਵਜੋਂ ਉਚਿਆਇਆ ਹੈ, ਜਿਸ ਨੇ ''ਭਵਿੱਖ ਦੇ ਸਵਾਲਾਂ ਦੇ ਜੁਆਬਾਂ ਤੱਕ ਜਾਣ ਦੀ ਸਮਰੱਥਾ'' ਹਾਸਲ ਕਰਦੇ ਹੋਏ ''ਆਸ ਦੀਆਂ ਕਿਰਨਾਂ'' ਤਲਾਸ਼ੀਆਂ ਹਨ। ''ਮਨਜੀਤ ਦੀ ਰਿਹਾਈ'' ''ਹੱਕੀ ਸੰਘਰਸ਼ਾਂ ਦਾ ਸੂਰਜ'' ਬਣ ਕੇ ''ਪੂਰੇ ਜਲੌਅ ਨਾਲ ਚਮਕਣ'' ਦਾ ਧਰਵਾਸ ਬੰਨ੍ਹਾਉਂਦੀ ਹੈ। ਇਹ ''ਸੰਘਰਸ਼ਾਂ ਦੇ ਮਾਰਗ ਤੁਰਨ ਦੀ ਚੇਤਨਾ ਗ੍ਰਹਿਣ ਕਰਨ ਲਈ ਹੋਰ ਵਧੇਰੇ ਆਧਾਰ ਸਿਰਜ ਰਹੀ ਹੈ।'' ਇਸ ਘੋਲ ਦੀ ਅਗਵਾਈ ਕਰਨ ਵਾਲੀ ਲੀਡਰਸ਼ਿੱਪ ਨੂੰ ''ਬਹੁਤ  ਹੀ ਸਿਰੜੀ'' ''ਜਾਨ ਹੂਲਵੇਂ'' ਸੰਘਰਸ਼ ਕਰਨ ਵਾਲੀ ''ਸੂਝਵਾਨ'' ਹੋਣ ਦਾ ਫਤਵਾ ਦਿੰਦੇ ਆਖਿਆ ਗਿਆ ਹੈ ਕਿ ਲੋਕ ''ਇਕੱਠੇ ਹੋ ਕੇ, ਇਹਨਾਂ ਹਕੂਮਤਾਂ ਤੋਂ ਹੱਕ ਖੋਹ ਸਕਦੇ ਹਨ।'' ਹਾਕਮਾਂ ਦੀਆਂ ਜਾਬਰ ਫੌਜੀ ਹਥਿਆਰਬੰਦ ਸ਼ਕਤੀਆਂ ਦੇ ਮੁਕਾਬਲੇ ਸਿਰਫ ਜਨਤਕ ਜਥੇਬੰਦੀਆਂ ਨੂੰ ਇੱਕ ਬਦਲ ਵਜੋਂ ਉਭਾਰਦੇ ਹੋਏ ਲਿਖਿਆ ਗਿਆ ਹੈ ਕਿ ''ਮੌਜੂਦਾ ਸਿਆਸੀ ਹਾਲਤ ਅੰਦਰ ਲੋਕਾਂ ਨੂੰ ਹਾਕਮ ਜਮਾਤੀ ਸਿਆਸੀ ਪਾਰਟੀਆਂ ਦੇ ਮੁਕਾਬਲੇ 'ਤੇ ਖਰੇ ਭਰੋਸੇਯੋਗ ਤੇ ਪਾਏਦਾਰ ਬਦਲ ਦੀ ਲੋੜ ਮਹਿਸੂਸ ਹੋ ਰਹੀ ਹੈ..... ਮੌਜੂਦਾ ਸੰਘਰਸ਼ ਰਾਹੀਂ ਸਵੈ-ਨਿਰਭਰ ਜਥੇਬੰਦਕ ਲੋਕ ਤਾਕਤ ਦਾ ਇੱਕ ਪੋਲ ਸੂਬੇ ਦੇ ਲੋਕਾਂ ਨੂੰ ਵਿਖਾਈ ਦਿੱਤਾ ਹੈ।'' ''ਇਹ ਪੋਲ'' ''ਇੱਕ ਭਰੋਸੇਯੋਗ ਸ਼ਕਤੀ ਹੈ'' ''ਜੋ'' ''ਪੰਜਾਬ ਦੇ ਲੋਕਾਂ ਦੇ ਭਵਿੱਖ ਦਾ ਜਵਾਬ ਬਣ ਸਕਦੀ ਹੈ।'' ''ਲੋਕਾਂ ਦੇ ਜਨਸਮੂਹ ਇਸ ਜਥੇਬੰਦਕ ਤਾਕਤ ਦਾ'' ''ਆਸਰਾ ਮਹਿਸੂਸ ਕਰ ਰਹੇ ਹਨ।'' ''ਮੌਜੂਦਾ ਘੋਲ'' ''ਸੱਚ ਦੀ ਲਿਸ਼ਕੋਰ ਹੋ ਨਿੱਬੜਿਆ ਹੈ।'' (ਹਵਾਲੇ, 'ਲਾਲ ਪਰਚਮ' ਜਨਵਰੀ 2020, ਸਫਾ 29-31)
'ਲਾਲ ਪਰਚਮ' ਅਤੇ 'ਸੁਰਖ਼ ਲੀਹ' ਵੱਲੋਂ ਮਨਜੀਤ ਧਨੇਰ ਦੀ ਗੋਡੇ ਟੇਕੂ ਰਿਹਾਈ ਦੇ ਅਸਲ ਕਾਰਨਾਂ ਨੂੰ ਛੁਪਾਉਂਦੇ ਹੋਏ ਇਸਦੇ ਗੋਗੇ ਹੀ ਨਹੀਂ ਗਾਏ ਗਏ ਹਨ ਬਲਕਿ ਇਸ ਘੋਲ ਦੀ ਅਗਵਾਈ ਕਰਨ ਪੱਖੋਂ ''ਆਪਣੇ ਮੂੰਹੋਂ ਮੀਆਂ ਮਿੱਠੂ'' ਬਣਦੇ ਹੋਏ ਲੀਡਰਸ਼ਿੱਪ ਦੇ ਮੋਢੇ ਵੀ ਥਪਥਪਾਏ ਹਨ। 'ਲਾਲ ਪਰਚਮ' ਦੇ ਲੇਖਕ ਅਨੁਸਾਰ ਇਸ ''ਇਤਿਹਾਸਕ ਜਿੱਤ'' ਪਿੱਛੇ ''ਸਹੀ ਨੀਤੀ, ਨਿਰਣੇ, ਢੁਕਵੇਂ ਦਾਅਪੇਚ'' ਅਤੇ ''ਸੰਘਰਸ਼ ਕਰ ਰਹੀ ਕਮੇਟੀ ਵਿੱਚ ਇੱਕਸੁਰਤਾ'' ਤੇ ''ਆਪਸੀ ਵਿਸ਼ਵਾਸ਼'' ਕੰਮ ਕਰਦੇ ਸਨ। 'ਸੁਰਖ਼ ਲੀਹ' ਦੇ ਸੰਪਾਦਕ ਨੇ ਇਸ ''ਸੰਘਰਸ਼ ਦੀ ਅਗਵਾਈ ਕਰ ਰਹੀ ਲੀਡਰਸ਼ਿੱਪ ਦੀ ਸੂਝ ਸਿਆਣਪ 'ਤੇ ਝਾਤ'' ਪੁਆਉਂਦੇ ਹੋਏ ''ਸਮਰੱਥਾ ਦੇ ਝਲਕਾਰੇ'' ਪ੍ਰਗਟ ਕਰਨ ਵਾਲੀ ਦੱਸਦੇ ਹੋਏ ਲਿਖਿਆ ਹੈ ''ਗੰਭੀਰ ਤੇ ਪਾਏਦਾਰ ਜਨਤਕ ਲੀਡਰਸ਼ਿੱਪ ਹੱਕੀ ਲੋਕ ਲਹਿਰ ਦੇ ਰੌਸ਼ਨ ਭਵਿੱਖ ਵੱਲ ਸੰਕੇਤ ਕਰਦੀ ਹੈ।''
'ਸੁਰਖ਼ ਲੀਹ' ਦੇ ਸੰਪਾਦਕ ਅਨੁਸਾਰ ਮਨਜੀਤ ਧਨੇਰ ਦੀ ਰਿਹਾਈ ਸਬੰਧੀ ਗੋਡੇ ਟੇਕੂ ਸਮਝ ਪੇਸ਼ ਕਰਕੇ ''ਜਨਤਕ ਲੀਡਰਸ਼ਿੱਪ'' ਨਾ ਸਿਰਫ ''ਰੌਸ਼ਨ ਭਵਿੱਖ'' ਸਿਰਜ ਸਕਦੀ ਹੈ ਬਲਕਿ ਇਸਨੇ ਆਰਥਿਕਵਾਦੀ-ਸੁਧਾਰਵਾਦੀ ਘੋਲਾਂ ਦੇ ਮੁਕਾਬਲੇ ਜਮਹੂਰੀ ਤੇ ਸਿਆਸੀ ਘੋਲਾਂ ਨੂੰ ਦੋਮ ਦਰਜ਼ੇ 'ਤੇ ਧੱਕ ਦਿੱਤਾ ਹੈ। ਉਸ ਮੁਤਾਬਕ ''ਸਾਡੇ ਸਮਾਜ ਵਿੱਚ ਜਮਹੂਰੀ ਚੇਤਨਾ ਗ੍ਰਹਿਣ ਕਰਨ ਦਾ ਅਮਲ ਲੋਕਾਂ ਦੇ ਆਪਣੇ ਰੋਜ਼ਮਰ੍ਹਾ ਦੇ ਸੰਘਰਸ਼ਾਂ ਨਾਲ ਜੁੜ ਕੇ ਹੀ ਅੱਗੇ ਵਧਣਾ ਹੈ। ਕਿਸਾਨ ਜਨ-ਸਮੂਹਾਂ ਨੇ ਇਹ ਸੋਝੀ ਆਪਣੇ ਬੀਤੇ ਦਹਾਕਿਆਂ ਦੇ ਸੰਘਰਸ਼ ਅਮਲਾਂ ਦੌਰਾਨ ਹਾਸਲ ਕੀਤੀ ਹੈ।'' ਜੇਕਰ ਪਿਛਲੇ ਦਹਾਕੇ ਦੇ ''ਰੋਜ਼ਮਰ੍ਹਾ'' ਦੇ ਕਿਸਾਨ ''ਸੰਘਰਸ਼ਾਂ'' 'ਤੇ ਝਾਤ ਮਾਰੀਏ ਤਾਂ ਇਹਨਾਂ ਵਿੱਚੋਂ ਜਿਹੜੀ ''ਸੋਝੀ'' ਹਾਸਲ ਹੋਈ ਹੈ, ਉਹ ਸੰਘਰਸ਼ ਮੁੱਖ ਤੌਰ 'ਤੇ ਕਿਸਾਨ ਖੁਦਕੁਸ਼ੀਆਂ ਦਾ ਮੁਆਵਜੇ, ਕਿਸਾਨਾਂ ਲਈ ਸਬਸਿਡੀਆਂ, ਫਸਲਾਂ ਦੇ ਵਧੇਰੇ ਭਾਅ ਹਾਸਲ ਕਰਨ ਦੇ ਆਰਥਿਕ ਅਤੇ ਸੁਧਾਰਵਾਦੀ ਮਸਲੇ ਹਨ। ਆਰਥਿਕਵਾਦੀ ਤੇ ਸੁਧਾਰਵਾਦੀ ਮੁੱਦਿਆਂ 'ਤੇ ''ਦਹਾਕਿਆਂ'' ਦੇ ''ਸੰਘਰਸ਼ਾਂ'' ਤੋਂ ਜਿਹੜੀ ''ਸੋਝੀ'' ਹਾਸਲ ਹੋਈ ਹੈ, ਉਹ ਹਾਕਮਾਂ ਅੱਗੇ ਲੇਲਕੜ੍ਹੀਆਂ ਕੱਢਦੇ ਹੋਏ ਮੁਆਫੀਆਂ ਮੰਗਣ ਦੇ ਰੂਪ ਵਿੱਚ ਪ੍ਰਗਟ ਹੋਈ ਹੈ, ਜਦੋਂ ਕਿ ਅਸਲੀ ਸੋਝੀ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਥ ਲੈਂਦੇ ਹੋਏ ਜਮਾਤੀ ਘੋਲਾਂ ਦੇ ਟਕਰਾਅ ਵਿੱਚੋਂ ਪੈਦਾ ਹੁੰਦੀ ਹੈ। ਇਹਨਾਂ ਅਨੁਸਾਰ ''ਲੋਕ'' ਸਿਰਫ ਆਰਥਿਕ ਅਤੇ ਸੁਧਾਰਵਾਦੀ ਮਸਲਿਆਂ ਰਾਹੀਂ ਹੀ ''ਜਮਹੂਰੀ ਹੱਕ ਨੂੰ ਵੀ ਬੁਲੰਦ ਕਰਨ ਦਾ ਮਹੱਤਵ ਗ੍ਰਹਿਣ ਕਰਦੇ ਹਨ''। ਲੇਖਕ ਅਨੁਸਾਰ ''ਇਸ ਪਹੁੰਚ ਦਾ ਪੂਰਾ ਥਹੁ ਪਾਉਣ ਦੀ ਜ਼ਰੂਰਤ ਹੈ'' ਤਾਂ ਹੀ ''ਜਮਹੂਰੀ ਲਹਿਰ ਦੀ ਉਸਾਰੀ ਦੇ ਰਸਤੇ 'ਤੇ ਹੋਰ ਪੱਕੇ ਪੈਰੀਂ ਅੱਗੇ ਵਧਿਆ ਜਾ ਸਕਦਾ ਹੈ।'' 
'ਸੁਰਖ਼ ਲੀਹ' ਦੇ ਸੰਪਾਦਕ ਅਨੁਸਾਰ ਜਮਹੂਰੀ ਅਤੇ ਸਿਆਸੀ ਮਸਲਿਆਂ 'ਤੇ ਘੋਲ ਦੋਮ ਦਰਜ਼ੇ ਦੀ ਮਹੱਤਤਾ ਰੱਖਦੇ ਹਨ ਜਦੋਂ ਕਿ ਆਰਥਿਕ ਅਤੇ ਸੁਧਾਰਵਾਦੀ ਮਸਲਿਆਂ 'ਤੇ ਘੋਲ ਬੁਨਿਆਦੀ ਮਹੱਤਤਾ ਰੱਖਦੇ ਹਨ। ਇਸ ਕਰਕੇ ਉਹ ਸਿਰਫ ਆਰਥਿਕ-ਸੁਧਾਰਵਾਦੀ ਮਸਲਿਆਂ 'ਤੇ ''ਹੀ'' ਘੋਲਾਂ ਨੂੰ ਪ੍ਰਮੁੱਖਤਾ ਦੇ ਰਹੇ ਹਨ। 'ਸੁਰਖ਼ ਲੀਹ' ਦੇ ਧਾਰਨੀ ਸਿਰਫ ਆਰਥਿਕ ਮੰਗਾਂ-ਮਸਲਿਆਂ 'ਤੇ ''ਹੀ'' ਘੋਲਾਂ ਨੂੰ ਤਰਜੀਹ ਦੇਣ ਦੀ ਸਮਝ 'ਤੇ ਚੱਲ ਰਹੇ ਹਨ, ਜਦੋਂ ਕਿ ਆਰਥਿਕ ਮੁੱਦਿਆਂ ਸਮੇਤ ਕੋਈ ਬੁਨਿਆਦੀ ਮਸਲਾ ਉਦੋਂ ਤੱਕ ਹੱਲ ਨਹੀਂ ਹੋ ਸਕਦਾ ਜਦੋਂ ਤੱਕ ਸਿਆਸੀ ਤਾਕਤ ਲੋਟੂਆਂ ਦੇ ਹੱਥਾਂ ਵਿੱਚ ਕੇਂਦਰਤ ਹੈ ਤੇ ਇਹ ਸਿਆਸੀ ਤਾਕਤ ਮਹਿਜ਼ ਆਰਥਿਕ ਪੱਖ ਹੀ ਨਹੀਂ ਹੁੰਦੀ ਬਲਕਿ ਇਸ ਦੀ ਤਾਕਤ ਹਥਿਆਰਬੰਦ ਫੌਜੀ ਬਲਾਂ ਦੀ ਹੋਂਦ ਕਾਰਨ ਹੁੰਦੀ ਹੈ। ਪ੍ਰਸ਼ਾਸਨਿਕ ਤੇ ਕਾਨੂੰਨੀ ਤਾਣਾ-ਬਾਣਾ ਸਿਆਸੀ ਪ੍ਰਬੰਧ ਦੀ ਚੂਲ-ਹੁੰਦੇ ਹਨ ਜਿਸ ਦੇ ਸਿਰ 'ਤੇ ਲੋਟੂ ਲਾਣਾ ਆਰਥਿਕਤਾ 'ਤੇ ਕਾਬਜ਼ ਰਹਿੰਦਾ ਹੈ। ਜੇਕਰ ਹਾਕਮਾਂ ਕੋਲ ਫੌਜੀ ਸਿਆਸੀ ਹਥਿਆਰਬੰਦ ਤਾਕਤ ਨਾ ਹੋਵੇ ਤਾਂ ਲੋਕ ਇਹਨਾਂ ਨੂੰ ਸੰਘੀਉਂ ਫੜ ਫੜ ਹੀ ਖਤਮ ਕਰ ਦੇਣ। ਇਸ ਕਰਕੇ ਜਿਹਨਾਂ ਵੀ ਲੋਕ ਪੱਖੀ ਸ਼ਕਤੀਆਂ ਨੇ ਆਰਥਿਕਤਾ ਸਮੇਤ ਸਭੇ ਹੀ ਬੁਨਿਆਦੀ ਮਸਲੇ ਹੱਲ ਕਰਵਾਉਣੇ ਹਨ, ਉਹਨਾਂ ਲਈ ਇਹ ਜ਼ਰੂਰੀ ਬਣਦਾ ਹੈ ਕਿ ਉਹ ਲੋਕਾਂ ਨੂੰ ਉਹਨਾਂ ਦੇ ਜਮਹੂਰੀ ਹੱਕਾਂ ਪ੍ਰਤੀ ਚੇਤਨ ਕਰਦੇ ਹੋਏ ਦੁਸ਼ਮਣ ਦੇ ਮੁਕਾਬਲੇ ਦੀ ਹਥਿਆਰਬੰਦ ਸ਼ਕਤੀ ਹਾਸਲ ਕਰਨ। ਇਸ ਤੋਂ ਬਿਨਾ ਉਹਨਾਂ ਦੀ ਕੋਈ ਸੱਦ-ਪੁੱਛ ਹੋਣੀ ਹੀ ਨਹੀਂ। ਮਾਰਕਸ-ਏਂਗਲਜ਼ ਹੋਰਾਂ ਵੱਲੋਂ ਕਮਿਊਨਿਸਟ ਮੈਨੀਫੈਸਟੋ ਦੇ ਆਖਰੀ ਪਹਿਰੇ ਵਿੱਚ ਰਾਜਸੀ ਤਾਕਤ ਹਥਿਆਰਬੰਦ ਤਾਕਤ ਰਾਹੀਂ ਖੋਹਣ ਦਾ ਸੱਦਾ ਦਿੱਤਾ ਗਿਆ ਹੈ ਨਾ ਕਿ ਸਿਰਫ ਆਰਥਿਕ ਮੰਗਾਂ-ਮਸਲਿਆਂ ਲਈ ਪੁਰਅਮਨ, ਸ਼ਾਂਤਮਈ ਘੋਲ ਕਰਨ ਲਈ ਹੀ ਸੀਮਤ ਰਹਿਣ ਵਾਸਤੇ ਆਖਿਆ ਗਿਆ ਹੈ। 
'ਸੁਰਖ਼ ਲੀਹ' ਦੇ ਸੰਪਾਦਕ ਨੇ ਲੁਭਾਉਣੀ ਸ਼ਬਦਾਵਲੀ ਵਿੱਚ ਲਿਖਿਆ ਹੈ, ''ਲੋਕਾਂ ਲਈ ਜਮਹੂਰੀਅਤ ਓਨੀ ਹੀ ਹੁੰਦੀ ਹੈ, ਜਿੰਨੀ ਕੁ ਉਹ ਆਪਣੇ ਹੱਕਾਂ ਲਈ ਚੇਤਨ ਹੋਣ ਤੇ ਉਹਨਾਂ ਨੂੰ ਪੁਗਾਉਣ ਲਈ ਜਥੇਬੰਦ ਤਾਕਤ ਰੱਖਦੇ ਹੋਣ।'' ਲੋਕਾਂ ਦੀ ''ਜਥੇਬੰਦਕ ਤਾਕਤ'' ਸਿਰਫ ਆਰਥਿਕ-ਸੁਧਾਰਵਾਦੀ ਮਸਲਿਆਂ 'ਤੇ ਲੜਨ ਵਾਲੀਆਂ ਜਥੇਬੰਦੀਆਂ ਹੀ ਨਹੀਂ ਹੁੰਦੀਆਂ ਬਲਕਿ ਲੋਕਾਂ ਦੀ ਜਥੇਬੰਦ ਕੀਤੀ ਫੌਜੀ ਤਾਕਤ ਹੁੰਦੀ ਹੈ, ਜਿਹੜੀ ਆਪਣੀ ਪੁਗਾਉਂਦੀ ਹੈ। ਇਸ ਤਰ੍ਹਾਂ ਇੱਥੇ ''ਜਥੇਬੰਦ ਤਾਕਤ'' ਦਾ ਝਲਕਾਰਾ ਵਿਖਾ ਕੇ ਅਸਲ ਫੌਜੀ ਤਾਕਤ ਉਸਾਰਨ ਦੇ ਮਹੱਤਵ ਨੂੰ ਘੱਟੇ ਰੋਲਿਆ ਗਿਆ ਹੈ। 'ਸੁਰਖ਼ ਲੀਹ' ਦਾ ਸੰਪਾਦਕ ਅੱਗੇ ਲਿਖਦਾ ਹੈ, ''ਹਮੇਸ਼ਾਂ ਲੋਕ ਚੇਤਨਾ ਅਤੇ ਉਸਦੇ ਆਧਾਰ 'ਤੇ ਜਥੇਬੰਦ ਹੋਈ ਤਾਕਤ ਹੀ ਹਕੀਕੀ ਜਮਹੂਰੀਅਤ ਦਾ ਆਧਾਰ ਹੁੰਦੀ ਹੈ।'' ਇੱਥੇ ਉਸਦੇ ਮਜ਼ਦੂਰਾਂ-ਕਿਸਾਨਾਂ ਅਤੇ ਹੋਰ ਤਬਕਿਆਂ ਦੀਆਂ ਜਨਤਕ-ਤਬਕਾਤੀ ਜਥੇਬੰਦੀਆਂ ਨੂੰ ''ਜਥੇਬੰਦ ਹੋਈ ਤਾਕਤ'' ਵਜੋਂ ਪੇਸ਼ ਕੀਤਾ ਹੈ ਅਤੇ ਇਹਨਾਂ ਦੀ ਅਗਵਾਈ ਵਾਲੀਆਂ ਅਜਿਹੀਆਂ ਜਥੇਬੰਦੀਆਂ ਦੇ ਆਰਥਿਕਵਾਦੀ-ਸੁਧਾਰਵਾਦੀ ਘੋਲਾਂ ਨੂੰ ''ਲੋਕ ਚੇਤਨਾ'' ਸਾਕਾਰ ਕਰਨ ਦਾ ਆਧਾਰ ਦੱਸਿਆ ਗਿਆ ਹੈ। ਸਿਰਫ ਜਨਤਕ ਜਥੇਬੰਦੀਆਂ ਰਾਹੀਂ ਅਰਧ-ਜਾਗੀਰੂ, ਅਰਧ-ਬਸਤੀਵਾਦੀ ਖਾਸੇ ਵਾਲੇ ਮੁਲਕ ਜਾਂ ਅਜਿਹੇ ਮੁਲਕ ਦੇ ਕਿਸੇ ਇੱਕ ਹਿੱਸੇ ਵਿੱਚ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਅੱਗੇ ਵਧਾ ਸਕਣ ਦਾ ਜਿਹੜਾ ਭਰਮ 'ਸੁਰਖ਼ ਲੀਹ' ਅਤੇ 'ਲਾਲ ਪਰਚਮ' ਨੇ ਸਿਰਜਿਆ ਹੈ, ਉਹ ਇਹਨਾਂ ਨੂੰ ਮੁਬਾਰਿਕ। ਅਜਿਹੇ ਭਰਮ ਦੇ ਸ਼ਿਕਾਰ ਅਨਸਰ ਲੋਕਾਂ ਦੀ ''ਹਕੀਕੀ ਜਮਹੂਰੀਅਤ'' ਵਾਲੀ ਲਹਿਰ ਕਦੇ ਵੀ ਨਹੀਂ ਸਿਰਜ ਸਕਦੇ ਬਲਕਿ ਗੋਡੇ ਟੇਕੂ ਲੀਹ ਅਖਤਿਆਰ ਕਰਦੇ ਹੋਏ ਮੁਆਫੀਆਂ ਮੰਗਣ ਦੇ ਰਾਹ ਦੀ ਵਕਾਲਤ ਕਰਨ ਤੱਕ ਅੱਪੜ ਜਾਂਦੇ ਹਨ। 
'ਲਾਲ ਪਰਚਮ' ਦੇ ਝੰਡਾਬਰਦਾਰ ਤਾਂ ਭਾਵੇਂ ਦੇਸ਼ ਦੇ ਖਾਸੇ ਦੇ ਨਾਲ ਨਾਲ ਪੰਜਾਬ ਦੇ ਖਾਸੇ ਨੂੰ ਵੀ ਵਿਕਸਤ ਪੂੰਜੀਵਾਦੀ ਪ੍ਰਬੰਧ ਵਿੱਚ ਤਬਦੀਲ ਹੋਇਆ ਮੰਨ ਸਕਦੇ ਹਨ, ਪਰ 'ਸੁਰਖ਼ ਲੀਹ' ਵਾਲਿਆਂ ਨੇ ਤਾਂ ਕਦੇ ਵੀ ਪੰਜਾਬ ਦੇ ਖਾਸੇ ਵਿੱਚ ਸਰਮਾਏਦਾਰੀ ਪ੍ਰਬੰਧ ਤਬਦੀਲ ਹੋ ਜਾਣ ਨੂੰ ਸਵਿਕਾਰਿਆ ਹੀ ਨਹੀਂ ਬਲਕਿ ਇਹ ਇਸ ਨੂੰ ਅਰਧ-ਜਾਗੀਰੂ, ਅਰਧ-ਬਸਤੀਵਾਦ ਪ੍ਰਬੰਧ ਮੰਨ ਕੇ ਇੱਥੇ ਨਵ-ਜਮਹੂਰੀ ਪ੍ਰਬੰਧ ਕਾਇਮ ਕਰਨ ਦੇ ਦਾਅਵੇਦਾਰ ਰਹੇ ਹਨ। ਜਨਤਕ ਜਥੇਬੰਦੀਆਂ ਰਾਹੀਂ ਕਾਨੂੰਨੀ, ਖੁੱਲ੍ਹੇ, ਜਨਤਕ ਘੋਲਾਂ ਰਾਹੀਂ ਲੋਕ ਚੇਤਨਾ ਦਾ ਸੰਚਾਰ ਕਰਨ ਦੀ ਧਾਰਨਾ ਪੂੰਜੀਵਾਦੀ ਪ੍ਰਬੰਧ ਵਿੱਚ ਤਾਂ ਹੋ ਸਕਦੀ ਹੈ, ਬਲਕਿ ਅਰਧ-ਜਾਗੀਰੂ, ਅਰਧ-ਬਸਤੀਵਾਦੀ ਵਾਲੇ ਆਪਾਸ਼ਾਹ ਰਾਜ ਵਿੱਚ ਅਜਿਹੀ ਚੇਤਨਾ ਦਾ ਸੰਚਾਰ ਨਹੀਂ ਹੋ ਸਕਦਾ ਬਲਕਿ ਇੱਥੋਂ ਦੇ ਹਾਕਮਾਂ ਦੀ ਉਲਟ-ਇਨਕਲਾਬੀ ਚਿੱਟੀ ਹਿੰਸਾ ਦੇ ਮੁਕਾਬਲੇ 'ਤੇ ਆਪਣੀ ਲੋਕ ਫੌਜ ਉਸਾਰਦੇ ਹੋਏ ਇਸਦੀ ਦੁਸ਼ਮਣ 'ਤੇ ਪੈਂਦੀ ਲਾਲ ਦਹਿਸ਼ਤ ਨਾਲ ਹੀ ਅਸਲ ਲੋਕ ਚੇਤਨਾ ਦਾ ਸੰਚਾਰ ਹੋ ਸਕਦਾ ਹੈ। 
ਅਰਧ-ਜਾਗੀਰੂ, ਅਰਧ-ਬਸਤੀਵਾਦੀ ਪ੍ਰਬੰਧ ਵਾਲੇ ਕਿਸੇ ਵੀ ਮੁਲਕ ਵਿੱਚ ਚੀਨ ਵਾਂਗੂੰ ਜਨਤਕ ਜਥੇਬੰਦੀਆਂ ਦਾ ਦੋਮ ਦਰਜ਼ੇ ਦਾ, ਸਹਾਇਕ ਅਤੇ ਅਤਿ ਜ਼ਰੂਰੀ ਰੋਲ ਤਾਂ ਹੋ ਸਕਦਾ ਹੈ ਪਰ ਇਹਨਾਂ ਦਾ ਪ੍ਰਮੁੱਖਤਾ ਵਾਲਾ ਸਥਾਨ ਨਹੀਂ ਹੋ ਸਕਦਾ। ਪ੍ਰਮੁੱਖਤਾ ਵਾਲਾ ਸਥਾਨ ਲੋਕ ਫੌਜ ਦਾ ਹੀ ਹੋ ਸਕਦਾ ਹੈ। ਅਰਧ-ਜਾਗੀਰੂ, ਅਰਧ-ਬਸਤੀਵਾਦੀ ਮੁਲਕ ਵਿੱਚ ਕਾਮਰੇਡ ਮਾਓ-ਜ਼ੇ-ਤੁੰਗ ਦੇ ਅਨੁਸਾਰ ''ਸੰਘਰਸ਼ ਦਾ ਮੁੱਖ ਰੂਪ ਹਥਿਆਰਬੰਦ ਸੰਘਰਸ਼'' ਅਤੇ ''ਜਥੇਬੰਦੀ ਦਾ ਮੁੱਖ ਰੂਪ ਫੌਜ'' ਹੀ ਹੁੰਦਾ ਹੈ। ਮਾਓ-ਜ਼ੇ-ਤੁੰਗ ਦੀ ਧਾਰਨਾ ਤੋਂ ਉਲਟ ਜਾ ਕੇ ਜਿਹੜੇ ਵੀ ਮਾਓ ਦੇ ਦਾਅਵੇਦਾਰ ਅਖਵਾਉਣ ਵਾਲੇ ਸਿਰਫ ਜਨਤਕ ਜਥੇਬੰਦੀਆਂ ਉਸਾਰਨ ਅਤੇ ਇਹਨਾਂ ਦੇ ਆਰਥਿਕ-ਸੁਧਾਰਵਾਦੀ ਘੋਲਾਂ ਵਿੱਚੋਂ ਲੋਕ-ਚੇਤਨਾ ਉਤਪਨ ਕਰਨ ਦਾ ਭਰਮ ਸਿਰਜਦੇ ਹਨ, ਉਹ ਸੋਧਵਾਦ-ਸੁਧਾਰਵਾਦ ਦੀ ਦਲਦਲ ਵਿੱਚ ਗਰਕੇ ਜਾਣ ਲਈ ਸਰਾਪੇ ਜਾਂਦੇ ਹਨ। ਭਾਰਤ ਵਿੱਚ ਵੀ ਸੀ.ਪੀ.ਆਈ., ਸੀ.ਪੀ.ਐਮ. ਸਮੇਤ ਵੱਖ ਵੱੱਖ ਅਖੌਤੀ ਨਕਸਲੀ ਧਿਰਾਂ ਵਿੱਚੋਂ ਜਿਹਨਾਂ ਨੇ ਅਜਿਹਾ ਕੁੱਝ ਕਰਨ ਦਾ ਯਤਨ ਕੀਤਾ, ਉਹ ਆਖਰ ਖਿੰਡ-ਖੱਪਰ ਕੇ ਰਹਿ ਗਈਆਂ ਹਨ ਜਾਂ ਅਖੌਤੀ ਕਮਿਊਨਿਸਟਾਂ ਦੇ ਫੱਟੇ ਤੋਂ ਬਿਨਾ ਹੋਰ ਕੁੱਝ ਨਹੀਂ ਬਚੀਆਂ। ਕਾਮਰੇਡ ਮਾਓ ਦੇ ਰਾਹ ਦੀ ਪੁਸ਼ਟੀ ਨਾ ਸਿਰਫ ਚੀਨ ਦੇ ਨਵ-ਜਮਹੂਰੀ ਇਨਕਲਾਬ ਨੇ ਹੀ ਕੀਤੀ ਸੀ ਬਲਕਿ ਪਿਛਲੇ 50 ਸਾਲਾਂ ਤੋਂ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਇਮ ਹੋਈਆਂ ਜਨਤਾਨਾ ਸਰਕਾਰਾਂ ਨੇ ਵੀ ਇਸ ਰਾਹ ਨੂੰ ਉਚਿਆਇਆ ਹੀ ਹੈ। 
'ਸੁਰਖ਼ ਲੀਹ' ਅਤੇ 'ਲਾਲ ਪਰਚਮ' ਵਰਗਾ ''ਕੱਤਣਾ'' ਹੋਰਾਂ ਨੂੰ ਨਹੀਂ ਆਇਆ
ਮਨਜੀਤ ਧਨੇਰ ਦੀ ਰਿਹਾਈ ਸਬੰਧੀ ਚੱਲੇ 'ਘੋਲ' ਦੀ ਵੱਖ ਵੱਖ ਪੱਖਾਂ ਤੋਂ ਸੁਰਖ਼ ਰੇਖਾ ਸਮੇਤ ਹੋਰਨਾਂ ਅਨੇਕਾਂ ਧਿਰਾਂ ਅਤੇ ਵਿਅਕਤੀਆਂ ਨੇ ਤਿੱਖੀ ਆਲੋਚਨਾ ਕੀਤੀ ਸੀ ਕਿ ਇਸ ਮੰਗ ਨੂੰ ਮਨਜੀਤ ਧਨੇਰ ਨੂੰ ਹੋਈ  ਨਿਹੱਕੀ ਸਜ਼ਾ ਰੱਦ ਕਰਵਾਉਣ ਦੇ ਘੋਲ ਵਜੋਂ ਚਲਾਉਣਾ ਚਾਹੀਦਾ ਹੈ ਨਾ ਕਿ ਮੁਆਫੀਆਂ ਮੰਗ ਕੇ ਮਿੰਨਤਾਂ-ਤਰਲਿਆਂ 'ਤੇ ਉੱਤਰਿਆ ਜਾਵੇ। ਅਜਿਹੇ ਘੋਲ ਦੀ ਤਿੱਖੀ ਆਲੋਚਨਾ ਤੋਂ 'ਸੁਰਖ਼ ਲੀਹ' ਅਤੇ 'ਲਾਲ ਪਰਚਮ' ਵਾਲਿਆਂ ਨੂੰ ਡਾਢੀ ਔਖ ਹੋਈ ਹੈ। ਪਰ 'ਸੁਰਖ਼ ਲੀਹ' ਵਾਲਿਆਂ ਨੇ ਸਿੱਧੀ ਬਹਿਸ-ਚਰਚਾ ਵਿੱਚ ਪੈਣ ਦੀ ਥਾਂ ਸਿਰਫ ਆਪਣੇ ਪੱਖਾਂ ਨੂੰ ਉਭਾਰਨ ਵਿੱਚ ਆਪਣੀ ਭਲਾਈ ਸਮਝੀ ਹੈ ਜਦੋਂ ਕਿ 'ਲਾਲ ਪਰਚਮ' ਨੇ ਇਹਨਾਂ ਦੀ ਹੋਈ ਆਲੋਚਨਾ ਨੂੰ ''ਬੁਰੇ ਦੀ ਹੱਦ ਤੱਕ'' ਜਾਣਾ ਗਰਦਾਨਿਆ ਹੈ ਅਤੇ ਅਜਿਹੀ ਲਿਖਤ ਦਾ ਸਿਰਲੇਖ ਦਿੱਤਾ ਹੈ, ''ਬੁੱਢੀ ਹੋ ਗਈ, ਪਰ ਕੱਤਣਾ ਨਹੀਂ ਆਇਆ''। ਇੱਥੇ ਇੱਕ ਗੱਲ ਅਸੀਂ ਤਾਂ ਪਹਿਲਾਂ ਹੀ ਸਵਿਕਾਰ ਕਰ ਲੈਂਦੇ ਹਾਂ ਕਿ ਗੋਡੇ ਟੇਕ ਕੇ, ਮੁਆਫੀਆਂ ਮੰਗਣ ਵਾਲਾ ''ਕੱਤਣਾ'' ਸਾਨੂੰ ਜ਼ਿੰਦਗੀ ਭਰ ਆਇਆ ਹੀ ਨਹੀਂ। ਇਸ ਕਰਕੇ ਅਜਿਹੀ ''ਭੜਕਾਹਟ ਭਰੀ ਬਿਆਨਬਾਜ਼ੀ'' ਦੀ ਕੀਤੀ ਗਈ 'ਗਲਤੀ' ਨੂੰ ਧੁਰ ਅੰਦਰੋਂ ਸਵਿਕਾਰਦੇ ਹਾਂ ਤੇ ਇਸ ਖਾਤਰ ਦਿੱਤੀ ਜਾਣ ਵਾਲੀ ਸਜ਼ਾ ਨੂੰ ਸਤਿਬਚਨ ਕਹਿ ਕੇ ਸਵਿਕਾਰਨ ਲਈ ਤਿਆਰ ਵੀ ਹਾਂ ਤਾਂ ਕਿ ਫੇਰ ਕਦੇ ''ਮੂੰਹ ਵਿੱਚ ਘੁੰਙਣੀਆਂ'' ਪਾ ਕੇ ਨਾ ਬਹਿਣਾ ਪਵੇ। ਇਹਨਾਂ ਨੂੰ ਸੁਰਖ਼ ਰੇਖਾ ਵੱਲੋਂ ਕੀਤੀ ਆਲੋਚਨਾ ''ਖੌਰੂ'' ਪਾਉਣਾ, ''ਕੂੜ ਪਰਚਾਰ'' ਵਾਲੀ ''ਗਲਤ ਪਹੁੰਚ'' ਲੱਗੀ ਹੈ, ਜਿਹੜੀ ਇਹਨਾਂ ਨੂੰ ''ਚੱਕਵੀਂ ਸੁਰ ਵਾਲੇ ਅਰਾਜਕਤਾਵਾਦੀਆਂ'' ਦੇ ''ਕਿਰਦਾਰ'' ਵਾਲੀ ''ਖੱਬੀ ਲਫਾਜ਼ੀ'' ਜਾਪੀ ਹੈ, ਜੋ ਕਿਸੇ ''ਅੰਤਰਮੁਖੀ ਸੋਚ ਪ੍ਰਬੰਧ'' ਵਿੱਚੋਂ ਪੈਦਾ ਹੋਈ ਹੈ। 
'ਲਾਲ ਪਰਚਮ' ਦੇ ਲੇਖਕ ਭਾਰਤੀ ਸੰਵਿਧਾਨ ਦੀ ਧਾਰਾ 161 ਤਹਿਤ ਆਖਦੇ ਹਨ ਕਿ ''ਸੂਬੇ ਦਾ ਗਵਰਨਰ'' ਕਿਸੇ ਵਿਅਕਤੀ ਨੂੰ ਦੋਸ਼ ਮੁਕਤ ਤਾਂ ਭਾਵੇਂ ਨਹੀਂ ਕਰ ਸਕਦਾ, ਪਰ ਉਸਦੀ ਸਜ਼ਾ ਮੁਆਫੀ ਦਾ ਅਧਿਕਾਰ ਰੱਖਦਾ ਹੈ।'' ਤਾਂ 'ਲਾਲ ਪਰਚਮ' ਅਨੁਸਾਰ ''ਇੱਥੇ ਇਹ ਸਵਾਲ ਸੀ ਕਿ ਕੀ ਇਸ ਕਾਨੂੰਨ ਦੀ ਦਾਅਪੇਚ ਵਜੋਂ ਵਰਤੋਂ ਕੀਤੀ ਜਾਵੇ ਕਿ ਨਾ?'' ''ਇਹ ਸੰਘਰਸ਼ ਦਾਅਪੇਚਕ ਤੌਰ 'ਤੇ ਸਾਥੀ ਮਨਜੀਤ ਧਨੇਰ ਦੀ ਦੋਸ਼ ਮੁਕਤੀ ਲਈ ਨਹੀਂ ਬਲਕਿ ਸਜ਼ਾ ਮੁਆਫੀ ਦਾ ਸੰਘਰਸ਼ ਸੀ। ਭਾਵੇਂ ਕਿ ਯੁੱਧਨੀਤਕ ਤੌਰ 'ਤੇ ਹਾਕਮਾਂ ਕੋਲੋਂ ਉਸਦੀ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਗਈ।'' ਉਪਰੋਕਤ ਹਵਾਲਿਆਂ ਵਿੱਚ ਹੀ ਕਿੰਨਾ ਕੁੱਝ ਆਪਾ-ਵਿਰੋਧੀ ਅਤੇ ਹਾਸੋਹੀਣਾ ਹੈ। ਹਾਸੋਹੀਣਾ ਇਸ ਪੱਖੋਂ ਕਿ ਹੁਣ ਅਜਿਹਾ ਸਮਾਂ ਆ ਗਿਆ ਹੈ ਜਦੋਂ ਕਰਾਂਤੀਕਾਰੀਆਂ ਨੂੰ ''ਮੁਆਫੀ'' ਮੰਗਣ ਲਈ ਵੀ ''ਸੰਘਰਸ਼'' ਕਰਨਾ ਪੈ ਰਿਹਾ ਹੈ। ਆਪਾ ਵਿਰੋਧੀ ਇਸ ਪੱਖੋਂ ਕਿ ਦਾਅਪੇਚ ਯੁੱਧਨੀਤੀ ਦੀ ਸੇਵਾ ਵਿੱਚ ਹੁੰਦੇ ਹਨ ਨਾ ਕਿ ਯੁੱਧਨੀਤੀ ਦਾਅਪੇਚਾਂ ਦੇ ਅਨੁਸਾਰ ਬਦਲੀ ਜਾਂਦੀ ਹੈ। 'ਲਾਲ ਪਰਚਮ' ਦੇ ਝੰਡਾਬਰਦਾਰਾਂ ਨੇ ''ਸਜ਼ਾ ਰੱਦ ਕਰਨ'' ਦੀ ਯੁੱਧਨੀਤਕ ''ਮੰਗ'' ਨੂੰ ਛੱਡ ਦਿੱਤਾ ਅਤੇ ਦਾਅਪੇਚਕ ਤੌਰ 'ਤੇ ''ਸੋਚ ਸਮਝ ਕੇ''  ''ਮੁਆਫੀਨਾਮਾ ਲਿਖ ਕੇ ਦੇਣ'' ਦੀ ਵਜਾਹਤ ਕੀਤੀ ਹੈ। ਕੀ ਇਹ ਕੁੱਝ ਉਹ ਮੌਕਾਪ੍ਰਸਤੀ ਨਹੀਂ, ਜਿਸ ਵਿੱਚ ਕਹਿਣੀ ਹੋਰ ਅਤੇ ਕਰਨੀ ਹੋਰ ਹੁੰਦੀ ਹੈ? 
'ਲਾਲ ਪਰਚਮ' ਵਰਗੇ ਲੋਕ ਲਹਿਰ ਦੇ ਦੰਭੀ ਦਾਅਵੇਦਾਰਾਂ ਦੇ ਆਲੋਚਕਾਂ ਨੂੰ ''ਖੱਬੀ ਮਾਅਰਕੇਬਾਜ਼ੀ'' ਦੇ ਵਿਸ਼ੇਸ਼ਣਾਂ ਨਾਲ ਨਿਵਾਜਦੇ ਹੋਏ ਉਹ ਲਿਖਦੇ ਹਨ, ''ਇਹ ਵਿਅਕਤੀ ਪਾਰਟੀ ਜਥੇਬੰਦੀ ਅਤੇ ਜਨਤਕ ਜਥੇਬੰਦੀ ਦੇ ਚਰਿੱਤਰ ਅਤੇ ਕਾਰਜਸ਼ੀਲ ਖੇਤਰ ਦੇ ਘੇਰੇ ਵਿਚਲੇ ਫਰਕ ਨੂੰ ਮੇਸਦੇ ਸਨ ਅਤੇ ਮੇਸਦੇ ਹਨ। ਉਹ ਜਨਤਕ ਜਥੇਬੰਦੀ ਵਿਚਲੇ ਲੋਕਾਂ ਦੀ ਚੇਤਨਾ ਪੱਧਰ ਨੂੰ ਧਿਆਨ ਵਿੱਚ ਰੱਖੇ ਬਿਨਾ ਇਸ ਨੂੰ ਪਾਰਟੀ ਜਥੇਬੰਦੀ ਦੀਆਂ ਸਰਗਰਮੀਆਂ ਨਾਲ ਸਿੱਧੇ ਤੌਰ 'ਤੇ ਨੱਥੀ ਕਰਨ ਲਈ ਉਤਾਵਲੇ ਰਹਿੰਦੇ ਹਨ।'' ਜੇਕਰ ਕਿਸੇ ਵੱਲੋਂ ਵੀ ''ਜਨਤਕ ਜਥੇਬੰਦੀ'' ਅਤੇ ''ਪਾਰਟੀ ਜਥੇਬੰਦੀ'' ਵਿਚਲੇ ਫਰਕ ਨੂੰ ਮੇਸਿਆ ਜਾਂਦਾ ਹੈ ਤਾਂ ਇਹ ਗਲਤ ਹੈ ਹੀ- ਪਰ ਜਦੋਂ ਇਹ ਖੁਦ ਹੀ ਮਨਜੀਤ ਧਨੇਰ ਨੂੰ ਨਕਸਲਬਾੜੀ ਲਹਿਰ ਦੇ ਪ੍ਰਤੀਕ ਵਜੋਂ ਉਭਾਰਦੇ ਹਨ ਤਾਂ ਖੁਦ ਇਹਨਾਂ ਨੂੰ ਹੀ ਕੀ ਕਹੀਏ? 'ਲਾਲ ਪਰਚਮ' ਦੇ ਇਸੇ ਹੀ ਅੰਕ ਵਿੱਚ ਸਫਾ 36 'ਤੇ ਇਹ ਮਨਜੀਤ ਸਿੰਘ ਦਾ ''ਮਨਜੀਤ ਧਨੇਰ'' ਬਣ ਜਾਣ ਸਬੰਧੀ ਲਿਖਦੇ ਹਨ, ''ਧਨੇਰ ਇੱਕ ਪਿੰਡ ਹੈ। ਪਿੰਡ, ਜਿਸਦੇ ਇੱਕ ਪਾਸੇ ਨਕਸਲਬਾੜੀ ਦੇ ਸ਼ਹੀਦ ਬੇਅੰਤ ਮੂੰਮ ਦਾ ਪਿੰਡ ਮੂੰਮ ਹੈ, ਦੂਜੇ ਪਾਸੇ ਨਕਸਲਬਾੜੀ ਲਹਿਰ ਦੇ ਸ਼ਹੀਦ ਨਿਰੰਜਣ ਸਿੰਘ ਅਕਾਲੀ ਦਾ ਪਿੰਡ ਕਾਲਸਾਂ ਹੈ, ਇਹਨਾਂ ਦੀ ਬਗਲ ਵਿੱਚ ਵਸਿਆ ਨਕਸਲਬਾੜੀ ਲਹਿਰ ਦੇ ਸ਼ਹੀਦ ਪਿਆਰਾ ਸਿੰਘ ਅਤੇ ਟਹਿਲ ਸਿੰਘ ਦਾ ਪਿੰਡ ਦੱਧਾਹੂਰ। ਉਸ ਤੋਂ ਕੁੱਝ ਫਾਸਲੇ 'ਤੇ ਵਸਿਆ ਹੈ ਗ਼ਦਰੀ ਸ਼ਹੀਦ ਬਾਬਾ ਦੁੱਲਾ ਸਿੰਘ ਦਾ ਪਿੰਡ ਜਲਾਲਦੀਵਾਲ। ਚੜ੍ਹਦੇ ਪਾਸੇ ਵਸਿਆ ਹੈ ਨਕਸਲਬਾੜੀ ਲਹਿਰ ਦੇ ਸ਼ਹੀਦ ਰਾਜ ਕਿਸ਼ੋਰ ਦਾ ਪਿੰਡ ਮਹਿਲ ਕਲਾਂ। ਇਉਂ ਜਿਸ ਪਿੰਡ ਨੂੰ ਚਾਰੇ ਪਾਸਿਉਂ ਸ਼ਹੀਦਾਂ ਦੀ ਵਿਰਾਸਤ ਆਪਣੀ ਬੁੱਕਲ ਵਿੱਚ ਸਮੋਈ ਬੈਠੀ ਹੋਵੇ ਉਸ ਪਿੰਡ ਦੀ ਮਿੱਟੀ ਦਾ ਜਾਇਆ ਹੈ ਮਨਜੀਤ ਸਿੰਘ ਧਨੇਰ।'' ਮਨਜੀਤ ਧਨੇਰ ਸਬੰਧੀ ਇਹ ਦਾਅਵਾ ਕਰਦੇ ਹਨ ਕਿ ਉਹ ''ਮੌਤ ਦਾ ਕੱਫਣ ਸਿਰ ਬੰਨ੍ਹ ਤੁਰੇ ਕਾਫਲਿਆਂ ਦਾ ਇੱਕ ਮੋਢੀ ਬਣ ਗਿਆ ਸੀ।'' ਥਾਂ ਥਾਂ 'ਤੇ ''ਨਕਸਲਬਾੜੀ'' ਦਾ ਜ਼ਿਕਰ ਕਰਨ ਵਾਲੇ ਮਨਜੀਤ ਨੂੰ ਕੀ ਇਹਨਾਂ ਮੁਤਾਬਕ ''ਨਕਸਲੀ'' ਨਹੀਂ ਮੰਨਣਾ ਚਾਹੀਦਾ? ਕੀ ਉਹ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀਆਂ ਯਾਦਗਾਰਾਂ 'ਤੇ ਜਾ ਕੇ ਉਹਨਾਂ ਦਾ ਝੰਡਾਬਰਦਾਰ ਨਹੀਂ ਸੀ ਅਖਵਾਉਂਦਾ ਰਿਹਾ? ਜੇਕਰ ਉਹ ''ਨਕਸਲੀ'' ਅਖਵਾਉਂਦਾ ਰਿਹਾ ਹੈ ਤਾਂ ਉਸ ਨੂੰ ਨਕਸਲੀ ਮੰਨ ਕੇ ਮੁਖਾਤਿਬ ਕਿਉਂ ਨਹੀਂ ਹੋਇਆ ਜਾ ਸਕਦਾ? 
ਜਿਸ ਮਨਜੀਤ ਨੂੰ ਇਹ ਖਿੱਚ-ਧੂਹ ਕੇ ਨਕਸਲੀ ਸਿੱਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਉਹੋ ਜਿਹੇ ਮਨਜੀਤ ਅਤੇ ਉਸਦੇ 'ਲਾਲ ਪਰਚਮ' ਦੇ ਸੰਗੀਆਂ ਤੋਂ ਇਹ ਮੰਗ ਕਿਉਂ ਨਹੀਂ ਕੀਤੀ ਜਾ ਸਕਦੀ ਕਿ ਉਹ ''ਗੁਪਤਵਾਸ ਹੋ ਕੇ ਲੋਕਾਂ ਦੇ ਜੰਗਲ ਵਿੱਚ ਜਾਣ'' ਜਾਂ ''ਜੇਲ੍ਹ ਵਿੱਚ ਜਾ ਕੇ ਸਜ਼ਾ ਕੱਟਣ ਦੀ ਕੁਰਬਾਨੀ'' ਕਰਨ। 'ਲਾਲ ਪਰਚਮ' ਵਾਲੇ ਇਹ ਖੁਦ ਮੰਨਦੇ ਹਨ ਕਿ ''ਕਮਿਊਨਿਸਟ ਜਥੇਬੰਦੀ ਦੇ ਆਗੂ'' ''ਹਥਿਆਰਬੰਦ ਬਗਾਵਤ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਹਿੱਸਾ ਲਏ ਹੋਣ ਨੂੰ ਖਿੜੇ ਮੱਥੇ ਕਬੂਲ ਕਰ ਸਕਦੇ ਹਨ'' ਪਰ ਮਨਜੀਤ ਧਨੇਰ ਸਬੰਧੀ ਉਲਟੀ ਧਾਰਨਾ ਪੇਸ਼ ਕਰਦੇ ਹਨ ਕਿ ''ਮਨਜੀਤ ਧਨੇਰ ਦਾ ਜੇਲ੍ਹ ਵਿੱਚ ਡੱਕੇ ਰਹਿਣ ਜਨਤਕ ਜੁਝਾਰਾਂ ਦੇ ਹੌਸਲਿਆਂ ਨੂੰ ਨਾਂਹ-ਪੱਖੀ ਰੁਖ ਜ਼ਰੂਰ ਅਸਰਅੰਦਾਜ਼ ਕਰ ਸਕਦਾ ਸੀ।'' ਇਸੇ ਕਰਕੇ ਹੀ ਇਹਨਾਂ ਨੇ ''ਕਾਨੂੰਨੀ ਚੋਰ-ਮੋਰੀਆਂ ਅਤੇ ਰਾਜ ਸੱਤਾ ਦੇ ਭਿੰਨ ਭਿੰਨ ਅਦਾਰਿਆਂ ਦੀਆਂ ਵਿਰੋਧਤਾਈਆਂ ਦੀ ਢੁਕਵਂੀਂ ਵਰਤੋਂ ਕਰਨ ਦਾ ਪੈਂਤੜਾ'' ਲਿਆ ਹੈ। ਕਮਾਲ ਦੀ ਕਲਾਬਾਜ਼ੀ ਹੈ ਇਹ ਲੋਟੂਆਂ ਦੇ ਸੰਵਿਧਾਨ ਦੀਆਂ ''ਚੋਰ-ਮੋਰੀਆਂ'' ਦੀ ''ਢੁਕਵੀਂ ਵਰਤੋਂ ਕਰਨ'' ਦੀ।
ਇਹਨਾਂ ਨੇ ''ਚੋਰ-ਮੋਰੀਆਂ'' ਰਾਹੀਂ ਮੁਆਫੀ ਮੰਗਣ ਦੀ ਧਾਰਾ 161 ਨੂੰ ਅਤੇ ਕਿਸੇ ਵੱਲੋਂ ਜਮਾਨਤ ਕਰਵਾਉਣ ਦੀ ਧਾਰਾ ਨੂੰ ਇੱਕੋ ਸਮੇਂ ਰਲਗੱਡ ਕਰਨ ਦੀ ਧੁੱਸ ਵਿਖਾਈ ਹੈ- ਜਦੋਂ ਕਿ ਇਹ ਦੋਵੇਂ ਇੱਕੋ ਜਿਹੀਆਂ ਨਹੀਂ ਹਨ। ਮੁਆਫੀ ਮੰਗਣੀ ਗੋਡੇ ਟੇਕਣਾ ਹੈ ਤੇ ਜਮਾਨਤ ਦੀ ਰਕਮ ਭਰਨੀ ਆਪਣੇ ਕੇਸ ਦੀ ਵਜਾਹਤ ਕਰਦੇ ਹੋਏ ਹੋਰ ਹੋਰ ਜੁੰਮੇਵਾਰੀਆਂ ਚੁੱਕਣ ਦੀ ਧਾਰਨਾ ਹੈ। ਜਮਾਨਤ ਦੀ ਰਕਮ ਮੁਆਫੀਨਾਮਾ ਨਹੀਂ ਹੁੰਦੀ ਬਲਕਿ ਜਮਾਨਤ ਭਰਨ ਵਾਲੇ ਦੀ ਖੁਦਦਾਰੀ ਹੁੰਦੀ ਹੈ— ਕਿਸੇ ਵਿਅਕਤੀ 'ਤੇ ਪਾਏ ਗਏ ਕੇਸ ਨੂੰ ਦਿੱਤੀ ਗਈ ਚੁਣੌਤੀ ਹੁੰਦੀ ਹੈ। 
'ਲਾਲ ਪਰਚਮ' ਵਾਲਿਆਂ ਨੇ ''ਨਿਹੱਕੀ ਸਜ਼ਾ ਮੁਆਫ ਕਰਨ ਦੀ ਮੰਗ'' 'ਤੇ ''ਫਖਰ ਮਹਿਸੂਸ ਕੀਤਾ ਹੈ।'' ਇਹਨਾਂ ਵੱਲੋਂ ਤਰਲੇ ਕੱਢਦੇ ਹੋਏ ਮੁਆਫੀ ਮੰਗਣ ਨੂੰ ''ਕਿਸਾਨੀ ਅਤੇ ਹੋਰ ਤਬਕਿਆਂ ਦੀ ਕਰਜ਼ੇ ਮੁਆਫੀ, ਟੈਕਸ ਮੁਆਫੀ, ਬਿਜਲੀ ਬਿੱਲ ਮੁਆਫੀ'' ਆਦਿ ਨਾਲ ਸੁਮੇਲ ਕੇ ਆਪਣੇ ਕੁਕਰਮ ਉੱਤੇ ਪਰਦਾਪੋਸ਼ੀ ਕਰਨ ਦਾ ਹਰਬਾ ਵਰਤਿਆ ਹੈ। ਐਨਾ ਹੀ ਨਹੀਂ, ਇਹਨਾਂ ਮਨਜੀਤ ਧਨੇਰ ਨੂੰ ਸ਼ਹੀਦ ਭਗਤ ਸਿੰਘ ਦੇ ਬਰਾਬਰ ਦਾ ਰੁਤਬਾ ਦਿੰਦੇ ਹੋਏ ਲਿਖਿਆ, ''ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਪਣੀਆਂ ਕਾਰਵਾਈਆਂ ਦੀ ਜੁੰਮੇਵਾਰੀ ਓਟੀ, ਉਸ ਤਰ੍ਹਾਂ ਮਨਜੀਤ ਧਨੇਰ ਨੇ ਜੋ ਲੋਕ ਹੱਕਾਂ ਲਈ ਕੀਤਾ ਉਸਦੀ ਜੁੰਮੇਵਾਰੀ ਲਈ।'' ਲੋਟੂ ਸਰਕਾਰਾਂ ਲੋਕਾਂ 'ਤੇ ਅੰਨ੍ਹੇ ਟੈਕਸ ਲਾਉਂਦੀਆਂ ਹਨ, ਜਿਹਨਾਂ ਨੂੰ ਹਟਾਉਣ ਲਈ ਲੋਕ ਘੋਲ ਕਰਦੇ ਹਨ— ਲੋਕ ਸਰਕਾਰ ਨੂੰ ਦੋਸ਼ੀ ਮੰਨ ਕੇ ਸੰਘਰਸ਼ ਕਰਦੇ ਹਨ- ਮਨਜੀਤ ਧਨੇਰ ਵਾਂਗ ਖੁਦ ਨੂੰ ਦੋਸ਼ੀ ਸਵਿਕਾਰਦੇ ਹੋਏ ਮੁਆਫੀਆਂ ਨਹੀਂ ਮੰਗਦੇ। ਇਹਨਾਂ ਨੂੰ ਜੇਕਰ ਮੰਗੀ ਗਈ ਮੁਆਫੀ ''ਫਖਰ'' ਜਾਪਦੀ ਹੈ ਤੇ ਮਨਜੀਤ ਨੂੰ ਮਿਲੀ ਸਜ਼ਾ ''ਨਿਹੱਕੀ'' ਲੱਗਦੀ ਹੈ ਤਾਂ ਇਹੀ ਲਫਜ਼ ਮੁਆਫੀਨਾਮੇ ਵਿੱਚ ਵੀ ਲਿਖ ਦਿੰਦੇ ਫੇਰ ਦੇਖਦੇ ਕਿ ਗਵਰਨਰ ਮੁਆਫੀ ਕਿਵੇਂ ਦਿੰਦਾ। ਬੇਸ਼ਰਮੀ ਦੀ ਹੱਦ ਤੱਕ ਤਾਂ ਅਗਾਂਹ ਪਹੁੰਚਦੇ ਹਨ, ਜਦੋਂ ਇਹ ਲਿਖਦੇ ਹਨ ਕਿ ਮਨਜੀਤ ਧਨੇਰ ਦੀ ''ਰਿਹਾਈ ਕੋਈ ਸਜ਼ਾ ਮੁਆਫੀ ਨਹੀਂ ਬਲਕਿ ਇਸਦਾ ਤੱਤ ਸਜ਼ਾ ਖਤਮ ਕਰਵਾਉਣਾ ਹੀ ਹੈ, ਸ਼ਬਦ ਭਾਵੇਂ ਕੋਈ ਵੀ ਵਰਤ ਲਿਆ ਜਾਵੇ।'' ''ਸ਼ਬਦ'' ਕੋਈ ਵੀ ਵਿੱਚੋਂ ਸਾਫ ਹੁੰਦਾ ਹੈ ਕਿ ''ਬੇਸ਼ਰਮਾਂ ਦੀ ਡੁੱਲ੍ਹ ਗਈ ਦਾਲ ਕਹਿੰਦੇ ਯਾਰ ਤਾਂ ਇਉਂ ਹੀ ਖਾਂਦੇ ਹੁੰਦੇ ਆ।'' ਅਜਿਹਾ ਕੁੱਝ ਇਹਨਾਂ ਨੂੰ ਲੇਲਕੜ੍ਹੀਆਂ ਕੱਢਣਾ ਨਹੀਂ ਬਲਕਿ ਹਾਕਮਾਂ ਦੀ ''ਅੱਖ ਵਿੱਚ ਅੱਖ'' ਪਾਉਣੀ ਜਾਪਦਾ ਹੈ ਜੋ ਇੱਕ ''ਲਲਕਾਰ'' ਹੈ ਅਤੇ ਇਹ ''ਲਲਕਾਰ'' ਹਾਕਮਾਂ ਦੀ ''ਧੌਣ ਦਾ ਕਿੱਲਾ'' ਕੱਢਣਾ ਹੈ। 
ਇਹ ਮਨਜੀਤ ਧਨੇਰ ਦੀ ਰਿਹਾਈ ਨੂੰ ''ਹਾਕਮਾਂ ਵੱਲੋਂ ਪਲੇਟ ਵਿੱਚ ਪਾ ਕੇ ਦਿੱਤੀ ਸੁਗਾਤ ਨਹੀਂ'' ''ਬਲਕਿ'' ''ਕਿਸੇ ਵੀ ਹੱਦ ਤੱਕ ਜਾਣ ਵਾਲੇ ਦ੍ਰਿੜ੍ਹ ਸੰਘਰਸ਼ ਦਾ ਫਲ'' ਮੰਨੇs sਹਨ। ਇਹੀ ਇਹਨਾਂ ਦੀ ਸਚਾਈ ਹੈ ਕਿ ਇਹ ਮੁਆਫੀ ਮੰਗਣ ਵਰਗੇ ਕੁਕਰਮ ਦੀ ''ਕਿਸੇ ਵੀ ਹੱਦ ਤੱਕ ਜਾਣ ਵਾਲੇ'' ਹਨ। ਇਹ ਮੁਆਫੀਨਾਮੇ ਨੂੰ ''ਲੋਕਾਂ ਦੀ ਸਿਆਸੀ ਪੁੱਗਤ'' ਮੰਨਣ ਦਾ ਦੰਭ ਕਰਦੇ ਹਨ ਜਿਸ ਨੇ ''ਹਾਕਮਾਂ ਨੂੰ ਝੁਕਣ ਲਈ ਮਜਬੂਰ ਕੀਤਾ ਹੈ।'' ਇੱਥੇ ਝੁਕੇ ਹਾਕਮ ਨਹੀਂ ਬਲਕਿ ਆਪਣੇ ਆਪ ਨੂੰ ''ਨਕਸਲੀ'' ਤੇ ''ਕਮਿਊਨਿਸਟ ਇਨਕਲਾਬੀ'' ਅਖਵਾਉਣ ਵਾਲੇ ਤੱਤ ਵਿੱਚ ਸੋਧਵਾਦੀ ਝੁਕੇ ਹਨ। ਜੇਕਰ ਇਹਨਾਂ ਅਨੁਸਾਰ ਧਾਰਾ ਸੰਵਿਧਾਨ ਦੀ ਧਾਰਾ 161 ਨੂੰ ਮੰਨ ਕੇ ਚੱਲਣਾ ਇਨਕਲਾਬੀਪੁਣਾ ਹੀ ਹੈ ਤਾਂ ਫੇਰ ਇਹਨਾਂ ਦੇ ਅਨੁਸਾਰ ਹੀ ਕੋਬਾਦ ਗਾਂਧੀ, ਪ੍ਰੋ. ਜੀ.ਐਨ. ਸਾਈਬਾਬਾ, ਸੁਧਾ ਭਾਰਦਵਾਜ ਅਤੇ ਵਰਵਰਾ ਰਾਓ ਵਰਗੇ ਬੁੱਧੀਜੀਵੀ ਅਤੇ ਕਮਿਊਨਿਸਟ ਇਨਕਲਾਬੀ ਕਿਉਂ ਨਹੀਂ ਚੱਲੇ? ਕੀ ਉਹਨਾਂ ਨੂੰ ਜਾਂ ਇਹਨਾਂ ਦੇ ਵਕੀਲਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 161 ਦਾ ਇਲਮ ਹੀ ਨਹੀਂ ਸੀ ਜਾਂ ਉਹ ਇਹਨਾਂ ਵਰਗੇ ਪੁਰਅਮਨ, ਸ਼ਾਂਤੀਵਾਦੀ ਸੰਘਰਸ਼ ਚਲਾਉਣੇ ਹੀ ਨਹੀਂ ਸਨ ਜਾਣਦੇ? ਮਾਮਲਾ ਇਹ ਨਹੀਂ ਕਿ ਉਹਨਾਂ ਨੂੰ ਧਾਰਾ 161 ਦਾ ਪਤਾ ਨਹੀਂ ਬਲਕਿ ਮਾਮਲਾ ਇਹ ਹੈ ਕਿ ਉਹ ਮਨਜੀਤ ਧਨੇਰ ਦੇ ਮੁਆਫੀਨਾਮਿਆਂ ਨੂੰ ਠੁੱਡ ਮਾਰਦੇ ਹੋਏ- ਅਣਖ-ਗੈਰਤ, ਜੁਰਅੱਤ-ਜ਼ਮੀਰ ਦੇ ਰਾਹਾਂ 'ਤੇ ਚੱਲਣ ਵਾਲੇ ਪਾਂਧੀ ਹਨ। -0-

No comments:

Post a Comment