Monday, 30 March 2020

ਵੱਡੇ ਇਕੱਠਾਂ ਦੀ ਥਾਂ ਹਿੰਦੂਤਵੀ ਜਨੂੰਨ ਦਾ ਬੁਥਾੜ ਭੰਨਣ ਲਈ ਅੱਗੇ ਆਓ

ਵੱਡੇ ਇਕੱਠਾਂ ਅਤੇ ਸਿਰਫ ਪ੍ਰਚਾਰ 'ਚੋਂ ਤਸੱਲੀ ਲੈਣ ਦੀ ਥਾਂ
ਹਿੰਦੂਤਵੀ ਜਨੂੰਨ ਦਾ ਬੁਥਾੜ ਭੰਨਣ ਲਈ ਅੱਗੇ ਆਓ

16 ਫਰਵਰੀ 2020 ਨੂੰ ਮਲੇਰਕੋਟਲੇ ਦੀ ਦਾਣਾ ਮੰਡੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸੱਦੇ 'ਤੇ ਵੱਡਾ ਇਕੱਠ ਹੋਇਆ। ਸ਼ੁਰੂ ਤੋਂ ਅਖੀਰ ਤੱਕ ਵੱਖ ਵੱਖ ਸਮਿਆਂ 'ਤੇ ਇਸ ਇਕੱਠ ਦੀ ਗਿਣਤੀ ਦਹਿ-ਹਜ਼ਾਰਾਂ ਨੂੰ ਜਾ ਢੁੱਕਦੀ ਸੀ। ਲੋਕਾਂ ਦੀ ਆਵਾਜਾਈ ਨੂੰ ਦੇਖਦੇ ਹੋਏ ਇਹ ''ਜਸ਼ਨਾਂ ਦਾ ਜੋੜ-ਮੇਲਾ'' ਵੀ ਜਾਪਦਾ ਸੀ। ਇਸ ਇਕੱਠ ਵਿੱਚ ਜਥੇਬੰਦ ਹਿੱਸਿਆਂ ਨਾਲੋਂ ਕਿਤੇ ਵਧੇਰੇ ਗਿਣਤੀ ਗੈਰ-ਜਥੇਬੰਦ ਹਿੱਸਿਆਂ ਦੀ ਸੀ। ਇਸ ਇਕੱਠ ਵਿੱਚ ਸਿਰਾਂ 'ਤੇ ਚਿੱਟੀਆਂ ਟੋਪੀਆਂ ਪਹਿਨੀ 5-7 ਦੇ ਬੱਚਿਆਂ ਤੋਂ ਲੈ ਕੇ 70-75 ਸਾਲਾਂ ਦੇ ਪੂਰੀਆਂ ਚਿੱਟੀਆਂ ਦਾਹੜੀਆਂ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਭਾਰੀ ਗਿਣਤੀ ਸ਼ਾਮਲ ਸੀ। ਨੌਜਵਾਨ ਲੜਕੀਆਂ ਤੋਂ ਲੈ ਕੇ ਕਾਲੇ ਬੁਰਕੇ ਪਹਿਨੀ ਔਰਤਾਂ ਸਮੇਤ ਅਨੇਕਾਂ ਬਜ਼ੁਰਗ ਮਾਈਆਂ ਨੇ ਵੀ ਆਪਣੀ ਹਾਜ਼ਰੀ ਭਰੀ ਹੋਈ ਸੀ। ਵੱਖ ਵੱਖ ਜਨਤਕ ਜਥੇਬੰਦੀਆਂ ਦੇ ਕਿੰਨੇ ਕਿੰਨੇ ਕੁ ਵਿਅਕਤੀ, ਮਰਦ-ਔਰਤਾਂ ਸ਼ਾਮਲ ਹੋਏ ਇਹ ਕਿਸੇ ਗਿਣਤੀ ਮਿਣਤੀ ਦਾ ਮਾਮਲਾ ਹੋ ਸਕਦਾ ਹੈ ਪਰ ਮਲੇਰਕੋਟਲੇ ਸ਼ਹਿਰ ਅਤੇ ਇਸ ਪੁਰਾਣੀ ਰਿਆਸਤ ਦੇ 65 ਪਿੰਡਾਂ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਤਕਰੀਬਨ ਅੱਧ-ਆਬਾਦੀ ਬਣਦੇ ਹਨ ਤੇ ਪਿੰਡਾਂ ਤੇ ਸ਼ਹਿਰ ਦੀ ਇਸ ਅੱਧੀ ਆਬਾਦੀ ਵਿਚੋਂ ਜਾਪਦਾ ਸੀ ਜਿਵੇਂ ਸ਼ਾਇਦ ਹਰ ਘਰ ਵਿੱਚੋਂ ਕਿਸੇ ਨਾ ਕਿਸੇ ਜੀਅ ਨੇ ਆਪਣੀ ਹਾਜ਼ਰੀ ਲਾਈ ਹੋਵੇਗੀ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪਹਿਲਾਂ ਹੋਏ ਇਕੱਠਾਂ ਮੌਕੇ ਵੀ ਇੱਥੋਂ ਦੇ ਮੁਹੰਮਦਨ ਭਾਈਚਾਰੇ ਨੇ ਭਰਵੀਂ ਹਾਜ਼ਰੀ ਲਵਾਈ ਸੀ। ਤੇ ਹੁਣ ਜਦੋਂ ਸਮਾਜ ਦੇ ਵੱਖ ਵੱਖ ਹਿੱਸਿਆਂ, ਫਿਰਕਿਆਂ ਅਤੇ ਧਰਮਾਂ ਦੇ ਲੋਕ ਇੱਥੇ ਆਪਣੀ ਹਾਜ਼ਰੀ ਲਵਾਉਣ ਆਏ ਸਨ ਤਾਂ ਮੁਸਲਿਮ ਭਾਈਚਾਰੇ ਨੇ ਉਹਨਾਂ ਦੀ ਸੇਵਾ ਕਰਨ ਲਈ ਪੂਰਾ ਤਾਣ ਲਾਇਆ ਜਾਪਦਾ ਸੀ- ਕਿਤੇ ਕੇਲੇ ਵਰਤਾਏ ਜਾ ਰਹੇ ਸਨ, ਕਿਤੇ ਚਾਹ, ਕਿਤੇ ਪਕੌੜੇ ਖੁਆਏ ਜਾ ਰਹੇ ਸਨ ਤੇ ਕਿਤੇ ਪਾਣੀ ਦੀਆਂ ਛਬੀਲਾਂ ਲੱਗੀਆਂ ਸਨ। ਕਿਸੇ ਥਾਂ 'ਤੇ ਫਿਲਟਰ ਵਾਲੇ ਪਾਣੀ ਦੀ 20 ਰੁਪਏ ਵਾਲੀ ਬੋਤਲ ਲੱਗੇ ਮੁੱਲ 5 ਰੁਪਏ ਵਿੱਚ ਹੀ ਮਹੁੱਈਆ ਕਰਵਾਈ  ਜਾ ਰਹੀ ਸੀ। ਕਿਤਾਬਾਂ ਦੀਆਂ ਸਟਾਲਾਂ ਤੋਂ ਬਿਨਾ ਬੱਚਿਆਂ ਲਈ ਗੁਬਾਰੇ ਅਤੇ ਹੋਰ ਖਾਣ-ਪੀਣ ਦੇ ਸਮਾਨ ਅਤੇ ਮਨ-ਪ੍ਰਚਾਵੇ ਦੀਆਂ ਸਟਾਲਾਂ ਵਿਖਾਈ ਦੇ ਰਹੀਆਂ ਸਨ। ਲੋਕਾਂ ਦੀ ਆਵਾਜਾਈ ਛਪਾਰ ਦੇ ਮੇਲੇ, ਜਗਰਾਵਾਂ ਦੀ ਰੌਸ਼ਨੀ ਜਾਂ ਕਿਸੇ ਕੁੰਭ ਦਾ ਭੁਲੇਖਾ ਪਾਉਂਦੀ ਸੀ। ਦਿੱਲੀ ਦੇ ਸ਼ਾਹੀਨ ਬਾਗ ਤੋਂ ਲੈ ਕੇ ਅਨੇਕਾਂ ਹੀ ਥਾਵਾਂ 'ਤੇ ਚੱਲ ਰਹੇ ''ਸ਼ਾਹੀਨ ਬਾਗ'' ਮੋਰਚਿਆਂ ਤੋਂ ਲੋਕਾਂ ਦੇ  ਕਾਫਲੇ ਆਪਣੀ ਹਾਜ਼ਰੀ ਲਵਾ ਰਹੇ ਸਨ। ਇਕੱਠ ਵਿੱਚ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਇਨਕਲਾਬੀ-ਜਮਹੂਰੀ, ਇਨਸਾਫਪਸੰਦ, ਤਰਕਸ਼ੀਲ ਜਥੇਬੰਦੀਆਂ ਦੇ ਵਫਦ ਇਕੱਠ ਦੀ ਰੌਣਕ ਵਧਾ ਰਹੇ ਸਨ। ਵੱਖ ਵੱਖ ਫੁੱਲਾਂ ਦੇ ਗੁਲਦਸਤੇ ਵਰਗੀ ਮਹਿਕ ਆ ਰਹੀ ਸੀ ਲੋਕਾਂ ਦੇ ਇਸ ਇਕੱਠ ਵਿੱਚੋਂ। ਭਾਰਤੀ ਸੰਵਿਧਾਨ ਦੀ ਰਾਖੀ ਵਾਲੇ ਤਿਰੰਗੇ ਝੰਡੇ ਸਮੇਤ ਅਨੇਕਾਂ ਜਥੇਬੰਦੀਆਂ ਦੇ ਝੰਡੇ ਬਸੰਤ ਰੁੱਤ ਦੀ ਅਗਾਊਂ ਆਮਦ ਦਾ ਝਲਕਾਰਾ ਪੇਸ਼ ਕਰਦੇ ਸਨ। ਵੱਖ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਚਹਿਕ ਬਣ ਰਹੀਆਂ ਸਨ। 
ਵੱਡੇ ਮੇਲਿਆਂ ਵਿਚਲੀਆਂ ਸਿਆਸੀ ਕਾਨਫਰੰਸਾਂ ਵਾਗੂੰ ਇੱਥੇ ਵੀ ਬੁਲਾਰਿਆਂ ਨੂੰ ਇਕਾਗਰ ਮਨ ਨਾਲ ਸੁਣਨ ਵਾਲਿਆਂ ਨਾਲੋਂ ਕਿਤੇ ਵਧੇਰੇ ਗਿਣਤੀ ਤੋਰੇ-ਫੇਰੇ ਵਾਲੇ ਲੋਕਾਂ ਦੀ ਸੀ। ਆਪ-ਮੁਹਾਰਤਾ ਦੇ ਲੱਛਣ ਥਾਂ ਥਾਂ 'ਤੇ ਝਲਕਦੇ ਸਨ, ਲੋਕਾਈ ਵਿੱਚ ਜਿਹੜੀ ਸ਼ਿੱਦਤ ਵਿਖਾਈ ਦਿੰਦੀ ਸੀ, ਉਹ ਕੋਈ ਮੂੰਹਾਂ ਭਾਲਦੀ ਜਾਪਦੀ ਸੀ। ਪਿਛਲੇ ਦਿਨੀਂ ਅਕਾਲੀ ਦਲ (ਬਾਦਲ) ਅਤੇ ਇਹਨਾਂ ਦੇ ਵਿਰੋਧੀ ਧੜਿਆਂ ਵੱਲੋਂ ਸੰਗਰੂਰ ਵਿਖੇ ਹਫਤਾ ਕੁ ਅੱਗੜ-ਪਿੱਛੜ ਵੱਡੇ ਇਕੱਠ ਕੀਤੇ ਗਏ ਸਨ। ਇਹ ਇਕੱਠ ਭਾਵੇਂ ਗਿਣਤੀ ਅਤੇ ਗੁਣ ਪੱਖੋਂ ਉਹਨਾਂ ਨਾਲੋਂ ਵੱਡਾ ਤੇ ਨਿਵੇਕਲਾ ਸੀ ਪਰ ਕਿਸੇ ਪਾਏਦਾਰ ਲੀਡਰਸ਼ਿੱਪ ਦੀ ਥੁੜ੍ਹ ਉਹਨਾਂ ਇਕੱਠਾਂ ਵਰਗੀ ਹੀ ਇੱਥੇ ਜਾਪਦੀ ਸੀ। ''ਜਨ ਸੈਲਾਬ'' ਨੂੰ ਸੰਭਾਲਣ ਵਾਲੀ ਲੀਡਰਸ਼ਿੱਪ ਦਾ ਇੱਥੇ ਖਲਾਅ ਜਾਪਦਾ ਸੀ। ਬਾਕੀ ਹੋਰ ਪੱਖ ਭਾਵੇਂ ਕਿੰਨੇ ਹੀ ਸੀਮਤ ਜਾਂ ਊਣੇ ਹੋਣ ਪਰ ਜਨਤਾ ਨੇ ਆਪਣੇ ਰੌਂਅ ਦਾ ਪ੍ਰਗਟਾਵਾ ਕਰ ਦਿੱਤਾ ਸੀ ਕਿ ਉਹ ਕੁੱਝ ਨਾ ਕੁੱਝ ਹੋਰ ਕਰਨਾ ਚਾਹੁੰਦੀ ਹੈ ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਫਿਰਕੂ-ਫਾਸ਼ੀ ਮਨਸੂਬਿਆਂ ਨੂੰ ਠੱਲ੍ਹ ਪਾ ਸਕੇ। 
ਮਲੇਰਕੋਟਲੇ ਦੇ ਮੁਸਲਿਮ ਭਾਈਚਾਰੇ ਵੱਲੋਂ ਜਾਂ ਇਸ ਇਲਾਕੇ ਵਿੱਚ ਕੰਮ ਕਰਦੀਆਂ ਹੋਰਨਾਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਨੇ ਜੋ ਕੁੱਝ ਸੰਗਠਿਤ ਰੂਪ ਵਿੱਚ ਆਪ ਮੁਹਾਰੇ ਤੌਰ 'ਤੇ 16 ਫਰਵਰੀ ਤੋਂ ਪਹਿਲਾਂ ਕੀਤਾ ਸੀ, ਉਸ ਨੇ ਮਲੇਰਕੋਟਲੇ ਨੂੰ ਭਾਰਤ ਦੇ ਨਕਸ਼ੇ 'ਤੇ ਲੈ ਆਂਦਾ ਸੀ। ਲੋਕਾਂ ਦੀ ਇਸ ਆਪ-ਮੁਹਾਰਤਾ ਜਾਂ ਲੋਕਾਂ ਦੇ ਜਥੇਬੰਦ ਉੱਦਮ ਨੂੰ ਆਪਣੀ ਆਪਣੀ ਝੋਲੀ ਪਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਤਾਕਤਾਂ ਯਤਨਸ਼ੀਲ ਹਨ। ਇਸ ਪੱਖ ਤੋਂ ਇੱਥੇ ਇਸ ਦਿਨ ਵਿਰੋਧ ਪ੍ਰਗਟ ਕਰਨ ਵਾਲੀਆਂ ਤਾਕਤਾਂ ਨੂੰ ਵੀ ਵੇਖਿਆ ਜਾ ਸਕਦਾ ਹੈ। ਜੇਕਰ ਪੰਜਾਬ ਦੇ ਕੇਂਦਰ ਵਜੋਂ ਜਾਂ ਆਪਣੇ ਜਨਤਕ ਆਧਾਰ ਖੇਤਰ ਵਜੋਂ ਵੇਖਣਾ ਹੋਵੇ ਤਾਂ ਉਹਨਾਂ ਜਥੇਬੰਦੀਆਂ ਲਈ ਕੇਂਦਰੀ ਥਾਂ ਲੁਧਿਆਣਾ, ਜਗਰਾਉਂ, ਮੋਗਾ ਜਾਂ ਬਰਨਾਲਾ ਆਦਿ ਸ਼ਹਿਰ ਬਣਦੇ ਸਨ, ਪਰ ਉਹਨਾਂ ਨੇ ਮਲੇਰਕੋਟਲੇ ਨੂੰ ਹੀ ਕਿਉਂ ਚੁਣਿਆ? ਇਸ ਪਿੱਛੇ ਇੱਕੋ ਇੱਕ ਕੋਈ ਮਨੋਰਥ ਇੱਥੇ ਸਥਿਤ ਮੁਸਲਿਮ ਭਾਈਚਾਰੇ ਨਾਲ ਹਮਦਰਦੀ ਹਾਸਲ ਕਰਨਾ ਹੀ ਨਹੀਂ ਸੀ ਬਲਕਿ ਇੱਥੋਂ ਦੇ ਲੋਕਾਂ ਵਿੱਚ ਫੁੱਟੇ ਕਿਸੇ ਰੋਹ ਨੂੰ ਆਪਣੇ ਸੰਚੇ ਵਿੱਚ ਢਾਲਣ ਦਾ ਇੱਕ ਯਤਨ ਵੀ ਹੈ। ਸਸਤੀ ਸ਼ੋਹਰਤ ਹਾਸਲ ਕਰਨ ਦਾ ਹੀਲਾ ਹੈ। ਸਿਰਫ ਪ੍ਰਚਾਰ ਦੇ ਰੌਲੇ-ਗੌਲੇ ਵਿੱਚ ਆਪਣੇ ਸਿਰ ਉੱਪਰ ਵੱਡੇ ਇਨਕਲਾਬੀ ਹੋਣ ਦਾ ਮੁਕਟ ਸਜਾਉਣ ਦਾ ਉਪਰਾਲਾ ਹੈ। ਲੋਕਾਂ ਦੀ ਸਮੱਸਿਆ ਦੇ ਮੂਲ ਨੂੰ ਹੱਲ ਕਰਨ ਪੱਖੋਂ ਘਚੋਲੇ ਖੜ੍ਹੇ ਕਰਨ ਦਾ ਸਬੱਬ ਬਣਨਾ ਹੈ। 
''ਵਗਦੀ ਗੰਗਾ ਵਿੱਚ ਹੱਥ ਧੋਣ'' ਦੇ ਵਰਤਾਰੇ ਵਾਂਗ ਮਲੇਰਕੋਟਲੇ ਦੇ 16 ਫਰਵਰੀ ਦੇ ਇੱਕਠ ਨੂੰ ਵਰਤਣ ਵਾਲਿਆਂ ਦੇ ਕੁੱਝ ਝਲਕਾਰੇ 25 ਫਰਵਰੀ ਨੂੰ ਪੰਜਾਬੀ ਟ੍ਰਿਬਿਊਨ ਵਿੱਚ 'ਸੁਰਖ਼ ਲੀਹ' ਦੇ ਸੰਪਾਦਕ ਪਵੇਲ ਕੁੱਸਾ ਦੇ ਲੇਖ ਵਿੱਚੋਂ ਵੀ ਜ਼ਾਹਰ ਹੁੰਦੇ ਹਨ। ਲੇਖਕ ਨੇ ਇੱਕ ਪਾਸੇ ਇਸ ਲੇਖ ਵਿੱਚ ਥਾਂ ਥਾਂ ਰੋਸ ਪ੍ਰਦਰਸ਼ਨ, ਰੋਸ ਸਭਾਵਾਂ, ਰੋਸ ਪ੍ਰਗਟਾਵੇ ਅਤੇ ਰੋਸ ਲਹਿਰ ਦੀ ਗੱਲ ਕੀਤੀ ਹੈ। ਉਸ ਨੂੰ ਲੋਕਾਂ ਦਾ ਫੁੱਟਿਆ ਗੁੱਸਾ ਤੇ ਰੋਹ ਕੋਈ ਜਵਾਲਾ ਬਣ ਕੇ ਦੁਸ਼ਮਣਾਂ ਨੂੰ ਸਾੜ ਕੇ ਸੁਆਹ ਕਰਨ ਵਾਲੀ ਤਾਕਤ ਨਹੀਂ ਜਾਪਦਾ ਬਲਕਿ ਇਉਂ ਪੇਸ਼ ਕੀਤਾ ਹੈ ਜਿਵੇਂ ਲੋਕਾਂ ਨੂੰ ਇਸ ਢਾਂਚੇ ਵਿੱਚ ਰਹਿੰਦੇ ਹੋਏ ਸਿਰਫ ਰੋਸਾ-ਗਿਲਾ ਹੀ ਉੱਠਦਾ ਹੈ ਤੇ ਉਹ ਸਿਰਫ ਰੋਣੇ-ਧੋਣੇ ਜੋਗੇ ਹੀ ਬਣ ਕੇ ਰਹਿ ਰਹੇ ਹਨ। ਦੂਜੇ ਪਾਸੇ ਉਸ ਨੂੰ ''ਲੱਖ ਤੋਂ ਉੱਪਰ'' ਜੁੜੇ ਲੋਕਾਂ ਦਾ ਵੱਡਾ ''ਇਕੱਠ'' ''ਅਲੌਕਿਕ ਦ੍ਰਿਸ਼'' ਜਾਪਦਾ ਹੈ। ਇਸ ''ਅਲੌਕਿਕ ਦ੍ਰਿਸ਼'' ਵਿੱਚੋਂ ਪ੍ਰਗਟ ਹੁੰਦਾ ਹੈ ਕਿ ਉਸਦੀ ਧਿਰ ਦੇ ਆਗੂਆਂ ਨੂੰ ''ਵੱਡੇ ਇਕੱਠ'' ਵਿੱਚੋਂ ''ਜ਼ਮੀਰ'' ਨੂੰ ਟੁੰਬੇ ਜਾਣ ਵਾਲੀ ਪ੍ਰੇਰਨਾ ਮਿਲਦੀ ਹੈ, ਜਿਹੜੀ ''ਵੱਖਰੀ ਰੰਗਤ ਉਘਾੜਦੀ ਹੈ''। ਇਹ ਸਿਰਫ ''ਵੱਡੇ ਪ੍ਰਦਰਸ਼ਨਾਂ'' ਵਿੱਚੋਂ ਪੈਦਾ ਹੋਈ ''ਨਿਵੇਕਲੀ ਥਾਂ'' ਰਾਹੀਂ ''ਲੋਕ ਅੰਦੋਲਨ ਦੀਆਂ ਰੌਸ਼ਨ ਸੰਭਾਵਨਾਵਾਂ'' ਨੂੰ ਅੰਗਦਾ ਹੈ ਜਿਹੜੀਆਂ ''ਭਾਜਪਾ ਦੇ ਫਿਰਕੂ ਵਾਰਾਂ ਦੀ ਅਸਲੀ ਕਾਟ'' ਬਣ ਸਕਦੀਆਂ ਹਨ। ਉਸਦੀ ਸਮਝ ਅਨੁਸਾਰ ਲੋਕਾਂ ਵਿੱਚ ''ਚੇਤਨਾ ਦਾ ਸੰਚਾਰ'' ਸਿਰਫ ''ਏਡੀ ਵਿਸ਼ਾਲ ਗਿਣਤੀ'' ਵੱਲੋਂ ''ਸੱਥਾਂ ਤੋਂ ਚੁੱਲ੍ਹਿਆਂ ਤੱਕ'' ''ਇੱਕ ਪ੍ਰਵਾਹ'' ਰਾਹੀਂ ਹੀ ਹੁੰਦਾ ਹੈ। ਇਸ ਲੇਖਕ ਨੂੰ ਲੱਗਦਾ ਹੈ ਕਿ ''ਵੱਖ ਵੱਖ'' ਆਰਥਿਕ ਅਤੇ ਸੁਧਾਰਵਾਦੀ ''ਸੰਘਰਸ਼ਾਂ ਦੌਰਾਨ ਹਾਸਲ ਕੀਤੀ ਆਪਣੇ ਹਿੱਤਾਂ ਦੀ ਜਮਾਤੀ ਸੋਝੀ ਹੀ'' ''ਫਿਰਕੂ ਹਮਲੇ ਬਾਰੇ ਚੇਤਨਾ ਹਾਸਲ'' ਕਰਕੇ ਇੱਕ ''ਨਿਭਣਯੋਗ ਪਾਏਦਾਰ ਤਾਕਤ'' ਵਿੱਚ ਬਦਲ ਸਕਦੀ ਹੈ। ਤੇ ਫੇਰ ਅਜਿਹੀ ''ਤਾਕਤ'' ''ਸਭ ਰੋਕਾਂ ਤੋੜ ਕੇ'' ''ਕਿਤੇ ਜ਼ਿਆਦਾ ਵਿਆਪਕ ਤੇ ਡੂੰਘਾ'' ਪ੍ਰਭਾਵ ਛੱਡਦੀ ਹੈ ਜਿਸ ਵੱਲ ਲੋਕ ''ਖਿੱਚੇ ਤੁਰੇ'' ਆਉਂਦੇ ਹਨ ਅਤੇ ਆਪਣੇ ''ਜ਼ਜਬੇ'' ਨੂੰ ''ਪੂਰੀ ਬੁਲੰਦੀ 'ਤੇ ਜਾ ਕੇ ਪ੍ਰਗਟ'' ਕਰਦੇ ਹਨ। 
ਇਸ ਲੇਖ ਵਿੱਚ ਲੇਖਕ ਨੇ ਮੁਸਲਿਮ ਭਾਈਚਾਰੇ ਦੀ ਦਹਿ ਹਜ਼ਾਰਾਂ ਦੀ ਗਿਣਤੀ ਨੂੰ 'ਹਜ਼ਾਰਾਂ ਦੀ ਸੰਖਿਆ'' ਤੱਕ ਪਿਚਕਾਇਆ ਹੈ, ਜਦੋਂ ਕਿ ਬਾਹਰ ਤੋਂ ਆਉਣ ਵਾਲੇ ਹਜ਼ਾਰਾਂ ਦੀ ਗਿਣਤੀ ਨੂੰ ''ਧਾਹ ਕੇ'' ਆਉਣਾ ਬਣਾਇਆ ਗਿਆ ਹੈ। ਬਾਹਰੋਂ ਆਏ ਹੋਏ ਲੋਕਾਂ ਨੂੰ ਪੂਰੀ ਤਰ੍ਹਾਂ ''ਚੇਤਨ'' ਅਤੇ ਜਬਤਬੱਧ ''ਜਥੇਬੰਦ'' ਹੋਣ ਵਜੋਂ ਪੇਸ਼ ਕੀਤਾ ਗਿਆ ਹੈ ਜਦੋਂ ਕਿ ਉਹਨਾਂ ਵਿੱਚ ਵੀ ਵੱਡੇ ਹਿੱਸੇ ਉਹ ਸਨ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਬੈਠੇ ਥੱਕੇ ਹੋਣ ਉਪਰੰਤ ਕੁੱਝ ਨਾ ਕੁੱਝ ਬਾਹਰਲਾ ਤੋਰਾ-ਫੇਰਾ ਕਰਨ ਆਏ ਹੋਏ ਸਨ। ਇਸਦੀ ਮਿਸਾਲ ਵੱਡੇ ਆਗੂਆਂ ਦੇ ਉਹਨਾਂ ਕਰੀਬੀਆਂ ਤੋਂ ਵੀ ਮਿਲਦੀ ਹੈ, ਜਿਹੜੇ ਲੱਛੇਦਾਰ ਭਾਸ਼ਣ ਕਰਨ ਵਾਲੇ ਜੋਗਿੰਦਰ ਸਿੰਘ ਉਗਰਾਹਾਂ ਦੀ ਤਕਰੀਰ ਸੁਣਨ ਦੀ ਬਜਾਏ ਆਪਣੇ ਨਿੱਜੀ ਮਸਲੇ ਹੱਲ ਕਰਨ ਲਈ ਪੰਡਾਲ ਤੋਂ ਬਾਹਰ ਬੈਠ ਕੇ ਆਪਣੀਆਂ ਗੱਲਾਂ ਵਿੱਚ ਖੁੱਭੇ ਹੋਏ ਸਨ। ਇਸ ਲੇਖਕ ਨੂੰ ਆਰਥਿਕਵਾਦ ਦੀ ਦਲਦਲ ਜਿੰਨੀ ਖਿੱਚ ਪਾਉਂਦੀ ਹੈ, ਉਸ ਲਈ ਲੋਕਾਂ ਦੇ ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਾਂ ਦਾ ਕੌਮੀ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਆਦਿ ਦੇ ਮਸਲੇ ਤੁਛ ਜਾਪਦੇ ਹਨ। ਸਿਆਸੀ ਮੰਗਾਂ ਦੀ ਥਾਂ ਲੇਖਕ ਨੂੰ ''ਬੇਰੁਜ਼ਗਾਰੀ, ਮਹਿੰਗਾਈ ਅਤੇ ਅਜਿਹੀਆਂ ''ਹੋਰ ਅਲਾਮਤਾਂ ਦੇ ਖਾਤਮੇ ਲਈ'' ''ਸੂਚੀਆਂ ਬਣਾਉਣ ਦੀ ਮੰਗ ਵੱਧ ਖਿੱਚ ਪਾਊ ਜਾਪਦੀ ਹੈ। ਲੇਖਕ ਨੇ ਸਾਰੇ ਲੇਖ ਵਿੱਚ ਆਰ.ਐਸ.ਐਸ. ਅਤੇ ਹਿੰਦੂਤਵੀ ਜਨੂੰਨ ਦੇ ਸ਼ਬਦਾਂ ਨੂੰ ਵਰਤ ਕੇ ਇਹਨਾਂ ਵਿਰੁੱਧ ਕਿਤੇ ਕੋਈ ਔਖ ਜਾਂ ਗੁੱਸੇ ਦਾ ਪ੍ਰਗਟਾਵਾ ਨਹੀਂ ਕੀਤਾ ਬਲਕਿ ਉਸ ਨੂੰ ''ਮੁਸਲਮਾਨ ਭਾਈਚਾਰੇ'' ਵਿਚਲੇ ''ਬੁਨਿਆਦਪ੍ਰਸਤਾਂ'' 'ਤੇ ਰੋਕ ਲਾਉਣ ਦੀ ਤੱਦੀ ਜ਼ਰੂਰ ਪਈ ਹੋਈ ਹੈ। ਇਸ ਲੇਖਕ ਨੇ ਯੂ.ਪੀ., ਆਸਾਮ ਅਤੇ ਦਿੱਲੀ ਸਮੇਤ ਮੁਲਕ ਦੇ ਹੋਰਨਾਂ ਥਾਵਾਂ 'ਤੇ ਸ਼ਹੀਦੀਆਂ ਪਾਉਣ ਵਾਲਿਆਂ ਨਾਲੋਂ ਵੀ ਵੱਧ ਮਹੱਤਤਾ ''ਇਹ ਦਿਹਾੜਾ ਹੀ ਕਿਸਾਨ ਲਹਿਰ ਦੇ ਉੱਘੇ ਆਗੂ ਸਾਧੂ ਸਿੰਘ ਤਖਤੁਪੁਰਾ ਦਾ ਸ਼ਹੀਦੀ ਦਿਹਾੜਾ'' ਦੱਸਣ ਵਿੱਚ ਦਿੱਤੀ ਹੈ। ਜਦੋਂ ਕਿ ਉਸਦਾ ਸ਼ਹੀਦੀ ਦਿਹਾੜਾ ਇੱਕ ਹਫਤਾ ਪਹਿਲਾਂ ਦਾ ਸੀ, ਉਸ ਨੂੰ ਖਿੱਚ ਧੂਹ ਕੇ ਹੁਣ ਦੇ ਲੋਕ ਸ਼ਹੀਦਾਂ ਤੋਂ ਉੱਪਰ ਦੀ ਥਾਂ ਦਿੱਤੀ ਗਈ ਹੈ। ਇੱਥੇ ਸਵਾਲ ਇਹ ਨਹੀਂ ਕਿ ਕਿਸੇ ਸ਼ਹੀਦ ਦੀ ਕੁਰਬਾਨੀ ਨੂੰ ਛੁਟਿਆਇਆ ਜਾ ਰਿਹਾ ਹੈ ਬਲਕਿ ਇਹ ਖਦਸ਼ਾ ਪ੍ਰਗਟਾਉਣਾ ਹੈ ਕਿ ਕਿਤੇ ਇਸ ਮਾਮਲੇ ਵਿੱਚ ਵੀ ਇਹ ਧਿਰਾਂ ਉਹ ਕੁੱਝ ਨਾ ਕਰ ਜਾਣ ਜੋ ਕੁੱਝ ਇਹਨਾਂ ਨੇ ਸਾਧੂ ਸਿੰਘ ਦੀ ਸ਼ਹਾਦਤ ਉਪਰੰਤ ਇਲਾਕੇ ਵਿੱਚੋਂ ਹੀ ਦੌੜ ਜਾਣ ਦੇ ਰੂਪ ਵਿੱਚ ਕੀਤਾ ਸੀ। ਅਜਿਹਾ ਕਰਨ ਨਾਲ ਲੋਕਾਂ ਦੇ ਵਿਸ਼ਵਾਸ਼ ਨੂੰ ਕਿਤੇ ਵੱਡੀ ਸੱਟ ਵੱਜ ਸਕਦੀ ਹੈ। 
ਇਸ ਲੇਖ ਵਿੱਚ ਜਿੱਥੇ ''ਸਾਮਰਾਜ ਵਿਰੋਧੀ ਨਾਮਧਾਰੀ ਕੂਕਾ ਲਹਿਰ'' ਦਾ ਜ਼ਿਕਰ ਕੀਤਾ ਗਿਆ ਹੈ ਉੱਥੇ ਲੇਖਕ ਨੂੰ ਜ਼ੁਲਮ ਦੇ ਸ਼ਿਕਾਰ ਸਾਹਿਬਜ਼ਾਦਿਆਂ ਦੇ ਪੱਖ ਵਿੱਚ ''ਹਾਅ ਦਾ ਨਾਹਰਾ'' ਮਾਰਨ ਵਾਲੇ ਸ਼ੇਰ ਖਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਸੀ। ਭਾਰਤੀ ਹਾਕਮਾਂ ਕੋਲੋਂ ''ਕਸ਼ਮੀਰੀ ਲੋਕਾਂ 'ਤੇ ਜਬਰ ਬੰਦ ਕਰਨ ਤੇ ਉੱਥੋਂ ਪਾਬੰਦੀਆਂ ਹਟਾਉਣ ਦੀ ਮੰਗ'' ਕਰਨ ਦੀ ਥਾਂ ਉੱਥੋਂ ਭਾਰਤੀ ਫੌਜਾਂ ਹਟਾ ਕੇ ਕਸ਼ਮੀਰ ਨੂੰ ਆਜ਼ਾਦ ਕਰਨ ਦੀ ਮੰਗ ਉਭਾਰੀ ਜਾਣੀ ਚਾਹੀਦੀ ਸੀ। ਭਾਰਤੀ ਲੋਕਾਂ ਨੂੰ ''ਅਫਸਪਾ, ਯੂ.ਏ.ਪੀ.ਏ. ਅਤੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ'' ਕਰਨ ਦੀ ਥਾਂ ਲੋਕਾਂ ਨੂੰ ਇਹਨਾਂ ਖਿਲਾਫ ਉੱਠ ਖੜ੍ਹੇ ਹੋਣ ਦਾ ਸੱਦਾ ਦੇਣਾ ਬਣਦਾ ਸੀ ਕਿ ਲੋਕਾਂ ਦੀ ਤਾਕਤ, ਵੱਖ ਵੱਖ ਢੰਗਾਂ ਨਾਲ ਵੱਖ ਵੱਖ ਪੱਧਰਾਂ 'ਤੇ ਅਜਿਹੇ ਕਾਨੂੰਨ ਲਾਗੂ ਕਰਵਾਉਣ ਵਾਲੇ ਸਿਆਸਤਦਾਨਾਂ ਤੇ ਇੱਥੋਂ ਦੀ ਹਕੂਮਤੀ ਮਸ਼ੀਨਰੀ ਅਤੇ ਅਦਾਲਤੀ ਢਕੌਂਸਲੇ ਨੂੰ ਘੇਰ ਘੇਰ ਕੇ ਇਹਨਾਂ ਵਿਰੁੱਧ ਭੁਗਤਾਵੇ ਜਾਂ ਫੇਰ ਲੋਕ ਰੋਹ ਦੇ ਸੇਕ ਰਾਹੀਂ ਇਹਨਾਂ  ਹਾਕਮਾਂ ਨੂੰ ਦਿਨੇ ਤਾਰੇ ਵਿਖਾਵੇ। 
ਮਲੇਰਕੋਟਲੇ ਵਿੱਚ ਵੱਡਾ ਇਕੱਠ ਹੋਇਆ ਹੈ- ਇਸ ਨਾਲੋਂ ਵੀ ਵੱਡੇ ਇਕੱਠ ਹੈਦਰਾਬਾਦ, ਮੁੰਬਈ ਅਤੇ ਦੇਸ਼ ਦੇ ਹੋਰਨਾਂ ਖੇਤਰਾਂ ਵਿੱਚ ਹੋਏ ਹਨ। ਮਾਮਲਾ ਸਿਰਫ ਵੱਡੇ ਇਕੱਠਾਂ ਵਿੱਚੋਂ ਸਵੈ-ਸੰਤੁਸ਼ਟੀ ਭਾਲਣ ਦਾ ਹੀ ਨਹੀਂ ਬਣ ਜਾਣਾ ਚਾਹੀਦਾ। ਵੱਡੇ ਇਕੱਠਾਂ ਤੋਂ ਇਹ ਪ੍ਰਭਾਵ ਉੱਕਾ ਹੀ ਨਹੀਂ ਜਾਣ ਦੇਣਾ ਚਾਹੀਦਾ ਕਿ ਸ਼ਾਇਦ ਇਹ ਵੱਡੇ ਇਕੱਠ ਹੀ ਹਨ, ਜਿਹੜੇ ਭਾਰਤ ਦੀ ਜਮਹੂਰੀ ਹਕੂਮਤ ਨੂੰ ਬੇਵਸ ਕਰਕੇ ਕਾਲੇ ਕਾਨੂੰਨਾਂ ਦੀ ਵਾਪਸੀ ਕਰਵਾ ਦੇਣਗੇ ਜਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਹੱਲ ਕਰ ਦੇਣਗੇ। ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਹੱਲ ਇਸ ਸੰਵਿਧਾਨ, ਕਾਨੂੰਨ ਅਤੇ ਢਾਂਚੇ ਦੇ ਵਿੱਚ ਵਿੱਚ ਰਹਿ ਕੇ ਨਹੀਂ ਹੋ ਜਾਣਾ। ਭਾਰਤੀ ਰਾਜ ਕੋਈ ਜਮਹੂਰੀ ਰਾਜ ਨਹੀਂ ਹੈ, ਜਿੱਥੇ ਲੋਕਾਂ ਦੀ ਕਿਸੇ ਜਮਹੂਰੀ ਆਵਾਜ਼ ਦੀ ਜ਼ਰੂਰ ਹੀ ਸੁਣਵਾਈ ਹੋਵੇਗੀ ਬਲਕਿ ਇੱਥੋਂ ਦਾ ਰਾਜ ਆਪਾਸ਼ਾਹ ਰਾਜ ਹੈ, ਜਿਸ ਉੱਪਰ ਜਮਹੂਰੀਅਤ, ਆਜ਼ਾਦੀ, ਸੰਵਿਧਾਨ-ਕਾਨੂੰਨ ਦੇ ਮੁਖੌਟੇ ਚਾੜ੍ਹੇ ਹੋਏ ਹਨ। ਇਸ ਸਮੇਂ ਜੋ ਕੁੱਝ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਜਾਮੀਆ ਮੀਲੀਆ, ਸ਼ਾਹੀਨ ਬਾਗ ਜਾਂ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਖੇਤਰਾਂ ਵਿੱਚ ਹੋ ਰਿਹਾ ਹੈ, ਇਹ ਇੱਥੋਂ ਦੇ ਰਾਜ ਵੱਲੋਂ ਲੋਕਾਂ ਨੂੰ ਜਮਹੂਰੀਅਤ ਨਹੀਂ ਬਖਸ਼ੀ ਜਾ ਰਹੀ ਬਲਕਿ ਧੌਂਸ-ਧਮਕੀਆਂ ਤੋਂ ਸ਼ੁਰੂ ਹੋ ਕੇ ਲਾਠੀਆਂ-ਗੋਲੀਆਂ ਰਾਹੀਂ ਚੁੱਪ ਕਰਵਾਉਣ ਦੀਆਂ ਫਾਸ਼ੀ ਕਾਰਵਾਈਆਂ ਚੱਲ ਰਹੀਆਂ ਹਨ। ਜਾਮੀਆ ਮੀਲੀਆ, ਸ਼ਾਹੀਨ ਬਾਗ ਜਾਂ ਉੱਤਰ-ਪੂਰਬੀ ਦਿੱਲੀ ਵਿੱਚ ਲੋਕਾਂ 'ਤੇ ਹਿੰਦੂਤਵੀ ਗੁੰਡਿਆਂ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਹਨ, ਇਹ ਮਹਿਜ ਸਿਰ-ਫਿਰਿਆਂ ਦੀਆਂ ਵਿਅਕਤੀਗਤ ਪਾਗਲਾਨਾ ਕਾਰਵਾਈਆਂ ਨਹੀਂ ਹਨ ਬਲਕਿ ਪੁਲਸ ਦੀ ਹਾਜ਼ਰੀ ਵਿੱਚ ਹਕੂਮਤ ਦੀ ਸ਼ਹਿ ਪ੍ਰਾਪਤ ਅਨਸਰਾਂ ਵੱਲੋਂ ਕੀਤੀਆਂ ਯੋਜਨਾਬੱਧ ਕਾਰਵਾਈਆਂ ਹਨ। ਜਾਮੀਆ ਮੀਲੀਆ ਵਿੱਚ ਲੋਕਾਂ ਦੀਆਂ ਧੀਆਂ-ਭੈਣਾਂ ਦੇ ਗੁਪਤ ਅੰਗਾਂ 'ਤੇ ਠੁੱਡੇ ਮਾਰੇ ਗਏ ਹਨ ਇਹ ਮਹਿਜ਼ ਬਦਮਾਸ਼ੀ ਦੀਆਂ ਕਾਰਵਾਈਆਂ ਨਹੀਂ ਹਨ ਬਲਕਿ ਜੋ ਕੁੱਝ ਹਿੰਦੂਤਵੀ ਜਨੂੰਨੀਆਂ ਦੇ ਮਨਾਂ ਵਿੱਚ ਰਿੱਝ-ਪੱਕ ਰਿਹਾ ਹੈ- ਉਸ ਦੇ ਕੁੱਝ ਝਲਕਾਰੇ ਹਨ, ਉਸ ਦੇ ਅਗਾਊਂ ਸੰਕੇਤ ਹਨ। ਯੂ.ਪੀ. ਵਿੱਚ ਧਰਨੇ 'ਤੇ ਬੈਠੀਆਂ ਔਰਤਾਂ ਨੂੰ ਅੱਧੀ ਰਾਤ ਨੂੰ ਮਾਰ-ਕੁੱਟ ਕਰਕੇ ਭਜਾਇਆ ਜਾ ਰਿਹਾ ਹੈ। ਵਿਰੋਧ ਪ੍ਰਗਟ ਕਰ ਰਹੀਆਂ ਤਾਕਤਾਂ 'ਤੇ ਪੁਲਸੀ ਹੱਲੇ ਕੀਤੇ ਜਾ ਰਹੇ ਹਨ। ਮਾਮਲਾ ਸਿਰਫ ਆਰ.ਐਸ.ਐਸ. ਦੀ ਕਿਸੇ ਹਥਿਆਰਬੰਦ ਨਿੱਜੀ ਸੈਨਾ ਦਾ ਹੀ ਨਹੀਂ ਹੈ ਬਲਕਿ ਜੋ ਕੁੱਝ ਫੌਜ ਮੁਖੀ ਰਾਵਤ ਪਾਕਿਸਤਾਨ ਵੱਲ ਮੂੰਹ ਕਰਕੇ ਭੌਂਕ ਰਿਹਾ ਹੈ, ਉਹ ਕੁੱਝ ਇਹਨਾਂ ਨੇ ਇੱਥੇ ਵੀ ਕਰਨਾ ਹੈ। ਜੇ ਇਹਨਾਂ ਹਾਕਮਾਂ ਨੂੰ ਭਾਰਤ ਵਿੱਚ ਮਾਓਵਾਦੀ ਪ੍ਰਭਾਵ ਵਾਲੇ ਇਲਾਕੇ ''ਮਿੰਨੀ ਪਾਕਿਸਤਾਨ'' ਲੱਗਦੇ ਹਨ ਤਾਂ ਇਹਨਾਂ ਨੂੰ ਮੁਸਲਿਮ ਬਹੁਲਤਾ ਵਾਲੇ ਇਲਾਕੇ ਤਾਂ ''ਮਿੰਨੀ ਪਾਕਿਸਤਾਨ'' ਥਾਂ ਥਾਂ ਜਾਪਣਗੇ ਹੀ। ਇਹਨਾਂ ਨੇ ਜੇਕਰ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਇਰਾਕ, ਇਰਾਨ, ਅਫਗਾਨਿਸਤਾਨ 'ਤੇ ਬੰਬਾਰੀ ਕਰਕੇ ਸਬਕ ਸਿਖਾਉਣ ਵਾਂਗ ਹਮਲੇ ਕਰਨ ਦੀ ਧਾਰੀ ਹੋਈ ਹੈ ਤਾਂ ਇਹ ਇਹੋ ਜਿਹੇ ਹਮਲੇ ਭਾਰਤ ਵਿੱਚਲੇ ''ਮਿੰਨੀ'' ਪਾਕਿਸਤਾਨਾਂ 'ਤੇ ਕਰਨਗੇ ਹੀ ਕਰਨਗੇ।  ਇਹਨਾਂ ਹਾਕਮਾਂ ਕੋਲ ਭਾਰਤ ਦੇ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਕੋਈ ਹੱਲ ਨਹੀਂ ਇਸ ਕਰਕੇ ਇਹਨਾਂ ਨੇ ਦੇਸ਼ ਵਿੱਚ ਲੋਕਾਂ 'ਤੇ ਗੁੰਡਾ, ਪੁਲਸੀ ਅਤੇ ਫੌਜੀ ਧਾੜਾਂ ਚਾੜ੍ਹਨੀਆਂ ਹਨ। ਇਹਨਾਂ ਦੀਆਂ ਗੁੰਡਾ, ਨੀਮ-ਫੌਜੀ ਅਤੇ ਫੌਜੀ ਧਾੜਾਂ ਦਾ ਜੁਆਬ ਸਿਰਫ ਤੇ ਸਿਰਫ ਮੀਟਿੰਗਾਂ-ਰੈਲੀਆਂ, ਜਲਸੇ-ਜਲੂਸ ਜਾਂ ਲੀਫਲੈਟ-ਪੋਸਟਰ ਆਦਿ ਨਹੀਂ ਬਣਨੇ ਬਲਕਿ ਇਹਨਾਂ ਦੀਆਂ ਗੁੰਡਾ ਹਥਿਆਰਬੰਦ ਸ਼ਕਤੀਆਂ ਦਾ ਜੁਆਬ ਲੋਕਾਂ ਦੀ ਇੱਕਜੁੱਟ ਹਥਿਆਰਬੰਦ ਤਾਕਤ ਦੇ ਜ਼ਰੀਏ ਹੀ ਹੋ ਸਕਦਾ ਹੈ। ਇਸ ਦੀ ਖਾਤਰ ਲੋਕਾਂ ਨੂੰ ਸਿਰਫ ਭਾਸ਼ਣਾਂ ਅਤੇ ਪ੍ਰਚਾਰ ਰਾਹੀਂ ਹੀ ਚੇਤਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਬਲਿਕ ਜ਼ਮੀਨੀ ਪੱਧਰ 'ਤੇ ਲੋਕ ਸ਼ਕਤੀ ਨੂੰ ਜਥੇਬੰਦ ਕਰਕੇ ਅਮਲਾਂ ਰਾਹੀਂ ਆਪਣੀ ਰਾਖੀ ਆਪ ਕਰਨ ਦੇ ਰਾਹ ਤੋਰਨਾ ਪੈਣਾ ਹੈ। ਹਿੰਦੂਤਵੀਆਂ ਦੀਆਂ ਹਥਿਆਰਬੰਦ ਤਾਕਤਾਂ ਨੂੰ ਕੁੱਟ ਕੇ ਭਜਾਉਣ ਤੋਂ ਬਿਨਾ ਆਪਣੀ ਰਾਖੀ ਹੋ ਨਹੀਂ ਸਕਣੀ।  ਇਸ ਕਰਕੇ, ਇਸ ਪਾਸੇ ਵੱਲ ਸਭਨਾਂ ਸੁਹਿਰਦ ਧਿਰਾਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। 0-0

No comments:

Post a Comment