Monday, 30 March 2020

ਸ਼ਾਹੀਨ ਬਾਗ ਦੀਆਂ ਇਹਨਾਂ ਔਰਤਾਂ ਦਾ ਗੁੱਸਾ ਕਦੇ ਠੰਡਾ ਨਹੀਂ ਹੋਵੇਗਾ

ਸ਼ਾਹੀਨ ਬਾਗ ਦੀਆਂ ਇਹਨਾਂ ਔਰਤਾਂ ਦਾ ਗੁੱਸਾ ਕਦੇ ਠੰਡਾ ਨਹੀਂ ਹੋਵੇਗਾ
ਸ਼ਾਹੀਨ ਬਾਗ ਵਿੱਚ 90 ਸਾਲਾਂ ਨੂੰ ਢੁਕੀ ਬਜ਼ੁਰਗ ਮਾਤਾ ਆਸਮਾ ਖਾਤੂਨ ਪ੍ਰਧਾਨ ਮੰਤਰੀ ਮੋਦੀ ਨੂੰ ਲਲਕਾਰਦੀ ਹੈ, ''ਮੈਨੂੰ, ਤੂੰ ਆਪਣੇ ਲਾਣੇ ਦੀਆਂ ਸੱਤ ਪੁਸ਼ਤਾਂ ਦੇ ਨਾਂ ਗਿਣਾ! ਤੂੰ ਮੈਥੋਂ ਪੁੱਛਦਾਂ ਕਿ ਮੈਂ ਇਹ ਸਾਬਤ ਕਰਾਂ ਕਿ ਮੈਂ ਭਾਰਤੀ ਹਾਂ।'' 
20 ਦਿਨਾਂ ਦੇ ਆਪਣੇ ਬੱਚੇ ਨੂੰ ਗੋਦ 'ਚ ਲਈ ਬੈਠੀ ਰੇਹਾਨਾ ਖਾਤੂਨ ਦਾ ਕਹਿਣਾ ਹੈ, ''ਜੇਕਰ ਮੈਂ ਵਿਰੋਧ ਨਾ ਕੀਤਾ ਤਾਂ ਮੇਰਾ ਬੱਚਾ ਵੱਡਾ ਹੋਣ 'ਤੇ ਜਦੋਂ ਮੈਨੂੰ ਪੁੱਛੇਗਾ ਕਿ 'ਜਦੋਂ ਸੀ.ਏ.ਏ. ਦੇ ਖਿਲਾਫ ਸਾਰਾ ਹਿੰਦੋਸਤਾਨ ਵਿਰੋਧ ਕਰ ਰਿਹਾ ਸੀ ਤਾਂ ਉਦੋਂ ਤੂੰ ਕੀ ਕਰ ਰਹੀ ਸੀ?' ਮੈਂ ਉਸ ਨੂੰ ਕੀ ਕਹਾਂਗੀ? ਮੈਂ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਮੇਰੀ ਕਦਰ ਨਾ ਕਰੇ ਜਾਂ ਉਹ ਸੋਚੇ ਕਿ ਮੈਂ ਕਾਇਰ ਹਾਂ।'' 
ਆਪਣੇ ਛੇ ਮਹੀਨਿਆਂ ਦੇ ਬੱਚੇ ਨੂੰ ਦੁੱਧ ਚੁੰਘਾਉਂਦੀ ਹੋਈ ਸ਼ਬਾਨਾ ਆਖਦੀ ਹੈ ਕਿ ''ਜੇਕਰ ਅੱਜ ਅਸੀਂ ਧਰਨੇ 'ਚ ਨਹੀਂ ਬੈਠਾਂਗੀਆਂ. ਤਾਂ ਹੋ ਸਕਦਾ ਹੈ ਕਿ ਕੱਲ੍ਹ ਨੂੰ ਅਸੀਂ ਨਜ਼ਰਬੰਦੀ ਕੇਂਦਰ ਵਿੱਚ ਬੈਠੀਆਂ ਹੋਈਏ। ਇਸ ਕਰਕੇ ਅਸੀਂ ਆਪਣੇ ਆਪਣੇ ਹੱਕਾਂ ਲਈ ਹੁਣੇ, ਇੱਥੇ ਹੀ ਲੜਾਂਗੀਆਂ।''
ਸ਼ਾਹੀਨ ਬਾਗ ਵਿੱਚ ਇੱਕ ਬਜ਼ੁਰਗ ਮਾਈ ਨੇ ਆਖਿਆ, ''ਇੱਥੇ ਆ ਕੇ ਮੇਰੇ ਕੋਲ ਗਵਾਉਣ ਲਈ ਕੀ ਹੈ? ਵੱਧ ਤੋਂ ਵੱਧ ਮੈਂ ਮਰ ਹੀ ਜਾਵਾਂਗੀ। ਪਰ ਮੈਂ ਇਸਦੀ ਜਾਮਨ ਬਣ ਜਾਵਾਂਗੀ ਕਿ ਜਦੋਂ ਮੇਰਾ ਪੋਤਰਾ ਜਾਂ ਉਸਦੇ ਬੱਚੇ ਵੱਡੇ ਹੋਣਗੇ ਤਾਂ ਉਹਨਾਂ ਨੂੰ ਭਾਰਤੀ ਹੋਣ ਦੇ ਕਿਸੇ ਸਬੂਤ ਦੀ ਲੋੜ ਨਹੀਂ ਰਹੇਗੀ।''
ਨਾਜ਼ੀਆ ਆਪਣੇ ਇੱਕ ਸਾਲ ਦੇ ਬੱਚੇ ਨੂੰ ਨਾਲ ਲਿਆ ਕੇ ਸ਼ਾਹੀਨ ਬਾਗ ਮੋਰਚੇ ਵਿੱਚ ਸ਼ਾਮਲ ਹੁੰਦੀ ਰਹੀ। 31 ਜਨਵਰੀ ਦੀ ਰਾਤ ਨੂੰ ਉਸਦਾ ਬੱਚਾ ਠੰਢ ਨਾਲ ਮਾਰਿਆ ਗਿਆ। ਪਰ ਉਹ ਧਰਨੇ ਵਿੱਚ ਆਉਂਦੀ ਰਹੀ। ਇੱਕ ਹੋਰ ਧਰਨਾਕਾਰੀ ਔਰਤ ਨੇ ''ਨਜ਼ਰਬੰਦੀ ਕੇਂਦਰ'' ਦੇ ਹਵਾਲੇ ਨਾਲ ਆਖਿਆ ਕਿ ''ਉੱਥੇ ਮਰਨ ਨਾਲੋਂ ਸੜਕ 'ਤੇ ਮਰਨਾ ਬੇਹਤਰ ਹੈ।'' 
ਇੱਕ ਪੱਤਰਕਾਰ ਔਰਤ ਨੇ ਸ਼ਾਹੀਨ ਬਾਗ ਵਿੱਚ ਬੈਠੀਆਂ ਔਰਤਾਂ ਨੂੰ ਸਵਾਲ ਕੀਤਾ, ''ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲਦੀ ਹੈ? ਤੁਹਾਨੂੰ ਡਰ ਕਿਉਂ ਨਹੀਂ ਲੱਗਦਾ? ਉਹਨਾਂ 'ਚੋਂ ਇੱਕ ਬੋਲੀ, ''ਮੌਤ ਇੱਕੋ ਵਾਰੀ ਆਉਣੀ ਹੈ। ਬੁਰਕਾ ਮੈਂ ਕਿਸੇ ਰੋਸ ਵਜੋਂ ਨਹੀਂ ਪਹਿਨਦੀ, ਮੈਂ ਹਰ ਰੋਜ਼ ਕਫ਼ਨ ਪਹਿਨਦੀ ਹਾਂ। ਇਹ ਮੇਰਾ ਫਰਜ਼ ਹੈ ਅਤੇ ਮੈਂ ਆਪਣਾ ਫਰਜ਼ ਨਿਭਾਉਂਦੀ ਰਹਾਂਗੀ, ਇਸਦੀ ਖਾਤਰ ਭਾਵੇਂ ਮੈਨੂੰ ਜਾਨ ਦੇਣੀ ਪਵੇ। 0-0

No comments:

Post a Comment