Monday, 30 March 2020

ਕਰੋਨਾ ਵਾਇਰਸ ਦੇ ਰਾਮ-ਰੌਲੇ ਵਿੱਚ ਮੋਦੀ ਹਕੂਮਤ ਨੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਇਆ

ਕਰੋਨਾ ਵਾਇਰਸ ਦੇ ਰਾਮ-ਰੌਲੇ ਵਿੱਚ 
ਮੋਦੀ ਹਕੂਮਤ ਨੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਇਆ

ਦੇਸ਼-ਵਿਦੇਸ਼ ਵਿੱਚ ਜਦੋਂ ਸਭ ਥਾਈਂ ਕਰੋਨਾ ਵਾਇਰਸ ਦਾ ਹੋ-ਹੱਲਾ ਮਚਾਇਆ ਹੋਇਆ ਹੈ ਤਾਂ ਉਸ ਸਮੇਂ ਭਾਰਤ ਵਿੱਚ ਹਕੂਮਤੀ ਗੱਦੀ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਦੇ ਪਰਦੇ ਹੇਠ ਆਪਣੇ ਹਿੰਦੂਤਵੀ ਏਜੰਡੇ ਨੂੰ ਜ਼ੋਰ ਸ਼ੋਰ ਨਾਲ ਅੱਗੇ ਵਧਾਉਣ ਲਈ ਪੂਰਾ ਤਾਣ ਲਗਾ ਦਿੱਤਾ ਹੈ। ਉਂਝ ਤਾਂ ਭਾਵੇਂ ਇਹ ਪਹਿਲਾਂ ਵੀ ਤੀਹਰੇ ਤਲਾਕ, ਕਸ਼ਮੀਰ ਵਿੱਚ ਲਾਗੂ ਧਾਰਾਵਾਂ 370 ਅਤੇ ਧਾਰਾ 35-ਏ ਨੂੰ ਖਤਮ ਕਰਕੇ, ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਦੇ ਪੱਖ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਕਰਵਾਉਣ ਅਤੇ ਅਗਾਂਹ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਕੇ ਇਹ ਆਪਣੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾ ਹੀ ਰਹੀ ਸੀ। ਇਸ ਦੇ ਨਾਲ ਹੀ ਇਸਨੇ ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਆਦਿ ਨਵੇਂ ਕਾਨੂੰਨ ਬਣਾਉਣ ਲਈ ਮੁਹਿੰਮ ਆਪਣੇ ਹੱਥ ਲਈ ਹੋਈ ਸੀ। ਦੇਸ਼ ਵਿੱਚ ਨਵੇਂ ਬਣਾਏ ਜਾ ਰਹੇ ਕਾਨੂੰਨਾਂ ਦੇ ਖਿਲਾਫ ਲੋਕਾਂ ਵਿੱਚ ਵਿਆਪਕ ਵਿਰੋਧ ਪੈਦਾ ਹੋਣ ਕਰਕੇ ਇਸ ਨੂੰ ਇਹਨਾਂ ਵਿੱਚੋਂ ਕੁੱਝ ਕਦਮ ਧੀਮੇ ਕਰਨੇ ਪਏ। ਪਰ ਹੁਣ ਜਦੋਂ ਕਰੋਨਾ ਵਾਇਰਸ ਦੇ ਹਊਏ ਤਹਿਤ ਇਹਨਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਘਰਾਂ ਵਿੱਚ ਵਾੜ ਦਿੱਤਾ ਹੈ ਤਾਂ ਇਹਨਾਂ ਨੇ ਆਪਣੇ ਲਈ ਮੈਦਾਨ ਮੋਕਲਾ ਜਾਣ ਕੇ ਆਪਣੇ ਹਿੰਦੂਤਵੀ ਏਜੰਡੇ ਨੂੰ ਫੇਰ ਤੋਂ ਲਾਗੂ ਕਰਕੇ ਸਿਰੇ ਚਾੜ੍ਹਨ ਦੇ ਹਰਬੇ ਵਰਤੇ ਹਨ। 
ਦੇਸ਼ ਵਾਸੀਆਂ ਦੇ ਨਾਂ ਆਪਣੇ ਪਹਿਲੇ ਸੰਬੋਧਨ ਵਿੱਚ 20 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਦੀ ਤਰਫੋਂ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੋਈ ਵੀ ਪਾਏਦਾਰ ਕਦਮ ਚੁੱਕਣ ਤੋਂ ਟਾਲਾ ਵੱਟਦਿਆਂ ਇਸ ਵਾਇਰਸ ਦੀ ਮਾਰ ਦੀ ਸਾਰੀ ਜੁੰਮੇਵਾਰੀ ਲੋਕਾਂ ਸਿਰ ਤਿਲ੍ਹਕਾਅ ਦਿੱਤੀ ਕਿ ''ਇਹ ਜਨਤਾ ਦਾ ਕਰਫਿਊ ਹੈ ਅਤੇ ਲੋਕ ਖੁਦ ਹੀ ਇਸਦੀ ਪਾਲਣਾ ਕਰਨਗੇ।'' ''ਅਜਿਹੇ ਹਾਲਤ ਅੰਦਰ ਸਿਰਫ ਇੱਕੋ ਹੀ ਮੰਤਰ ਕੰਮ ਕਰਦਾ ਹੈ, ਜੇਕਰ ਅਸੀਂ ਤੰਦਰੁਸਤ ਹਾਂ ਤਾਂ ਸਾਰੀ ਦੁਨੀਆਂ ਤੰਦਰੁਸਤ ਹੈ।'' ਨਾਲ ਹੀ ਉਸ ਨੇ ਕਰੋਨਾ ਵਾਇਰਸ ਦਾ ਸਾਹਮਣਾ ਕਰ ਰਹੇ ਡਾਕਟਰੀ ਅਮਲੇ ਅਤੇ ਹੋਰਨਾਂ ਖੇਤਰਾਂ ਦੇ ਕਰਮਚਾਰੀਆਂ ਦੀ ਹੌਸਲਾ-ਅਫਜ਼ਾਈ ਕਰਨ ਦੇ ਨਾਂ ਹੇਠ ਲੋਕਾਂ ਨੂੰ ਤਾੜੀਆਂ ਵਜਾ ਕੇ, ਥਾਲੀਆਂ ਖੜਕਾ ਕੇ, ਘੰਟੀਆਂ ਅਤੇ ਸੰਖ ਆਦਿ ਵਜਾਉਣ ਦੇ ਫੁਰਮਾਨ ਜਾਰੀ ਕੀਤੇ ਹਨ। ਜਿੱਥੇ ਇੱਕ ਪਾਸੇ ਤਾਂ ਇਹ ਖੁਦ ਆਖਦੇ ਹਨ ਕਿ ਕਿਤੇ ਵੀ ਚਾਰ ਤੋਂ ਵਧੇਰੇ ਲੋਕਾਂ ਨੂੰ ਇਕੱਤਰ ਨਹੀਂ ਹੋਣਾ ਚਾਹੀਦਾ ਉੱਥੇ ਉਹਨਾਂ ਨੇ ਸੰਖ ਵਜਾਉਣ ਅਤੇ ਟੱਲੀਆਂ ਵਜਾਉਣ ਦੇ ਹਿੰਦੂਤਵੀ ਨਾਹਰੇ ਨੂੰ ਸਿਰੇ ਲਾਉਣ ਦੀ ਖਾਤਰ ਵੱਡੀਆਂ ਵੱਡੀਆਂ ਭੀੜਾਂ ਜੁਟਾਈਆਂ ਅਤੇ ਨੱਚ ਗਾ ਕੇ ਇਸ ਨੂੰ ਲਾਗੂ ਕਰਨ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਹਿੰਦੂਤਵੀ ਜਨੂੰਨ ਉਭਾਰਨ ਲਈ ਜਿੱਥੇ ਇੱਕ ਪਾਸੇ ਯੂ.ਪੀ. ਦਾ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਖੁਦ ਟੱਲੀਆਂ ਵਜਾ ਰਿਹਾ ਸੀ ਉੱਥੇ ਮੋਦੀ ਨੇ ਇਹ ਕੰਮ ਆਪਣੀ ਬਜ਼ੁਰਗ ਮਾਂ ਕੋਲੋਂ ਵੀ ਕਰਵਾਇਆ ਹੈ। 
ਆਪਣੇ ਦੂਸਰੇ ਭਾਸ਼ਣ ਵਿੱਚ ਮੋਦੀ ਨੇ ਜਿੱਥੇ ਦੇਸ਼ ਭਰ ਵਿੱਚ ''ਜਨਤਕ-ਕਰਫਿਊ'' ਦੇ ਨਾਂ ਹੇਠ ਕੀਤੀ ਜਬਰੀ ਤਾਲਾਬੰਦੀ ਨੂੰ  ਉਚਿਆਇਆ ਉੱਥੇ ਅਜਿਹੀ ਤਾਲਾਬੰਦੀ ਨੂੰ ਲੰਮੇ ਸਮੇਂ ਲਾਗੂ ਕਰਦੇ ਰਹਿਣ ਲਈ ਵੀ ਆਖਿਆ, ਜਿਹੜੀ ਲੋਕਾਂ ਨੂੰ ਝੱਲਣੀ ਪਵੇਗੀ। ਪਰ ਉਸ ਨੇ ਅਜਿਹੀ ਤਾਲਾਬੰਦੀ ਨੂੰ ਅੱਗੇ ਹਿੰਦੂ ਧਰਮ ਨਾਲ ਜੋੜਦੇ ਹੋਏ ਆਪਣੇ ਘਰ ਨੂੰ ''ਲਛਮਣ ਰੇਖਾ'' ਮੰਨ ਕੇ ਇਸ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ। ਯਾਨੀ ਇਸ ਲਛਮਣ ਰੇਖਾ ਦਾ ਮਤਲਬ ਸੀ ਕਿ ਜਿਹੜੇ ਵੀ ਮੁਸਲਮਾਨ ਜਾਂ ਕਿਸੇ ਹੋਰ ਧਾਰਮਿਕ ਘੱਟ ਗਿਣਤੀ ਵਾਲੇ ਨੇ ਇਸ ''ਲਛਮਣ ਰੇਖਾ'' ਦੀ ਉਲੰਘਣਾ ਕੀਤੀ ਤਾਂ ਉਹਨਾਂ ਨੂੰ ਕਰੜਾ ਸਬਕ ਸਿਖਾਇਆ ਜਾਵੇਗਾ। 
ਜਿੱਥੇ ਯੂ.ਪੀ. ਦਾ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਅਯੁੱਧਿਆ ਵਿੱਚ ਰਾਮ ਲੱਲਾ ਦੀਆਂ ਮੂਰਤੀਆਂ ਸਜਾਉਣ ਵਿੱਚ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰ ਰਿਹਾ ਹੈ ਉੱਥੇ ਮੋਦੀ ਨੇ ਵਾਰਾਨਸੀ ਵਿੱਚ ਕੀਤੀਆਂ ਜਾ ਰਹੀਆਂ ਧਾਰਮਿਕ ਰਸਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਕੇ ਹਿੰਦੂਤਵੀ ਜਨੂੰਨ ਨੂੰ ਉਭਾਰਨ ਦੇ ਯਤਨ ਜਾਰੀ ਰੱਖੇ। ਇਸੇ ਹੀ ਤਰ੍ਹਾਂ ਇਹਨਾਂ ਨੇ ਹਿੰਦੂ ਤੀਰਥ ਅਸਥਾਨਾਂ 'ਤੇ ਪਹਿਲਾਂ ਮਿਥੇ ਪ੍ਰੋਗਰਾਮਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਵੀਡੀਓ ਰਾਹੀਂ ''ਦਰਸ਼ਨ'' ਕਰਵਾਉਣ ਦੇ ਯਤਨ ਕੀਤੇ।  ਤਿੰਨ ਦਹਾਕੇ ਪਹਿਲਾਂ ਚਲਾਏ ਟੀ.ਵੀ. ਸੀਰੀਅਲ 'ਰਮਾਇਣ' ਨੂੰ ਫੇਰ ਤੋਂ ਸਰਕਾਰੀ ਚੈਨਲ ਤੋਂ ਦਿਖਾ ਕੇ ਹਿੰਦੂਤਵ ਨੂੰ ਪੱਠੇ ਪਾਏ ਜਾ ਰਹੇ ਹਨ।
ਮੁਸਲਿਮ ਭਾਈਚਾਰੇ ਨੂੰ ਆਪਣੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਉਂਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਆਗੂ ਸਾਧਵੀ ਪਰਾਚੀ ਨੇ ਆਖਿਆ ਹੈ ਕਿ ''ਕੋਰੋਨਾ ਦੀ ਰੋਕਥਾਮ ਲਈ ਮਸਜ਼ਿਦ ਅਤੇ ਮਦਰੱਸੇ ਬੰਦ ਹੋਣੇ ਚਾਹੀਦੇ ਹਨ। ਨਾਲ ਹੀ ਪੰਜ ਸਮੇਂ ਦੀ ਨਮਾਜ਼ 'ਤੇ ਵੀ ਪਾਬੰਦੀ ਲਾਗੂ ਹੋਣੀ ਚਾਹੀਦੀ ਹੈ।'' 
ਦਿੱਲੀ ਵਿੱਚ ਪੁਲਸ ਦਾ ਕੰਟਰੋਲ ਕੇਂਦਰੀ ਸਰਕਾਰ ਕੋਲ ਹੋਣ ਦੀ ਵਜਾਹ ਕਰਕੇ ਮੋਦੀ ਹਕੂਮਤ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ, ਜਾਮੀਆ ਮਿਲੀਆ ਯੂਨੀਵਰਸਿਟੀ ਅਤੇ ਸੀਲਮਪੁਰ ਵਿੱਚ ਲੱਗੇ ਮੋਰਚਿਆਂ ਨੂੰ ਬਹੁਤ ਪਹਿਲਾਂ ਉਖੇੜਨ ਦੀ ਠਾਣੀ ਹੋਈ ਸੀ, ਪਰ ਲੋਕਾਂ ਦੇ ਤਿੱਖੇ ਰੋਹ ਅੱਗੇ ਇਹਨਾਂ ਦੀ ਕੋਈ ਵਾਹ-ਪੇਸ਼ ਨਹੀਂ ਸੀ ਜਾ ਰਹੀ ਹੁਣ ਇਹਨਾਂ ਨੇ ਕਰੋਨਾ ਵਾਇਰਸ ਦੀ ਆੜ ਹੇਠ ਨਾ ਸਿਰਫ ਇਹਨਾਂ ਥਾਵਾਂ ਤੋਂ ਔਰਤਾਂ ਨੂੰ ਜਬਰਦਸਤੀ ਕੁੱਟਮਾਰ ਕਰਕੇ ਲੱਗੇ ਮੋਰਚਿਆਂ ਨੂੰ ਚੁਕਵਾਇਆ ਬਲਕਿ ਲੋਕਾਂ ਨੇ ਜਿਹੜੀਆਂ ਕਲਾ-ਕ੍ਰਿਤੀਆਂ ਤਿਆਰ ਕੀਤੀਆਂ ਸਨ ਉਹਨਾਂ ਦੀ ਵੀ ਤੋੜ-ਭੰਨ ਕਰ ਦਿੱਤੀ। ਐਨਾ ਹੀ ਨਹੀਂ ਲੋਕਾਂ ਵੱਲੋਂ ਕੰਧਾਂ 'ਤੇ ਲਿਖੇ ''ਇਨਕਲਾਬ-ਜ਼ਿੰਦਾਬਾਦ'' ਦੇ ਨਾਹਰੇ ਵੀ ਮਿਟਾ ਦਿੱਤੇ ਗਏ। ਇਹਨਾਂ ਕੋਈ ਪੁੱਛੇ ਕਿ ਜਦੋਂ ਸ਼ਾਹੀਨ ਬਾਗ ਵਿੱਚ ਧਰਨੇ 'ਤੇ ਬੈਠੀਆਂ ਔਰਤਾਂ ਉਹਨਾਂ ਸਾਰੀਆਂ ਹੀ ਸਾਵਧਾਨੀਆਂ ਨੂੰ ਅਮਲ ਵਿੱਚ ਲਾਗੂ ਕਰ ਰਹੀਆਂ ਸਨ ਜੋ ਕਰੋਨਾ ਵਾਇਰਸ ਦੌਰਾਨ ਚਾਹੀਦੀਆਂ ਹਨ, ਤਾਂ ਫੇਰ ਉਹਨਾਂ ਨੂੰ ਕਿਉਂ ਉਠਾਇਆ ਗਿਆ? ਕੀ ਇਸ ਵੇਲੇ ਦਿੱਲੀ ਦੀਆਂ ਸੜਕਾਂ 'ਤੇ ਕੋਈ ਬਹੁਤ ਹੀ ਜ਼ਿਆਦਾ ਭੀੜ ਸੀ ਜਿਸ ਵਿੱਚ ਲੋਕਾਂ ਨੂੰ ਕੋਈ ਤਕਲੀਫ ਹੁੰਦੀ ਹੋਵੇ? ਅਜਿਹਾ ਕੁੱਝ ਵੀ ਨਹੀਂ ਸੀ, ਇਹਨਾਂ ਨੇ ਧਰਨਿਆਂ ਨੂੰ ਚੁਕਾਉਣਾ ਸੀ, ਉਹ ਚੁਕਵਾ ਦਿੱਤੇ- ਦਿੱਲੀ ਕੇਜਰੀਵਾਲ ਦੀ ਅਗਵਾਈ ਵਾਲੀ ਹਕੂਮਤ ਇਸ ਮਾਮਲੇ ਆਰ.ਐਸ.ਐਸ. ਦੀ ਸੰਚਾਲਕ ਬਣੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਆਗੂ ਉਮਰ ਖਾਲਿਦ ਨੂੰ ਯੂ.ਪੀ. ਵਿੱਚੋਂ ਅਤੇ ਦਿਲੀ ਵਿੱਚੋਂ ਇੱਕ ਕਿਸਾਨ ਆਗੂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ। 
ਮੋਦੀ ਨੇ ਆਪਣੇ ਭਾਸ਼ਣਾਂ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਸਬੰਧੀ ਤਾਂ ਕੋਈ ਠੋਸ ਵਿਉਂਤ ਐਲਾਨੀ ਨਹੀਂ, ਐਨਾ ਜ਼ਰੂਰ ਆਖ ਦਿੱਤਾ ਕਿ ''ਮਹਾਂਭਾਰਤ ਦਾ ਯੁੱਧ 18 ਦਿਨਾਂ ਵਿੱਚ ਜਿੱਤਿਆ ਗਿਆ ਸੀ, ਕਰੋਨਾ ਵਾਇਰਸ 'ਤੇ ਫਤਿਹ 21 ਦਿਨਾਂ ਵਿੱਚ ਪਾ ਲਈ ਜਾਵੇਗੀ।'' ਇਹ ਸਿਰਫ ਇੱਕ ਵਾਕ ਹੀ ਨਹੀਂ ਹੈ ਨਾ ਹੀ ''ਮਹਾਂਭਾਰਤ'' ਇੱਕ ਸ਼ਬਦ ਹੈ ਬਲਕਿ ਕੌਰਵਾਂ ਅਤੇ ਪਾਂਡਵਾਂ ਵਿਚਲੀ ਜਿਹੜੀ ਲਕੀਰ ਖਿੱਚੀ ਹੈ, ਉਹ ਅਸਲ ਵਿੱਚ ਦੁਸ਼ਮਣ ਮੁਸਲਿਮ ਭਾਈਚਾਰੇ ਨੂੰ ਮੰਨ ਕੇ ਉਹਨਾਂ ਨੂੰ ਨੁਕਰੇ ਲਾਉਣ ਦਾ ਐਲਾਨ ਹੈ। ਜਦੋਂ ਕੋਈ ਵਾਇਰਸ ਕਿਸੇ ਦੀ ਜਾਤ, ਧਰਮ, ਨਸਲ ਜਾਂ ਅਮੀਰੀ-ਗਰੀਬੀ ਨੂੰ ਨਹੀਂ ਵੇਖਦਾ ਤਾਂ ਫੇਰ ਮੋਦੀ ਨੇ ਕੌਰਵਾਂ-ਪਾਂਡਵਾਂ ਦਾ ਵਖਰੇਵਾਂ ਕਿਉਂ ਕੀਤਾ ਹੈ? ਇਹ ਵਖਰੇਵਾਂ ਐਵੇ ਹੀ ਕੋਈ ਤਸਬੀਹ ਨਹੀਂ  ਦਿੱਤੀ ਗਈ, ਬਲਕਿ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਇਹਨਾਂ ਨੇ ਮੁਸਲਿਮ ਭਾਈਚਾਰੇ ਸਮੇਤ ਘੱਟ ਗਿਣਤੀਆਂ, ਕਸ਼ਮੀਰ ਵਾਦੀ ਸਮੇਤ ਉੱਤਰ-ਪੂਰਬ ਦੀਆਂ ਕੌਮੀਅਤਾਂ ਦੇ ਲੋਕਾਂ ਨੂੰ ਮਰਨ ਲਈ ਛੱਡਣਾ ਹੈ ਆਪਣੇ ਹਿੰਦੂਤਵੀਆਂ ਨੂੰ ਬਚਾਉਣ ਲਈ ਟਿੱਲ ਲਾਉਣੀ ਹੈ। ਮੋਦੀ ਦਾ ਭਾਸ਼ਣ ਸੰਦੇਸ਼ ਨਹੀਂ ਬਲਕਿ ਮਨੁੱਖਾਂ ਵਿੱਚ ਪਾਟਕ ਪਾਉਣ ਵਾਲੀ ਮੁਜਰਿਮਾਨਾ ਕਾਰਵਾਈ ਹੈ।
੦-੦

No comments:

Post a Comment