Monday, 30 March 2020

ਦਿੱਲੀ ਵਿੱਚ ਮੋਦੀ ਜੁੰਡਲੀ ਨੇ ਟਰੰਪ ਨੂੰ ਟਰੇਲਰ ਵਿਖਾਏ

ਦਿੱਲੀ ਵਿੱਚ ਮੁਸਲਿਮ ਭਾਈਚਾਰੇ ਦਾ ਕਤਲੇਆਮ ਅਤੇ ਲੁੱਟ-ਮਾਰ ਕਰਕੇ
ਮੋਦੀ ਜੁੰਡਲੀ ਨੇ ਟਰੰਪ ਨੂੰ ਟਰੇਲਰ ਵਿਖਾਏ

24 ਅਤੇ 25 ਫਰਵਰੀ ਨੂੰ ਮੋਦੀ ਨੇ ਦਿੱਲੀ ਵਿੱਚ ਮੁਸਲਿਮ ਭਾਈਚਾਰੇ ਦੀਆਂ ਜਾਇਦਾਦਾਂ, ਦੁਕਾਨਾਂ,  ਘਰ ਅਤੇ ਜਿਉਂਦਿਆਂ ਨੂੰ ਸਾੜ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਟਰੇਲਰ ਵਿਖਾਏ ਕਿ ਹਿੰਦੂਤਵੀ ਫਾਸ਼ੀਵਾਦੀਏ ਮੁਸਲਿਮ ਭਾਈਚਾਰੇ 'ਤੇ ਟਰੰਪ ਨਾਲੋਂ ਵੀ ਕਿਵੇਂ ਤੇ ਕਿੰਨੀ ਵਧੇਰੇ ਮਾਰ ਕਰ ਸਕਦੇ ਹਨ। ਜਿਉਂ ਹੀ ਟਰੰਪ ਨੇ ਗੁਜਰਾਤ ਵਿੱਚ ਉਤਾਰਾ ਕੀਤਾ ਉਦੋਂ ਤੋਂ ਹੀ ਦਿੱਲੀ ਵਿੱਚ ਮਾਰ-ਕੁੱਟ ਅਤੇ ਸਾੜ-ਫੂਕ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ। ਜਿਵੇਂ ਜਿਵੇਂ ਟਰੰਪ ਦੀ ਦਿੱਲੀ ਵੱਲ ਨੂੰ ਆਮਦ ਵਧਦੀ ਗਈ ਉਸੇ ਹੀ ਤਰ੍ਹਾਂ ਸਾੜ-ਫੂਕ ਤੇ ਕਤਲੋਗਾਰਤ ਦਾ ਸਿਲਸਿਲਾ ਤਿੱਖਾ ਕੀਤਾ ਗਿਆ। ਜਦੋਂ ਹੀ ਟਰੰਪ ਚਲਾ ਗਿਆ ਤਾਂ ਇਹ ਟਰੇਲਰ ਵੀ ਖਤਮ ਹੋ ਗਿਆ। 
ਜਿਸ ਵੇਲੇ ਦੁਪਹਿਰੇ ਗੁਜਰਾਤ ਦੇ ਮੋਤੇਰਾ ਸਟੇਡੀਅ ਵਿੱਚ ਟਰੰਪ ਤਕਰੀਰ ਕਰ ਰਿਹਾ ਸੀ ਕਿ ''ਇਸ ਧਰਤੀ ਦੀ ਦੁਨੀਆਂ ਵਿੱਚ ਤਾਰੀਫ ਕੀਤੀ ਜਾਂਦੀ ਹੈ ਕਿ ਇਹ ਉਹ ਥਾਂ ਹੈ ਜਿੱਥੇ ਕਰੋੜਾਂ ਹੀ ਹਿੰਦੂ, ਮੁਸਲਮਾਨ, ਸਿੱਖ, ਜੈਨੀ, ਬੋਧੀ, ਇਸਾਈ ਅਤੇ ਯਹੂਦੀ ਨਾਲੋਂ ਨਾਲ ਆਪੋ ਆਪਣੀ ਪਾਠਪੂਜਾ ਸਹਿਜਤਾ ਨਾਲ ਕਰ ਸਕਦੇ ਹਨ... ਦੁਨੀਆਂ ਤੁਹਾਡੀ ਏਕਤਾ ਤੋਂ ਪ੍ਰੇਰਨਾ ਲੈਂਦੀ ਹੈ।'' ਉਸੇ ਹੀ ਵੇਲੇ ਭਾਰਤੀ ਪ੍ਰਚਾਰ-ਪ੍ਰਸਾਰ ਮਾਧਿਅਮਾਂ ਰਾਹੀਂ ਦਿੱਲੀ ਵਿਚਲੇ ਹਿੰਦੂਤਵੀ ਫਾਸ਼ੀਵਾਦੀਏ ਉਸ ਨੂੰ ਪਾਠਪੂਜਾ, ਸਹਿਜਤਾ ਅਤੇ ਏਕਤਾ ਦੇ ਅਰਥਾਂ ਨੂੰ ਅਮਲਾਂ ਵਿੱਚ ਦਰਸਾ ਰਹੇ ਸਨ ਕਿ ਹਿੰਦੂ ਭੀੜਾਂ ਕਿਵੇਂ ਜੁਟਾਈਆਂ ਜਾਂਦੀਆਂ ਹਨ। ਮੁਸਲਿਮ ਭਾਈਚਾਰੇ ਨੂੰ ਚੋਣਵੇ ਜਬਰ ਦਾ ਨਿਸ਼ਾਨਾ ਕਿਵੇਂ ਬਣਾਇਆ ਜਾਂਦਾ ਹੈ। ਉਹਨਾਂ ਦੀਆਂ ਦੁਕਾਨਾਂ, ਘਰ-ਬਾਰ ਅਤੇ ਪਰਿਵਾਰ ਸਾੜੇ-ਫੂਕੇ ਜਾ ਰਹੇ ਸਨ। ਪੁਲਸੀ ਲਾਮ-ਲਸ਼ਕਰ ਕਿਵੇਂ ਮੂਕ ਦਰਸ਼ਕ ਬਣੇ ਉਹਨਾਂ ਦੀ ਵਹਿਸ਼ਤ ਦਾ ਤਾਂਡਵ ਵੇਖ ਰਹੇ ਸਨ। 
ਸ਼ਾਮੀਂ ਸਾਢੇ ਪੰਜ ਵਜੇ ਟਰੰਪ ਆਗਰੇ ਵਿੱਚ ਤਾਜ ਮਹਿਲ ਦੀ ਫੇਰੀ ਮੌਕੇ ਉਥੇ ਰੱਖੇ ਰਜਿਸਟਰ ਵਿੱਚ ਆਪਣੇ ਅਨੁਭਵ ਦਰਜ਼ ਕਰ ਰਿਹਾ ਸੀ ਕਿ ''ਇਹ ਅਨੰਤ ਕਾਲ ਤੱਕ ਭਾਰਤੀ ਸਭਿਆਚਾਰ ਦੀ ਅਮੀਰ ਵਿਰਾਸਤ ਅਤੇ ਅਨੇਕਤਾ ਦਾ ਖੂਬਸੁਰਤ ਨਮੂਨਾ ਹੈ।'' ਉਸ ਸਮੇਂ ਦਿੱਲੀ ਵਿੱਚ ਮੁਸਲਿਮ ਪਰਿਵਾਰ ਆਪਣੇ ਘਰਬਾਰ, ਬਲ਼ਦੀਆਂ-ਸੜਦੀਆਂ ਦੁਕਾਨਾਂ ਅਤੇ ਮਸਜਿਦਾਂ ਛੱਡ ਕੇ ਆਪਣੀਆਂ ਜਾਨਾਂ ਬਚਾਉਣ ਲਈ ਜਿਧਰ ਨੂੰ ਮੂੰਹ ਹੋਇਆ ਉੱਧਰ ਨੂੰ ਹੀ ਭੱਜੇ ਜਾ ਰਹੇ ਸਨ। 
ਜਿਸ ਸਮੇਂ ਰਾਤ ਨੂੰ ਟਰੰਪ ਦਿੱਲੀ ਵਿੱਚ ਆਇਆ ਤਾਂ ਰਾਤ ਨੂੰ ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ-ਮਕਾਨਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਹੋਰ ਵਧੇਰੇ ਗਿਣਤੀ ਵਿੱਚ ਸਾੜਨ ਲਈ ਉੱਤਰ ਪ੍ਰਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਸਕ ਭੀੜਾਂ ਨੂੰ ਉੱਤਰ-ਪੂਰਬੀ ਦਿੱਲੀ ਦੇ ਮੁਸਲਿਮ ਬਹੁਲਤਾ ਵਾਲੇ ਖੇਤਰਾਂ ਵਿੱਚ ਵੱਡੇ ਧਾਵੇ ਅਤੇ ਹਿੰਸਕ ਹਮਲੇ ਕਰਨ ਲਈ ਯੋਗੀ ਹਕੂਮਤ ਵੱਲੋਂ ਤਿਆਰ ਕਰਕੇ ਭੇਜੀਆਂ ਜਾ ਰਹੀਆਂ ਸਨ। ਜਿੱਥੇ ਸਾੜ-ਫੂਕ ਦੇ ਸਿਲਸਿਲੇ ਤਾਂ ਚੱਲ ਹੀ ਰਹੇ ਸਨ, ਹਿੰਦੂਤਵੀ ਫਾਸ਼ੀਵਾਦੀਏ ਮੁਸਲਿਮ ਭਾਈਚਾਰੇ ਨੂੰ ਹੋਰ ਤੋਂ ਹੋਰ ਵਧੇਰੇ ਜਿੱਚ ਕਰਨ ਲਈ ਉਹਨਾਂ ਦੀਆਂ ਧੀਆਂ, ਭੈਣਾਂ ਅਤੇ ਔਰਤਾਂ ਸਾਹਮਣੇ ਨੰਗਾ-ਨਾਚ ਕਰਦੇ ਹੋਏ ਬਾਘੀਆਂ ਪਾ ਰਹੇ ਸਨ। 
24 ਅਤੇ 25 ਫਰਵਰੀ ਨੂੰ ਜੋ ਕੁੱਝ ਹਿੰਦੂਤਵੀ ਫਾਸ਼ੀਵਾਦੀਆਂ ਨੇ ਦਿੱਲੀ ਵਿੱਚ ਕੀਤਾ ਇਹ ਕੁੱਝ ਇਹਨਾਂ ਦਾ ਬਹੁਤ ਹੀ ਸੋਚਿਆ-ਸਮਝਿਆ ਅਤੇ ਪਹਿਲਾਂ ਤੋਂ ਹੀ ਐਲਾਨਿਆ ਕਾਰਾ ਸੀ।  23 ਫਰਵਰੀ ਦੀ ਸ਼ਾਮ ਨੂੰ ਭਾਜਪਾ ਦੇ ਸਥਾਨਕ ਆਗੂ ਕਪਿਲ ਮਿਸ਼ਰਾ ਨੇ ਐਲਾਨ ਕੀਤਾ ਸੀ ਕਿ ''ਅਸੀਂ ਉਦੋਂ ਤੱਕ ਹੀ ਸ਼ਾਂਤ ਹਾਂ ਜਦੋਂ ਤੱਕ ਟਰੰਪ ਇੱਥੋਂ ਚਲਿਆ ਨਹੀਂ ਜਾਂਦਾ, ਉਸ ਤੋਂ ਬਾਅਦ ਵਿੱਚ, ਜੇਕਰ ਸੜਕਾਂ ਖਾਲੀ ਨਾ ਕੀਤੀਆਂ ਗਈਆਂ ਤਾਂ ਅਸੀਂ ਪੁਲਸ ਦੀ ਕੋਈ ਨਹੀਂ ਸੁਣਨੀ ਅਸੀਂ ਸੜਕਾਂ ਖਾਲੀ ਕਰਵਾਵਾਂਗੇ।'' ਕਪਿਲ ਮਿਸ਼ਰਾ ਨੇ ਜਿਹੜਾ ਕਿਹਾ ਸੀ ਕਿ ਟਰੰਪ ਤੋਂ ਪਿੱਛੋਂ ਸੜਕਾਂ ਖਾਲੀ ਕਰਵਾਵਾਂਗੇ ਉਸ ਦਾ ਅਸਲ ਭਾਵ ਇਹ ਹੀ ਸੀ ਕਿ ਅਸੀਂ ਟਰੰਪ ਨੂੰ ਵਿਖਾਵਾਂਗੇ ਕਿ ਇਜ਼ਰਾਈਲੀਆਂ ਵਾਂਗ ਅਸੀਂ ਵੀ ਮੁਸਲਮਾਨਾਂ ਨੂੰ ਕਿਵੇਂ ਰੋਲ ਕੇ ਰੱਖ ਦਿਆਂਗੇ। ਉਸ ਨੇ ਆਪਣੇ ਭਾਸ਼ਣ ਵਿੱਚ ਅੱਗੇ ਆਖਿਆ ਸੀ ਕਿ ''ਯਹੀ ਸਹੀ ਮੌਕਾ ਹੈ। ਇਸੇ ਭੁਨਾ ਲੋ, ਅਬ ਚੂਕ ਗਏ ਤੋ ਦੁਬਾਰਾ ਮੌਕਾ ਨਹੀਂ ਮਿਲੇਗਾ।'' ਇਸ ਮੌਕੇ ਦਾ ਲਾਹਾ ਲੈਣ ਲਈ ਉਸ ਵਰਗੇ ਹੋਰਨਾਂ ਨੇ ਵੀ ਲਾਂਬੂ ਲਾਉਣੇ ਸ਼ੁਰੂ ਕੀਤੇ। 
ਆਰ.ਐਸ.ਐਸ. ਦੇ ਚੇਲੇ-ਬਾਲਕਿਆਂ ਨੇ ਜੋ ਕੁੱਝ ਟਰੰਪ ਦੇ ਆਏ ਤੋਂ ਦਿੱਲੀ ਵਿੱਚ ਕੀਤਾ ਹੈ, ਇਹ ਕੁੱਝ ਬਿਲਕੁਲ ਹੀ ਨਵਾਂ ਨਹੀਂਂ ਹੈ ਬਲਕਿ ਇਹਨਾਂ ਵੱਲੋਂ ਜੋ ਕੁੱਝ ਕਰਨ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਵਿੱਢੀਆਂ ਹੋਈਆਂ ਸਨ, ਇਹ ਉਹਨਾਂ ਦਾ ਜਾਰੀ ਰੂਪ ਹੈ। ਇਹ ਕੁੱਝ ਉਹ ਕਰਨਾ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਫੌਰੀ ਬਾਅਦ  ਹੀ ਚਾਹੁੰਦੇ ਸਨ, ਪਰ ਦਿੱਲੀ ਵਿੱਚ ਇਹਨਾਂ ਦੀ ਹੋਈ ਹਾਰ ਨੇ ਇਹਨਾਂ ਨੂੰ ਕੁੱਝ ਨਾ ਕੁੱਝ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਉਸ ਉਪਰੰਤ ਇਹ ਮੁੜ ਉਸੇ ਹੀ ਨਤੀਜੇ 'ਤੇ ਪਹੁੰਚੇ ਸਨ ਕਿ ਜੋ ਕੁੱਝ ਦਿੱਲੀ ਚੋਣਾਂ ਤੋਂ ਬਾਅਦ ਕਰਨਾ ਚਾਹੀਦਾ ਸੀ, ਉਸ ਨੂੰ ਨਾ ਸਿਰਫ ਜਾਰੀ ਰੱਖਿਆ ਜਾਵੇ ਬਲਕਿ ਇਸ ਵਿੱਚ ਤੇਜੀ ਅਤੇ ਤਿੱਖ ਲਿਆਂਦੀ ਜਾਵੇ। ਸੋ ਇਹਨਾਂ ਨੇ ਉਹ ਕੁੱਝ ਲਾਗੂ ਕਰਨਾ ਸ਼ੁਰੂ ਕੀਤਾ ਜੋ ਕੁੱਝ ਇਹਨਾਂ ਨੇ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਸ਼ਰੇਆਮ ਆਖਿਆ ਸੀ। ਦਿਲੀ ਦੇ ਸ਼ਾਹੀਨ ਬਾਗ ਵਿੱਚ ਲੱਗਿਆ ਮੋਰਚਾ ਮੋਦੀ ਨੂੰ ਹਿੱਕ ਵਿੱਚ ਖੁਭੀ ਹੋਈ ਬਰਛੀ ਪ੍ਰਤੀਤ ਹੁੰਦਾ ਸੀ ਤਾਂ ਕਰਕੇ ਹੀ ਉਸਨੇ ਇਸ ਆਖਿਆ ਸੀ ਕਿ ਇਹ ''ਸੰਜੋਗ ਨਹੀਂ ਪ੍ਰਯੋਗ ਹੈ।'' ਦਿੱਲੀ ਵਿਧਾਨ ਸਭਾਈ ਚੋਣ ਰੈਲੀਆਂ ਵਿੱਚ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਨੇ ਮੁਸਲਿਮ ਭਾਈਚਾਰੇ ਨੂੰ ਸ਼ਰੇਆਮ ਧਮਕੀ ਭਰੇ ਅੰਦਾਜ਼ ਵਿੱਚ ਆਖਿਆ ਸੀ ਕਿ ''ਬੋਲੀ ਸੇ ਨਹੀਂ ਤੋ ਗੋਲੀ ਸੇ ਤੋ ਸਮਝੇਂਗੇ ਹੀ।'' ਇਹਨਾਂ ਨੇ ਫਿਰਕੂ-ਫਾਸ਼ੀ ਰੁਝਾਨ ਨੂੰ ਵਧਾਉਂਦੇ ਹੋਏ ਨਾਹਰਾ ਦਿੱਤਾ ਸੀ, ''ਦੇਸ਼ ਕੇ ਗ਼ਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ।'' ਲਖਨਊ ਵਿਖੇ ਇੱਕ ਫੌਜੀ ਨੁਮਾਇਸ਼ ਵਿੱਚੋਂ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਆਟੋਮੈਟਿਕ ਬੰਦੂਕ ਹੱਥਾਂ ਵਿੱਚ ਲਹਿਰਾ ਕੇ ਇਸ ਦੀ ਵਰਤੋਂ ਕਰਨ ਨੂੰ ਇਸ਼ਾਰਾ ਵੀ ਕਰ ਦਿੱਤਾ ਸੀ। ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੈਠੀਆਂ ਔਰਤਾਂ ਵੱਲ ਇਸ਼ਾਰਾ ਕਰਕੇ ਦਿੱਲੀ ਦੇ ਨਾਗਰਿਕਾਂ ਨੂੰ ਭੜਕਾਅ ਰਿਹਾ ਸੀ ਕਿ ਉਹ ਵੋਟਿੰਗ ਮਸ਼ੀਨ ਦੇ ਕਮਲ ਦੇ ਫੁੱਲ ਵਾਲੇ ਨਿਸ਼ਾਨ 'ਤੇ ਉਂਗਲ ਰੱਖ ਕੇ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੈਠਿਆਂ ਨੂੰ 'ਕਰੰਟ' ਲਾ ਦੇਣ। ਯੋਗੀ ਦੀ ਹਕੂਮਤ ਵਿੱਚ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ 22 ਫਰਵਰੀ ਨੂੰ ਜਾਰੀ ਇੱਕ ਬਿਆਨ ਵਿੱਚ ਆਖਿਆ ਸੀ ਕਿ ''ਜਿਸ ਦਿਨ ਇੱਕ ਵੀ ਹਿੰਦੂ ਆਪਣੀ ਆਈ 'ਤੇ ਆ ਗਿਆ, ਉਸ ਦਿਨ 15 ਕਰੋੜ ਮੁਸਲਮਾਨ ਹਿੰਦ ਮਹਾਂਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਨਜ਼ਰ ਆਉਣਗੇ।'' ਇਸੇ ਹੀ ਤਰ੍ਹਾਂ ਜਿਹੜੇ ਵੀ ਕੌਮੀ ਨਾਗਰਿਕਤਾ ਸੂਚੀ ਅਤੇ ਕੌਮੀ ਆਬਾਦੀ ਰਜਿਸਟਰ ਦੇ ਕਾਗਜ਼ਾਤ ਵਗੈਰਾ ਨਹੀਂ ਵਿਖਾਉਣਗੇ ਉਹਨਾਂ ਬਾਰੇ ਉਸ ਨੇ ਆਖਿਆ ਸੀ, ''ਦਸਤਾਵੇਜ਼ ਕਬਰ ਵਿੱਚੋਂ ਕੱਢ ਕੇ ਵਿਖਾਉਣੇ ਪੈਣਗੇ। ਜਿਹੜੇ ਨਹੀਂ ਵਿਖਾਉਣਗੇ, ਉਹਨਾਂ ਨੂੰ ਭਾਰਤ ਵਿੱਚ  ਨਹੀਂ ਰਹਿਣ ਦਿੱਤਾ ਜਾਵੇਗਾ।''  ਇਸੇ ਹੀ ਤਰ੍ਹਾਂ ਸ਼ਾਹੀਨ ਬਾਗ ਸਬੰਧੀ ਭਾਜਪਾ ਦਾ ਆਗੂ ਸ਼ਾਹੀਨ ਬਾਗ ਦੀਆਂ ਮੁਜਾਹਰਾਕਾਰੀ ਔਰਤਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਬਲਾਤਕਾਰੀਆਂ ਵਾਂਗ ਪੇਸ਼ ਕਰਕੇ ਆਖ ਰਿਹਾ ਸੀ ਕਿ ਜੇਕਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਤੁਹਾਡੇ ਘਰਾਂ ਵਿੱਚ ਦਾਖਲ ਹੋ ਕੇ ਤੁਹਾਡੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨਗੇ। ਇਸੇ ਹੀ ਤਰ੍ਹਾਂ ਭਾਜਪਾ ਦੇ ਆਗੂਆਂ ਨੇ ਦਿੱਲੀ ਦੀਅÎਾਂ ਚੋਣਾਂ ਜਿੱਤਣ-ਹਾਰਨ ਨੂੰ ਭਾਰਤ-ਪਾਕਿ ਯੁੱਧ ਵਜੋਂ ਪੇਸ਼ ਕੀਤਾ ਤੇ ਭਾਜਪਾ ਨੂੰ ਜਿੱਤ ਦਿਵਾ ਕੇ ਪਾਕਿਸਤਾਨ ਨੂੰ ਹਰਾਉਣ ਵਾਂਗ ਪੇਸ਼ ਕੀਤਾ ਗਿਆ ਸੀ। ਸ਼ਾਹੀਨ ਬਾਗ ਸਬੰਧੀ ਭਾਜਪਾ ਦੇ ਇੱਕ ਬੁਲਾਰੇ ਸੰਬਿਤ ਪਾਤਰਾ ਨੇ ਹਿੰਦੂਆਂ ਨੂੰ ਆਖਿਆ ਸੀ ਕਿ ''ਹਿੰਦੂਓ ਜਾਗੋ, ਯਹ ਮੁਸਲਮਾਨੋਂ ਕੋ ਯੂਨਾਈਟ ਕਰ ਰਹੇ ਹੈਂ।'' ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਅਤੇ ਗਿਰੀਰਾਜ ਸਿੰਘ ਵਰਗੇ 'ਆਜ ਤੱਕ' ਚੈਨਲ 'ਤੇ ਬਹਿਸ ਵਿੱਚ ਸ਼ਾਹੀਨ ਬਾਗ ਦੇ ਮੁਜਾਹਰਾਕਾਰੀਆਂ ਲਈ ''ਟੁਕੜੇ ਟੁਕੜੇ ਗੈਂਗ'' ਦਾ ਨਾਂ ਦੇ ਰਹੇ ਸਨ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਹੋਣ। ਇਹਨਾਂ ਦੇ ਗੁੰਡਿਆਂ ਨੇ ਦਿੱਲੀ ਦੀਆਂ ਚੋਣਾਂ ਦੌਰਾਨ ਹੀ ਜਾਮੀਆ ਮਿਲੀਆ ਅਤੇ ਸ਼ਾਹੀਨ ਬਾਗ ਵਿੱਚ ਪੁਲਸ ਦੀ ਹਾਜ਼ਰੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ 'ਤੇ ਸ਼ਰੇਆਮ ਗੋਲੀਆਂ ਵੀ ਚਲਾਈਆਂ ਸਨ। ਭਾਜਪਾ ਦੇ ਬੰਗਾਲ ਦੇ ਆਗੂ ਦਲੀਪ ਘੋਸ ਨੇ ਜਾਦਵਪੁਰ ਯੂਨੀਵਰਸਿਟੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ''ਸ਼ੈਤਾਨਾਂ'' ਅਤੇ ''ਜੋਕਾਂ'' ਦਾ ਨਾਂ ਦੇ ਕੇ ਇਹਨਾਂ ਨੂੰ ''ਕੁੱਤਿਆਂ ਵਾਂਗ ਗੋਲੀ ਮਾਰਨ'' ਦੀ ਗੱਲ ਕਰਦੇ ਆਖਿਆ ਸੀ, ਹਿੰਦੋਸਤਾਨੀ ਮੁਸਲਮਾਨਾਂ ਨੂੰ ''ਉਹਨਾਂ ਦੇ ਦੇਸ਼ ਵਾਪਸ ਭੇਜ ਦੇਣਾ ਚਾਹੀਦਾ ਹੈ।'' ਯੂ.ਪੀ. ਵਿੱਚ ਭਾਜਪਾ ਦੀ ਹਕੂਮਤ ਹੋਣ ਕਰਕੇ ਇਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ 'ਤੇ ਦੇਸ਼ ਭਰ ਵਿੱਚ ਸਭ ਤੋਂ ਵਧੇਰੇ ਜਬਰ ਕੀਤਾ। ਨਾ ਸਿਰਫ ਦਹਿ-ਹਜ਼ਾਰਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਤੁੰਨਿਆ ਬਲਕਿ ਸੈਂਕੜਿਆਂ ਨੂੰ ਜਖਮੀ ਕਰਕੇ ਦਰਜ਼ਨਾਂ ਨੂੰ ਕਤਲ ਵੀ ਕੀਤਾ ਸੀ। 
ਭਾਜਪਾ ਵਾਲਿਆਂ ਦੀ ਬੁਖਲਾਹਟ ਇਸ ਗੱਲ ਵਿੱਚ ਸੀ ਕਿ ਇਹ ਦਿੱਲੀ ਦੀਆਂ ਵਿਧਾਨ ਸਭਾਈ ਚੋਣਾਂ ਦੌਰਾਨ ਭਾਵੇਂ ਕਿੰਨਾ ਹੀ ਜ਼ਹਿਰ ਗਲੱਛਦੇ ਰਹੇ ਪਰ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਲੋਕਾਂ ਵਿੱਚ ਇਹਨਾਂ ਦੀ ਦਹਿਸ਼ਤ ਨਹੀਂ ਸੀ ਪਈ। ਲੋਕਾਂ ਦਾ ਗੁੱਸਾ ਅਤੇ ਰੋਹ ਲਗਾਤਾਰ ਵਧਦੇ ਜਾ ਰਹੇ ਸਨ। ਦਿੱਲੀ ਵਿੱਚ ਇਹਨਾਂ ਦੀ ਹੋਈ ਹਾਰ ਵਿੱਚ ਇਹਨਾਂ ਦੇ ਜ਼ਹਿਰੀਲੇ ਪ੍ਰਚਾਰ ਦੀ ਇਹਨਾਂ ਨੂੰ ਖੁਦ ਪਈ ਮਾਰ ਨੂੰ ਅਮਿਤ ਸ਼ਾਹ ਵੱਲੋਂ  ਸਵਿਕਾਰਨਾ ਪਿਆ ਕਿ ''ਗੋਲੀ ਮਾਰੋ'' ਅਤੇ ''ਭਾਰਤ-ਪਾਕਿ ਜੰਗ'' ਵਰਗੇ ਵਰਤੇ ਗਏ ਲਕਬਾਂ ਨੇ ਇਹਨਾਂ ਨੂੰ ਹਰਾਇਆ ਹੈ। ਹੁਣ ਵੀ ਦਿੱਲੀ ਵਿੱਚ ਲੋਕਾਂ ਦਾ ਗੁੱਸਾ ਅਤੇ ਰੋਹ ਲਗਾਤਾਰ ਵਧਦਾ ਜਾ ਰਿਹਾ ਸੀ, ਜਿਸ ਦਾ ਇੱਕ ਸਬੂਤ ਇਸੇ ਹੀ ਗੱਲ ਵਿੱਚ ਪਿਆ ਹੈ ਕਿ ਦਿੱਲੀ ਦੇ ਮੌਜਪੁਰ, ਜਾਫਰਾਬਾਦ, ਗੋਕਲਪੁਰੀ ਅਤੇ ਚਾਂਦ ਬਾਗ ਇਲਾਕੇ ਵਿੱਚ ਪੁਲਸ ਦੀ ਮਿਲੀਭੁਗਤ ਨਾਲ ਹੋਏ ਹਮਲਿਆਂ ਵਿੱਚ ਲੋਕ ਟਕਰਾਉਂਦੇ ਆ ਰਹੇ ਸਨ ਅਤੇ ਉਹਨਾਂ 'ਤੇ ਹੋ ਰਹੇ ਹਮਲਿਆਂ ਦੇ ਖਿਲਾਫ ਨਾ ਸਿਰਫ ਧਰਨੇ ਦੇਣ ਤੱਕ ਮਹਿਦੂਦ ਰਹਿ ਰਹੇ ਸਨ ਬਲਕਿ ਉਹ ਹੋਰ ਸੜਕਾਂ ਜਾਮ ਕਰਨ ਵੱਲ ਵਧ ਰਹੇ ਸਨ। ਦਿੱਲੀ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਉਹਨਾਂ ਕੁੜੀਆਂ ਨੇ ਅਜਿਹੀ ਕਾਰਵਾਈ ਦੀ ਅਗਵਾਈ ਕੀਤੀ ਜਿਹਨਾਂ ਕਿਸੇ ਵੇਲੇ ਯੂਨੀਵਰਸਿਟੀਆਂ ਵਿੱਚ ''ਪਿੰਜਰਾ ਤੋੜ'' ਲਹਿਰ  ਚਲਾਈ ਗਈ ਸੀ। ਇਹਨਾਂ ਔਰਤਾਂ ਨੇ 24 ਦਸੰਬਰ ਤੋਂ 12 ਜਨਵਰੀ ਤੱਕ ਵੱਖ ਵੱਖ ਇਲਾਕਿਆਂ ਵਿੱਚ ਮਸ਼ਾਲ ਮਾਰਚ ਕੀਤੇ। 12 ਜਨਵਰੀ ਤੋਂ ਦਿੱਲੀ ਵਿੱਚ ਸ਼ਾਹੀਨ ਬਾਗ ਦੀ ਤਰਜ਼ 'ਤੇ ਇਹਨਾਂ ਔਰਤਾਂ ਨੇ ਸੀਲਮਪੁਰ ਵਿੱਖੇ ਧਰਨਾ ਲਾ ਦਿੱਤਾ। ਇੱਥੇ ਸ਼ੁਰੂ ਹੋਏ ਮੁਜਾਹਰੇ ਉੱਤਰ-ਪੂਰਬੀ ਦਿੱਲੀ ਦੇ ਕਦਮਪੁਰੀ ਅਤੇ ਚਾਂਦ ਬਾਗ ਤੱਕ ਫੈਲਣ ਲੱਗੇ। ਸੀਲਮਪੁਰ ਅਤੇ ਹੋਰਨਾਂ ਥਾਵਾਂ 'ਤੇ ਹੋਏ ਮੁਜਾਹਰਿਆਂ ਉਪਰੰਤ ਵੀ ਜਦੋਂ ਭਾਜਪਾ ਹਕੂਮਤ 'ਤੇ ਕੋਈ ਅਸਰ ਨਾ ਹੋਇਆ ਤਾਂ ਮੁਜਾਹਰਾਕਾਰੀਆਂ ਨੇ 22 ਫਰਵਰੀ ਤੋਂ ਜਾਫਰਾਬਾਦ ਵਿੱਚ 22 ਫਰਵਰੀ ਤੋਂ ਸੜਕਾਂ 'ਤੇ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ। ਮੌਕਾ-ਮੇਲ ਇਹ ਵੀ ਹੋਇਆ ਕਿ ਇਸੇ ਹੀ ਦਿਨ ਭੀਮ ਆਰਮੀ ਵੱਲੋਂ ਦੇਸ਼ ਪੱਧਰੇ ਧਰਨਿਆਂ ਦਾ ਸੱਦਾ ਦਿੱਤਾ ਹੋਇਆ ਸੀ। ਭਾਜਪਾ ਦਾ ਸਥਾਨਕ ਆਗੂ ਕਪਿਲ ਮਿਸ਼ਰਾ 23 ਤਾਰੀਖ ਨੂੰ ਮੌਜਪੁਰ ਵਿੱਚ ਆਪਣੇ ਗੁੰਡਿਆਂ ਨੂੰ ਇਕੱਠੇ ਕਰਕੇ ਲਿਆਇਆ ਅਤੇ ਉਸਨੇ ਜਬਰਦਸਤੀ ਸੜਕਾਂ ਖਾਲੀ ਕਰਵਾਉਣ ਲਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਹਮਲਿਆਂ ਵਿੱਚ ਹਿੰਦੂਤਵੀਆਂ ਨੂੰ ਸ਼ਹਿ ਦੇਣ ਲਈ ਕਿਤੇ ਪੁਲਸ ਮੂਕ ਦਰਸ਼ਕ ਬਣ ਕੇ ਉਹਨਾਂ ਦੇ ਪੱਖ ਵਿੱਚ ਭੁਗਤਦੀ ਰਹੀ ਅਤੇ ਅਨੇਕਾਂ ਹੀ ਥਾਵਾਂ 'ਤੇ ਉਹਨਾਂ ਦੇ ਨਾਲ ਮਿਲ ਕੇ ਮੁਸਲਿਮ ਭਾਈਚਾਰੇ 'ਤੇ ਪਥਰਾਅ ਅਤੇ ਸਾੜਫੂਕ ਕਰਦੀ ਰਹੀ। 
ਉੱਤਰ-ਪੂਰਬੀ ਦਿੱਲੀ ਵਿੱਚ ਮੁਸਲਮਾਨ ਭਾਈਚਾਰੇ ਦੇ ਕਤਲੇਆਮ ਅਤੇ ਉਜਾੜੇ ਤੋਂ ਬਾਅਦ ਕੇਂਦਰੀ ਸੁਰੱਖਿਆ ਸਲਾਹਕਾਰ ਅਜੀਤ ਦੋਬਾਲ ਨੇ ਆਖਿਆ ਕਿ ''ਜੋ ਹੋਣਾ ਸੀ, ਹੋ ਗਿਆ। ਹੁਣ ਇੱਥੇ ਪੂਰੀ ਸ਼ਾਂਤੀ ਕਾਇਮ ਰਹੇਗੀ।'' 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਤਲੇਆਮ ਮੌਕੇ ਕਿਸੇ ਵੀ ਥਾਂ ਜਾ ਕੇ ਨਹੀਂ ਖੜ੍ਹਿਆ। ਬਾਅਦ ਵਿੱਚ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਮੰਨ ਕੇ ਪਾਰਲੀਮੈਂਟ ਵਿੱਚ ਬੜੀ ਢੀਠਤਾਈ ਨਾਲ ਐਲਾਨ ਕਰਦਾ ਹੈ ਕਿ ''ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।'' ਲੋਕਾਂ ਨੂੰ ਗੋਲੀ ਚਲਾਉਣ ਵਾਲੇ ਗੁੰਡੇ ਨੂੰ ਦੋਸ਼ੀ ਗਰਦਾਨਣ ਦੀ ਥਾਂ ਉਸ ਨੂੰ ਬਚਾਉਣ ਦੇ ਪੱਖ ਤੋਂ ਅਮਿਤ ਸ਼ਾਹ ਨੇ ਆਖਿਆ ਕਿ, ''ਸਾਰੇ ਮਾਮਲੇ ਨੂੰ ਸਮੁੱਚਤਾ ਵਿੱਚ ਰੱਖ ਕੇ ਵਿਚਾਰਿਆ ਜਾਵੇਗਾ।'' ਯਾਨੀ ਉਸ ਦੀ ਨਜ਼ਰ ਵਿੱਚ ਦੋਸ਼ੀ ਉਹ ਬਣਦੇ ਹਨ ਜਿਹੜੇ ਅਜਿਹੇ ਗੁੰਡੇ ਨੂੰ ਇਹਨਾਂ 'ਤੇ ਗੋਲੀ ਚਲਾਉਣ ਲਈ ਉਕਸਾਉਂਦੇ ਸਨ। 
ਮੁਸਲਿਮ ਭਾਈਚਾਰੇ ਦੇ ਜਿਹਨਾਂ ਹਿੱਸਿਆਂ ਨੇ ਆਪਣੀ ਰਾਖੀ ਦੀ ਖਾਤਰ ਰਵਾਇਤੀ ਜਾਂ ਲਾਇਸੰਸੀ ਹਥਿਆਰਾਂ ਨਾਲ ਆਪਣੀ ਰਾਖੀ ਆਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਿੰਸਕ ਅਤੇ ਕਾਤਲੀ ਗਰੋਹ ਬਣਾ ਕੇ ਪੇਸ਼ ਕਰਨ ਲਈ ਭਾਜਪਾਈ ਹਕੂਮਤ ਨੇ ਝੂਠੇ ਕੇਸ ਮੜ੍ਹਨੇ ਸ਼ੁਰੂ ਕਰ ਦਿੱਤੇ। ਕਾਤਲੀ ਹਿੰਦੂਤਵੀ ਗਰੋਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਬਲਕਿ ਜਿਹੜੇ ਵੀ ਮੁਸਲਿਮ ਨੌਜਵਾਨਾਂ ਨੇ ਆਪਣੀ ਰਾਖੀ ਆਪ ਕਰਨ ਦੇ ਯਤਨ ਕੀਤੇ ਉਹਨਾਂ ਦੀ ਤਲਾਸ਼ ਵਿੱਚ ਦੂਰ-ਨੇੜੇ ਛਾਪੇਮਾਰੀ ਕੀਤੀ ਗਈ ਅਤੇ ਇਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ  ਗਿਆ। 
ਆਪਣੀ ਕਿਸੇ ਗਲਤੀ ਨੂੰ ਸਵਿਕਾਰਨ ਜਾਂ ਵਾਧ-ਘਾਟ ਨੂੰ ਕਬੂਲ ਕਰਨ ਦੀ ਥਾਂ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਇਹਨਾਂ 'ਤੇ ਸਵਾਲ ਕਰਨ ਵਾਲੇ ਕਾਂਗਰਸੀ ਆਗੂਆਂ 'ਤੇ ਪੁੱਠੇ ਸਵਾਲ ਕਰਦੇ ਹੋਏ ਆਖਿਆ ਕਿ ''ਸਿੱਖਾਂ ਦੇ ਕਤਲੇਆਮ ਦੇ ਜੁੰਮੇਵਾਰ, ਹਿੰਸਾ ਰੋਕਣ 'ਚ ਸਾਡੀ ਕਾਮਯਾਬੀ ਜਾਂ ਨਾਕਾਮੀ ਦੀ ਗੱਲ ਹੀ ਕਿਵੇਂ ਕਰ ਸਕਦੇ ਨੇ।''
ਸੀਲਮਪੁਰ ਦੇ ਇੱਕ ਵਿਅਕਤੀ ਨੇ ਆਖਿਆ, ''ਹਕੂਮਤ ਇਸ ਨੂੰ ਭਾਵੇਂ ਕੋਈ ਵੀ ਰੰਗਤ ਦੇਈ ਜਾਵੇ, ਸਾਨੂੰ ਅਜੇ ਵੀ ਇਹ ਵਿਸ਼ਵਾਸ਼ ਹੈ ਕਿ ਮੁਸਲਮਾਨਾਂ 'ਤੇ ਹਮਲੇ ਕਰਨ ਵਾਲੇ ਹਿੰਦੂ ਨਹੀਂ ਸਨ ਬਲਕਿ ਗੁੰਡੇ ਸਨ, ਜਿਹੜੇ ਨਾਗਰਿਕਤਾ ਕਾਨੂੰਨ ਵਿਰੋਧੀ ਮੁਜਾਹਰਾਕਾਰੀਆਂ 'ਤੇ ਹਮਲਾ ਕਰਨ ਲਈ ਲਿਆਂਦੇ ਗਏ ਸਨ।'' 
ਵਧਦੀ ਸਿਆਸੀ-ਗੁੰਡਾਗਰਦੀ ਦਾ ਟਾਕਰਾ ਕਿਵੇਂ ਹੋਵੇ?
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹਿੰਦੂਤਵੀ ਗੁੰਡਿਆਂ ਨੇ ਨੈੱਟ 'ਤੇ ਸਟੂਡੈਂਟਸ ਫਾਰ ਸੁਸਾਇਟੀ ਦੇ ਕਾਰਕੁੰਨਾਂ ਖਿਲਾਫ ਗਲਤ ਪੋਸਟਾਂ ਪਾਈਆਂ ਜਿਸ 'ਤੇ ਇੱਥੇ ਟਕਰਾਅ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਿੰਦੂਤਵੀ ਜਨੂੰਨੀ ਆਪਣੇ ਪੈਰ ਜਮਾਉਣ ਦੇ ਹਰਬੇ ਵਰਤ ਰਹੇ ਹਨ, ਪਰ ਉਹਨਾਂ ਦੇ ਪੈਰ ਨਹੀਂ ਲੱਗ ਰਹੇ। ਇਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਜਾਮੀਆ ਮਿਲੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਸਮੇਤ ਅਨੇਕਾਂ ਥਾਵਾਂ 'ਤੇ ਆਪਣੀਆਂ ਗੁੰਡਾ ਸ਼ਕਤੀਆਂ ਰਾਹੀਂ ਹਮਲੇ ਕਰਵਾਉਣ ਦੇ ਹਰਬੇ ਵਰਤੇ ਹਨ। 
ਫਿਰਕੂ-ਫਾਸ਼ੀ ਘਟਨਾਵਾਂ ਨਿੱਤ-ਰੋਜ਼ ਨਾ ਸਿਰਫ ਵਧਦੀਆਂ ਜਾ ਰਹੀਆਂ ਸਗੋਂ ਇਹਨਾਂ ਦੀ ਮਾਰ ਵਿੱਚ ਵੀ ਤਿੱਖ ਆ ਰਹੀ ਹੈ। ਇਹਨਾਂ ਘਟਨਾਵਾਂ ਵਿੱਚ ਵਾਧਾ ਅਤੇ ਤਿੱਖ ਕੋਈ ਆਪ-ਮੁਹਾਰਾ ਵਰਤਾਰਾ ਨਹੀਂ ਹੈ ਬਲਕਿ ਲੋਕਾਂ ਦੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਅਤੇ ਟਾਕਰੇ ਨੂੰ ਇੱਥੋਂ ਦੇ ਹਾਕਮ ਉੱਕਾ ਹੀ ਬਰਦਾਸ਼ਤ ਨਹੀਂ ਕਰ ਸਕਦੇ। ਇਸ ਕਰਕੇ ਉਹ ਬਹੁਤ ਸ਼ੁਰੂ ਵਿੱਚ ਇਹਨਾਂ ਦੇ ਖਿਲਾਫ ਉੱਠਣ ਵਾਲੀ ਆਵਾਜ਼ ਦੀ ਸੰਘੀ ਨੱਪ ਦੇਣਾ ਚਾਹੁੰਦੇ ਹਨ। ਇਹਨਾਂ ਦੇ ਮੁਕਾਬਲੇ 'ਤੇ ਕਾਇਮ ਹੋਈ ਕੋਈ ਵੀ ਜਥੇਬੰਦੀ ਜਾਂ ਹਥਿਆਰਬੰਦ ਤਾਕਤ ਨੂੰ ਇਹ ''ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ'' ਮੰਨ ਕੇ ''ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬੰਸਰੀ'' ਦੀ ਧਾਰਨਾ ਮੁਤਾਬਕ ਕੁਚਲ ਕੇ ਰੱਖ ਦੇਣਾ ਚਾਹੁੰਦੇ ਹਨ। 
ਭਾਰਤੀ ਹਾਕਮਾਂ ਕੋਲ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਅਤੇ ਇਸ ਨੂੰ ਅਮਲੀ ਰੂਪ ਵਿੱਚ ਪੁਗਾਉਣ ਪੱਖੋਂ ਭਾਵੇਂ ਮੂਲ ਰੂਪ ਵਿਚ ਹਥਿਆਰਬੰਦ ਫੌਜਾਂ, ਨੀਮ-ਫੌਜੀ ਬਲ, ਪੁਲਸ ਦੀਆਂ ਸੂਬਾਈ ਅਤੇ ਕੇਂਦਰੀ ਹਥਿਆਰਬੰਦ ਤਾਕਤਾਂ ਹਨ ਪਰ ਇਹਨਾਂ ਹਾਕਮਾਂ ਨੇ ਨੋਟ ਕੀਤਾ ਹੈ ਕਿ ਜਦੋਂ ਜਦੋਂ ਵੀ ਫੌਜੀ ਤੇ ਪੁਲਸੀ ਬਲਾਂ ਦੀ ਨੰਗੀ-ਚਿੱਟੀ ਵਰਤੋਂ ਕਰਦੇ ਹਨ ਤਾਂ ਇਹਨਾਂ ਦੇ ਖਿਲਾਫ ਲੋਕਾਂ ਦਾ ਗੁੱਸਾ ਵਿਦਰੋਹ ਬਣ ਕੇ ਫੁੱਟ ਤੁਰਦਾ ਹੈ ਤੇ ਉਹ ਇਹਨਾਂ ਲਈ ਮੋੜਵੇਂ ਰੂਪ ਵਿੱਚ ਵੱਡੀ ਸਮੱਸਿਆ ਖੜ੍ਹੀ ਕਰ ਦਿੰਦਾ ਹੈ, ਜਿਸ ਨੂੰ ਰੋਕਣ ਲਈ ਕੀਤੀ ਹੋਰ ਹਿੰਸਾ ਬਲਦੀ 'ਤੇ ਤੇਲ ਪਾਉਣ ਦਾ ਹੀ ਕੰਮ ਕਰਦੀ ਹੈ। ਇਸ ਕਰਕੇ ਇੱਥੋਂ ਦੇ ਹਾਕਮਾਂ ਨੇ ਬਾਕਾਇਦਾ ਫੌਜੀ ਤਾਕਤਾਂ ਦੇ ਨਾਲ ਨਾਲ ਖੁੱਲ੍ਹੇ ਜਾਂ ਲੁਕਵੇਂ ਰੂਪ ਵਿੱਚ ਨਿੱਜੀ ਸੈਨਾਵਾਂ ਤੇ ਗੁੰਡਾ ਧਾੜਾਂ ਨੂੰ ਪਾਲਿਆ ਹੋਇਆ ਹੈ, ਜਿਹਨਾਂ ਨੂੰ ਛਛਕਾਰ ਕੇ ਲੋਕਾਂ ਦੀ ਕਿਸੇ ਵੀ ਤਾਕਤ ਨੂੰ ਭੰਨਣ-ਤੋੜਨ, ਖਿੰਡਾਉਣ ਦਾ ਸਾਧਨ ਬਣਾਇਆ ਜਾਂਦਾ ਹੈ। ਗੈਰ-ਫੌਜੀ ਜਾਂ ਗੈਰ-ਪੁਲਸੀ ਬਲਾਂ ਨੂੰ ਲੋਕਾਂ ਦੀ ਆਪਸੀ ਲੜਾਈ ਜਾਂ ਦੰਗੇ ਵਜੋਂ ਪੇਸ਼ ਕਰਕੇ ਆਪਣੇ ਸਿਰ ਪੈਂਦੀ ਜੁੰਮੇਵਾਰੀ ਤੋਂ ਬਚਿਆ ਜਾਂਦਾ ਹੈ। 
ਹੁਣ ਜਦੋਂ ਤੋਂ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਿੱਚ ਹਿੰਦੂਤਵੀ ਹਕੂਮਤ ਹੋਂਦ ਵਿੱਚ ਆਈ ਹੈ ਤਾਂ ਇਸ ਨੇ ਵਿਰੋਧੀ ਆਵਾਜ਼ਾਂ ਨੂੰ ਕੁਚਲਣ ਲਈ ਭੀੜਾਂ ਜੁਟਾਉਣ ਦਾ ਕਾਰਜ ਵਿੱਢਿਆ ਹੋਇਆ ਹੈ। ਇਹ ਆਪਣੇ ਫਿਰਕੂ-ਫਾਸ਼ੀ ਏਜੰਡੇ ਨੂੰ ਲਾਗੂ ਕਰਨ ਲਈ ਮੁਸਲਿਮ ਭਾਈਚਾਰੇ ਨੂੰ ਚੋਣਵੇਂ ਨਿਸ਼ਾਨੇ ਦੀ ਮਾਰ ਹੇਠ ਲਿਆ ਰਹੀ ਹੈ ਅਤੇ ਜਾਤਪਾਤੀ ਵਿਵਸਥਾ ਨੂੰ ਜਾਰੀ ਰੱਖਣ ਲਈ ਦਲਿਤ ਭਾਈਚਾਰੇ ਦੇ ਹਿੱਸਿਆਂ 'ਤੇ ਯੋਜਨਾਬੱਧ ਹਮਲੇ ਆਯੋਜਿਤ ਕੀਤੇ ਜਾ ਰਹੇ ਹਨ। 
ਮੁਸਲਿਮ ਅਤੇ ਦਲਿਤ ਭਾਈਚਾਰੇ ਦੇ ਹਿੱਸਿਆਂ ਨੂੰ ਆਪਣੀ ਹੋਰ ਵੀ ਵੱਧ ਮਾਰ ਹੇਠ ਲਿਆਉਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਨਾਗਰਿਕਤਾ ਸੋਧ ਕਾਨੂੰਨ-2019 ਸਾਹਮਣੇ ਲਿਆਂਦਾ ਹੈ ਤੇ ਇਸ ਤੋਂ ਅੱਗੇ ਦੇਸ਼ ਭਰ ਵਿੱਚ ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਦੇ ਨਾਂ ਹੇਠ ਇਹਨਾਂ ਹਿੱਸਿਆਂ ਨੂੰ ਚੋਣਵੇਂ ਜਬਰ ਦੀ ਮਾਰ ਹੇਠ ਲਿਆਉਣ ਦੇ ਮਨਸੂਬੇ ਪਾਲੇ ਜਾ ਰਹੇ ਹਨ। 
ਆਪਣੇ ਹਿੰਦੂਤਵੀ ਏਜੰਡੇ ਨੂੰ ਧੱਕੇ ਦੇ ਜ਼ੋਰ ਲਾਗੂ ਕਰਵਾਉਣ ਲਈ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀਆਂ ਯੂ.ਪੀ., ਆਸਾਮ ਵਰਗੀਆਂ ਸੂਬਾਈ ਅਤੇ ਦਿੱਲੀ ਦੇ ਪੁਲਸ ਪ੍ਰਸ਼ਾਸਨ ਵੱਲੋਂ ਲਾਠੀ-ਗੋਲੀ ਦੀ ਨੰਗੀ ਚਿੱਟੀ ਵਰਤੋਂ ਕਰਕੇ ਵਿਰੋਧੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।
ਭਾਜਪਾ ਨੇ ਜਿੱਥੇ ਵੱਖ ਵੱਖ ਸੂਬਿਆਂ ਵਿੱਚ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਆਪਣੀ ਸਰਦਾਰੀ ਵਾਲੀਆਂ ਰਾਜ ਸਰਕਾਰਾਂ ਰਾਹੀਂ ਨੰਗੇ-ਚਿੱਟੇ ਹਮਲੇ ਨੂੰ ਆਰੰਭਿਆ ਹੋਇਆ ਹੈ, ਉੱਥੇ ਗੁੱਝੇ ਰੂਪ ਵਿੱਚ ਗੁੰਡਾ ਸ਼ਕਤੀਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਭਾਜਪਾ ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਲਾਗੂ ਕਰਵਾਉਣ ਦਾ ਜੁੰਮਾ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਹਕੂਮਤ ਅਤੇ ਅਕਾਲੀ ਦਲ ਬਾਦਲ ਨੇ ਚੁੱਕਿਆ ਹੋਇਆ ਹੈ। ਮੁਸਲਮਾਨਾਂ 'ਤੇ ਹਮਲੇ ਵਜੋਂ ਪਾਕਿਸਤਾਨ ਨੂੰ ਦੋਸ਼ੀ ਮੰਨ ਕੇ ਜੇਕਰ ਕੋਈ ਜ਼ਹਿਰ ਗਲੱਛਣੀ ਹੋਵੇ ਤਾਂ ਭਾਜਪਾ ਦੇ ਵੱਡੇ ਨੇਤਾਵਾਂ ਤੋਂ ਪਹਿਲਾਂ ਬਿਆਨ ਅਮਰਿੰਦਰ ਸਿੰਘ ਦਾਗਦਾ ਹੈ। ਇਹ ਬਿਆਨਬਾਜ਼ੀ ਪੁਲਵਾਮਾ ਦੀ ਘਟਨਾ ਮੌਕੇ ਜਾਂ ਕਰਤਾਰਪੁਰ ਵਿਖੇ ਲਾਂਘਾ ਖੋਲ੍ਹੇ ਜਾਣ ਮੌਕੇ ਨੰਗੇ-ਚਿੱਟੇ ਰੂਪ ਵਿੱਚ ਸਾਹਮਣੇ ਆਈ ਹੈ। ਅਕਾਲੀ ਦਲ ਬਾਦਲ ਭਾਜਪਾ ਵਾਲਿਆਂ ਕੋਲੋਂ ਦਿੱਲੀ ਚੋਣਾਂ ਮੌਕੇ ਜਲੀਲ ਹੋ ਕੇ ਫੇਰ ਵੀ ਉਸਦੀ ਹਮਾਇਤ ਦੇ ਐਲਾਨ ਕਰਦਾ ਹੈ। ਭਾਜਪਾ ਵੱਲੋਂ ਪਾਸ ਕੀਤੇ ਫਿਰਕੂ ਨਾਗਰਿਕਤਾ ਸੋਧ ਕਾਨੂੰਨ ਨੂੰ ਪਾਸ ਕਰਨ ਲਈ ਮੋਹਰਾਂ ਲਾ ਕੇ ਆਉਂਦਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਡੇਰਾਵਾਦ ਨੂੰ ਵਧਾਉਣ-ਫੈਲਾਉਣ, ਗੁਰੂ ਗਰੰਥ ਦੀ ਬੇਹੁਰਮਤੀ  ਕਰਨ ਅਤੇ ਸਿੱਖ ਭਾਈਚਾਰੇ ਦੇ ਤਿੱਖੇ ਵਿਰੋਧ ਨੂੰ ਕੁਚਲਣ ਲਈ ਇਸਦੇ ਪੈਰੋਕਾਰਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ-ਉਲਝਾਉਣ ਵਿੱਚ ਲੱਗਿਆ ਰਿਹਾ ਹੈ। ਇਸ ਤੋਂ ਬਿਨਾ ਫਰੀਦਕੋਟ ਦੇ ਨਿਸ਼ਾਨ ਸਿੰਘ ਵਰਗੇ ਗੁੰਡੇ ਗਰੋਹ ਅਕਾਲੀਆਂ ਨੇ ਹੀ ਪਾਲੇ ਹੋਏ ਹਨ, ਜਿਹੜੇ ਲੋਕ ਆਗੁਆਂ 'ਤੇ ਜੇਲ੍ਹਾਂ ਵਿੱਚ ਵੀ ਹਮਲੇ ਕਰਦੇ ਹਨ। ਅਕਾਲੀ-ਭਾਜਪਾ ਹਕੂਮਤ ਮੌਕੇ ਅਕਾਲੀ ਪਾਰਟੀ ਨੇ ਆਪਣੇ ਗੁੰਡਿਆਂ ਵੱਲੋਂ ਥਾਂ ਥਾਂ ਜਦੋ ਕਾਰੇ ਕਰਵਾਏ, ਇਹ ਕਿਸੇ ਤੋਂ ਭੁੱਲੇ ਹੋਏ ਨਹੀਂ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਾਜਿੰਦਰ ਸਿੰਘ 'ਤੇ ਗੁੰਡਿਆਂ ਵੱਲੋਂ ਜੇਲ੍ਹ ਵਿੱਚ ਹੀ ਹਮਲਾ ਕਰ ਦਿੱਤਾ ਗਿਆ। ਉਸਦੇ ਲਹੂ-ਲੁਹਾਣ ਹੋਏ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਛਪੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੂੰ ਗੁੰਡਿਆਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ। ਨੱਥੂਵਾਲੇ ਪਿੰਡ ਵਿੱਚ ਗੁੰਡਿਆਂ ਵੱਲੋਂ ਮਜ਼ਦੂਰ ਆਗੂ 'ਤੇ ਹਮਲਾ ਕੀਤਾ ਗਿਆ ਹੈ। ਪੰਚਾਇਤੀ ਜ਼ਮੀਨ ਵਿੱਚੋਂ ਤੀਜੇ ਹਿੱਸੇ ਦੀ ਕਾਨੂੰਨੀ ਮੰਗ ਲਾਗੂ ਕਰਨ ਵਾਲਿਆਂ ਨੂੰ ਤੋਲੇਵਾਲ, ਕੁਠਾਲਾ ਅਤੇ ਮੀਮਸਾ ਪਿੰਡ ਵਿੱਚ ਲਾਠੀਆਂ ਨਾਲ ਲਹੂ ਲੁਹਾਣ ਕੀਤਾ ਗਿਆ ਹੈ। ਜਵਾਹਰ ਕੇ, ਝਲੂਰ ਅਤੇ ਚੰਗਾਲੀਵਾਲ ਵਿੱਚ ਮਜ਼ਦੂਰਾਂ ਨੂੰ ਮੌਤ ਦੇ ਮੂੰਹ ਧੱਕਿਆ ਗਿਆ ਹੈ। ਇਹਨਾਂ ਤੋਂ ਇਲਾਵਾ ਖੇਤਾਂ, ਵੱਟਾਂ-ਬੰਨਿਆਂ 'ਤੇ ਕੱਖ-ਪੱਠਾ ਲੈਣ ਗਈਆਂ ਕਿੰਨੀਆਂ ਹੀ ਮਜ਼ਦੂਰ ਔਰਤਾਂ ਨੂੰ ਨਿੱਤ ਰੋਜ਼ ਮਾਨਸਿਕ ਅਤੇ ਸਰੀਰਕ ਜਲਾਲਤ ਵਿੱਚੋਂ ਨਿਕਲਣਾ ਪੈ ਰਿਹਾ ਹੈ। ਗੁੰਡਾਗਰਦੀ ਲਈ ਚੁਣੌਤੀ ਬਣਨ ਵਾਲੇ ਆਮ ਨੌਜਵਾਨਾਂ ਨੂੰ ਜੇਕਰ ਨਿੱਤ-ਦਿਨ ਨਹੀਂ ਤਾਂ ਦੂਜੇ-ਚੌਥੇ ਗੋਲੀਆਂ ਨਾਲ ਭੁੰਨ ਦਿੱਤੇ ਜਾਣ ਦੀਆਂ ਖਬਰਾਂ ਅਖਬਾਰਾਂ ਵਿੱਚ ਅਕਸਰ ਹੀ ਛਪਦੀਆਂ ਰਹਿੰਦੀਆਂ ਹਨ। 
ਗੁੰਡਾਗਰਦੀ ਦੀਆਂ ਸਭਨਾਂ ਥਾਵਾਂ 'ਤੇ ਹੀ ਇਹਨਾਂ ਘਟਨਾਵਾਂ ਦੇ ਪਿੱਛੇ ਇਲਾਕੇ ਵਿੱਚ ਕੰਮ ਕਰਦੀਆਂ ਹਾਕਮ ਜਮਾਤੀ ਪਾਰਟੀਆਂ ਦੇ ਆਗੂਆਂ ਦੀਆਂ ਚਾਲਾਂ ਸਿੱਧੇ-ਅਸਿੱਧੇ ਰੂਪ ਵਿੱਚ ਪ੍ਰਗਟ ਹੋ ਰਹੀਆਂ ਹਨ। ਇਹ ਘਟਨਾਵਾਂ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਮਾਮਲਿਆਂ ਵਿੱਚ ਸਾਹਮਣੇ ਆਉਂਦੀਆਂ ਹਨ- ਇੱਕ ਮਸਲਾ ਜ਼ਮੀਨ ਦਾ ਹੈ ਯਾਨੀ ਇਲਾਕੇ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ, ਜਦੋਂ ਕਿ ਦੂਸਰਾ ਮਸਲਾ ਸਥਾਨਕ ਸੱਤਾ ਨੂੰ ਚੁਣੌਤੀ ਦਿੱਤੇ ਜਾਣ ਨਾਲ ਜੁੜਿਆ ਹੋਇਆ ਹੈ। ਭਾਵ ਇਹ ਹੈ ਕਿ ਜੇਕਰ ਕਿਸੇ ਵੀ ਧਿਰ ਵੱਲੋਂ ਆਰਥਿਕਤਾ ਦੇ ਬੁਨਿਆਦੀ ਮਸਲੇ ਨੂੰ ਹੱਥ ਪਾਇਆ ਜਾਂਦਾ ਹੈ ਜਾਂ ਫੇਰ ਹਾਕਮ ਜਮਾਤਾਂ ਦੀ ਸਥਾਨਕ ਸੱਤਾ ਨੂੰ ਮੂਲੋਂ ਉਖਾੜ ਸੁੱਟਣ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੋਵੇ ਤਾਂ ਉਸ ਨੂੰ ਖੂਨ ਵਿੱਚ ਡੁਬੋ ਦੇਣਾ ਇੱਥੋਂ ਦੇ ਹਾਕਮ ਪਰਮੋ-ਧਰਮ ਮੰਨਦੇ ਹਨ। 
ਜਮਾਤੀ ਸਮਾਜ ਵਿੱਚ ਜੇਕਰ ਜਮਾਤਾਂ ਦੇ ਖਾਸੇ ਮੁਤਾਬਕ ਦੇਖਣਾ-ਸੋਚਣਾ ਹੋਵੇ ਤਾਂ ਗੁੰਡਾਗਰਦੀ ਦਾ ਖਾਸਾ ਤੱਤ ਵਿੱਚ ਜਾਗੀਰੂ ਹੈ। ਇਹ ਮੂਲ ਰੂਪ ਵਿੱਚ ਬੁਰਜੂਆ, ਸਰਮਾਏਦਾਰੀ ਖਾਸੇ ਵਾਲਾ ਨਹੀਂ ਹੁੰਦਾ। ਬੁਰਜੂਆ ਪ੍ਰਬੰਧ ਵਿੱਚ ਸਰਮਾਏਦਾਰੀ ਦੇ ਨਾਹਰੇ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀ ਸਾਂਝ ਵਾਲੇ ਹੁੰਦੇ ਹਨ ਜਦੋਂ ਕਿ ਜਾਗੀਰੂ ਤੇ ਅਰਧ-ਜਾਗੀਰੂ ਪ੍ਰਬੰਧਾਂ ਦਾ ਖਾਸਾ ''ਡਾਢੇ ਦਾ ਸੱਤੀਂ ਵੀਹੀਂ ਸੌ'' ਜਾਂ ''ਜਿਸਦੀ ਲਾਠੀ ਉਸਦੀ ਮੱਝ'' ਵਾਲਾ ਹੁੰਦਾ ਹੈ। ਸਰਮਾਏਦਾਰੀ ਪ੍ਰਬੰਧ ਵਿੱਚ ਰਾਜ ਨੂੰ ਵਿਧਾਨਪਾਲਕਾ, ਕਾਰਜਕਾਰਨੀ ਤੇ ਨਿਆਂਪਾਲਿਕਾ ਦੇ ਤਿੰਨ ਜਮਹੂਰੀ ਥੰਮ੍ਹਾਂ ਦੇ ਆਧਾਰ 'ਤੇ ਚਲਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਤੇ ਕਿਸੇ ਨਾ ਕਿਸੇ ਹੱਦ ਤੱਕ ਲੋਕਾਂ ਦੇ ਲਿਖਣ, ਬੋਲਣ, ਵਿਚਾਰ ਪ੍ਰਗਟ ਕਰਨ ਤੇ ਜਥੇਬੰਦੀਆਂ ਬਣਾ ਕੇ ਸੰਘਰਸ਼ ਕਰਨ ਦੇ ਹੱਕ ਨੂੰ ਤਸਲੀਮ ਕਰਦਾ ਹੋਇਆ ਇਹਨਾਂ ਵਿੱਚ ਰੈਲੀਆਂ-ਮੁਜਾਹਰਿਆਂ, ਧਰਨਿਆਂ-ਘੇਰਾਓ, ਹੜਤਾਲ ਰਾਹੀਂ ਆਪਣੇ ਹੱਕਾਂ ਨੂੰ ਹਾਸਲ ਕਰਨ ਦੇ ਮੌਕੇ ਦਿੰਦਾ ਵੀ ਹੈ ਪਰ ਇਸਦੇ ਮੁਕਾਬਲੇ ਜਾਗੀਰੂ ਪ੍ਰਬੰਧ ਵਿੱਚ ਸੱਤਾ 'ਤੇ ਕਾਬਜ਼ ਚੌਧਰੀਆਂ ਅਤੇ ਆਰਥਿਕਤਾ 'ਤੇ ਭਾਰੂ ਹਿੱਸਿਆਂ ਵੱਲੋਂ ਆਪਣੇ ਮੂੰਹੋਂ ਬੋਲੇ ਹਰ ਲਫਜ਼ ਨੂੰ ਹੀ ਕਾਨੂੰਨ ਵਜੋਂ ਪੇਸ਼ ਕਰਕੇ 'ਰਾਜੇ' ਦੇ ਫੁਰਮਾਨ ਨੂੰ ਸਤਿਬਚਨ ਆਖ ਕੇ ਲਾਗੂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਜਾਗੀਰੂ ਪ੍ਰਬੰਧਾਂ ਵਿੱਚ ਦਲੀਲ ਦੀ ਥਾਂ ਡਾਂਗ ਭਾਰੂ ਰਹਿੰਦੀ ਹੈ। ਇਸ ਕਰਕੇ ਇਸਦੀ ਡਾਂਗ ਦਾ ਮੁਕਾਬਲਾ ਡਾਂਗ ਰਾਹੀਂ ਹੀ ਕੀਤਾ ਜਾ ਸਕਦਾ ਹੈ। ਜਾਗੀਰੂ ਪ੍ਰਬੰਧਾਂ ਵਿੱਚ ਜਮਹੂਰੀਅਤ ਦੇ ਚਾੜ੍ਹੇ ਨਕਾਬ ਇੱਕ ਦੰਭ ਤੋਂ ਸਿਵਾਏ ਹੋਰ ਕੁੱਝ ਨਹੀਂ ਹੁੰਦੇ। 
ਭਾਰਤੀ ਜਨਤਾ ਪਾਰਟੀ ਨੇ ਇਸ ਸਮੇਂ ਨਾਗਰਿਕਤਾ ਸੋਧ ਕਾਨੂੰਨ ਨੂੰ ਜਿਵੇਂ ਪਾਸ ਕਰਵਾਇਆ ਹੈ ਇਹ ਕੋਈ ਜਮਹੂਰੀ ਕਾਰਜ ਵਿਧੀ ਨਹੀਂ ਦਿਸਦੀ। ਜਮਹੂਰੀ ਕਾਰਜ ਵਿਧੀ ਰਾਹੀਂ ਬਣਦਾ ਇਹ ਸੀ ਕਿ ਜਿਸ ਬਿਲ ਨੂੰ ਕਾਨੂੰਨ ਬਣਾਉਣਾ ਹੋਵੇ, ਉਸ ਨੂੰ ਤਿਆਰ ਕਰਕੇ ਇੱਕ ਅਰਸੇ ਲਈ ਪੜ੍ਹਨ, ਸੋਚਣ, ਵਿਚਾਰਨ ਦਾ ਸਮਾਂ ਕਾਨੂੰਨ-ਘਾੜਿਆਂ ਨੂੰ ਦਿੱਤਾ ਜਾਂਦਾ ਹੈ ਤੇ ਫੇਰ ਉਹ ਘੋਖ-ਪੜਤਾਲ ਉਪਰੰਤ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ ਪਰ ਇਸ ਬਿੱਲ ਨੂੰ ਪੇਸ਼ ਕਰਨ ਮੌਕੇ ਕਿਸੇ ਜਮਹੂਰੀ ਅਮਲ ਨੂੰ ਸਿਰੇ ਚਾੜ੍ਹਨ ਦੀ ਉੱਕਾ ਹੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਬਲਕਿ ''ਝੱਟ ਮੰਗਣੀ, ਪਟੱਕ ਵਿਆਹ'' ਵਾਂਗ ਪਾਸ ਕਰਵਾਇਆ ਗਿਆ ਅਤੇ ਨਾਲ ਲੱਗਦੇ ਹੀ 2-4 ਦਿਨਾਂ ਦੇ ਵਿੱਚ ਵਿੱਚ ਹੀ ਰਾਜ ਸਭਾ ਅਤੇ ਰਾਸ਼ਟਰਪਤੀ ਤੋਂ ਮੋਹਰਾਂ ਲਗਵਾਈਆਂ ਗਈਆਂ। ਜਨਤਾ ਵਿੱਚੋਂ ਉੱਠੇ ਵਿਰੋਧ ਨੂੰ ਪੁਲਸੀ-ਫੌਜੀ ਬਲਾਂ ਅਤੇ ਗੁੰਡਾ ਤਾਕਤਾਂ ਦੇ ਜ਼ਰੀਏ ਦਬਾਉਣ ਦੇ ਕਾਰੇ ਕੀਤੇ ਗਏ। 
ਭਾਰਤ ਦੇ ਆਪਾਸ਼ਾਹ ਜਾਗੀਰੂ ਰਾਜ ਨੇ ਆਪਣੇ ਉੱਪਰ ਅਖੌਤੀ ਆਜ਼ਾਦੀ ਅਤੇ ਨਕਲੀ ਜਮਹੂਰੀਅਤ ਦੇ ਨਕਾਬ ਚਾੜ੍ਹੇ ਹੋਏ ਹਨ। ਇਹ ਇਸ ਰਾਜ ਨੂੰ ''ਲੋਕਾਂ ਦਾ, ਲੋਕਾਂ ਲਈ, ਲੋਕਾਂ ਵੱਲੋਂ'' ਕਾਇਮ ਕੀਤੀ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਪੇਸ਼ ਕਰਦੇ ਹਨ। ਭਾਰਤ ਵਿੱਚ ਜਿੱਥੇ ਕਿਤੇ ਇਸ ਰਾਜ ਲਈ ਕੋਈ ਸਾਰਥਿਕ ਟਾਕਰਾ ਲਹਿਰ ਨਹੀਂ ਉੱਥੇ ਇਸ ਰਾਜ ਨੇ ਲੋਕਾਂ ਨੂੰ ਲਿਖਣ, ਬੋਲਣ, ਵਿਚਾਰ ਪ੍ਰਗਟ ਕਰਨ, ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ''ਜਮਹੂਰੀ'' ਘੋਲਾਂ ਦੇ ਦੰਭ ਰਚੇ ਹੋਏ ਹੋਏ ਹਨ। ਪਰ ਜਿੱਥੇ ਕਿਤੇ ਵੀ ਭਾਰਤ ਵਿੱਚ ਇਸਦੇ ਰਾਜ ਨੂੰ ਟਾਕਰਾ ਦੇਣ ਵਾਲੀ ਕੋਈ ਵੀ ਲੋਕ-ਪੱਖੀ ਖਰੀ ਇਨਕਲਾਬੀ ਜਮਹੂਰੀ ਜਾਂ ਹਥਿਆਰਬੰਦ ਸ਼ਕਤੀ ਹੋਵੇ, ਉੱਥੇ ਇਸ ਨੇ ਅਜਿਹੇ ਸਭਨਾਂ ਹੀ ਜਮਹੂਰੀ ''ਹੱਕਾਂ'' ਨੂੰ ਬੁਰੀ ਤਰ੍ਹਾਂ ਕੁਚਲਿਆ ਹੋਇਆ ਹੈ। ਜੰਮੂ-ਕਸ਼ਮੀਰ ਕੌਮੀ-ਮੁਕਤੀ ਕਾਜ ਨੂੰ ਪ੍ਰਣਾਈਆਂ ਅਤੇ ਮੱਧ-ਭਾਰਤ ਵਿਚਲੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਇਸਦੀਆਂ ਜ਼ਾਹਰਾ ਮਿਸਾਲਾਂ ਹਨ, ਜਿਹਨਾਂ ਦੀ ਆਵਾਜ਼ ਨੂੰ ਕੁਚਲਣ ਲਈ ਹਰ ਤਰ੍ਹਾਂ ਦੀਆਂ ਪਾਬੰਦੀਆਂ ਦੇ ਨਾਲ ਨਾਲ ਝੂਠੇ ਪੁਲਸ ਮੁਕਾਬਲੇ ਘੜਨ ਦੇ ਸਿਲਸਿਲੇ ਲਗਾਤਾਰ ਜਾਰੀ ਹਨ। 
ਜਦੋਂ ਅਤੇ ਜਿੱਥੇ ਹੱਕ-ਸੱਚ ਦੀ ਆਵਾਜ਼ ਨੂੰ ਧੌਂਸ-ਧਮਕੀਆਂ ਅਤੇ ਲਾਠੀ-ਗੋਲੀ ਨਾਲ ਦਬਾਉਣ ਦਾ ਵਰਤਾਰਾ ਚੱਲ ਰਿਹਾ ਹੋਵੇ, ਉੱਥੇ ਦੋ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇੱਕ ਮਾਮਲਾ ਤਾਂ ਲੋਕਾਂ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਲਗਾਤਾਰ ਹੁੰਦੇ ਜਬਰ ਵਿੱਚੋਂ ਉਦਾਸੀ-ਨਿਰਾਸ਼ਾ ਫੁੱਟਦੀ ਹੈ, ਜੋ ਬੰਦਿਆਂ ਨੂੰ ਢਹਿੰਦੀ ਕਲਾ ਵਿੱਚ ਲਿਜਾਂਦਾ ਹੈ। ਦੂਸਰਾ ਮਾਮਲਾ ਇਹ ਬਣਦਾ ਹੈ ਕਿ ਲੋਕਾਂ ਦਾ ਗੁੱਸਾ ਤੇ ਰੋਹ ਵਿਦਰੋਹ ਬਣ ਫੁੱਟ ਪਵੇ। ਇੱਥੇ ਮਨੁੱਖਾਂ ਵਿੱਚ ਪਾਈ ਜਾਂਦੀ ਵਿਚਾਰਧਾਰਕ-ਸਿਆਸੀ ਪਕਿਆਈ ਦੇ ਹੋਣ ਜਾਂ ਨਾ ਹੋਣ ਦਾ ਪੱਖ ਕਾਫੀ ਮਹੱਤਤਾ ਹਾਸਲ ਕਰ ਜਾਂਦਾ ਹੈ। ਜਿੱਥੇ ਅਜਿਹੀ ਵਿਚਾਰਧਾਰਕ-ਸਿਆਸੀ ਪਕਿਆਈ ਹੋਵੇਗੀ ਉੱਥੇ ਲੋਕ-ਵਿਰੋਧੀ ਤਾਕਤਾਂ ਦੇ ਖਿਲਾਫ ਟਾਕਰਾ ਸ਼ੁਰੂ ਹੋ ਜਾਂਦਾ ਹੈ। ਜਦੋਂ ਕਿ ਇਸਦੀ ਗੈਰ-ਮੌਜੂਦਗੀ ਵਿੱਚ ਲੋਕਾਂ ਵਿੱਚ ਹਿਜ਼ਰਤ ਕਰ ਜਾਣ ਵਰਗੇ ਮਾਮਲੇ ਵੀ ਵਿਖਾਈ ਦੇਣ ਲੱਗਦੇ ਹਨ। ਜਿੱਥੇ ਕਿਤੇ ਵੀ ਜਮਾਤੀ ਵਿਰੋਧਤਾਈਆਂ ਤਿੱਖੀਆਂ ਹਨ, ਲੋਕਾਂ ਦਾ ਇਤਿਹਾਸਕ ਵਿਰਸਾ ਲੜਨ-ਭਿੜਨ, ਮਾਰਨ-ਮਰਨ ਦਾ ਰਿਹਾ ਹੋਵੇ ਤੇ ਲੋਕਾਂ ਵਿੱਚ ਇਨਕਲਾਬੀ-ਜਮਹੂਰੀ ਸ਼ਕਤੀਆਂ ਆਪਣੀ ਕਹਿਣੀ ਅਤੇ ਕਰਨੀ ਵਿੱਚ ਪੂਰੇ ਉੱਤਰਦੀਆਂ ਹੋਈਆਂ ਤਨਦੇਹੀ ਨਾਲ ਵਿਗਿਆਨਕ ਸਿਆਸੀ-ਵਿਚਾਰਧਾਰਕ ਸਮਝ ਦਾ ਸੰਚਾਰ ਕਰ ਜਾਂਦੀਆਂ ਹਨ, ਉੱਥੇ ਜੁਆਬੀ ਟਾਕਰਾ ਲਹਿਰ ਖੜ੍ਹੀ ਹੋਣ ਦੀਆਂ ਸੰਭਾਵਨਾਵਾਂ ਕਾਇਮ ਹੋ ਜਾਂਦੀਆਂ ਹਨ। ਅਜਿਹੀ ਟਾਕਰਾ ਲਹਿਰ ਨਾ ਸਿਰਫ ਲੋਕ-ਦੁਸ਼ਮਣ ਸ਼ਕਤੀਆਂ ਦੀ ਸਿਆਸਤ ਅਤੇ ਵਿਚਾਰਧਾਰਾ ਦਾ ਹੀ ਪਰਦਾਫਾਸ਼ ਕਰਦੀ ਹੈ ਬਲਕਿ ਲੋਕ-ਦੁਸ਼ਮਣ ਅਨਸਰਾਂ ਨੂੰ ਆਪਣੀ ਤਾਕਤ ਦੀ ਮਾਰ ਹੇਠ ਲਿਆਉਂਦੀ ਹੈ। 
ਜਿਹੜੇ ਵੀ ਇਲਾਕਿਆਂ ਵਿੱਚ ਲੋਕ ਹਿੱਸਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਖੁੱਲ੍ਹੀਆਂ, ਕਾਨੂੰਨੀ, ਜਨਤਕ ਸਰਗਰਮੀਆਂ ਕਰਨ ਦੇ ਮੌਕੇ ਹਾਸਲ ਹੁੰਦੇ ਹਨ, ਉੱਥੇ ਦੀਆਂ ਲੋਕ-ਪੱਖੀ ਸ਼ਕਤੀਆਂ ਨੂੰ ਚਾਹੀਦਾ ਹੈ ਕਿ ਉਹ ਨਾ ਸਿਰਫ ਹਿੰਦੂਤਵੀ ਸ਼ਕਤੀਆਂ ਅਤੇ ਇਹਨਾਂ ਦੀਆਂ ਗੁੰਡਾ ਸ਼ਕਤੀਆਂ ਦਾ ਨੰਗੇ-ਚਿੱਟੇ ਰੂਪ ਵਿੱਚ ਪਰਦੇਫਾਸ਼ ਕਰਨ ਬਲਕਿ ਇਸ ਤਰ੍ਹਾਂ ਦੇ ਕਾਰਿਆਂ ਦੇ ਜੁੰਮੇਵਾਰ ਸਿਆਸੀ ਘੜੰਮ ਚੌਧਰੀਆਂ ਨੂੰ ਲੋਕਾਂ ਦੀਆਂ ਸੱਥਾਂ ਵਿੱਚ ਖਿੱਚ ਕੇ ਲਿਆਉਣ। ਉਹਨਾਂ ਵੱਲੋਂ ਕੀਤੇ ਜਾਂਦੇ ਕਾਰਿਆਂ ਦੇ ਕੱਚੇ ਚਿੱਠੇ ਨਸ਼ਰ ਕਰਕੇ ਉਹਨਾਂ ਨੂੰ ਲੋਕਾਂ ਅੱਗੇ ਗੋਡੀਣੇ ਕਰਨਾ ਚਾਹੀਦਾ ਹੈ। ਜਿਹੜੇ ਫਿਰਕੂ-ਫਾਸ਼ੀ ਜਾਂ ਗੁੰਡਾ ਅਨਸਰ ਅਜਿਹਾ ਨਹੀਂ ਕਰਦੇ ਸਗੋਂ ਉਲਟਾ ਆਪਣੀ ਧੌਂਸ ਨਾਲ ਉਹਨਾਂ ਤੋਂ ਬਦਲਾ ਲੈਣ ਦੀਆਂ ਧਮਕੀਆਂ ਦਿੰਦੇ ਹੋਣ ਉਹਨਾਂ ਨੂੰ ਲੋਕਾਂ ਦੀ ਤਾਕਤ ਦੇ ਜਲਬੇ ਵਿਖਾ ਕੇ ਉਹਨਾਂ ਦੀ ਔਕਾਤ ਦਾ ਉਹਨਾਂ ਨੂੰ ਮਹਿਸੂਸ ਕਰਵਾਉਣੀ ਚਾਹੀਦੀ ਹੈ। ਅਜਿਹਾ ਕਰਦੇ ਹੋਏ ਅਨੇਕਾਂ ਹੀ ਲੋਕ-ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਏ ਜਾਣ ਦੇ ਮਾਮਲਿਆਂ ਲਈ ਤਿਆਰ ਰਹਿਣਾ ਹੋਵੇਗਾ। ਉਹਨਾਂ ਨੂੰ ਰੂਪੋਸ਼ ਹੋਣ ਦੀ ਹਾਲਤ ਵਿੱਚੋਂ ਵੀ ਗੁਜ਼ਰਨਾ ਪੈ ਸਕਦਾ ਹੈ। 
ਜਿੱਥੇ ਕਿਤੇ ਵੀ ਲੋਕਾਂ ਨੂੰ ਲਿਖਣ, ਬੋਲਣ, ਵਿਚਾਰ ਪ੍ਰਗਟ ਕਰਨ, ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਬੁਨਿਆਦੀ ਜਮਹੂਰੀ ਹੱਕਾਂ ਤੋਂ ਮਹਿਰੂਮ ਕੀਤਾ ਗਿਆ ਹੈ, ਉੱਥੇ ਲੋਕ ਦੁਸ਼ਮਣਾਂ ਦੀ ਗੁੱਝੀ ਅਤੇ ਜ਼ਾਹਰਾ ਫੌਜੀ ਤਾਕਤ ਦੇ ਮੁਕਾਬਲੇ 'ਤੇ ਆਪਣੀ ਲੋਕ-ਪੱਖੀ ਗੁਪਤ ਤਾਕਤ ਨੂੰ ਇਕੱਠਿਆਂ ਕਰਨ ਦਾ ਸਵਾਲ ਉੱਭਰਦਾ ਹੈ। ਲੋਕ-ਦੁਸ਼ਮਣਾਂ ਦੀ ਹਥਿਆਰਬੰਦ ਤਾਕਤ ਦੇ ਮੁਕਾਬਲੇ ਜੇਕਰ ਲੋਕਾਂ ਕੋਲ ਆਪਣੀ ਲੋਕ-ਪੱਖੀ ਹਥਿਆਰਬੰਦ ਤਾਕਤ ਦੀ ਸਿਰਜਣਾ ਨਹੀਂ ਕੀਤੀ ਜਾਂਦੀ ਤਾਂ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸੱਦ-ਪੁੱਛ ਜਾਂ ਬੁੱਕਤ ਤੇ ਪੁੱਗਤ ਨਹੀਂ ਹੋ ਸਕਦੀ। ਮਾਰਕਸਵਾਦੀ ਨਜ਼ਰੀਏ ਦੇ ਮੁਤਾਬਕ ਰਾਜ ਹੁੰਦਾ ਹੀ ਫੌਜੀ ਤਾਕਤ ਹੈ, ਜਿਸ ਦੇ ਜ਼ੋਰ ਇੱਕ ਜਮਾਤ ਦੂਸਰੀ 'ਤੇ ਰਾਜ ਕਰਦੀ ਹੈ। ਲੋਕ ਦੁਸ਼ਮਣ ਤਾਕਤਾਂ ਭਾੜੇ ਦੀ ਫੌਜੀ ਤਾਕਤ ਦੇ ਜ਼ੋਰ ਆਪਣੀ ਲੁੱਟ-ਖੋਹ ਅਤੇ ਚੌਧਰ ਨੂੰ ਸਥਾਪਤ ਕਰਦੀਆਂ ਹਨ, ਜਦੋਂ ਕਿ ਲੋਕ-ਪੱਖੀ ਤਾਕਤਾਂ ਜ਼ਾਲਮ, ਜਾਬਰ, ਲੋਟੂ ਤਾਕਤਾਂ ਦੀ ਹਥਿਆਰਬੰਦ ਸ਼ਕਤੀ ਨੂੰ ਭੰਨ ਕੇ ਆਪਣੀ ਲੋਕ ਤਾਕਤ ਜ਼ਰੀਏ ਲੁੱਟ-ਖੋਹ ਤੇ ਜਬਰ ਨੂੰ ਖਤਮ ਕਰਨ ਦੇ ਰਾਹ ਚੱਲਦੀਆਂ ਹਨ। 
ਫਿਰਕੂ-ਫਾਸ਼ੀ ਸ਼ਕਤੀਆਂ ਨਾਲ ਨਜਿੱਠੇ ਜਾਣ ਸਬੰਧੀ ਦੋ ਤਰ੍ਹਾਂ ਦੇ ਮਾਮਲੇ ਪਿਛਲੇ ਅਰਸੇ ਵਿੱਚ ਸਾਹਮਣੇ ਆਏ ਹਨ। ਉੜੀਸਾ ਵਿੱਚ ਹਿੰਦੂਤਵੀ ਫਾਸ਼ੀਵਾਦੀ ਜਨੂੰਨੀਆਂ ਨੇ ਇਸਾਈ ਬੱਚਿਆਂ ਗ੍ਰਾਹਮ ਭਰਾਵਾਂ ਨੂੰ ਜਿਉਂਦਿਆਂ ਨੂੰ ਕਾਰ ਵਿੱਚ ਸਾੜ ਕੇ ਮਾਰ ਦਿੱਤਾ ਸੀ। ਉਸ ਸਮੇਂ ਬੱਚਿਆਂ ਨੂੰ ਸਾੜ ਕੇ ਮਾਰ ਦਿੱਤੇ ਜਾਣ 'ਤੇ ਲੋਕਾਂ ਦੇ ਕਾਫੀ ਹਿੱਸੇ ਵਿੱਚ ਦਹਿਸ਼ਤ ਪੈਦਾ ਹੋ ਗਈ ਸੀ ਕਿ ਜੇਕਰ ਅਜਿਹਾ ਸਿਲਸਿਲਾ ਚੱਲਦਾ ਰਹਿੰਦਾ ਤਾਂ ਲੋਕਾਂ ਦਾ ਇੱਕ ਹਿੱਸਾ ਡਰ-ਦਹਿਸ਼ਤ ਦੇ ਆਲਮ ਵਿੱਚ ਧੱਕੇ ਜਾਣ ਦਾ ਸਬੱਬ ਬਣ ਸਕਦਾ ਸੀ। ਇਸ ਸਮੇਂ ਉਸ ਖੇਤਰ ਵਿੱਚ ਕੰਮ ਕਰਦੀਆਂ ਕਮਿਊਨਿਸਟ-ਇਨਕਲਾਬੀ ਤਾਕਤਾਂ ਦਾ ਲੋਕ-ਰਾਇ ਨੂੰ ਦੇਖਦੇ ਹੋਏ ਇਹ ਵਿਚਾਰ ਬਣਿਆ ਕਿ ਜੇਕਰ ਹਿੰਦੂਤਵੀ ਜਨੂੰਨੀਆਂ ਨੂੰ ਇਲਾਕੇ ਵਿੱਚੋਂ ਨਹੀਂ ਕੱਢਿਆ ਜਾਂਦਾ ਤਾਂ ਲੋਕ ਲਹਿਰ ਅੱਗੇ ਨਹੀਂ ਵਧ ਸਕਦੀ। ਇਸ ਕਰਕੇ ਉਹਨਾਂ ਨੇ ਉੱਥੋਂ ਦੇ ਪ੍ਰਮੁੱਖ ਹਿੰਦੂਤਵੀ ਆਗੂ ਨੂੰ ਖਤਮ ਕਰਕੇ ਉਸਦੇ ਕਤਲ ਦੀ ਜੁੰਮੇਵਾਰੀ ਚੁੱਕੀ ਸੀ, ਪਰ ਹਿੰਦੂਤਵੀਆਂ ਦਾ ਜ਼ੋਰ ਹੋਣ ਕਰਕੇ ਇਹ ਜੁੰਮੇਵਾਰੀ ਛਾਪੀ ਨਹੀਂ ਸੀ ਗਈ। ਹਿੰਦੂਤਵੀ ਜਨੂੰਨੀਆਂ ਨੇ ਇਸ ਕਤਲ ਨੂੰ ਇਸਾਈਆਂ ਵੱਲੋਂ ਕੀਤਾ ਆਖ ਕੇ ਉਹਨਾਂ ਦੀਆਂ ਅਨੇਕਾਂ ਹੀ ਝੁੱਗੀਆਂ ਨੂੰ ਅਗਨ ਭੇਟ ਕੀਤਾ। ਲੋਕ-ਪੱਖੀ ਸ਼ਕਤੀਆਂ ਨੇ ਉਹਨਾਂ ਦੋਸ਼ੀਆਂ ਨੂੰ ਫੇਰ ਖਤਮ ਕੀਤਾ, ਜਿਹਨਾਂ ਮੁੜ ਹਿਮਾਕਤ ਵਿਖਾਈ ਸੀ। ਉਹਨਾਂ ਮੋੜਵੇਂ ਰੂਪ ਵਿੱਚ ਫੇਰ ਜੁੰਮੇਵਾਰੀ ਚੁੱਕੀ ਸੀ ਅਤੇ ਐਲਾਨ ਕੀਤਾ ਸੀ ਕਿ ਜੇਕਰ ਨਿਰਦੋਸ਼ਾਂ ਨੂੰ ਮਾਰਨ-ਸਾੜਨ ਦੀ ਕੋਈ ਹਰਕਤ ਹਿੰਦੂਤਵੀਆਂ ਨੇ ਕੀਤੀ ਤਾਂ ਦੋਸ਼ੀਆਂ ਨੂੰ ਪਹਿਲਿਆਂ ਦੀ ਤਰ੍ਹਾਂ ਹੀ ਖਤਮ ਕੀਤਾ ਜਾਵੇਗਾ। ਜਦੋਂ ਹਿੰਦੂਤਵੀ ਜਨੂੰਨੀਆਂ 'ਤੇ ਇੱਕ ਤੋਂ ਬਾਅਦ ਦੂਸਰਾ ਹਮਲਾ ਹੋਇਆ ਅਤੇ ਅਗਾਂਹ ਦੀ ਫੇਰ ਤੋਂ ਚਿਤਾਵਨੀ ਮਿਲੀ ਤਾਂ ਉਹ ਇਲਾਕਾ ਖਾਲੀ ਕਰਕੇ ਹੀ ਭੱਜ ਗਏ ਸਨ। 
ਹਿੰਦੂਤਵੀ ਜਨੂੰਨੀਆਂ ਦਾ ਇੱਕ ਹੋਰ ਰੂਪ ਵਿੱਚ ਟਾਕਰਾ ਕਿਵੇਂ ਕੀਤਾ ਗਿਆ, ਇਸਦੀ ਉਦਾਹਰਨ ਉਹਨਾਂ ਇਲਾਕਿਆਂ ਵਿੱਚੋਂ ਦੇਖੀ ਜਾ ਸਕਦੀ ਹੈ, ਜਿੱਥੇ ਆਦਿਵਾਸੀ ਖੇਤਰਾਂ ਵਿੱਚ ਲੋਕਾਂ ਨੇ ਆਪਣੀਆਂ ਜਨਤਾਨਾ ਸਰਕਾਰਾਂ ਬਣਾਈਆਂ ਹੋਈਆਂ ਹਨ। ਹਰਦਵਾਰ ਤੋਂ ਇੱਕ ਸਾਧੂ ਨੇ ਇਸ ਇਲਾਕੇ ਵਿੱਚ ਜਾ ਕੇ ਆਪਣਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਪੁਰਾਣੇ ਖਿਆਲਾਂ ਵਾਲੇ ਬਜ਼ੁਰਗਾਂ ਦਾ ਇੱਕ ਹਿੱਸਾ ਉਸਦੇ ਵਹਿਮਾਂ-ਭਰਮਾਂ, ਧਰਮਾਂ-ਕਰਮਾਂ ਦੇ ਚੱਕਰ ਵਿੱਚ ਪੈ ਗਿਆ ਅਤੇ ਉਸਦੇ ਦੁਆਲੇ ਇੱਕ ਮੰਡਲੀ ਬਣਨ ਲੱਗੀ ਅਤੇ ਉਹ ਹੌਲੀ ਹੌਲੀ ਫਿਰਕੂ ਜਨੂੰਨ ਦਾ ਛੱਟਾ ਵੀ ਦੇਣ ਲੱਗਿਆ। ਇਹ ਮਾਮਲਾ ਉਸ ਇਲਾਕੇ ਵਿੱਚ ਕੰਮ ਕਰਦੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੇ ਧਿਆਨ ਵਿੱਚ ਆਇਆ। ਉਹਨਾਂ ਨੇ ਇਸ ਨੂੰ ਉੱਚ ਪੱਧਰ 'ਤੇ ਵਿਚਾਰ ਕੇ ਸਿੱਟਾ ਇਹ ਕੱਢਿਆ ਕਿ ਜਦੋਂ ਸਾਧੂ ਆਪਣੇ ਵਿਚਾਰ ਸਿਰਫ ਪ੍ਰਚਾਰ ਦੇ ਪੱਧਰ 'ਤੇ ਹੀ ਲੋਕਾਂ ਵਿੱਚ ਲਿਜਾ ਰਿਹਾ ਹੈ ਤਾਂ ਉਸਦੇ ਵਿਚਾਰਾਂ ਦਾ ਟਾਕਰਾ ਵਿਚਾਰਾਂ ਨਾਲ ਹੀ ਕੀਤਾ ਜਾਵੇ, ਹਥਿਆਰਾਂ ਨਾਲ ਨਹੀਂ। ਜਨਤਾਨਾ ਸਰਕਾਰਾਂ ਦੀਆਂ ਲੋਕ ਪੱਖੀ ਸ਼ਕਤੀਆਂ ਨੇ ਇਸ ਮਾਮਲੇ ਨੂੰ ਪਿੰਡਾਂ, ਗਲੀਆਂ, ਸੱਥਾਂ, ਘਰਾਂ ਤੋਂ ਅੱਗੇ ਇੱਕ ਇੱਕ ਬੰਦੇ ਦੇ ਧਿਆਨ ਵਿੱਚ ਲਿਆ ਕੇ ਇਹ ਜਚਾਇਆ ਕਿ ਇਸ ਖੇਤਰ ਦੇ ਲੋਕਾਂ ਦੀ ਹੋਣੀ ਕਿਸੇ ਤਰ੍ਹਾਂ ਦੇ ਜੰਤਰਾਂ-ਮੰਤਰਾਂ ਨਾਲ ਸੀ ਬਦਲੀ ਬਲਕਿ ਲੋਕਾਂ ਖੁਦ ਆਪਣੀ ਜਥੇਬੰਦਕ ਤਾਕਤ ਦੇ ਜ਼ੋਰ ਬਦਲੀ ਹੈ। ਵਹਿਮਾਂ-ਭਰਮਾਂ ਵਿੱਚੋਂ ਲੋਕਾਂ ਨੂੰ ਅਮਲੀ ਅਤੇ ਸਿਧਾਂਤਕ ਪੱਖੋਂ ਚੇਤਨ ਕਰਕੇ ਉਸ ਸਾਧ ਨੂੰ ਲੋਕਾਂ ਵਿੱਚੋਂ ਨਿਖੇੜ ਦਿੱਤਾ ਤਾਂ ਉਹ ਆਪਣੀ ਜੁੱਲੀ-ਤੱਪੜੀ ਚੁੱਕ ਕੇ ਚੱਲਦਾ ਬਣਿਆ। 
ਹਿੰਦੂਤਵੀ ਫਾਸ਼ੀਵਾਦੀ ਜੋ ਕੁੱਝ ਇਸ ਸਮੇਂ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਕਰ ਰਹੇ ਹਨ, ਉਹੋ ਜਿਹਾ ਹੀ ਕੁੱਝ ਉਹਨਾਂ ਨੇ ਪੰਜਾਬ ਵਿੱਚ ਵੀ ਕਰਨਾ ਹੈ ਜਾਂ ਅਕਾਲੀ ਦਲ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਤੋਂ ਕਰਵਾਉਣਾ ਹੈ। ਇੱਥੇ ਨਾ ਸਿਰਫ ਹਿੰਦੂਤਵੀ ਫਾਸ਼ੀਵਾਦ ਦੀ ਮਾਰ ਹੇਠ ਮੁਸਲਿਮ ਭਾਈਚਾਰੇ ਨੂੰ ਲਿਆਉਣਾ ਹੈ ਬਲਕਿ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਮਾਰ ਹੇਠ ਲਿਆਉਣਾ ਹੈ। ਇਸੇ ਹੀ ਤਰ੍ਹਾਂ ਪਿੰਡਾਂ ਵਿੱਚ ਦਲਿਤ ਭਾਈਚਾਰੇ ਨੂੰ ਦਬਾਉਣ ਲਈ ਹਿੰਦੂਤਵੀ ਬ੍ਰਾਹਮਣਵਾਦ ਅਤੇ ਪੰਜਾਬ ਦੇ ਜੱਟਵਾਦ ਨੂੰ ਪੱਠੇ ਪਾਉਣੇ ਹਨ। 
ਹਿੰਦੂਤਵੀ ਜਨੂੰਨ ਆਪਣੇ ਖੂਨੀ ਪੰਜੇ ਲਗਾਤਾਰ ਫੈਲਾਉਣ ਜਾ ਰਿਹਾ ਹੈ। ਇਸਦੀ ਦਹਿਸ਼ਤ ਦਾ ਟਾਕਰਾ ਕਰਨ ਲਈ ਲੋਕਾਂ ਨੂੰ ਆਪਣੀ ਤਾਕਤ ਜਥੇਬੰਦ ਕਰਨੀ ਪੈਣੀ ਹੈ। ਲੋਕਾਂ ਦੀ ਜਥੇਬੰਦਕ ਤਾਕਤ ਇਸ ਫਿਰਕੂ ਦੈਂਤ ਦਾ ਟਾਕਰਾ ਵੱਖ ਵੱਖ ਰੂਪਾਂ ਵਿੱਚ ਕਰੇਗੀ। ਇਹ ਜਨੂੰਨ ਵੱਖ ਵੱਖ ਫਰੰਟਾਂ 'ਤੇ ਕੰਮ ਕਰ ਰਿਹਾ ਹੈ, ਇਸਦਾ ਟਾਕਰਾ ਵੀ ਵੱਖ ਵੱਖ ਫਰੰਟਾਂ ਤੋਂ ਹੀ ਕੀਤਾ ਜਾਵੇਗਾ। ਜਿੱਥੇ ਇਸ ਨੇ ਆਪਣੇ ਆਪ ਨੂੰ ਹਰ ਮੁਹਾਜ ਅਤੇ ਹਰ ਰੂਪ ਵਿੱਚ ਲਾਮਬੰਦ ਕੀਤਾ ਹੋਇਆ ਹੈ, ਉੱਥੇ ਇਸਦੇ ਪ੍ਰਚਾਰ ਦਾ ਟਾਕਰਾ ਵੀ ਹਰ ਮੁਹਾਜ 'ਤੇ ਹਰ ਰੂਪ ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਇਸ ਨੇ ਆਪਣੇ ਉੱਪਰ ਨਕਾਬ ਚਾੜ੍ਹ ਕੇ ਗੁਪਤ ਹਥਿਆਰਬੰਦ ਟੋਲਿਆਂ ਵਿੱਚ ਢਾਲਿਆ ਹੋਇਆ ਹੈ, ਉੱਥੇ ਇਸਦਾ ਟਾਕਰਾ ਵੀ ਲੁਕਵੇਂ, ਗੁੱਝੇ ਤੇ ਹਥਿਆਰਬੰਦ ਤਾਕਤ ਜ਼ਰੀਏ ਹੀ ਕੀਤਾ ਜਾ ਸਕਦਾ ਹੈ। ਫਿਰਕੂ ਫਾਸ਼ੀਵਾਦੀਆਂ ਨੂੰ ਉਹੋ ਜਿਹੀ ਭਾਸ਼ਾ ਹੀ ਸਮਝ ਆਉਂਦੀ ਹੈ, ਜਿਹੋ ਜਿਹੀ ਇਹ ਖੁਦ ਬੋਲਦੇ ਹਨ- ਇਹਨਾਂ ਦੀਆਂ 'ਦਲੀਲਾਂ' ਦਾ ਜਵਾਬ ਦਲੀਲਾਂ ਰਾਹੀਂ ਦੇਣ ਦੇ ਨਾਲ ਨਾਲ ਇਹਨਾਂ ਦੀਆਂ ਡਾਂਗਾਂ ਦਾ ਜੁਆਬ ਡਾਂਗਾਂ ਰਾਹੀਂ ਵੀ ਦਿੱਤਾ ਜਾਣਾ ਚਾਹੀਦਾ ਹੈ। ਇਹਨਾਂ ਦੀਆਂ ਡਾਂਗਾਂ ਨੂੰ ਸਿਰਫ ਦਲੀਲਾਂ ਨਾਲ ਹੀ ਨਹੀਂ ਰੋਕਿਆ ਜਾ ਸਕਦਾ। ਲੋਕਾਂ ਨੂੰ ਦਬਾਉਣ ਦੀਆਂ ਕੋਝੀਆਂ ਹਰਕਤਾਂ ਖਿਲਾਫ ਕਿਸ ਥਾਂ 'ਤੇ ਕਿਹੋ ਜਿਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਇਹ ਕੁੱਝ ਦੇਖਣਾ ਉਸ ਖੇਤਰ ਦੀਆਂ ਖਰੀਆਂ ਇਨਕਲਾਬੀ-ਜਮਹੂਰੀ ਅਤੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦਾ ਕਾਰਜ ਹੈ। ਉਹਨਾਂ ਨੂੰ ਲੋਕਾਂ ਦੀ ਰਾਖੀ ਲਈ ਸਪੱਸ਼ਟਤਾ ਨਾਲ ਅੱਗੇ ਆਉਣਾ ਚਾਹੀਦਾ ਹੈ। 

No comments:

Post a Comment