Sunday, 5 January 2020

ਹੰਕਾਰੇ ਫੌਜੀ ਅਫ਼ਸਰ ਦਾ ਪਾਰਾ ਲਾਹਿਆ


ਹੰਕਾਰੇ ਫੌਜੀ ਅਫ਼ਸਰ ਦਾ ਪਾਰਾ ਲਾਹਿਆ

ਪੰਜਾਬ ਵਿੱਚ ਕਸ਼ਮੀਰ ਦੇ ਮਸਲੇ 'ਤੇ ਮੁਜ਼ਾਹਰਾ ਆਯੋਜਿਤ ਕੀਤਾ ਗਿਆ ਸੀ। ਮੈਂ ਵੀ ਨਾਲ ਹੀ ਚਲਾ ਗਿਆ। ਬੱਸ ਸਫ਼ਰ ਦੌਰਾਨ ਪਤਾ ਲੱਗਿਆ ਕਿ ਪੁਲਿਸ ਨੇ ਅੱਗੇ ਰੋਕ ਲਾਈ ਹੋਈ ਹੈ ਅਤੇ ਓਥੇ ਸਾਡੇ ਨਾਲ ਵਾਲੀਆਂ ਕੋਈ ਚਾਰ ਕੁ ਬੱਸਾਂ ਰੋਕ ਲਈਆਂ ਗਈਆਂ। ਓਥੇ ਹੀ ਸੜਕ 'ਤੇ ਧਰਨਾ ਲਾ ਦਿੱਤਾ ਗਿਆ। ਸੜਕ ਦੇ ਸੱਜੇ ਪਾਸੇ ਪਿੱਪਲ ਸੀ ਤੇ ਉਸੇ ਦੀ ਓਟ ਤੱਕ ਕੇ ਓਥੇ ਖੜ੍ਹੇ ਕਿਸੇ ਟਰੈਕਟਰ 'ਤੇ ਬੈਠ ਜਾਣ ਕਰਕੇ ਓਥੇ ਖੜ੍ਹੇ ਹੀ ਸੀ ਕਿ ਹੰਗਾਮਾ ਹੋ ਗਿਆ। ਇੱਕ ਮੋਟਰਸਾਇਕਲ ਵਾਲਾ ਨੌਜੁਆਨ ਧਰਨਾਕਾਰੀਆਂ ਵਿੱਚੋਂ ਜ਼ਬਰਦਸਤੀ ਲੰਘਣ ਲਈ ਝਗੜਾ ਕਰਨ ਲੱਗਿਆ। ਮੈਨੂੰ ਅਹਿਸਾਸ ਹੋਇਆ ਕਿ ਇਹਨਾਂ ਨੂੰ ਸਮਝਾਇਆ ਜਾਵੇ ਕਿ ਖ਼ਾਹਮਖਾਹ ਹੀ ਲੜਾਈ ਵਿੱਚ ਨਹੀਂ ਪੈਣਾ ਚਾਹੀਦਾ। ਸੋ ਉਹ ਲੰਘ ਗਿਆ ਤੇ ਮਾਮਲਾ ਸ਼ਾਂਤ ਹੋ ਗਿਆ। ਏਨੇ ਨੂੰ ਇੱਕ ਕਾਰ ਵਿੱਚ ਸਵਾਰ ਚਾਰ ਆਦਮੀ ਆਏ। ਉਹਨਾਂ ਦੇ ਚਿਹਰੇ ਤੋਂ ਪ੍ਰੇਸ਼ਾਨੀ ਝਲਕ ਰਹੀ ਸੀ। ਉਹਨਾਂ ਨੇ ਬੜੀ ਹੀ ਆਜਜ਼ੀ ਵਿੱਚ ਮੇਰੇ ਕੋਲ ਆ ਕੇ ਕਿਹਾ ਕਿ ਅਸੀਂ ਦਇਆਨੰਦ ਹਸਪਤਾਲ ਤੋਂ ਡਾਕਟਰ ਹਾਂ ਤੇ ਕਿਸੇ ਜ਼ਰੂਰੀ ਲੈਕਚਰ ਲਈ ਜਾ ਰਹੇ ਹਾਂ। ਪਹਿਲਾਂ ਹੀ ਕਾਫ਼ੀ ਲੇਟ ਹੋ ਚੁੱਕੇ ਹਾਂ। ਮੈਂ ਵੀ ਸੋਚਦਾ ਸੀ ਕਿ ਅਜਿਹੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ। ਮੈਂ ਉਹਨਾਂ ਨੂੰ ਸਟੇਜ 'ਤੇ ਲੈ ਗਿਆ ਅਤੇ ਇਜਾਜ਼ਤ ਲੈ ਕੇ ਲੰਘਾ ਦਿੱਤੇ ਗਏ। ਰਸਤਾ ਰੋਕ ਕੇ ਖੜ੍ਹੇ ਨੌਜਵਾਨ ਮੈਨੂੰ ਕਹਿ ਵੀ ਰਹੇ ਸਨ ਕਿ ਤੂੰ ਹਰ ਕਿਸੇ ਨੂੰ ਲੰਘਾ ਰਿਹਾ ਏਂ। ਪਰ ਉਹ ਮੇਰੀ ਅਗਵਾਈ ਵੀ ਕਬੂਲ ਰਹੇ ਸਨ। ਏਸੇ ਤੱਤ-ਭੜੱਥ ਵਿੱਚ ਇੱਕ ਫ਼ੌਜੀ ਅਫ਼ਸਰ ਆ ਗਿਆ ਤੇ ਜਿਪਸੀ 'ਚੋਂ ਉੱਤਰਦੇ ਸਾਰ ਹੀ ਕਹਿਣ ਲੱਗਿਆ, ਇਹ ਰਸਤਾ ਕਿਉਂ ਬੰਦ ਕੀਤਾ ਹੋਇਆ ਏ? ਜਦੋਂ ਮੈਂ ਉਸਨੂੰ ਕਿਹਾ ਕਿ ਭਾਰਤ ਦੀਆਂ ਫ਼ੌਜਾਂ ਕਸ਼ਮੀਰੀ ਲੋਕਾਂ ਨੂੰ ਗ਼ੁਲਾਮ ਬਣਾ ਕੇ ਉਹਨਾਂ 'ਤੇ ਜ਼ੁਰਮ ਕਰ ਰਹੀਆਂ ਹਨ ਅਤੇ ਉਹਨਾਂ ਦੀ ਹਿਮਾਇਤ ਵਿੱਚ ਫ਼ੌਜ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫ਼ੌਜੀ ਕਪਤਾਨ ਦੇ ਦਿਮਾਗ਼ ਨੂੰ 'ਦੇਸ਼ਭਗਤੀ' (ਸਰਕਾਰ ਭਗਤੀ) ਕੁੱਝ ਜ਼ਿਆਦਾ ਹੀ ਚੜ੍ਹੀ ਹੋਈ ਸੀ ਕਿ ਉਹ ਬੋਲਿਆ, “ਹਮ ਤੋ ਆਪ ਕੇ ਲੀਏ ਮਰਤੇ ਹੈਂ”। ਉਸ ਨੂੰ ਸਮਝ ਨਾ ਆਵੇ ਕਿ ਕੀ ਕਰੇ, ਉਹ ਰੁਕ ਗਿਆ। ਫੇਰ ਕਹਿਣ ਲੱਗਾ, “ਸਰਦਾਰ ਜੀ, ਤੁਮ ਰਸਤਾ ਨਹੀਂ ਖੋਲੋਗੇ?” ਮੈਂ ਕਹਿ ਹੀ ਰਿਹਾ ਸਾਂ ਕਿ ਜਾਂ ਤਾਂ ਬਦਲਵੇਂ ਰਸਤੇ ਤੋਂ ਚਲਾ ਜਾਵੇ ਜਾਂ ਸਟੇਜ ਤੋਂ ਮਨਜ਼ੂਰੀ ਲੈ ਲਵੇ। ਪਰ ਮੇਰੀ ਪੂਰੀ ਗੱਲ ਉਸ ਦੇ ਗਰਮ ਮਿਜਾਜ਼ ਵਿੱਚ ਵੜੀ ਹੀ ਨਹੀਂ ਅਤੇ ਵਿੱਚੋਂ ਹੀ ਬੋਲਿਆ ਕਿ ''ਕਸ਼ਮੀਰ ਵਾਲੇ ਹਮਕੋ ਕੁੱਤਾ ਬੋਲਤਾ ਹੈ।'' ਮੇਰੇ ਅੰਦਰਲੀ ਅੱਗ ਵੀ ਪੂਰੀ ਤਰ੍ਹਾਂ ਭਖ਼ ਗਈ ਸੀ, “ਸਾਹਿਬ, ਜੋ ਕੁੱੱਤੇ ਵਾਲਾ ਕੰਮ ਕਰੇਗਾ, ਕੁੱਤਾ ਹੀ ਬੋਲਾ ਜਾਏਗਾ।”  ਅਤੇ ਇਹ ਵੀ ਦੋ-ਤਿੰਨ ਵਾਰ ਦੁਹਰਾ ਦਿੱਤਾ। ਉਹਨੇ ਧਮਕੀ ਦਿੱਤੀ ਕਿ ਜੇ ਨਹੀਂ ਜਾਣ ਦਿੰਦੇ ਤਾਂ ਉਹ ਫ਼ੌਜ ਨੂੰ ਬੁਲਾ ਲਵੇਗਾ। ਮੇਰੇ ਅੰਦਰਲਾ ਲਾਵਾ ਵੀ ਖੌਲ ਪਿਆ ਤੇ ਮੈਂ ਕਹਿ ਦਿੱਤਾ ਕਿ ''ਜਾਓ ਜਲਦੀ ਬੁਲਾਓ ਅਪਣੀ ਫ਼ੌਜ ਕੋ।'' ਉਹ ਬੇਪੱਤ ਹੋ ਗਿਆ ਸੀ ਤੇ ਉਸ ਦਾ ਅਫ਼ਸਰੀ ਠਾਠ ਕਾਫ਼ੂਰ ਹੋ ਚੁੱਕਾ ਸੀ। ਉਸ ਦੇ ਕਦਮ ਜਿਵੇਂ ਹਿੱਲ ਨਹੀਂ ਰਹੇ ਸਨ ਤੇ ਉਹ ਮੇਰੇ ਕੋਲ ਬਿਨਾ ਬੋਲਿਆਂ ਕੁੱਝ ਮਿੰਟਾਂ ਤੱਕ ਖੜ੍ਹਿਆ ਰਿਹਾ ਤੇ ਫਿਰ ਉਸਨੇ ਸੋਚਿਆ ਕਿ ਸ਼ਾਇਦ ਪੁਲਿਸ ਲੰਘਾ ਦੇਵੇਗੀ, ਉਸਨੇ ਥਾਣੇਦਾਰ ਨਾਲ ਗੱਲ ਕੀਤੀ ਤੇ ਥਾਣੇਦਾਰ ਨੇ ਮੇਰੇ ਕੋਲ ਆ ਕੇ ਬੜੀ ਨਿਮਰਤਾ ਨਾਲ ਕਿਹਾ ਕਿ ''ਇਹਨਾਂ ਨੂੰ ਲੰਘ ਜਾਣ ਦਿਓ, ਆਪਣੀ ਬੋਲੀ ਇਹਨਾਂ ਨੂੰ ਸਮਝ ਨਹੀਂ ਆਉਂਦੀ।'' ਮੈਂ ਥਾਣੇਦਾਰ ਨੂੰ ਕਿਹਾ, ''ਜਿਸ ਨਿਮਰਤਾ ਨਾਲ ਤੁਸੀਂ ਕਹਿ ਰਹੇ ਹੋ, ਤੁਹਾਡੇ ਤੋਂ ਦਸ ਗੁਣਾ ਨਿਮਰ ਹੋ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਹ ਫ਼ੌਜੀ ਕਪਤਾਨ ਸਾਨੂੰ ਹੁਣੇ ਤਾਂ ਫ਼ੌਜ ਬੁਲਾਉਣ ਦੀ ਧਮਕੀ ਦੇ ਕੇ ਗਿਆ ਹੈ ਅਤੇ ਹਿੰਦੀ ਬੋਲਦਾ ਹੈ ਜੋ ਦੋਹਾਂ ਧਿਰਾਂ ਨੂੰ ਸਮਝਣੀ ਆਉਂਦੀ ਹੈ। ਬਾਕੀ ਮੈਂ ਇਸ ਦੇ ਨਾਲ ਜਾਣ ਨੂੰ ਤਿਆਰ ਹਾਂ, ਸਟੇਜ ਤੋਂ ਅਨੁਮਤੀ ਲੈ ਲਵੇ। ਥਾਣੇਦਾਰ ਨੇ ਉਸ ਵੱਲ੍ਹ ਵੇਖਿਆ ਕਿ ਤੁਰਦਾ ਹੈ ਜਾਂ ਨਹੀਂ। ਪਰ ਛੇਤੀ ਹੀ ਉਸ ਦੇ ਸਮਝ ਵਿੱਚ ਆ ਗਿਆ ਕਿ ਇਹ ਤਾਂ ਹੰਕਾਰਿਆ ਹੋਇਆ ਹੈ। ਉਹ ਕੁੱਝ ਦੇਰ ਰੁਕ ਕੇ ਪਿੱਛੇ ਚਲਾ ਗਿਆ ਤੇ ਫ਼ੌਜੀ ਅਫਸਰ ਓਥੇ ਹੀ ਖੜ੍ਹਾ ਰਿਹਾ।  ਉਹ ਮੈਨੂੰ ਕੁੱਝ ਨਾ ਕਹਿ ਸਕਿਆ, ਉਸਦਾ ਪਾਰਾ ਲਹਿ ਚੁੱਕਾ ਸੀ। ਸਾਡੇ ਏਕੇ ਨੇ ਉਸ ਨੂੰ ਮਾਤ ਦੇ ਦਿੱਤੀ ਸੀ।'' ਇਸ ਫੌਜੀ ਅਫਸਰ ਦੇ ਖਿਲਾਫ ਗੁੱਸੇ ਦੀ ਅੱਗ ਉਸ ਰੋਹ ਦਾ ਪ੍ਰਗਟਾਵਾ ਸੀ ਜਿਹੜਾ ਮੇਰੇ ਅੰਦਰ 50 ਸਾਲ ਪਹਿਲਾਂ ਉਦੋਂ ਫੁੱਟਿਆ ਸੀ, ਜਦੋਂ ਇੱਕ ਫੌਜੀ ਜਵਾਨ ਨੇ ਫੌਜੀ ਅਫਸਰਾਂ ਦੇ ਅੰਨ੍ਹੇ ਹੰਕਾਰ ਬਾਰੇ ਦੱਸਿਆ ਸੀ ਕਿ ''ਸਰਹੱਦ ਉੱਤੇ ਜਦ ਕੋਈ ਪਾਕਿਸਤਾਨੀ ਗਲਤੀ ਨਾਲ ਏਧਰ ਆ ਜਾਂਦਾ ਹੈ ਤਾਂ ਅਸੀਂ ਪੁੱਛ-ਪੜਤਾਲ ਉਪਰੰਤ ਉਸ ਨੂੰ ਭੱਜ ਜਾਣ ਲਈ ਕਹਿੰਦੇ ਹਾਂ ਅਤੇ ਪਿੱਛਿਓਂ ਗੋਲ਼ੀ ਮਾਰ ਦਿੰਦੇ ਹਾਂ।'' ਇਹ ਕੁੱਝ ਉਹਨਾਂ ਲਈ ਸ਼ੁਗਲ ਸੀ ਪਰ ਮੇਰੇ ਲਈ ਇਹ ਸੁਲਘਦੀ ਅੱਗ ਸੀ, ਜਿਸ ਦਾ ਟਾਕਰਾ ਇਹ ਅਫਸਰ ਨਾ ਕਰ ਸਕਿਆ।
-ਗੁਰਲਾਲ ਸਿੰਘ

No comments:

Post a Comment