ਦੱਬੇ-ਕੁਚਲੇ ਲੋਕਾਂ ਨੂੰ
-ਇਕਬਾਲ ਸਿੰਘ ਸੰਧੂਅਸੀਂ ਦੱਬੇ ਕੁਚਲੇ ਲੋਕਾਂ ਨੂੰ, ਬਲਵਾਨ ਬਣਾਉਣਾ ਚਾਹੁੰਦੇ ਹਾਂ।
ਜੋ ਖੁੱਸਣ ਉਹਨਾਂ ਦੇ ਹੱਕਾਂ ਦੀ, ਪਹਿਚਾਣ ਬਣਾਉਣਾ ਚਾਹੁੰਦੇ ਹਾਂ।
ਤੰਗੀਆਂ ਉਹਨਾਂ ਨੂੰ ਕੱਟਣਾ ਤਾਂ, ਪਹਿਲਾਂ ਹੀ ਮਨਜ਼ੂਰ ਨਹੀਂ,
ਉਪਜਾਂ ਵਿੱਚ ਸਾਂਝੀ ਹਰ ਥਾਂ 'ਤੇ, ਇੱਕ ਮਾਣ ਬਣਾਉਣਾ ਚਾਹੁੰਦੇ ਹਾਂ।
ਇਹ ਧਰਤੀ ਸਭ ਦੀ ਸਾਂਝੀ ਹੈ, ਕਿਉਂ ਰਹਿਣੇ ਲਈ ਟਿਕਾਣਾ ਨਹੀਂ,
ਹਰ ਇੱਕ ਲਈ ਥਾਵਾਂ ਵਸਣੇ ਲਈ, ਪ੍ਰਵਾਨ ਬਣਾਉਣਾ ਚਾਹੁੰਦੇ ਹਾਂ।
ਝੂਠਾਂ ਤੇ ਧੋਖੇਬਾਜ਼ੀ ਨੂੰ, ਰਲ਼ ਭਾਂਜ ਚੁਫੇਰੇ ਪਾਉਣੀ ਹੈ,
ਇੱਕ ਖਰੀ ਤੇ ਸੱਚੀ ਨੀਤੀ ਨੂੰ, ਪ੍ਰਧਾਨ ਬਣਾਉਣਾ ਚਾਹੁੰਦੇ ਹਾਂ।
ਇਕਰਾਰ ਹਜ਼ਾਰਾਂ ਲੰਘ ਚੁੱਕੇ, ਪੁੱਛਿਆ ਨਹੀਂ ਕਿਸੇ ਗਰੀਬਾਂ ਨੂੰ,
ਹੱਕਾਂ ਲਈ ਜੂਝਣ ਲੋਕੀ ਜੋ, ਇੱਕ ਜਾਨ ਬਣਾਉਣਾ ਚਾਹੁੰਦੇ ਹਾਂ।
ਜ਼ਾਲਮ ਤਾਂ ਜ਼ੁਲਮ ਕਮਾਉਂਦੇ ਨੇ, ਉਹਨਾਂ ਦੇ ਸੌਂਹੇਂ ਅੜਨਾ ਹੈ,
ਜੋ ਰੋਕ ਸਕੇ ਸਭ ਕਹਿਰਾਂ ਨੂੰ, ਚਟਾਨ ਬਣਾਉਣਾ ਚਾਹੁੰਦੇ ਹਾਂ।
ਜੋ ਸੋਚ ਤਰਾਸ਼ੀ ਸੱਚੀ ਲੈ, ਹੋ ਅੱਗੇ ਹੱਕ ਲਈ ਜੁੱਟਣਗੇ,
ਫਿਰ ਉੱਠੀਆਂ ਹੱਕੀ ਲਹਿਰਾਂ ਨੂੰ, ਤੂਫ਼ਾਨ ਬਣਾਉਣਾ ਚਾਹੁੰਦੇ ਹਾਂ।
ਜਦ ਪੇਸ਼ ਨਾ ਚੱਲੂ ਜ਼ਾਲਮ ਦੀ, ਉਸ ਇੱਕ ਦਮ ਸਿੱਧੇ ਹੋਣਾ ਹੈ,
ਰਾਹ ਪੁੱਠੇ ਤੁਰੇ ਹੈਵਾਨਾਂ ਨੂੰ, ਇਨਸਾਨ ਬਣਾਉਣਾ ਚਾਹੁੰਦੇ ਹਾਂ।
No comments:
Post a Comment