Sunday, 5 January 2020

ਬਲਾਤਕਾਰੀ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਦਿੱਤੇ

ਹੈਦਰਾਬਾਦ ਵਿੱਚ ਦੋਸ਼ੀ ਐਲਾਨੇ ਬਲਾਤਕਾਰੀ
ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਦਿੱਤੇ

ਨਵੰਬਰ ਮਹੀਨੇ ਦੇ ਆਖਰੀ ਹਫਤੇ ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਲੇਡੀ ਡਾਕਟਰ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਉਪਰੰਤ ਤੇਲ ਛਿੜਕ ਕੇ ਸਾੜ ਦਿੱਤਾ ਗਿਆ। ਪਹਿਲਾਂ ਪਹਿਲ ਪੁਲਸ ਨੇ ਕੋਈ ਫੌਰੀ ਕਾਰਵਾਈ ਨਹੀਂ ਕੀਤੀ ਪਰ ਜਦੋਂ ਇਹ ਮਾਮਲਾ ਵਧਦਾ ਵਧਦਾ ਦੇਸ਼ ਵਿਆਪੀ ਬਣਿਆ ਤੇ ਸੰਸਾਰ ਭਰ ਵਿੱਚ ਭਾਰਤੀ ਪੁਲਸ ਦੀ ਥੂਹ ਥੂਹ ਹੋਣ ਲੱਗੀ ਤਾਂ ਇਸ ਕਤਲ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਰਾਤ ਦੇ ਹਨੇਰੇ ਵਿੱਚ ਉਸੇ ਹੀ ਥਾਂ 'ਤੇ ਲਿਜਾ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਜਿਸ ਥਾਂ 'ਤੇ ਮੁਲਜ਼ਮਾਂ ਨੇ ਲੇਡੀ ਡਾਕਟਰ ਨੂੰ ਅੱਗ ਲਾ ਕੇ ਸਾੜਿਆ ਸੀ। 
ਪੁਲਸ ਨੇ ਕਹਾਣੀ ਇਹ ਘੜੀ ਕਿ ਦੋਸ਼ੀਆਂ ਨੂੰ ਪੁਲਸ ਤਫਤੀਸ਼ ਲਈ ਉਸ ਥਾਂ ਲਿਆਂਦਾ ਗਿਆ ਤਾਂ ਜੋ ਇਹ ਜਾਣਕਾਰੀ ਹਾਸਲ ਕੀਤੀ ਜਾ ਸਕੇ ਕਿ ਇਹ ਘਟਨਾ ਕਿਵੇਂ ਵਾਪਰੀ ਸੀ ਅਤੇ ਲੜਕੀ ਦੇ ਫੋਨ ਸਮੇਤ ਕੁੱਝ ਹੋਰ ਸਮਾਨ ਦੀ ਬਰਾਮਦੀ ਪੁਲਸ ਕਰਨਾ ਚਾਹੁੰਦੀ ਸੀ ਜੋ ਮੁਲਜ਼ਮਾਂ ਨੇ ਇਸ ਥਾਂ 'ਤੇ ਲੁਕੋਏ ਹੋਏ ਸਨ। ਪੁਲਸ ਅਨੁਸਾਰ ਉਸਨੇ ਦੋਸ਼ੀਆਂ ਨੂੰ ਹੱਥਕੜੀਆਂ ਜਾਂ ਬੇੜੀਆਂ ਨਹੀਂ ਸਨ ਲਾਈਆਂ ਹੋਈਆਂ। ਦੋਸ਼ੀਆਂ ਨੇ ਮੌਕਾ ਤਾੜ ਕੇ ਪੁਲਸ ਜਵਾਨਾਂ ਕੋਲੋਂ ਹਥਿਆਰ ਖੋਹ ਲਏ  ਤੇ ਕਈ ਪੁਲਸ ਮੁਲਾਜ਼ਮਾਂ ਨੂੰ ਇੱਟਾਂ-ਪੱਥਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਉਹ ਗੋਲੀਆਂ ਚਲਾਉਂਦੇ ਭੱਜ ਨਿੱਕਲੇ। ਪੁਲਸ ਨੇ ਉਹਨਾਂ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਜਦੋਂ ਉਹ ਨਾ ਰੁਕੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਹਨਾਂ ਨਾਲ ਉਹ ਸਾਰੇ ਮੌਕੇ 'ਤੇ ਹੀ ਮਾਰੇ ਗਏ। 
ਤੈਰਦੀ ਨਜ਼ਰੇ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮੁਲਜ਼ਮਾਂ ਨੂੰ ਮਾਰਨ ਲਈ ਤੇ ਆਪਣੇ ਬਚਾਅ ਦੀ ਜਿਹੜੀ ਕਹਾਣੀ ਘੜੀ ਗਈ ਹੈ ਇਹ ਕੋਰਾ ਝੂਠ ਹੈ। ਦਰਅਸਲ ਇਹ ''ਮੁਕਾਬਲਾ'' ਸੋਚੀ ਸਮਝੀ ਸਕੀਮ ਨਾਲ ਕੀਤਾ ਕਤਲੇਆਮ ਹੈ। ਇਹ ਮਹਿਜ਼ ਕੁੱਝ ਕੁ ਪੁਲਸੀਆਂ ਨੂੰ ਫੁਰਿਆ ਕੋਈ ਫਰੁਨਾ ਨਹੀਂ ਹੈ। ਇਸ ਕਤਲੇਆਮ ਨੂੰ ਸਿਰੇ ਚਾੜ੍ਹਨ ਲਈ ਜਿਸ ਪੁਲਸ ਅਧਿਕਾਰੀ ਦੀ ਡਿਊਟੀ ਲਾਈ ਗਈ ਉਹ ਪਹਿਲੇ ਇੱਕ ਦਹਾਕੇ ਤੋਂ ਝੂਠੇ ਪੁਲਸ ਮੁਕਾਬਲੇ ਘੜਨ ਵਿੱਚ ਮਾਹਰ ਮੰਨਿਆ ਜਾ ਰਿਹਾ ਹੈ। ਇਸ ਤੋਂ ਅਗਾਂਹ ਜਿਸ ਢੰਗ ਨਾਲ ਇਸ ਤਰ੍ਹਾਂ ਦੇ ਕਤਲੇਆਮ 'ਤੇ ਸੰਘੀ ਲਾਣੇ ਨੇ ਜਿੱਤ ਵਰਗੇ ਜਸ਼ਨ ਮਨਾਏ ਹਨ ਤੇ ਅਨੇਕਾਂ ਹਾਕਮ ਜਮਾਤੀ ਟੋਲਿਆਂ-ਧੜਿਆਂ ਦੇ ਮੁਖੀਆਂ ਨੇ ਇਸ ਨੂੰ ਉਚਿਆਇਆ ਹੈ, ਉਹ ਸਭ ਕੁੱੱਝ ਜ਼ਾਹਰ ਕਰਦਾ ਹੈ ਕਿ ਇਹ ਕਤਲੇਆਮ ਸੋਚੀ ਸਮਝੀ ਵਿਉਂਤ ਦਾ ਹਿੱਸਾ ਸੀ ਅਤੇ ਖਾਸ ਕਰਕੇ ਤਿਲੰਗਾਨਾ ਵਿੱਚ ਹਕੂਮਤੀ ਸ਼ਕਤੀਆਂ ਦੇ ਅਕਸ ਨੂੰ ਬਚਾਉਣ ਦੇ ਹਰਬੇ ਵਰਤੇ ਗਏ ਹਨ। ਮਾਇਆਵਤੀ ਵਰਗੇ ਅਨੇਕਾਂ ਹੀ ਭਾਜਪਾ ਪਾਰਟੀ ਦੇ ਵਿਰੋਧੀ ਹਿੱਸਿਆਂ ਨੇ ਇਸ ਨੂੰ ਜਿਸ ਢੰਗ ਨਾਲ ਉਚਿਆਇਆ ਹੈ, ਉਹ ਇਹਨਾਂ ਦੀਆਂ ਅੰਦਰੂਨੀ ਕਮਜ਼ੋਰੀਆਂ ਦਾ ਸਿੱਟਾ ਹੈ। ਕਿਉਂਕਿ ਜੇਕਰ ਇਹ ਅਜਿਹਾ ਨਾ ਕਰਦੇ ਤਾਂ ਭਾਜਪਾ ਹਕੂਮਤ ਇਹਨਾਂ ਨੂੰ ਅਨੇਕਾਂ ਘਪਲਿਆਂ ਅਤੇ ਘੁਟਾਲਿਆਂ ਵਿੱਚ ਫਸਾ ਸਕਦੀ ਸੀ। 
ਹਾਕਮ ਜਮਾਤੀ ਧੜਿਆਂ ਦੇ ਜਿਹੜੇ ਵੀ ਹਿੱਸਿਆਂ ਨੇ ਇਹਨਾਂ ਕਤਲਾਂ ਨੂੰ ਉਚਿਆਇਆ ਹੈ, ਉਹ ਬਲਾਤਕਾਰਾਂ ਦੀਆਂ ਵਾਪਰਦੀਆਂ ਘਟਨਾਵਾਂ ਦੇ ਬੁਨਿਆਦੀ ਕਾਰਨਾਂ ਨੂੰ ਲੁਕੋਂਦੇ ਹੋਏ ਲੋਕਾਂ ਵਿੱਚ ਫੁੱਟੇ ਗੁੱਸੇ ਅਤੇ ਰੋਹ ਨੂੰ ਤਿਲ੍ਹਕਾਅ ਕੇ ਦੂਸਰੇ ਦੋਮ ਦਰਜ਼ੇ ਦੇ ਮੁੱਦਿਆਂ ਵੱਲ ਕੇਂਦਰਤ ਕਰਨਾ ਚਾਹੁੰਦੇ ਹਨ। ਅਜਿਹੇ ਝੂਠੇ ਪੁਲਸ ਮੁਕਾਬਲਿਆਂ ਦੀਆਂ ਵਾਰਦਾਤਾਂ ਕਰਨ ਅਤੇ ਵਧਾਉਣ ਦਾ ਮਨੋਰਥ ਇਹ ਹੈ ਕਿ ਇੱਥੋਂ ਦੀ ਅਖੌਤੀ ਨਿਆਂਪਾਲਿਕਾ ਦੇ ਨਾਮੋ ਨਿਹਾਦ ਰੋਲ ਨੂੰ ਮਿੱਟੀ ਵਿੱਚ ਮਿਲਾ ਕੇ ਨਿਰੋਲ ਫੌਜੀ ਸ਼ਕਤੀ ਰਾਹੀਂ ਮਨਆਈਆਂ ਕਰਨ ਦਾ ਰਾਹ ਖੋਲ੍ਹਿਆ ਜਾ ਸਕੇ। ਇਹ ਅਖੌਤੀ ਜਮਹੂਰੀ ਢਾਂਚੇ ਦੇ ਫੌਜੀਕਰਨ ਦੀ ਇੱਕ ਮਿਸਾਲ ਹੈ, ਜਿਸ 'ਤੇ ਕਿੰਤੂ-ਪ੍ਰੰਤੂ ਇੱਥੋਂ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਵੀ ਬੋਲਣਾ ਪਿਆ ਹੈ ਕਿ ''ਫੌਰੀ ਨਿਆਂ ਵਰਗੀ ਕੋਈ ਚੀਜ਼ ਨਹੀਂ ਹੋ ਸਕਦੀ।'' ਪਰ ਹਾਕਮ ਜਮਾਤੀ ਧੜਿਆਂ ਨੇ ਇਸ ਘਟਨਾ 'ਤੇ ਲੱਡੂ ਵੰਡ ਕੇ ਸਸਤੀ ਸ਼ੋਹਰਤ ਹਾਸਲ ਕਰਨ ਦਾ ਹੀਲਾ ਵਰਤਿਆ ਹੈ। ਇਹ ਅਸਲ ਮੁੱਦਿਆਂ ਤੋਂ ਧਿਆਨ ਤਿਲ੍ਹਕਾਅ ਕੇ ਲੋਕਾਂ ਨੂੰ ਦੋਮ ਦਰਜ਼ੇ ਦੇ ਮਾਮਲਿਆਂ ਵਿੱਚ ਉਲਝਾਈ ਰੱਖਣ ਦੀ ਇੱਕ ਚਾਲ ਹੈ। 
ਪੁਲਸ ਨੇ ਹੈਦਰਾਬਾਦ ਦੀ ਲੇਡੀ ਡਾਕਟਰ ਨੂੰ ਬਲਾਤਕਾਰ ਉਪਰੰਤ ਸਾੜ ਕੇ ਮਾਰਨ ਦੇ ਦੋਸ਼ੀਆਂ ਨੂੰ ਤਾਂ ''ਮੁਕਾਬਲੇ'' ਵਿੱਚ ਮਾਰਨ ਦੀ ਦਲੇਰੀ ਅਤੇ ਫੁਰਤੀ ਵਿਖਾਈ ਹੈ। ਇਸ ਨੇ ਅਜਿਹਾ ਕਾਰਾ ਉਨਾਓ ਕਾਂਡ ਦੀ ਪੀੜਤਾ ਦੇ ਦੋਸ਼ੀਆਂ ਨੂੰ ਮਾਰਨ ਲਈ ਕਿਉਂ ਨਾ ਕੀਤਾ, ਜਦੋਂ ਕਿ ਉਸਦੀ ਆਵਾਜ਼ ਨੂੰ ਦਬਾਉਣ ਲਈ ਉਸਦਾ ਪਿਤਾ, ਮਾਸੀ ਤੇ ਚਾਚੀ ਤੱਕ ਨੂੰ ਵੀ ਕਤਲ ਕਰ ਦਿੱਤਾ ਗਿਆ? ਅਜਿਹਾ ਹੀ ''ਮੁਕਾਬਲਾ'' ਕਠੂਏ ਦੀ 8 ਸਾਲਾਂ ਦੀ ਬੱਚੀ ਆਸਿਫਾਂ ਦੇ ਬਲਾਤਕਾਰੀ ਕਾਤਲਾਂ ਦਾ ਕਿਉਂ ਨਾ ਰਚਿਆ ਗਿਆ। ਕੀ ਸਿਰਫ ਇਸੇ ਹੀ ਕਰਕੇ ਉਹ ਆਪ ਭਾਜਪਾ ਪੱਖੀ ਵਿਧਾਇਕ ਤੇ ਉਹਨਾਂ ਦੇ ਚੇਲੇ ਚਾਟੜੇ ਸਨ? ਅਜਿਹੇ ਮੁਕਾਬਲੇ ਦਿੱਲੀ ਦੀ ਨਿਰਭੈਆ ਦੇ ਕਾਤਲਾਂ ਦੇ ਕਿਉਂ ਨਾ ਰਚੇ ਗਏ? ਅਜਿਹੇ ਮੁਕਾਬਲੇ ਭਾਜਪਾ ਦੇ ਨੇੜਲੇ ਅਖੌਤੀ ਸਾਧ ਆਸਾਰਾਮ, ਰਾਮ ਰਹੀਮ, ਚਿੰਨਮਾਨੰਦ ਆਦਿ ਤੇ ਕਿਉਂ ਨਾ ਰਚੇ ਗਏ? ਸੋਨੀ ਸ਼ੋਰੀ ਸਮੇਤ ਸੈਂਕੜੇ ਹੀ ਆਦਿਵਾਸੀ, ਕਬਾਇਲੀ ਤੇ ਦਲਿਤ ਲੜਕੀਆਂ ਦੇ ਬਲਾਤਕਾਰਾਂ ਦੇ ਕੇਸ ਸਾਹਮਣੇ ਆਏ ਹਨ, ਉਹਨਾਂ ਦੇ ਦੋਸ਼ੀਆਂ ਨੂੰ ਕਿਸੇ ''ਮੁਕਾਬਲੇ'' ਵਿੱਚ ਮਾਰ ਮੁਕਾਉਣ ਦੀ ਥਾਂ ਉਹਨਾਂ ਨੂੰ ਬਚਾਉਣ ਦੀ ਪੁਸ਼ਤ ਪਨਾਹੀ ਕੀਤੀ ਗਈ ਅਤੇ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ। ਹਾਲ ਹੀ ਵਿੱਚ ਯੂ.ਪੀ. ਵਿੱਚ ਉਨਾਓ ਵਿੱਚ ਬਲਾਤਕਾਰ ਦੀ ਇੱਕ ਹੋਰ ਪੀੜਤਾ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ, ਉਸਦੇ ਦੋਸ਼ੀਆਂ ਨੂੰ ਗੋਲੀਆਂ ਕਿਉਂ ਨਾ ਮਾਰੀਆਂ ਗਈਆਂ? ਮਾਮਲਾ ਸਾਫ ਹੈ ਕਿ ਜਿਹੜੇ ਵੀ ਦੋਸ਼ੀ ਹਾਕਮਾਂ ਦੇ ਉੱਚ ਗਲਿਆਰਿਆਂ ਨਾਲ ਸਬੰਧਤ ਹਨ, ਉਹਨਾਂ ਨੂੰ ਜਾਂ ਤਾਂ ਗ੍ਰਿਫਤਾਰ ਹੀ ਨਹੀਂ ਕੀਤਾ ਜਾਂਦਾ ਜਾਂ ਫੇਰ ਜੇ ਕਦੇ ਲੋਕਾਂ ਦੇ ਕਿਸੇ ਦਬਾਅ ਤਹਿਤ ਗ੍ਰਿਫਤਾਰ ਕਰਨਾ ਵੀ ਪਿਆ ਹੋਵੇ, ਉਹਨਾਂ ਨੂੰ ਸਾਫ ਬਰੀ ਕਰਵਾਉਣ ਲਈ ਦਬਾਅ ਪਾਏ ਜਾਂਦੇ ਹਨ। 
ਭਾਰਤੀ ਸਮਾਜ ਵਿੱਚ ਵਿਰਲੇ-ਟਾਵੇਂ ਦੋਸ਼ੀਆਂ ਨੂੰ ਮਾਰ-ਮੁਕਾਉਣ ਦੇ ਅਮਲਾਂ ਰਾਹੀਂ ਬਲਾਤਕਾਰ ਦੇ ਵਰਤਾਰੇ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ''ਝੋਟੇ ਨੂੰ ਮਾਰੇ ਜਾਣ ਨਾਲ ਹੀ ਜੂੰਆਂ ਦਾ ਅੰਤ ਹੁੰਦਾ ਹੈ।'' ਭਾਰਤ ਦੇ ਸਭ ਤੋਂ ਵੱਧ 'ਵਿਕਸਤ' ਸ਼ਹਿਰਾਂ, ਮਹਾਂਨਗਰਾਂ ਵਿੱਚ ਬਲਾਤਕਾਰਾਂ ਦੀਆਂ ਸਭ ਤੋਂ ਘ੍ਰਿਣਤ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਜਦੋਂ ਕਿ ਜਮਾਤੀ ਤੌਰ 'ਤੇ ਚੇਤਨ ਹੋਏ ਜੰਗਲੀ, ਪਹਾੜੀ, ਆਦਿਵਾਸੀ, ਕਬਾਇਲੀ ਇਲਾਕਿਆਂ ਵਿੱਚ ਜਿੱਥੇ ਲੋਕਾਂ ਦਾ ਹਥਿਆਰਬੰਦ ਮੁਕਤੀ ਸੰਘਰਸ਼ ਤਿੱਖਾ ਚੱਲ ਰਿਹਾ ਹੈ, ਉੱਥੇ ਅਜਿਹੇ ਮਾਮਲੇ ਘੱਟ ਦਿਖਾਈ ਦਿੰਦੇ ਹਨ ਜਾਂ ਉੱਕਾ ਹੀ ਦਿਖਾਈ ਨਹੀਂ ਦਿੰਦੇ। ਜਿੱਥੇ ਨੌਜਵਾਨ ਕੁੜੀਆਂ ਹੱਥਾਂ ਵਿੱਚ ਹਥਿਆਰ ਫੜ ਕੇ, ਜਲ, ਜੰਗਲ, ਜ਼ਮੀਨਾਂ ਸਮੇਤ ਪੈਦਾਵਾਰੀ ਸੋਮਿਆਂ ਨੂੰ ਆਪਣੇ ਹੱਥਾਂ ਵਿੱਚ ਕਰਨ ਲਈ ਆਪਣੇ ਇਨਕਲਾਬੀ ਸਾਥੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਜੂਝ ਰਹੀਆਂ ਹਨ, ਉਥੇ ਕਿਸੇ ਗੁੰਡੇ-ਮੁਸ਼ਟੰਡੇ ਦੀ ਇਹ ਹਿਮਾਕਤ ਨਹੀਂ ਹੋ ਸਕਦੀ ਕਿ ਉਹ ਕਿਸੇ ਗਲਤ ਮਨਸ਼ੇ ਤਹਿਤ ਅੱਖ ਉੱਚੀ ਕਰਕੇ ਹੀ ਦੇਖ ਜਾਵੇ। 
ਬਲਾਤਕਾਰ ਖਤਮ ਕਰਨ ਲਈ ਦੋਸ਼ੀਆਂ ਨੂੰ ਬਣਦੀ ਮਿਸਾਲੀ ਸਜ਼ਾ ਦੇਣ ਦਾ ਢੁਕਵਾਂ ਤਰੀਕਾ ਲੋਕਾਂ ਦੀ ਕਚਹਿਰੀ ਹੋਣੀ ਚਾਹੀਦੀ ਹੈ। ਸਭ ਕਿਸਮ ਦੇ ਫੈਸਲੇ ਲੋਕਾਂ ਦੀ ਕਚਹਿਰੀ ਵਿੱਚ ਹੋਣੇ ਚਾਹੀਦੇ ਹਨ। ਸਭ ਤਰ੍ਹਾਂ ਦੇ ਫੈਸਲੇ ਲੋਕਾਂ ਦੀ ਕਚਹਿਰੀ ਵਿੱਚ ਤਾਂ ਹੀ ਹੋ ਸਕਦੇ ਹਨ ਜੇਕਰ ਸਥਾਨਕ ਸੱਤਾ ਉੱਥੋਂ ਦੇ ਲੋਕਾਂ ਦੇ ਹੱਥਾਂ ਵਿੱਚ ਹੋਵੇ ਤੇ ਸਥਾਨਕ ਸੱਤਾ ਲੋਕਾਂ ਦੇ ਹੱਥਾਂ ਵਿੱਚ ਤਾਂ ਆ ਸਕਦੀ ਹੈ ਜੇਕਰ ਜ਼ਮੀਨ-ਜਾਇਦਾਦ ਸਮੇਤ ਸਾਰੇ ਪੈਦਾਵਾਰੀ ਸੋਮੇ ਲੋਕਾਂ ਦੇ ਹੱਥਾਂ ਵਿੱਚ ਹੋਣ, ਦੁਸ਼ਮਣ ਜਮਾਤਾਂ ਨੇ ਲੋਕਾਂ ਦੀਆਂ ਜ਼ਮੀਨਾਂ-ਜਾਇਦਾਦਾਂ ਤੇ ਪੈਦਾਵਾਰੀ ਸੋਮਿਆਂ ਨੂੰ ਆਪਣੇ ਗੁੰਡਿਆਂ, ਨਿੱਜੀ ਸੈਨਾਵਾਂ, ਪੁਲਸ ਨੀਮ-ਫੌਜੀ ਅਤੇ ਫੌਜੀ ਬਲਾਂ ਦੇ ਜ਼ੋਰ ਹਥਿਆਇਆ ਹੋਇਆ ਹੈ। ਉਹਨਾਂ ਦੇ ਮੁਕਾਬਲੇ ਦੀ ਤਾਕਤ ਉਸਾਰੇ ਤੋਂ ਬਗੈਰ ਕਿਰਤੀ-ਕਮਾਊ ਲੋਕ ਆਪਣੀਆਂ ਜ਼ਮੀਨਾਂ-ਜਾਇਦਾਦਾਂ ਸਮੇਤ ਆਪਣੀ ਇੱਜਤਾਂ-ਅਸਮਤਾਂ ਦੀ ਰਾਖੀ ਨਹੀਂ ਕਰ ਸਕਦੇ। ਜਦੋਂ ਲੋਕਾਂ ਦੀ ਅਜਿਹੀ ਮੁਕਾਬਲੇ ਦੀ ਹਥਿਆਰਬੰਦ ਤਾਕਤ ਸਥਾਪਤ ਹੋ ਗਈ ਤਾਂ ਫੇਰ ਕਿਸੇ ਵੀ ਲੱਲੀ-ਛੱਲੀ, ਐਰੇ-ਗੈਰੇ ਦੀ ਇਹ ਹਿਮਾਕਤ ਨਹੀਂ ਪੈ ਸਕਦੀ ਕਿ ਉਹ ਲੋਕਾਂ ਦੀ ਤਾਕਤ ਨੂੰ ਹੁਅਰ ਆਖ ਜਾਣ। ਲੋਕਾਂ ਦੀ ਕਚਹਿਰੀ ਵਿੱਚ ਜੇਕਰ ਬਲਾਤਕਾਰੀਆਂ ਨੂੰ ਮੂੰਹ ਕਾਲਾ ਕਾਰਕੇ, ਖੋਤੇ 'ਤੇ ਬਿਠਾ ਕੇ ਜਲੂਸ ਕੱਢਣ ਦੇ ਫੁਰਮਾਨ ਦੇਣ ਲਾਗੂ ਕਰਵਾਉਣ ਦੀ ਤਾਕਤ ਹੋਵੇ ਜਾਂ ਕਤਲਾਂ ਤੱਕ ਦੇ ਮੁਜਰਿਮਾਂ ਦੀ ਗਿੱਚੀ ਵਿੱਚ ਗੋਲੀ ਕੱਢਣ ਦੀ ਸ਼ਰੇਆਮ ਰਵਾਇਤ ਹੋਵੇ ਤਾਂ ਕਿੰਨੇ ਕੁ ਗੰਦੇ ਕੀੜਿਆਂ ਵਿੱਚ ਬਲਾਤਕਾਰ ਕਰ ਜਾਣ ਦੀ ਜੁਰਅਤ ਪੈ ਸਕੇਗੀ?

No comments:

Post a Comment